ਦਿਹਾਤੀ ਮਸਲਿਆਂ ਬਾਰੇ ਪੱਤਰਕਾਰੀ ਲਈ ਮਸ਼ਹੂਰ ਪੀæ ਸਾਈਨਾਥ ‘ਪੀਪਲ’ਜ਼ ਆਰਕਾਈਵ ਆਫ ਰੂਰਲ ਇੰਡੀਆ’ ਦੇ ਮੋਢੀ-ਸੰਪਾਦਕ ਹਨ। ਉਹ ਕਈ ਦਹਾਕਿਆਂ ਤੋਂ ਦਿਹਾਤੀ ਭਾਰਤ ਨੂੰ ਪਾਠਕਾਂ ਦੇ ਰੂ-ਬ-ਰੂ ਕਰਵਾ ਰਹੇ ਹਨ। ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ ਨੇ ਉਨ੍ਹਾਂ ਨੂੰ ਕਾਲ ਅਤੇ ਭੁੱਖਮਰੀ ਬਾਰੇ ਸੰਸਾਰ ਦੇ ਮਹਾਂ ਮਾਹਿਰਾਂ ਵਿਚ ਸ਼ੁਮਾਰ ਕੀਤਾ ਹੈ। ਪਿਛੇ ਜਿਹੇ ਉਹ ਪੰਜਾਬ ਦਾ ਦੌਰਾ ਕਰਕੇ ਗਏ ਹਨ।
ਹੁਣ ਉਨ੍ਹਾਂ ਨੇ ਪੰਜਾਬ ਦੇ ਕਿਸਾਨ ਸੰਕਟ ਬਾਰੇ ਲੜੀ ਅਰੰਭ ਕੀਤੀ ਹੈ। ਇਸ ਦੀ ਪਹਿਲੀ ਕੜੀ ਵਿਚ ਉਨ੍ਹਾਂ ਆੜ੍ਹਤੀਆ ਸਿਸਟਮ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਇਹ ਸਿਸਟਮ ਤੋੜਿਆ ਨਹੀਂ ਜਾਂਦਾ, ਕਿਸਾਨਾਂ ਦਾ ਸੰਕਟ ਹੱਲ ਕਰਨ ਵਿਚ ਸਫਲਤਾ ਨਹੀਂ ਮਿਲ ਸਕਦੀ। -ਸੰਪਾਦਕ
ਪੀæ ਸਾਈਨਾਥ
“ਪੰਜਾਬ ਵਿਚ ਖੇਤੀ ਸੰਕਟ ਵਰਗਾ ਕੋਈ ਮਸਲਾ ਹੀ ਨਹੀਂ ਹੈ।” ਇਹ ਬੋਲ ਹਨ ਪੰਜਾਬ ਦੀ ਸ਼ਕਤੀਸ਼ਾਲੀ ਆੜ੍ਹਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੇ ਜੋ ਜਥੇਬੰਦੀ ਦੀ ਬਰਨਾਲਾ ਜ਼ਿਲ੍ਹਾ ਇਕਾਈ ਦੇ ਮੁਖੀ ਵੀ ਹਨ। ਆੜ੍ਹਤੀਏ, ਕਿਸਾਨਾਂ ਅਤੇ ਉਨ੍ਹਾਂ ਦੀ ਜਿਣਸ ਖਰੀਦਣ ਵਾਲਿਆਂ ਵਿਚਕਾਰ ਕੜੀ ਦਾ ਕੰਮ ਕਰਦੇ ਹਨ। ਉਹ ਮੰਡੀ ਵਿਚ ਜਿਣਸ ਦੀ ਬੋਲੀ ਅਤੇ ਇਸ ਨੂੰ ਖਰੀਦਦਾਰਾਂ ਤਕ ਪੁੱਜਦਾ ਕਰਨ ਦਾ ਪ੍ਰਬੰਧ ਕਰਦੇ ਹਨ। ਇਹ ਸੂਦਖੋਰ ਵੀ ਹਨ ਅਤੇ ਹੁਣ ਡੀਲਰਾਂ ਵਜੋਂ ਵੀ ਉਭਰੇ ਹਨ। ਮਤਲਬ ਸਾਫ਼ ਹੈ ਕਿ ਉਹ ਕਿਸਾਨਾਂ ਉਤੇ ਤਕੜਾ ਕੰਟਰੋਲ ਰੱਖਦੇ ਹਨ।
ਆੜ੍ਹਤੀਏ ਸਿਆਸੀ ਤੌਰ ‘ਤੇ ਵੀ ਸ਼ਕਤੀਸ਼ਾਲੀ ਹਨ। ਉਹ ਆਪਣੇ ਪੱਖੀ ਵਿਧਾਇਕਾਂ ਦੇ ਨਾਮ ਗਿਣਾਉਂਦੇ ਹਨ। ਪਿਛਲੇ ਸਾਲ ਜੁਲਾਈ ਵਿਚ ਇਨ੍ਹਾਂ ਨੇ ‘ਫ਼ਖ਼ਰ-ਏ-ਕੌਮ’ ਖਿਤਾਬ ਨਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ ਸੀ। ਇਹ ਸਮਾਗਮ ਮੁੱਖ ਮੰਤਰੀ ਦੇ ਇਸ ਐਲਾਨ ਤੋਂ ਤੁਰੰਤ ਬਾਅਦ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕਿਸਾਨਾਂ ਸਿਰ ਚੜ੍ਹਿਆ, ਆੜ੍ਹਤੀਆਂ ਵਾਲਾ ਕਰਜ਼ਾ ਮੁਆਫ਼ ਕਰਨਾ ਮੁਸ਼ਕਿਲ ਹੋਵੇਗਾ।
ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਬਾਰੇ ਇਕ ਅਧਿਐਨ ਦਰਸਾਉਂਦਾ ਹੈ ਕਿ ਕਿਸਾਨਾਂ ਦੇ 86 ਫ਼ੀਸਦ ਅਤੇ ਖੇਤ ਮਜ਼ਦੂਰ ਦੇ 80 ਫ਼ੀਸਦ ਘਰ ਕਰਜ਼ੇ ਦੀ ਦਲਦਲ ਵਿਚ ਫਸੇ ਹੋਏ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਇਸ ਅਧਿਐਨ ਮੁਤਾਬਿਕ, ਇਸ ਕਰਜ਼ੇ ਵਿਚੋਂ ਪੰਜਵੇਂ ਹਿੱਸੇ ਤੋਂ ਵੱਧ ਕਰਜ਼ਾ ਆੜ੍ਹਤੀਆਂ ਅਤੇ ਸੂਦਖੋਰਾਂ ਦਾ ਹੈ। ਸਭ ਤੋਂ ਵਧ ਕਰਜ਼ਾ ਦਰਮਿਆਨੇ ਅਤੇ ਛੋਟੇ ਕਿਸਾਨਾਂ ਸਿਰ ਹੈ। ਇਸ ਅਧਿਐਨ ਦਾ ਆਧਾਰ ਕਿਸਾਨਾਂ ਦੇ 1007 ਅਤੇ ਖੇਤ ਮਜ਼ਦੂਰਾਂ ਦੇ 301 ਘਰ ਹਨ। ਇਹ ਅੰਕੜੇ 2014-15 ਦੌਰਾਨ ਸੂਬੇ ਭਰ ਦੇ ਸਾਰੇ ਖਿੱਤਿਆਂ ਵਿਚੋਂ ਇਕੱਠੇ ਕੀਤੇ ਗਏ। ਹੋਰ ਅਧਿਐਨਾਂ ਵਿਚ ਵੀ ਵਧ ਰਹੇ ਸੰਕਟ ਅਤੇ ਹੋ ਰਹੀ ਦੁਰਗਤ ਬਾਰੇ ਤੱਥ ਸਾਹਮਣੇ ਆਏ ਹਨ।
ਸੰਘੇੜਾ ਖੇਤੀਬਾੜੀ ਦੀ ਬਦਹਾਲੀ ਨੂੰ ਇਹ ਕਹਿੰਦਿਆਂ ਰੱਦ ਕਰਦਾ ਹੈ ਕਿ “ਇਹ ਸਾਰਾ ਕੁਝ ਕਿਸਾਨਾਂ ਦੀਆਂ ਸ਼ਾਹ ਖ਼ਰਚ ਆਦਤਾਂ ਕਰਕੇ ਹੈ। ਇਸੇ ਕਰਕੇ ਉਹ ਮੁਸ਼ਕਿਲਾਂ ਵਿਚ ਫਸਦੇ ਹਨ।” ਉਹ ਦ੍ਰਿੜ੍ਹਤਾ ਨਾਲ ਆਖਦਾ ਹੈ, “ਅਸੀਂ ਉਨ੍ਹਾਂ ਨੂੰ ਖ਼ਰਚੇ ਚੁੱਕਣ ਲਈ ਪੈਸਾ ਦਿੰਨੇ ਹਾਂ। ਵਿਆਹ, ਇਲਾਜ ਤੇ ਹੋਰ ਖ਼ਰਚਿਆਂ ਵੇਲੇ ਵੀ ਬਹੁੜਦੇ ਹਾਂ। ਕਿਸਾਨ ਆਪਣੀ ਫ਼ਸਲ ਆੜ੍ਹਤੀਏ ਕੋਲ ਲਿਆਉਂਦਾ ਹੈ। ਅਸੀਂ ਇਹਨੂੰ ਸਾਫ਼ ਕਰਦੇ ਹਾਂ; ਬੋਰੀਆਂ ਵਿਚ ਭਰਦੇ ਹਾਂ; ਅਗਾਂਹ ਸਰਕਾਰ, ਬੈਂਕਾਂ ਅਤੇ ਮੰਡੀ ਨਾਲ ਨਜਿੱਠਦੇ ਹਾਂ।” ਸਰਕਾਰ ਕਣਕ ਅਤੇ ਝੋਨੇ ਦੀ ਕੁਲ ਖ਼ਰੀਦ ਕੀਮਤ ਦਾ 2æ5 ਫ਼ੀਸਦ ਹਿੱਸਾ ਆੜ੍ਹਤੀਆਂ ਨੂੰ ਦਿੰਦੀ ਹੈ। ਸਾਰੀ ਕਾਰਵਾਈ ਪੰਜਾਬ ਮੰਡੀ ਬੋਰਡ ਦੀ ਨਿਗਰਾਨੀ ਹੇਠ ਹੁੰਦੀ ਹੈ। ਕਿਸਾਨਾਂ ਨੂੰ ਜਿਣਸਾਂ ਦਾ ਭੁਗਤਾਨ ਇਨ੍ਹਾਂ ਆੜ੍ਹਤੀਆਂ ਰਾਹੀਂ ਹੁੰਦਾ ਹੈ। ਆੜ੍ਹਤੀਆਂ ਦੀ ਇਹ ਕਮਾਈ ਸੂਦਖੋਰੀ ਵਾਲੀ ਕਮਾਈ ਤੋਂ ਵੱਖਰੀ ਹੁੰਦੀ ਹੈ।
ਅਸੀਂ ਬਰਨਾਲੇ ਦਰਸ਼ਨ ਸਿੰਘ ਸੰਘੇੜਾ ਦੇ ਦਾਣਾ ਮੰਡੀ ਵਾਲੇ ਦਫ਼ਤਰ ਪਹੁੰਚਦੇ ਹਾਂ। ਇਸ ਤੋਂ ਪਹਿਲਾਂ ਅਸੀਂ ਪਿੰਡ ਜੋਧਪੁਰ ਜਾ ਕੇ ਆਏ ਹਾਂ। ਉਥੇ ਰਣਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਉਨ੍ਹਾਂ ਦੇ ਰਿਸ਼ਤੇਦਾਰ ਬਲਜੀਤ ਸਿੰਘ ਤੇ ਉਸ ਦੀ ਮਾਂ ਬਲਬੀਰ ਕੌਰ ਵੱਲੋਂ ਸ਼ਰ੍ਹੇਆਮ ਕੀਤੀ ਖ਼ੁਦਕੁਸ਼ੀ ਬਾਰੇ ਵਿਸਥਾਰ ਸਹਿਤ ਦੱਸਿਆ ਸੀ। 25 ਅਪਰੈਲ 2016 ਨੂੰ ਇਹ ਦੋਵੇਂ ਖ਼ੁਦਕੁਸ਼ੀਆਂ ਘੰਟੇ ਦੇ ਅੰਦਰ ਅੰਦਰ ਹੋਈਆਂ। ਬਲਵਿੰਦਰ ਦੱਸਦਾ ਹੈ, “ਉਹ ਆੜ੍ਹਤੀਏ ਵੱਲੋਂ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰ ਰਹੇ ਸਨ। ਆੜ੍ਹਤੀਆ ਅਦਾਲਤੀ ਹੁਕਮ ਅਤੇ 100 ਦੇ ਕਰੀਬ ਪੁਲਿਸ ਵਾਲਿਆਂ ਨਾਲ ਲੈਸ ਹੋ ਕੇ ਆਇਆ ਸੀ। ਨਾਲ ਮੁਕਾਮੀ ਪ੍ਰਸ਼ਾਸਨ ਦੇ ਕਈ ਮੁਲਾਜ਼ਮ ਅਤੇ ਆੜ੍ਹਤੀਆਂ ਦੇ ਗੁੰਡੇ ਵੀ ਸਨ।” ਤਕਰੀਬਨ 150 ਜਣੇ ਇਸ ਪਰਿਵਾਰ ਦੀ ਦੋ ਏਕੜ ਜ਼ਮੀਨ ਦੀ ਕੁਰਕੀ ਲਈ ਆਏ ਸਨ। ਬਲਵਿੰਦਰ ਸਿੰਘ ਨੇ ਦੱਸਿਆ, “ਪਿੰਡ ਜੋਧਪੁਰ ਵਿਚ 450 ਕੁ ਘਰ ਹਨ, ਇਨ੍ਹਾਂ ਵਿਚੋਂ ਸਿਰਫ਼ 15-20 ਹੀ ਕਰਜ਼ੇ ਦੀ ਮਾਰ ਤੋਂ ਬਚੇ ਹੋਏ ਹਨ।” ਕਰਜ਼ੇ ਕਾਰਨ ਕਿਸਾਨਾਂ ਦੀ ਜ਼ਮੀਨ ਆੜ੍ਹਤੀਆਂ ਕੋਲ ਜਾ ਰਹੀ ਹੈ।
ਸੰਘੇੜਾ ਆਖਦਾ ਹੈ, “ਆੜ੍ਹਤੀਆਂ ਅਤੇ ਕਿਸਾਨਾਂ ਵਿਚਕਾਰ ਰਿਸ਼ਤੇ ਇੰਨੇ ਵੀ ਮਾੜੇ ਨਹੀਂ। ਨਾਲੇ ਕਿਸਾਨੀ ਅੰਦਰ ਕੋਈ ਸੰਕਟ ਹੈ ਵੀ ਨਹੀਂ। ਮੇਰੇ ਵੱਲ ਹੀ ਦੇਖੋ, ਮੇਰੇ ਕੋਲ ਸਿਰਫ਼ ਅੱਠ ਏਕੜ ਜੱਦੀ ਜ਼ਮੀਨ ਸੀ, ਹੁਣ ਮੇਰੇ ਕੋਲ 18 ਏਕੜ ਹਨ। ਮੀਡੀਆ ਕਈ ਵਾਰ ਮਸਲਿਆਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ। ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਆਵਜ਼ੇ ਨਾਲ ਸਗੋਂ ਹੋਰ ਖ਼ੁਦਕੁਸ਼ੀਆਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਇਹ ਮੁਆਵਜ਼ੇ ਬਿਲਕੁਲ ਬੰਦ ਕਰ ਦਿਉ, ਖ਼ੁਦਕੁਸ਼ੀਆਂ ਆਪੇ ਰੁਕ ਜਾਣਗੀਆਂ।” ਉਸ ਮੁਤਾਬਕ, ਅਸਲ ਖਲਨਾਇਕ ਯੂਨੀਅਨਾਂ ਹਨ ਜਿਹੜੀਆਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੀਆਂ ਹਨ। ਇਨ੍ਹਾਂ ਵਿਚੋਂ ਸਭ ਤੋਂ ਘਾਤਕ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਹੈ। ਇਹ ਯੂਨੀਅਨ ਬਰਨਾਲਾ ਖੇਤਰ ਵਿਚ ਵਾਹਵਾ ਮਜ਼ਬੂਤ ਹੈ। ਯੂਨੀਅਨ ਮੈਂਬਰ ਕੁਰਕੀ ਅਤੇ ਕਬਜ਼ੇ ਰੋਕਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋ ਜਾਂਦੇ ਹਨ; ਉਸ ਵਕਤ ਵੀ ਜਦੋਂ ਆੜ੍ਹਤੀਏ ਆਪਣੇ ਬੰਦੂਕਚੀਆਂ ਨਾਲ ਦਨਦਨਾਉਂਦੇ ਚੜ੍ਹੇ ਆਉਂਦੇ ਹਨ।
ਇਸੇ ਦੌਰਾਨ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਪਿਛਲੇ ਸਾਲ ਵਿਧਾਨ ਸਭਾ ਦੀ ਕਮੇਟੀ ਅੱਗੇ ਖੇਤੀ ਖ਼ੁਦਕੁਸ਼ੀਆਂ ਬਾਰੇ ਪੇਸ਼ ਰਿਪੋਰਟ ਦੱਸਦੀ ਹੈ ਕਿ ਸਾਲ 2000 ਅਤੇ 2015 ਵਿਚਕਾਰ 8294 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। ‘ਪੰਜਾਬ ਵਿਚ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ’ ਦੇ ਸਿਰਲੇਖ ਹੇਠ ਜਾਰੀ ਇਸ ਰਿਪੋਰਟ ਮੁਤਾਬਿਕ, ਇਸ ਸਮੇਂ ਦੌਰਾਨ 6373 ਖੇਤ ਮਜ਼ਦੂਰਾਂ ਨੇ ਵੀ ਖ਼ੁਦਕੁਸ਼ੀ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਤਿਆਰ ਇਸ ਰਿਪੋਰਟ ਦੇ ਇਹ ਅੰਕੜੇ ਸੂਬੇ ਦੇ ਕੁੱਲ 22 ਵਿਚੋਂ ਸਿਰਫ਼ 6 ਜ਼ਿਲ੍ਹਿਆਂ ਦੇ ਹਨ ਅਤੇ ਖ਼ੁਦਕੁਸ਼ੀਆਂ ਵਿਚੋਂ 83 ਫ਼ੀਸਦ ਦਾ ਸਬੰਧ ਕਰਜ਼ੇ ਨਾਲ ਹੈ।
ਇਕ ਹੋਰ ਆੜ੍ਹਤੀਏ ਤੇਜਾ ਸਿੰਘ ਦਾ ਦਾਅਵਾ ਹੈ, “ਬੇਵਸੀ ਕਰਕੇ ਕੋਈ ਖ਼ੁਦਕੁਸ਼ੀ ਨਹੀਂ ਕਰ ਰਿਹਾ। ਪਿਛਲੇ 10 ਵਰ੍ਹਿਆਂ ਤੋਂ ਖੇਤੀ ਚੰਗੀ ਹੋ ਰਹੀ ਹੈ। ਆੜ੍ਹਤੀਆਂ ਨੇ ਤਾਂ ਸਗੋਂ ਵਿਆਜ ਦਰਾਂ ਘਟਾਈਆਂ ਹਨ।” ਉਸ ਮੁਤਾਬਿਕ, ਵਿਆਜ ਦਰ ਇਕ ਫ਼ੀਸਦ ਪ੍ਰਤੀ ਮਹੀਨਾ (12 ਫ਼ੀਸਦ ਸਾਲਾਨਾ)। ਵੱਖ ਵੱਖ ਪਿੰਡਾਂ ਦੇ ਜਿੰਨੇ ਵੀ ਕਿਸਾਨਾਂ ਨਾਲ ਗੱਲ ਹੋਈ, ਉਨ੍ਹਾਂ ਦਾ ਕਹਿਣਾ ਸੀ ਕਿ ਵਿਆਜ ਦਰ ਡੇਢ ਫ਼ੀਸਦ ਪ੍ਰਤੀ ਮਹੀਨਾ (18 ਫ਼ੀਸਦ ਸਾਲਾਨਾ) ਜਾਂ ਇਸ ਤੋਂ ਵੀ ਕਿਤੇ ਵੱਧ ਹੈ। ਤੇਜਾ ਸਿੰਘ ਉਹੀ ਆੜ੍ਹਤੀਆ ਹੈ ਜਿਸ ਦਾ ਸਬੰਧ ਜੋਧਪੁਰ ਵਿਚ ਮਾਂ-ਪੁੱਤ ਦੀ ਖ਼ੁਦਕੁਸ਼ੀ ਨਾਲ ਜੁੜਿਆ ਹੋਇਆ ਹੈ। ਉਹ ਆਖਦਾ ਹੈ, “ਇਨ੍ਹਾਂ ਵਿਚੋਂ ਸਿਰਫ਼ 50 ਫ਼ੀਸਦ ਖ਼ੁਦਕੁਸ਼ੀਆਂ ਹੀ ਸੱਚੀਆਂ ਹਨ।”
ਉਂਜ, ਆੜ੍ਹਤੀਆਂ ਦੀ ਸਿਆਸਤ ਬਾਰੇ ਉਹ ਸਾਫ਼ਗੋਈ ਨਾਲ ਬੋਲਦਾ ਹੈ: “ਜਿਹੜੀ ਵੀ ਪਾਰਟੀ ਸੱਤਾ ਵਿਚ ਆਉਂਦੀ ਹੈ, ਉਸ ਨਾਲ ਜੁੜਿਆ ਬੰਦਾ ਸਾਡੀ ਐਸੋਸੀਏਸ਼ਨ ਦਾ ਪ੍ਰਧਾਨ ਬਣ ਜਾਂਦਾ ਹੈ।” ਮੌਜੂਦਾ ਸੂਬਾ ਪ੍ਰਧਾਨ ਕਾਂਗਰਸ ਨਾਲ ਹੈ। ਚੋਣਾਂ ਤੋਂ ਪਹਿਲਾਂ ਪ੍ਰਧਾਨ ਅਕਾਲੀ ਸੀ। ਤੇਜਾ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਨੂੰ ਲੱਗਦਾ ਹੈ ਕਿ ਆੜ੍ਹਤੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹ ਦੱਸਦਾ ਹੈ, “ਸਾਡੇ ਕੇਸ (ਜੋਧਪੁਰ) ਤੋਂ ਬਾਅਦ ਤਕਰੀਬਨ 50 ਆੜ੍ਹਤੀਏ ਇਹ ਕਾਰੋਬਾਰ ਛੱਡ ਗਏ ਹਨ।”
ਫਿਰ ਵੀ, ਜਸਪ੍ਰੀਤ ਮੀਡੀਆ ਤੋਂ ਪੂਰਾ ਖ਼ੁਸ਼ ਹੈ: “ਮੁਕਾਮੀ ਪ੍ਰੈੱਸ ਦਾ ਵਿਹਾਰ ਸਾਡੇ ਨਾਲ ਬਹੁਤ ਵਧੀਆ ਹੈ। ਸਾਡਾ ਮੀਡੀਆ ਵਿਚ ਪੂਰਾ ਭਰੋਸਾ ਹੈ। ਆਪਣੇ ਹੱਕ ਵਿਚ ਖ਼ਬਰਾਂ ਲਗਵਾਉਣ ਲਈ ਅਸੀਂ ਇਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਹੈ। ਹਿੰਦੀ ਪ੍ਰੈੱਸ ਸਾਡੇ ਬਚਾਓ ਲਈ ਅੱਗੇ ਆਈ ਹੈ (ਜਦੋਂ ਪਿੰਡ ਜੋਧਪੁਰ ਵਾਲੀ ਘਟਨਾ ਤੋਂ ਬਾਅਦ ਸਾਡੇ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤੇ ਗਏ ਸਨ)। ਸਾਨੂੰ ਹਾਈਕੋਰਟ ਤੋਂ ਤੁਰੰਤ ਜ਼ਮਾਨਤ ਮਿਲ ਗਈ, ਆਮ ਹਾਲਾਤ ਵਿਚ ਇੰਨੀ ਛੇਤੀ ਸੰਭਵ ਨਹੀਂ ਸੀ।” ਉਹ ਮਹਿਸੂਸ ਕਰਦਾ ਹੈ ਕਿ ਹਿੰਦੀ ਅਖ਼ਬਾਰਾਂ ਉਨ੍ਹਾਂ ਦੀ ਵੱਧ ਹਮਾਇਤ ਕਰਦੀਆਂ ਹਨ, ਕਿਉਂਕਿ ਇਹ ਵਪਾਰੀ ਭਾਈਚਾਰੇ ਦਾ ਸਮਰਥਨ ਕਰਦੀਆਂ ਹਨ। ਉਹ ਅਫ਼ਸੋਸ ਜ਼ਾਹਿਰ ਕਰਦਾ ਹੈ ਕਿ ਪੰਜਾਬੀ ਪ੍ਰੈੱਸ ਜ਼ਮੀਨਾਂ ਵਾਲਿਆਂ ਦੇ ਹੱਕ ਵਿਚ ਭੁਗਤਦੀ ਹੈ।
ਸੂਬਾ ਸਰਕਾਰ ਵੱਲੋਂ ਅਕੂਤਬਰ 2017 ਵਿਚ ਕੀਤੀ ਕਰਜ਼ਾ ਮੁਆਫ਼ੀ ਬਹੁਤ ਸੀਮਤ, ਪੜਾਅਵਾਰ ਅਤੇ ਬਾਸ਼ਰਤ ਸੀ। ਇਹ ਸਹਿਕਾਰੀ ਬੈਂਕਾਂ ਅਤੇ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਦੇ ਬੈਂਕਾਂ ਨਾਲ ਸਬੰਧਤ ਸੀ। ਇਹ ਬਹੁਤ ਸੀਮਤ ਜਿਹੇ ਢੰਗ ਨਾਲ ਲਾਗੂ ਕੀਤੀ ਗਈ। ਕਾਂਗਰਸ ਨੇ ਆਪਣੇ 2017 ਵਾਲੇ ਚੋਣ ਮੈਨੀਫ਼ੈਸਟੋ ਵਿਚ “ਕਿਸਾਨਾਂ ਦੇ ਮੁਕੰਮਲ ਖੇਤੀ ਕਰਜ਼ੇ ਮੁਆਫ਼” ਕਰਨ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ “ਵਧੇਰੇ ਵਿਆਪਕ ਅਤੇ ਅਸਰਦਾਰ” ਬਣਾਉਣ ਲਈ ‘ਪੰਜਾਬ ਖੇਤੀ ਕਰਜ਼ਾ ਨਬੇੜਾ ਐਕਟ-2016’ ਵਿਚ ਤਬਦੀਲੀ ਕੀਤੀ ਜਾਵੇਗੀ। ਹੁਣ ਤਕ ਸਰਕਾਰ ਨੇ ਆੜ੍ਹਤੀਆਂ ਦੇ ਕਿਸਾਨਾਂ ਸਿਰ ਚੜ੍ਹੇ 17 ਹਜ਼ਾਰ ਕਰੋੜ ਰੁਪਏ ਵਿਚੋਂ ਇਕ ਵੀ ਪੈਸਾ ਮੁਆਫ਼ ਨਹੀਂ ਕੀਤਾ ਹੈ।
2010 ਵਿਚ ਹੋਏ ਅਧਿਐਨ ਵਿਚ ਸਿਫ਼ਾਰਿਸ਼ ਕੀਤੀ ਗਈ ਸੀ ਕਿ “ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਭੁਗਤਾਨ ਵਾਲਾ ਸਿਸਟਮ” ਖ਼ਤਮ ਹੋਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਆਪਣੇ ਅਧਿਐਨ ‘ਪੰਜਾਬ ਦੀ ਖੇਤੀ ਵਿਚ ਆੜ੍ਹਤੀਆ ਸਿਸਟਮ’ ਵਿਚ ਕਿਹਾ ਸੀ ਕਿ “ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ।”
ਆੜ੍ਹਤੀਆਂ ਅਤੇ ਕਿਸਾਨਾਂ ਦੀ ਇਹ ਕਹਾਣੀ ਸਮੁੱਚੇ ਮੁਲਕ ਵਿਚ ਗੂੰਜ ਰਹੀ ਹੈ। ਉਂਜ, ਪੰਜਾਬ ਦੀ ਕਹਾਣੀ ਰਤਾ ਵੱਖਰੀ ਹੈ। ਦਰਸ਼ਨ ਸਿੰਘ ਸੰਘੇੜਾ, ਤੇਜਾ ਸਿੰਘ ਅਤੇ ਕਈ ਹੋਰ, ਬਾਣੀਆ ਜਾਂ ਅਜਿਹੀਆਂ ਕਿਸੇ ਹੋਰ ਵਪਾਰੀ ਜਾਤ ਵਿਚੋਂ ਨਹੀਂ। ਉਹ ਜੱਟ ਸਿੱਖ ਹਨ। ਜੱਟ ਇਸ ਵਪਾਰ ਵਿਚ ਕਾਫ਼ੀ ਮਗਰੋਂ ਆਏ। ਹੁਣ ਇਹ ਚੰਗਾ ਕਾਰੋਬਾਰ ਚਲਾ ਰਹੇ ਹਨ। ਪੰਜਾਬ ਦੇ ਕੁਲ 47 ਹਜ਼ਾਰ ਆੜ੍ਹਤੀਆਂ ਵਿਚੋਂ 23 ਹਜ਼ਾਰ ਜੱਟ ਹਨ। ਸੰਘੇੜਾ ਆਖਦਾ ਹੈ, “ਸ਼ਹਿਰਾਂ ਵਿਚ ਸਾਡਾ ਕੋਈ ਵੱਡਾ ਗਰੁੱਪ ਨਹੀਂ ਹੈ। ਮੈਂ ਇਸ ਕਾਰੋਬਾਰ ਵਿਚ 1988 ਵਿਚ ਆਇਆ। ਇਸ ਤੋਂ 10 ਸਾਲ ਬਾਅਦ ਵੀ ਇਸ ਮੰਡੀ ਵਿਚ ਮਸਾਂ 5-7 ਜੱਟ ਆੜ੍ਹਤੀਏ ਸਨ। ਅੱਜ ਇਥੇ ਆੜ੍ਹਤੀਆਂ ਦੀਆਂ 150 ਦੁਕਾਨਾਂ ਹਨ, ਇਨ੍ਹਾਂ ਵਿਚੋਂ ਇਕ ਤਿਹਾਈ ਜੱਟ ਹਨ। ਆਲੇ-ਦੁਆਲੇ ਵਾਲੀਆਂ ਛੋਟੀਆਂ ਮੰਡੀਆਂ ਵਿਚ ਸਾਡੀ ਬਹੁਮਤ ਹੈ।”
ਬਹੁਤੇ ਜੱਟਾਂ ਨੇ ਬਾਣੀਏ ਆੜ੍ਹਤੀਆਂ ਦੇ ਜੂਨੀਅਰ ਸਹਾਇਕਾਂ ਵਜੋਂ ਸ਼ੁਰੂਆਤ ਕੀਤੀ ਸੀ, ਫਿਰ ਆਪਣਾ ਕਾਰੋਬਾਰ ਖੜ੍ਹਾ ਕਰ ਲਿਆ। ਬਾਣੀਆਂ ਨੇ ਜੱਟਾਂ ਨੂੰ ਆਪਣੇ ਭਾਈਵਾਲ ਆਖ਼ਿਰ ਕਿਉਂ ਬਣਾਇਆ? ਦਰਅਸਲ, ਪੈਸੇ ਦੀ ਵਸੂਲੀ ਵੇਲੇ ਕਿਸਾਨਾਂ ਦੇ ਅੱਖੜ ਵਿਹਾਰ ਸਾਹਮਣਾ ਕਰਨਾ ਪੈਂਦਾ ਸੀ। ਸੰਘੇੜਾ ਦੱਸਦਾ ਹੈ, “ਬਾਣੀਏ ਆੜ੍ਹਤੀਏ ਅਕਸਰ ਡਰ ਜਾਂਦੇ ਸਨ।” ਜੱਟ ਆੜ੍ਹਤੀਏ ਛੇਤੀ ਭੱਜਣ ਵਾਲੇ ਨਹੀਂ ਹਨ। ਉਹ ਬੜੇ ਸਹਿਜ ਨਾਲ ਆਖਦਾ ਹੈ, “ਅਸੀਂ ਪੈਸੇ ਕਢਵਾ ਲੈਂਦੇ ਹਾਂ।”
ਮੈਂ ਇਹ ਕਹਾਣੀ ਮੁਕਤਸਰ ਜ਼ਿਲ੍ਹੇ ਵਿਚ ਜੱਟ ਕਿਸਾਨਾਂ ਨੂੰ ਸੁਣਾਈ ਤਾਂ ਉਹ ਓਪਰਾ ਜਿਹਾ ਹੱਸੇ। ਉਨ੍ਹਾਂ ਵਿਚੋਂ ਕੁੱਝ ਇਕ ਨੇ ਕਿਹਾ, “ਉਸ ਬੰਦੇ ਨੇ ਤੁਹਾਨੂੰ ਸੱਚ ਹੀ ਦੱਸਿਆ ਹੈ। ਜੱਟ ਮੁਸੀਬਤ ਵੇਲੇ ਪਿੱਛੇ ਨਹੀਂ ਹਟਦਾ, ਬਾਣੀਆ ਭੱਜ ਜਾਵੇਗਾ।” ਇਸ ਕਾਰੋਬਾਰ ਵਿਚ ਜੂਨੀਅਰ ਭਾਈਵਾਲ ਹੁਣ ਮੋਹਰੀ (ਬਿੱਗ ਬ੍ਰਦਰ) ਬਣ ਰਹੇ ਹਨ।
ਉਂਜ, ਬਾਣੀਆਂ ਨਾਲ ਇਸ ਭਾਈਵਾਲੀ ਦਾ ਅਸਰ ਸ਼ਾਇਦ ਸੀਮਤ ਜਿਹੇ ਰੂਪ ਨਾਲ ਦਿਸਦਾ ਹੈ। ਸੰਘੇੜਾ ਦੇ ਦਫ਼ਤਰ ਵਿਚ ਅਸੀਂ ਉਸ ਦੇ ਪੁੱਤਰ ਓਂਕਾਰ ਸਿੰਘ ਨੂੰ ਉਨ੍ਹਾਂ ਪੰਜ ਤਸਵੀਰਾਂ ਬਾਰੇ ਪੁੱਛਿਆ ਜੋ ਕੰਧ ਉਤੇ ਲਟਕ ਰਹੀਆਂ ਸਨ। ਪਹਿਲੀਆਂ ਦੋ ਤਸਵੀਰਾਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਅਤੇ ਆਖ਼ਰੀ ਦੋ ਤਸਵੀਰਾਂ ਗੁਰੂ ਹਰਿਗੋਬਿੰਦ ਤੇ ਗੁਰੂ ਤੇਗ ਬਹਾਦਰ ਦੀਆਂ ਹਨ। ਇਨ੍ਹਾਂ ਦੇ ਵਿਚਕਾਰ ਪੰਜਵੀਂ ਤਸਵੀਰ ਸ਼ਿਵ, ਪਾਰਬਤੀ ਅਤੇ ਇਨ੍ਹਾਂ ਦੇ ਪੁੱਤਰ ਗਣੇਸ਼ ਦੀ ਹੈ। ਇਹ ਕਿਵੇਂ? ਓਂਕਾਰ ਸਿੰਘ ਕਹਿੰਦਾ ਹੈ, “ਅਸੀਂ ਇਸ ਕਿੱਤੇ ਵਿਚ ਆਏ ਹਾਂ ਤਾਂ ਸਾਨੂੰ ਇਸ ਦੇ ਤੌਰ-ਤਰੀਕੇ ਵੀ ਅਪਨਾਉਣੇ ਪੈਣਗੇ।”