ਬਲਜੀਤ ਬਾਸੀ
ਜੋ ਬੀਤ ਗਿਆ, ਜੋ ਬੀਤ ਰਿਹਾ ਤੇ ਜੋ ਆਉਣ ਵਾਲਾ ਹੈ, ਜਿਸ ਦੇ ਨਿਰੰਤਰ ਚਲਦੇ ਹੋਏ ਸਾਰੀਆਂ ਘਟਨਾਵਾਂ ਵਾਪਰਦੀਆਂ ਮਲੂਮ ਹੁੰਦੀਆਂ ਹਨ, ਉਹ ਹੈ ਇਕ ਅਜਿਹਾ ਸਿਲਸਿਲਾ ਜਿਸ ਤਹਿਤ ਹਰ ਸ਼ੈਅ ਬਝੀ ਹੋਈ ਹੈ। ਇਸ ਸਿਲਸਿਲੇ ਲਈ ਸਾਡੇ ਕੋਲ ਅਨੇਕਾਂ ਸ਼ਬਦ ਹਨ ਜਿਵੇਂ ਸਮਾਂ, ਵਕਤ, ਕਾਲ, ਵੇਲਾ, ਚਿਰ, ਟਾਈਮ ਆਦਿ। ਇਹ ਸਿਲਸਿਲਾ ਇਕ ਅਜਿਹਾ ਅਦਿਖ, ਬਲਵਾਨ ਜਕੜਬੰਦ ਹੈ ਜਿਸ ਅੱਗੇ ਸਾਰੇ ਬੇਬਸ ਹਨ, ਜਿਸ ਨੇ ਹਰ ਇਕ ਨੂੰ ਹੜੱਪਣਾ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਬੀਤ ਗਿਆ ਤਾਂ ਵਾਪਸ ਨਹੀਂ ਆਉਂਦਾ ਪਰ ਫਿਰ ਵੀ ਹਮੇਸ਼ਾ ਨਾਲੋ ਨਾਲ ਰਹਿੰਦਾ ਹੈ। ਇਸ ਨੂੰ ਦਰਸਾਉਂਦੇ ਉਪਰੋਕਤ ਸ਼ਬਦ ਇਕ ਦੂਜੇ ਦੇ ਪੂਰੀ ਤਰ੍ਹਾਂ ਸਮਾਨਾਰਥਕ ਨਹੀਂ ਹਨ। ਹਾਂ ਇਸ ਦੇ ਇਕ ਜਾਂ ਇਕ ਤੋਂ ਵੱਧ ਪਹਿਲੂਆਂ ਦੇ ਅਰਥਾਵੇਂ ਜ਼ਰੂਰ ਹਨ।
ਅਸਲ ਵਿਚ ਕਿਸੇ ਵੀ ਇਕ ਸੰਕਲਪ ਦੇ ਸੂਚਕ ਸ਼ਬਦ ਆਪਣੀ ਹੋਂਦ ਕਾਇਮ ਰੱਖਣ ਲਈ ਨਿਰੰਤਰ ਪਰਸਪਰ ਸੰਘਰਸ਼ ਵਿਚ ਲੱਗੇ ਰਹਿੰਦੇ ਹਨ। ਸਮਾਂ ਸ਼ਬਦ ਭਾਵੇਂ ਸਾਡੇ ਦੇਸ਼ ਦੀ ਉਪਜ ਹੈ ਪਰ ਅਰਬੀ ‘ਚੋਂ ਆਏ ਵਕਤ ਨੇ ਇਸ ਨੂੰ ਖਦੇੜ ਦਿੱਤਾ। ਫਿਰ ਵਕਤ ਨੂੰ ਵਖਤ ਪਾਇਆ ਟਾਈਮ ਨੇ। ਘੜੀ ਕੋਲ ਨਾ ਹੋਵੇ ਤਾਂ ਕੌਣ ਪੁਛਦਾ ਹੈ, ਕੀ ਸਮਾਂ ਹੋ ਗਿਆ? ਸਭ ਵਕਤ ਦੀ ਜਾਣਕਾਰੀ ਮੰਗਦੇ ਹਨ ਜਾਂ ਟਾਈਮ ਦੀ। ਮੇਰੇ ਵਰਗਾ ਦੇਸੀ ਟੈਮ ਵੀ ਪੁਛ ਲੈਂਦਾ ਹੈ। ਭਾਵੇਂ ਸਮੇਂ ਲਈ ‘ਭੈੜੇ ਸਮੇਂ’ ਆ ਗਏ ਹਨ, ਫਿਰ ਵੀ ਇਸ ਨੇ ਕੁਝ ਨਾ ਕੁਝ ਆਪਣੀ ਪੈਂਠ ਬਣਾਈ ਹੋਈ ਹੈ। ਦਿਲਚਸਪ ਗੱਲ ਹੈ ਕਿ ਸਮਾਂ ਸ਼ਬਦ ਗੁਰਬਾਣੀ ਵਿਚ ਇਕੋ ਵਾਰੀ ਆਇਆ ਹੈ ਜੋ ਗੁਰੂ ਅਰਜਨ ਦੇਵ ਨੇ ਵਰਤਿਆ ਹੈ, “ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ॥” ਪਰ ਮੁਢ ਕਦੀਮ ਦਾ ਸਾਡਾ ਬੇਲੀ ‘ਵੇਲਾ’ ਸ਼ਬਦ ਮੇਰੀ ਜਾਚੇ ਸਮੇਂ ਦੇ ਅਨੇਕਾਂ ਪੱਖਾਂ ਨੂੰ ਕਲੇਵਰ ਵਿਚ ਲੈ ਲੈਂਦਾ ਹੈ। ਇਉਂ ਲਗਦਾ ਹੈ ਕਿ ਸਮੇਂ ਲਈ ਵੇਲਾ ਸ਼ਬਦ ਸਭ ਤੋਂ ਵਧ ਵਰਤ ਹੁੰਦਾ ਰਿਹਾ ਹੈ। ਮਾੜਾ ਜਿਹਾ ਦੇਖ ਲੈਂਦੇ ਹਾਂ ਵੇਲਾ ਸਮੇਂ ਦੇ ਕਿਹੜੇ ਪੱਖਾਂ ਵੱਲ ਸੰਕੇਤ ਨਹੀਂ ਕਰਦਾ। ਅਸੀਂ ਭਾਵੇਂ ਇਹ ਕਦੀ ਨਹੀਂ ਕਹਿੰਦੇ, ‘ਤੇਰੀ ਘੜੀ ‘ਤੇ ਕੀ ਵੇਲਾ ਹੋ ਗਿਆ’ ਪਰ ਇਹ ਜ਼ਰੂਰ ਕਹਿ ਦਿੰਦੇ ਹਾਂ, ‘ਤੇਰਾ ਅਜੇ ਰੋਟੀ ਦਾ ਵੇਲਾ ਨਹੀਂ ਹੋਇਆ?’æææ ‘ਕਿਉਂ ਵੇਲਾ ਬਰਬਾਦ ਕਰ ਰਿਹਾ ਹੈਂ?’ ਜਿਹਾ ਝਿੜਕਨੁਮਾ ਪ੍ਰਸ਼ਨ ਵੀ ਅਟਪਟਾ ਲਗਦਾ ਹੈ ਪਰ ‘ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ’ ਵਿਚਲੀ ਸਿਆਣਪ ਦੀ ਜ਼ਰੂਰ ਸਿਖਿਆ ਦਿਤੀ ਜਾ ਸਕਦੀ ਹੈ।
ਵੇਲਾ ਸ਼ਬਦ ਨੇ ਸਮੇਂ ਦੇ ਕਾਫੀ ਪੱਖਾਂ ਨੂੰ ਵਲਿਆ ਹੋਇਆ ਹੈ। ਆਮ ਤੌਰ ‘ਤੇ ਅਸੀਂ ਕਿਸੇ ਵੀ ਕੰਮ ਕਰਨ ਲਈ ਨਿਰਧਾਰਤ ਸਮੇਂ ਨੂੰ ਵੇਲਾ ਕਹਿ ਦਿੰਦੇ ਹਾਂ। ਰੋਜ਼ਾਨਾ ਜੀਵਨ ਵਿਚ ਅਸੀਂ ਖਾਣ ਪਕਾਉਣ ਦੇ ਟਾਈਮ ਨੂੰ ਵੇਲਾ ਦੀ ਸੰਗਿਆ ਦਿੰਦੇ ਹਾਂ। ਪਿੰਡ ਦੀਆਂ ਬੁੜੀਆਂ ਆਖਦੀਆਂ ਹਨ, “ਰੋਟੀ-ਟੁੱਕ ਦਾ ਵੇਲਾ ਹੋ ਗਿਆ, ਮੈਂ ਤਾਂ ਚਲਦੀ ਆਂ ਭਾਈ।” ਇਥੋਂ ਤਕ ਕਿ ਵੇਲਾ ਦਾ ਅਰਥ ਭੋਜਨ, ਖਾਣਾ ਵੀ ਹੋ ਗਿਆ ਹੈ। ਧਿਆਨ ਦਿਉ, ਦਿਨ ਰਾਤ ਦੀ ਅਵਧੀ ਨੂੰ ਅਸੀਂ ਡੰਗਾਂ ਦੀਆਂ ਡਾਂਗਾਂ ਨਾਲ ਮਿਣਦੇ ਹਾਂ। ਇਨ੍ਹਾਂ ਡੰਗਾਂ ਨੂੰ ਪ੍ਰਗਟਾਉਂਦੇ ਅਨੇਕਾਂ ਸ਼ਬਦ-ਜੁੱਟਾਂ ਵਿਚ ਵੇਲਾ ਸ਼ਬਦ ਲਗਦਾ ਹੈ। ਮਿਸਾਲ ਵਜੋਂ ਵੱਡਾ ਵੇਲਾ, ਅੰਮ੍ਰਿਤ ਵੇਲਾ, ਸਰਘੀ ਵੇਲਾ, ਧੰਮੀ ਵੇਲਾ, ਛਾਹ ਵੇਲਾ, ਲੌਢਾ ਵੇਲਾ, ਡੀਗਰ ਵੇਲਾ। ਪੱਛਮੀ ਪੰਜਾਬ ਵਿਚ ਤਾਂ ਹੋਰ ਵੇਲੇ ਵੀ ਹਨ ਜਿਵੇਂ ਚੱਕੀ ਵੇਲਾ, ਚਿੜੀ ਚੋਗ ਵੇਲਾ, ਕੁੱਕੜ ਵੇਲਾ, ਰਿੜਕਣ ਵੇਲਾ, ਨਮਾਜ਼ ਵੇਲਾ। ਹੋਰ ਤਾਂ ਹੋਰ ‘ਵੇਲਾ ਕਾ ਵੇਲਾ’ ਵੀ ਹੈ ਅਰਥਾਤ ਕਦੀ ਕਦੀ। ਸੁਰਜੀਤ ਪਾਤਰ ਨੇ ਪੰਜਾਬੀ ਦੀ ਥਾਂ ਅੰਗਰੇਜ਼ੀ ਸ਼ਬਦਾਂ ਦੀ ਵਧ ਰਹੀ ਵਰਤੋਂ ਕਾਰਨ ਠੇਠ ਪੰਜਾਬੀ ਸ਼ਬਦਾਂ ਪ੍ਰਤੀ ਹੇਰਵਾ ਪ੍ਰਗਟ ਕਰਦੀ ਇਕ ਕਵਿਤਾ ਵਿਚ ਲਿਖਿਆ ਹੈ:
ਅੰਮ੍ਰਿਤ ਵੇਲਾ, ਨੂਰ ਪਹਿਰ ਦਾ ਤੜਕਾ
ਮੂੰਹ ਹਨੇਰਾ, ਪਹੁ ਫੁਟਾਲਾ
ਧੰਮੀ ਵੇਲਾ, ਛਾਹ ਵੇਲਾ
ਸੂਰਜ ਸਵਾ ਨੇਜ਼ੇ
ਟਿਕੀ ਦੁਪਹਿਰ, ਤੀਜਾ ਪਹਿਰ
ਲੌਢਾ ਵੇਲਾ, ਡੀਗਰ ਵੇਲਾ
ਲੋਏ ਲੋਏ, ਸੂਰਜ ਖੜੇ ਖੜੇ
ਤਰਕਾਲਾਂ, ਡੂੰਘੀਆਂ, ਸ਼ਾਮਾਂ ਆਥਣ
ਦੀਵਾ ਬੱਤੀ, ਕੌਲਾ ਸੋਟੀ
ਢਲੀਆਂ ਖਿਤੀਆਂ, ਤਾਰੇ ਦਾ ਚੜ੍ਹਾ
ਚਿੜੀ ਚੂਕਣਾ, ਸਾਝਰਾ, ਸਵਖਤਾ
ਵੱਡਾ ਵੇਲਾ, ਸਰਘੀ ਵੇਲਾ
ਘੜੀਆਂ, ਪਲ
ਬਿੰਦ, ਛਿਣ ਨਿਮਖ ਵਿਚਾਰੇ
ਮਾਰੇ ਗਏ ਇਕੱਲੇ
ਟਾਈਮ ਹੱਥੋਂ ਇਹ ਸ਼ਬਦ ਸਾਰੇæææ।
ਪਾਤਰ ਨੇ ਜੋ ਮਰਜ਼ੀ ਕਿਹਾ ਪਰ ਵੇਲਾ ਸ਼ਬਦ ਅਜੇ ਸਾਡੀ ਭਾਸ਼ਾ ਵਿਚ ਬਥੇਰਾ ਅੜਿਆ ਬੈਠਾ ਹੈ। ਇਸ ਦੀ ਆਮ ਵਰਤੋਂ ਮੌਕੇ ਦੇ ਅਰਥਾਂ ਵਿਚ ਹੁੰਦੀ ਹੈ ਜਿਵੇਂ ਗਿਆ ਵੇਲਾ ਹੱਥ ਨਹੀਂ ਆਉਂਦਾ। ਫਰੀਦ ਸਾਹਿਬ ਨੇ ਫਰਮਾਇਆ, “ਬੇੜਾ ਬੰਧਿ ਨਾ ਸਕਿਓ ਬੰਧਨ ਕੀ ਵੇਲਾ॥” ਵੇਲਾ ਦਾ ਦੁਆਬੇ ਵਿਚ ਉਚਾਰਣ ਬੇਲਾ ਹੈ ਪਰ ਉਂਜ ਇਸ ਦਾ ਇਕ ਹੋਰ ਰੂਪ ਬੇਲਾ ਵੀ ਹੈ ਜੋ ਇਸਤਰੀਵਾਚਕ ਹੈ ਤੇ ਜਿਸ ਨੂੰ ਵਧੇਰੇ ਕਾਵਿਕ ਅੰਦਾਜ਼ ਵਿਚ ਹੀ ਵਰਤਿਆ ਜਾਂਦਾ ਹੈ, “ਸੰਤ ਟਹਿਲ ਕੀ ਬੇਲਾ” -ਗੁਰੂ ਅਰਜਨ ਦੇਵ। ਇਸ ਲਈ ਇਸ ਰੂਪ ਵਿਚ ਇਹ ਸ਼ਬਦ ਮੌਕੇ ਦੇ ਅਰਥਾਂ ਵਿਚ ਹੀ ਸੀਮਤ ਰਹਿ ਜਾਂਦਾ ਹੈ। ਵੇਲਾ ਨੂੰ ਆਖਰੀ ਵੇਲਾ ਅਰਥਾਤ ਮੌਤ ਦੇ ਅਰਥਾਂ ਵਿਚ ਵੀ ਲੈ ਲਿਆ ਜਾਂਦਾ ਹੈ।
ਵੇਲੇ ਦੇ ਹੀ ਰੂਪ ਵੇਰਾ/ਵੇਰ ਜਾਂ ਬੇਰਾ/ਬੇਰ ਵੀ ਹਨ। ਪਿਛੇਤਰ ਰੂਪ ਵਿਚ ਇਹ ਸ਼ਬਦ ਆਮ ਤੌਰ ‘ਤੇ ਪਛਾਣੇ ਨਹੀਂ ਜਾਂਦੇ। ਭਾਵੇਂ ਸਵੇਰ (ਸ+ਵੇਰ) ਦਾ ਅਰਥ ਚੜ੍ਹਦੇ ਜਾਂ ਚੜ੍ਹਨ ਵਾਲੇ ਸੂਰਜ ਅਰਥਾਤ ਸੁਬਹ ਵਜੋਂ ਰੂੜ੍ਹ ਹੋ ਗਿਆ ਹੈ ਪਰ ਭਗਤ ਕਬੀਰ ਨੇ ਇਸ ਨੂੰ ‘ਵੇਲੇ ਸਿਰ’ ਦੇ ਅਰਥਾਂ ਵਿਚ ਵਰਤਿਆ ਹੈ, “ਹਿਰਦੈ ਰਾਮੁ ਕੀ ਨ ਜਪਹਿ ਸਵੇਰਾ॥” ਬੰਦਿਆ ਵੇਲੇ ਸਿਰ ਰੱਬ ਨੂੰ ਕਿਉਂ ਨਹੀਂ ਸਿਮਰਦਾ? ਸਵੇਰਾ ਨੂੰ ਜੇ ‘ਸਵੇਲਾ’ ਦੇ ਰੂਪ ਵਿਚ ਲਈਏ ਤਾਂ ਕੁਝ ਅਰਥ ਬਦਲ ਜਾਂਦੇ ਹਨ। ਇਹੀ ਹਾਲ ਸੁਵਖਤਾ ਦਾ ਹੈ। ਦੋਨਾਂ ਦਾ ਅਰਥ ਮਿਥੇ ਸਮੇਂ ਤੋਂ ਪਹਿਲਾਂ ਹੈ। ਸਵੇਲਾ ਤੋਂ ਉਲਟ ਕੁਵੇਲਾ ਦਾ ਅਰਥ ਗਲਤ ਸਮਾਂ ਹੈ, ਜੋ ਢੁਕਦਾ ਨਹੀਂ, ਜੋ ਬੇਮੌਕਾ ਹੈ। ਇਹ ਭਾਵੇਂ ਆਮ ਤੌਰ ‘ਤੇ ਪਛੜੇ ਸਮੇਂ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ‘ਤੂੰ ਕੁਵੇਲੇ ਆਇਆਂ’ ਪਰ ਪਛੜੇ ਸਮੇਂ ਲਈ ਅਸਲੀ ਸ਼ਬਦ ਅਵੇਰ ਜਾਂ ਅਵੇਰਾ ਹਨ। ਅਸੀਂ ਐਵੇਂ ਅੰਗਰੇਜ਼ੀ ਸ਼ਬਦ ‘ਲੇਟ’ ਬੋਲਦੇ ਰਹਿੰਦੇ ਹਾਂ, ਸਾਡੇ ਕੋਲ ਇੰਨਾ ਖੂਬਸੂਰਤ ਸ਼ਬਦ ‘ਅਵੇਰ’ ਹੈ। ‘ਵੇਰ’ ਜਾਂ ‘ਵੇਰਾ’ ਆਪਣੇ ਤੌਰ ‘ਤੇ ‘ਵਾਰ’ ਦੇ ਅਰਥ ਵੀ ਦਿੰਦੇ ਹਨ ਜਿਵੇਂ, ਮੈਂ ਕਿੰਨੀ ਵੇਰ/ਵੇਰੀਂ ਤੈਨੂੰ ਇਹ ਗੱਲ ਆਖੀ ਹੈ। “ਨਾਨਕ ਆਖਣੁ ਵੇਰਾ ਵੇਰ” (ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ)। ਯਾਦ ਰੱਖੋ, ਇਥੇ ‘ਵੇਰ’ ਸ਼ਬਦ ‘ਵਾਰ’ ਦਾ ਭੇਦ ਨਹੀਂ ਹੈ, ਵੇਲ ਦਾ ਹੈ। ਵੇਲ ਜਾਂ ਵੇਲਾ ਨੂੰ ਹੀ ਉਚੀ ਸੁਰ ਨਾਲ ਬੋਲਣ ਕਰਕੇ ਵਿਹਲ/ਵਿਹਲਾ ਸ਼ਬਦ ਬਣੇ ਹਨ ਜੋ ਖਾਲੀ ਸਮੇਂ ਜਾਂ ਫੁਰਸਤ ਵੱਲ ਸੰਕੇਤ ਕਰਦੇ ਹਨ। ਗੁਰੂ ਨਾਨਕ ਨੇ ਇਕੋ ਥਾਂ ਵਿਹਲ ਦੇ ਅਰਥਾਂ ਵਿਚ ‘ਵੇਲ’ ਅਤੇ ਸਮੇਂ ਦੇ ਅਰਥਾਂ ਵਿਚ ‘ਵੇਲਾ’ ਸ਼ਬਦ ਵਰਤੇ ਹਨ,
ਕਵਣੁ ਸੁ ਵੇਲਾ ਵਖਤੁ ਕਵਣੁ
ਕਵਣ ਥਿਤਿ ਕਵਣੁ ਵਾਰਿ॥
ਕਵਣਿ ਸਿ ਰੁਤੀ ਮਾਹ ਕਵਣੁ
ਜਿਤ ਹੋਆ ਆਕਾਰ॥
ਵੇਲ ਨਾ ਪਾਈਐ ਪੰਡਤੀ
ਜਿ ਹੋਵੈ ਲੇਖ ਪੁਰਾਣੁ॥
ਵਖਤੁ ਨ ਪਾਇਓ ਕਾਦੀਆ
ਜਿ ਲਿਖਨਿ ਲੇਖ ਕੁਰਾਣੁ॥
ਇਸ ਪਦ ਤੋਂ ਮਲੂਮ ਹੁੰਦਾ ਹੈ ਕਿ ਵੇਲ ਸ਼ਬਦ ਕਿਵੇਂ ਸਹਿਜੇ ਹੀ ਫੁਰਸਤ ਦੇ ਅਰਥਾਂ ਵਿਚ ਵਟ ਗਿਆ ਹੈ, ‘ਵੇਲ ਨਾ ਪਾਈਐ ਪੰਡਤੀ’ ਅਰਥਾਤ ਪੰਡਤਾਂ ਨੂੰ ਜਾਨਣ ਦੀ ਵਿਹਲ ਨਹੀਂ। ਇਥੋਂ ਹੀ ਪਤਾ ਲਗਦਾ ਹੈ ਕਿ ਸ਼ਬਦਾਂ ਵਿਚ ਕਿਵੇਂ ਰੂਪ ਅਤੇ ਅਰਥ ਪੱਖੋਂ ਸਹਿਵਨ ਹੀ ਸੂਖਮ ਪਰਿਵਰਤਨ ਹੋ ਜਾਂਦੇ ਹਨ। ਅੱਜ ਕਲ੍ਹ ਇਹ ‘ਵਿਹਲ’ ਦੇ ਸ਼ਬਦ-ਜੋੜਾਂ ਨਾਲ ਸੁਤੰਤਰ ਸ਼ਬਦ ਬਣ ਗਿਆ ਹੈ। ਵੇਲ ਸ਼ਬਦ ਮਨੁਖ ਜਾਂ ਜਾਨਵਰ ਦੇ ਧੜ ਦੀ ਲੰਬਾਈ ਦੇ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ। ਅਰਥਾਤ ਧੌਣ ਤੋਂ ਲੱਕ ਤੀਕ ਦਾ ਨਾਪ। ਉਂਜ ਵੇਲਾ ਦਾ ਅਰਥ ਵਾਟ ਵੀ ਹੈ। ਦਰਅਸਲ ਵਾਟ ਸ਼ਬਦ ਵੇਲਾ ਦਾ ਹੀ ਸੁਜਾਤੀ ਹੈ। ਅਸੀਂ ਬੇਲਾ ਸ਼ਬਦ ਨੂੰ ਜੰਗਲ ਦੇ ਅਰਥਾਂ ਵਜੋਂ ਜਾਣਦੇ ਹਾਂ, ਖਾਸ ਤੌਰ ‘ਤੇ ‘ਜੰਗਲ-ਬੇਲਾ’ ਸ਼ਬਦ ਜੁੱਟ ਵਿਚ। ਹੀਰ ਦੇ ਕਿੱਸੇ ਵਿਚ ਬੇਲਾ ਹੀਰ ਰਾਂਝੇ ਦੇ ਰੁਮਾਂਸ ਦੀ ਕਰਮਭੂਮੀ ਹੈ। ਅਸਲ ਵਿਚ ਬੇਲਾ ਦਾ ਅਰਥ ਸਮੁੰਦਰ ਜਾਂ ਦਰਿਆ ਦਾ ਕਿਨਾਰਾ ਹੈ ਜਾਂ ਕਹਿ ਲਵੋ ਸਮੁੰਦਰ/ਦਰਿਆ ਅਤੇ ਥਲ ਦੇ ਵਿਚਕਾਰਲਾ ਇਲਾਕਾ। ਇਥੇ ਆਮ ਤੌਰ ‘ਤੇ ਪਾਣੀ ਦੀ ਨਮੀ ਕਾਰਨ ਬਨਸਪਤੀ ਦੀ ਬਹੁਤਾਤ ਹੁੰਦੀ ਹੈ ਇਸ ਲਈ ਬੇਲਾ ਸ਼ਬਦ ਦਾ ਅਰਥ ਇਕ ਤਰ੍ਹਾਂ ਪਾਣੀ ਕਿਨਾਰੇ ਦਾ ਵਣ ਵੀ ਹੋ ਗਿਆ ਹੈ। ਸੰਸਕ੍ਰਿਤ ਵਿਚ ‘ਵੇਲਾ ਵਨਮ’ ਦਾ ਇਹੀ ਅਰਥ ਹੈ। ਵੇਲਾ ਸ਼ਬਦ ਵਿਚ ਮੁਢਲਾ ਭਾਵ ਸੀਮਾ, ਹੱਦ ਆਦਿ ਦਾ ਹੈ। ਇਹ ਸੀਮਾ ਸਮੇਂ ਤੇ ਵਿਥ ਦੇ ਪਸਾਰਾਂ ਵਿਚ ਅਰਥਵਾਨ ਹੁੰਦੀ ਹੈ। ਦਰਿਆ ਦਾ ਕਿਨਾਰਾ ਜਲ ਅਤੇ ਥਲ ਦੀ ਸੀਮਾ ਹੈ। ਇਥੋਂ ਇਸ ਦਾ ਅਰਥ-ਵਿਸਤਾਰ ਹੋ ਕੇ ਜਵਾਰਭਾਟਾ ਵੀ ਹੋ ਗਿਆ ਹੈ।
ਇਹ ਸ਼ਬਦ ਹਿੰਦ-ਯੂਰਪੀ ਅਸਲੇ ਦਾ ਹੈ। ਭਾਸ਼ਾ ਵਿਗਿਆਨੀਆਂ ਨੇ ਇਸ ਦਾ ਭਾਰੋਪੀ ਮੂਲ ੱeਗਹ ਲਭਿਆ ਹੈ। ਇਸ ਮੂਲ ਵਿਚ ਚੱਲਣ ਫਿਰਨ, ਗਤੀ ਕਰਨ ਦੇ ਭਾਵ ਹਨ। ਵੇਗ ਸ਼ਬਦ ਇਸੇ ਤੋਂ ਬਣਿਆ। ਇਸ ਤੋਂ ਸੰਸਕ੍ਰਿਤ ਸ਼ਬਦ ਵਤਮਰਨ ਬਣਿਆ ਜੋ ਬਦਲਦਾ ਬਦਲਦਾ ‘ਵਾਟ’ ਬਣ ਗਿਆ। ਹਵਾ ਦੇ ਅਰਥਾਂ ਵਾਲਾ ਵਾਤ ਤੇ ਫਾਰਸੀ ਬਾਦ ਇਸੇ ਤੋਂ ਵਿਉਤਪਤ ਹੋਏ। ਫਾਰਸੀ ਦੇ ‘ਵਿਲਾ’ ਜਾਂ ‘ਵਲਾ’ ਸ਼ਬਦਾਂ ਦੇ ਅਰਥ ਸਮਾਂ, ਵੇਲਾ, ਰੁੱਤ ਤੋਂ ਵਿਕਸਤ ਹੋ ਕੇ ਗੱਲ, ਮੁੱਦਾ ਆਦਿ ਹੋ ਗਏ ਹਨ। ਫਾਰਸੀ ਮੁਹਾਵਰੇ ‘ਦਾਰ-ਏ-ਵਿਲਾ’ ਦਾ ਅਰਥ ਹੈ, ਇਸ ਵੇਲੇ, ਅੱਜ ਕੱਲ੍ਹ, ਇਸ ਮਸਲੇ ਵਿਚ ਆਦਿ। ਪਾਣੀ ਵਿਚ ਗਤੀ ਦਾ ਬੋਧ ਹੁੰਦਾ ਹੈ, ਇਸ ਲਈ ਪਾਣੀ ਦੇ ਅਰਥਾਂ ਵਾਲੇ ਸ਼ਬਦ ਇਸ ਮੂਲ ਤੋਂ ਬਣੇ ਹਨ। ਰੂਸੀ ਵੋਦਕਾ ਤੇ ਅੰਗਰੇਜ਼ੀ ਵਾਟਰ ਇਸੇ ਧਾਤੂ ਨਾਲ ਸਬੰਧਿਤ ਦੱਸੇ ਜਾਂਦੇ ਹਨ। ਪਰ ਇਸ ਨਾਲ ਜੁੜਦੇ ਅੰਗਰੇਜ਼ੀ ਦੇ ਸਭ ਤੋਂ ਮੰਨਣਯੋਗ ਸ਼ਬਦ ਹਨ ੱਅੇ ਅਤੇ ੱeਗਿਹ। ਅੰਗਰੇਜ਼ੀ ੱਅੇ ਦੀ ਤਰ੍ਹਾਂ ਹੀ ਪੰਜਾਬੀ ਵਾਟ ਸ਼ਬਦ ਵੀ ਰਸਤੇ ਦੇ ਅਰਥ ਦਿੰਦਾ ਹੈ। ੱeਗਿਹ ਸ਼ਬਦ ਵਿਚ ਧਾਤੂ ਦੇ ਗਤੀ ਵਾਲੇ ਭਾਵ ਕੰਮ ਕਰ ਰਹੇ ਹਨ ਅਰਥਾਤ ਗਤੀ ਦੇ ਭਾਵ ‘ਉਪਰ ਨੂੰ ਗਤੀ’ ਜਾਂ ‘ਚੁੱਕਣ, ਉਠਾਉਣ’ ਦੇ ਅਰਥਾਂ ਵਿਚ ਪਲਟ ਗਏ। ਭਾਰ ਦੀ ਸ਼ਕਤੀ ਚੁੱਕਣ ਤੋਂ ਹੀ ਪ੍ਰਤੀਤ ਹੁੰਦੀ ਹੈ। ਪੰਜਾਬੀ ਦੇ ਸ਼ਬਦ ‘ਵਿਥ’ ਅਤੇ ‘ਬੀਹੀ’ ਵਿਚ ਵੀ ਇਹੋ ਮੂਲ ਭਾਵ ਨਿਹਿਤ ਹੈ।
Leave a Reply