ਫਕੀਰੀਆ

ਹਰਪਾਲ ਸਿੰਘ ਪੰਨੂ
ਫੋਨ: +91-94642-51454
ਖੇਤ ਵਿਚ ਖੂਹ ਪੁੱਟਣਾ ਸੀ, ਇਸ ਖਾਤਿਰ ਕੋਈ ਚੰਗਾ ਉਸਤਾਦ ਲੱਭਣ ਲਈ ਸਾਰੇ ਚਾਚੇ ਬਾਬੇ ਪੁੱਛ-ਗਿੱਛ ਕਰਨ ਲੱਗੇ। ਪਤਾ ਲੱਗਾ ਫਕੀਰੀਆ ਨਾਂ ਦਾ ਮਾਹਿਰ ਇਨ੍ਹੀਂ ਦਿਨੀਂ ਪਿੰਡ ਕਕਰਾਲੇ ਕਿਸੇ ਖੇਤ, ਖੂਹ ਦੀ ਚਿਣਾਈ ਕਰਵਾ ਰਿਹਾ ਹੈ। ਕਕਰਾਲੇ ਗਏ, ਲੱਭ ਲਿਆ। ਕਹਿੰਦਾ, ਮਹੀਨਾ ਇੱਥੇ ਲੱਗੇਗਾ ਫਿਰ ਆ ਕੇ ਲੈ ਜਾਇਓ। ਸਾਈ ਫੜ੍ਹਾਈ, ਪ੍ਰਸੰਨ-ਚਿੱਤ ਬਾਬੇ ਪਰਤ ਆਏ। ਮਹੀਨੇ ਦਾ ਕੀ ਹੈ, ਆਇਆ ਕਿ ਆਇਆ।

ਪਤਾ ਲੱਗਾ ਬਾਬਾ ਜੀ ਦੇ ਘਰ ਫਕੀਰੀਆ ਆਇਆ ਬੈਠਾ ਹੈ। ਅਸੀਂ ਬੱਚੇ ਉਸ ਨੂੰ ਦੇਖਣ ਵਾਸਤੇ ਦੌੜੇ। ਮਾਲਵੇ ਦੇ ਲੋਕ ਚੰਗੇ ਭਲੇ ਸ਼ਬਦ ਨੂੰ ਆਰਾਮ ਨਾਲ ਵਿਗਾੜ ਕੇ ਸੱਤਿਆਨਾਸ ਕਰ ਦਿੰਦੇ ਹਨ। ਸਾਰੇ ਉਸ ਨੂੰ ਪਖੀਰੀਆ ਕਹਿ ਕੇ ਬੁਲਾਉਂਦੇ, ਸਾਨੂੰ ਬੱਚਿਆਂ ਨੂੰ ਹੁਕਮ ਹੋਇਆ ਕਿ ਪਖੀਰੀਏ ਨੂੰ ਤਾਇਆ ਕਹਿਣਾ ਹੈ।
ਪਿੰਡ ਦਰਜੀ ਹੁੰਦਾ ਸੀ, ਉਸ ਦਾ ਨਾਂ ਸੀ ਸੇਰਲੀ ਪਖੀਰ। ਮੈਨੂੰ ਸਮਝ ਨਾ ਆਏ ਇਹ ਕੀ ਨਾਂ ਹੋਇਆ, ਸੇਰਲੀ ਪਖੀਰ! ਕੀ ਮਤਲਬ? ਇਕ ਦਿਨ ਉਸੇ ਨੂੰ ਪੁੱਛ ਲਿਆ, ਚਾਚਾ ਤੇਰਾ ਨਾਂ ਅਜੀਬ ਹੈ, ਇਸ ਦਾ ਮਤਲਬ ਕੀ ਹੋਇਆ ਭਲਾ? ਉਹ ਹੱਸ ਪਿਆ, ਕਹਿੰਦਾ, ਨਾਂ ਤਾਂ ਮੇਰਾ ਬਹੁਤ ਵਧੀਆ ਹੈ, ਤੇਰੀ ਮਾਂ ਨੇ ਵਿਗਾੜ ਦਿੱਤਾ। ਪੁਛਿਆ, ਕੀ ਨਾਂ ਹੈ? ਕਹਿੰਦਾ, ਫਕੀਰ ਸ਼ੇਰ ਅਲੀ।
ਫਕੀਰ ਦੀ ਥਾਂ ਪਖੀਰ ਕਹਿੰਦੇ ਨੇ ਸ਼ੇਰ ਅਲੀ ਦੀ ਥਾਂ ਸੇਰਲੀ, ਫਕੀਰ ਸ਼ੇਰ ਅਲੀ ਨੂੰ ਸੇਰਲੀ ਪਖੀਰ ਬਣਾ ਦਿੱਤਾ, ਸ਼ੇਰ ਨੂੰ ਗਿੱਦੜ। ਕੋਈ ਇਨਸਾਫ ਹੋਇਆ ਇਹ? ਪੱਕਾ ਰੰਗ, ਫਕੀਰੀਆ ਦਰਮਿਆਨੇ ਕੱਦ ਦਾ, ਕੁਝ ਕੁ ਕੁੱਬਾ, ਲੰਗ ਮਾਰ ਕੇ ਤੁਰਦਾ ਸੀ। ਹੱਥ ਵਿਚ ਡੇਢ ਕੁ ਫੁੱਟ ਦੀ ਨਿੱਕੀ ਜਿਹੀ ਹੁੱਕੀ ਹਰ ਵਕਤ ਰਖਦਾ। ਜਦੋਂ ਤੁਰਦਾ, ਖੱਬਾ ਮੋਢਾ ਹੇਠਾਂ ਝੁਕਣ ਵੇਲੇ ਹੁੱਕੀ ਸੱਜੇ ਪਾਸੇ ਉਪਰ ਨੂੰ ਉਠਦੀ। ਸਾਨੂੰ ਤਾਂ ਉਸ ਦੀ ਚਾਲ ਹੀ ਨਿਹਾਲ ਕਰ ਦਿੰਦੀ, ਸਾਰੇ ਬੱਚੇ ਖੂਬ ਹਸਦੇ। ਮੈ ਸੋਚਦਾ, ਹੀਰ ਦਾ ਚਾਚਾ ਕੈਦੋਂ ਹੂਬਹੂ ਇਹੋ ਜਿਹਾ ਹੀ ਹੋਣਾ।
ਆਵਾਜ਼ ਭਾਰੀ ਅਤੇ ਰੇਡੀਓ ਵਿਚ ਖਬਰਾਂ ਪੜ੍ਹਨ ਵਾਲੇ ਵਾਂਗ ਦਾਣੇਦਾਰ। ਬੋਲੀ ਤੋਂ ਅਸੀਂ ਸਮਝ ਗਏ, ਪਾਕਿਸਤਾਨੋਂ ਆਇਆ ਰਫੂਜੀ ਹੈ। ਅਗਲੇ ਦਿਨ ਖੇਤ ਦਾ ਦੌਰਾ ਕਰਕੇ ਪਤਾ ਕਰਨਾ ਸੀ, ਕਿੱਥੇ ਖੂਹ ਪੁੱਟਣਾ ਹੈ। ਐਤਵਾਰ ਹੋਣ ਕਰਕੇ ਅਸੀਂ ਵੀ ਖੇਤ ਵੱਲ ਭੱਜੇ। ਸਰਵੇਖਣ ਕਰਕੇ ਫਕੀਰੀਏ ਨੇ ਇਕ ਥਾਂ ਸੋਟੀ ਗੱਡਦਿਆਂ ਕਿਹਾ, ਇੱਥੇ, ਇੱਥੇ ਟੱਕ ਲਾਓ। ਮੇਰਾ ਚਾਚਾ ਕਹਿਣ ਲੱਗਾ, ਤਿੰਨ ਘਰਾਂ ਦੀ ਜਮੀਨ ਹੈ ਇਹ, ਏਸ ਸਾਰੇ ਟੱਕ ਦੇ ਐਨ ਵਿਚਕਾਰ ਖੂਹ ਪੁੱਟਣਾ ਠੀਕ ਰਹੇਗਾ? ਖੰਘੂਰਾ ਮਾਰ ਕੇ ਫਕੀਰੀਆ ਬੋਲਿਆ, ਮੈਨੂੰ ਕਾਸ ਲਈ ਲੈ ਕੇ ਆਇਆ ਸੈਂ ਤੂੰ ਜੇ ਤੈਨੂੰ ਈ ਪਤਾ ਸੀ ਖੂਹ ਕਿਥੇ ਪੁੱਟਣਾ ਹੈ? ਜਿੱਥੇ ਪਾਣੀ ਹੈ ਈ ਨ੍ਹੀਂ, ਮੈਂ ਪਾਗਲ ਇਆਂ ਉਥੇ ਨਿਸ਼ਾਨੀ ਲਾ ਦਿਆਂ?
ਅਰਦਾਸ ਕਰਕੇ ਪੁਟਾਈ ਸ਼ੁਰੂ ਹੋ ਗਈ। ਉਹ ਸਿੱਖ ਅਰਦਾਸ ਨਹੀਂ ਸੀ, ਮਾਲਵੇ ਦੀ ਲੋਕ-ਅਰਦਾਸ ਸੀ ਜਿਹੜੀ ਮੇਰੇ ਬਾਪੂ ਜੀ ਬਿਜਾਈ ਸ਼ੁਰੂ ਕਰਨ ਤੋਂ ਪਹਿਲਾਂ ਜੁਤੇ ਹਲ ਪਿੱਛੇ ਖਲੋ ਕੇ ਕਰਦੇ, ਸੱਚੇ ਪਾਤਸ਼ਾਹ, ਜਿਹੜੀ ਬਿਜਾਈ ਕਰਨ ਲੱਗਾਂ, ਫਸਲ ਪੱਕੇਗੀ ਤਾਂ ਅੰਨ ਦਾਣਾ ਮੁਸਾਫਰ, ਫਕੀਰ, ਮੰਗਤੇ, ਦਾਤੇ, ਮਹਿਮਾਨ, ਮੇਜ਼ਬਾਨ, ਚਿੜੀ ਜਨੌਰ ਸਭ ਵੰਡਾਉਣਗੇ। ਮੇਰੇ ਕਰਮਾਂ ਕਰਕੇ ਨਹੀਂ, ਇਨ੍ਹਾਂ ਸਾਰਿਆਂ ਦੇ ਕਰਮਾਂ ਕਰਕੇ ਫਸਲ ਨੇਪਰੇ ਚਾੜ੍ਹੀਂ ਮਹਾਰਾਜ। ਮਿੱਟੀ ਮੱਥੇ ਲਾ ਕੇ ਬਿਜਾਈ ਸ਼ੁਰੂ ਕਰਦੇ। ਇਸੇ ਤਰ੍ਹਾਂ ਟੱਕ ਲਾਉਣ ਤੋਂ ਪਹਿਲਾਂ ਪਾਣੀ ਦੇ ਹਿੱਸੇਦਾਰਾਂ ਦੇ ਨਾਂ ਲਏ ਗਏ।
ਫਕੀਰੀਏ ਵਾਸਤੇ ਬਾਂਸਾਂ ਉਪਰ ਘਾਹ ਫੂਸ ਦੀ ਝੋਂਪੜੀ ਬਣਾ ਦਿੱਤੀ, ਅੰਦਰ ਮੰਜੀ, ਪਾਣੀ ਦਾ ਘੜਾ, ਘੜੇ ਉਪਰ ਟੂਟੀ ਵਾਲਾ ਕਸੋਰਾ, ਕਸੋਰੇ ਉਪਰ ਚੱਪਣ। ਰੋਟੀ ਪਿੰਡੋਂ ਆਉਂਦੀ, ਦਿਨ ਰਾਤ ਫਕੀਰੀਆ ਝੋਂਪੜੀ ਵਿਚ ਰਹਿੰਦਾ। ਇਕ ਉਹ, ਦੂਜੀ ਉਸ ਦੀ ਸਾਥਣ ਹੁੱਕੀ। ਹੁੱਕੀ ਨਾਲ ਪਤਲੀ ਜਿਹੀ ਸੰਗਲੀ, ਕਿਤੇ ਜਾਂਦਾ ਹੁੱਕੀ ਹੱਥ ਵਿਚ ਫੜ੍ਹਦਾ ਜਾਂ ਮੋਢੇ ਪਿਛੇ ਇਸ ਤਰ੍ਹਾਂ ਲਟਕਾਉਂਦਾ ਜਿਵੇਂ ਬੰਦੂਕ ਲਟਕਾਈਦੀ ਹੈ।
ਗਰਮੀਆਂ ਦੀ ਰੁੱਤੇ ਅਸੀਂ ਬੱਚੇ ਦਰਖਤਾਂ ਹੇਠ ਖੇਡ ਰਹੇ ਸਾਂ, ਦੇਖਿਆ ਫਕੀਰੀਆ ਸਿਖਰ ਦੁਪਹਿਰ ਰੋਟੀ ਖਾ ਕੇ ਘੂਕ ਸੁੱਤਾ ਪਿਆ ਘੁਰਾੜੇ ਮਾਰ ਰਿਹਾ ਹੈ। ਇਕ ਬੱਚਾ ਕਹਿੰਦਾ, ਉਏ ਉਸਤਾਦ ਸੁੱਤਾ ਪਿਐ, ਹੁੱਕੀ ਪੀਈਏ? ਸਾਰੇ ਤਿਆਰ। ਜੀ ਮੇਰਾ ਵੀ ਕੀਤਾ ਪਰ ਬਾਪੂ ਦੀਆਂ ਚਪੇੜਾਂ ਤੋਂ ਡਰ ਗਿਆ। ਮਾਂ ਨੇ ਦੱਸਿਆ ਸੀ, ਹੁੱਕੇ ਨੂੰ ਹੱਥ ਲੱਗ ਜਾਵੇ ਤਾਂ ਬੰਦਾ ਭਿੱਟਿਆ ਜਾਂਦੈ। ਗੰਗਾ ਜਲ ਦੇ ਛਿੱਟੇ ਮਾਰੋ ਤਾਂ ਮਸਾਂ ਭਿੱਟ ਲਹਿੰਦੀ ਐ।
ਮੈਂ ਥਾਂਏਂ ਬੈਠਾ ਰਿਹਾ, ਸੰਗੀ ਸਾਥੀ ਝੋਂਪੜੀ ਵਿਚ ਜਾ ਕੇ ਸੂਟੇ ਲਾਉਣ ਲੱਗੇ। ਕੁਝ ਦੇਰ ਬਾਅਦ ਹੱਥੋਪਾਈ ਵੀ ਹੋਣ ਲੱਗੇ, ਉਏ ਤੂੰ ਇੰਨੇ ਸੂਟੇ ਲਾ ਲਏ, ਹੁਣ ਮੈਨੂ ਵੀ ਦੇਹ। ਹੁੱਕੀ ਵਿਚ ਅੱਗ ਵੀ ਹੈ ਸੀ ਕਿ ਨਹੀਂ, ਪਤਾ ਨਹੀਂ, ਬਸ ਗੁੜ-ਗੁੜ, ਗੁੜ-ਗੁੜ ਦੀ ਆਵਾਜ਼ ਉਨ੍ਹਾਂ ਨੂੰ ਅਨੰਦ ਦੇਈ ਗਈ।
ਇਸ ਖੋਹ ਖਿੰਜ ਦੌਰਾਨ ਫਕੀਰੀਏ ਦੀ ਅੱਖ ਖੁੱਲ੍ਹ ਗਈ। ਝਟਕਾ ਮਾਰ ਕੇ ਉਠਿਆ, ਗਾਲਾਂ ਦੇਣ ਲੱਗਾ, ਹਰਾਮਜ਼ਾਦੇ। ਪਤਾ ਨ੍ਹੀਂ ਕਿਸ ਜਾਤ ਕੁਜਾਤ ਦੇ ਨੇ। ਮੇਰੀ ਹੁੱਕੀ ਭਿੱਟ ਗਏ। ਥੋੜੀ ਦੂਰ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਲੰਗੜੇ ਨੂੰ ਕੀ ਸਮਝਦੇ ਸਨ ਉਹ। ਤਿੱਤਰ ਹੋ ਗਏ। ਉਸ ਦਾ ਵਾਕ Ḕਹੁੱਕੀ ਭਿੱਟ ਗਏḔ ਸੁਣ ਕੇ ਮੈਂ ਦੰਗ ਰਹਿ ਗਿਆ। ਕੋਈ ਜਾਤ ਇਸ ਤਰ੍ਹਾਂ ਦੀ ਮਾੜੀ ਹੁੰਦੀ ਹੈ, ਜਿਸ ਦੀ ਛੁਹ ਨਾਲ ਹੁੱਕੀ ਵੀ ਭਿੱਟੀ ਜਾ ਸਕਦੀ ਹੈ?
ਫਕੀਰੀਆ ਮੈਨੂੰ ਕਹਿੰਦਾ, ਜੁਆਨਾ ਪਾਣੀ ਦਾ ਡੋਲੂ ਭਰ ਕੇ ਲਿਆ ਗਵਾਂਢੀਆਂ ਦੇ ਖੂਹ ਤੋਂ, ਘੜੇ ਵਿਚੋਂ ਮੁੱਕ ਗਿਐ। ਮੈਂ ਪੁਛਿਆ, ਤਾਇਆ ਮੈਨੂੰ ਤੂੰ ਕੁਸ਼ ਨ੍ਹੀਂ ਕਿਹਾ। ਮੈਂ ਵੀ ਤਾਂ ਸ਼ਰਾਰਤੀ ਬੱਚਿਆਂ ਵਿਚ ਹੋ ਸਕਦਾ ਸੀ? ਉਹ ਹੱਸਿਆ, ਮੈਂ ਬੇਵਕੂਫ ਇਆਂ ਕੋਈ? ਸੱਠਾਂ ਵਰ੍ਹਿਆਂ ਦਾ ਤਜਰਬਾ ਇਆ ਮੇਰਾ। ਤੂੰ ਉਨ੍ਹਾਂ ਵਿਚ ਹੁੰਦਾ ਫੇਰ ਤੂੰ ਆਰਾਮ ਨਾਲ ਇੱਥੇ ਬੈਠਣਾ ਸੀ? ਉਏ ਪੱਲੇ ਗੱਲ ਬੰਨ੍ਹ ਲੈ ਮੇਰੀ, ਚੋਰ ਭੱਜੇਗਾ, ਸਾਧ ਬੈਠੇਗਾ ਆਰਾਮ ਨਾਲ। ਸਮਝਿਆ ਕਿ ਨਹੀਂ?