ਗੁਲਜ਼ਾਰ ਸਿੰਘ ਸੰਧੂ
ਮੇਰੇ ਸਾਹਮਣੇ ਅਮਰਜੀਤ ਸਿੰਘ ਹੇਅਰ ਦੀ ਨਵੀਂ ਪੁਸਤਕ ‘ਮੇਰੇ ਮਨਪਸੰਦ ਲੇਖਕ’ ਪਈ ਹੈ। ਇਸ ਪੁਸਤਕ ਵਿਚ ਪੰਜਾਬੀ ਦੇ ਲੇਖਕ ਪੰਜ ਹਨ-ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਸਿੰਘ ਪਾਤਰ ਤੇ ਕੁਲਵੰਤ ਸਿੰਘ ਵਿਰਕ; ਉਰਦੂ ਦੇ ਅੱਠ-ਇਕਬਾਲ, ਫੈਜ਼ ਅਹਿਮਦ ਫੈਜ਼ ਤੇ ਸਾਹਿਰ ਲੁਧਿਆਣਵੀ ਸਮੇਤ ਅਤੇ ਅਫਸਾਨਾ ਨਿਗਾਰ ਮੰਟੋ; ਦੋ ਰੂਸੀ ਨਾਵਲਕਾਰ ਤਾਲਸਟਾਏ ਤੇ ਦੋਸਤੋਵਸਕੀ; ਦੋ ਅੰਗਰੇਜ਼ੀ ਲੇਖਕ ਬਰਟਰੰਡ ਰੱਸਲ (ਫਿਲਾਸਫਰ) ਅਤੇ ਡੀæ ਐਚæ ਲਾਰੈਂਸ (ਨਾਵਲਕਾਰ)।
ਅਮਰਜੀਤ ਸਿੰਘ ਹੇਅਰ ਖੇਤੀ ਯੂਨੀਵਰਸਿਟੀ, ਲੁਧਿਆਣਾ ਵਿਚ ਮੇਰਾ ਕੁਲੀਗ ਤੇ ਮਿੱਤਰ ਰਿਹਾ ਹੈ। ਉਸ ਦੀ ਨਵੀਂ ਪੁਸਤਕ ਤੋਂ ਪਤਾ ਲੱਗਾ ਕਿ ਉਹ ਕਿੰਨਾ ਪੜ੍ਹਦਾ ਹੈ। ਫਿਲਾਸਫਰ ਰੱਸਲ ਬਾਰੇ ਲਿਖਦਾ ਹੈ ਕਿ ਜਿਸ ਨੇ ਉਸ ਨੂੰ ਨਹੀਂ ਪੜ੍ਹਿਆ, ਉਹ ਅਨਪੜ੍ਹ ਹੈ। ਮੈਂ ਖੁਦ ਅਨਪੜ੍ਹ ਸ਼੍ਰੇਣੀ ਵਿਚ ਆਉਂਦਾ ਹਾਂ, ਫਿਰ ਵੀ ਪਾਠਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਮਰਜੀਤ ਦੀ ਚੋਣ ਭਰੋਸੇਯੋਗ ਹੈ ਤੇ ਲਿਖਣ ਸ਼ੈਲੀ ਸੰਖੇਪ। ਸੌ ਕੁ ਪੰਨਿਆਂ ਵਿਚ ਏਨੇ ਲੇਖਕਾਂ ਦੀ ਜਾਣ-ਪਛਾਣ ਮੈਂ ਹੋਰ ਕਿਧਰੇ ਨਹੀਂ ਪੜ੍ਹੀ।
ਇਸ ਪੁਸਤਕ ਵਿਚ ਕੁਲਵੰਤ ਸਿੰਘ ਵਿਰਕ ਲਾਰੈਂਸ ਦਾ ਸ਼ਾਨੀ ਹੈ। ਉਸ ਦੀ ਰਚਨਾ ‘ਖੱਬਲ’ ਬਾਰੇ ਅਮਰਜੀਤ ਓਨੀ ਹੀ ਸ਼ਰਧਾ ਨਾਲ ਲਿਖਦਾ ਹੈ, ਜਿੰਨਾ ਲਾਰੈਂਸ ਦੀ ਰਚਨਾ ‘ਲੇਡੀ ਚੈਟਰਲੇਜ਼ ਲਵਰ’ ਬਾਰੇ। ਉਂਜ ਉਹ ਮੰਟੋ ਦੀ ਅਫਸਾਨਾਨਿਗਾਰੀ ਦਾ ਏਨਾ ਮੱਦਾਹ ਹੈ ਕਿ ਅੰਮ੍ਰਿਤਸਰ ‘ਚ ਜੋ ਦੇਸ਼ ਵੰਡ ਦੀ ਯਾਦਗਾਰ ਬਣਾਈ ਗਈ ਹੈ, ਉਸ ਵਿਚ ਮੰਟੋ ‘ਤੇ ਪੂਰਾ ਸੈਕਸ਼ਨ ਮੰਗਦਾ ਹੈ; ਇਸ ਲਈ ਕਿ ਉਹ ਆਪਣੀ ਉਮਰ ਦੇ ਪਹਿਲੇ ਤੇਈ ਸਾਲ ਅੰਮ੍ਰਿਤਸਰ ਰਿਹਾ।
ਅਮਰਜੀਤ ਸ਼ਾਇਰੀ ਦੀ ਉਤਮਤਾ ਨੂੰ ਕਿੰਨਾ ਪਛਾਣਦਾ ਹੈ, ਇਸ ਦਾ ਪਤਾ ਮਨਪਸੰਦ ਕਵੀਆਂ ਦੇ ਚੁਣੇ ਹੋਏ ਸ਼ਿਅਰਾਂ ਤੋਂ ਲਗਦਾ ਹੈ:
ਮੁਹੱਬਤ ਮੇਂ ਨਹੀਂ ਹੈ ਫਰਕ
ਜੀਨੇ ਔਹ ਮਰਨੇ ਕਾ।
ਉਸੀ ਕੋ ਦੇਖ ਕਰ ਜੀਤੇ ਹੈ
ਜਿਸ ਕਾਫਰ ਪੇ ਦਮ ਨਿਕਲੇ। (ਮਿਰਜ਼ਾ ਗਾਲਿਬ)
ਖੁਦੀ ਕੋ ਕਰ ਬੁਲੰਦ ਇਤਨਾ
ਕਿ ਹਰ ਤਕਦੀਰ ਸੇ ਪਹਿਲੇ,
ਖੁਦਾ ਬੰਦੇ ਸੇ ਖੁਦ ਪੂਛੇ
ਬਤਾ ਤੇਰੀ ਰਜ਼ਾ ਕਿਆ ਹੈ। (ਅਲਾਮਾ ਇਕਬਾਲ)
ਕਈ ਬਾਰ ਇਸ ਕਾ ਦਾਮਨ
ਭਰ ਦੀਆ ਉਸ ਨੇ ਦੋ ਆਲਮ ਸੇ,
ਮਗਰ ਦਿਲ ਹੈ ਕਿ ਇਸ ਕੀ
ਖਾਨਾ ਵੀਰਾਨੀ ਨਹੀਂ ਜਾਤੀ। (ਫੈਜ਼ ਅਹਿਮਦ ਫੈਜ਼)
ਤੁਆਰਫ ਰੋਗ ਹੋ ਜਾਏ ਤੋ
ਉਸ ਕੋ ਭੂਲਨਾ ਬਿਹਤਰ,
ਤੁਅੱਲੁਕ ਬੋਝ ਬਨ ਜਾਏ ਤੋ
ਉਸ ਕੋ ਤੋੜਨਾ ਅੱਛਾ।
ਵੋਹ ਅਫਸਾਨਾ ਜਿਸੇ ਅੰਜਾਮ ਤੱਕ
ਲਾਨਾ ਨਾ ਹੋ ਮੁਮਕਿਨ,
ਉਸੇ ਏਕ ਖੂਬਸੂਰਤ
ਮੋੜ ਦੇ ਕਰ ਛੋੜਨਾ ਅੱਛਾ। (ਸਾਹਿਰ ਲੁਧਿਆਣਵੀ)
ਬਹੁਤ ਮੈਨੇ ਸੁਨੀ ਹੈ
ਆਪ ਕੀ ਤਕਰੀਰ ਮੌਲਾਨਾ।
ਮਗਰ ਬਦਲੀ ਨਹੀਂ ਅਬ ਤਕ
ਮੇਰੀ ਤਕਦੀਰ ਮੌਲਾਨਾ। (ਹਬੀਬ ਜਾਲਿਬ)
ਮੈਂ ਰਾਹਾਂ ‘ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ। (ਸੁਰਜੀਤ ਪਾਤਰ)
ਵੋਹ ਤੋ ਖੁਸ਼ਬੂ ਹੈ,
ਹਵਾਓਂ ਮੇਂ ਬਿਖਰ ਜਾਏਗਾ।
ਮਸਲਾ ਫੂਲ ਕਾ ਹੈ,
ਫੂਲ ਕਿਧਰ ਜਾਏਗਾ? (ਪਰਵੀਨ ਸ਼ਾਕਿਰ)
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਜਾਂ ਕੋਈ ਕਰਮਾਂ ਵਾਲਾ। (ਸ਼ਿਵ ਕੁਮਾਰ)
ਅਮਰਜੀਤ ਹੇਅਰ ਦੀ ਪੁਸਤਕ ਪੜ੍ਹ ਕੇ ਇਹ ਵੀ ਪਤਾ ਲਗਦਾ ਹੈ ਕਿ ਜੋਬਨ ਰੁਤੇ (37 ਸਾਲ ਦੇ ਉਮਰੇ) ਮਰਨ ਵਾਲਾ ਇੱਕਲਾ ਸ਼ਿਵ ਕੁਮਾਰ ਹੀ ਨਹੀਂ ਸੀ, ਪਰਵੀਨ ਸ਼ਾਕਿਰ (42 ਸਾਲ), ਮੰਟੋ (43 ਸਾਲ) ਅਤੇ ਡੀæ ਐਚæ ਲਾਰੈਂਸ (45 ਸਾਲ) ਵੀ ਸਨ। ਸਭ ਤੋਂ ਵਧ ਉਮਰ ਭੋਗਣ ਵਾਲਾ ਬਰਟਰੰਡ ਰੱਸਲ (98) ਸੀ ਪਰ ਤਾਲਸਟਾਏ (82 ਸਾਲ) ਤੇ ਬਾਬਾ ਬੁੱਲ੍ਹੇ ਸ਼ਾਹ (78 ਸਾਲ) ਵੀ ਬਹੁਤਾ ਪਿੱਛੇ ਨਹੀਂ ਰਹੇ।
ਮੈਂ ਅਮਰਜੀਤ ਦੀ ਪਸੰਦ ਬੁੱਲ੍ਹੇ ਸ਼ਾਹ ਦੇ ਬੋਲਾਂ ਨਾਲ ਖਤਮ ਕਰਨੀ ਚਾਹਾਂਗਾ:
ਧਰਮਸ਼ਾਲਾ ਧਾੜਵੀ ਵਸਦੇ
ਠਾਕਰ ਦੁਆਰੇ ਠੱਗ।
ਵਿਚ ਮਸੀਤੇ ਰਹਿਣ ਕਸਾਈ
ਆਸ਼ਕ ਰਹਿਣ ਅੱਲਗ।
ਜੇ ਅਮਰਜੀਤ ਸਿੰਘ ਹੇਅਰ ਨੇ ਆਪਣੀ ਪਸੰਦ ਦੇ ਬੁਧੀਜੀਵੀਆਂ ਦਾ ਮੁੱਲ ਪਾਇਆ ਹੈ ਤਾਂ ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ ਦੇ ਚੇਅਰਮੈਨ ਅਤੇ ਮੇਰੇ ਮਿੱਤਰ ਸੁਰਜੀਤ ਪਾਤਰ ਨੇ ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਨ ਉਤੇ 27 ਜੂਨ 2018 ਨੂੰ ਢੁਡੀਕੇ ਜਾ ਕੇ ਵਧਾਈ ਦਿੱਤੀ, ਜਿੱਥੇ ਸਾਹਿਤ ਜਗਤ ਦੀਆਂ 250 ਨਾਮਵਰ ਹਸਤੀਆਂ ਨੇ ਭਾਰਤ ਸਰਕਾਰ ਵਲੋਂ ਕੰਵਲ ਲਈ ਪਦਮ ਵਿਭੂਸ਼ਨ ਐਵਾਰਡ ਦੀ ਮੰਗ ਕੀਤੀ।
ਇਸ ਮੌਕੇ ਇਹ ਵੀ ਚੇਤੇ ਕੀਤਾ ਗਿਆ ਕਿ ਉਮਰ ਤੇ ਗਤੀਵਿਧੀਆਂ ਪੱਖੋਂ ਕੰਵਲ ਖੁਸ਼ਵੰਤ ਸਿੰਘ ਤੇ ਭਾਈ ਜੋਧ ਸਿੰਘ ਨੂੰ ਮਾਤ ਪਾ ਗਿਆ ਹੈ। ਭਾਈ ਸਾਹਿਬ 100 ਸਾਲ ਤੋਂ 5 ਮਹੀਨੇ 27 ਦਿਨ ਘਟ ਜੀਵੇ। ਅਕਾਲ ਚਲਾਣੇ ਤੋਂ ਇੱਕ ਮਹੀਨਾ ਪਹਿਲਾਂ ਸੰਤ ਸਿੰਘ ਸੇਖੋਂ ਮੈਨੂੰ ਨਾਲ ਲੈ ਕੇ ਉਨ੍ਹਾਂ ਦੀ ਰਿਹਾਇਸ਼ ਉਤੇ ਉਨ੍ਹਾਂ ਨੂੰ ਮਿਲਣ ਗਏ ਤਾਂ ‘ਭਾਈ ਸਾਬ੍ਹ ਪਛਾਣਿਆ?’ ਦਾ ਜੋ ਉਤਰ ਸੇਖੋਂ ਨੂੰ ਮਿਲਿਆ, ਉਹ ਮੈਨੂੰ ਕਦੀ ਨਹੀਂ ਭੁੱਲਣਾ, “ਦਾੜ੍ਹੀ ਘੱਟ ਰੰਗਿਆਂ ਆਵਾਜ਼ ਤਾਂ ਨਹੀਂ ਬਦਲ ਜਾਂਦੀ।”
ਮੈਂ ਢੁੱਡੀਕੇ ਨਹੀਂ ਜਾ ਸਕਿਆ। ਹੋ ਸਕਿਆ ਤਾਂ ਅਗਲੇ ਸਾਲ ਜਾ ਕੇ ਬੜੇ ਭਾਈ ਨੂੰ ਸੇਖੋਂ ਵਾਲਾ ਸਵਾਲ ਕਰਕੇ ਪ੍ਰਤੀਕਰਮ ਉਡੀਕਾਂਗਾ। ਕੰਵਲ ਬਾਬਾ ਜ਼ਿੰਦਾਬਾਦ। ਉਸ ਦੀ ਦੇਣ ਦਾ ਜਵਾਬ ਨਹੀਂ।
ਅੰਤਿਕਾ: ਹਰਮਿੰਦਰ ਸਿੰਘ ਕੋਹਾਰਵਾਲਾ
ਚਸਕਣ ਹੱਡ ਤੇ ਖੱਲੀਆਂ, ਪੈਂਦੀ ਕਦੇ ਕੜੱਲ।
ਲਾਈ ਰੱਖਣ ਰੌਣਕਾਂ, ਭੁੱਲੀ ਰਹੇ ਇਕੱਲ।