ਜਸਵੰਤ ਸਿੰਘ ਸੰਧੂ ਘਰਿੰਡਾ
ਪਾਕਿਸਤਾਨ ਬਣਨ ਤੋਂ ਪਹਿਲਾਂ ਪਿੰਡ ਪਿੰਡ ਛਿੰਝਾਂ ਪੈਂਦੀਆਂ, ਸਾਲਾਨਾ ਧਾਰਮਿਕ ਮੇਲੇ ਲਗਦੇ, ਜਿਨ੍ਹਾਂ ਵਿਚ ਘੋਲ ਹੁੰਦੇ, ਕਬੱਡੀ ਖੇਡੀ ਜਾਂਦੀ। ਉਸ ਵਕਤ ਦੇ ਨੌਜਵਾਨ ਚਾਟੀਆਂ ਦੀਆਂ ਚਾਟੀਆਂ ਘਿਓ ਪੀ ਜਾਂਦੇ, ਛੰਨਿਆਂ ਨਾਲ ਬੂਰੀਆਂ ਦਾ ਦੁੱਧ ਪੀਂਦੇ। ਘਿਓ ਦੁੱਧ ਖਾ-ਪੀ ਕੇ ਸਰੀਰ ਤਾਕਤਵਰ ਬਣਾਉਣ ਲਈ ਮੁਗਦਰ ਚੁਕਦੇ, ਮੂੰਗਲੀਆਂ ਫੇਰਦੇ, ਰੱਸੇ ਖਿੱਚਦੇ, ਛਾਲਾਂ ਮਾਰਦੇ, ਡੰਡ ਬੈਠਕਾਂ ਕੱਢਦੇ ਅਤੇ ਖੇਤੀ ਕਰਦੇ ਸਨ।
ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਸਰੀਰ ਤੇ ਹੁਸਨ ਦੀਆਂ ਧੁੰਮਾਂ ਦੂਰ ਦੂਰ ਤੱਕ ਸਨ। ਸਿਹਤਮੰਦ ਜੁੱਸੇ ਵੇਖ ਕੇ ਪੁੰਗਰ ਰਹੀ ਜਵਾਨੀ ਸਿਹਤ ਬਣਾਉਣ ਲਈ ਆਪ ਮੁਹਾਰੇ ਪ੍ਰੇਰੀ ਜਾਂਦੀ। ਇਸੇ ਤਰ੍ਹਾਂ ਇਤਿਹਾਸਕ ਤੇ ਧਾਰਮਿਕ ਸਥਾਨਾਂ ‘ਤੇ ਧਾਰਮਿਕ ਦੀਵਾਨ ਸਜਦੇ। ਢਾਡੀ ਤੇ ਕਵੀਸ਼ਰ ਸੰਗਤ ਨੂੰ ਇਤਿਹਾਸਕ ਪ੍ਰਸੰਗ ਸੁਣਾਉਂਦੇ। ਪਿੰਡਾਂ ਵਿਚ ਲੋਕ ਢੋਲਕੀਆਂ-ਛੈਣਿਆਂ ਤੇ ਚਿਮਟਿਆਂ ਨਾਲ ਅੱਧੀ ਅੱਧੀ ਰਾਤ ਤੱਕ ਸ਼ਬਦ ਪੜ੍ਹਦੇ ਰਹਿੰਦੇ।
ਜਿਹੀ ਸੰਗਤ, ਤਿਹੀ ਰੰਗਤ ਦੇ ਅਖਾਣ ਪਿਛੇ ਬੜਾ ਵੱਡਾ ਮਨੋਵਿਗਿਆਨਕ ਤੱਥ ਛੁਪਿਆ ਹੋਇਆ ਹੈ। ਨੌਜਵਾਨ ਪੀੜ੍ਹੀ ਨੂੰ ਸਾਡਾ ਸਮਾਜ ਜਿਹੋ ਜਿਹਾ ਵਾਤਾਵਰਣ ਦੇਵੇਗਾ, ਉਹ ਉਹੋ ਜਿਹੀ ਬਣ ਜਾਵੇਗੀ। ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ ਗਾਇਕਾਂ/ਗਾਇਕਾਵਾਂ ਤੇ ਗੀਤਕਾਰਾਂ ਨੇ ਅਸ਼ਲੀਲਤਾ ਤੇ ਨੰਗੇਜਵਾਦ ਪਰੋਸ ਕੇ ਸਿੱਖ ਧਰਮ ਦੇ ਸੁਨਹਿਰੀ ਅਸੂਲਾਂ ਤੋਂ ਬਹੁਤ ਦੂਰ ਕਰ ਦਿੱਤਾ ਹੈ।
ਮੇਰੇ ਪਿਤਾ ਜੀ ਹਰ ਮਹੀਨੇ ਤਰਨ ਤਾਰਨ ਦੀ ਮੱਸਿਆ ਜਾਂਦੇ ਸਨ। ਕਈ ਵਾਰ ਉਹ ਮੈਨੂੰ ਨਾਲ ਲੈ ਜਾਂਦੇ। ਸੈਂਟਰਲ ਮਾਝਾ ਦੀਵਾਨ (ਪ੍ਰਦੱਖਣਾ ਦੇ ਉਤਰ ਵੱਲ) ਵਿਚੋਂ ਮੈਂ ਪਹਿਲੀ ਵਾਰ ਬਲੀ ਸਿੰਘ (ਨਿਹੰਗ ਸਿੰਘ) ਗੰਡੀ ਵਿੰਡ ਵਾਲਿਆਂ ਨੂੰ ਕਵੀਸ਼ਰੀ ਕਰਦਿਆਂ ਸੁਣਿਆ। ਉਸ ਤੋਂ ਬਾਅਦ ਢਾਡੀ ਪਿਆਰਾ ਸਿੰਘ ਪੰਛੀ, ਗੁਰਚਰਨ ਸਿੰਘ ਗੋਹਲਵੜ ਆਦਿ ਢਾਡੀਆਂ ਤੇ ਕਵੀਸ਼ਰਾਂ ਨੂੰ ਸੁਣਨ ਦਾ ਮੌਕਾ ਮਿਲਦਾ ਰਿਹਾ। ਮੈਂ ਬਾਬੇ ਬੁੱਢੇ ਦੇ ਮੇਲੇ ‘ਤੇ ਪਹਿਲੀ ਵਾਰ ਪੰਡਿਤ ਮੋਹਣ ਸਿੰਘ ਘਰਿਆਲਾ ਨੂੰ ਸੁਣਿਆ। ਉਨ੍ਹਾਂ ਦੇ ਨਾਲ ਉਸ ਵਕਤ ਉਨ੍ਹਾਂ ਦੇ ਜਥੇ ਦਾ ਸਾਥੀ ਛੋਟੀ ਉਮਰ ਦਾ ਬਲਦੇਵ ਸਿੰਘ ਬੈਂਕਾ ਹੁੰਦਾ ਸੀ।
ਪੰਡਿਤ ਮੋਹਣ ਸਿੰਘ ਘਰਿਆਲਾ ਦਾ ਜਨਮ ਪਿੰਡ ਰਾਜੇ ਜੰਗ, ਜਿਲਾ ਲਾਹੌਰ (ਪਾਕਿਸਤਾਨ) ਵਿਚ ਸ਼ ਪੂਰਨ ਸਿੰਘ ਦੇ ਘਰ ਮਾਤਾ ਗੁਲਾਬ ਕੌਰ ਦੀ ਕੁੱਖੋਂ 1918 ਵਿਚ ਹੋਇਆ। ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਬੜਾ ਭਾਰੀ ਸਾਲਾਨਾ ਜੋੜ ਮੇਲਾ ਲਗਦਾ ਸੀ। ਉਥੇ ਪੰਡਿਤ ਬੀਰਬਲ ਘੱਲ ਕਲਾਂ ਵਾਲਿਆਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਸ਼ਾਗਿਰਦ ਬਣ ਗਏ। 1947 ਦੀ ਵੰਡ ਤੋਂ ਪਹਿਲਾਂ ਦੇ ਜ਼ਮਾਨੇ ਵਿਚ ਢਾਡੀ ਸੋਹਣ ਸਿੰਘ ਘੁੱਕੇਵਾਲੀ, ਸੋਹਣ ਸਿੰਘ ਸੀਤਲ, ਕਪੂਰ ਸਿੰਘ ਰੂੜੇ ਆਸਲ, ਗੋਪਾਲ ਸਿੰਘ ਗੋਹਲਵੜ, ਕਰਨੈਲ ਸਿੰਘ ਦਬੁਰਜੀ ਅਤੇ ਕਵੀਸ਼ਰ ਤੇ ਸ਼ਾਇਰ ਬਾਬੂ ਰਜ਼ਬ ਅਲੀ ਸਾਹੋਕੇ ਵਾਲੇ ਮੋਹਣ ਸਿੰਘ ਘਰਿਆਲਾ ਦੇ ਸਮਕਾਲੀ ਸਨ।
1947 ਤੋਂ ਬਾਅਦ ਮੋਹਣ ਸਿੰਘ ਘਰਿਆਲੇ ਆ ਵੱਸੇ। ਉਸ ਵਕਤ ਜਗੀਰ ਸਿੰਘ ਮਸਤ, ਜੋਗਾ ਸਿੰਘ ਜੋਗੀ, ਬੱਲੀ ਸਿੰਘ (ਨਿਹੰਗ ਸਿੰਘ) ਗੰਡੀ ਵਿੰਡ, ਪਿਆਰਾ ਸਿੰਘ ਪੰਛੀ, ਕਰਨੈਲ ਸਿੰਘ ਪਾਰਸ ਆਦਿ ਉਨ੍ਹਾਂ ਦੇ ਸਮਕਾਲੀ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦਾ ਘੇਰਾ ਵੀ ਬਹੁਤ ਵਿਸ਼ਾਲ ਸੀ। ਬਲਦੇਵ ਸਿੰਘ ਬੈਂਕਾ, ਸਰੂਪ ਸਿੰਘ ਸੂਰਵਿੰਡ, ਯੋਧਾ ਸਿੰਘ ਖਿਆਲਾ, ਜਰਨੈਲ ਸਿੰਘ ਸਭਰਾ ਤੋਂ ਇਲਾਵਾ ਹੋਰ ਕਾਫੀ ਗਿਣਤੀ ਵਿਚ ਉਨ੍ਹਾਂ ਦੇ ਸ਼ਾਗਿਰਦ ਸਨ।
ਪੰਡਿਤ ਮੋਹਣ ਸਿੰਘ ਦੀਆਂ ਪੁਰਾਣੀਆਂ ਗਾਥਾਵਾਂ ਦੀ ਕਵੀਸ਼ਰੀ ਲੋਕਾਂ ਵਿਚ ਬੜੀ ਮਕਬੂਲ ਹੋਈ, ਜਿਨ੍ਹਾਂ ਵਿਚ ਰਾਜਾ ਹਰੀਸ਼ ਚੰਦਰ, ਭਗਤ ਰਵੀਦਾਸ ਤੇ ਭਗਤ ਸੁਦਾਮਾ ਆਦਿ ਮੁੱਖ ਸਨ। ਗੁਰੂ ਇਤਿਹਾਸ ਵਿਚ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਜੰਗਾਂ ਆਦਿ ਪ੍ਰਸੰਗ ਉਨ੍ਹਾਂ ਲਿਖੇ। ਉਨ੍ਹਾਂ ਇਤਿਹਾਸਕ ਸਿੱਖ ਔਰਤਾਂ ਬਾਰੇ ਵੀ ਕਈ ਕਵੀਸ਼ਰੀ ਪ੍ਰਸੰਗ ਲਿਖੇ।
ਉਨ੍ਹਾਂ ਸਿੱਖ ਇਤਿਹਾਸ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਬੋਤਾ ਸਿੰਘ, ਗਰਜਾ ਸਿੰਘ, ਭਾਈ ਮਨੀ ਸਿੰਘ, ਭਾਈ ਤਾਰਾ ਸਿੰਘ ਆਦਿ ਕਈ ਪ੍ਰਸੰਗ ਲਿਖੇ, ਜੋ ਅੱਜ ਵੀ ਉਨ੍ਹਾਂ ਦੇ ਸ਼ਾਗਿਰਦ ਕਵੀਸ਼ਰ ਸਟੇਜਾਂ ‘ਤੇ ਬੜੇ ਫਖਰ ਨਾਲ ਗਾਉਂਦੇ ਹਨ।
ਪੰਜਾਬ ਦੇ ਆਜ਼ਾਦੀ ਸੰਗਰਾਮੀਆਂ ਬਾਰੇ ਵੀ ਉਨ੍ਹਾਂ ਬਹੁਤ ਕੁਝ ਲਿਖਿਆ, ਜਿਨ੍ਹਾਂ ਵਿਚ ਸ਼ਹੀਦ ਊਧਮ ਸਿੰਘ ਸੁਨਾਮ, ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ, ਬੱਬਰ ਅਕਾਲੀ ਲਹਿਰ ਦੇ ਨਾਮਧਾਰੀ ਕੂਕਾ ਲਹਿਰ ਦੇ ਪ੍ਰਸੰਗ ਤੇ ਵਾਰਾਂ ਮੁੱਖ ਹਨ। ਦੇਸ਼ ਭਗਤੀ ਦੇ ਜਜ਼ਬਾਤ ਉਨ੍ਹਾਂ ਆਪਣੀ ਕਲਮ ਤੋਂ ਇਸ ਤਰ੍ਹਾਂ ਪੇਸ਼ ਕੀਤੇ ਹਨ:
ਭਗਤ ਰੱਬ ਦਾ ਬਣਨਾ ਬਹੁਤ ਔਖਾ
ਔਖਾ ਦੇਸ਼ ਦਾ ਭਗਤ ਅਖਵਾਵਣਾ ਜੇ।
ਜਿਉਂਦੀ ਜਿੰਦ ਨੂੰ ਚਿਖਾ ‘ਤੇ ਚਾੜ੍ਹ ਦੇਣਾ
ਸੜ ਵਾਂਗ ਪਤੰਗਿਆਂ ਦੇ ਜਾਵਣਾ ਜੇ।
ਜਦ ਸਿੰਘ ਅਨੰਦਪੁਰ ਤੋਂ ਦਸਵੇਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਆਪਣੇ ਘਰਾਂ ਨੂੰ ਪਰਤ ਆਏ ਤਾਂ ਮਾਤਾ ਭਾਗੋ ਨੇ ਬੇਦਾਵਾ ਦੇਣ ਵਾਲੇ ਸਿੰਘਾਂ ਨੂੰ ਵੰਗਾਰਿਆ:
ਅਸੀਂ ਚੱਲ ਕੇ ਗੁਰਾਂ ਤੋਂ ਜਿੰਦ ਵਾਰੀਏ
ਤੁਸੀਂ ਪਾ ਲਓ ਚੂੜੀਆਂ ਛੱਲੇ।
ਸਿੱਖ ਦੀ ਸ਼ਾਨ ਬਾਰੇ ਉਨ੍ਹਾਂ ਲਿਖਿਆ:
ਜਿਹੜੀਆਂ ਕੌਮਾਂ ਨੂੰ ਮਰਨ ਦਾ ਢੰਗ ਆਇਆ
ਉਹ ਕਿਸੇ ਤੋਂ ਮਾਰਿਆਂ, ਮਰਦੀਆਂ ਨਹੀਂ।
(ਜੇ ਗੱਦਾਰ ਨਾ ਹੋਣ ਤਾਂ)
ਜਿਹੜੀਆਂ ਕੌਮਾਂ ‘ਚ ਨਹੀਂ ਗੱਦਾਰ ਹੁੰਦੇ
ਉਹ ਕੌਮਾਂ ਤਾਂ ਕਿਸੇ ਤੋਂ ਹਰਦੀਆਂ ਨਹੀਂ।
ਜ਼ਿੰਦਗੀ ਬਾਰੇ ਵੀ ਉਨ੍ਹਾਂ ਦਾ ਨਜ਼ਰੀਆ ਬਹੁਤ ਸਪਸ਼ਟ ਹੈ:
ਹੁੰਦਾ ਏ ਮਾਲਕ ਖੁਸ਼ ਉਨ੍ਹਾਂ ‘ਤੇ
ਸਾਫ ਜਿਨ੍ਹਾਂ ਦੀਆਂ ਨੀਅਤਾਂ ਨੇ।
ਅਵਲ ਤਾਂ ਦੁਨੀਆਂ ‘ਚ ਆਉਣਾ ਔਖਾ
ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣਾ ਔਖਾ।
ਆਪਣੇ ਤੋਂ ਵੱਡਿਆਂ ਦੀ ਇੱਜਤ ਕਰਨ ਬਾਰੇ ਉਹ ਲਿਖਦੇ ਹਨ:
ਹੁਸਨ, ਜਵਾਨੀ, ਮਾਪੇ ਵਿਕਦੇ ਨਹੀਂ ਦੁਕਾਨਾਂ ‘ਤੇ।
ਉਨ੍ਹਾਂ ਦੀਆਂ ਅਨੇਕਾਂ ਟੂਕਾਂ ਹਨ ਜੋ ਲੋਕਾਂ ਦੀ ਜ਼ੁਬਾਨ ‘ਤੇ ਮੁਹਾਵਰਿਆਂ ਵਾਂਗ ਚੜ੍ਹ ਗਈਆਂ।
1947 ਵਿਚ ਪੰਜਾਬ ਦੀ ਵੰਡ ਪੰਜਾਬੀਆਂ ਵਾਸਤੇ ਇਕ ਵੱਡਾ ਦੁਖਾਂਤ ਸੀ ਜਿਸ ਵਿਚ ਉਨ੍ਹਾਂ ਦਾ ਬੜਾ ਜਾਨੀ ਤੇ ਮਾਲੀ ਨੁਕਸਾਨ ਹੋਇਆ। ਹਰ ਸ਼ਾਇਰ ਤੇ ਲੇਖਕ ਨੇ ਇਸ ਦੁਖਾਂਤ ਦਾ ਜ਼ਿਕਰ ਆਪਣੀਆਂ ਲਿਖਤਾਂ ਵਿਚ ਬੜੇ ਮਾਰਮਿਕ ਸ਼ਬਦਾਂ ‘ਚ ਕੀਤਾ ਹੈ। ਸੋਹਣ ਸਿੰਘ ਸੀਤਲ ਨੇ ਵੀ ਇਸ ਵੰਡ ਕਾਰਨ ਪਏ ਪੰਜਾਬੀਆਂ ‘ਤੇ ਅਕਹਿ ਅਤੇ ਅਸਹਿ ਕਸ਼ਟਾਂ ਦਾ ਜ਼ਿਕਰ ‘ਪੰਜਾਬ ਦਾ ਉਜਾੜਾ’ ਨਾਮੀ ਪੁਸਤਕ ਵਿਚ ਕੀਤਾ ਹੈ। ਪੰਡਿਤ ਮੋਹਣ ਸਿੰਘ ਵੀ ਵੰਡ ਦੌਰਾਨ ਇਕ ਲੜਕੀ, ਜਿਸ ਦਾ ਸਾਰਾ ਪਰਿਵਾਰ ਫਿਰਕੂ ਕਤਲੇਆਮ ਦੀ ਭੇਟ ਚੜ੍ਹ ਗਿਆ ਸੀ ਤੇ ਜੋ ਇਕੱਲੀ ਬਚ ਕੇ ਚੜ੍ਹਦੇ ਪੰਜਾਬ ‘ਚ ਆਈ ਸੀ, ਦੀ ਦੁਖਾਂਤਕ ਦਾਸਤਾਨ ḔਸਾਂਵੇਂḔ ਨਾਮੀ ਕਵਿਤਾ ਵਿਚ ਉਸ ਦੇ ਮੂੰਹੋਂ ਬੜਾ ਮਾਰਮਿਕ ਵਰਣਨ ਕਰਾਉਂਦੇ ਹਨ। ਉਹ ਕਹਿੰਦੀ ਹੈ:
ਸਾਂਵੇਂ ਸਾਂਵਿਆਂ ਦੇ
ਮੈਨੂੰ ਸਾਂਵੇਂ ਰਤਾ ਨਾ ਛੱਡਿਆ ਏ।
ਪਿਓ ਦਾਦਾ ਜਿਸ ਥਾਂ ਵਸਦਾ ਸੀ
ਉਸ ਘਰ ‘ਚੋਂ ਸਾਨੂੰ ਕੱਢਿਆ ਏ।
ਇਹ ਕਿੱਕਲੀ ਆਖਣ ਵੀਰੇ ਦੀ
ਮੇਰੇ ਵੀਰੇ ਘੱਤ ਵਹੀਰ ਗਏ।
ਮਾਂ ਹੁੰਦੀ ਪੂੜੇ ਤਲ ਦਿੰਦੀ
ਮੇਰੇ ਸੁੱਖ ਦੇ ਦਿਨ ਅਖੀਰ ਗਏ।
ਦੱਸ ਮੈਨੂੰ ਸਾਂਵੇਂ ਆਂਹਦੇ ਕੀ
ਕੀ ਮੈਂ ਇਨ੍ਹਾਂ ਨਾਲ ਸਾਂਵੀਂ ਹਾਂ?
ਤਾਹੀਓਂ ਮੇਰੇ ਵੀਰਾ ਮੋਹਣ ਸਿੰਘ
ਬੈਠੀ ਮੈਂ ਪਰੇ ਨਥਾਵੀਂ ਹਾਂ।
ਪੰਜਾਬ ਦੀ ਵੰਡ ਕਾਰਨ ਖੁਸ਼ਹਾਲ ਵਸਦੇ ਪੰਜਾਬੀ ਆਰਥਕ ਪੱਖੋਂ ਕੱਖੋਂ ਹੌਲੇ ਹੋ ਗਏ। ਲੱਖਾਂ ਪਤੀ, ਕੱਖਾਂ ਪਤੀ ਬਣ ਗਏ। ਕੱਖਾਂ ਪਤੀ ਹੋਣ ਦੇ ਬਾਵਜੂਦ ਕਿਸੇ ਪੰਜਾਬੀ ਨੇ ਏਧਰ ਆ ਕੇ ਕਿਸੇ ਅੱਗੇ ਹੱਥ ਨਹੀਂ ਅੱਡਿਆ। ਇਸ ਆਰਥਕ ਮੰਦਹਾਲੀ ਦਾ ਜ਼ਿਕਰ ਉਨ੍ਹਾਂ ਆਪਣੀ ਕਵਿਤਾ ਵਿਚ ਇੰਜ ਕੀਤਾ ਹੈ:
ਦੁਨੀਆਂ ਆਟਾ ਆਟਾ ਕਰਦੀ
ਆਟਾ ਹੱਥ ਨਾ ਆਇਆ ਜੇ।
ਹਲੋ, ਸਾਧੋ ਕੇ ਤੇ ਜੁਲਕੇ
ਸੁਫਨਾ ਹੋ ਗਏ ਕਣਕਾਂ ਦੇ ਫੁਲਕੇ।
ਮੈਨੂੰ ਯਾਦ ਹੈ, ਪਾਕਿਸਤਾਨ ਬਣਨ ਤੋਂ ਛੇਤੀ ਬਾਅਦ ਲੋਕ ਕਣਕ ਦੀ ਥਾਂ ਕਈ ਸਾਲ ਛੋਲਿਆਂ ਦੀ ਰੋਟੀ ਖਾਂਦੇ ਰਹੇ। ਹਲੋ, ਸਾਧੋ ਕੇ ਅਤੇ ਜੁਲਕੇ ਪਿੰਡਾਂ ਦੇ ਨਾਂ ਹਨ।
ਆਪਣੀ ਜਨਮ ਭੂਮੀ ਛੱਡਣੀ ਬੜੀ ਮੁਸ਼ਕਿਲ ਹੁੰਦੀ ਹੈ। ਜੇ ਕਿਸੇ ਕਾਰਨ ਛੁਟ ਜਾਏ ਤਾਂ ਪੀੜ੍ਹੀਆਂ ਤੱਕ ਭੁਲਦੀ ਨਹੀਂ। ਪਿੱਛੇ ਜਿਹੇ ਪਾਕਿਸਤਾਨ ਸੁਪਰੀਮ ਕੋਰਟ ਦਾ ਜਸਟਿਸ ਜਲੰਧਰ ਜਿਲ੍ਹੇ ਵਿਚ ਆਪਣੇ ਬਜ਼ੁਰਗਾਂ ਦਾ ਪਿੰਡ ਵੇਖਣ ਆਇਆ। ਪਿੰਡ ਪਹੁੰਚ ਕੇ ਉਸ ਨੇ ਆਪਣੇ ਬਜ਼ੁਰਗਾਂ ਦੇ ਪਿੰਡ ਦੀ ਗਲੀ ਦੀ ਧੂੜ ਆਪਣੇ ਮੱਥੇ ਨਾਲ ਲਾਈ। ਪਿੰਡ ਵਾਲਿਆਂ ਉਸ ਦਾ ਬੜਾ ਸਵਾਗਤ ਕੀਤਾ। ਉਸ ਦੇ ਬਜ਼ੁਰਗਾਂ ਦਾ ਮਕਾਨ ਨਾਨਕਸ਼ਾਹੀ ਇੱਟ ਦਾ ਬਣਿਆ ਹੋਇਆ ਸੀ। ਚੀਫ ਜਸਟਿਸ ਨੇ ਪਿੰਡ ਵਾਲਿਆਂ ਤੋਂ ਮੰਗ ਕੀਤੀ, “ਸਰਦਾਰੋ! ਜੇ ਆਖੋ ਤਾਂ ਮੈਂ ਆਪਣੇ ਬਜ਼ੁਰਗਾਂ ਦੇ ਮਕਾਨ ਦੀਆਂ ਪੰਜ ਨਾਨਕਸ਼ਾਹੀ ਇੱਟਾਂ ਲੈ ਜਾਵਾਂ?”
ਇਹ ਸੁਣ ਕੇ ਪਿੰਡ ਵਾਲਿਆਂ ਦੀਆਂ ਅੱਖਾਂ ਵਿਚੋਂ ਅੱਥਰੂ ਵਹਿ ਤੁਰੇ।
ਇਸੇ ਤਰ੍ਹਾਂ ਭਾਵੇਂ ਪੰਡਿਤ ਮੋਹਣ ਸਿੰਘ ਰਾਜੇ ਜੰਗ ਤੋਂ ਉਜੜ ਕੇ ਘਰਿਆਲੇ ਆ ਵੱਸੇ ਸਨ ਪਰ ਉਹ ਆਪਣੇ ਜੱਦੀ ਪਿੰਡ ਨੂੰ ਕਦੇ ਨਹੀਂ ਭੁੱਲੇ। ਇਕ ਕਵਿਤਾ ਵਿਚ ਆਪਣੇ ਪਿੰਡ ਨੂੰ ਯਾਦ ਕਰਦਿਆਂ ਉਨ੍ਹਾਂ ਲਿਖਿਆ ਹੈ:
ਰਾਜੇ ਜੰਗ ਦਾ ਆ ਗਿਆ ਮੈਂ ਪਿਛੇ ਛੱਡ ਕੇ
ਬਾਰੀ ਸ਼ਹਿਰ ਸੱਜਣੋ।
ਹੁਣ ਇਥੇ ਬਹਿ ਗਿਆ ਦਲੀਲ ਗੱਡ ਕੇ
ਗਿਆ ਹਾਂ ਠਹਿਰ ਸੱਜਣੋ।
ਪਿੰਡ ਘਰਿਆਲਾ ਹੈ ਟਿਕਾਣਾ ਸੰਗਤੇ।
ਇਸੇ ਤਰ੍ਹਾਂ ਸੋਹਣ ਸਿੰਘਠ ਸੀਤਲ ਵੀ ਆਪਣੀ ਜੀਵਨ ਕਹਾਣੀ ‘ਵੇਖੀ ਮਾਣੀ ਦੁਨੀਆਂ’ ਵਿਚ ਲਿਖਦੇ ਹਨ, “1947 ਤੋਂ ਪਹਿਲਾਂ ਮੈਂ ਕਾਦੀ ਵਿੰਡ ਪਿੰਡ ਵਿਚ 100 ਕਿੱਲੇ ਦਾ ਮਲਕ ਸਾਂ। ਬੇਸ਼ਕ ਮੈਂ ਲੁਧਿਆਣੇ ਆ ਕੇ ਕਾਦੀ ਵਿੰਡ ਨਾਲੋਂ ਖੁਸ਼ਹਾਲ ਹਾਂ ਪਰ ਜਦ ਵੀ ਕਦੇ ਸੁਪਨਾ ਆਉਂਦਾ ਹੈ ਤਾਂ ਕਾਦੀ ਵਿੰਡ ਦੀ ਨਿਆਈਂ ਦਾ ਹੀ ਆਉਂਦਾ ਹੈ, ਲੁਧਿਆਣੇ ਵਿਚਲੇ ਸੀਤਲ ਭਵਨ ਦਾ ਨਹੀਂ।” ਇਹ ਹੈ ਜਨਮ ਭੂਮੀ ਦਾ ਰਿਸ਼ਤਾ।
ਘਰਿਆਲੇ ਆ ਕੇ ਪੰਡਿਤ ਮੋਹਣ ਸਿੰਘ ਨੇ ਆਪਣੇ ਜੱਦੀ ਕੰਮ ਖੇਤੀਬਾੜੀ ਦੇ ਨਾਲ ਨਾਲ ਕਵੀਸ਼ਰੀ ਵੀ ਕੀਤੀ ਤੇ ਨਾਮਣਾ ਵੀ ਖੱਟਿਆ। ਸਾਰੀ ਉਮਰ ਕੋਈ ਨਸ਼ਾ ਨਹੀਂ ਕੀਤਾ। ਸਮਾਜਕ ਬੁਰਾਈਆਂ ਦੇ ਖਿਲਾਫ ਰੱਜ ਕੇ ਕਵੀਸ਼ਰੀ ਕੀਤੀ। ਮੈਨੂੰ ਯਾਦ ਹੈ, ਜਦ ਗਵਰਨਰ ਪੰਜਾਬ ਨੇ ਮਿਲਾਵਟ ਦੇ ਖਿਲਾਫ ਮੁਹਿੰਮ ਵਿੱਢੀ ਤਾਂ ਪੰਡਿਤ ਘਰਿਆਲਾ ਨੇ ਆਪਣੀ ਕਵੀਸ਼ਰੀ ਵਿਚ ਮਿਲਾਵਟਾਂ ਦਾ ਜ਼ਿਕਰ ਕੁਝ ਇਸ ਤਰ੍ਹਾਂ ਕੀਤਾ:
ਘਿਓ ਦੇ ਵਿਚ ਗਰੀਸ ਨੇ ਪਾਉਂਦੇ
ਪਤਾ ਲੱਗੇ ਡੱਕਾਰਾਂ ਤੋਂ।
ਖਾਲਸ ਚੀਜ਼ ਕਿਤੇ ਨਹੀਂ ਮਿਲਦੀ
ਸ਼ਹਿਰ, ਗਲੀ ਬਾਜ਼ਾਰਾਂ ‘ਚੋਂ।
ਉਨ੍ਹਾਂ ਦਾ ਜੀਵਨ ਇਕ ਮਾਡਲ ਜੀਵਨ ਸੀ। ਜੋ ਕੁਝ ਆਪਣੀ ਕਵੀਸ਼ਰੀ ਵਿਚ ਕਿਹਾ, ਉਸ ਨੂੰ ਆਪਣੇ ਜੀਵਨ ਵਿਚ ਅਮਲੀ ਰੂਪ ਵੀ ਦਿੱਤਾ। ਪੈਸਾ ਤੇ ਲਾਲਚ ਵੀ ਉਨ੍ਹਾਂ ਦੀ ਕਲਮ ਨੂੰ ਸੱਚ ਕਹਿਣੋਂ ਰੋਕ ਨਾ ਸਕਿਆ। ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਆਪਣੀ ਕਵੀਸ਼ਰੀ ਰਾਹੀਂ ਘਰ ਘਰ ਪਹੁੰਚਾਇਆ। ਪੰਜਾਬ ਦੀ ਵੰਡ ਤੇ ਕਤਲੋਗਾਰਤ ਨੇ ਉਨ੍ਹਾਂ ਦੇ ਮਨ ‘ਤੇ ਡੂੰਘੀ ਸੱਟ ਮਾਰੀ। ਲਾਇਲਪੁਰ ਤੇ ਮਿੰਟਗੁਮਰੀ ਦੀਆਂ ਬਾਰਾਂ ਦੀਆਂ ਖੁੱਲ੍ਹੀਆਂ ਜਮੀਨਾਂ ਛੱਡ ਕੇ ਆਏ ਮਾਲਕਾਂ ਦੀਆਂ ਜਮੀਨਾਂ ‘ਤੇ ਇਧਰ ਆ ਕੇ ‘ਕੱਟ’ ਲੱਗਾ ਤਾਂ ਉਨ੍ਹਾਂ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ:
ਸਾਡੀਆਂ ਜਮੀਨਾਂ ‘ਤੇ ਕੱਟ ਲੱਗਾ
ਅਸੀਂ ਪਨਾਹਗੀਰ ਬਣੇ।
ਉਹ ਕਹਿੰਦੇ ਸਨ, ਜਮੀਨਾਂ ਭਾਵੇਂ ਸਾਨੂੰ ਪੂਰੀਆਂ ਨਹੀਂ ਮਿਲੀਆਂ, ਪਰ ਗੈਰ ਕੁਦਰਤੀ ਹੱਦਾਂ ਸਦੀਵੀ ਨਹੀਂ ਰਹਿਣਗੀਆਂ। ਅਸੀਂ ਰੋਜ਼ ਅਰਦਾਸ ਕਰਦੇ ਹਾਂ ਅਤੇ ਅਰਦਾਸ ਦੇ ਇਹ ਸ਼ਬਦ ‘ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਤੇ ਗੁਰਦੁਆਰਿਆਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ-ਦੀਦਾਰੇ ਖਾਲਸਾ ਜੀ ਨੂੰ ਬਖਸ਼ੋ’ ਜਰੂਰ ਇਕ ਦਿਨ ਪੂਰੇ ਹੋਣਗੇ। ਸੋਹਣ ਸਿੰਘ ਸੀਤਲ ਨੇ ਵੀ ਆਪਣੇ ਨਾਵਲ ‘ਤੂਤਾਂ ਵਾਲਾ ਖੂਹ’ ਵਿਚ ਅਜਿਹੀਆਂ ਹੀ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਕਿ ਲਹਿੰਦਾ ਤੇ ਚੜ੍ਹਦਾ ਪੰਜਾਬ ਜਰੂਰ ਇਕ ਦਿਨ ਇਕ ਹੋ ਜਾਣਗੇ। ਇਹ ਚੀਸ ਉਨ੍ਹਾਂ ਨੇ ਆਪਣੀ ਕਵਿਤਾ ਵਿਚ ਇਸ ਤਰ੍ਹਾਂ ਬਿਆਨੀ ਹੈ: “ਨਾਨਕਾਣੇ ਦੀ ਧਰਤੀ ਅੱਜ ਨਲੂਏ ਨੂੰ ਪੁਕਾਰਦੀ।”
ਇਹ ਮਹਾਨ ਕਵੀਸ਼ਰ ਪੰਡਿਤ ਮੋਹਣ ਸਿੰਘ 8 ਫਰਵਰੀ 2005 ਨੂੰ 87 ਸਾਲਾਂ ਦੀ ਉਮਰ ਵਿਚ ਗੁਰ ਚਰਨਾਂ ਵਿਚ ਜਾ ਬਿਰਾਜਿਆ। ਅੱਜ ਵੀ ਉਹ ਆਪਣੀ ਸੱਚੀ ਸੁੱਚੀ ਕਵੀਸ਼ਰੀ ਰਾਹੀਂ ਆਪਣੇ ਸਰੋਤਿਆਂ ਤੇ ਸ਼ਾਗਿਰਦਾਂ ਦੇ ਰੂਪ ਵਿਚ ਜਿਉਂਦੇ ਹਨ। ਉਨ੍ਹਾਂ ਦਾ ਸਪੁੱਤਰ ਸੁਰਿੰਦਰ ਸਿੰਘ ਘਰਿਆਲਾ ਐਡਵੋਕੇਟ ਦੇ ਰੂਪ ਵਿਚ ਮਨੁੱਖੀ ਹੱਕਾਂ ਦੀ ਰਾਖੀ ਲਈ ਲੋਕ ਸੇਵਾ ਕਰ ਰਿਹਾ ਹੈ।
ਪੰਡਿਤ ਘਰਿਆਲਾ ਆਪਣੀ ਕਰਨੀ ਤੇ ਕਵੀਸ਼ਰੀ ਰਾਹੀਂ ਅਮਰ ਹਨ:
ਸੀਤਲਾ ਜਾਣੇ ਬਿਨਸ ਸਰੀਰ ਦੇ ਪਿੱਛੇ ਰਹਿਣਗੇ
ਮਾਨਸ ਕੀਤੇ ਜੋ ਸ਼ੁਭ ਕਰਮ ਨੇ ਜਾਮਾ ਧਾਰ ਕੇ।