ਦੋ ਖ਼ਬਰਾਂ ਨਾਲੋ-ਨਾਲ ਆਈਆਂ ਜਿਨ੍ਹਾਂ ਨੇ ਧਿਆਨ ਖਿੱਚਿਆ ਹੈ। ਕਿਸੇ ਸ਼ਹਿਰ ਵਿਚ ਪਤੀ ਨੇ ਬਾਕਾਇਦਾ ਕਾਗ਼ਜ਼ੀ ਕਾਰਵਾਈ ਕਰਕੇ ਆਪਣੀ ਪਤਨੀ ਵੇਚ ਦਿੱਤੀ। ਦੂਜੀ ਖ਼ਬਰ ਇਹ ਹੈ ਕਿ ਪਤਨੀ ਪੀੜਤ ਪਤੀਆਂ ਨੇ ਸ਼ਹਿਰ ਵਿਚ ਜਲੂਸ ਕੱਢ ਕੇ ਆਪਣੇ ਦੁੱਖਾਂ ਬਾਰੇ ਪਰਚੇ ਵੰਡੇ। ਅੰਗਰੇਜ਼ੀ ਨਾਵਲਕਾਰ ਥੌਮਸ ਹਾਰਡੀ ਦਾ ਨਾਵਲ ‘ਮੇਅਰ ਆਫ਼ ਕੈਸਟਰਬ੍ਰਿਜ’ ਬੜਾ ਮਸ਼ਹੂਰ ਹੋਇਆ ਹੈ। ਇਸ ਨਾਵਲ ਉਪਰ ਅੰਗਰੇਜ਼ੀ ਫ਼ਿਲਮ ਵੀ ਬਣੀ।
ਇਸ ਨਾਵਲ ਤੋਂ ਪ੍ਰੇਰਿਤ ਹੋ ਕੇ ਯਸ਼ਰਾਜ ਚੋਪੜਾ ਨੇ ਹਿੰਦੀ ਫ਼ਿਲਮ ‘ਦਾਗ’ ਬਣਾਈ ਸੀ। ਨਾਵਲ ਵਿਚ ਪਤਨੀ ਨੂੰ ਵੇਚਣ ਵਾਲਾ ਆਦਮੀ ਭਵਿਖ ਵਿਚ ਸ਼ਹਿਰ ਦਾ ਮੇਅਰ ਬਣ ਜਾਂਦਾ ਹੈ ਅਤੇ ਮੁੜ ਵਿਆਹ ਕਰਵਾ ਲੈਂਦਾ ਹੈ। ਉਸ ਵੱਲੋਂ ਵੇਚੀ ਗਈ ਪਤਨੀ ਕਈ ਸਾਲਾਂ ਬਾਅਦ ਉਸ ਦੇ ਸਾਹਮਣੇ ਆਉਂਦੀ ਹੈ ਤਾਂ ਹਾਲਤ ਕਸੂਤੀ ਬਣ ਜਾਂਦੀ ਹੈ। ਕਈ ਸਾਲ ਪਹਿਲਾਂ ਇਕ ਸੀਨੀਅਰ ਪੱਤਰਕਾਰ ਨੇ ਪ੍ਰੈੱਸ ਕਾਨਫ਼ਰੰਸ ਵਿਚ ਇਕ ਕਬਾਇਲੀ ਲੜਕੀ ਨੂੰ ਸਾਹਮਣੇ ਲਿਆਂਦਾ ਸੀ ਜਿਸ ਕਾਰਨ ਕਾਫ਼ੀ ਹੰਗਾਮਾ ਹੋਇਆ ਸੀ। ਇਹ ਮਸਲਾ ਵੀ ਔਰਤਾਂ ਦੀ ਖ਼ਰੀਦੋ-ਫਰੋਖ਼ਤ ਦਾ ਹੀ ਸੀ।
ਇਸ ਵਿਸ਼ੇ ਉਤੇ ਫ਼ਿਲਮਕਾਰ ਜਗਮੋਹਨ ਮੁੰਦੜਾ ਨੇ ‘ਕਮਲਾ’ ਨਾਂ ਦੀ ਫਿਲਮ ਬਣਾਈ ਸੀ। ਫ਼ਿਲਮ ਦੇ ਇਕ ਦ੍ਰਿਸ਼ ਵਿਚ ਕਬਾਇਲੀ ਲੜਕੀ ਪੱਤਰਕਾਰ ਕੁੜੀ ਨੂੰ ਸਵਾਲ ਕਰਦੀ ਹੈ ਕਿ ਉਸ ਨੂੰ ਕਿੰਨੇ ਵਿਚ ਖ਼ਰੀਦਿਆ ਗਿਆ ਹੈ? ਉਸ ਲੜਕੀ ਨੂੰ ਤਾਂ ਇਹੀ ਲਗਦਾ ਹੈ ਕਿ ਔਰਤਾਂ ਦੀ ਖ਼ਰੀਦੋ-ਫਰੋਖ਼ਤ ਆਮ ਗੱਲ ਹੈ। ‘ਕਮਲਾ’ ਫ਼ਿਲਮ ਵਿਚ ਕਮਲਾ ਦੀ ਭੂਮਿਕਾ ਦੀਪਤੀ ਨਵਲ ਨੇ ਨਿਭਾਈ ਸੀ।
ਅੰਗਰੇਜ਼ੀ ਵਿਚ ਬਣੀ ਫ਼ਿਲਮ ‘ਇਨਡੀਸੈਂਟ ਪ੍ਰੋਪੋਜਲ’ ਵਿਚ ਇਕ ਬੰਦਾ ਕੈਸੀਨੋ ਵਿਚ ਆਪਣਾ ਸਾਰਾ ਪੈਸਾ ਹਾਰ ਜਾਂਦਾ ਹੈ। ਜਿੱਤਣ ਵਾਲਾ ਮਾੜੀ ਸੋਚ ਵਾਲਾ ਸੀ। ਉਹ ਹਾਰਨ ਵਾਲੇ ਨੂੰ ਆਖਦਾ ਹੈ ਕਿ ਜੇ ਉਸ ਦੀ ਪਤਨੀ ਇਕ ਹਫ਼ਤਾ ਉਸ ਕੋਲ ਰਹੇ ਤਾਂ ਉਹ ਜਿੱਤੀ ਹੋਈ ਸਾਰੀ ਰਕਮ ਉਸ ਨੂੰ ਵਾਪਸ ਕਰ ਦੇਵੇਗਾ। ਹਤਾਸ਼ ਹੋਇਆ ਹਾਰਿਆ ਪਤੀ ਇਸ ਸੌਦੇ ਲਈ ਮੰਨ ਜਾਂਦਾ ਹੈ ਪਰ ਸੁਰਤ ਆਉਣ ‘ਤੇ ਇਹ ਸੌਦਾ ਤੋੜਨ ਲਈ ਭੱਜਦਾ ਹੈ। ਉਦੋਂ ਤੱਕ ਹੈਲੀਕਾਪਟਰ ਉਡ ਚੁੱਕਾ ਹੈ। ਜਿੱਤਣ ਵਾਲਾ ਇਹ ਗੱਲ ਸਮਝ ਜਾਂਦਾ ਹੈ ਕਿ ਇਨ੍ਹਾਂ ਦੋਹਾਂ (ਪਤੀ-ਪਤਨੀ) ਵਿਚਕਾਰ ਡੂੰਘਾ ਪ੍ਰੇਮ ਹੈ। ਪਤੀ ਕੈਸੀਨੋ ਵਿਚ ਆਰਥਿਕ ਮੰਦੀ ਤੋਂ ਉਭਰਨ ਲਈ ਆਇਆ ਸੀ ਪਰ ਉਲਟ ਹੋ ਗਿਆ। ਉਂਜ, ਜਿੱਤਣ ਵਾਲੇ ਨੇ ਦੋ ਦਿਨਾਂ ਵਿਚ ਉਸ ਦੀ ਪਤਨੀ ਨੂੰ ਛੋਹਿਆ ਤੱਕ ਨਹੀਂ ਪਰ ਹਾਰੇ ਹੋਏ ਪਤੀ ਨੇ ਪਤਨੀ ਵਾਪਸ ਮਿਲਣ ਤੋਂ ਬਾਅਦ ਉਸ ਨਾਲ ਦੂਰੀ ਬਣਾ ਲਈ। ਉਸ ਦੇ ਮਨ ਅੰਦਰ ਇਹੀ ਗੱਲ ਬੈਠ ਗਈ ਕਿ ਉਹ ਕਿਸੇ ਨਾਲ ਰਹਿ ਕੇ ਆਈ ਹੈ। ਮਰਦਾਂ ਦੀ ਇਸੇ ਬਿਮਾਰ ਸੋਚ ਨੂੰ ‘ਸੰਗਮ’ ਦੇ ਸੰਵਾਦ ਵਿਚ ਦਰਸਾਇਆ ਗਿਆ ਹੈ। ਪਤੀ ਕਹਿੰਦਾ ਹੈ ਕਿ ਉਹ ਆਪਣੀ ਪਤਨੀ ਨੂੰ ਛੂਹਣ ਲਗਦਾ ਹੈ ਤਾਂ ਇਸ ਤਰ੍ਹਾਂ ਦੀ ਨਫ਼ਰਤ ਨਾਲ ਭਰ ਜਾਂਦਾ ਹੈ ਕਿ ਇਸ ਸਰੀਰ ਨੂੰ ਕਿਸੇ ਹੋਰ ਨੇ ਪਹਿਲਾਂ ਛੋਹਿਆ ਹੈ।
ਇਸ ਤਰ੍ਹਾਂ ਦੀ ਛੋਟੀ ਸੋਚ ਨੂੰ ਅਸੀਂ ‘ਮਹਾਭਾਰਤ’ ਵਿਚ ਦੇਖ ਚੁੱਕੇ ਹਾਂ। ਧਰਮਰਾਜ ਯੁਧਿਸ਼ਟਰ ਨੇ ਦ੍ਰੋਪਦੀ ਨੂੰ ਜੂਏ ਵਿਚ ਦਾਅ ‘ਤੇ ਲਾ ਦਿੱਤਾ ਸੀ ਜੋ ਪੰਜ ਭਾਈਆਂ ਦੀ ਸਾਂਝੀ ਪਤਨੀ ਸੀ। ਗੰਧਾਰੀ ਦੇ ਕਹਿਣ ‘ਤੇ ਦ੍ਰੋਪਦੀ ਵਾਪਸ ਕਰ ਦਿੱਤੀ ਗਈ ਪਰ ਯੁਧਿਸ਼ਟਰ ਦੁਬਾਰਾ ਉਸ ਨੂੰ ਹਾਰ ਗਿਆ। ਫ਼ਿਲਮ ‘ਕਾ ਔਰ ਕੀ’ ਵਿਚ ਭੂਮਿਕਾਵਾਂ ਦਾ ਫੇਰਬਦਲ ਕਰ ਕੇ ਪੇਸ਼ ਕੀਤਾ ਗਿਆ ਹੈ; ਭਾਵ ਪਤੀ ਪਤਨੀ ਵਾਲੇ ਅਤੇ ਪਤਨੀ ਪਤੀ ਵਾਲੇ ਸਾਰੇ ਕੰਮ ਕਰਦੇ ਹਨ। ਪਤੀ ਘਰ ਦਾ ਖਾਣਾ ਬਣਾਉਣ ਤੋਂ ਲੈ ਕੇ ਹੋਰ ਸਾਰੇ ਘਰੇਲੂ ਕੰਮ ਕਰਦਾ ਹੈ ਅਤੇ ਪਤਨੀ ਦਫ਼ਤਰ ਵਿਚ ਕੰਮ ਕਰਕੇ ਘਰ ਦਾ ਖ਼ਰਚ ਚਲਾਉਂਦੀ ਹੈ। ਪ੍ਰੇਮ ਵਿਆਹ ਵਿਚ ਇਹ ਮਹਿਸੂਸ ਕੀਤਾ ਗਿਆ ਕਿ ਸ਼ਾਦੀ ਤੋਂ ਬਾਅਦ ਪਤਨੀ ਪ੍ਰੇਮਿਕਾ ਨਹੀਂ ਰਿਹ ਜਾਂਦੀ। ਸਵਾਲ ਇਹ ਵੀ ਹੈ ਕਿ ਵਿਆਹ ਤੋਂ ਬਾਅਦ ਪਤੀ ਆਪਣੀ ਪਤਨੀ ਨੂੰ ਪਹਿਲਾਂ ਵਾਂਗ ਪ੍ਰੇਮ-ਪੱਤਰ ਕਿਉਂ ਨਹੀਂ ਲਿਖਦੇ? ਇਨ੍ਹਾਂ ਸਾਰੀਆਂ ਫਿਲਮਾਂ ਅੰਦਰ ਇਹ ਰਿਸ਼ਤੇ ਵੱਖਰੇ-ਵੱਖਰੇ ਢੰਗ ਨਾਲ ਪੇਸ਼ ਹੋਏ ਹਨ। -ਜੈਪ੍ਰਕਾਸ਼ ਚੌਕਸੇ