ਚੰਡੀਗੜ੍ਹ: ਅਮਰੀਕਾ ਵੱਲੋਂ ਜ਼ੀਰੋ ਟੌਲਰੈਂਸ ਪਾਲਿਸੀ ਤਹਿਤ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਆਵਾਸੀਆਂ ਨੂੰ ਆਪੋ-ਆਪਣੇ ਦੇਸ਼ ਭੇਜਣ ਦੀ ਤਿਆਰੀ ਹੋ ਰਹੀ ਹੈ। ਅਮਰੀਕਾ ਦੀ ਇਸ ਸਖਤੀ ਦਾ ਖਮਿਆਜ਼ਾ ਪੰਜਾਬੀ ਵੀ ਭੁਗਤ ਰਹੇ ਹਨ। ਪਿਛਲੇ ਕੁਝ ਦਿਨਾਂ ਵਿਚ ਹੀ 70 ਪੰਜਾਬੀਆਂ ਨੂੰ ਗ੍ਰਿਫਤਾਰ ਕਰ ਕੇ ਟੈਕਸਾਸ ਦੀ ਓਟੈਰੋ ਜੇਲ੍ਹ ‘ਚ ਰੱਖਿਆ ਗਿਆ ਹੈ। ਪੰਜਾਹ ਪੰਜਾਬੀ ਇਸੇ ਮਹੀਨੇ ਗ੍ਰਿਫਤਾਰ ਕੀਤੇ ਗਏ ਹਨ। ਕਿਸੇ ਵੀ ਤਰੀਕੇ ਅਮਰੀਕਾ ਵਿਚ ਜਾਣ ਦੀ ਖਾਹਿਸ਼ ਲੈ ਕੇ ਏਜੰਟਾਂ ਦੇ ਢਹੇ ਚੜ੍ਹੇ ਅਜਿਹੇ ਨੌਜਵਾਨ ਹੁਣ ਬੁਰੀ ਤਰ੍ਹਾਂ ਘਿਰੇ ਹੋਏ ਹਨ।
ਕੁਲ 123 ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਤੇ ਭਾਰਤੀਆਂ ਨੂੰ ਸ਼ੇਰੀਡਾਨ ਇਲਾਕੇ ਵਿਚੋਂ ਫੜਿਆ ਗਿਆ ਹੈ। ਇਸ ਜੇਲ੍ਹ ਦਾ ਪਿਛਲੇ ਦਿਨੀਂ ਓਰੇਗੋਨ ਦੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੇ ਦੌਰਾ ਕੀਤਾ ਹੈ। ਦੌਰੇ ਦੌਰਾਨ ਇਨ੍ਹਾਂ ਹਵਾਲਾਤੀਆਂ ਨੇ ਪੰਜਾਬੀ ਦੋਭਾਸ਼ੀਏ ਰਾਹੀਂ ਆਪਣੀ ਦਰਦਨਾਕ ਹਾਲਤ ਬਿਆਨੀ ਤੇ ਦੱਸਿਆ ਕਿ ਉਨ੍ਹਾਂ ਨੂੰ 22 ਘੰਟੇ ਸੈੱਲਾਂ ਵਿਚ ਬੰਦ ਰੱਖਿਆ ਜਾਂਦਾ ਹੈ ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਕਾਂਗਰਸ ਦੀ ਮੈਂਬਰ ਸੁਜ਼ਾਨੇ ਬੋਨਾਮੀਕੀ ਨੇ ਆਪਣੇ ਬਲੌਗ ਵਿਚ ਕੀਤਾ ਹੈ।
ਜਾਣਕਾਰੀ ਅਨੁਸਾਰ ਇਹ ਪੰਜਾਬੀ ਨੌਜਵਾਨ ਮੈਕਸਿਕੋ ਦੀ ਸਰਹੱਦ ਤੋਂ ਅਮਰੀਕਾ ਦਾਖਲ ਹੋਣ ਦੀ ਕੋਸ਼ਿਸ਼ ਵਿਚ ਫੜ ਹੋਏ ਹਨ। ਇਨ੍ਹਾਂ ਸਾਰਿਆਂ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੇਰਵੇ ਟੈਕਸਾਸ ਦੀ ਸਿਰਫ ਇਕ ਜੇਲ੍ਹ ਦੇ ਹਨ। ਜ਼ਿਕਰਯੋਗ ਹੈ ਕਿ 15 ਅਪਰੈਲ ਤੋਂ ਬਾਅਦ ਅਮਰੀਕਾ ਵਿਚ ਗ਼ੈਰਕਾਨੂੰਨੀ ਪਰਵਾਸੀਆਂ ਲਈ ਨਵੀਂ ਇਮੀਗ੍ਰੇਸ਼ਨ ਨੀਤੀ ਲਾਗੂ ਕੀਤੀ ਗਈ ਹੈ।
ਟੈਕਸਾਸ ਦੀ ਜੇਲ੍ਹ ਵਿਚ ਜਲੰਧਰ ਦਾ ਇਕ 20 ਸਾਲਾ ਨੌਜਵਾਨ ਵੀ ਬੰਦ ਹੈ ਜੋ ਮੈਕਸਿਕੋ ਦੀ ਸਰਹੱਦ ‘ਤੇ ਫੜਿਆ ਗਿਆ ਸੀ। ਉਹ ਅਕਤੂਬਰ 2017 ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ। ਨਿਊ ਮੈਕਸੀਕੋ ਕੇਂਦਰ ਵਿਚ ਇਕ ਦਰਜਨ ਤੋਂ ਵੀ ਵੱਧ ਭਾਰਤੀ ਕਈ ਮਹੀਨਿਆਂ ਤੋਂ ਡੱਕੇ ਹੋਏ ਹਨ ਜਦਕਿ ਬਾਕੀਆਂ ਨੂੰ ਹਫਤਾ ਕੁ ਪਹਿਲਾਂ ਉਥੇ ਲਿਆਂਦਾ ਗਿਆ। ਉਤਰੀ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਦਾ ਦਾਅਵਾ ਹੈ ਕਿ ਹਜ਼ਾਰਾਂ ਭਾਰਤੀ ਜਿਨ੍ਹਾਂ ਵਿਚੋਂ ਬਹੁਤੇ ਪੰਜਾਬ ਨਾਲ ਸਬੰਧਤ ਅਮਰੀਕਾ ਦੀਆਂ ਜੇਲ੍ਹਾਂ ਵਿਚ ਸੜ ਰਹੇ ਹਨ। ‘ਨਾਪਾ’ ਵੱਲੋਂ 2013, 2014 ਅਤੇ 2015 ਦੇ ਤਿੰਨ ਸਾਲਾਂ ਵਿਚਕਾਰ ਫਰੀਡਮ ਇਨਫਰਮੇਸ਼ਨ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਮੁਤਾਬਕ, 27000 ਤੋਂ ਵੀ ਵੱਧ ਭਾਰਤੀ ਅਮਰੀਕੀ ਸਰਹੱਦ ‘ਤੇ ਫੜੇ ਗਏ ਜਿਨ੍ਹਾਂ ਵਿਚੋਂ 4000 ਔਰਤਾਂ ਅਤੇ 350 ਬੱਚੇ ਹਨ। 2015 ਵਿਚ ਇਨਫਰਮੇਸ਼ਨ ਐਕਟ ਤਹਿਤ ਮਿਲੀ ਜਾਣਕਾਰੀ ਮੁਤਾਬਕ 900 ਤੋਂ ਵੀ ਵੱਧ ਭਾਰਤੀ ਅਮਰੀਕਾ ਵਿਚ ਗੈਰਕਾਨੂੰਨੀ ਤੌਰ ਉਤੇ ਠਹਿਰਨ ਦੇ ਦੋਸ਼ਾਂ ਤਹਿਤ ਕੇਂਦਰੀ ਜੇਲ੍ਹਾਂ ਵਿਚ ਬੰਦ ਹਨ।
_______________
ਬੰਦੀ ਪੰਜਾਬੀਆਂ ਨੂੰ ਕਾਨੂੰਨੀ ਮਦਦ ਦੇਣ ਦੇ ਹੁਕਮ
ਵਾਸ਼ਿੰਗਟਨ: ਇਕ ਅਮਰੀਕੀ ਜੱਜ ਨੇ ਓਰੇਗਨ ਸੂਬੇ ਦੀ ਸੰਘੀ ਜੇਲ੍ਹ ਵਿਚ ਬੰਦ ਦਰਜਨਾਂ ਭਾਰਤੀਆਂ ਸਮੇਤ 120 ਪਰਵਾਸੀਆਂ ਨੂੰ ਫੌਰੀ ਵਕੀਲਾਂ ਨਾਲ ਮਿਲਣ ਦੇਣ ਦਾ ਹੁਕਮ ਦਿੱਤਾ ਹੈ। 100 ਦੇ ਕਰੀਬ ਭਾਰਤੀ ਜਿਨ੍ਹਾਂ ‘ਚੋਂ ਬਹੁਤੇ ਪੰਜਾਬੀ ਹਨ, ਨੂੰ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜ ਲਿਆ ਗਿਆ ਸੀ। ‘ਪੋਰਟਲੈਂਡ ਮਰਕਰੀ’ ਦੀ ਰਿਪੋਰਟ ਮੁਤਾਬਕ ਔਰੇਗਨ ਦੇ ਫੈਡਰਲ ਜੱਜ ਨੇ ਸ਼ੈਰੀਡਨ ਜੇਲ੍ਹ ਵਿੱਚ ਹਿਰਾਸਤ ਵਿਚ ਲਏ ਗਏ ਆਵਾਸੀਆਂ ਨੂੰ ਫੌਰੀ ਕਾਨੂੰਨੀ ਮਦਦ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ।
_______________________
ਟਰੰਪ ਦੀਆਂ ਸਫਰ ਬੰਦਿਸ਼ਾਂ ਨੂੰ ਸੁਪਰੀਮ ਕੋਰਟ ਦੀ ਹਰੀ ਝੰਡੀ
ਵਾਸ਼ਿੰਗਟਨ: ਵੱਖ-ਵੱਖ ਮੁਸਲਿਮ ਮੁਲਕਾਂ ਦੇ ਬਾਸ਼ਿੰਦਿਆਂ ਦੇ ਅਮਰੀਕਾ ਵਿਚ ਦਾਖਲੇ ਉਤੇ ਅਮਰੀਕੀ ਸਦਰ ਡੋਨਲਡ ਟਰੰਪ ਵੱਲੋਂ ਲਾਈ ਵਿਵਾਦਗ੍ਰਸਤ ਪਾਬੰਦੀ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਸਹੀ ਕਰਾਰ ਦੇ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ 5-4 ਦੇ ਬਹੁਮਤ ਨਾਲ ਸੁਣਾਇਆ, ਜਿਸ ਨੂੰ ਟਰੰਪ ਨੇ ਆਪਣੀ ਟਵੀਟ ‘ਸ਼ਾਨਦਾਰ’ ਫੈਸਲਾ ਕਰਾਰ ਦਿੱਤਾ ਹੈ।