ਅੰਮ੍ਰਿਤਸਰ: ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜਗਤਾਰ ਸਿੰਘ ਹਵਾਰਾ ਨੂੰ ਹੁਣ ਜੇਲ੍ਹ ਨੰਬਰ ਅੱਠ ਵਿਚੋਂ ਬਦਲ ਕੇ ਜੇਲ੍ਹ ਨੰਬਰ ਤਿੰਨ ਦੀ ਚੱਕੀ ਵਿਚ ਬੰਦ ਕਰ ਦਿੱਤਾ ਗਿਆ ਹੈ। ਇਸ ਚੱਕੀ ਵਿਚ ਫਾਂਸੀ ਤੋਂ ਪਹਿਲਾਂ ਅਫ਼ਜ਼ਲ ਗੁਰੂ ਨੂੰ ਰੱਖਿਆ ਗਿਆ ਸੀ। ਇਸ ਦਾ ਖੁਲਾਸਾ ਸਿੱਖ ਆਗੂ ਬਲਜੀਤ ਸਿੰਘ ਖਾਲਸਾ ਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ ਹੈ ਜਿਨ੍ਹਾਂ ਨੇ ਅੱਠ ਮਾਰਚ ਨੂੰ ਹਵਾਰਾ ਨਾਲ ਮੁਲਾਕਾਤ ਕੀਤੀ ਸੀ।
ਭਾਈ ਧਰਮ ਸਿੰਘ ਕਾਸ਼ਤੀਵਾਲ ਟਰਸੱਟ ਦੇ ਆਗੂ ਤੇ ਵੰਗਾਰ ਪੱਤ੍ਰਿਕਾ ਦੇ ਸੰਪਾਦਕ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਅਕਸਰ ਵੱਖ-ਵੱਖ ਜੇਲ੍ਹਾਂ ਵਿਚ ਬੰਦ ਸਿੱਖ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਥਿਤੀ ਦਾ ਪਤਾ ਕਰਦੇ ਰਹਿੰਦੇ ਹਨ। ਇਸੇ ਤਹਿਤ ਉਨ੍ਹਾਂ ਅੱਠ ਮਾਰਚ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਹਵਾਰਾ ਨੂੰ ਹੁਣ ਜੇਲ੍ਹ ਨੰਬਰ ਤਿੰਨ ਦੀ ਚੱਕੀ ਵਿਚ ਬੰਦ ਕਰ ਦਿੱਤਾ ਗਿਆ ਹੈ। ਜੇਲ੍ਹ ਦੇ ਇਸ ਅਹਾਤੇ ਵਿੱਚ ਉਹ ਇਕੱਲਾ ਹੀ ਬੰਦ ਹੈ ਤੇ ਬਾਕੀ ਅਹਾਤਾ ਖਾਲੀ ਹੈ। ਇੱਥੇ ਹੀ ਅਫ਼ਜ਼ਲ ਗੁਰੂ ਤੇ ਮਕਬੂਲ ਬੱਟ ਦੀਆਂ ਕਬਰਾਂ ਵੀ ਹਨ। ਗੁਰੂ ਨੂੰ ਇਸ ਚੱਕੀ ਵਿਚੋਂ ਕੱਢ ਕੇ ਨੌਂ ਫਰਵਰੀ ਨੂੰ ਫਾਂਸੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਜਦੋਂ ਹਵਾਰਾ ਨੂੰ ਜੇਲ੍ਹ ਨੰਬਰ ਅੱਠ ਦੀ ਚੱਕੀ ਵਿਚ ਬੰਦ ਕੀਤਾ ਗਿਆ ਸੀ ਤਾਂ ਉਥੇ ਉਸ ਨੂੰ 24 ਘੰਟੇ ਬੰਦ ਰੱਖਿਆ ਜਾਂਦਾ ਸੀ ਜਦਕਿ ਉਸ ਜੇਲ੍ਹ ਵਿਚ ਕੈਦੀਆਂ ਲਈ ਦੋ ਵਾਰ ਬੰਦੀ ਖੁੱਲ੍ਹਦੀ ਹੈ। ਉਨ੍ਹਾਂ ਦੱਸਿਆ ਕਿ ਹਵਾਰਾ ਨੂੰ ਜਿਸ ਚੱਕੀ ਵਿਚ ਬੰਦ ਕੀਤਾ ਗਿਆ ਹੈ, ਉਥੇ ਹੁਣ ਜੇਲ੍ਹ ਕਰਮਚਾਰੀ ਵੀ ਜਾਣ ਤੋਂ ਡਰਦੇ ਹਨ। ਜੇਲ੍ਹ ਕਰਮੀਆਂ ਦਾ ਕਹਿਣਾ ਕਿ ਇਸ ਜੇਲ੍ਹ ਵਿਚ ਫਾਂਸੀ ਦਿੱਤੇ ਜਾਣ ਵਾਲੇ ਕੈਦੀਆਂ ਨੂੰ ਹੀ ਰੱਖਿਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਨੌਜਵਾਨ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੀ ਨੀਤੀ ਤਹਿਤ ਇੰਜ ਵੱਖ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਉਸਦਾ ਹੌਂਸਲਾ ਬੁਲੰਦ ਹੈ। ਉਸ ਨੇ ਆਖਿਆ ਕਿ ਅਫ਼ਜ਼ਲ ਗੁਰੂ ਵਾਲੀ ਚੱਕੀ ਨੂੰ ਉਹ ਇਤਿਹਾਸਕ ਚੱਕੀ ਮੰਨਦਾ ਹੈ। ਜ਼ਿਕਰਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਦੇ ਕਤਲ ਕੇਸ ਵਿੱਚ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜੋਆਣਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ ਪਰ ਰਾਜੋਆਣਾ ਵੱਲੋਂ ਖ਼ੁਦ ਜੁਰਮ ਕਬੂਲ ਕੀਤੇ ਜਾਣ ‘ਤੇ ਉਪਰਲੀ ਅਦਾਲਤ ਨੇ ਹਵਾਰਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਵਿਚ ਤਬਦੀਲ ਕਰ ਦਿੱਤਾ ਸੀ। ਉਸ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ ਮਿਲੀ ਹੈ। ਉਸ ਦੀ ਇਸ ਸਜ਼ਾ ਖ਼ਿਲਾਫ਼ ਸੀਬੀਆਈ ਵੱਲੋਂ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕੀਤੀ ਹੋਈ ਹੈ ਕਿ ਉਸ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
Leave a Reply