ਪ੍ਰਿੰਸੀਪਲ ਗੋਪਾਲ ਸਿੰਘ
ਫੋਨ: 408-806-0286
ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ, ਸਰਬ ਸਾਂਝੀਵਾਲਤਾ ਦੇ ਮੁੱਦਈ ਪੰਚਮ ਪਾਤਿਸ਼ਾਹ ਗੁਰੂ ਅਰਜਨ ਦੇਵ ਦਾ ਜਨਮ 15 ਅਪਰੈਲ 1563 ਨੂੰ ਗੁਰੂ ਰਾਮਦਾਸ ਅਤੇ ਮਾਤਾ ਭਾਨੀ ਦੇ ਘਰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਨਾਨਕੇ ਪਿੰਡ ਗੋਇੰਦਵਾਲ ਸਾਹਿਬ ਵਿਚ ਬੀਤਿਆ। ਉਹ ਮਾਤਾ ਭਾਨੀ ਅਤੇ ਨਾਨਾ ਗੁਰੂ ਅਮਰਦਾਸ ਦੀ ਦੇਖ-ਰੇਖ ਹੇਠ ਵਿਚ ਪਲੇ। ਨਾਨੇ-ਦੋਹਤੇ ਦੇ ਪਿਆਰ ਸਦਕਾ, ਉਨ੍ਹਾਂ ‘ਚ ਉਚੀ ਮਨੁੱਖਤਾ ਦੇ ਸਾਰੇ ਗੁਣ- ਸਤਿ, ਸੰਤੋਖ, ਨਿਮਰਤਾ, ਨਿਰਭੈਅ, ਨਿਰਵੈਰਤਾ, ਸਹਿਣਸ਼ੀਲਤਾ ਅਤੇ ਆਪਸੀ ਪਿਆਰ ਫੁਟਣ ਲੱਗੇ।
ਪ੍ਰਭੂ ਪ੍ਰੇਮ ਅਤੇ ਗੁਰਬਾਣੀ ਨਾਲ ਗੁਰੂ ਜੀ ਦਾ ਅਤਿ ਲਗਾਉ ਵੇਖ ਕੇ ਗੁਰੂ ਅਮਰਦਾਸ ਨੇ ਸਹਿਜ ਭਾਅ ਕਹਿ ਦਿੱਤਾ ਕਿ ਇਹ ‘ਦੋਹਿਤਾ ਬਾਣੀ ਦਾ ਬੋਹਿਥਾ’ ਭਾਵ ਬਾਣੀ ਦਾ ਜਹਾਜ਼ ਹੋਵੇਗਾ ਜੋ ਆਪ ਤਰੇਗਾ ਤੇ ਹੋਰਨਾਂ ਨੂੰ ਤਾਰੇਗਾ। ਇਹ ਵਰ ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਤੀਕ ਸੀ।
ਗੁਰੂ ਅਰਜਨ ਦੇਵ ਦੇ ਦੋ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਅਤੇ ਮਹਾਂਦੇਵ ਸਨ। ਬਾਬਾ ਪ੍ਰਿਥੀ ਚੰਦ ਵਿਚ ਦੁਨਿਆਵੀ ਚਤੁਰਤਾ ਤੇ ਵੈਰ-ਭਾਵ ਬਹੁਤ ਸੀ। ਮਹਾਂਦੇਵ ਵੈਰਾਗੀ ਅਤੇ ਮਸਤ ਸੁਭਾਅ ਸਨ। ਗੁਰੂ ਅਰਜਨ ਦੇਵ ਵਿਚ ਨਿਸ਼ਕਾਮਤਾ, ਪ੍ਰਭੂ ਪ੍ਰੇਮ, ਸਾਦਗੀ ਤੇ ਜੀਵਨ ਉਚਤਾ ਦੇ ਗੁਣ ਵੇਖ ਕੇ, ਗੁਰੂ ਰਾਮਦਾਸ ਨੇ ਗੁਰਿਆਈ ਦੀ ਜ਼ਿੰਮੇਵਾਰੀ ਗੁਰੂ ਅਰਜਨ ਦੇਵ ਨੂੰ ਸੌਂਪੀ। ਉਸ ਵੇਲੇ ਗੁਰੂ ਜੀ ਦੀ ਉਮਰ 18 ਸਾਲ ਚਾਰ ਮਹੀਨੇ ਸੀ।
ਪਹਿਲੀ ਸਤੰਬਰ 1581 ਨੂੰ ਗੁਰੂ ਰਾਮਦਾਸ ਜੀ ਜੋਤੀ ਜੋਤਿ ਸਮਾ ਗਏ। ਦਸਵੇਂ ਦਿਨ ਦਸਤਾਰ ਦੀ ਰਸਮ ਸਮੇਂ ਪ੍ਰਿਥੀ ਚੰਦ ਵੀ ਗੋਇੰਦਵਾਲ ਪਹੁੰਚ ਗਿਆ ਤੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਦਸਤਾਰ ਉਸ ਨੂੰ ਮਿਲਣੀ ਚਾਹੀਦੀ ਹੈ। ਬਿਰਾਦਰੀ ਪ੍ਰਿਥੀ ਚੰਦ ਨੂੰ ਦਸਤਾਰ ਦੇਣ ਲਈ ਤਿਆਰ ਨਹੀਂ ਸੀ ਪਰ ਗੁਰੂ ਅਰਜਨ ਦੇਵ ਦੀ ਪ੍ਰੇਰਨਾ ਨਾਲ ਆਖਰ ਦਸਤਾਰ ਪ੍ਰਿਥੀ ਚੰਦ ਨੂੰ ਦੇ ਦਿੱਤੀ ਗਈ। ਦਸਤਾਰਬੰਦੀ ਵੇਲੇ ਭੱਟ ਸਾਹਿਬਾਨ ਵੀ ਗੁਰੂ ਅਰਜਨ ਦੇਵ ਦੇ ਦਰਸ਼ਨ ਕਰਨ ਆਏ ਹੋਏ ਸਨ। ਉਨ੍ਹਾਂ ਗੁਰੂ ਜੀ ਦਾ ਠੰਢਾ ਤੇ ਵਿਸ਼ਾਲ ਜਿਗਰਾ ਵੇਖ ਵਡਿਆਈ ਕਰਦਿਆਂ ਕਿਹਾ ਕਿ ਇਹ ਪ੍ਰਤੱਖ ਪਰਮਾਤਮਾ ਦਾ ਰੂਪ ਹਨ ਤੇ ਗੁਰੂ ਰਾਮਦਾਸ ਜੀ ਦੇ ਸਹੀ ਜਾਂਨਸ਼ੀਨ ਹਨ। ਇਨ੍ਹਾਂ ਵਿਚੋਂ ਇਕ, ਮਥੁਰਾ ਭੱਟ ਨੇ ਗੁਰੂ ਸਾਹਿਬ ਬਾਰੇ ਇਹ ਰਚਿਆ:
ਧਰਨਿ ਗਗਨ ਨਵਿਖੰਡ ਮਹਿ
ਜੋਤੀ ਸਰੂਪੀ ਰਹਿਓ ਭਰ।
ਭਨਿ ਮਥੁਰਾ ਕੁਝ ਭੇਦ ਨਹੀਂ
ਗੁਰੂ ਅਰਜਨ ਪਰਤਖ ਰਹਿ।
ਇਉਂ ਪ੍ਰਿਥੀ ਚੰਦ ਦੇ ਵਿਰੋਧ ਦੇ ਬਾਵਜੂਦ ਗੁਰੂ ਅਰਜਨ ਦੇਵ ਪਰਬਤ ਵਾਂਗ ਅਡੋਲ ਰਹੇ। ਦਸਤਾਰਬੰਦੀ ਪਿਛੋਂ ਗੁਰੂ ਜੀ ਵਾਪਸ ਗੁਰੂ ਚੱਕ ਆਏ ਤਾਂ ਪ੍ਰਿਥੀ ਚੰਦ ਨੇ ਗੁਰੂ ਘਰ ਦੇ ਆਰਥਕ ਪ੍ਰਬੰਧ ‘ਚ ਰੁਕਾਵਟ ਪਾਉਣੀ ਸ਼ੁਰੂ ਕਰ ਦਿੱਤੀ। ਮਨੋਰਥ ਸਿੱਖ ਸੰਗਤ ਵਿਚ ਗੁਰੂ ਅਰਜਨ ਦੇਵ ਦੀ ਸ਼ਰਧਾ ਘਟਾਉਣਾ ਸੀ। ਪ੍ਰਿਥੀ ਚੰਦ ਨੇ ਮਸੰਦਾਂ ਨਾਲ ਮਿਲ ਕੇ ਸ਼ਹਿਰ ਦੇ ਬਾਹਰ ਹੀ ਨਵੇਂ ਆਏ ਸਿੱਖਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਉਹ ਹੈ। ਸਿੱਖ ਸੰਗਤ ਉਸ ਨੂੰ ਹੀ ਗੁਰੂ ਸਮਝ ਕੇ ਭੇਟਾ ਦੇ ਦਿੰਦੀ। ਸਿੱਟੇ ਵਜੋਂ ਗੁਰੂ ਘਰ ਦੀ ਆਮਦਨ ਘਟਣ ਲੱਗੀ ਤੇ ਗੁਰੂ ਦਾ ਲੰਗਰ ਇਕ ਡੰਗਾ ਹੋਣ ਲੱਗਾ। ਬਾਬਾ ਬੁੱਢਾ ਅਤੇ ਭਾਈ ਗੁਰਦਾਸ ਦੇ ਉਦਮ ਸਦਕਾ ਅੰਤ ਇਹ ਨਾਕਾਬੰਦੀ ਟੁੱਟ ਗਈ ਤੇ ਗੁਰੂ ਘਰ ਦੇ ਲੰਗਰ ਦੀ ਅਵਸਥਾ ਫਿਰ ਸੁਧਰਨ ਲੱਗੀ। ਨਾਕਾਬੰਦੀ ਦੌਰਾਨ ਗੁਰੂ ਸਾਹਿਬ ਚੱਕ ਗੁਰੂ ਦੇ ਬਹੁਪੱਖੀ ਵਿਕਾਸ ਵੱਲ ਬਹੁਤਾ ਧਿਆਨ ਨਾ ਦੇ ਸਕੇ। ਸ਼ਹਿਰ ਦੇ ਵਿਕਾਸ ਤੇ ਲਗਾਤਾਰ ਵਧਦੀਆਂ ਲੋੜਾਂ ਪੂਰੀਆਂ ਕਰਨ ਲਈ ਗੁਰੂ ਸਾਹਿਬ ਨੇ ਪ੍ਰਚਾਰਕ ਮਸੰਦ ਨਿਯੁਕਤ ਕੀਤੇ ਜੋ ਸਿੱਖ ਸੰਗਤ ਤੋਂ ਭੇਟਾ ਇਕੱਠੀ ਕਰਕੇ ਲਿਆਉਂਦੇ। ਗੁਰੂ ਸਾਹਿਬ ਨੇ ਸਿੱਖ ਸੰਗਤ ਨੂੰ ਹਦਾਇਤ ਕੀਤੀ ਕਿ ਹਰ ਸਿੱਖ ਘਰਾਣਾ ਆਪਣੀ ਕਮਾਈ ਦਾ ਦਸਵੰਧ ਸਾਂਝੇ ਪੰਥਕ ਕਾਰਜਾਂ ਲਈ ਗੁਰੂ ਗੋਲਕ ਲਈ ਭੇਜਿਆ ਕਰੇ। ਉਨ੍ਹਾਂ ਨੇ ਸਵੈ-ਇੱਛਤ ਭੇਟਾ ਪ੍ਰਣਾਲੀ ਨੂੰ ਜ਼ਰੂਰੀ ਭੇਟਾ ਪ੍ਰਣਾਲੀ ਵਿਚ ਬਦਲ ਦਿੱਤਾ।
ਗੁਰੂ ਅਰਜਨ ਦੇਵ ਨੇ ਗੁਰੂ ਰਾਮ ਦਾਸ ਵੱਲੋਂ 1570 ਵਿਚ ਅਰੰਭੇ ਅੰਮ੍ਰਿਤ ਸਰੋਵਰ ਦੇ ਕਾਰਜ ਨੂੰ 1588 ਵਿਚ ਮੁਕੰਮਲ ਕੀਤਾ। ਫਿਰ ਅੰਮ੍ਰਿਤ ਸਰੋਵਰ ਵਿਚ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ। ਲਾਹੌਰ ਦੇ ਸੂਫੀ ਸੰਤ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ 28 ਦਸੰਬਰ 1588 ਨੂੰ ਰੱਖਿਆ। ਗੁਰੂ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਨੀਵੇਂ ਪੱਧਰ ‘ਤੇ ਰਖਵਾਈ ਕਿ ਸਿੱਖ ਮੱਤ ਦਾ ਅਸੂਲ ਹੈ ਕਿ ਪਰਮਾਤਮਾ ਸਿਰ ਝੁਕਾਇਆਂ ਤੇ ਨਿਮਰਤਾ ਰਾਹੀਂ ਪ੍ਰਾਪਤ ਹੁੰਦਾ ਹੈ। ਉਨ੍ਹਾਂ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਜੋ ਸੰਸਾਰ ਦੇ ਸਾਰੇ ਧਰਮਾਂ ਦੇ ਲੋਕਾਂ ਲਈ ਖੁੱਲ੍ਹੇ ਹਨ। ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ।
ਨਾਕਾਬੰਦੀ ਪਿਛੋਂ ਸੱਤੇ ਦੀ ਲੜਕੀ ਦਾ ਵਿਆਹ ਆ ਗਿਆ। ਉਸ ਨੇ ਗੁਰੂ ਜੀ ਪਾਸੋਂ ਲੋੜ ਤੋਂ ਵੱਧ ਮਾਇਆ ਮੰਗੀ। ਆਰਥਕ ਤੰਗੀ ਕਾਰਨ ਗੁਰੂ ਜੀ ਉਸ ਨੂੰ ਮੂੰਹ ਮੰਗੀ ਰਕਮ ਨਾ ਦੇ ਸਕੇ। ਪ੍ਰਿਥੀ ਚੰਦ ਦੇ ਉਕਸਾਉਣ ‘ਤੇ ਸੱਤੇ ਤੇ ਬਲਵੰਡ ਨੇ ਗੁਰੂ ਘਰ ਕੀਰਤਨ ਕਰਨਾ ਬੰਦ ਕਰ ਦਿਤਾ ਅਤੇ ਗੁਰੂ ਘਰ ਦੀ ਸ਼ਾਨ ਵਿਚ ਖਰ੍ਹਵੇ ਬੋਲ ਵੀ ਬੋਲੇ। ਗੁਰੂ ਜੀ ਨੇ ਸਿੱਖਾਂ ਨੂੰ ਕੀਰਤਨ ਆਪ ਕਰਨ ਲਈ ਕਿਹਾ ਅਤੇ ਕੀਰਤਨ ਸਿੱਖਣ ਵਿਚ ਅਗਵਾਈ ਆਪ ਕੀਤੀ। ਸਿੱਖਾਂ ਨੇ ਸੱਤੇ ਤੇ ਬਲਵੰਡ ਦਾ ਕੀਰਤਨ ਸੁਣਨਾ ਬੰਦ ਕਰ ਦਿੱਤਾ ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਪਤਲੀ ਹੋ ਗਈ। ਭਾਈ ਲੱਧਾ ਦੀਆਂ ਕੋਸ਼ਿਸ਼ਾਂ ਕਰਕੇ ਗੁਰੂ ਜੀ ਨੇ ਉਨ੍ਹਾਂ ਨੂੰ ਮੁਆਫ ਕਰ ਦਿੱਤਾ। ਸੱਤੇ, ਬਲਵੰਡ ਨੇ ਗੁਰੂ ਉਪਮਾ ਵਿਚ ਅੱਠ ਪਉੜੀਆਂ ਦੀ ਵਾਰ ਲਿਖੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ।
ਗੁਰੂ ਅਰਜਨ ਦੇਵ ਨੇ ਗੁਰਿਆਈ ਤੋਂ ਬਾਅਦ 8 ਸਾਲ ਅੰਮ੍ਰਿਤਸਰ ਵਸਾਉਣ, ਅੰਮ੍ਰਿਤ ਸਰੋਵਰ, ਸੰਤੋਖਸਰ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਬਿਤਾਏ। ਇਸ ਪਿਛੋਂ 10 ਸਾਲ ਸਿੱਖੀ ਦੇ ਪ੍ਰਚਾਰ ‘ਚ ਗੁਜ਼ਾਰੇ। ਉਨ੍ਹਾਂ ਮਾਝੇ ਵਿਚ ਸਿੱਖ ਧਰਮ ਦੀਆਂ ਜੜ੍ਹਾਂ ਪੱਕੀਆਂ ਕੀਤੀਆਂ। ਫਕੀਰ ਸਖੀ ਸਰੋਵਰ ਦੇ ਚੇਲਿਆਂ, ਜਿਨ੍ਹਾਂ ਨੂੰ ਸਰਵਰੀਏ ਕਿਹਾ ਜਾਂਦਾ ਸੀ, ਦਾ ਪ੍ਰਭਾਵ ਘਟਾਉਣ ਲਈ 1590 ‘ਚ ਤਰਨ ਤਾਰਨ ਸ਼ਹਿਰ ਵਸਾਇਆ ਅਤੇ ਸਰੋਵਰ ਵੀ ਬਣਵਾਇਆ, ਖਡੂਰ ਸਾਹਿਬ, ਵਡਾਲੀ ਤੇ ਕਰਤਾਰਪੁਰ ਵਿਚ ਸਿੱਖ ਧਰਮ ਦਾ ਪ੍ਰਚਾਰ ਕੀਤਾ। ਦੁਖੀ ਅਤੇ ਪੀੜਤ ਲੋਕਾਂ ਦੀ ਮਦਦ ਤੇ ਸੇਵਾ ਕੀਤੀ। ਲੋੜਵੰਦਾਂ ਲਈ ਬਉਲੀਆਂ ਅਤੇ ਖੂਹ ਬਣਵਾਏ। ਰਾਵੀ ਦਰਿਆ ਦੇ ਨਾਲ ਲਾਹੌਰ, ਜੰਬਰ, ਚੂੰਨੀਆਂ, ਬਹਿੜਵਾਲ ਇਲਾਕਿਆਂ ਵਿਚ ਲੋਕ ਸੇਵਾ ਤੇ ਸਿੱਖੀ ਦਾ ਪ੍ਰਚਾਰ ਕੀਤਾ। ਲਾਹੌਰ ਵਿਚ ਭੁੱਖਮਰੀ ਅਤੇ ਬਿਮਾਰੀਆਂ ਫੈਲਣ ਕਾਰਨ ਬਾਜ਼ਾਰ ਮੁਰਦਿਆਂ ਨਾਲ ਭਰੇ ਰਹਿੰਦੇ ਸਨ, ਗੁਰੂ ਜੀ ਦੁਖੀਆਂ ਦਾ ਦੁੱਖ ਵੰਡਣ ਲਈ ਲਾਹੌਰ ਚਲੇ ਗਏ। ਉਨ੍ਹਾਂ ਪੀੜਤ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵਧਾਏ। ਯਤੀਮਾਂ ਅਤੇ ਲੋੜਵੰਦਾਂ ਲਈ ਆਸ਼ਰਮ ਅਤੇ ਲੰਗਰ ਸ਼ੁਰੂ ਕਰਵਾਏ। ਗੁਰੂ ਜੀ ਦੀ ਲਾਹੌਰ ਵਿਚ ਸੇਵਾ ਨੂੰ ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਨੇ ਵੀ ਬਹੁਤ ਸਲਾਹਿਆ। ਇਉਂ ਗੁਰੂ ਅਰਜਨ ਦੇਵ ਲੋਕ ਕਲਿਆਣ ਹਿਤ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ 1601 ਵਿਚ ਅੰਮ੍ਰਿਤਸਰ ਵਾਪਸ ਪਹੁੰਚੇ।
ਸਮੇਂ ਨਾਲ ਗੁਰੂ ਘਰ ਪ੍ਰਤੀ ਸਿੱਖਾਂ ਦੀ ਸ਼ਰਧਾ ਵਧਦੀ ਗਈ। ਉਨ੍ਹਾਂ ਵੱਖ ਵੱਖ ਕਿੱਤਿਆਂ-ਖੇਤੀ, ਵਪਾਰ ਤੇ ਵਣਜ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਅਣਥਕ ਮਿਹਨਤ ਤੇ ਲੋਕ ਸੇਵਾ ਕਾਰਨ ਦੂਜੇ ਧਰਮਾਂ ਦੇ ਲੋਕ ਵੀ ਸਿੱਖੀ ਧਾਰਨ ਕਰਨ ਲੱਗੇ। ਦੂਰ ਦੁਰਾਡਿਉਂ ਸਿੱਖ ਸੰਗਤ ਦਰਸ਼ਨਾਂ ਨੂੰ ਆਉਂਦੀ। ਉਨ੍ਹਾਂ ਦੀ ਸਭ ਤੋਂ ਬਹੁਮੁੱਲੀ ਦੇਣ ਇਹ ਹੈ ਕਿ ਉਨ੍ਹਾਂ ਨੇ ਸਿੱਖਾਂ ਨੂੰ ਪ੍ਰਮਾਣਿਕ ਧਰਮ ਗ੍ਰੰਥ ਦਿੱਤਾ ਜਿਸ ਨੇ ਸਿੱਖ ਕੌਮ ਦੇ ਢਾਂਚੇ ਨੂੰ ਨਵਾਂ ਰੂਪ ਬਖਸ਼ਿਆ। ਉਨ੍ਹਾਂ ਸਿੱਖ ਧਰਮ ਨੂੰ ਸ਼ਕਤੀਸ਼ਾਲੀ ਤੇ ਗਤੀਸ਼ੀਲ ਬਣਾਉਣ ਅਤੇ ਸਿੱਖਾਂ ਨੂੰ ਕੁਰਾਹੇ ਪਾਉਣ ਵਾਲਿਆਂ ਤੋਂ ਬਚਾਉਣ ਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਸਾਂਭਣ ਲਈ ‘ਆਦਿ ਗ੍ਰੰਥ’ ਦੀ ਸੰਪਾਦਨਾ ਕੀਤੀ। ਗੁਰਬਾਣੀ ਦਾ ਬਹੁਮੁੱਲਾ ਖਜ਼ਾਨਾ ਗੁਰੂ ਨਾਨਕ ਦੇਵ ਨੇ ਆਪਣੇ ਦੌਰਿਆਂ ਸਮੇਂ ਭਗਤਾਂ ਅਤੇ ਸੰਤਾਂ ਤੋਂ ਇਕੱਠਾ ਕੀਤਾ ਸੀ ਜੋ ਉਨ੍ਹਾਂ ਉਨ੍ਹਾਂ ਦੂਜੇ ਗੁਰੂ ਸਾਹਿਬ ਨੂੰ ਗੁਰਿਆਈ ਸਮੇਂ ਸੌਂਪ ਦਿੱਤਾ। ਇਸੇ ਤਰ੍ਹਾਂ ਤੀਸਰੇ ਤੇ ਚੌਥੇ ਗੁਰੂ ਸਾਹਿਬਾਨ ਰਾਹੀਂ ਉਨ੍ਹਾਂ ਦੀ ਰਚੀ ਬਾਣੀ ਸਮੇਤ ਗੁਰੂ ਅਰਜਨ ਦੇਵ ਪਾਸ ਪਹੁੰਚ ਗਈ। ਉਨ੍ਹਾਂ ਆਪ ਰਚੀ ਬਾਣੀ ਅਤੇ ਹੋਰ ਸਰੋਤਾਂ ਤੋਂ ਇਕੱਠੀ ਕਰਕੇ ਤਰਤੀਬਵਾਰ ਤੇ ਨਵੇਂ ਰੂਪ ‘ਚ ਸ੍ਰੀ ਰਾਮਸਰ ਸਰੋਵਰ ‘ਤੇ ਰਹਿ ਕੇ ਭਾਈ ਗੁਰਦਾਸ ਤੋਂ ਲਿਖਵਾਉਣੀ ਸ਼ੁਰੂ ਕੀਤੀ। ਇਹ ਕਾਰਜ 1604 ਵਿਚ ਮੁਕੰਮਲ ਹੋਇਆ। ਇਸ ਬੀੜ ਵਿਚ 5751 ਸ਼ਬਦ ਹਨ ਅਤੇ ਇਸ ਦੇ 975 ਪੱਤਰੇ ਹਨ। ਇਸ ਬੀੜ ਵਿਚ ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਰਾਗ ਤਕ 30 ਰਾਗ ਹਨ। ਇਸ ਦੇ ਪੰਨਾ 541 ‘ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਸਤਖਤ ਵੀ ਹਨ। ਇਹ ਬੀੜ ਅੱਜ ਕਲ੍ਹ ਕਰਤਾਰਪੁਰ ਸਾਹਿਬ ਵਿਚ ਹੈ।
30 ਅਗਸਤ 1604 ਨੂੰ ਹਰਿਮੰਦਰ ਸਾਹਿਬ ਵਿਚ ਗੁਰਮਤਿ ਪ੍ਰਚਾਰ ਲਈ ਆਦਿ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਨੂੰ ਪਹਿਲਾ ਹੈਡ ਗ੍ਰੰਥੀ ਥਾਪਿਆ ਗਿਆ। ਉਦੋਂ ਉਹ 98 ਸਾਲਾਂ ਦੇ ਸਨ। ਗੁਰੂ ਅਰਜਨ ਦੇਵ ਨੇ ਆਦਿ ਗ੍ਰੰਥ ਦੀ ਮੌਲਿਕ ਬੀੜ ਭਾਈ ਬੰਨੋ ਨੂੰ ਦੇ ਕੇ ਜਿਲਦ ਬੰਨ੍ਹਾਉਣ ਲਾਹੌਰ ਭੇਜਿਆ। ਮਾਂਗਟ ਵਾਸੀ ਭਾਈ ਬੰਨੋ ਨੇ ਜਿਲਦ ਬੰਨ੍ਹਾਉਣ ਸਮੇਂ ਜਦੋਂ ਉਸ ਦੀ ਨਕਲ ਕੀਤੀ ਤਾਂ ਆਪਣੀ ਇੱਛਾ ਅਨੁਸਾਰ ਕੁਝ ਵਾਧੂ ਬਾਣੀ ਵੀ ਦਰਜ ਕੀਤੀ। ਉਸ ਨੂੰ ਭਾਈ ਬੰਨੋ ਦੀ ਬੀੜ ਅਤੇ ਖਾਰੀ ਬੀੜ ਵੀ ਕਿਹਾ ਜਾਂਦਾ ਹੈ ਜੋ ਮਾਂਗਟ ‘ਚ ਭਾਈ ਬੰਨੋ ਦੀ ਔਲਾਦ ਕੋਲ ਹੈ।
ਗੁਰੂ ਗੋਬਿੰਦ ਸਿੰਘ ਨੇ ਆਪਣੇ ਕੰਠ ਤੋਂ ਉਚਾਰਨ ਕਰਕੇ ਸਾਬੋ ਕੀ ਤਲਵੰਡੀ (ਦਮਦਮਾ ਸਾਹਿਬ) ਵਿਖੇ ਜੋ ਬਾਣੀ ਭਾਈ ਮਨੀ ਸਿੰਘ ਤੋਂ ਲਿਖਵਾਈ, ਉਹ ਦਮਦਮਾ ਸਾਹਿਬ ਬੀੜ ਦੇ ਨਾਂ ਨਾਲ ਪ੍ਰਸਿਧ ਹੈ। ਇਸ ਵਿਚ ਜੈ ਜੈ ਵੰਤੀ ਸਮੇਤ 31 ਰਾਗ ਹਨ ਤੇ 5867 ਸ਼ਬਦ ਹਨ। ਇਸ ਬੀੜ ਦੇ ਉਤਾਰੇ ਬਾਬਾ ਦੀਪ ਸਿੰਘ ਨੇ ਕੀਤੇ ਸਨ। ਅੱਜ ਕਲ੍ਹ ਜੋ ਬੀੜਾਂ ਗੁਰੂ ਘਰਾਂ ਵਿਚ ਸ਼ੁਸ਼ੋਭਿਤ ਹਨ, ਉਹ ਦਮਦਮੀ ਬੀੜ ਦਾ ਉਤਾਰਾ ਹਨ।
ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਸਮੇਂ ਤਖਤ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰੂ ਗ੍ਰੰਥ ਸਾਹਿਬ ਨੂੰ ਭਵਿਖ ਵਿਚ ਗੁਰੂ ਐਲਾਨ ਕਰਦਿਆਂ ਗੁਰਗੱਦੀ ਬਖਸ਼ੀ। ਦੁਨੀਆਂ ਦੇ ਧਰਮ ਗ੍ਰੰਥਾਂ ਦੇ ਇਤਿਹਾਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਅਦੁੱਤੀ ਹੈ ਜੋ ਸਿੱਖਾਂ ਦਾ ਧਾਰਮਿਕ ਗ੍ਰੰਥ ਹੋਣ ਦੇ ਨਾਲ ਸਰਬ ਸਾਂਝਾ ਧਾਰਮਿਕ ਗ੍ਰੰਥ ਹੈ। ਇਹ ਮੱਧਕਾਲ ਦੀ ਮਹਾਨ ਅਧਿਆਤਮਕ ਰਚਨਾ ਹੈ। ਇਸ ਵਿਚ ਭਾਰਤੀ ਭਾਸ਼ਾਵਾਂ ਦਾ ਖਜ਼ਾਨਾ ਹੈ ਤੇ ਇਹ ਰਾਗਾਂ ਦਾ ਭੰਡਾਰ ਹੈ।
17 ਅਕਤੂਬਰ 1605 ਵਿਚ ਬਾਦਸ਼ਾਹ ਅਕਬਰ ਦੀ ਆਗਰੇ ਵਿਚ ਮੌਤ ਹੋ ਗਈ। ਅਕਬਰ ਸੁਲਾਹਕੁਨ ਤੇ ਸਹਿਣਸ਼ੀਲ ਸੀ। ਉਸ ਦੀ ਮੌਤ ਪਿਛੋਂ ਉਸ ਦਾ ਪੁੱਤਰ ਸਲੀਮ ਹਿੰਦੁਸਤਾਨ ਦੇ ਤਖਤ ‘ਤੇ ਬੈਠਾ ਜੋ ਮਗਰੋਂ ਜਹਾਂਗੀਰ ਦੇ ਨਾਂ ਨਾਲ ਪ੍ਰਸਿਧ ਹੋਇਆ। ਅਕਬਰ ਆਪਣੇ ਪੋਤਰੇ ਖੁਸਰੋ ਨੂੰ ਤਖਤ ਦੇਣ ਦੇ ਹੱਕ ਵਿਚ ਸੀ ਕਿਉਂਕਿ ਸਲੀਮ ਸ਼ਰਾਬ ਬਹੁਤ ਪੀਂਦਾ ਸੀ। ਸਲੀਮ ਨੇ ਅਕਬਰ ਦੇ ਜਿਉਂਦਿਆਂ ਹੀ ਤਖਤ ਪ੍ਰਾਪਤ ਕਰਨ ਲਈ ਸਾਜ਼ਿਸ਼ਾਂ ਘੜੀਆਂ। ਉਸ ਨੇ ਦਰਬਾਰੀਆਂ ਤੇ ਕੱਟੜਪੰਥੀਆਂ ਨਾਲ ਮਿਲ ਕੇ ਤਖਤ ਪ੍ਰਾਪਤ ਕਰ ਲਿਆ ਅਤੇ ਖੁਸਰੋ ਨੂੰ ਆਗਰੇ ਦੇ ਕਿਲ੍ਹੇ ਵਿਚ ਬੰਦ ਕਰ ਦਿੱਤਾ। ਖੁਸਰੋ ਮੌਕਾ ਪਾ ਕੇ 6 ਅਪਰੈਲ 1606 ਨੂੰ ਪੰਜਾਬ ਵੱਲ ਨਿਕਲ ਗਿਆ। ਪੰਜਾਬ ਦੀ ਰਾਜਧਾਨੀ ‘ਤੇ ਕਬਜ਼ਾ ਕਰਨ ਲਈ ਉਹ ਲਾਹੌਰ ਪਹੁੰਚਿਆ ਪਰ ਸ਼ੇਖ ਫਰੀਦ ਬੁਖਾਰੀ ਨੇ ਉਸ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ। ਜਹਾਂਗੀਰ ਨੇ ਆਪ ਵੀ ਸ਼ਾਹੀ ਫੌਜ ਲੈ ਕੇ ਖੁਸਰੋ ਨੂੰ ਗ੍ਰਿਫਤਾਰ ਕਰਨ ਲਈ ਲਾਹੌਰ ਵੱਲ ਕੂਚ ਕੀਤਾ। ਜਹਾਂਗੀਰ ਨੇ ਦੋ ਦਿਨਾਂ ਵਿਚ ਹੀ ਖੁਸਰੋ ਦੇ ਸਾਥੀਆਂ ਨੂੰ ਤਸੀਹੇ ਦੇ ਕੇ ਮਰਵਾ ਦਿੱਤਾ। ਜਿਨ੍ਹਾਂ ਨੇ ਜਹਾਂਗੀਰ ਦਾ ਸਾਥ ਦਿੱਤਾ, ਉਨ੍ਹਾਂ ਨੂੰ ਜਗੀਰਾਂ ਤੇ ਰੁਤਬੇ ਦਿੱਤੇ। ਸ਼ੇਖ ਫਰੀਦ ਬੁਖਾਰੀ ਨੂੰ ਮੁਰਤਜ਼ਾ ਖਾਨ ਦਾ ਖਿਤਾਬ ਜਹਾਂਗੀਰ ਨੇ ਦਿੱਤਾ।
ਗੁਰੂ ਅਰਜਨ ਦੇਵ ਦੀ ਅਣਥੱਕ ਮਿਹਨਤ, ਲਗਨ ਤੇ ਕਠਿਨ ਸਾਧਨਾ ਕਰਕੇ ਸਿੱਖ ਸੰਗਤਾਂ ਦੀ ਗਿਣਤੀ ਵਧਦੀ ਗਈ। ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਤੇ ਤਰਨ ਤਾਰਨ ਸਿੱਖੀ ਦਾ ਧੁਰਾ ਬਣ ਚੁਕੇ ਸਨ। ਸਿੱਖ ਲਹਿਰ ਦਾ ਤੇਜ਼ੀ ਨਾਲ ਵਧ ਰਿਹਾ ਰਸੂਖ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਉਸ ਦੇ ਕੱਟੜਪੰਥੀ ਸਲਾਹਕਾਰ ਸ਼ੇਖ ਅਹਿਮਦ ਫਾਰੂਖੀ ਸਰਹਿੰਦੀ ਤੇ ਸ਼ੇਖ ਫਰੀਦ ਬੁਖਾਰੀ ਨੂੰ ਬਹੁਤ ਚੁਭਦਾ ਸੀ। ਸ਼ੇਖ ਸਰਹਿੰਦੀ ਖੁਦ ਨੂੰ ਖਲੀਫਿਆਂ ਤੋਂ ਵੱਡਾ ਅਤੇ ਇਸਲਾਮ ਦਾ ਰਾਖਾ ਸਮਝਦਾ ਸੀ। ਜਹਾਂਗੀਰ ਤੇ ਉਸ ਦੇ ਦਰਬਾਰੀਆਂ ‘ਤੇ ਵੀ ਉਸ ਦਾ ਪ੍ਰਭਾਵ ਸੀ। ਕੱਟੜਪੰਥੀ ਮੁਲਾਣਿਆਂ ਨੇ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਵਿਰੁਧ ਭੜਕਾਇਆ। ਸ਼ੇਖ ਸਰਹਿੰਦੀ ਗੁਰੂ ਸਾਹਿਬ ਨੂੰ ਹਮੇਸ਼ਾ ਇਮਾਮ-ਏ-ਕੁਫਰ ਕਹਿੰਦਾ ਸੀ। ਉਹ ਅਤੇ ਸ਼ੇਖ ਫਰੀਦ ਬੁਖਾਰੀ ਗੁਰੂ ਜੀ ਨੂੰ ਮਾਰ ਮੁਕਾਉਣ ਦੀਆਂ ਸਕੀਮਾਂ ਘੜਨ ਲੱਗੇ। ਦੋਵਾਂ ਸ਼ੇਖਾਂ ਨੇ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਅਰਜਨ ਦੇਵ ਨੇ ਖੁਸਰੋ ਨੂੰ ਸ਼ਰਨ ਦਿੱਤੀ ਹੈ ਤੇ ਮਾਲੀ ਮਦਦ ਵੀ ਕੀਤੀ ਹੈ। ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਜੀ ਦਾ ਖੁਸਰੋ ਦੀ ਬਗਾਵਤ ਕਰਨ ਵਿਚ ਵਿਸ਼ੇਸ਼ ਹੱਥ ਹੈ।
ਗੁਰੂ ਅਰਜਨ ਦੇਵ ਦੀ ਸ਼ਹੀਦੀ ਦੇ ਮੁੱਖ ਕਾਰਨ ਬਾਰੇ ਕਈ ਮੱਤ ਪ੍ਰਚਲਿਤ ਹਨ। ਕਈ ਪ੍ਰਿਥੀ ਚੰਦ ਦੀ ਬਦਲਾ ਭਾਵਨਾ ਅਤੇ ਘਰੇਲੂ ਫੁੱਟ ਦਸਦੇ ਹਨ। ਜਦੋਂ ਪ੍ਰਿਥੀ ਚੰਦ ਦੀਆਂ ਗੁਰਗੱਦੀ ਪ੍ਰਾਪਤ ਕਰਨ ਦੀਆਂ ਸਕੀਮਾਂ ਅਸਫਲ ਹੋ ਗਈਆਂ ਤਾਂ ਉਸ ਨੇ ਆਪਣੇ ਦਿਲ ਨੂੰ ਧੀਰਜ ਦਿੱਤਾ ਕਿ ਗੁਰੂ ਸਾਹਿਬ ਦੇ ਘਰ ਕੋਈ ਸੰਤਾਨ ਨਹੀਂ ਹੈ, ਇਸ ਲਈ ਅਖੀਰ ਵਿਚ ਗੱਦੀ ਦਾ ਮਾਲਕ ਉਸ ਦਾ ਪੁੱਤਰ ਮਿਹਰਬਾਨ ਹੀ ਬਣੇਗਾ। ਜੂਨ 1695 ਵਿਚ ਜਦੋਂ ਵਡਾਲੀ ਵਿਚ ਗੁਰੂ ਸਾਹਿਬ ਦੇ ਘਰ ਹਰਗੋਬਿੰਦ ਸਾਹਿਬ ਦਾ ਜਨਮ ਮਾਤਾ ਗੰਗਾ ਦੀ ਕੁਖੋਂ ਹੋਇਆ ਤਾਂ ਪ੍ਰਿਥੀ ਚੰਦ ਦਾ ਵਿਰੋਧ ਹੋਰ ਤਿੱਖਾ ਹੋ ਗਿਆ। ਉਸ ਨੇ ਬਾਲਕ ਨੂੰ ਮਾਰਨ ਲਈ ਕਈ ਹੱਥਕੰਡੇ ਵਰਤੇ ਪਰ ਅਸਫਲ ਰਿਹਾ ਤੇ ਬਦਨਾਮੀ ਕਾਰਨ ਅੰਤ ਆਪਣੇ ਸਹੁਰੇ ਪਿੰਡ ਹੇਹੇਰੀ (ਲਾਹੌਰ) ਚਲਾ ਗਿਆ। ਈਰਖਾ ਦੇ ਭਾਂਬੜ ਉਸ ਅੰਦਰ ਹਮੇਸ਼ਾ ਮਚਦੇ ਰਹਿੰਦੇ। ਉਸ ਦੇ ਕਹਿਣ ‘ਤੇ ਸੁਲਹੀ ਖਾਨ ਤੇ ਬੀਰਬਲ ਨੇ ਗੁਰੂ ਸਾਹਿਬ ਉਪਰ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਉਸ ਨੇ ਲਾਹੌਰ ਦੇ ਹਾਕਮ ਨੂੰ ਲੈ ਕੇ ਜਹਾਂਗੀਰ ਦੇ ਕੰਨ ਅਜਮੇਰ ਜਾ ਭਰੇ।
ਚੰਦੂ ਸ਼ਾਹ ਲਾਹੌਰ ਦਾ ਦੀਵਾਨ ਸੀ। ਗੁਰੂ ਸਾਹਿਬ ਦੀ ਵਧਦੀ ਚੜ੍ਹਤ ਤੇ ਲੋਕਪ੍ਰਿਅਤਾ ਕਾਰਨ ਉਸ ਨੇ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਦੇ ਲੜਕੇ ਹਰਗੋਬਿੰਦ ਨਾਲ ਕਰਨ ਲਈ ਪ੍ਰੋਹਤਾਂ ਨੂੰ ਗੁਰੂ ਸਾਹਿਬ ਕੋਲ ਭੇਜਿਆ। ਪ੍ਰੋਹਤਾਂ ਨੇ ਆ ਕੇ ਚੰਦੂ ਨੂੰ ਦਸਿਆ ਕਿ ਉਹ ਗੁਰੂ ਅਰਜਨ ਦੇਵ ਦੇ ਪੁੱਤਰ ਹਰਗੋਬਿੰਦ ਨਾਲ ਉਸ ਦੀ ਲੜਕੀ ਦਾ ਰਿਸ਼ਤਾ ਪੱਕਾ ਕਰ ਆਏ ਹਨ। ਚੰਦੂ ਸ਼ਾਹ ਨੇ ਭਰੀ ਹੋਈ ਸੰਗਤ ਵਿਚ ਗੁਰੂ ਜੀ ਦਾ ਨਿਰਾਦਰ ਇਹ ਕਹਿ ਕੇ ਕੀਤਾ ਕਿ ਪ੍ਰੋਹਤ ਜੀ, ਮੋਰੀ ਦੀ ਇੱਟ ਚੁਬਾਰੇ ਨੂੰ ਲਾ ਆਏ ਹੋ। ਗੁਰੂ ਜੀ ਨੇ ਇਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ। ਚੰਦੂ ਜਹਾਂਗੀਰ ਨੂੰ ਲਗਾਤਾਰ ਗੁੰਮਰਾਹ ਕਰਨ ਤੇ ਭੜਕਾਉਣ ਲਈ ਚੁਗਲਖੋਰੀ ਅਤੇ ਝੂਠੀ ਬਿਆਨਬਾਜ਼ੀ ਕਰ ਰਿਹਾ ਸੀ।
ਗੁਰੂ ਜੀ ਦੀ ਸ਼ਹੀਦੀ ਦਾ ਕਾਰਨ ਜਹਾਂਗੀਰ ਦੀ ਧਾਰਮਿਕ ਕੱਟੜਤਾ ਵੀ ਸੀ। ਸ਼ੇਖ ਸਰਹੰਦੀ ਅਤੇ ਮੁਰਤਜ਼ਾ ਖਾਨ ਵਲੋਂ ਕੰਨ ਭਰੇ ਜਾਣ ‘ਤੇ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਬੰਦੀ ਬਣਾਉਣ ਦਾ ਹੁਕਮ ਦਿਤਾ ਕਿ ਉਨ੍ਹਾਂ ਨੂੰ ਸਿਆਸਤ ਦੇ ‘ਯਾਸ਼ਾ’ ਕਾਨੂੰਨ ਅਨੁਸਾਰ ਤਸੀਹੇ ਦੇ ਕੇ ਮਾਰ ਦਿੱਤਾ ਜਾਵੇ। ਜਹਾਂਗੀਰ ਨੇ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਸ਼ਹੀਦ ਕਰਨ ਦਾ ਨਿਸ਼ਚਾ ਕੀਤਾ ਹੋਇਆ ਸੀ। ਉਹ ਤਾਂ ਬਹਾਨਾ ਉਡੀਕ ਰਿਹਾ ਸੀ। ਖੁਸਰੋ ਦੇ ਗੁਰੂ ਸਾਹਿਬ ਨਾਲ ਮੇਲ ਨੂੰ ਸਿਆਸੀ ਸਾਜ਼ਿਸ਼ ਦੀ ਰੰਗਤ ਦੇ ਕੇ ਉਸ ਨੇ ਇਹ ਕੁਝ ਕਰਨ ਦਾ ਮੌਕਾ ਪਾ ਲਿਆ। ਆਪਣੀ ਸਵੈਜੀਵਨੀ ‘ਤੁਜ਼ਕੇ-ਜਹਾਂਗੀਰੀ’ ਵਿਚ ਉਸ ਨੇ ਲਿਖਿਆ: “ਗੋਇੰਦਵਾਲ ਜੋ ਬਿਆਸ ਦਰਿਆ ਦੇ ਕੰਢੇ ਹੈ, ਵਿਚ ਪੀਰਾਂ ਬਜ਼ੁਰਗਾਂ ਦੇ ਵੇਸ ਵਿਚ ਅਰਜਨ ਨਾਂ ਦਾ ਹਿੰਦੂ ਸੀ ਜਿਸ ਨੇ ਬਹੁਤ ਸਾਰੇ ਭੋਲੇ ਭਾਲੇ ਹਿੰਦੂਆਂ, ਸਗੋਂ ਮੂਰਖ ਤੇ ਬੇਸਮਝ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਬਹਿਤ ਦਾ ਸ਼ਰਧਾਲੂ ਬਣਾ ਕੇ ਆਪਣੇ ਵਲੀ ਤੇ ਪੀਰ ਹੋਣ ਦਾ ਢੋਲ ਵਜਾਇਆ ਹੋਇਆ ਸੀ। ਉਹ ਉਸ ਨੂੰ ਗੁਰੂ ਆਖਦੇ ਸਨ। ਸਭ ਤਰਫਾਂ ਤੋਂ ਫਰੇਬੀ ਅਤੇ ਠੱਗੀ ਪਸੰਦ ਲੋਕ ਉਸ ਪ੍ਰਤੀ ਪੂਰੀ ਸ਼ਰਧਾ ਪ੍ਰਗਟ ਕਰਦੇ ਸਨ। ਤਿੰਨ ਚਾਰ ਪੀੜ੍ਹੀਆਂ ਤੋਂ ਉਨ੍ਹਾਂ ਨੇ ਇਹ ਦੁਕਾਨ ਚਲਾਈ ਹੋਈ ਸੀ। ਬਹੁਤ ਸਮੇਂ ਤੋਂ ਮੇਰੇ ਦਿਲ ਵਿਚ ਇਹ ਖਿਆਲ ਉਠ ਰਿਹਾ ਸੀ ਕਿ ਇਸ ‘ਝੂਠ ਦੀ ਦੁਕਾਨ’ (ਦੁਕਾਨਿ-ਬਾਤਲ) ਨੂੰ ਬੰਦ ਕਰਨਾ ਚਾਹੀਦਾ ਹੈ। ਉਸ ਨੂੰ ਮੁਸਲਮਾਨੀ ਫਿਰਕੇ ਵਿਚ ਲੈ ਆਉਣਾ ਚਾਹੀਦਾ ਹੈ। ਮੈਂ ਹੁਕਮ ਦਿਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਵੇ ਤੇ ਮੈਂ ਉਸ ਦਾ ਘਰ ਘਾਟ ਤੇ ਬੱਚੇ, ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤੇ ਅਤੇ ਉਸ ਦਾ ਮਾਲ-ਅਸਬਾਬ ਜ਼ਬਤ ਕਰਨ ਦੇ ਹੁਕਮ ਦਿਤਾ ਕਿ ਉਸ ਨੂੰ ਸਿਆਸਤ ਅਤੇ ਯਾਸ਼ਾ ਦੇ ਕਾਨੂੰਨ ਅਨੁਸਾਰ ਦੰਡ ਦੇਣ।”
ਜਹਾਂਗੀਰ ਨੇ 20 ਮਈ 1606 ਵਿਚ ਪੰਜਾਬ ਦੇ ਗਵਰਨਰ ਮੁਰਤਜ਼ਾ ਖਾਨ ਨੂੰ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ। ਮੁਰਤਜ਼ਾ ਖਾਨ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਚੰਦੂ ਦੀ ਹਿਰਾਸਤ ਵਿਚ ਲਾਹੌਰ ਭੇਜ ਦਿੱਤਾ ਤੇ ਆਪ ਜਹਾਂਗੀਰ ਸਿੰਧ ਵਲ ਚਲਾ ਗਿਆ। ਗੁਰੂ ਜੀ ਨੂੰ ਡਰਾਇਆ ਗਿਆ ਕਿ ਉਹ ਇਸਲਾਮ ਕਬੂਲ ਕਰ ਲੈਣ ਤੇ ਹਜ਼ਰਤ ਮੁਹੰਮਦ ਦੀ ਤਾਰੀਫ ਵਿਚ ਕੁਝ ਲਿਖ ਦੇਣ। ਗੁਰੂ ਜੀ ਨੇ ਨਾ ਇਸਲਾਮ ਕਬੂਲ ਕੀਤਾ ਅਤੇ ਨਾ ਹਜ਼ਰਤ ਮੁਹੰਮਦ ਦੀ ਤਰੀਫ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਲਿਖਣਾ ਪ੍ਰਵਾਨ ਕੀਤਾ।
ਇਸਲਾਮੀ ਸ਼ਰ੍ਹਾ ਮੁਤਾਬਕ ਗੁਰੂ ਜੀ ਨੂੰ ਤਸੀਹੇ ਦੇਣ ਦਾ ਹੁਕਮ ਦਿੱਤਾ ਗਿਆ। ਪਹਿਲਾਂ ਗੁਰੂ ਜੀ ਨੂੰ ਚੰਦੂ ਸ਼ਾਹ ਦੀ ਹਵੇਲੀ ‘ਚ ਜੇਠ ਹਾੜ੍ਹ ਦੀ ਤਪਸ਼ ਵਿਚ ਭੁੱਖਣ ਭਾਣੇ ਕੰਧਾਂ ਓਹਲੇ ਖੜ੍ਹੇ ਕਰੀ ਰੱਖਿਆ, ਫਿਰ ਤੱਤੀ ਤਵੀ ‘ਤੇ ਬਿਠਾ ਕੇ ਤਪਦੀ ਰੇਤ ਸਰੀਰ ‘ਤੇ ਪਾਈ ਗਈ। ਉਸ ਪਿਛੋਂ ਦੇਗ ਵਿਚ ਉਬਾਲਿਆ ਗਿਆ। ਗੁਰੂ ਜੀ ਦਾ ਸਰੀਰ ਛਾਲੇ-ਛਾਲੇ ਹੋ ਚੁਕਾ ਸੀ। ਸਰੀਰ ਨਿਢਾਲ ਹੋ ਗਿਆ ਪਰ ਗੁਰੂ ਜੀ ਸ਼ਾਂਤ, ਅਤੁੱਟ ਸਮਾਧੀ ਵਿਚ ਮਗਨ ਬੈਠੇ ਸਨ ਤੇ ‘ਤੇਰਾ ਕੀਆ ਮੀਠਾ ਲਾਗੈ’ ਗਾਉਂਦੇ ਰਹੇ। ਇਸ ਤਰ੍ਹਾਂ ਗੁਰੂ ਜੀ ਨੂੰ ਪੰਜ ਦਿਨ ਤਸੀਹੇ ਦਿਤੇ ਜਾਂਦੇ ਰਹੇ। ਉਹ ਬੇਹੋਸ਼ ਹੋ ਗਏ। ਮਗਰੋਂ ਉਨ੍ਹਾਂ ਦੇ ਨਿਢਾਲ ਸਰੀਰ ਨੂੰ ਰਾਵੀ ਦਰਿਆ ਦੇ ਠੰਢੇ ਪਾਣੀ ਵਿਚ ਸੁਟਵਾ ਦਿੱਤਾ ਗਿਆ। ਇਹ ਘਟਨਾ 6ਵੇਂ ਦਿਨ 30 ਮਈ 1606 ਦੀ ਹੈ।
ਗੁਰੂ ਸਾਹਿਬ ਦੀ ਯਾਦ ਵਿਚ ਰਾਵੀ ਦਰਿਆ ਦੇ ਕੰਢੇ ‘ਤੇ ਗੁਰਦੁਆਰਾ ਡੇਹਰਾ ਸਾਹਿਬ, ਲਾਹੌਰ ਵਿਚ ਉਸਾਰਿਆ ਹੋਇਆ ਹੈ। ਉਨ੍ਹਾਂ ਦੀ ਸ਼ਹੀਦੀ ਸਿੱਖਾਂ ਦੇ ਇਤਿਹਾਸ ਵਿਚ ਅਹਿਮ ਮੋੜ ਸਾਬਤ ਹੋਈ ਅਤੇ ਇਨ੍ਹਾਂ ਨੂੰ ਇੰਨਾ ਮਜ਼ਬੂਤ ਕਰ ਦਿਤਾ ਕਿ ਨਾਦਰਸ਼ਾਹ, ਜ਼ਕਰੀਆ ਖਾਂ ਤੇ ਅਬਦਾਲੀ ਵਰਗੇ ਜ਼ਾਲਮ ਸਿੱਖੀ ਸਿਦਕ ਨੂੰ ਡੁਲਾ ਨਾ ਸਕੇ। ਉਨ੍ਹਾਂ ਦੀ ਅਦੁੱਤੀ ਸ਼ਹਾਦਤ ਨੇ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿਚ ਦੂਰਗਾਮੀ ਪ੍ਰਭਾਵ ਪਾਇਆ। ਇਸ ਨਾਲ ਸਿੱਖ ਇਤਿਹਾਸ ਵਿਚ ਸ਼ਹੀਦੀਆਂ ਦਾ ਅਧਿਆਏ ਸ਼ੁਰੂ ਹੋ ਗਿਆ। ਗੁਰੂ ਜੀ ਦੀ ਸ਼ਹੀਦੀ ਨੇ ਸਿੱਖਾਂ ਨੂੰ ਜਥੇਬੰਦ ਅਤੇ ਸ਼ਸਤਰਧਾਰੀ ਹੋਣ ਲਈ ਪ੍ਰੇਰਿਆ। ਉਨ੍ਹਾਂ ਦੇ ਪੁੱਤਰ ਗੁਰੂ ਹਰਗੋਬਿੰਦ ਜੀ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਗੁਰਗੱਦੀ ‘ਤੇ ਬੈਠੇ। ਇਸ ਤਰ੍ਹਾਂ ਭਗਤੀ ਤੇ ਸ਼ਕਤੀ ਦਾ ਸੁਮੇਲ ਹੋਇਆ।