ਪਲ ਪਲ ਸਿਰਜ ਹੁੰਦੀ ਕਵਿਤਾ

ਸੁਰਜੀਤ ਕੈਨੇਡਾ
ਫੋਨ: 905-216-4981

ਧਰਤੀ ਅੰਦਰ ਪਏ ਬੀਜ ‘ਚੋਂ ਅੰਕੁਰ ਫੁੱਟਦਾ ਹੈ ਤਾਂ ਕਵਿਤਾ ਜਨਮ ਲੈਂਦੀ ਹੈ। ਜਦੋਂ ਕਲੀਆਂ ਫੁੱਲ ਬਣ ਖਿੜ ਪੈਂਦੀਆਂ ਨੇ ਤਾਂ ਕਵਿਤਾ ਜਨਮ ਲੈਂਦੀ ਹੈ। ਕੋਈ ਭੌਰਾ ਕਿਸੇ ਕਲੀ ਅੰਦਰ ਘੁੱਟ ਕੇ ਦਮ ਤੋੜ ਦਿੰਦਾ ਹੈ ਤਾਂ ਵੀ ਕਵਿਤਾ ਜਨਮ ਲੈਂਦੀ ਹੈ। ਕੁਦਰਤ ਹਰ ਪਲ ਇਕ ਕਵਿਤਾ ਸਿਰਜਦੀ ਹੈ। ਕਵਿਤਾ ਕਾਇਨਾਤ ਵਿਚ ਵਾਪਰ ਰਹੀ ਹਰ ਖੁਸ਼ੀ-ਗਮੀ ਦਾ ਤਰਜ਼ਮਾ ਹੈ।

ਤੁਰਦੇ-ਫਿਰਦਿਆਂ, ਉਠਦੇ-ਬਹਿੰਦਿਆਂ ਕਵਿਤਾ ਮੇਰੇ ਅੰਗ-ਸੰਗ ਹੁੰਦੀ ਹੈ, ਕਦੇ ਵੀ ਮੇਰਾ ਸਾਥ ਨਹੀਂ ਛੱਡਦੀ। ਸਿਰਹਾਣੇ ਸਿਰ ਰੱਖਣ ਤੋਂ ਲੈ ਕੇ ਨੀਂਦ ਦੀ ਬੁੱਕਲ ਵਿਚ ਜਾਣ ਤੱਕ ਵੀ ਇਹ ਮੇਰੇ ਨਾਲ ਰਲ ਕੇ ਸੁਨਹਿਰੀ ਬਾਤਾਂ ਪਾਉਂਦੀ ਰਹਿੰਦੀ ਹੈ। ਨਵੇਂ ਨਵੇਂ ਸ਼ਬਦ ਘੜਦੀ ਹੈ, ਫਿਕਰੇ ਘੜਦੀ ਹੈ ਅਤੇ ਪੌਣਾਂ ਦੇ ਹਵਾਲੇ ਕਰਦੀ ਹੈ। ਸੁੱਤ-ਉਣੀਦਿਆਂ ਬੜੀ ਕੋਸ਼ਿਸ਼ ਕਰਦੀ ਹਾਂ ਕਿ ਰਟ ਲਵਾਂ ਉਨ੍ਹਾਂ ਉਤਰ ਰਹੀਆਂ ਸਤਰਾਂ ਨੂੰ ਤਾਂ ਕਿ ਸਵੇਰੇ ਇਨ੍ਹਾਂ ਨੂੰ ਸੁਚੱਜੇ ਅੱਖਰਾਂ ‘ਚ ਜੜ ਸਕਾਂ ਪਰ ਉਹ ਤਾਂ ਕਿੱਧਰੇ ਖਲਾਅ ਵਿਚ ਹੀ ਭਟਕ ਜਾਂਦੀਆਂ ਨੇ, ਤੇ ਸਵੇਰੇ ਲੱਭਿਆਂ ਵੀ ਨਹੀਂ ਲੱਭਦੀਆਂ। ਫਿਰ ਨਵੇਂ ਖਿਆਲ, ਨਵੀਂ ਕਵਿਤਾ, ਨਵੇਂ ਸ਼ਬਦ ਅਤੇ ਨਵੀਆਂ ਸਤਰਾਂ ਚੱਲਣ ਲਗਦੀਆਂ ਨੇ। ਕਦੇ ਕਦੇ ਮੈਂ ਕੰਪਿਊਟਰ ‘ਤੇ ਬਹਿ ਜਾਂਦੀ ਹਾਂ ਅਤੇ ਫੜ੍ਹਨ ਲਗਦੀ ਹਾਂ ਆਪਣੇ ਅੰਦਰ ਮੰਡਰਾਉਂਦੀਆਂ ਉਨ੍ਹਾਂ ਰੰਗ-ਬਿਰੰਗੀਆਂ ਤਿਤਲੀਆਂ ਨੂੰ:
ਐਕੁਏਰੀਅਮ ਵਿਚ ਤੜਫਣ ਮੱਛੀਆਂ
ਮੱਥੇ ਵਿਚ ਸੋਨ ਪਰੀ ਜਿਹੀਆਂ ਨਜ਼ਮਾਂ।
ਫੜ੍ਹਨਾ ਚਾਹਾਂ ਤਾਂ ਉਡ-ਉਡ ਆਵਣ
ਸੁਹਲ-ਸਲੋਨੀਆਂ ਸ਼ਬਦ-ਤਿਤਲੀਆਂ!
ਕੀ ਫੜ੍ਹਨਾ ਹੁੰਦਾ ਹੈ? ਕਿਹੜੇ ਜਜ਼ਬਾਤ? ਆਲੇ-ਦੁਆਲੇ ਕਿੰਨਾ ਕੁਝ ਤਾਂ ਵਾਪਰਦਾ ਰਹਿੰਦਾ ਹੈ! ਬੱਸ ਉਹੀ ਸਾਹਾਂ ਦੇ ਨਾਲ ਨਾਲ ਚੱਲਦਾ ਰਹਿੰਦਾ ਹੈ ਅਤੇ ਹੌਲੀ ਹੌਲੀ ਉਤਰ ਜਾਂਦਾ ਹੈ, ਮਨ ਦੀ ਤਖਤੀ ‘ਤੇ। ਕਦੇ ਕੋਈ ਨਿਹੋਰਾ, ਕਦੇ ਕੋਈ ਸਵਾਲ ਅਤੇ ਕਦੇ ਕੋਈ ਪਲ ‘ਵਿਸਮਾਦ’ ਬਣ ਕੇ ਕਵਿਤਾਵਾਂ ਵਿਚ ਰੂਪਮਾਨ ਹੋ ਜਾਂਦੇ ਹਨ। ਸ਼ਬਦਾਂ ਨਾਲ ਸ਼ਬਦ ਜੁੜਦੇ ਜਾਂਦੇ ਹਨ, ਖਿਆਲ ਅੱਗੇ ਅੱਗੇ ਤੁਰਦੇ ਜਾਂਦੇ ਨੇ ਅਤੇ ਕਿਸੇ ਨੂੰ ਬਿਨਾ ਕੁਝ ਦੱਸਿਆਂ ਕਵਿਤਾ ਜਿਹੀ ਸਖੀ ਨੂੰ ਆਪਣਾ ਰਾਜ਼ਦਾਰ ਬਣਾ ਕੇ ਹੌਲੀ ਫੁੱਲ ਹੋ ਜਾਂਦੀ ਹਾਂ। ਹੈ ਨਾ ਇਹ ਕੋਈ ਅਲੋਕਾਰੀ ਗੱਲ!
ਬਹੁਤ ਵਾਰ ਟੁੱਟ ਵੀ ਜਾਂਦੀ ਹਾਂ, ਪਰ ਕਿਸੇ ਨੂੰ ਦੱਸਣ ਦੀ ਹਿੰਮਤ ਹੀ ਨਹੀਂ ਪੈਂਦੀ। ਇਕ ਅਹਿਦ ਜੁ ਹੈ ਆਪਣੇ ਨਾਲ ਕਿ ਹਮੇਸ਼ਾ ਖੁਸ਼ ਰਹਿਣਾ ਹੈ। ਨਾ ਖੁਦ ਨੈਗੇਟਿਵ ਸੋਚਣਾ ਹੈ, ਨਾ ਕਿਸੇ ਨੂੰ ਨੈਗੇਟਿਵਿਟੀ ਦੇਣੀ ਹੈ। ਤੇ ਫੇਰ ਸ਼ੁਰੂ ਹੁੰਦਾ ਹੈ ਅੰਦਰਲਾ ਸਫਰ! ਇਕ ਜੰਗ ਛਿੜਦੀ ਹੈ। ਅੰਦਰ ਅੱਗ ਵਰ੍ਹਦੀ ਹੈ। ਆਲੇ-ਦੁਆਲੇ ਜੋ ਵਾਪਰ ਰਿਹਾ ਹੁੰਦਾ ਹੈ, ਉਸ ਨੂੰ ਵੇਖ ਦਿਲ ਦੁਖਦਾ ਹੈ। ਲੋਕ ਵੇਖਦੇ ਹਨ ਪਰ ਬੋਲਦੇ ਨਹੀਂ। ਮੇਰਾ ਬੜਾ ਜੀਅ ਕਰਦਾ ਹੈ ਕਿ ਮੈਂ ਬੋਲਾਂ ਪਰ ਮੈਂ ਕਲਮ ਚੁੱਕਦੀ ਹਾਂ:
ਮੇਰੇ ਸ਼ਬਦ ਅਜੇ ਜਾਗਦੇ ਨੇ
ਉਹ ਖਾਮੋਸ਼ ਹਨ,
ਚੁੱਪ ਸੁਣਦੀ ਹੈ ਮੈਨੂੰ
ਗੂੰਜਦੀ ਹੈ ਮੇਰੇ ਦੁਆਲੇ
ਸੁਣ ਸਕਦੀ ਹਾਂ ਅਣਕਿਹਾ!

ਡਰ ਦੀ ਇਕ ਪੇਤਲੀ ਜਿਹੀ ਪਰਤ ਹੈ
ਅਣਗਿਣਤ ਚਿਹਰਿਆਂ ‘ਤੇ
ਸਹਿਮ ਦੀ ਇਕ ਸ਼ਿਕਨ ਹੈ
ਉਹ ਖਾਮੋਸ਼ ਹਨ
ਵੇਖ ਸਕਦੀ ਹਾਂ ਮੈਂ!

ਬੇਸ਼ੱਕ ਮੈਂ ਪਰਬਤ ਹਾਂ
ਪਰ ਤਰਲ ਹਾਂ
ਵਹਿ ਸਕਦੀ ਹਾਂ ਲਾਵਾ ਬਣ ਵੀ
ਪਰ ਪਿਘਲਾਂਗੀ ਨਹੀਂ!

ਮੇਰੇ ਅੰਦਰ ਰੋਜ਼
ਨਜ਼ਮਾਂ ਜਨਮ ਲੈਂਦੀਆਂ ਹਨ
ਮੈਂ ਉਨ੍ਹਾਂ ਸੰਗ ਸੰਵਾਦ ਰਚਾਉਣਾ ਹੈ!
ਮੇਰਾ ਇਕ ਅਹਿਦ ਹੈ ਆਪਣੇ ਨਾਲ
ਮੈਂ ਮੌਲਣਾ ਹੈ
ਮੈਂ ਬੋਲਣਾ ਹੈ!

ਬੱਦਲਾਂ ਦੇ ਉਡਦੇ ਟੋਟੇ
ਮੈਨੂੰ ਕੋਈ ਨਵਾਂ ਸੁਨੇਹਾ ਦਿੰਦੇ ਨੇ
ਕਈ ਨਵੇਂ ਮੰਜ਼ਰ
ਮੇਰਾ ਇੰਤਜ਼ਾਰ ਕਰਦੇ ਨੇ
ਰੋਜ਼ ਮੇਰੇ ਵਿਹੜੇ
ਸ਼ਬਦਾਂ ਦੀ ਕਿਣਮਿਣ ਹੁੰਦੀ ਹੈ
ਮੈਂ ਇਕ ਬੱਚੇ ਵਾਂਗ
ਉਸ ਬਾਰਿਸ਼ ‘ਚ ਨਹਾਉਣਾ ਹੈ!

ਬਥੇਰੇ ਬਲੈਕ ਹੋਲ ਨੇ ਬ੍ਰਹਿਮੰਡ ‘ਚ
ਮੇਰੇ ਅੰਬਰੀਂ ਤਾਂ ਕੇਵਲ
ਅਕਾਸ਼ ਗੰਗਾਵਾਂ ਜਿਹੇ ਰਾਹ ਰੌਸ਼ਨ ਨੇ
ਮੈਂ ਇਨ੍ਹਾਂ ਰਾਹਾਂ ‘ਤੇ ਨੱਚ ਨੱਚ
ਹਰ ਰੂਹ ਨੂੰ ਰਿਝਾਉਣਾ ਹੈ
ਮੇਰੇ ਸ਼ਬਦ ਅਜੇ ਜਾਗਦੇ ਨੇ
ਮੈਂ ਇਨ੍ਹਾਂ ਨੂੰ ਕੋਲ ਬਹਾਉਣਾ ਹੈ!

ਉਹ ਖਾਮੋਸ਼ ਹਨ,
ਚੁੱਪ ਸੁਣਦੀ ਹੈ ਮੈਨੂੰ
ਗੂੰਜਦੀ ਹੈ ਮੇਰੇ ਦੁਆਲੇ,
ਬੋਲਣਗੇ ਕੁਝ ਇਹ ਬੁੱਤ ਵੀ ਕਦੇ?
ਇਹੋ ਜਿਹਾ ਰਿਸ਼ਤਾ ਹੈ ਮੇਰਾ ਕਵਿਤਾ ਨਾਲ! ਲਿਖਦਿਆਂ ਲਿਖਦਿਆਂ ਕਵਿਤਾ ਮੇਰੇ ਅੰਦਰਲੇ ਵੇਗ ਨੂੰ ਉਦਾਤ ਕਰ ਜਾਂਦੀ ਹੈ ਅਤੇ ਮੈਂ ਹੌਲੀ ਹੌਲੀ ਸਹਿਜ ਹੁੰਦੀ ਜਾਂਦੀ ਹਾਂ। ਇਹ ਇਕ ਕਿਸਮ ਦਾ ਸਵੈ ਨਾਲ ਲੜਿਆ ਦਵੰਦ-ਯੁੱਧ ਹੁੰਦਾ ਹੈ ਜਿਸ ਵਿਚ ਮੇਰੀ ਹਉਮੈ ਦੇ ਹਾਰਨ ਦੀ ਪ੍ਰਕ੍ਰਿਆ ਚੱਲਦੀ ਚੱਲਦੀ ਜ਼ਿੰਦਗੀ ਪ੍ਰਤੀ ਹਾਂ-ਮੁਖੀ ਰਵੱਈਆ ਅਪਨਾਉਣ ਲੱਗਦੀ ਹੈ।
ਕਿਸ ਲਈ ਲਿਖੀ ਗਈ, ਕਿਸ ਨੂੰ ਸੰਬੋਧਿਤ ਹੈ ਇਹ ਕਵਿਤਾ? ਨਾ ਬਈ ਨਾ! ਇਹ ਤਾਂ ਕਵਿਤਾ ਦਾ ਸੱਚ ਹੈ, ਉਸੇ ਦੇ ਬੋਝੇ ‘ਚ ਹੀ ਲੁਕਿਆ ਰਹੇ ਤਾਂ ਚੰਗਾ ਹੈ। ਐਵੇਂ ਕਾਹਨੂੰ ਝਿੰਜ ਪਾਉਣੀ ਹੈ! ਅਸਾਂ ਕਿਹੜੀ ਜੰਗ ਜਿੱਤਣੀ ਹੈ। ਆਇਆ ਸੀ ਮਾੜਾ ਜਿਹਾ ਰੋਹ ਪਰ ਫਿਰ ਆਪੇ ਸੋਚ ਮੋੜੇ ਪੈ ਗਈ ਅਤੇ ਮੈਨੂੰ ਇਹ ਸਮਝਾ ਗਈ:
ਬਥੇਰੇ ਬਲੈਕ ਹੋਲ ਨੇ ਬ੍ਰਹਿਮੰਡ ‘ਚ
ਪਰ ਮੇਰੇ ਅੰਬਰੀਂ ਤਾਂ ਕੇਵਲ
ਅਕਾਸ਼ ਗੰਗਾਵਾਂ ਜਿਹੇ ਰਾਹ ਰੌਸ਼ਨ ਨੇ।
ਇਸ ਤਰ੍ਹਾਂ ਮੈਂ ਆਪਣੇ ਕਿਸੇ ਵੀ ਰੋਹ ਜਾਂ ਉਦਾਸੀ ਤੋਂ ਉਤਾਂਹ ਉਠ ਜਾਂਦੀ ਹਾਂ, ਇਸ ਦੇ ਪਾਰ ਚਲੀ ਜਾਂਦੀ ਹਾਂ। ਆਪਣੀ ਹਰ ਔਖੀ ਘੜੀ ਕਵਿਤਾ ਦੇ ਹਵਾਲੇ ਕਰ ਆਪ ਮੁਕਤ ਹੋ ਜਾਂਦੀ ਹਾਂ।
ਮੁਹੱਬਤ ਦਾ ਨਾਂ ਲੈਂਦਿਆ ਹੀ ਰੂਹ ਮਹਿਕ ਜਾਂਦੀ ਹੈ। ਕਾਇਨਾਤ ਦੇ ਕਣ ਕਣ ਵਿਚ ਮੁਹੱਬਤ ਬੀਜ ਰੂਪ ਵਿਚ ਵਿਦਮਾਨ ਹੈ। ਮੁਹੱਬਤ ਕੁਝ ਮੰਗਣ ਦੀ ਥਾਂ ਦੇਣ ਦਾ ਨਾਂ ਹੈ ਜਿਸ ਨੂੰ ਅੰਗਰੇਜ਼ੀ ਵਿਚ ‘ੂਨਚੋਨਦਟਿਨਅਲ æੋਵe’ (ਬਿਨਾ ਸ਼ਰਤ ਮੁਹੱਬਤ) ਆਖਦੇ ਨੇ। ਕੁਦਰਤ ਆਪਣੇ ਜੀਵਾਂ ਨਾਲ ਇਹੋ ਜਿਹੀ ਹੀ ਮੁਹੱਬਤ ਕਰਦੀ ਹੈ। ਮੁਹੱਬਤ ਵਿਚ ਪਿਆਰੇ ‘ਤੇ ਮਰ ਮਿਟਣ ਦਾ ਜਜ਼ਬਾ ਹੁੰਦਾ ਹੈ। ਬਹੁਤ ਮਿਸਾਲਾਂ ਨੇ ਅਜਿਹੀਆਂ, ਜਦੋਂ ਮੁਹੱਬਤ ਪਿੱਛੇ ਜਾਨ ਕੁਰਬਾਨ ਕਰ ਦਿੱਤੀ ਗਈ। ਪਰ ਕਈ ਵੇਰ ਮੁਹੱਬਤ ਕਿਸੇ ਦੇ ਮੇਚ ਨਹੀਂ ਆਉਂਦੀ, ਖਾਸ ਕਰ ਕੁੜੀਆਂ ਦੇ। ਉਹ ਇਕ-ਪਾਸੜ ਹੋ ਕੇ ਰਹਿ ਜਾਂਦੀ ਹੈ। ਕੋਈ ਕੋਮਲ-ਭਾਵੀ ਇਸਤਰੀ ਜਦੋਂ ਕਿਸੇ ‘ਮਰਦ’ ਦੇ ਰਿਸ਼ਤੇ ਵਿਚੋਂ ਮੋਹ-ਭਿੱਜੇ ਸਾਥੀ ਨੂੰ ਭਾਲਦੀ ਹੈ ਪਰ ਉਹ ਉਸ ਦੀ ਦੇਹ ਤੋਂ ਅੱਗੇ ਨਹੀਂ ਸੋਚ ਸਕਦਾ ਤਾਂ ਅਮ੍ਰਿਤਾ ਦੇ ਕਹਿਣ ਵਾਂਗ ਔਰਤ ‘ਅਰਧ-ਕੁਆਰੀ’ ਰਹਿ ਜਾਂਦੀ ਹੈ। ਇਹੋ ਜਿਹੀਆਂ ਕਹਾਣੀਆਂ ਸੁਣਾਉਂਦੀਆਂ, ਪਿਆਰ ਦੀਆਂ ਭੁੱਖੀਆਂ ਔਰਤ-ਰੂਹਾਂ ਨੂੰ ਮੈਂ ਟੁੱਟ-ਟੁੱਟ ਕੇ ਰੋਂਦੇ ਤੱਕਿਆ ਹੈ। ਦਿਲ ਵਿਚ ਇਕ ਆਰੀ ਜਿਹੀ ਫਿਰ ਜਾਂਦੀ ਹੈ ਅਤੇ ਬੱਸ ਇੰਨਾ ਹੀ ਕਹਿ ਹੋਇਆ:
ਕੁੜੀ ਤਾਂ ਝੱਲੀ ਸੀ
ਕੁੜੀ ਚਾਹੁੰਦੀ ਸੀ ਕਿ
ਉਹ ਉਸ ਦੀਆਂ ਤਲੀਆਂ ‘ਤੇ
ਦੁੱਧ-ਚਿੱਟੀ ਚਾਨਣੀ ਦੇ ਫੇਹੇ ਰੱਖੇ
ਉਸ ਨੂੰ ਮੋਹ ਦੀਆਂ ਨਜ਼ਰਾਂ ਨਾਲ ਤੱਕੇ
ਤੇ ਗੁਆਚਿਆ ਰਹੇ
ਉਸੇ ਪਲ ਦੇ ਤਲਿੱਸਮ ‘ਚ!

ਰਾਤ ਦੀ ਰਾਣੀ ਮਹਿਕਦੀ ਰਹੇ
ਤ੍ਰੇਲ ਦੇ ਤੁਪਕਿਆਂ ਦੀਆਂ
ਨਰਮ ਆਬਸ਼ਾਰਾਂ ਵਿਚ
ਖਾਮੋਸ਼ੀ ਉਨ੍ਹਾਂ ਨੂੰ ਭਿਉਂਦੀ ਰਹੇ!

ਹੌਲੀ ਹੌਲੀ
ਜੁੜੀਆਂ ਤਲੀਆਂ ਦਾ
ਅਹਿਸਾਸ ਵਿਸਰ ਜਾਵੇ,
ਉਨ੍ਹਾਂ ਦੇ ਸਾਹਾਂ ਦੀ ਸਰਗਮ
ਕਾਇਨਾਤ ਦੀ ਤਾਲ ‘ਤੇ
ਕੋਈ ਰਾਗਨੀ ਗਾਵੇ!

ਬੱਸ ਇਹੀ ਤਾਂ ਚਾਹੁੰਦੀ ਸੀ
ਉਹ ਝੱਲੀ ਕੁੜੀ!!

ਕਿਉਂ ਕਦੇ ਦੇਹੀ ਤੋਂ ਪਾਰ
ਉਸ ਦੀ ਰੂਹ ਤੱਕ
ਨਾ ਪਹੁੰਚ ਸਕਿਆ ਉਹ?
ਸਾਰੀ ਰਾਤ ਸੋਚਦੀ ਰਹੀ
ਉਹ ਝੱਲੀ ਕੁੜੀ!!
ਸੋਚ ਮਚਲਦੀ ਰਹਿੰਦੀ ਹੈ। ਕਈ ਵੇਰ ਯਥਾਰਥ ਤੋਂ ਪਾਰ ਤਸੱਵਰ ਦੀਆਂ ਵਾਦੀਆਂ ‘ਚ ਘੁੰਮਣ ਲੱਗਦੀ ਹੈ। ਉਸ ਨੂੰ ਨਦੀਆਂ ਆਪਣੇ ਵੱਲ ਬੁਲਾਉਂਦੀਆਂ ਨੇ। ਖਿੜੀਆਂ ਧੁੱਪਾਂ ਨਾਲ ਕਲੋਲਾਂ ਕਰਨ ਨੂੰ ਜੀਅ ਕਰਦਾ ਹੈ। ਰੇਤ ‘ਚ ਨਹਾਉਂਦੀਆਂ ਚਿੜੀਆਂ ਦੇ ਪਿੱਛੇ ਭੱਜਣ ਨੂੰ ਜੀਅ ਕਰਦਾ ਹੈ। ਪੱਥਰਾਂ ‘ਤੇ ਬੈਠ ਪਰਬਤਾਂ ਦੇ ਤਲਿੱਸਮ ਨੂੰ ਮਾਣਨ ਲਈ ਜੀਅ ਕਰਦਾ ਹੈ। ਸੁਪਨੇ ਉਸ ਨੂੰ ਸੱਚ ਲਗਦੇ ਨੇ ਤੇ ਤਸਵੀਰਾਂ ਜਾਗ ਜਾਂਦੀਆਂ ਨੇ, ਬੋਲ ਉਠਦੀਆਂ ਨੇ। ਪਲ ਵਿਚ ਹੀ ਉਹ ਬੋਲ ਕਵਿਤਾ ਦਾ ਰੂਪ ਧਾਰ ਲੈਂਦੇ ਨੇ:
ਤਸਵੀਰ
ਤੇਰੇ ਹੱਥ ਵਾਈਨ ਦਾ ਗਿਲਾਸ
ਮੇਰੇ ਹੱਥ ਐਪਲ ਸਾਈਡਰ ਦਾ ਪੀਲਾ ਕੱਪ
ਕਿਸੇ ਕੈਨੇਡੀਅਨ ਟਾਊਨ ਦੇ
ਰੇਸਤੋਰਾਂ ਵਿਚ ਬੈਠੇ
ਅਸੀਂ ਦੋਵੇਂ ਟੋਸਟ ਕਰ ਰਹੇ ਹਾਂ!

ਤੂੰ ਮੇਰੇ ਵੱਲ ਵੇਖ ਰਿਹੈਂ
ਮੈਂ ਖਲਾਅ ਵਿਚ ਤੱਕ ਰਹੀ ਹਾਂ!
ਤੇਰੇ ਬੁੱਲ੍ਹਾਂ ‘ਤੇ ਇਕ ਸਹਿਜ ਮੁਸਕਾਨ ਹੈ
ਤੇ ਮੇਰੀ ਮੁਸਕਾਨ ਵਿਚ
ਕੈਮਰੇ ਦੀ ਅੱਖ ਦਾ ਫਿਕਰ ਝਲਕਦੈ!

ਪਿੱਛੇ ‘ਕ੍ਰਿਸਮਸ ਦੀ ਡੈਕੋਰੇਸ਼ਨ’
ਲਾਲ ਹਰੇ ਲਟਕਦੇ ‘ਰੀਥ’
ਰੌਸ਼ਨੀਆਂ ਦੇ ਮਰਕਜ਼
ਸ਼ੀਸ਼ਿਆਂ ਦੇ ਪਾਰ ਦਿਸਦੇ
ਪਿੱਠ ‘ਤੇ ਚਿਪਕੇ ਕਈ ਹੋਰ ਚਿਹਰੇ।

ਤਸਵੀਰ ਦੇ ਉਰਾਰ-ਪਾਰ
ਬਹੁਤ ਕੁਛ ਹੈ ਹੋਰ
ਜੋ ਠਹਿਰਿਆ ਹੋਇਆ ਹੈ
ਕਿਤੇ ਪਿਛਾਂਹ, ਬਹੁਤ ਦੂਰ
ਕਿੱਲੀ ‘ਤੇ ਪੁੱਠਾ ਲਟਕਿਆ ਵਕਤ
ਲੰਮੀਆਂ ਪਗਡੰਡੀਆਂ
ਧੁੱਪਾਂ-ਛਾਂਵਾਂ ਦੇ ਪਰਛਾਂਵੇਂ
ਹਾਸੇ ਤੇ ਉਦਰੇਵੇਂ!

ਤਸਵੀਰ ਵਿਚ ਹੁਸਨ ਹੈ
ਠਹਿਰਿਆ ਹੋਇਆ ਸਮਾਂ ਹੈ
ਖੂਬਸੂਰਤ ਜ਼ਿੰਦਗੀ ਧੜਕਦੀ ਹੈ
ਜੋ ਵਾਪਰ ਰਹੀ ਹੈ ਹੁਣ
ਤੇ ਵਾਪਰਦੀ ਰਹੇਗੀ ਇਵੇਂ ਹੀ ਸਦਾ!
ਕਵਿਤਾ ਦਾ ਵਿਹੜਾ ਬਹੁਤ ਮੋਕਲਾ ਹੈ। ਇਸ ਵੇਗ ਨੂੰ ਕਿਸੇ ਵਲਗਣ ਵਿਚ ਵਲ ਲੈਣਾ ਜਾਂ ਬੰਦਿਸ਼ਾਂ ਵਿਚ ਬੰਨ ਲੈਣਾ, ਮੇਰੇ ਵੱਸ ਵਿਚ ਨਹੀਂ। ਕਵਿਤਾ ਇਵੇਂ ਹੀ ਕਦੇ ਲੁੱਕਣ-ਮੀਟੀ ਖੇਡਦੀ ਹੈ ਮੇਰੇ ਨਾਲ, ਕਦੇ ਮੈਂ ਉਸ ਨੂੰ ਆਖਦੀ ਹਾਂ, ‘ਆਹ! ਲੈ ਫੜ੍ਹ ਲਿਆ।’ ਪਲ ਪਲ ਸਿਰਜ ਹੁੰਦੀ ਕਵਿਤਾ ਦੀ ਇਹ ਖੇਡ ਨਿਰੰਤਰ ਜਾਰੀ ਹੈ ਤੇ ਜਾਰੀ ਰਹੇਗੀ, ਜਦੋਂ ਤੱਕ ਮੇਰੇ ਸ਼ਬਦ ਜਾਗਦੇ ਨੇ। ਆਮੀਨ!