ਸੁਰਿੰਦਰ ਸਿੰਘ ਤੇਜ
ਵਿਸ਼ਵ ਕੱਪ ਫੁਟਬਾਲ ਤਹਿਤ ਮੁਕਾਬਲੇ ਭਾਵੇਂ ਰੂਸ ਵਿਚ ਚੱਲ ਰਹੇ ਹਨ, ਪਰ ਇਹ ਮੱਲ੍ਹਮ ਲਾਉਣ ਦਾ ਕੰਮ ਸਾਡੇ ਪੰਜਾਬ ਵਿਚ ਵੀ ਕਰ ਰਹੇ ਹਨ ਜਿਥੇ ਕਿਸਾਨੀ ਖ਼ੁਦਕੁਸ਼ੀਆਂ ਦੀ ਥਾਂ ਜਨਤਕ ਚਿੰਤਾ ਹੁਣ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਵੱਲ ਕੇਂਦ੍ਰਿਤ ਹੈ। ਇਕ ਮਹੀਨੇ ਤੋਂ ਘੱਟ ਸਮੇਂ ਵਿਚ 27 ਮੌਤਾਂ ਨੇ ਸਿਆਸਤਦਾਨਾਂ ਨੂੰ ਛੱਡ ਕੇ ਸਮਾਜ ਦੇ ਬਾਕੀ ਸਾਰੇ ਵਰਗਾਂ ਨੂੰ ਦਹਿਲਾ ਕੇ ਰੱਖ ਦਿੱਤਾ ਹੈ।
ਜਿਸ ਤਰ੍ਹਾਂ ਦੇ ਹੌਲਨਾਕ ਵੀਡੀਓ ਦੇਖਣ ਨੂੰ ਮਿਲ ਰਹੇ ਹਨ, ਉਹ ਨਿਹਾਇਤ ਖ਼ੌਫ਼ਨਾਕ ਮੰਜ਼ਰ ਪੇਸ਼ ਕਰਦੇ ਹਨ। ਰੂੜੀਆਂ ‘ਤੇ ਮਰੇ ਪਏ ਨਸ਼ੇੜੀ ਪੁੱਤ ਦੀ ਮਾਂ ਦੇ ਕੀਰਨੇ, ਪੈਰ ਲੱਤਾਂ ਨਾਲੋਂ ਬਿਲਕੁਲ ਕੱਟੇ ਹੋਣ ਦੇ ਬਾਵਜੂਦ ਇਸ ਸਥਿਤੀ ਤੋਂ ਅਣਜਾਣ ਨੌਜਵਾਨ – ਅਜਿਹੇ ਦ੍ਰਿਸ਼ਾਂ ਤੋਂ ਤ੍ਰਸਤ ਤੇ ਉਦਾਸ ਹੋਏ ਮਨ ਨੂੰ ਫੁਟਬਾਲ ਮੈਚ ਕੁਝ ਸੁਕੂਨ ਅਵਸ਼ ਦਿੰਦੇ ਹਨ।
ਇਸ ਕਾਲਮਨਵੀਸ ਨੂੰ ਜ਼ਾਤੀ ਤੌਰ ‘ਤੇ ਵਿਸ਼ਵ ਕੱਪ ਫੁਟਬਾਲ ਨਾਲੋਂ ਯੂਰਪੀ ਕੱਪ (ਯੂਰੋ ਫੁਟਬਾਲ) ਜਾਂ ਕੋਪਾ ਅਮੈਰਿਕਾ (ਅਮਰੀਕਾ ਕੱਪ) ਚੈਂਪੀਅਨਸ਼ਿਪਸ ਜ਼ਿਆਦਾ ਪਸੰਦ ਹਨ। ਇਸ ਦੀ ਮੁੱਖ ਵਜ੍ਹਾ ਹੈ ਕਿ ਉਨ੍ਹਾਂ ਟੂਰਨਾਮੈਂਟਾਂ ਵਿਚ ਮੁਕਾਬਲੇ ਵੱਧ ਮਿਆਰੀ, ਵੱਧ ਸੰਘਰਸ਼ਪੂਰਨ, ਵੱਧ ਰੋਮਾਂਚਕ ਤੇ ਵੱਧ ਕੌਤਕੀ ਹੁੰਦੇ ਹਨ। ਵਿਸ਼ਵ ਕੱਪ ਵਿਚ ਕਿਉਂਕਿ ਕੌਮਾਂਤਰੀ ਫੁਟਬਾਲ ਮਹਾਂਸੰਘ (ਫੀਫਾ) ਨੇ ਸਾਡੇ ਸੰਸਾਰ ਦੇ ਸਾਰੇ ਖ਼ਿੱਤਿਆਂ ਨੂੰ ਅਨੁਪਾਤਕ ਨੁਮਾਇੰਦਗੀ ਦੇਣੀ ਹੁੰਦੀ ਹੈ, ਇਸ ਲਈ ਏਸ਼ੀਆ ਜਾਂ ਅਫਰੀਕਾ ਤੋਂ ਕੁਝ ਟੀਮਾਂ ਅਜਿਹੀਆਂ ਕੁਆਲੀਫਾਈ ਕਰ ਜਾਂਦੀਆਂ ਹਨ ਜੋ ਮਿਆਰੀ ਪੈਮਾਨਿਆਂ ਪੱਖੋਂ ਬਾਕੀ ਕੁਆਲੀਫਾਇਰਾਂ ਦੇ ਹਾਣ ਦੀਆਂ ਨਹੀਂ ਹੁੰਦੀਆਂ। ਲਿਹਾਜ਼ਾ, ਪਹਿਲੇ ਗੇੜ ਦੇ ਕੁਝ ਮੈਚ ਇਕਪਾਸੜ ਵੀ ਰਹਿੰਦੇ ਹਨ ਅਤੇ ਨੀਰਸ ਵੀ। ਮੌਜੂਦਾ ਵਿਸ਼ਵ ਕੱਪ ਦੌਰਾਨ ਮਿਸਰ ਤੇ ਸਾਊਦੀ ਅਰਬ ਵਲੋਂ ਜਿੰਨੇ ਵੀ ਮੈਚ ਖੇਡੇ ਗਏ, ਉਹ ਅਕਾਊ ਸਨ। ਇਸੇ ਤਰ੍ਹਾਂ ਵੀਰਵਾਰ ਰਾਤੀਂ ਟਿਊਨਿਸ਼ੀਆ ਬਨਾਮ ਪਨਾਮਾ ਅਤੇ ਬੈਲਜੀਅਮ ਬਨਾਮ ਇੰਗਲੈਂਡ ਮੈਚ ਵੀ ਵਿਸ਼ਵ ਕੱਪ ਵਾਲੇ ਮਿਆਰ ਦੇ ਨਹੀਂ ਸਨ। ਇੰਜ ਹੀ, ਬ੍ਰਾਜ਼ੀਲ ਤੇ ਸਰਬੀਆ ਦਾ ਮੈਚ ਵੀ ਬੇਹਦ ਉਬਾਊ ਸੀ।
ਆਖ਼ਰੀ 16 ਦੇ ਗੇੜ ਵਿਚ 10 ਟੀਮਾਂ ਸਿਰਫ਼ ਯੂਰਪ ਤੋਂ ਪੁੱਜਣੀਆਂ ਇਸ ਹਕੀਕਤ ਦਾ ਪ੍ਰਮਾਣ ਹੈ ਕਿ ਯੂਰਪ ਜਾਂ ਲਾਤੀਨੀ ਅਮਰੀਕਾ ਵਿਚ ਫੁਟਬਾਲ ਦਾ ਮਿਆਰ ਬਾਕੀ ਮਹਾਂਦੀਪਾਂ ਨਾਲੋਂ ਉਚਾ ਹੈ। ਲਾਤੀਨੀ ਅਮਰੀਕੀ ਮੁਲਕਾਂ ਦੇ ਬਹੁਤੇ ਨਾਮੀ ਖਿਡਾਰੀ ਯੂਰਪੀ ਕਲੱਬਾਂ ਦੇ ਸਿਤਾਰੇ ਹਨ। ਉਨ੍ਹਾਂ ਨੂੰ ਉਥੇ ਬਿਹਤਰੀਨ ਖਿਡਾਰੀਆਂ ਨਾਲ ਖੇਡਣ ਦਾ ਲਗਾਤਾਰ ਮੌਕਾ ਮਿਲਦਾ ਹੈ। ਏਸ਼ੀਆ ਜਾਂ ਅਫਰੀਕਾ ਨਾਲ ਸਬੰਧਤ ਖਿਡਾਰੀਆਂ ਦਾ ਯੂਰਪੀ ਕਲੱਬਾਂ ਵਿਚ ਦਾਖ਼ਲਾ ਓਨਾ ਆਸਾਨ ਨਹੀਂ, ਜਿੰਨਾ ਲਾਤੀਨੀ ਅਮਰੀਕੀਆਂ ਦਾ ਹੈ। ਉਸ ਦੀ ਇਕ ਖ਼ਾਸ ਵਜ੍ਹਾ ਹੈ। ਯੂਰਪੀ ਟੀਮਾਂ ਦੀ ਖੇਡ ਸ਼ੈਲੀ ਮਕੈਨਿਕੀ (ਮਸ਼ੀਨਨੁਮਾ) ਹੈ। ਉਹ ਜਿਸਮਾਨੀ ਤੌਰ ‘ਤੇ ਵਧ ਫਿੱਟ ਹਨ, ਪਰ ਉਨ੍ਹਾਂ ਦੀ ਸ਼ੈਲੀ ‘ਚ ਕਲਾਤਮਿਕਤਾ ਨਹੀਂ। ਲਾਤੀਨੀ ਅਮਰੀਕੀਆਂ ਦੀ ਖੇਡ ਕਲਾਤਮਿਕ ਹੈ। ਉਹ ਸਨਾਤਨੀ ਖੇਡ ਖੇਡਦੇ ਹਨ। ਛੋਟੇ ਛੋਟੇ ਸਟੀਕ ਪਾਸ, ਸੁੰਦਰ ਡਰਿਬਲਿੰਗ, ਵਿਰੋਧੀ ਖਿਡਾਰੀ ਨੂੰ ਝਕਾਨੀ ਦੇਣ ਦੀ ਹੁਨਰਮੰਦੀ। ਉਨ੍ਹਾਂ ਦੀ ਖੇਡ ਅੰਦਰਲੀ ਸੰਗੀਤਕ ਲੈਅ ਮੰਤਰਮੁਗਧ ਕਰਦੀ ਹੈ। ਇਹੀ ਕਲਾ ਉਨ੍ਹਾਂ ਦੀ ਮਾਰਕੀਟ ਕੀਮਤ ਵਧਾਉਂਦੀ ਹੈ।
ਫੁਟਬਾਲ ਨੂੰ ਸਭ ਤੋਂ ਖ਼ੂਬਸੂਰਤ ਖੇਡ ਮੰਨਣ ਵਾਲਿਆਂ ਦੀ ਦੁਨੀਆਂ ਵਿਚ ਗਿਣਤੀ ਬੇਸ਼ੁਮਾਰ ਹੈ। ਇਸ ਨੂੰ ਗ਼ਰੀਬ ਤੇ ਅਮੀਰ ਦਾ ਪਾੜਾ ਮੇਟਣ ਵਾਲੀ ਖੇਡ ਵੀ ਮੰਨਿਆ ਜਾਂਦਾ ਹੈ। ਸੇਨੇਗਲ, ਪਨਾਮਾ ਜਾਂ ਕੋਲੰਬੀਆ ਵਰਗੇ ਗ਼ਰੀਬ ਤੇ ਖ਼ਾਨਾਜੰਗੀ ਪੀੜਤ ਦੇਸ਼ਾਂ ਦਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨਾ ਦਰਸਾਉਂਦਾ ਹੈ ਕਿ ਸਿਰਫ਼ ਦੋ ਚੀਜ਼ਾਂ (ਭਾਵ 110 ਗੁਣਾ 75 ਮੀਟਰ ਦਾ ਮੈਦਾਨ ਅਤੇ ਇਕ ਬਾਲ) ਸਾਧਨ ਸੰਪੰਨਾਂ ਤੇ ਸਾਧਨ ਵਿਹੂਣਿਆਂ ਦਰਮਿਆਨ ਫ਼ਾਸਲਾ ਕਿੰਨੇ ਜਾਦੂਈ ਢੰਗ ਨਾਲ ਮੇਟ ਦਿੰਦੀਆਂ ਹਨ। ਇਸ ਖੇਡ ਵਿਚ ਮੁਹਾਰਤ ਹਾਸਲ ਕਰਨ ਲਈ ਫੈਂਸੀ ਗੈਜੇਟਸ ਦੀ ਲੋੜ ਨਹੀਂ; ਮਿਹਨਤ, ਲਗਨ ਤੇ ਅਭਿਆਸ ਹੀ ਕਾਮਯਾਬੀ ਦੇ ਗੁਰ ਵੀ ਹਨ ਅਤੇ ਸਭ ਤੋਂ ਕਾਰਗਰ ਹਥਿਆਰ ਵੀ। ਇਹੀ ਕਾਰਨ ਹੈ ਕਿ ਵਿਸ਼ਵ ਕੱਪ ਦੇ ਕੁਆਲੀਫਾਇਰਾਂ ਵਿਚ ਅਮਰੀਕਾ ਜਾਂ ਚੀਨ ਵਰਗੀਆਂ ਆਰਥਿਕ (ਤੇ ਫ਼ੌਜੀ) ਮਹਾਂਸ਼ਕਤੀਆਂ ਸ਼ੁਮਾਰ ਨਹੀਂ। ਇਕ ਹੋਰ ਆਰਥਿਕ ਮਹਾਂਸ਼ਕਤੀ ਜਰਮਨੀ ਨੂੰ ਪਹਿਲੇ ਗੇੜ ‘ਚੋਂ ਬਾਹਰ ਹੋਣ ਦੀ ਨਮੋਸ਼ੀ ਝੱਲਣੀ ਪਈ। ਜਿਥੋਂ ਤਕ (ਬਕੌਲ ਮੋਦੀ) ‘ਦੁਨੀਆਂ ਦੇ ਵਿਕਾਸ ਇੰਜਨ’ ਭਾਰਤ ਦਾ ਸਵਾਲ ਹੈ, ਇਸ ਨੂੰ ਤਾਂ 1950 ਤੋਂ ਬਾਅਦ ਕਦੇ ਫਾਈਨਲਜ਼ ਵਿਚ ਦਾਖ਼ਲਾ ਹੀ ਨਹੀਂ ਮਿਲਿਆ; 1950 ਵਿਚ ਵੀ ‘ਤਕਨੀਕੀ ਤੌਰ ‘ਤੇ ਦਾਖ਼ਲਾ’ ਇਸ ਕਰਕੇ ਮਿਲਿਆ ਸੀ ਕਿਉਂਕਿ ਕੁਆਲੀਫਾਈਂਗ ਗੇੜ ‘ਚ ਹੋਰਨਾਂ ਮੁਲਕਾਂ ਨੇ ਖੇਡਣ ਤੋਂ ਨਾਂਹ ਕਰ ਦਿੱਤੀ ਸੀ।
ਉਪਰੋਕਤ ਸਥਿਤੀ ਦੇ ਬਾਵਜੂਦ ਅਸਲੀਅਤ ਇਹ ਵੀ ਹੈ ਕਿ 1947 ਵਿਚ ਆਜ਼ਾਦੀ ਮਿਲਣ ਤੋਂ ਲੈ ਕੇ 1960 ਤਕ ਘੱਟੋਘੱਟ ਏਸ਼ਿਆਈ ਪੱਧਰ ‘ਤੇ ਭਾਰਤੀ ਕਾਰਗੁਜ਼ਾਰੀ ਕਾਫ਼ੀ ਜ਼ਿਕਰਯੋਗ ਸੀ। ਭਾਰਤੀ ਫੁਟਬਾਲ ਟੀਮ ਨੇ 1948 (ਲੰਡਨ) ਤੇ 1952 (ਹੇਲਸਿੰਕੀ) ਓਲੰਪਿਕਸ ‘ਚ ਭਾਗ ਲਿਆ ਸੀ ਅਤੇ 1956 ਦੇ ਮੈਲਬਰਨ ਓਲੰਪਿਕ ਵਿਚ ਤਾਂ ਸੈਮੀ ਫਾਈਨਲਜ਼ ਵਿਚ ਵੀ ਪਹੁੰਚੀ। ਇਸੇ ਤਰ੍ਹਾਂ 1951 ਦੀਆਂ ਏਸ਼ਿਆਈ ਖੇਡਾਂ ਵਿਚ ਭਾਰਤ, ਫੁਟਬਾਲ ਦਾ ਗੋਲਡ ਮੈਡਲਿਸਟ ਸੀ। ਭਾਰਤੀ ਨਿਘਾਰ 1960ਵਿਆਂ ਤੋਂ ਸ਼ੁਰੂ ਹੋਇਆ। ਦਰਅਸਲ, ਭਾਰਤੀ ਫੁਟਬਾਲ ਦੇ ਉਨ੍ਹਾਂ ਦਿਨਾਂ ਦੇ ਉਭਾਰ ਵਿਚ ਪੰਜਾਬ ਦਾ ਖ਼ਾਸ ਯੋਗਦਾਨ ਸੀ। ਜਰਨੈਲ ਸਿੰਘ, ਗੁਰਦੇਵ ਸਿੰਘ ਗਿੱਲ ਤੇ ਇੰਦਰ ਸਿੰਘ ਵਰਗੇ ਖਿਡਾਰੀ ਪੰਜਾਬ ਵਿਚ ਵੀ ਨਾਇਕ ਸਨ, ਬੰਗਾਲ ਵਿਚ ਵੀ ਅਤੇ ਕੇਰਲਾ ਵਿਚ ਵੀ। ਕਦੇ ਚਾਰ ਚਾਰ ਪੰਜਾਬੀ ਖਿਡਾਰੀ ਕੌਮੀ ਟੀਮ ਦਾ ਸ਼ਿੰਗਾਰ ਹੁੰਦੇ ਸਨ, ਹੁਣ ਮਿਨਰਵਾ ਪੰਜਾਬ ਦੇ ਗੁਰਪ੍ਰੀਤ ਸਿੰਘ ਸੰਧੂ ਨੂੰ ਛੱਡ ਕੇ ਹੋਰ ਕੋਈ ਅਜਿਹਾ ਪੰਜਾਬੀ ਖਿਡਾਰੀ ਨਹੀਂ ਜਿਸ ਨੂੰ ਫੁਟਬਾਲ ਦੇ ਖੇਤਰ ਵਿਚ ਪੰਜਾਬ ਦਾ ਮਾਣ ਮੰਨਿਆ ਜਾ ਸਕੇ।
ਫੁਟਬਾਲ ਬਾਰੇ ਡੇਢ ਦਰਜਨ ਬਿਹਤਰੀਨ ਸਾਹਿਤਕ ਕਿਰਤਾਂ ਰਚਣ ਵਾਲੇ ਯੁਰੂਗੁਏਅਨ ਲੇਖਕ ਐਦੂਆਰਦੋ ਗੈਲੀਏਨੋ ਦਾ ਕਥਨ ਹੈ ਕਿ ਨਸ਼ਿਆਂ ਦੀ ਭਰਮਾਰ ਵਾਲੇ ਭੂਗੋਲਿਕ ਖ਼ਿੱਤੇ (ਲਾਤੀਨੀ ਅਮਰੀਕਾ) ਵਿਚ ਸਥਿਤ ਹੋਣ ਦੇ ਬਾਵਜੂਦ ਉਸ ਦੇ ਮੁਲਕ ਦੀ ਨੌਜਵਾਨੀ ਦਾ ਜੇਕਰ ਨਸ਼ਿਆਂ ਦੇ ਸੰਤਾਪ ਤੋਂ ਬਚਾਅ ਹੋਇਆ ਹੈ ਤਾਂ ਇਹ ਫੁਟਬਾਲ ਦੀ ਬਦੌਲਤ ਹੈ; ਉਸ ਮੁਲਕ ਦੇ ਤਕਰੀਬਨ ਹਰ ਪਿੰਡ ਵਿਚ ਖੇਡ ਮੈਦਾਨ ਹੈ ਅਤੇ ਫੁਟਬਾਲ ਦੀਆਂ ਦੋ ਦੋ ਟੀਮਾਂ ਹਨ। ਕੀ ਇਹੀ ਫਾਰਮੂਲਾ ਪੰਜਾਬ ਵਿਚ ਨਹੀਂ ਅਜ਼ਮਾਇਆ ਜਾ ਸਕਦਾ?