ਨੂਰ ਮੁਹੰਮਦ ਨੂਰ
ਫੋਨ: 91-98555-51359
ਇਸਲਾਮ ਦੇ ਚੌਥੇ ਖਲੀਫ਼ਾ (ਹਜ਼ਰਤ ਮੁਹੰਮਦ ਦੇ ਉਤਰਾਧਿਕਾਰੀ) ਹਜ਼ਰਤ ਅਲੀ ਸਮੇਂ ਵਿਚਾਰਾਂ ਦੀ ਸਾਂਝ ਨਾ ਹੋਣ ਕਰਕੇ ਖਿਲਾਫ਼ਤ, ਭਾਵ ਸਮੇਂ ਦੀ ਸਰਕਾਰ ਤੋਂ ਆਕੀ ਹੋਏ ਇਸਲਾਮੀ ਫ਼ੌਜਾਂ ਦੇ ਜਰਨੈਲ ਹਜ਼ਰਤ ਅਮੀਰ ਮੁਆਵੀਆ ਨੇ ਬਗ਼ਾਵਤ ਕਰ ਦਿੱਤੀ। ਸਿੱਟੇ ਵਜੋਂ ਇਸਲਾਮੀ ਫ਼ੌਜਾਂ ਅਤੇ ਬਾਗ਼ੀ ਇਸਲਾਮੀ ਫ਼ੌਜਾਂ ਦਰਮਿਆਨ ਸਫ਼ੀਨ ਦੇ ਸਥਾਨ ‘ਤੇ ਜੰਗ ਹੋਈ ਜਿਸ ਵਿਚ ਬਾਗ਼ੀ ਫ਼ੌਜਾਂ ਦੇ ਜਰਨੈਲ ਹਜ਼ਰਤ ਅਮੀਰ ਮੁਆਵੀਆ ਨੂੰ ਜਿੱਤ ਪ੍ਰਾਪਤ ਹੋਈ ਅਤੇ ਉਸ ਨੇ ਸ਼ਾਮ (ਸੀਰੀਆ) ਅਤੇ ਇਰਾਕ ਦੇ ਕੁਝ ਇਲਾਕਿਆਂ ‘ਤੇ ਸੁਤੰਤਰ ਰਾਜ ਸਥਾਪਤ ਕਰ ਲਿਆ।
ਇਸ ਲੜਾਈ ਵਿਚ ਮਦੀਨੇ ਵਸਦਾ ਔਸ ਕਬੀਲਾ, ਜਿਸ ਨੇ ਹਜ਼ਰਤ ਮੁਹੰਮਦ ਨੂੰ ਮੱਕਾ ਛੱਡ ਕੇ ਮਦੀਨੇ ਆਉਣ ਲਈ ਸੱਦਾ ਦਿੱਤਾ ਸੀ, ਨੇ ਵੀ ਹਜ਼ਰਤ ਅਲੀ ਦਾ ਸਾਥ ਦਿੱਤਾ। ਹਜ਼ਰਤ ਅਲੀ ਦੀ ਵਫ਼ਾਤ ਤੋਂ ਬਾਅਦ ਜਿਹੜੇ ਕਬੀਲਿਆਂ ਨੇ ਅਮੀਰ ਮੁਆਵੀਆ ਵਿਰੁਧ ਜੰਗ ਵਿਚ ਹਜ਼ਰਤ ਅਲੀ ਦਾ ਸਾਥ ਦਿੱਤਾ ਸੀ, ਉਨ੍ਹਾਂ ਦੇ ਸਰਦਾਰਾਂ ਦੀ ਫੜੋ-ਫੜੀ ਸ਼ੁਰੂ ਹੋ ਗਈ।
ਅਮੀਰ ਮੁਆਵੀਆ ਦੇ ਕਹਿਰ ਤੋਂ ਬਚਣ ਲਈ ਬਨੂ ਔਸ ਕਬੀਲੇ ਦਾ ਸਰਦਾਰ ਅਬੂਜ਼ਰ ਬਿਨ ਅਬੂ ਰਾਫ਼ਾਅ ਆਪਣੇ ਕਬੀਲੇ ਸਮੇਤ ਹਿਜਰਤ ਕਰਕੇ ਬਲੋਚਿਸਤਾਨ ਦੇ ਇਲਾਕੇ ਲਿਸਬੇਲਾ ‘ਚ ਆ ਵਸਿਆ ਅਤੇ ਕਾਬਲੀਅਤ ਸਦਕਾ ਆਪਣੀ ਆਜ਼ਾਦ ਰਿਆਸਤ ਕਾਇਮ ਕਰ ਲਈ। ਇਸ ਇਲਾਕੇ ‘ਤੇ ਕਈ ਸਦੀਆਂ ਖਾਨਦਾਨੀ ਹਕੂਮਤ ਕਰਨ ਤੋਂ ਬਾਅਦ ਗੁੰਗਾ ਕਬੀਲੇ ਤੋਂ ਲੜਾਈ ਵਿਚ ਹਾਰ ਖਾ ਕੇ ਇਸ ਕਬੀਲੇ ਦਾ ਸਰਦਾਰ ਹਿਜਰੂ ਖਾਂ ਪੁੱਤਰ ਰੌਂਝਾ ਖਾਂ ਪੱਛਮੀ ਪੰਜਾਬ ਦੇ ਸਰਗੋਧਾ ਇਲਾਕੇ ਦੀ ਤਹਿਸੀਲ ਭਲਵਾਲ ਵਿਚ ਆ ਆਬਾਦ ਹੋਇਆ।
ਤਖਤ ਹਜ਼ਾਰਾ: ਇਤਿਹਾਸਕਾਰਾਂ ਅਨੁਸਾਰ ਰੌਂਝਾ ਖਾਂ ਦਾ ਪੁੱਤਰ ਹਿਜਰੂ ਖਾਂ ਗ਼ੁਲਾਮ ਵੰਸ਼ ਦੇ ਪ੍ਰਸਿਧ ਬਾਦਸ਼ਾਹ ਬਲਬਨ ਦੀ ਫ਼ੌਜ ਵਿਚ ਕਮਾਨਦਾਰ ਨਿਯੁਕਤ ਹੋ ਗਿਆ। ਸੁਲਤਾਨ ਬਲਬਨ ਨੇ ਉਸ ਦੀ ਯੋਗਤਾ ਅਤੇ ਉਸ ਦੇ ਵੰਸ਼ ਦੇ ਪਿਛੋਕੜ ਦੀ ਮਹੱਤਤਾ ਦੇ ਮੱਦੇਨਜ਼ਰ ਤਹਿਸੀਲ ਭਲਵਾਲ ਵਿਚ ਝਨਾਂ ਦਰਿਆ ਕੰਢੇ 30 ਮੀਲ ਲੰਬੀ ਅਤੇ 20 ਮੀਲ ਚੌੜੀ ਜਾਗੀਰ ਉਸ ਦੇ ਨਾਂ ਕਰ ਦਿੱਤੀ। ਇਥੇ ਹੀ ਹਿਜਰੂ ਖਾਂ ਨੇ ਆਪਣੇ ਨਾਂ ‘ਤੇ ਸ਼ਹਿਰ ਵਸਾਇਆ ਜਿਸਦਾ ਨਾਂ ਤਖਤ ਹਜ਼ਾਰਾ ਰੱਖਿਆ। ਇਥੇ ਵਸਦਿਆਂ ਇਸ ਵੰਸ਼ ਦੇ ਲੋਕ ਆਪਣੇ ਵਡੇਰੇ ਰੌਂਝਾ ਖਾਂ ਦੇ ਨਾਂ ‘ਤੇ ਰੌਂਝੇ ਅਖਵਾਉਣ ਲੱਗੇ ਅਤੇ ਹੌਲੀ ਹੌਲੀ ਇਹ ਸ਼ਬਦ ਰੌਂਝੇ ਦੀ ਥਾਂ ਰਾਂਝਾ ਬਣ ਗਿਆ। ਉਸ ਸਮੇਂ ਚਨਾਬ ਦਰਿਆ ਤਖਤ ਹਜ਼ਾਰੇ ਦੇ ਪੂਰਬ ਵਾਲੇ ਪਾਸੇ ਵਗਦਾ ਹੁੰਦਾ ਸੀ। ਮੁਗ਼ਲ ਖਾਨਦਾਨ ਦੀ ਬਾਦਸ਼ਾਹੀ ਸਮੇਂ ਰਾਂਝਾ ਖਾਨਦਾਨ ਦੇ ਲੋਕਾਂ ਦੀ ਸ਼ਾਹੀ ਦਰਬਾਰ ਵਿਚ ਚੜ੍ਹਤ ਸੀ।
‘ਸੱਯਦ ਵਾਰਿਸ ਸ਼ਾਹ’ ਨਾਂ ਦੀ ਕਿਤਾਬ ਨੂੰ ਸੰਪਾਦਤ ਕਰਦਿਆਂ ਹਮੀਦੁੱਲਾ ਸ਼ਾਹ ਹਾਸ਼ਮੀ ਤਖਤ ਹਜ਼ਾਰੇ ਦੀ ਸਥਿਤੀ ਬਾਰੇ ਲਿਖਦਾ ਹੈ: ‘ਤਖਤ ਹਜ਼ਾਰਾ ਜ਼ਿਲ੍ਹਾ ਸਰਗੋਧਾ ਦੀ ਤਹਿਸੀਲ ਭਲਵਾਲ ਵਿਚ ਭਲਵਾਲ ਤੋਂ 26 ਮੀਲ ਦੇ ਫ਼ਾਸਲੇ ‘ਤੇ ਸਥਿਤ ਏ ਅਤੇ ਇਸ ਦੇ ਆਲੇ-ਦੁਆਲੇ ਮਿਆਨਾ ਹਜ਼ਾਰਾ, ਮਿੱਢ ਰਾਂਝਾ, ਬੋਚਰ ਕਲਾਂ ਆਦਿ ਮੁਸਲਮਾਨ ਜੱਟਾਂ ਦੇ ਪਿੰਡ ਆਬਾਦ ਹਨ। ਪੰਜਾਬੀ ਸ਼ਾਇਰ ਇਸ ਪਿੰਡ ਨੂੰ ਧੀਦੋ ਰਾਂਝਾ ਦੀ ਜੰਮਣ ਭੂਮੀ ਆਖਦੇ ਹਨ।’
ਤਖਤ ਹਜ਼ਾਰਾ ਪੁਰਾਣੀ ਬਸਤੀ ਹੈ। ਇਸ ਦੇ ਖੰਡਰਾਂ ਵਿਚ ਮੀਲ ਮੀਲ ਦੇ ਫਾਸਲੇ ‘ਤੇ ਚਾਰ ਦਰਵਾਜ਼ਿਆਂ ਦੇ ਵੱਡੇ ਵੱਡੇ ਖੰਡਰ, ਇਨ੍ਹਾਂ ਖੰਡਰਾਂ ਵਿਚਕਾਰ ਧਰਤੀ ‘ਤੇ ਟੁੱਟੇ-ਫੁੱਟੇ ਫਰਸ਼, ਸ਼ਾਹੀ ਮਸੀਤ ਅਤੇ ਇਸ ਦੇ ਅੰਦਰ ਹਮਾਮ, ਤਲਾਅ ਅਤੇ ਪਾਣੀ ਦੀ ਸਪਲਾਈ ਦਾ ਸ਼ਾਹੀ ਪ੍ਰਬੰਧ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਇਹ ਕਸਬਾ ਭੂਤਕਾਲ ਵਿਚ ਸ਼ਾਹੀ ਸਰਪ੍ਰਸਤੀ ਵਿਚ ਰਿਹਾ ਹੋਵੇਗਾ। ਇਥੇ ਪੁਰਾਣੇ ਸਮੇਂ ਦੇ ਬਜ਼ੁਰਗਾਂ ਦੇ ਕਈ ਮਕਬਰੇ ਹਨ ਅਤੇ ਨਾਥ ਜੋਗੀਆਂ ਦਾ ਡੇਰਾ ਵੀ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਸ਼ਹਿਜ਼ਾਦਾ ਹੁੰਦਿਆਂ ਜਹਾਂਗੀਰ ਇਥੇ ਸ਼ਿਕਾਰ ਖੇਡਣ ਆਉਂਦਾ ਹੁੰਦਾ ਸੀ। ਉਸ ਨੇ ਹੀ ਇਹ ਕਸਬਾ ਆਬਾਦ ਕਰਕੇ ਮਸੀਤ ਬਣਵਾਈ ਸੀ। ਅੰਗਰੇਜ਼ਾਂ ਦੇ ਜ਼ਮਾਨੇ ਵਿਚ ਇਸ ਕਸਬੇ ਵਿਚ ਖੱਤਰੀ ਹਿੰਦੂ ਆਬਾਦ ਹੋ ਗਏ ਸਨ ਅਤੇ ਮੁਸਲਮਾਨ ਜ਼ਮੀਨਾਂ ਦੇ ਮਾਲਕ ਨਹੀਂ ਰਹੇ ਸਨ। ਆਜ਼ਾਦੀ ਤੋਂ ਬਾਅਦ ਇਥੇ ਪਰਾਚਾ ਕੌਮ ਦੇ ਲੋਕ ਆਬਾਦ ਹੋ ਗਏ ਹਨ ਜਿਹੜੇ ਵਪਾਰ ਦੇ ਪੇਸ਼ੇ ਨਾਲ ਸਬੰਧ ਰੱਖਦੇ ਹਨ। ਤਖਤ ਹਜ਼ਾਰਾ ਆਬਾਦ ਹੋਣ ਬਾਰੇ ਇਕ ਹੋਰ ਇਤਿਹਾਸਕ ਤੱਥ ਮੁਹੰਮਦ ਹਨੀਫ਼ ਮਹਿਰ ਕਾਚੇਲਵੀ ਲਿਖਦਾ ਹੈ: ‘ਰਾਂਝਾ ਜਿਥੇ ਪੈਦਾ ਹੋਇਆ, ਉਹ ਹੁਣ ਵਾਲੇ ਤਖਤ ਹਜ਼ਾਰੇ ਦੇ ਨੇੜੇ ‘ਹਜ਼ਾਰਾ ਟਿੱਬਾ’ ਸੀ ਜਿਹੜਾ ਹੁਣ ਵਾਲੇ ਤਖਤ ਹਜ਼ਾਰੇ ਦੇ ਸਾਹਮਣੇ ਝਨਾਂ ਦੇ ਦੂਜੇ ਕੰਢੇ ‘ਤੇ ਆਬਾਦ ਸੀ। 925 ਹਿਜਰੀ ਵਿਚ ਇਸ ਤਖਤ ਹਜ਼ਾਰੇ ਦੀ ਨੀਂਹ ਜ਼ਹੀਰੂਦੀਨ ਮੁਹੰਮਦ ਬਾਬਰ ਨੇ ਭੇਰਾ ਫਤਹਿ ਕਰਨ ਤੋਂ ਬਾਅਦ ਲਾਹੌਰ ਵੱਲ ਜਾਂਦਿਆਂ ਸੂਫ਼ੀ ਫ਼ਕੀਰ ਸ਼ਾਹ ਦੌਲਾ ਦੇ ਕਹਿਣ ‘ਤੇ ਰੱਖੀ ਸੀ ਜਿਸ ਦਾ ਮਜ਼ਾਰ ਹੁਣ ਵੀ ਤਖਤ ਹਜ਼ਾਰਾ ਵਿਖੇ ਮੌਜੂਦ ਹੈ’।
ਮੁਗ਼ਲ ਰਾਜ ਦੇ ਦੂਜੇ ਬਾਦਸ਼ਾਹ ਨਸੀਰੂਦੀਨ ਮੁਹੰਮਦ ਹਮਾਯੂੰ ਦੇ ਸਮੇਂ ਜਦੋਂ ਸ਼ੇਰਸ਼ਾਹ ਸੂਰੀ ਨੇ ਉਸ ਤੋਂ ਹਕੂਮਤ ਖੋਹ ਕੇ ਹਮਾਯੂੰ ਨੂੰ ਇਰਾਨ ਨੱਸ ਜਾਣ ਲਈ ਮਜਬੂਰ ਕਰ ਦਿੱਤਾ ਤਾਂ ਰਾਂਝਿਆਂ ‘ਤੇ ਵੀ ਮੁਸੀਬਤਾਂ ਦੇ ਪਹਾੜ ਟੁੱਟ ਪਏ। ਦਰਅਸਲ, ਰਾਂਝਿਆਂ ਨੇ ਸ਼ੇਰਸ਼ਾਹ ਸੂਰੀ ਵਿਰੁਧ ਹਮਾਯੂੰ ਦੀ ਸਹਾਇਤਾ ਕੀਤੀ ਸੀ। ਇਸ ਲਈ ਬਦਲੇ ਦੀ ਭਾਵਨਾ ਕਾਰਨ ਸ਼ੇਰਸ਼ਾਹ ਸੂਰੀ ਨੇ ਰਾਂਝਿਆਂ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ ਅਤੇ ਤਖਤ ਹਜ਼ਾਰੇ ਨੂੰ ਢਾਹ ਕੇ ਥੇਹ ਬਣਾ ਦਿੱਤਾ। ਇਹ ਥੇਹ ਹੁਣ ਵੀ ਜ਼ਿਲ੍ਹਾ ਸਰਗੋਧਾ ਦੀ ਤਹਿਸੀਲ ਭਲਵਾਲ ਵਿਚ ਦੇਖਣ ਨੂੰ ਮਿਲਦੀ ਹੈ।
ਜਦੋਂ ਹਮਾਯੂੰ ਨੇ ਦੁਬਾਰਾ ਦਿੱਲੀ ਦੇ ਤਖਤ ‘ਤੇ ਕਬਜ਼ਾ ਕਰ ਲਿਆ ਤਾਂ ਉਸ ਨੇ ਰਾਂਝਿਆਂ ਦੀ ਵਫ਼ਾਦਾਰੀ ਨੂੰ ਦੇਖਦਿਆਂ ਤਖਤ ਹਜ਼ਾਰਾ ਮੁੜ ਆਬਾਦ ਕਰਵਾਇਆ। ਰਾਂਝੇ ਪਿਛੋਕੜ ਵੱਲੋਂ ਮਦੀਨੇ ਦੇ ਔਸ ਕਬੀਲੇ ਨਾਲ ਸਬੰਧਿਤ ਸਨ, ਇਸ ਲਈ ਬਹਾਦਰੀ ਪੱਖੋਂ ਮਾਰਸ਼ਲ ਕੌਮ ਸੀ। ਇਸਲਾਮ ਦੇ ਹਿੰਦੁਸਤਾਨ ਜਿਹੇ ਦੂਰ-ਦਰਾਜ਼ ਇਲਾਕਿਆਂ ਤਕ ਪਹੁੰਚਣ ਵਿਚ ਇਨ੍ਹਾਂ ਦੀ ਮੁੱਖ ਭੂਮਿਕਾ ਸੀ।
ਧੀਦੋ ਰਾਂਝਾ: ਸੁਲਤਾਨ ਬਹਿਲੋਲ ਲੋਧੀ ਸਮੇਂ ਹਿਜਰੂ ਖਾਂ ਰੌਂਝਾ ਦੇ ਵੰਸ਼ ਵਿਚੋਂ ਮੌਜਦਾਰ ਖਾਂ ਉਰਫ਼ ਮੌਜੂ ਚੌਧਰੀ ਹੋਇਆ ਸੀ। ਇਸ ਦੇ ਪਿਤਾ ਦਾ ਨਾਂ ਮੁਅੱਜ਼ਮ ਖਾਂ ਸੀ। ਮੌਜਦਾਰ ਖਾਂ ਬਹਿਲੋਲ ਲੋਧੀ ਦੇ ਨੇੜਲੇ ਆਦਰਯੋਗ ਸ਼ਖਸਾਂ ਵਿਚ ਗਿਣਿਆ ਜਾਂਦਾ ਸੀ। ਚੰਗਾ ਆਲਮ ਫਾਜ਼ਲ ਸੀ। ਇਸ ਦੀਆਂ ਦੋ ਪਤਨੀਆਂ ਸਨ ਜਿਨ੍ਹਾਂ ਤੋਂ ਸੱਤ ਪੁੱਤਰ ਅਤੇ ਦੋ ਧੀਆਂ ਪੈਦਾ ਹੋਏ। ਜਦੋਂ ਉਸ ਦੀਆਂ ਇਨ੍ਹਾਂ ਦੋਵਾਂ ਪਤਨੀਆਂ ਦੀ ਮੌਤ ਹੋ ਗਈ ਤਾਂ ਉਸ ਨੇ ਬੁੱਢੇ ਵੇਲੇ ਡੇਰਾ ਹੈਬਤ ਖਾਂ ਦੇ ਸਰਦਾਰ ਹੌਤ ਖਾਂ ਦੀ ਪੁੱਤਰੀ ਨਿਸਬਤ ਬਾਨੋ (ਨਸੀਬੋ) ਨਾਲ ਤੀਸਰਾ ਵਿਆਹ ਕਰ ਲਿਆ। ਇਹ ਨਿਕਾਹ ਡੇਰਾ ਹੈਬਤ ਖਾਂ ਵਿਖੇ ਰਬੀ-ਉਲ-ਸਾਨੀ ਦੇ ਮਹੀਨੇ ਦੀ 10 ਤਾਰੀਖ ਸੰਨ 859 ਹਿਜਰੀ ਨੂੰ ਹੋਇਆ।
25 ਜਮਾਦੀ-ਉਲ-ਸਾਨੀ ਸੰਨ 860 ਹਿਜਰੀ ਨੂੰ ਮੌਜਦਾਰ ਖਾਂ ਦੇ ਘਰ ਧੀਦੋ ਖਾਂ ਰਾਂਝੇ ਦਾ ਜਨਮ ਹੋਇਆ ਜਿਹੜਾ ਬਾਅਦ ਵਿਚ ਵਿਗੜਦਾ ਵਿਗੜਦਾ ਪਹਿਲਾਂ ਧੀਦੋ ਰਾਂਝਾ ਅਤੇ ਬਾਅਦ ਵਿਚ ਇਕੱਲਾ ਰਾਂਝਾ ਹੀ ਸੱਦਿਆ ਜਾਣ ਲੱਗਿਆ। ਜਦੋਂ ਰਾਂਝਾ 10 ਸਾਲ ਦਾ ਹੋਇਆ ਤਾਂ 20 ਰਜਬ ਸੰਨ 870 ਹਿਜਰੀ ਨੂੰ ਉਸ ਦਾ ਨਿਕਾਹ ਕੋਟਲੀ ਵਾਕਰ ਵਿਖੇ ਇਜ਼ਤ ਬੀਬੀ ਨਾਲ ਕਰ ਦਿੱਤਾ ਗਿਆ ਜਿਹੜੀ ਬਾਅਦ ਵਿਚ ਹੀਰ ਦੇ ਨਾਂ ਨਾਲ ਮਸ਼ਹੂਰ ਹੋਈ। ਨਿਕਾਹ ਸਮੇਂ ਇਜ਼ਤ ਬੀਬੀ ਛੇ ਸਾਲ ਦੀ ਸੀ।
ਮੁਰਾਦ ਬਲੋਚ ਰਾਂਝੇ ਦੇ ਸਕੇ ਮਾਮੇ ਦਾ ਪੁੱਤਰ ਸੀ ਅਤੇ ਉਸ ਨਾਲ ਬਹੁਤ ਸਨੇਹ ਰੱਖਦਾ ਸੀ। ਜਿਸ ਸਮੇਂ ਰਾਂਝੇ ਦਾ ਨਿਕਾਹ ਹੋਇਆ, ਉਸ ਸਮੇਂ ਮੁਰਾਦ ਦੀ ਉਮਰ ਪੰਦਰਾਂ ਸਾਲ ਦੇ ਨੇੜੇ ਸੀ ਅਤੇ ਉਹ ਰਾਂਝੇ ਦੇ ਨਿਕਾਹ ਵਿਚ ਵੀ ਸ਼ਾਮਲ ਹੋਇਆ ਸੀ। ਇਹ ਨਿਕਾਹ ਕਾਜ਼ੀ ਸ਼ਮਸੂਦੀਨ ਨੇ ਪੜ੍ਹਾਇਆ ਸੀ। ਜਦੋਂ ਹੀਰ ਅਤੇ ਰਾਂਝਾ ਜਵਾਨ ਹੋਏ ਤਾਂ ਬਦਕਿਸਮਤੀ ਨਾਲ ਹੀਰ ਨੂੰ ਸਹੁਰੇ ਤੋਰਨ ਤੋਂ ਪਹਿਲਾਂ ਉਸ ਦਾ ਪਿਤਾ ਚੂਚਕ ਖਾਂ 5 ਰਮਜ਼ਾਨ ਸੰਨ 881 ਹਿਜਰੀ ਨੂੰ ਫ਼ੌਤ ਹੋ ਗਿਆ।
ਚੂਚਕ ਦੀ ਮੌਤ ਤੋਂ ਬਾਅਦ ਹੀਰ ਦੇ ਮਾਮੇ ਕਾਦਰ ਖਾਂ ਜਿਸ ਨੂੰ ਇਤਿਹਾਸ ਵਿਚ ਕੈਦੋਂ ਲੰਗੜਾ ਦੇ ਨਾਂ ਨਾਲ ਸੱਦਿਆ ਜਾਂਦਾ ਹੈ, ਦੇ ਮਨ ਵਿਚ ਖੋਟ ਆ ਗਈ। ਉਸ ਨੇ ਆਪਣੀ ਭੈਣ ਮਲਾਇਕਾ ਖਾਤੂਨ (ਹੀਰ ਦੀ ਮਾਂ) ਨੂੰ ਇਸ ਗੱਲ ਲਈ ਰਾਜ਼ੀ ਕਰ ਲਿਆ ਕਿ ਰਾਂਝੇ ਨਾਲੋਂ ਹੀਰ ਦਾ ਨਿਕਾਹ ਤੋੜ ਕੇ ਆਪਣੇ ਭਤੀਜੇ ਸੈਦੇ ਖੇੜੇ ਨਾਲ ਕਰ ਦਿੱਤਾ ਜਾਵੇ ਤਾਂ ਜੋ ਹੀਰ ਦੇ ਹਿੱਸੇ ਦੀ ਵੱਡੀ ਜਾਗੀਰ ਰਾਂਝਿਆਂ ਦੀ ਥਾਂ ਖੇੜਿਆਂ ਨੂੰ ਮਿਲ ਜਾਵੇ। ਇਸ ਕੰਮ ਲਈ ਕਾਦਰ ਖਾਂ ਨੇ ਚਨਿਊਟ ਦੇ ਕਾਜ਼ੀ ਨੂਰ ਉਦ ਦੀਨ ਨੂੰ ਗੰਢ ਕੇ ਉਸ ਤੋਂ ਫਤਵਾ ਲੈ ਲਿਆ ਕਿ ਬਾਲ ਉਮਰ ਵਿਚ ਹੀਰ ਦਾ ਨਿਕਾਹ ਹੋਇਆ ਹੀ ਨਹੀਂ ਅਤੇ ਫ਼ਤਵੇ ਦੀ ਕਾਪੀ ਰਾਂਝੇ ਦੇ ਪਿਤਾ ਮੌਜਦਾਰ ਖਾਂ ਕੋਲ ਭੇਜ ਕੇ ਹੀਰ ਦਾ ਨਿਕਾਹ ਤੋੜਨ ਦਾ ਐਲਾਨ ਕਰ ਦਿੱਤਾ।
ਪੁੱਤਰ ਦੇ ਰਿਸ਼ਤੇ ਨੂੰ ਜਵਾਬ ਹੋਇਆ ਸੁਣ ਕੇ ਚੌਧਰੀ ਮੌਜਦਾਰ ਖਾਂ ਆਪਣੀ ਬੇਇਜ਼ਤੀ ਬਰਦਾਸ਼ਤ ਨਾ ਕਰ ਸਕਿਆ ਅਤੇ ਬਿਮਾਰ ਰਹਿਣ ਲੱਗਿਆ। ਸਦਮੇ ਦੀ ਇਸ ਬਿਮਾਰੀ ਨਾਲ ਉਸ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਰਾਂਝੇ ਦੀ ਮਾਂ ਨਿਸਬਤ ਬਾਨੋ ਵੀ ਸਫ਼ਰ ਦੇ ਮਹੀਨੇ ਦੀ 25 ਤਾਰੀਖ ਸੰਨ 882 ਹਿਜਰੀ ਨੂੰ ਫ਼ੌਤ ਹੋ ਗਈ ਅਤੇ ਰਾਂਝਾ ਯਤੀਮ ਹੋ ਗਿਆ।
ਪਿਤਾ ਦੀ ਮੌਤ ਤੋਂ ਬਾਅਦ ਰਾਂਝੇ ਦੇ ਮਤਰੇਏ ਭਰਾਵਾਂ ਨੂੰ ਮੌਕਾ ਮਿਲ ਗਿਆ। ਉਨ੍ਹਾਂ ਨੇ ਮਹਿਕਮਾ ਮਾਲ ਦੇ ਅਫ਼ਸਰਾਂ ਨਾਲ ਮਿਲ ਕੇ ਚੰਗੀ ਜ਼ਮੀਨ ਆਪਣੇ ਨਾਂ ਲਗਵਾ ਲਈ ਅਤੇ ਮਾੜੀ ਜ਼ਮੀਨ ਰਾਂਝੇ ਲਈ ਛੱਡ ਦਿੱਤੀ। ਜਦੋਂ ਭਰਾ ਰਾਂਝੇ ਨਾਲ ਜ਼ਿਆਦਾ ਈਰਖਾ ਰੱਖਣ ਲੱਗੇ ਤਾਂ ਮੁਰਾਦ ਬਲੋਚ ਜਿਹੜਾ ਰਾਂਝੇ ਦੇ ਮਾਮੇ ਦਾ ਪੁੱਤਰ ਸੀ, ਉਸ ਦਾ ਸਹਾਰਾ ਬਣਿਆ। ਉਹ ਰਾਂਝੇ ਦੀ ਜਾਨ ਨੂੰ ਖਤਰਾ ਮਹਿਸੂਸ ਕਰਦਿਆਂ ਉਸ ਦੇ ਹਿੱਸੇ ਦੀ ਜ਼ਮੀਨ ਦਾ ਦੀਵਾਨ ਸੁੰਦਰ ਮੱਲ ਨੂੰ ਬਣਾ ਕੇ ਰਾਂਝੇ ਨੂੰ ਆਪਣੇ ਨਾਲ ਡੇਰਾ ਹੈਬਤ ਖਾਂ ਲੈ ਗਿਆ।