‘ਉੜਤਾ ਪੰਜਾਬ’ ਹੁਣ ਰੀਂਗਣ ਲੱਗਾ

ਨਸ਼ਿਆਂ ਕਾਰਨ ਦਰਦ ਹੰਢਾਉਣ ਲਈ ਮਜਬੂਰ ਨੇ ਲੋਕ
ਚੰਡੀਗੜ੍ਹ: ਪੰਜਾਬ ਦੀ ਜਵਾਨੀ ਕਿਸ ਹੱਦ ਤੱਕ ਨਸ਼ਿਆਂ ਵਿਚ ਗਰਕ ਚੁੱਕੀ ਹੈ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਕੁਝ ਵੀਡੀਓਜ਼ ਨੇ ਇਸ ਉਤੇ ਚੰਗੀ ਤਰ੍ਹਾਂ ਚਾਨਣ ਪਾ ਦਿੱਤਾ ਹੈ। ਇਹ ਵੀਡੀਓਜ਼ ਦਿਲ ਹਲੂਣਨ ਵਾਲੀਆਂ ਹਨ। ਵੀਡੀਓ ਵਿਚ ਇਕ ਮਾਂ ਕੂੜੇ ਦੇ ਢੇਰ ਉਤੇ ਮਰੇ ਪਏ ਆਪਣੇ ਪੁੱਤ ਨੂੰ ਗੋਦ ਵਿਚ ਲੈ ਕੇ ਕੁਰਲਾ ਰਹੀ ਹੈ। ਇਸ ਨੌਜਵਾਨ ਦਾ ਸਰੀਰ ਆਕੜਿਆ ਹੋਇਆ ਸੀ ਅਤੇ ਇਸ ਦੇ ਹੱਥ ਵਿਚ ਨਸ਼ੇ ਵਾਲੀ ਸਰਿੰਜ ਸੀ। ਇਹ ਘਟਨਾ ਕੋਟਕਪੂਰਾ ਦੀ ਹੈ।

ਕੋਟਕਪੂਰਾ ਦੇ ਪ੍ਰੇਮ ਨਗਰ ਵਿਚ ਹਲਵਾਈ ਦੀ ਦੁਕਾਨ ‘ਤੇ ਕੰਮ ਕਰਨ ਵਾਲੇ ਬਾਈ ਸਾਲਾ ਨੌਜਵਾਨ ਬਲਵਿੰਦਰ ਸਿੰਘ ਦੀ ਮੌਤ ਨਸ਼ਾ ਕਰਨ ਵਾਲੀ ਸਰਿੰਜ ਲਾਉਣ ਸਾਰ ਹੀ ਹੋ ਗਈ। ਇਸੇ ਤਰ੍ਹਾਂ ਇਕ ਲਾਸ਼ ਅੰਮ੍ਰਿਤਸਰ ਦੇ ਪਿੰਡ ਵੇਰਕਾ ਵਿਚ ਤੀਹ ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਮਿਲੀ। ਇਸ ਨੌਜਵਾਨ ਦੀ ਬਾਂਹ ਵਿਚ ਨਸ਼ੇ ਵਾਲੀ ਸਰਿੰਜ ਲੱਗੀ ਹੋਈ ਸੀ। ਪਤਾ ਲੱਗਾ ਹੈ ਕਿ ਨਸ਼ੇ ਦਾ ਆਦੀ ਹੋਣ ਕਰ ਕੇ ਇਸ ਨੌਜਵਾਨ ਦਾ ਤਲਾਕ ਹੋ ਗਿਆ ਸੀ ਤੇ ਇਹ ਆਪਣੀ ਬਿਰਧ ਮਾਂ ਤੇ ਦੋ ਬੱਚਿਆਂ ਨਾਲ ਰਹਿ ਰਿਹਾ ਸੀ। ਇਸ ਨੌਜਵਾਨ ਦੀ ਮੌਤ ਬਾਰੇ ਜਾਰੀ ਹੋਈ ਵੀਡੀਓ ਦਿਲ ਝੰਜੋੜਨ ਵਾਲੀ ਹੈ। ਇਸ ਨੌਜਵਾਨ ਦਾ ਪੰਜ ਸਾਲਾ ਬੇਟਾ ਆਪਣੇ ਮਰੇ ਹੋਏ ਪਿਉ ਨੂੰ ਜੱਫੀ ਪਾ ਕੇ ਉਸ ਨੂੰ ਸਕੂਲ ਛੱਡਣ ਦੀ ਜ਼ਿਦ ਕਰ ਰਿਹਾ ਤੇ ਕੋਲ ਖੜ੍ਹੇ ਲੋਕ ਉਸ ਨੂੰ ਪਿਉ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਅਗਲੇ ਦਿਨ ਛੇਹਰਟਾ ਇਲਾਕੇ ਵਿਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਇਸੇ ਤਰ੍ਹਾਂ ਮਿਲੀਆਂ। ਇਕ ਹਫਤੇ ਵਿਚ ਇਸ ਤਰ੍ਹਾਂ ਦੀਆਂ ਮੌਤਾਂ ਦੀ ਗਿਣਤੀ ਅੱਠ ਹੋ ਗਈ। ਇਨ੍ਹਾਂ ਵਿਚੋਂ ਪੰਜ ਮੌਤਾਂ ਅੰਮ੍ਰਿਤਸਰ ਇਲਾਕੇ ਵਿਚ ਹੋਈਆਂ ਹਨ। ਇਨ੍ਹਾਂ ਮੌਤਾਂ ਪਿੱਛੋਂ ਜਿਥੇ ਲੋਕਾਂ ਵਿਚ ਸਰਕਾਰ ਪ੍ਰਤੀ ਰੋਹ ਵਧ ਗਿਆ ਹੈ, ਉਥੇ ਸਰਕਾਰ ਆਪਣਾ ਰਟਿਆ ਰਟਾਇਆ ਜਵਾਬ ਦੇ ਰਹੀ ਹੈ ਕਿ ਉਸ ਨੇ ਆਪਣੇ ਇਕ ਸਾਲ ਦੇ ਸ਼ਾਸਨ ਵਿਚ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਹੈ। ਵਿਧਾਨ ਸਭਾ ਚੋਣਾਂ ਮੌਕੇ ਚਾਰ ਹਫਤਿਆਂ ਵਿਚ ਨਸ਼ੇ ਦੇ ਖਾਤਮੇ ਦੀ ਬਾਕਾਇਦਾ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲੇ ਕੈਪਟਨ ਅਮਰਿੰਦਰ ਸਿੰਘ ਇਸ ਮਸਲੇ ‘ਤੇ ਚੁੱਪ ਹਨ। ਦੱਸ ਦਈਏ ਕਿ ਵਿਧਾਨ ਸਭ ਚੋਣਾਂ ਵਿਚ ਨਸ਼ਿਆਂ ਦਾ ਕਹਿਰ ਸਭ ਤੋਂ ਵੱਡਾ ਮੁੱਦਾ ਬਣਿਆ ਸੀ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਵੱਡੇ ਬੰਦਿਆਂ ਨੂੰ ਹੱਥ ਪਾਉਣ ਦਾ ਵਾਅਦਾ ਕੀਤਾ ਸੀ। ਦੋਵਾਂ ਧਿਰਾਂ ਨੇ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਉਸ ਨੂੰ ਜੇਲ੍ਹ ਵਿਚ ਸੁੱਟਣ ਦਾ ਵਾਅਦਾ ਕੀਤਾ ਸੀ ਪਰ ਕਾਂਗਰਸ ਸਰਕਾਰ ਬਣਦਿਆਂ ਹੀ ਇਹ ਸਭ ਵਿਸਾਰ ਦਿੱਤਾ ਗਿਆ।
ਮੁੱਖ ਮੰਤਰੀ ਦੀ ਕੁਰਸੀ ਮਿਲਦੇ ਸਾਰ ਕੈਪਟਨ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਂਗ ‘ਕਾਨੂੰਨ ਆਪਣਾ ਕੰਮ ਕਰ ਰਿਹਾ ਹੈ’ ਵਾਲੀ ਗੱਲ ਆਖਣ ਲੱਗੇ। ਇਹ ਵੱਖਰੀ ਗੱਲ ਹੈ ਕਿ ਸਰਕਾਰ ਬਣਦਿਆਂ ਹੀ ਪੁਲਿਸ ਨੇ ਛੋਟੇ-ਮੋਟੇ ਅਮਲੀਆਂ ਨੂੰ ਫੜ-ਫੜ ਜੇਲ੍ਹਾਂ ਭਰ ਲਈਆਂ। ਨਸ਼ਾ ਤਸਕਰਾਂ ਖਿਲਾਫ ਕਾਰਵਾਈ ਲਈ ਐਸ਼ਟੀæਐਫ਼ ਵੀ ਬਣਾਈ ਪਰ ਜਦੋਂ ਇਸ ਜਾਂਚ ਸੈਲ ਨੇ ਸੀਨੀਅਰ ਪੁਲਿਸ ਅਫਸਰਾਂ ਦੀ ਨਸ਼ਾ ਤਸਕਰੀ ਵਿਚ ਸ਼ਮੂਲੀਅਤ ਦੀ ਗੱਲ ਆਖੀ ਤਾਂ ਇਹ ਜਾਂਚ ਇਥੇ ਹੀ ਫਸ ਗਈ ਜੋ ਹੁਣ ਅਦਾਲਤੀ ਗੇੜ ਵਿਚ ਪੈ ਗਈ ਹੈ। ਦੱਸ ਦਈਏ ਕਿ ਸੱਤਾ ਮਿਲਣ ਪਿੱਛੋਂ ਕੋਈ ਵੀ ਧਿਰ ਪੰਜਾਬ ਨੂੰ ਨਸ਼ਿਆਂ ਦੀ ਮਾਰ ਬਾਰੇ ਮੰਨਣ ਲਈ ਤਿਆਰ ਨਹੀਂ ਹੋਈ। ਪਿਛਲੀ ਬਾਦਲ ਸਰਕਾਰ ਵੀ ਇਹੀ ਦਾਅਵਾ ਕਰਦੀ ਰਹੀ ਕਿ ਪੰਜਾਬ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਪੰਜਾਬ ਵਿਚ ਨਸ਼ਿਆਂ ਦੀ ਮਾਰ ਨੂੰ ਦਰਸਾਉਂਦੀ ਫਿਲਮ ‘ਉੜਤਾ ਪੰਜਾਬ’ ਉਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਗਈ ਸੀ ਕਿ ਇਹ ਸੂਬੇ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਇਹੀ ਹਾਲ ਹੁਣ ਕਾਂਗਰਸ ਸਰਕਾਰ ਦਾ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਉਸ ਨੇ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰਕੇ ਨਸ਼ਾ ਤਸਕਰਾਂ ਖਿਲਾਫ਼ 16305 ਕੇਸ ਦਰਜ ਕੀਤੇ ਗਏ ਹਨ ਅਤੇ 18800 ਤਸਕਰਾਂ ਗ੍ਰਿਫਤਾਰ ਕੀਤਾ ਗਿਆ ਹੈ। 26 ਨਸ਼ਾ ਤਸਕਰਾਂ ਦੀਆਂ 15 ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ ਪਰ ਹੁਣ ਸਾਹਮਣੇ ਆਏ ਸੱਚ ਨੇ ਸਰਕਾਰੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਪਤਾ ਲੱਗਾ ਹੈ ਕਿ ਮੌਤ ਦੇ ਮੂੰਹ ਪਏ ਇਹ ਨੌਜਵਾਨ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੇ ਟੀਕੇ ਤਿਆਰ ਕਰ ਕੇ ਨਸ਼ਾ ਕਰ ਰਹੇ ਸਨ। ਮੁਢਲੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਹੈਰੋਇਨ ਮਹਿੰਗੀ ਹੋਣ ਕਰਕੇ ਇਸ ਵਿਚ ਨਸ਼ੀਲਾ ਪਾਊਡਰ ਮਿਲਾਇਆ ਗਿਆ ਸੀ ਜੋ ਛੇਤੀ ਨਹੀਂ ਘੁਲਦਾ। ਇਹ ਪਾਊਡਰ ਹੀ ਇਨ੍ਹਾਂ ਨੌਜਵਾਨਾਂ ਦੀਆਂ ਨਸਾਂ ਵਿਚ ਜੰਮ ਗਿਆ ਜਿਸ ਕਾਰਨ ਇਹ ਮੌਤਾਂ ਹੋਈਆਂ।