ਅਮਰੀਕਾ ਦਾ ਆਜ਼ਾਦੀ ਦਿਵਸ ਹਰ ਸਾਲ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਸਾਰਾ ਜੱਗ ਜਾਣਦਾ ਹੈ ਕਿ ਅਮਰੀਕਾ ਦੀ ਖੋਜ ਇਟਲੀ ਦੇ ਬਾਸ਼ਿੰਦੇ ਕ੍ਰਿਸਟੋਫਰ ਕੋਲੰਬਸ ਨੇ ਕੀਤੀ ਸੀ ਪਰ ਬਹੁਤ ਘੱਟ ਲੋਕਾਂ ਨੂੰ ਇਲਮ ਹੋਵੇਗਾ ਕਿ ਅੱਜ ਦੇ ਅਮਰੀਕਾ ਦੀ ਕਾਇਮੀ ਵਿਚ ਇੰਗਲੈਂਡ ਦਾ ਕੀ ਯੋਗਦਾਨ ਹੈ? 4 ਜੁਲਾਈ 1776 ਨੂੰ ਅਮਰੀਕਾ ਦੀਆਂ 13 ਕਾਲੋਨੀਆਂ ਦੀ ਬਰਤਾਨਵੀ ਸਾਮਰਾਜ ਤੋਂ ਆਜ਼ਾਦੀ ਦਾ ਐਲਾਨ ਕੀਤਾ ਗਿਆ। ਇਨ੍ਹਾਂ ਆਜ਼ਾਦ ਹੋਈਆਂ ਕਾਲੋਨੀਆਂ ਨੂੰ ਯੂਨਾਈਟਿਡ ਸਟੇਟਸ ਦਾ ਨਾਂ ਦਿੱਤਾ ਗਿਆ।
4 ਜੁਲਾਈ ਨੂੰ ਦੇਸ਼ ਭਰ ਵਿਚ ਛੁੱਟੀ ਹੁੰਦੀ ਹੈ ਅਤੇ ਅਮਰੀਕੀ ਲੋਕ ਇਸ ਦਿਹਾੜੇ ਨੂੰ ਬੜੇ ਚਾਅ ਨਾਲ ਮਨਾਉਂਦੇ ਹਨ। ਹਰਮਹਿੰਦਰ ਚਹਿਲ ਨੇ ਅਮਰੀਕਾ ਦੀ ਆਜ਼ਾਦੀ ਬਾਰੇ ਲਿਖੇ ਇਸ ਦਿਲਚਸਪ ਲੇਖ ਵਿਚ ਸੰਯੁਕਤ ਰਾਸ਼ਟਰ ਅਮਰੀਕਾ ਦੀ ਕਾਇਮੀ ਦੇ ਪਿਛੋਕੜ ਦੀਆਂ ਪਰਤਾਂ ਐਨ ਉਸੇ ਤਰ੍ਹਾਂ ਫਰੋਲੀਆਂ ਹਨ ਜਿਵੇਂ ਪਿਆਜ ਦੇ ਛਿਲਕੇ ਇਕ ਇਕ ਕਰ ਕੇ ਉਤਰਦੇ ਜਾਂਦੇ ਹਨ। -ਸੰਪਾਦਕ
ਹਰਮਹਿੰਦਰ ਚਹਿਲ (ਯੂ.ਐਸ਼ਏ.)
ਪੰਦਰਵੀਂ ਸਦੀ ਦੇ ਆਖਰੀ ਵਰ੍ਹਿਆਂ ਤੱਕ ਅਮਰੀਕਨ ਮਹਾਂਦੀਪ ਬਾਰੇ ਕੋਈ ਨਹੀਂ ਜਾਣਦਾ ਸੀ। ਇਹ ਤਾਂ ਕ੍ਰਿਸਟੋਫਰ ਕੋਲੰਬਸ ਨੂੰ ਅਚਾਨਕ ਲੱਭੀ ਧਰਤੀ ਸੀ। ਉਦੋਂ ਫਰਾਂਸ, ਇੰਗਲੈਂਡ ਪੁਰਤਗਾਲ ਅਤੇ ਸਪੇਨ ਵਰਗੇ ਮੁਲਕ ਸਾਊਥ ਏਸ਼ੀਆ ਵੱਲ ਸੋਨਾ, ਹੀਰੇ, ਜਵਾਹਰਾਤ ਅਤੇ ਗਰਮ ਮਸਾਲੇ ਵਗੈਰਾ ਲੁੱਟਣ ਧਰਤੀ ਰਸਤੇ ਹੀ ਜਾਂਦੇ ਸਨ। ਫਿਰ ਤੁਰਕ ਸਲਤਨਤ ਫੈਲਣ ਨਾਲ ਇਨ੍ਹਾਂ ਨੂੰ ਕੋਈ ਨਵਾਂ ਰਾਹ ਲੱਭਣ ਦੀ ਲੋੜ ਮਹਿਸੂਸ ਹੋਈ। ਸਭ ਤੋਂ ਪਹਿਲਾਂ ਸਪੇਨ ਨੇ ਇਹ ਕੰਮ ਕਰਨ ਦੀ ਸੋਚਦਿਆਂ ਕੋਲੰਬਸ ਨੂੰ ਤਿਆਰ ਕੀਤਾ। ਕੋਲੰਬਸ ਸਮੁੰਦਰੀ ਯਾਤਰਾਵਾਂ ਦਾ ਮਾਹਰ ਸੀ ਅਤੇ ਇਹ ਉਸ ਦਾ ਮਨ ਭਾਉਂਦਾ ਕੰਮ ਸੀ। ਉਸ ਨੇ ਆਪਣੇ ਸਾਥੀਆਂ ਸਮੇਤ ਇੰਡੀਆ ਜਾਣ ਲਈ ਧਰਤੀ ਦੇ ਬਿਲਕੁਲ ਉਪਰ ਦੀ ਘੁੰਮ ਕੇ ਜਾਣ ਦੀ ਵਿਉਂਤ ਬਣਾਈ। 1492 ਦੇ ਅਗਸਤ ਮਹੀਨੇ ਉਸ ਨੇ ਆਮ ਤੋਂ ਉਲਟ, ਛਿਪਦੇ ਸੂਰਜ ਵੱਲ ਆਪਣੇ ਬੇੜੇ ਠਿਲ੍ਹ ਦਿੱਤੇ।
ਦੋ ਕੁ ਮਹੀਨਿਆਂ ਬਾਅਦ ਅਕਤੂਬਰ ਵਿਚ ਉਸ ਨੇ ਧਰਤੀ ਦੇਖੀ ਤਾਂ ਸਮਝਿਆ ਕਿ ਉਹ ਇੰਡੀਆ ਪਹੁੰਚ ਗਿਆ ਹੈ। ਉਸ ਨੇ ਅੱਜ ਦੇ ਬਹਾਮਾ ਟਾਪੂ ‘ਤੇ ਉਤਰਦਿਆਂ ਉਥੇ ਦੇ ਲੋਕਾਂ ਨੂੰ ਇੰਡੀਅਨ ਕਹਿ ਕੇ ਪੁਕਾਰਿਆ। ਉਹ ਇੰਡੀਅਨ, ਭਾਵ ਭਾਰਤੀ ਨਹੀਂ ਸਨ ਪਰ ਉਨ੍ਹਾਂ ਨੂੰ ਮਿਲਿਆ ਇੰਡੀਆ ਨਾਮ, ਪਿੱਛੋਂ ਉਨ੍ਹਾਂ ਨਾਲ ਪੱਕੇ ਤੌਰ ‘ਤੇ ਜੁੜ ਗਿਆ। ਜਦੋਂ ਕੋਲੰਬਸ ਨੂੰ ਪਤਾ ਲੱਗਾ ਕਿ ਉਹ ਬਿਲਕੁਲ ਨਵੀਂ ਧਰਤੀ ‘ਤੇ ਪਹੁੰਚ ਗਿਆ ਹੈ ਤਾਂ ਉਹ ਬੜਾ ਹੈਰਾਨ ਹੋਇਆ। ਉਸ ਨੇ ਆਪਣਾ ਮਕਸਦ, ਭਾਵ ਸੋਨਾ ਆਦਿ ਲੁੱਟਣ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਉਸ ਨੂੰ ਕਿਤਿਓਂ ਵੀ ਸੋਨਾ ਨਾ ਲੱਭਾ। ਜਦੋਂ ਕੁਝ ਵੀ ਨਾ ਮਿਲਿਆ ਤਾਂ ਉਹ ਸੈਂਕੜੇ ਲੋਕਾਂ ਨੂੰ ਬੰਦੀ ਬਣਾ ਕੇ ਲੈ ਤੁਰਿਆ ਅਤੇ ਵਾਪਸ ਜਾ ਕੇ ਉਨ੍ਹਾਂ ਨੂੰ ਗੁਲਾਮਾਂ ਦੀ ਮੰਡੀ ‘ਚ ਵੇਚ ਦਿੱਤਾ। ਕੋਲੰਬਸ ਦੇ ਇਸ ਪਾਸੇ ਆਉਣ ਨਾਲ ਬਾਕੀ ਦੁਨੀਆਂ ਨੂੰ ਵੀ ਇਸ ਬਾਰੇ ਪਤਾ ਲੱਗ ਗਿਆ ਤੇ ਹੋਰ ਲੋਕ ਵੀ ਇਧਰ ਆਉਣ ਲੱਗੇ। ਅਮੈਰਿਗੋ ਵੈਸਪੁਸੀ ਨਾਮੀ ਇਟਾਲੀਅਨ ਨੇ ਕਈ ਗੇੜੇ ਲਾਏ ਅਤੇ ਇਸ ਧਰਤੀ ਨੂੰ ਨਵੀਂ ਦੁਨੀਆਂ ਕਿਹਾ।
ਅਮੈਰਿਗੋ ਵੈਸਪੁਸੀ ਵਲੋਂ ਦਿੱਤੀ ਜਾਣਕਾਰੀ ਦੇ ਆਧਾਰ ‘ਤੇ ਉਸ ਵੇਲੇ ਦੇ ਜਰਮਨ ਨਕਸ਼ਾ-ਨਵੀਸ ਮਾਰਟਿਨ ਵਾਲਡਸੀਮੁਲਰ ਨੇ ਇਸ ਨਵੀਂ ਦੁਨੀਆਂ ਦਾ ਨਕਸ਼ਾ ਬਣਾਇਆ। ਉਸ ਨੇ ਸਾਰੀ ਜਾਣਕਾਰੀ ਅਮੈਰਿਗੋ ਵੈਸਪੁਸੀ ਦੀਆਂ ਲਿਖਤਾਂ ਤੋਂ ਲਈ ਸੀ, ਇਸ ਕਰ ਕੇ ਉਸ ਨੇ ਇਸ ਨਵੀਂ ਦੁਨੀਆਂ ਦਾ ਨਾਮ ਉਸੇ ਦੇ ਨਾਂ ‘ਤੇ ਹੀ ਰੱਖਦਿਆਂ ਇਸ ਨੂੰ ਅਮੈਰਿਕਾ ਦਾ ਨਾਮ ਦਿੱਤਾ। ਜਲਦੀ ਹੀ ਯੂਰਪੀ ਲੋਕ ਉਧਰ ਵਹੀਰਾਂ ਘੱਤ ਤੁਰੇ। ਉਦੋਂ ਇਨ੍ਹਾਂ ‘ਚ ਜ਼ਿਆਦਾ ਸਪੇਨ ਦੇ ਲੋਕ ਸਨ।
ਸਪੇਨੀ ਜਰਨਲ ਹਰਨਨ ਕੋਰਟਸ ਨੇ ਆਪਣੇ ਪੰਜ ਸੌ ਫੌਜੀਆਂ ਨਾਲ ਇਧਰ ਚਾਲੇ ਪਾ ਦਿੱਤੇ। ਉਸ ਨੇ ਮੈਕਸੀਕੋ ਤੋਂ ਲੈ ਕੇ ਅੱਜ ਦੇ ਪੇਰੂ ਤੱਕ ਦਾ ਇਲਾਕਾ ਗਾਹ ਮਾਰਿਆ। ਅੱਗੇ ਚੱਲ ਕੇ 1565 ਵਿਚ ਸਪੇਨ ਨੇ ਪਹਿਲੀ ਵਾਰ ਹੁਣ ਦੇ ਅਮਰੀਕਾ ਦੀ ਧਰਤੀ ਉਪਰ ਪੈਰ ਪਾਏ। ਜੋ ਆਬਾਦੀ ਉਨ੍ਹਾਂ ਕਾਇਮ ਕੀਤੀ, ਉਹ ਅੱਜ ਦਾ ਫਲੋਰਿਡਾ ਸੀ ਪਰ ਸਪੇਨ ਫਲੋਰਿਡਾ ਤੋਂ ਅੱਗੇ ਨਾ ਆਇਆ ਸਗੋਂ ਉਸ ਨੇ ਦੂਰ ਦੱਖਣ ਵੱਲ ਕਾਲੋਨੀਆਂ ਵਸਾਈਆਂ ਜੋ ਅੱਜ ਦਾ ਦੱਖਣੀ ਅਮਰੀਕਾ (ਸਾਊਥ ਅਮੈਰਿਕਾ) ਹੈ।
ਸਪੇਨ ਤੋਂ ਬਾਅਦ ਫਰਾਂਸ ਨੇ ਸ਼ੁਰੂਆਤ ਕੀਤੀ ਪਰ ਫਰਾਂਸ ਵੀ ਇਧਰ ਨਾ ਆਇਆ। ਉਸ ਨੇ ਅੱਜ ਦੇ ਕੈਨੇਡਾ ਵੱਲ ਆਪਣਾ ਇਲਾਕਾ ਵਸਾ ਲਿਆ। ਇੰਗਲੈਂਡ ਨੇ 1585 ਵਿਚ ਇਸ ਧਰਤੀ ‘ਤੇ ਪਹਿਲੀ ਵਾਰੀ ਪੈਰ ਪਾਏ। ਸ਼ੁਰੂ ‘ਚ ਉਸ ਨੂੰ ਨਿਰਾਸ਼ਾ ਮਿਲੀ ਅਤੇ ਜਾਨੀ ਨੁਕਸਾਨ ਵੀ ਬਹੁਤ ਹੋਇਆ ਪਰ ਲਗਾਤਾਰ ਗੇੜਿਆਂ ਨੇ ਇੰਗਲੈਂਡ ਦੇ ਲੋਕਾਂ ਨੂੰ ਉਤਸ਼ਾਹਤ ਕੀਤਾ। ਫਰਾਂਸ ਅਤੇ ਸਪੇਨ ਦੀ ਕਾਮਯਾਬੀ ਦੇਖਦਿਆਂ ਇੰਗਲੈਂਡ ਦੇ ਅਮੀਰ ਵਪਾਰੀਆਂ ਨੇ ‘ਲੰਡਨ ਕੰਪਨੀ’ ਨਾਂ ਹੇਠ ਸਾਂਝੀ ਸਟਾਕ ਕੰਪਨੀ ਬਣਾਈ ਅਤੇ ਇਸ ਦੇ ਸ਼ੇਅਰ ਵੇਚ ਕੇ ਪੈਸਾ ਇਕੱਠਾ ਕੀਤਾ ਤਾਂ ਕਿ ਨਵੀਂ ਧਰਤੀ ਉਪਰ ਜਾ ਕੇ ਕਮਾਈ ਕੀਤੀ ਜਾਵੇ। ਇੰਗਲੈਂਡ ਦੀ ਰਾਣੀ ਐਲਿਜ਼ਾਬੈਥ (ਪਹਿਲੀ) ਨੇ ਕੰਪਨੀ ਨੂੰ ਇਜਾਜ਼ਤ ਦਿੰਦਿਆਂ ਨਵੀਂ ਦੁਨੀਆਂ ‘ਤੇ ਇਲਾਕਾ ਆਬਾਦ ਕਰਨ ਲਈ ਚਾਰਟਰ (ਪਟਾ) ਲਿਖ ਕੇ ਦੇ ਦਿੱਤਾ।
1606 ਦੇ ਦਸੰਬਰ ਮਹੀਨੇ ਲੰਡਨ ਕੰਪਨੀ ਨੇ ਇਧਰ ਬੰਦੇ ਤੋਰੇ ਜਿਨ੍ਹਾਂ ਨੇ ਇਥੇ ਆ ਕੇ ਜੇਮਜ਼ ਟਾਊਨ ਸ਼ਹਿਰ ਵਸਾਇਆ ਅਤੇ ਇਸ ਇਲਾਕੇ ਨੂੰ ਰਾਣੀ ਦੇ ਨਾਂ ‘ਤੇ ਰੱਖਣ ਦੀ ਸੋਚੀ। ਰਾਣੀ ਨੇ ਵਿਆਹ ਨਹੀਂ ਸੀ ਕਰਵਾਇਆ, ਇਸ ਕਰ ਕੇ ਉਸ ਨੂੰ ਵਰਜਿਨ ਕੁਈਨ ਵੀ ਕਿਹਾ ਜਾਂਦਾ ਸੀ। ਇਸ ਨਵੇਂ ਵਸਾਏ ਇਲਾਕੇ ਨੂੰ ਲੰਡਨ ਕੰਪਨੀ ਵਾਲਿਆਂ ਨੇ ਰਾਣੀ ਦੇ ਨਾਂ ‘ਤੇ ਵਰਜੀਨੀਆ ਦਾ ਨਾਂ ਦਿੱਤਾ। ਸ਼ੁਰੂ ‘ਚ ਇਹ ਲੋਕ ਸਿਰਫ ਸੋਨਾ ਵਗੈਰਾ ਹੀ ਲੱਭਦੇ ਸਨ ਜੋ ਇਥੇ ਨਹੀਂ ਸੀ। ਫਿਰ ਹੌਲੀ ਹੌਲੀ ਹੋਰ ਚੀਜ਼ਾਂ ਵਾਪਸ ਇੰਗਲੈਂਡ ਲਿਜਾ ਕੇ ਵੇਚਣ ਲੱਗੇ ਜਿਨ੍ਹਾਂ ਵਿਚ ਤੰਬਾਕੂ ਮੁੱਖ ਸੀ। ਵਕਤ ਦੇ ਨਾਲ ਤੰਬਾਕੂ ਤੋਂ ਬਹੁਤ ਕਮਾਈ ਹੋਣ ਲੱਗੀ। ਇਸ ਵਪਾਰ ਤੋਂ ਉਤਸ਼ਾਹਤ ਹੋ ਕੇ ਲੰਡਨ ਕੰਪਨੀ ਜ਼ਿਆਦਾ ਲੋਕਾਂ ਨੂੰ ਇਧਰ ਭੇਜਣ ਲੱਗੀ। 1620 ਤੱਕ ਹਜ਼ਾਰਾਂ ਲੋਕ ਇਥੇ ਪਹੁੰਚ ਚੁੱਕੇ ਸਨ। ਆਪਣੇ ਨਿੱਤ ਦਿਨ ਦੇ ਮਸਲੇ ਨਜਿੱਠਣ ਲਈ ਇਨ੍ਹਾਂ ਕਾਲੋਨੀਆਂ ਵਾਲਿਆਂ ਨੇ ਆਪਣੀ ਸਭਾ ਬਣਾ ਲਈ ਜਿਸ ਨੂੰ ਹਾਊਸ ਆਫ ਬਰਗੀਸਸ ਕਿਹਾ ਗਿਆ। ਇਸ ਹਾਊਸ ਦਾ ਮੁਖੀ ਵੀ ਥਾਪ ਦਿੱਤਾ ਗਿਆ। ਜ਼ਿਆਦਾ ਦਿਸ਼ਾ ਨਿਰਦੇਸ਼ ਇੰਗਲੈਂਡ ਤੋਂ ਹੀ ਆਉਂਦੇ ਸਨ ਪਰ ਵਕਤ ਨਾਲ ਕੁਝ ਵਕਤੀ ਨਿਯਮ ਖੁਦ ਇਹ ਹਾਊਸ ਬਣਾਉਣ ਲੱਗਾ।
ਹਰ ਕੋਈ ਇਸ ਨਵੀਂ ਧਰਤੀ ‘ਤੇ ਸਿਰਫ ਪੈਸਾ ਕਮਾਉਣ ਦੇ ਚੱਕਰ ਵਿਚ ਨਹੀਂ ਸੀ ਆਇਆ। ਉਸ ਵੇਲੇ ਇੰਗਲੈਂਡ ਵਿਚ ਰੋਮਨ ਕੈਥੋਲਿਕ ਘੱਟ ਗਿਣਤੀ ਵਿਚ ਸਨ ਅਤੇ ਉਨ੍ਹਾਂ ਉਪਰ ਜ਼ਿਆਦਤੀਆਂ ਹੁੰਦੀਆਂ ਸਨ। ਪਹੁੰਚ ਵਾਲੇ ਲੋਕਾਂ ਨੇ ਸੋਚਿਆ ਕਿ ਕਿਉਂ ਨਾ ਨਵੀਂ ਧਰਤੀ ਉਪਰ ਜਾ ਕੇ ਖੁੱਲ੍ਹ ਅਤੇ ਆਜ਼ਾਦੀ ਨਾਲ ਰਿਹਾ ਜਾਵੇ। ਇਸੇ ਮੰਤਵ ਨਾਲ ਵੱਡੇ ਗਰੁਪ ਨੇ ਲੰਡਨ ਕੰਪਨੀ ਤੋਂ ਇਜਾਜ਼ਤ ਲੈ ਕੇ ਸਮਝੌਤਾ (ਮੇਫਲਾਵਰ ਕੰਪੈਕਟ) ਕੀਤਾ ਤੇ ਨਵੀਂ ਦੁਨੀਆਂ ‘ਤੇ ਜਾ ਪਹੁੰਚੇ। ਇਸੇ ਤਰ੍ਹਾਂ ਇਕ ਹੋਰ ਧਾਰਮਿਕ ਘੱਟ ਗਿਣਤੀ ਦੇ ਸੈਂਕੜੇ ਰਿਸ਼ਤੇਦਾਰ ਅਤੇ ਸਬੰਧੀਆਂ ਨੇ ਇਕੱਠੇ ਹੋ ਕੇ ਮੈਸਾਚੂਸੈਟਸ ਬੇਅ ਨਾਂ ਹੇਠ ਸਾਂਝੀ ਕੰਪਨੀ ਬਣਾਈ ਅਤੇ ਸਰਕਾਰ ਤੋਂ ਨਵੀਂ ਧਰਤੀ ‘ਤੇ ਜਾ ਕੇ ਵਸਣ ਦੀ ਇਜਾਜ਼ਤ ਮੰਗੀ। ਛੇਤੀ ਹੀ ਸਰਕਾਰ ਨੇ ਇਸ ਕੰਪਨੀ ਨੂੰ ਪਟਾ ਲਿਖ ਦਿੱਤਾ। ਇਸ ਗਰੁਪ ਦਾ ਮੁਖੀ ਜੌਹਨ ਵਿਨਟਰੋਪ ਸੀ। ਇਹ ਕਾਫਲਾ ਜੂਨ 1630 ਵਿਚ ਨਵੀਂ ਧਰਤੀ ‘ਤੇ ਪਹੁੰਚਿਆ ਅਤੇ ਇਨ੍ਹਾਂ ਬੌਸਟਨ ਸ਼ਹਿਰ ਵਸਾਇਆ। ਆਪਣੇ ਨਵੇਂ ਇਲਾਕੇ ਨੂੰ ਇਨ੍ਹਾਂ ਨਿਊ ਇੰਗਲੈਂਡ ਦਾ ਨਾਂ ਦਿੱਤਾ। ਇਸ ਗਰੁਪ ਵਿਚ ਸਭ ਅਮੀਰ ਅਤੇ ਪੜ੍ਹੇ-ਲਿਖੇ ਲੋਕ ਸਨ ਜੋ ਬਿਹਤਰ ਆਜ਼ਾਦ ਜੀਵਨ ਜਿਉਣ ਦੇ ਮੰਤਵ ਨਾਲ ਆਏ ਸਨ। ਇਹ ਸਾਰੇ ਰਿਸ਼ਤੇਦਾਰੀਆਂ ਕਰ ਕੇ ਇਕ ਦੂਜੇ ਨਾਲ ਜੁੜੇ ਹੋਏ ਸਨ, ਇਸ ਲਈ ਇਨ੍ਹਾਂ ਇਕੱਠੇ ਰਹਿੰਦਿਆਂ ਆਪਣੀ ਸਭਾ ਬਣਾ ਲਈ ਅਤੇ ਜੌਹਨ ਵਿਨਟਰੋਪ ਨੂੰ ਗਵਰਨਰ ਚੁਣ ਲਿਆ। ਬੜੀ ਛੇਤੀ ਇਨ੍ਹਾਂ ਦੀ ਗਿਣਤੀ ਵੀਹ ਹਜ਼ਾਰ ਦੇ ਕਰੀਬ ਪਹੁੰਚ ਗਈ। ਇਨ੍ਹਾਂ ਬੜੀ ਤਰੱਕੀ ਕੀਤੀ।
ਕੁਝ ਦੇਰ ਬਾਅਦ ਇਨ੍ਹਾਂ ਵਿਚ ਦਰਾੜ ਪੈ ਗਈ ਅਤੇ ਸਿਰਕੱਢ ਸ਼ਖਸ ਰੋਜਰ ਵਿਲੀਅਮ ਨੇ ਬਗਾਵਤ ਕਰ ਦਿੱਤੀ। ਉਸ ਨੇ ਆਪਣੇ ਗਰੁਪ ਨਾਲ ਇਹ ਇਲਾਕਾ ਛੱਡ ਦਿੱਤਾ ਅਤੇ ਦੂਰ ਜਾ ਕੇ ਰੋਡੇ ਆਈਲੈਂਡ ਨਾਂ ਦੀ ਕਾਲੋਨੀ ਵਸਾ ਲਈ। ਬੜੀ ਛੇਤੀ ਉਸ ਨੂੰ ਇੰਗਲੈਂਡ ਸਰਕਾਰ ਤੋਂ ਪਟਾ ਮਿਲ ਗਿਆ ਅਤੇ ਉਸ ਨੇ ਆਪਣੀ ਸਭਾ ਬਣਾ ਲਈ। ਇਉਂ ਇਕ ਹੋਰ ਗਰੁਪ ਨੇ ਦੂਰ ਜਾ ਕੇ ਕੁਨੈਕਟੀਕਟ ਨਾਮੀ ਕਾਲੋਨੀ ਆਬਾਦ ਕਰ ਲਈ। ਅੱਗੇ ਚੱਲ ਕੇ 1679 ਤੱਕ ਮੈਸਾਚੂਸੈਟਸ ਬੇਅ ਕੰਪਨੀ ਤੋਂ ਹੀ ਅੱਗੇ ਦੋ ਗਰੁਪਾਂ ਨੇ ਮੇਨ ਅਤੇ ਨਿਊ ਹੈਂਪਸ਼ਾਇਰ ਕਾਲੋਨੀਆਂ ਵਸਾਈਆਂ।
1632 ਵਿਚ ਇਕ ਹੋਰ ਧਾਰਮਿਕ ਆਗੂ ਲਾਰਡ ਬਾਲਟੀਮੋਰ ਨੇ ਇੰਗਲੈਂਡ ਦੇ ਬਾਦਸ਼ਾਹ ਤੋਂ ਆਪਣੀ ਕੰਪਨੀ ਲਈ ਚਾਰਟਰ ਅਪਲਾਈ ਕੀਤਾ। ਜਦੋਂ ਤੱਕ ਲਾਰਡ ਬਾਲਟੀਮੋਰ ਦਾ ਪਟਾ ਮਨਜ਼ੂਰ ਹੋਇਆ, ਉਦੋਂ ਤੱਕ ਉਸ ਦੀ ਮੌਤ ਹੋ ਚੁਕੀ ਸੀ ਪਰ ਉਸ ਦੇ ਪੁੱਤਰ ਕਲਵਰਟ ਨੇ ਬਾਲਟੀਮੋਰ ਸ਼ਹਿਰ ਵਸਾਇਆ ਅਤੇ ਆਪਣੇ ਇਲਾਕੇ ਦਾ ਨਾਂ ਮੈਰੀਲੈਂਡ ਰੱਖਿਆ। ਅੱਗੇ ਚੱਲ ਕੇ 1663 ਵਿਚ ਵਰਜੀਨੀਆ ਅਤੇ ਫਲੋਰਿਡਾ ਦੇ ਵਿਚਕਾਰ ਇਕ ਹੋਰ ਕਾਲੋਨੀ ਵਸੀ ਜਿਸ ਦਾ ਨਾਂ ਇੰਗਲੈਂਡ ਦੀ ਮੌਕੇ ਦੀ ਰਾਣੀ ਕੈਰੋਲਾਈਨਾ ਦੇ ਨਾਂ ‘ਤੇ ਨਾਰਥ ਕੈਰੋਲਾਈਨਾ ਰੱਖਿਆ ਗਿਆ।
ਹਾਲੈਂਡ ਨੇ ਵੀ ਇਸ ਨਵੀਂ ਦੁਨੀਆਂ ਵਿਚ ਪੈਰ ਪਾਇਆ। ਹੱਡਸਨ ਦਰਿਆ ਦੇ ਕਿਨਾਰੇ ਉਸ ਨੇ ਮੈਨਹਟਨ ਆਈਸਲੈਂਡ ਸ਼ਹਿਰ ਅਤੇ ਆਲੇ-ਦੁਆਲੇ ਦਾ ਵੱਡਾ ਇਲਾਕਾ ਵਸਾਇਆ ਹੋਇਆ ਸੀ ਪਰ ਹਾਲੈਂਡ ਦਾ ਥਾਪਿਆ ਗਵਰਨਰ ਲੋਕਾਂ ਨੂੰ ਪਸੰਦ ਨਹੀਂ ਸੀ। ਉਧਰ, ਯੂਰਪ ਵਿਚ ਹਾਲੈਂਡ ਅਤੇ ਇੰਗਲੈਂਡ ਵਿਚਕਾਰ ਲੜਾਈ ਸ਼ੁਰੂ ਹੋ ਗਈ ਤਾਂ ਇੰਗਲੈਂਡ ਨੇ ਇਥੇ ਕਿਸਮਤ ਅਜ਼ਮਾਉਣ ਦੀ ਸੋਚਦਿਆਂ ਵਡੇਰੀ ਫੌਜ ਇਧਰ ਨੂੰ ਤੋਰ ਦਿੱਤੀ। ਇੰਗਲੈਂਡ ਦੀ ਫੌਜ ਨੇ ਆ ਕੇ ਘੇਰਾ ਪਾ ਲਿਆ। ਹਾਲੈਂਡ ਦੀ ਹਾਲਤ ਕਮਜ਼ੋਰ ਸੀ। ਬਿਨਾ ਲੜਿਆਂ ਇਹ ਇਲਾਕਾ ਉਨ੍ਹਾਂ ਇੰਗਲੈਂਡ ਦੇ ਹਵਾਲੇ ਕਰ ਦਿੱਤਾ। ਇਥੇ ਕਬਜ਼ਾ ਕਰਦਿਆਂ ਇੰਗਲੈਂਡ ਨੇ ਇਸ ਵਡੇਰੇ ਇਲਾਕੇ ਦਾ ਨਵਾਂ ਨਾਂ ਨਿਊ ਯਾਰਕ ਰੱਖ ਦਿੱਤਾ ਅਤੇ ਆਪਣਾ ਗਵਰਨਰ ਥਾਪ ਦਿੱਤਾ। ਇਸ ਦਾ ਹੇਠਲਾ ਭਾਗ ਇੰਗਲੈਂਡ ਦੇ ਬਾਦਸ਼ਾਹ ਨੇ ਆਪਣੇ ਦੋਸਤ ਲਾਰਡ ਜਾਰਜ ਕਾਰਟਰੇਟ ਨੂੰ ਦੇ ਦਿੱਤਾ। ਕਾਰਟਰੇਟ ਕਦੇ ਇੰਗਲਿਸ਼ ਚੈਨਲ ਇਲਾਕੇ ਜਰਸੀ ਦਾ ਗਵਰਨਰ ਰਿਹਾ ਸੀ। ਉਸ ਦੇ ਨਾਂ ਉਪਰ ਇਸ ਇਲਾਕੇ ਦਾ ਨਾਂ ਨਿਊ ਜਰਸੀ ਰੱਖਿਆ ਗਿਆ।
ਐਡਮਿਰਲ ਵਿਲੀਅਮ ਪੈਨ ਬਹੁਤ ਅਮੀਰ ਸੀ ਅਤੇ ਇੰਗਲੈਂਡ ਦੇ ਬਾਦਸ਼ਾਹ ਤੱਕ ਉਸ ਦੀ ਪਹੁੰਚ ਸੀ। ਉਸ ਨੇ ਆਪਣੇ ਪੁੱਤਰ ਲਈ ਇਸ ਨਵੀਂ ਦੁਨੀਆਂ ਵਾਸਤੇ ਬਾਦਸ਼ਾਹ ਤੋਂ ਪਟਾ ਲਿਖਵਾ ਲਿਆ। ਜੂਨੀਅਰ ਪੈਨ ਨੇ ਆਪਣਾ ਬਹੁਤ ਵੱਡਾ ਗਰੁਪ ਇਕੱਠਾ ਕੀਤਾ ਅਤੇ 1681 ਵਿਚ ਨਵੀਂ ਦੁਨੀਆਂ ‘ਤੇ ਆ ਪੁੱਜਾ। ਉਸ ਨੇ ਜੋ ਇਲਾਕਾ ਰੋਕਿਆ, ਉਸ ਦਾ ਨਾਂ ਰੱਖਿਆ ਪੈਨਸਿਲਵੇਨੀਆ। ਇਸੇ ਇਲਾਕੇ ‘ਚੋਂ ਅੱਗੇ ਚੱਲ ਕੇ ਡੈਲਵੇਅਰ ਦਰਿਆ ਦੇ ਆਲੇ-ਦੁਆਲੇ ਡੈਲਵੇਅਰ ਕਾਲੋਨੀ ਬਣੀ। ਬਹੁਤ ਪਿੱਛੋਂ ਜਾ ਕੇ 1732 ਵਿਚ ਇਕ ਹੋਰ ਲੌਰਡ ਜੇਮਜ਼ ਔਗਲੇਥਨ ਨੇ ਮੌਕੇ ਦੇ ਬਾਦਸ਼ਾਹ ਜੌਰਜ ਦੂਜੇ ਤੋਂ ਚਾਰਟਰ ਪ੍ਰਾਪਤ ਕਰ ਕੇ ਜੋ ਆਪਣਾ ਇਲਾਕਾ ਵਸਾਇਆ, ਉਸ ਦਾ ਨਾਂ ਬਾਦਸ਼ਾਹ ਦੇ ਨਾਂ ‘ਤੇ ਜੌਰਜੀਆ ਰੱਖਿਆ।
ਉਦੋਂ ਤੱਕ ਫਲੋਰਿਡਾ ਨੂੰ ਛੱਡ ਕੇ ਇੰਗਲੈਂਡ ਦੀ ਸਰਕਾਰ ਤੋਂ ਮਾਨਤਾ ਪ੍ਰਾਪਤ ਬਾਰਾਂ ਕਾਲੋਨੀਆਂ ਇਸ ਨਵੀਂ ਧਰਤੀ ‘ਤੇ ਵਸ ਚੁਕੀਆਂ ਸਨ। ਇਥੋਂ ਦੇ ਬਾਸ਼ਿੰਦੇ ਜ਼ਿਆਦਾਤਰ ਬਰਤਾਨਵੀ ਸਨ ਪਰ ਇਸ ਤੋਂ ਬਿਨਾ ਡੱਚ, ਆਇਰਸ਼ ਅਤੇ ਜਰਮਨ ਵੀ ਬਹੁਤ ਸਨ। ਮੌਸਮ ਦਾ ਵਖਰੇਵਾਂ, ਧਰਤੀ ਦੀ ਵਿਲੱਖਣਤਾ, ਕਾਲੋਨੀਆਂ ‘ਚ ਵਸਣ ਵਾਲੇ ਲੋਕਾਂ ਦੀ ਵੱਖੋ-ਵੱਖਰੀ ਪਛਾਣ ਅਤੇ ਕੁਝ ਕੁ ਹੋਰ ਕਾਰਨਾਂ ਕਰ ਕੇ ਇਨ੍ਹਾਂ ਕਾਲੋਨੀਆਂ ਦੇ ਲੋਕ ਅਗਾਂਹ ਤਿੰਨ ਭਾਗਾਂ ‘ਚ ਵੰਡੇ ਗਏ। ਉਤਰ ਵੱਲ ਦੇ ਇਲਾਕੇ ਨਿਊ ਇੰਗਲੈਂਡ, ਵਿਚਕਾਰਲੇ ਮਿਡਲ ਅਤੇ ਤੀਸਰੇ ਸਾਊਦਰਨ ਕਹਾਉਣ ਲੱਗੇ। ਹੌਲੀ-ਹੌਲੀ ਤਿੰਨ ਗਰੁਪ ਬਣ ਗਏ। ਨਿਊ ਇੰਗਲੈਂਡ ਵਾਲੇ ਤਕਨੀਕੀ ਤੌਰ ‘ਤੇ ਅਗਾਂਹ ਵਧਣ ਲੱਗੇ। ਉਹ ਸਮੁੰਦਰੀ ਜਹਾਜ ਅਤੇ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਮਸ਼ੀਨੀ ਚੀਜ਼ਾਂ ਬਣਾਉਣ ਲੱਗੇ। ਮਿਡਲ ਵਿਚ ਜ਼ਿਆਦਾ ਲੋਕ ਪਸੂ ਪਾਲਣ ਦਾ ਕੰਮ ਕਰਦੇ ਸਨ, ਉਨ੍ਹਾਂ ਦਾ ਫਰ ਦਾ ਬਿਜਨਸ ਵਧਣ-ਫੁੱਲਣ ਲੱਗਾ। ਇਸ ਤੋਂ ਬਿਨਾ ਸਬਜ਼ੀਆਂ ਮੱਕੀ ਆਦਿ ਮੁੱਖ ਫਸਲਾਂ ਸਨ।
ਉਧਰ, ਦੱਖਣ (ਸਾਊਥ) ਵੱਲ ਜਮੀਨਾਂ ਬਹੁਤ ਖੁੱਲ੍ਹੀਆਂ ਸਨ। ਉਹ ਜਮੀਨਾਂ ਤੰਬਾਕੂ, ਕਪਾਹ, ਚੌਲ ਵਗੈਰਾ ਲਈ ਬੜੀਆਂ ਉਪਜਾਊ ਸਨ। ਬਹੁਤ ਵੱਡੇ ਵੱਡੇ ਫਾਰਮ ਸਨ ਪਰ ਇਨ੍ਹਾਂ ਵੱਡੇ ਫਾਰਮਾਂ ਉਪਰ ਲੇਬਰ ਪੂਰੀ ਨਹੀਂ ਆਉਂਦੀ ਸੀ। ਇਸ ਮੁਸ਼ਕਿਲ ਦਾ ਹੱਲ ਡੱਚ ਸ਼ਿਪ ਮਾਲਕਾਂ ਨੇ ਕੀਤਾ। ਉਹ ਪਹਿਲੀ ਵਾਰ 1619 ਵਿਚ ਅਫਰੀਕਨ ਕਾਲਿਆਂ ਦਾ ਜਹਾਜ ਭਰ ਕੇ ਲਿਆਏ। ਅਸਲ ਵਿਚ ਇਹ ਗੁਲਾਮ ਸਨ। ਮੰਨਿਆ ਜਾਂਦਾ ਹੈ ਕਿ ਇਥੋਂ ਹੀ ਅਮਰੀਕਾ ਵਿਚ ਗੁਲਾਮ ਪ੍ਰਥਾ ਸ਼ੁਰੂ ਹੋਈ। ਜਦੋਂ ਫਾਰਮ ਮਾਲਕਾਂ ਨੂੰ ਇਨ੍ਹਾਂ ਲੋਕਾਂ ਤੋਂ ਕੰਮ ਕਰਵਾਉਣ ਦਾ ਭੁਸ ਪੈ ਗਿਆ ਤਾਂ ਉਨ੍ਹਾਂ ਦੀ ਲੋੜ ਪੂਰੀ ਕਰਨ ਲਈ ਹੋਰ ਗੁਲਾਮ ਇਧਰ ਲਿਆਂਦੇ ਜਾਣ ਲੱਗੇ। ਇਉਂ ਦੱਖਣ ਦਾ ਸਾਰਾ ਇਲਾਕਾ ਗੁਲਾਮਾਂ ਨਾਲ ਭਰ ਗਿਆ। ਉਥੇ ਦੋ ਹੀ ਤਬਕੇ-ਮਾਲਕ ਅਤੇ ਗੁਲਾਮ ਰਹਿ ਗਏ ਸਨ।
ਇਹ ਕਾਲੋਨੀਆਂ ਚੰਗੀ ਤਰ੍ਹਾਂ ਵਸ ਗਈਆਂ ਸਨ। ਜਿਨ੍ਹਾਂ ਲੋਕਾਂ ਨੇ ਇਹ ਵਸਾਈਆਂ, ਉਹ ਤਾਂ ਚਿਰੋਕੇ ਇਸ ਜਹਾਨ ਤੋਂ ਚਲੇ ਗਏ ਸਨ; ਹੁਣ ਤਾਂ ਅਗਲੀਆਂ ਪੀੜ੍ਹੀਆਂ ਆ ਗਈਆਂ ਸਨ, ਜਿਨ੍ਹਾਂ ਦੀ ਇਹ ਮਾਤਭੂਮੀ ਸੀ। ਬੀਤਦੇ ਵਕਤ ਨਾਲ ਮੁਕਾਮੀ ਕਾਲੋਨੀਆਂ ਵਾਲਿਆਂ ਨੇ ਆਪਣੀ ਸਹੂਲਤ ਲਈ ਨਿੱਤ ਦੇ ਕੰਮਾਂ ਲਈ ਆਪਣੀਆਂ ਕੌਂਸਲਾਂ ਚੁਣਨ ਦਾ ਤਰੀਕਾ ਅਪਨਾ ਲਿਆ ਸੀ। ਉਹ ਆਪਣੀਆਂ ਸਭਾਵਾਂ ਚੁਣਦੇ ਅਤੇ ਅੱਗੇ ਗਵਰਨਰ ਦੀ ਚੋਣ ਕਰਦੇ ਪਰ ਇਨ੍ਹਾਂ ਕਾਲੋਨੀਆਂ ਦੇ ਮੋਢੀ ਸ਼ੁਰੂ ਵਿਚ ਆਪਣੀ ਸਰਕਾਰ (ਇੰਗਲੈਂਡ ਸਰਕਾਰ) ਤੋਂ ਇਜਾਜ਼ਤ ਲੈ ਕੇ ਅਤੇ ਪਟੇ ਲਿਖਵਾ ਕੇ ਲਿਆਏ ਅਤੇ ਇਥੇ ਕਾਲੋਨੀਆਂ ਵਸਾਈਆਂ। ਇਸ ਕਰ ਕੇ ਇਹ ਸਭ ਕਾਲੋਨੀਆਂ ਇੰਗਲੈਂਡ ਸਰਕਾਰ ਦੀ ਮਲਕੀਅਤ ਸਨ ਪਰ ਇੰਨੀ ਦੂਰੋਂ ਇੰਨੇ ਵੱਡੇ ਸਿਸਟਮ ਨੂੰ ਕੰਟਰੋਲ ਕਰਨਾ ਇੰਗਲੈਂਡ ਲਈ ਔਖਾ ਸੀ। ਉਹ ਸਾਰੇ ਗਵਰਨਰਾਂ ਨੂੰ ਸਾਲ ‘ਚ ਇਕ ਵਾਰ ਬੁਲਾਉਂਦੇ ਅਤੇ ਦਿਸ਼ਾ ਨਿਰਦੇਸ਼ ਦਿੰਦੇ। ਗਵਰਨਰ ਇੰਗਲੈਂਡ ਸਰਕਾਰ ਦੇ ਨੁਮਾਇੰਦੇ ਹੁੰਦੇ ਸਨ। ਇੰਗਲੈਂਡ ਸਰਕਾਰ ਜੋ ਟੈਕਸ ਵਗੈਰਾ ਇਕੱਠੇ ਕਰਦੀ ਸੀ, ਉਹ ਇਨ੍ਹਾਂ ਗਵਰਨਰਾਂ ਰਾਹੀਂ ਹੀ ਕਰਦੀ ਸੀ ਪਰ ਕਾਲੋਨੀਆਂ ਦੇ ਲੋਕਾਂ ਨੂੰ ਇਹ ਗੱਲ ਚੁੱਭਦੀ ਸੀ।
ਫਿਰ ਇਕ ਗੱਲ ਹੋਰ ਵੀ ਸੀ-ਕਾਲੋਨੀਆਂ ਵਾਲਿਆਂ ਦੀ ਇੰਡੀਅਨਜ਼ (ਮੂਲ ਨਿਵਾਸੀ-ਨੇਟਿਵ) ਨਾਲ ਲੜਾਈ ਚੱਲਦੀ ਰਹਿੰਦੀ ਸੀ। ਇਹ ਝਗੜੇ ਨਿਬੇੜਨ ਲਈ ਕਾਲੋਨੀਆਂ ਵਾਲਿਆਂ ਨੂੰ ਆਪ ਜੱਦੋਜਹਿਦ ਕਰਨੀ ਪੈਂਦੀ ਸੀ। ਉਹ ਵਾਰ-ਵਾਰ ਇੰਗਲੈਂਡ ਸਰਕਾਰ ਨੂੰ ਕਹਿੰਦੇ ਰਹਿੰਦੇ ਕਿ ਉਹ ਇੰਗਲੈਂਡ ਸਰਕਾਰ ਦੀ ਪਰਜਾ ਹਨ, ਇਸ ਕਰ ਕੇ ਬਾਹਰਲਿਆਂ ਦੀ ਲੜਾਈ ਵੇਲੇ ਇੰਗਲੈਂਡ ਉਨ੍ਹਾਂ ਨੂੰ ਬਚਾਵੇ। ਪਰ ਇੰਗਲੈਂਡ ਚੁੱਪ ਵੱਟ ਜਾਂਦਾ। ਇਹ ਗੱਲ ਵੀ ਕਾਲੋਨੀਆਂ ਵਾਲਿਆਂ ‘ਚ ਗੁੱਸਾ ਭਰ ਰਹੀ ਸੀ ਕਿ ਜਦੋਂ ਇੰਗਲੈਂਡ ਨੇ ਉਨ੍ਹਾਂ ਦੀ ਕੋਈ ਮਦਦ ਹੀ ਨਹੀਂ ਕਰਨੀ ਤਾਂ ਫਿਰ ਉਹ ਟੈਕਸ ਕਿਸ ਗੱਲ ਲਈ ਇਕੱਠੇ ਕਰਦਾ ਹੈ? ਇਉਂ ਬੇਗਾਨਗੀ ਦੀ ਭਾਵਨਾ ਪੈਦਾ ਹੁੰਦੀ ਗਈ।
ਉਧਰ, ਕੈਨੇਡਾ ਵਾਲੇ ਪਾਸੇ ਤੋਂ ਫਰਾਂਸ ਵੀ ਪੰਗਾ ਪਾਈ ਰੱਖਦਾ ਸੀ। ਇਸ ਪਾਸੇ ਜਾਨਵਰਾਂ ਦੀਆਂ ਖੱਲਾਂ ਦਾ ਵੱਡਾ ਵਪਾਰ ਸੀ। ਫਰਾਂਸ ਅਮਰੀਕਾ ਦੇ ਨਾਲ ਲੱਗਦੇ ਇਲਾਕਿਆਂ ‘ਤੇ ਕਬਜ਼ਾ ਕਰਨਾ ਚਾਹੁੰਦਾ ਸੀ ਤਾਂ ਕਿ ਫਰ ਦਾ ਵਪਾਰ ਉਸ ਦੇ ਹੱਥ ਆ ਸਕੇ। ਉਸ ਦੀਆਂ ਫੌਜਾਂ ਦਾ ਮੁਕਾਬਲਾ ਵੀ ਕਾਲੋਨੀਆਂ ਵਾਲਿਆਂ ਨੂੰ ਆਪ ਹੀ ਕਰਨਾ ਪੈਂਦਾ ਸੀ। ਯੂਰਪ ਵਿਚ ਇੰਗਲੈਂਡ ਅਤੇ ਫਰਾਂਸ ਵਿਚਕਾਰ ਲੜਾਈ ਚਲਦੀ ਹੀ ਰਹਿੰਦੀ ਸੀ, ਇਸ ਲਈ ਫਰਾਂਸ ਅਮਰੀਕਾ ਵੱਲ ਲੜਾਈ ਕਰਨ ਤੋਂ ਨਹੀਂ ਸੀ ਝਿਜਕਦਾ। ਫਰਾਂਸ ਦੇ ਨਿਤ ਦੇ ਝਗੜਿਆਂ ਤੋਂ ਅੱਕ ਕੇ ਵਰਜੀਨੀਆ ਕਾਲੋਨੀ ਦੇ ਗਵਰਨਰ ਨੇ ਇਕ ਪਾਸਾ ਕਰਨ ਦੀ ਸੋਚਦਿਆਂ ਵੱਡੀ ਫੌਜ ਉਧਰ ਤੋਰ ਦਿੱਤੀ। ਇਸ ਫੌਜ ਦੀ ਅਗਵਾਈ ਨੌਜਵਾਨ ਕਰਨਲ ਜਾਰਜ ਵਾਸ਼ਿੰਗਟਨ ਕਰ ਰਿਹਾ ਸੀ। ਵਰਜੀਨੀਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਪਰ ਇਕ ਵਾਰ ਫਿਰ ਹਾਲਤ ਪਲਟ ਗਈ ਜਦੋਂ ਵਿਲੀਅਮ ਪਿਟ, ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਿਆ। ਉਸ ਨੇ ਕਾਲੋਨੀਆਂ ਵਾਲਿਆਂ ਦੀ ਮਦਦ ਕਰਦਿਆਂ 1763 ਵਿਚ ਪੂਰੀ ਫੌਜ ਇਧਰ ਤੋਰ ਦਿੱਤੀ।
ਫਰਾਂਸ ਅਤੇ ਇੰਗਲੈਂਡ ਵਿਚਕਾਰ ਇਧਰ ਕੈਨੇਡਾ ਅਤੇ ਅਮਰੀਕਾ ਦੀ ਧਰਤੀ ‘ਤੇ ਫੈਸਲਾਕੁਨ ਲੜਾਈ ਹੋਈ। ਫਰਾਂਸ ਹਾਰ ਗਿਆ। ਹਾਰੇ ਹੋਏ ਫਰਾਂਸ ਨੇ ਕੈਨੇਡਾ ਦਾ ਬਹੁਤ ਸਾਰਾ ਹਿੱਸਾ ਇੰਗਲੈਂਡ ਹਵਾਲੇ ਕਰ ਦਿੱਤਾ। ਉਸ ਵੇਲੇ ਅਮਰੀਕਾ ਦੇ ਮੱਧ ਵਿਚ ਲੂਸੀਆਨਾ ਬਹੁਤ ਵੱਡੀ ਕਾਲੋਨੀ ਸੀ। ਫਰਾਂਸ ਨੂੰ ਉਹ ਕਾਲੋਨੀ ਵੀ ਇੰਗਲੈਂਡ ਨੂੰ ਸੌਂਪਣੀ ਪਈ। ਉਧਰ, ਸਪੇਨ ਵੀ ਪਿੱਛੇ ਹੋਈ ਲੜਾਈ ਦਰਮਿਆਨ ਫਲੋਰਿਡਾ ਕਾਲੋਨੀ ਇੰਗਲੈਂਡ ਨੂੰ ਹਾਰ ਚੁਕਾ ਸੀ।
ਇਸ ਲੜਾਈ ਨਾਲ ਇੰਗਲੈਂਡ ਦਾ ਰਾਜ ਭਾਗ ਬਹੁਤ ਦੂਰ ਦੂਰ ਤੱਕ ਫੈਲ ਗਿਆ। ਹੁਣ ਇੰਗਲੈਂਡ ਕਾਲੋਨੀਆਂ ਦੇ ਗਵਰਨਰ ਵੀ ਉਥੋਂ ਹੀ ਭੇਜਣ ਲੱਗ ਪਿਆ। ਅਗਾਂਹ ਗਵਰਨਰ ਕੋਲ ਬ੍ਰਿਟਿਸ਼ ਫੌਜ ਹੁੰਦੀ ਸੀ। ਗਵਰਨਰ ਅਤੇ ਫੌਜ ਦਾ ਜ਼ਿਆਦਾ ਕੰਮ ਟੈਕਸ ਉਗਰਾਹੁਣਾ ਹੀ ਸੀ। ਬਾਕੀ ਪ੍ਰਬੰਧ ਕਾਲੋਨੀਆਂ ਦੀਆਂ ਸਭਾਵਾਂ ਆਪ ਕਰਦੀਆਂ ਪਰ ਇਸ ਦਾ ਪ੍ਰਬੰਧ ਕਰਨਾ ਵੀ ਮੁਸ਼ਕਿਲ ਹੋ ਗਿਆ। ਇੰਗਲੈਂਡ ਨੇ ਭਾਵੇਂ ਥਾਂਉਂ ਥਾਂਈਂ ਬਹੁਤ ਸਾਰੀ ਫੌਜ ਰੱਖੀ ਹੋਈ ਸੀ ਪਰ ਕਈ ਪਾਸੀਂ ਚੱਲ ਰਹੀ ਲੜਾਈ ਕਾਰਨ ਇਹ ਕਾਫੀ ਨਹੀਂ ਸੀ; ਖਾਸ ਕਰ ਕੇ ਨੇਟਿਵ ਇੰਡੀਅਨ ਆਪਣੇ ਹੱਕਾਂ ਲਈ ਜੱਦੋਜਹਿਦ ਤੇਜ਼ ਕਰ ਰਹੇ ਸਨ। ਇਹ ਭਾਵੇਂ ਫਰਾਂਸ ਸੀ, ਜਾਂ ਉਸ ਦੀ ਥਾਂ ਇੰਗਲੈਂਡ, ਇੰਡੀਅਨਾਂ ਦਾ ਸਭ ਕੁਝ ਖੋਹਿਆ ਜਾ ਰਿਹਾ ਸੀ। ਆਖਰ 1763 ਵਿਚ ਇੰਡੀਅਨਾਂ ਨੇ ਗਰੇਟ ਲੇਕਸ ਤੋਂ ਲੈ ਕੇ ਧੁਰ ਦੱਖਣ (ਮੈਕਸੀਕੋ) ਤੱਕ ਲੜਾਈ ਛੇੜ ਦਿੱਤੀ। ਇਹ ਬਹੁਤ ਵੱਡੀ ਲੜਾਈ ਸੀ। ਕੋਈ ਵਾਹ ਨਾ ਜਾਂਦੀ ਦੇਖ ਕੇ ਇੰਗਲੈਂਡ ਨੇ ਬਿਨਾ ਕਾਲੋਨੀਆਂ ਵਾਲਿਆਂ ਦੀ ਸਹਿਮਤੀ ਦੇ ਇੰਡੀਅਨਾਂ ਨਾਲ ਸਮਝੌਤਾ ਕਰ ਲਿਆ। ਇਸ ਸੰਧੀ ਮੁਤਾਬਕ ਕਾਲੋਨੀਆਂ ਵਾਲਿਆਂ ‘ਤੇ ਪਾਬੰਦੀ ਲਾ ਦਿੱਤੀ ਕਿ ਉਹ ਐਪਲੈਚਿਨ ਪਹਾੜ ਦੇ ਪੱਛਮ ਵੱਲ ਨਹੀਂ ਵਧਣਗੇ। ਇਕ ਕਿਸਮ ਦੀ ਲਕੀਰ ਖਿੱਚੀ ਗਈ। ਇਸ ਨਾਲ ਕਾਲੋਨੀਆਂ ਵਾਲਿਆਂ ‘ਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਇਹ ਸੰਧੀ ਮੰਨਣ ਤੋਂ ਨਾਂਹ ਕਰ ਦਿੱਤੀ। ਇਉਂ ਉਨ੍ਹਾਂ ਦੀ ਇੰਡੀਅਨਾਂ ਨਾਲ ਖਿੱਚੋਤਾਣ ਉਵੇਂ ਹੀ ਜਾਰੀ ਰਹੀ।
ਲਗਾਤਾਰ ਲੜਾਈਆਂ ਕਾਰਨ ਇੰਗਲੈਂਡ ਕਰਜ਼ੇ ‘ਚ ਡੁੱਬ ਗਿਆ ਸੀ। ਉਸ ਨੇ ਇਹ ਘਾਟਾ ਪੂਰਾ ਕਰਨ ਲਈ ਅਮਰੀਕਨ ਕਾਲੋਨੀਆਂ ਨੂੰ ਜਾਣ ਵਾਲੀਆਂ ਵਸਤਾਂ ‘ਤੇ ਟੈਕਸ ਲਾਉਣ ਲਈ ਨਵਾਂ ਐਕਟ ਬਣਾ ਦਿੱਤਾ ਜਿਸ ਦਾ ਨਾਂ ਸ਼ੂਗਰ ਐਕਟ ਸੀ। ਅਮਰੀਕਨ ਕਾਲੋਨੀਆਂ ਖੰਡ, ਚੌਲ, ਟੈਕਸਟਾਈਲ, ਕੌਫੀ, ਸ਼ਰਾਬ, ਤੰਬਾਕੂ ਅਤੇ ਹੋਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਵਸਤਾਂ ਇੰਗਲੈਂਡ ਨੂੰ ਬਰਾਮਦ ਕਰਦੀਆਂ ਸਨ। ਸ਼ੂਗਰ ਐਕਟ ਅਧੀਨ ਇਨ੍ਹਾਂ ਚੀਜ਼ਾਂ ਉਪਰ ਡਿਊਟੀ ਬਹੁਤ ਵਧ ਗਈ। ਇਸ ਨਾਲ ਕਾਲੋਨੀਆਂ ਵਾਲਿਆਂ ‘ਚ ਇੰਗਲੈਂਡ ਪ੍ਰਤੀ ਨਫਰਤ ਫੈਲ ਗਈ। ਇਨ੍ਹੀਂ ਹੀ ਦਿਨੀਂ ਸਟੈਂਪ ਐਕਟ ਤਹਿਤ ਹੋਰ ਬਹੁਤ ਸਾਰੇ ਟੈਕਸ ਲਾ ਦਿੱਤੇ ਗਏ। ਜਦੋਂ ਟੈਕਸ ਲਗਾਤਾਰ ਵਧਦੇ ਗਏ ਤਾਂ ਕਾਲੋਨੀਆਂ ਵਾਲੇ ਸੋਚਣ ਲੱਗੇ ਕਿ ਇੰਗਲੈਂਡ ਉਨ੍ਹਾਂ ਲਈ ਕਰਦਾ ਤਾਂ ਕੁਝ ਨਹੀਂ ਪਰ ਟੈਕਸ ਬੇਵਜ੍ਹਾ ਉਗਰਾਹ ਰਿਹਾ ਹੈ। ਉਨ੍ਹਾਂ ਆਪੋ-ਆਪਣੇ ਨੁਮਾਇੰਦੇ ਚੁਣੇ ਅਤੇ ਸਾਰੀਆਂ ਕਾਲੋਨੀਆਂ ਦੇ ਨੁਮਾਇੰਦੇ ਇਕੱਠੇ ਹੋ ਕੇ ਇੰਗਲੈਂਡ ਪਹੁੰਚੇ। ਉਨ੍ਹਾਂ ਆਪਣੇ ਇਸ ਇਕੱਠ ਨੂੰ ਕਾਂਗਰਸ ਦਾ ਨਾਂ ਦਿੱਤਾ ਅਤੇ ਇੰਗਲੈਂਡ ਦੀ ਪਾਰਲੀਮੈਂਟ ‘ਚ ਆਪਣਾ ਪੱਖ ਪੇਸ਼ ਕੀਤਾ ਪਰ ਕੋਈ ਸੁਣਵਾਈ ਨਾ ਹੋਈ। ਮੁੜਨ ਲੱਗਿਆਂ ਇਸ ਕਾਂਗਰਸ ਨੇ ਅਲਟੀਮੇਟਮ ਦੇ ਦਿੱਤਾ ਕਿ ਜੇ ਅਗਾਂਹ ਤੋਂ ਕੋਈ ਅਜਿਹਾ ਟੈਕਸ ਲਾਇਆ ਗਿਆ ਤਾਂ ਇੰਗਲੈਂਡ ਲਈ ਨਤੀਜੇ ਚੰਗੇ ਨਹੀਂ ਹੋਣਗੇ।
ਇਸ ਪਿੱਛੋਂ 1764 ‘ਚ ਵਰਜੀਨੀਆ ਦੀ ਸਭਾ ‘ਹਾਊਸ ਆਫ ਬਰਗੀਸਸ’ ਵਿਚ ਪੈਟਰਿਕ ਹੈਨਰੀ ਨਾਮੀ ਨੁਮਾਇੰਦੇ ਨੇ ਕਾਲੋਨੀਆਂ ਲਈ ਵੱਧ ਅਧਿਕਾਰਾਂ ਵਾਲੇ ਕਈ ਮਤੇ ਪੇਸ਼ ਕੀਤੇ, ਜੋ ਬਰਤਾਨਵੀ ਪਾਰਲੀਮੈਂਟ ਨੂੰ ਸਿੱਧੀ ਚੁਣੌਤੀ ਸੀ। ਹਾਊਸ ਨੇ ਇਨ੍ਹਾਂ ਨੂੰ ਪਾਸ ਕਰ ਦਿੱਤਾ। ਵਰਜੀਨੀਆ ਕਾਲੋਨੀ ਵਿਚ ਇਹ ਮਤੇ ਪਾਸ ਹੋਣ ਦੀ ਦੇਰ ਸੀ ਕਿ ਬਾਕੀ ਕਾਲੋਨੀਆਂ ਵੀ ਇਹੋ ਕੁਝ ਕਰਨ ਲੱਗੀਆਂ। ਇਸ ਤੋਂ ਚਿੜ੍ਹ ਕੇ ਇੰਗਲੈਂਡ ਨੇ ਨਿਊ ਯਾਰਕ ਦੀ ਸਭਾ ਭੰਗ ਕਰ ਦਿੱਤੀ। ਇਸ ਨਾਲ ਸਾਰੀਆਂ ਕਾਲੋਨੀਆਂ ‘ਚ ਰੋਸ ਫੈਲ ਗਿਆ। ਕਾਲੋਨੀਆਂ ਦੇ ਸਾਂਝੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਬਰਤਾਨਵੀ ਪਾਰਲੀਮੈਂਟ ਵਿਚ ਕਾਲੋਨੀਆਂ ਵਾਲਿਆਂ ਦਾ ਕੋਈ ਵੀ ਨੁਮਾਇੰਦਾ ਨਹੀਂ ਅਤੇ ਬਰਤਾਨੀਆ ਜੋ ਚਾਹੇ ਕਰਦਾ ਹੈ, ਇਸ ਲਈ ਉਹ ਤਾਂ ਸਾਰੇ ਫਿਰ ਗੁਲਾਮ ਹੋਏ। ਇਸ ਗੱਲ ਨੂੰ ਵਰਜੀਨੀਆ ਦੇ ਨਾਮੀ ਵਕੀਲ ਥੌਮਸ ਜੈਫਰਸਨ ਨੇ ਆਪਣੇ ਢੰਗ ਨਾਲ ਪ੍ਰਚਾਰਿਆ। ਅਖਬਾਰਾਂ ਵਿਚ ਲੇਖ ਲਿਖੇ। ਇਸ ਨਾਲ ਕਾਲੋਨੀਆਂ ਵਾਲਿਆਂ ‘ਚ ਨਵੀਂ ਚਰਚਾ ਚੱਲ ਪਈ ਕਿ ਉਹ ਤਾਂ ਸਿਰਫ ਬਰਤਾਨੀਆ ਦੇ ਗੁਲਾਮ ਹਨ।
ਇਨ੍ਹੀਂ ਦਿਨੀਂ ਹੀ ਮੈਸਾਚੂਸੈਟਸ ਵਿਚ ਮੁਜਾਹਰੇ ਸ਼ੁਰੂ ਹੋ ਗਏ। ਗਵਰਨਰ ਨੇ ਫੌਜ ਬੁਲਾ ਲਈ ਅਤੇ ਦਰਜਨਾਂ ਮੁਜਾਹਰਾਕਾਰੀ ਮਾਰੇ ਗਏ। ਇਹ ਚੰਗਿਆੜੀ ਹੋਰ ਭੜਕ ਗਈ। ਉਦੋਂ ਹੀ ਬਰਤਾਨਵੀ ਪਾਰਲੀਮੈਂਟ ਨੇ ਇਕ ਹੋਰ ‘ਟੀ ਐਕਟ’ ਪਾਸ ਕਰ ਦਿੱਤਾ ਜਿਸ ਮੁਤਾਬਕ ‘ਈਸਟ ਇੰਡੀਆ ਟੀ ਕੰਪਨੀ’ ਜੋ ਅਮਰੀਕਨ ਕਾਲੋਨੀਆਂ ਵਿਚ ਚਾਹ ਵੇਚਦੀ ਸੀ, ਨੇ ਚਾਹ ਵੇਚਣ ‘ਤੇ ਟੈਕਸ ਵਧਾ ਦਿੱਤਾ। ਮੁਜਾਹਰਾਕਾਰੀਆਂ ਨੇ ਇਸ ਕੰਪਨੀ ਦੇ ਚਾਹ ਦੇ ਭਰੇ ਕਈ ਜਹਾਜ ਸਮੁੰਦਰ ‘ਚ ਹੀ ਰੋੜ੍ਹ ਦਿੱਤੇ। ਇਸ ਨਾਲ ਤਣਾਅ ਹੋਰ ਵਧ ਗਿਆ। ਇਸੇ ਵੇਲੇ ਵਰਜੀਨੀਆ ਦੇ ਥੌਮਸ ਜੈਫਰਸਨ ਨੇ ਮੈਸਾਚੂਸੈਟਸ ਦੇ ਮੁਜਾਹਰਾਕਾਰੀਆਂ ਦੇ ਹੱਕ ‘ਚ ਲੇਖ ਲਿਖਣੇ ਅਤੇ ਛਪਵਾਉਣੇ ਸ਼ੁਰੂ ਕਰ ਦਿੱਤੇ। ਉਹ ਰਾਤੋ ਰਾਤ ਕਾਲੋਨੀਆਂ ਵਾਲਿਆਂ ਦਾ ਹੀਰੋ ਬਣ ਗਿਆ। ਫਿਰ ਬਰਤਾਨੀਆ ਨੇ ਕਿਊਬੈਕ ਐਕਟ ਪਾਸ ਕਰ ਦਿੱਤਾ ਜਿਸ ਮੁਤਾਬਕ ਉਤਰ ਵੱਲ ਦੀਆਂ ਨਿਊ ਯਾਰਕ ਸਮੇਤ ਕਈ ਕਾਲੋਨੀਆਂ ਬ੍ਰਿਟਿਸ਼ ਕੈਨੇਡਾ ਨਾਲ ਰਲਾਉਣ ਦੀ ਤਜਵੀਜ਼ ਸੀ। ਇਸ ਦਾ ਵੀ ਥਾਂ ਪੁਰ ਥਾਂ ਵਿਰੋਧ ਸ਼ੁਰੂ ਹੋ ਗਿਆ। ਬਰਤਾਨੀਆ ਸਮਝੌਤੇ ਦਾ ਕੋਈ ਰਾਹ ਕੱਢਣ ਦੀ ਥਾਂ ਧੱਕਾ ਕਰਦਾ ਚਲਿਆ ਗਿਆ।
ਫਿਰ 1774 ਵਿਚ ਸਾਰੀਆਂ ਕਾਲੋਨੀਆਂ ਨੇ ਸਾਂਝਾ ਗਰੁਪ ਬਣਾਉਣ ਲਈ ਆਪੋ-ਆਪਣੇ ਡੈਲੀਗੇਟ ਚੁਣੇ ਜੋ ਇੰਗਲੈਂਡ ਸਰਕਾਰ ਮੂਹਰੇ ਆਪਣੇ ਅਧਿਕਾਰ ਰੱਖ ਸਕਣ। ਇਸ ਗਰੁਪ ਨੂੰ ਕਾਂਟੀਨੈਂਟਲ ਕਾਂਗਰਸ ਦਾ ਨਾਂ ਦਿੱਤਾ ਗਿਆ ਅਤੇ ਇਨ੍ਹਾਂ ਦੀ ਪਹਿਲੀ ਮੀਟਿੰਗ ਸਤੰਬਰ 1774 ਵਿਚ ਫਿਲਾਡੈਲਫੀਆ ਵਿਚ ਹੋਈ। ਇਸ ਮੀਟਿੰਗ ਵਿਚ ਜੌਹਨ ਐਡਮਸ ਦਾ ਲਿਖਿਆ ਮਤਾ ਪਾਸ ਕੀਤਾ ਗਿਆ, ਜਿਸ ਦੀ ਮੁੱਖ ਮਦ ਸੀ- ‘ਕਾਲੋਨੀਆਂ ਵਾਲਿਆਂ ਦੀ ਜ਼ਿੰਦਗੀ, ਆਜ਼ਾਦੀ ਅਤੇ ਪ੍ਰਾਪਰਟੀ’ ਦੇ ਅਧਿਕਾਰ। ਇਸ ਮੀਟਿੰਗ ਵਿਚ ਇੰਗਲੈਂਡ ਵਲੋਂ ਲਾਏ ਗਏ ਸਾਰੇ ਟੈਕਸ ਅਤੇ ਪਾਸ ਕੀਤੇ ਹੋਰ ਕਾਨੂੰਨ ਨਾ-ਮਨਜ਼ੂਰ ਕਰ ਦਿੱਤੇ ਗਏ। ਕਾਲੋਨੀਆਂ ਦੀ ਬਿਹਤਰੀ ਲਈ ਕਈ ਹੋਰ ਮਤੇ ਪਾਸ ਕਰਦਿਆਂ ਇਹ ਕਾਂਟੀਨੈਂਟਲ ਕਾਂਗਰਸ ਵਾਪਸ ਚਲੀ ਗਈ। ਜਾਣ ਤੋਂ ਪਹਿਲਾਂ ਇਸ ਕਾਂਗਰਸ ਨੇ ਮਈ ਮਹੀਨੇ ਮਿਲਣ ਦੀ ਤਾਰੀਖ ਤੈਅ ਕਰ ਲਈ। ਇਹ ਪਹਿਲੀ ਵਾਰ ਸੀ ਜਦੋਂ ਵੱਖੋ-ਵੱਖ ਕਾਲੋਨੀਆਂ ਵਾਲਿਆਂ ਦੀ ਸਾਂਝੀ ਕੌਂਸਲ ਬਣੀ ਸੀ।
ਹਾਲਾਤ ਮਈ ਤੋਂ ਪਹਿਲਾਂ ਹੀ ਖਰਾਬ ਹੋ ਗਏ। ਮੈਸਾਚੂਸੈਟਸ ਗਵਰਨਰ ਨੇ ਬਾਗੀਆਂ ਨੂੰ ਕੁਚਲਣ ਲਈ ਫੌਜ ਭੇਜ ਦਿੱਤੀ। ਇਸ ਵਿਚ ਕਾਲੋਨੀਆਂ ਦੇ ਬਹੁਤ ਸਾਰੇ ਲੜਾਕੇ, ਜਿਨ੍ਹਾਂ ਨੂੰ ਬਰਤਾਨਵੀ ਸਰਕਾਰ ਬਾਗੀ ਕਹਿੰਦੀ ਸੀ, ਮਾਰੇ ਗਏ। ਬਰਤਾਨੀਆ ਦੇ ਵੀ ਹਜ਼ਾਰਾਂ ਸਿਪਾਹੀ ਇਸ ਲੜਾਈ ਵਿਚ ਮਰ ਗਏ। ਬਦਲਦੇ ਹਾਲਾਤ ਨਾਲ ਦੋ ਧਿਰਾਂ ਆਹਮੋ-ਸਾਹਮਣੇ ਆਈਆਂ ਸਨ। ਇਕ ਪਾਸੇ ਇੰਗਲੈਂਡ ਦੀ ਫੌਜ ਸੀ ਤੇ ਦੂਸਰੇ ਪਾਸੇ ਕਾਲੋਨੀਆਂ ਦੇ ਲੜਾਕੇ ਸਨ। ਜਦੋਂ ਹਾਲਾਤ ਜ਼ਿਆਦਾ ਵਿਗੜ ਗਏ ਤਾਂ ਕਾਂਟੀਨੈਂਟਲ ਕਾਂਗਰਸ ਨੇ ਹੰਗਾਮੀ ਮੀਟਿੰਗ ਸੱਦ ਲਈ। ਦਸ ਮਈ 1775 ਨੂੰ ਇਸ ਕਾਂਗਰਸ ਦੀ ਮੀਟਿੰਗ ਹੋਈ। ਇਸ ਵਿਚ ਪੂਰੇ ਜ਼ੋਰ ਨਾਲ ਬਰਤਾਨੀਆ ਨਾਲ ਲੜਨਾ ਤੈਅ ਹੋਇਆ। ਇਸ ਕਾਰਜ ਲਈ ਸਾਰੀਆਂ ਕਾਲੋਨੀਆਂ ਦੀ ਸਾਂਝੀ ਫੌਜ ਵਧਾਉਣ ਦਾ ਪ੍ਰਸਤਾਵ ਪਾਸ ਹੋਇਆ। ਨਾਲ ਹੀ ਵਰਜੀਨੀਆ ਦੇ ਜਾਰਜ ਵਾਸ਼ਿੰਗਟਨ ਨੂੰ ਇਸ ਫੌਜ ਦਾ ਮੁਖੀ ਥਾਪਿਆ ਗਿਆ। ਕਾਂਟੀਨੈਂਟਲ ਕਰੰਸੀ ਸ਼ੁਰੂ ਕਰਨ ਦੀ ਤਜਵੀਜ਼ ਰੱਖੀ ਗਈ ਪਰ ਅਜੇ ਤੱਕ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਪ੍ਰਸਤਾਵ ਪਾਸ ਨਹੀਂ ਸੀ ਕੀਤਾ।
ਉਧਰ, ਬਰਤਾਨੀਆ ਨੇ ਬਗਾਵਤ ਕੁਚਲਣ ਲਈ 20,000 ਫੌਜੀ ਇਧਰ ਨੂੰ ਤੋਰ ਦਿੱਤੇ। ਅਪਰੈਲ 1776 ਨੂੰ ਕਾਂਟੀਨੈਂਟਲ ਕਾਂਗਰਸ ਫਿਰ ਇਕੱਠੀ ਹੋਈ। ਕੁਝ ਕੁ ਕਾਲੋਨੀਆਂ, ਜਿਨ੍ਹਾਂ ‘ਚ ਨਾਰਥ ਕੈਰੋਲਾਈਨਾ ਸ਼ਾਮਲ ਸੀ, ਪੂਰਨ ਆਜ਼ਾਦੀ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇੰਗਲੈਂਡ ਆਪਣਾ ਮੂਲ ਮੁਲਕ ਹੈ, ਇਸ ਕਰ ਕੇ ਕਿਵੇਂ ਨਾ ਕਿਵੇਂ ਉਸ ਨਾਲ ਸੁਲ੍ਹਾ ਕਰ ਲਈ ਜਾਵੇ। ਇਸ ਮੌਕੇ ਥੌਮਸ ਜੈਫਰਸਨ ਵਰਗੇ ਤੇਜ਼ ਤਰਾਰ ਵਕੀਲਾਂ ਨੇ ਬਹਿਸ ਕੀਤੀ ਕਿ ਆਪਾਂ ਜਿਸ ਸਟੇਜ ‘ਤੇ ਆਣ ਪਹੁੰਚੇ ਹਾਂ, ਇਥੇ ਸੁਲ੍ਹਾ ਸੰਭਵ ਨਹੀਂ; ਜਾਂ ਆਜ਼ਾਦੀ ਮਿਲੇਗੀ ਜਾਂ ਫਿਰ ਆਪਾਂ ਨੂੰ ਕੁਚਲ ਦਿੱਤਾ ਜਾਵੇਗਾ।
ਕਾਂਟੀਨੈਂਟਲ ਕਾਂਗਰਸ ਨੇ ਕਮੇਟੀ ਚੁਣੀ, ਜਿਸ ਨੇ ਖਰੜਾ ਤਿਆਰ ਕਰਨਾ ਸੀ। ਉਂਜ ਤਾਂ ਇਸ ਕਮੇਟੀ ਵਿਚ ਹਰ ਕਾਲੋਨੀ ਤੋਂ ਨੁਮਾਇੰਦੇ ਲਏ ਗਏ ਪਰ ਕਮੇਟੀ ਨੇ ਅਗਾਂਹ ਸਬ ਕਮੇਟੀ ਬਣਾ ਕੇ ਸਾਰਾ ਕੰਮ ਉਸ ਦੇ ਹਵਾਲੇ ਕਰ ਦਿੱਤਾ। ਇਸ ਸਬ ਕਮੇਟੀ ਦੇ ਦੋ ਹੀ ਮੈਂਬਰ ਸਨ-ਇਕ ਵਰਜੀਨੀਆ ਦਾ ਥੌਮਸ ਜੈਫਰਸਨ ਅਤੇ ਦੂਸਰਾ ਜੌਹਨ ਐਡਮਸ। ਥੌਮਸ ਜੈਫਰਸਨ ਅਤੇ ਜੌਹਨ ਐਡਮਸ ਨੇ ਦਸਤਾਵੇਜ਼ ਤਿਆਰ ਕਰ ਲਿਆ। ਇਸ ਨੂੰ ‘ਡੈਕਲੇਰੇਸ਼ਨ ਆਫ ਇੰਡੀਪੈਂਡੈਂਸ’ (ਆਜ਼ਾਦੀ ਦਾ ਐਲਾਨਨਾਮਾ) ਦਾ ਨਾਂ ਦਿੱਤਾ ਗਿਆ। ਉਨ੍ਹਾਂ ਇਹ ਦਸਤਾਵੇਜ਼ ਦੋ ਜੁਲਾਈ ਨੂੰ ਕਾਂਟੀਨੈਂਟਲ ਕਾਂਗਰਸ ਦੀ ਮੀਟਿੰਗ ਵਿਚ ਪੇਸ਼ ਕਰ ਦਿੱਤਾ। ਦੋ ਦਿਨਾਂ ਦੀ ਵਿਚਾਰ ਚਰਚਾ ਪਿੱਛੋਂ ਕਾਂਟੀਨੈਂਟਲ ਕਾਂਗਰਸ ਨੇ ਇਹ ਮਤਾ 4 ਜੁਲਾਈ 1776 ਨੂੰ ਪਾਸ ਕਰ ਦਿੱਤਾ ਅਤੇ ਸਭਾਪਤੀ ਜੌਹਨ ਹੈਨਕੁਕ ਨੇ ਇਸ ‘ਤੇ ਦਸਤਖਤ ਕਰ ਦਿੱਤੇ। ਇਸ ਪਿੱਛੋਂ ਇਸ ਮਤੇ ਮੁਤਾਬਕ ਕਾਂਟੀਨੈਂਟਲ ਕਾਂਗਰਸ ਨੇ ਐਲਾਨ ਕਰ ਦਿੱਤਾ ਕਿ ਅੱਜ ਚਾਰ ਜੁਲਾਈ 1776 ਤੋਂ ਅਮਰੀਕਾ ਆਜ਼ਾਦ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਬਰਤਾਨੀਆ ਨੂੰ ਇਥੋਂ ਬਾਹਰ ਕੱਢਣ ਲਈ ਕਾਂਗਰਸ ਦੀ ਮਦਦ ਕਰਨ। ਹੋਰ ਮੁਲਕਾਂ ਨੂੰ ਵੀ ਬੇਨਤੀ ਕੀਤੀ ਗਈ ਕਿ ਅਮਰੀਕਾ ਨੂੰ ਆਜ਼ਾਦ ਮੁਲਕ ਤਸਲੀਮ ਕੀਤਾ ਜਾਵੇ। ਅੱਗੇ ਚੱਲ ਕੇ ਅਮਰੀਕਾ ਦਾ ਝੰਡਾ 1777 ਵਿਚ ਪਾਸ ਹੋਇਆ। ਉਸ ਵਿਚ 13 ਧਾਰੀਆਂ ਸਨ ਅਤੇ 13 ਹੀ ਸਟਾਰ ਸਨ। ਉਸ ਵੇਲੇ ਅਮਰੀਕਾ ਦੀਆਂ ਕੁੱਲ 13 ਕਾਲੋਨੀਆਂ ਜਾਂ ਕਹਿ ਲਵੋ ਸਟੇਟਾਂ ਸਨ।
ਹੁਣ ਅਸਲੀ ਲੜਾਈ ਸ਼ੁਰੂ ਹੋਣੀ ਸੀ। ਮਤਾ ਤਾਂ ਪਾਸ ਹੋ ਗਿਆ ਪਰ ਬਰਤਾਨੀਆ ਨੂੰ ਕੱਢਣ ਲਈ ਲੜਾਈ ਲੜਨੀ ਪੈਣੀ ਸੀ। ਸਾਰੀਆਂ 13 ਸਟੇਟਾਂ ਇੰਗਲੈਂਡ ਤੋਂ ਆਜ਼ਾਦ ਤਾਂ ਹੋਣਾ ਚਾਹੁੰਦੀਆਂ ਸਨ ਪਰ ਉਸ ਵੇਲੇ ਉਨ੍ਹਾਂ ਦਾ ਸਾਂਝੇ ਰਲ-ਮਿਲ ਕੇ ਰਹਿਣ ਦਾ ਕੋਈ ਇਰਾਦਾ ਨਹੀਂ ਸੀ। ਉਹ ਸਿਰਫ ਆਜ਼ਾਦੀ ਲੈਣ ਲਈ ਇਕੱਠੇ ਹੋਏ ਸਨ। ਇਸ ਵਾਸਤੇ ਇਕ ਹੋਰ ਕਮੇਟੀ ਬਣਾਈ ਗਈ ਜਿਸ ਨੇ ‘ਆਰਟੀਕਲਜ਼ ਆਫ ਕਨਫੈਡਰੇਸ਼ਨ’ ਤਿਆਰ ਕੀਤਾ। ਇਸ ਦਾ ਮੰਤਵ ਸਾਂਝੀ ਫੌਜ ਅਤੇ ਉਸ ਲਈ ਪੈਸੇ ਦਾ ਬੰਦੋਬਸਤ ਕਰਨਾ ਸੀ। ਇਸ ਮਤੇ ਵਿਚ ਇਹ ਵੀ ਲਿਖਿਆ ਗਿਆ ਕਿ ਸਾਰੀਆਂ ਸਟੇਟਾਂ ਸਿਰਫ ਇੰਗਲੈਂਡ ਤੋਂ ਆਜ਼ਾਦੀ ਲੈਣ ਲਈ ਇਕੱਠੀਆਂ ਹਨ। ਇਸ ਤੋਂ ਬਿਨਾ ਉਨ੍ਹਾਂ ਦਾ ਇਕ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਸਭ ਆਪੋ-ਆਪਣੇ ਥਾਂ ਆਜ਼ਾਦ ਅਤੇ ਖੁਦਮੁਖਤਿਆਰ ਹਨ। ਇਹ ਯੂਨੀਅਨ ਸਿਰਫ ਦੋਸਤ ਸਟੇਟਾਂ ਦੀ ਯੂਨੀਅਨ ਹੈ ਜਿਸ ਦਾ ਮੰਤਵ ਸਾਂਝੇ ਦੁਸ਼ਮਣ ਬਰਤਾਨੀਆ ਨਾਲ ਲੜਨਾ ਹੈ।
‘ਕਨਫੈਡਰੇਸ਼ਨ ਆਫ ਸਟੇਟਸ’ ਬਣ ਤਾਂ ਗਈ ਪਰ ਇਸ ਕੋਲ ਨਾ ਤਾਂ ਕੋਈ ਬਹੁਤੇ ਅਧਿਆਰ ਸਨ ਅਤੇ ਨਾ ਹੀ ਇਸ ਦੇ ਨੁਮਾਇੰਦੇ ਅਨੁਭਵੀ ਸਨ। ਉਸ ਵੇਲੇ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਇਹ ਇਕਾਈ ਕੰਮ ਕਿਵੇਂ ਕਰੇਗੀ? ਨਾ ਹੀ ਇਸ ਪਾਸ ਕੋਈ ਨਵਾਂ ਕਾਨੂੰਨ ਬਣਾਉਣ ਦੀ ਅਥਾਰਟੀ ਸੀ। ਬਸ ਉਸ ਵੇਲੇ ਇਕੋ ਇਕ ਵੱਡਾ ਕੰਮ ਬਰਤਾਨੀਆ ਤੋਂ ਆਜ਼ਾਦ ਹੋਣਾ ਸੀ। ਸਭ ਦੀ ਸੋਚ ਸੀ ਕਿ ਇਕ ਵਾਰ ਆਜ਼ਾਦੀ ਮਿਲ ਗਈ, ਉਸ ਪਿੱਛੋਂ ਜਿਵੇਂ ਕੋਈ ਸਟੇਟ ਚਾਹੇਗੀ, ਉਵੇਂ ਕਰ ਸਕਣ ਲਈ ਉਹ ਆਜ਼ਾਦ ਹੋਵੇਗੀ। ਜਾਪਦਾ ਸੀ ਕਿ ਇਹ ਕਨਫੈਡਰੇਸ਼ਨ ਆਜ਼ਾਦੀ ਪਿਛੋਂ ਆਪਣੇ ਆਪ ਖਤਮ ਹੋ ਜਾਵੇਗੀ।
ਚਾਰ ਜੁਲਾਈ ਨੂੰ ਜਦੋਂ ਆਜ਼ਾਦੀ ਦਾ ਮਤਾ ਪਾਸ ਹੋ ਗਿਆ ਤਾਂ ਬਰਤਾਨੀਆ ਜ਼ੋਰ-ਸ਼ੋਰ ਨਾਲ ਇਸ ਨੂੰ ਦਬਾਉਣ ‘ਤੇ ਤੁਲ ਗਿਆ। ਉਸ ਨੇ ਵੱਡੀ ਫੌਜ ਤੋਰ ਦਿੱਤੀ। ਅੱਗੇ ਜਰਨਲ ਜਾਰਜ ਵਾਸ਼ਿੰਗਟਨ ਦੀ ਕਮਾਂਡ ਹੇਠ ਕਨਫੈਡਰੇਸ਼ਨ ਆਰਮੀ ਤਿਆਰ ਸੀ। ਸ਼ੁਰੂ ‘ਚ ਜਾਰਜ ਵਾਸ਼ਿੰਗਟਨ ਦੀ ਆਰਮੀ ਬਰਤਾਨੀਆ ਦੇ ਮੁਕਾਬਲੇ ਛੋਟੀ ਸੀ ਅਤੇ ਪੂਰੀ ਸਿਖਿਅਤ ਵੀ ਨਹੀਂ ਸੀ। ਉਸ ਨੂੰ ਪੂਰੀ ਮਦਦ ਵੀ ਨਹੀਂ ਸੀ ਮਿਲ ਰਹੀ। ਬਰਤਾਨੀਆ ਨੂੰ ਵੀ ਇੰਨੀ ਦੂਰੋਂ ਆ ਕੇ ਲੜਨਾ ਪੈ ਰਿਹਾ ਸੀ। ਸੋ, ਉਹਦੇ ਲਈ ਵੀ ਇਹ ਜੰਗ ਇੰਨੀ ਸੌਖੀ ਨਹੀਂ ਸੀ। ਕਈ ਲੜਾਈਆਂ ਵਿਚ ਅਮਰੀਕਨਾਂ ਦਾ ਬੜਾ ਨੁਕਸਾਨ ਹੋਇਆ। ਫਿਲਾਡੈਲਫੀਆ ਬਰਤਾਨੀਆ ਦੇ ਕਬਜ਼ੇ ਵਿਚ ਸੀ। ਜਾਰਜ ਵਾਸ਼ਿੰਗਟਨ ਵੀਹ ਮੀਲ ਦੂਰ ਸੀ। ਉਪਰੋਂ ਬਰਫਬਾਰੀ ਸ਼ੁਰੂ ਹੋ ਗਈ। ਵਾਸ਼ਿੰਗਟਨ ਦੀ ਫੌਜ ਕੋਲ ਲੋੜੀਂਦਾ ਕੱਪੜਾ-ਲੱਤਾ ਵੀ ਨਹੀਂ ਸੀ। ਇਸ ਠੰਢ ਅਤੇ ਹੋਰ ਬਿਮਾਰੀਆਂ ਕਾਰਨ ਉਸ ਦਾ ਬੜਾ ਨੁਕਸਾਨ ਹੋਇਆ ਅਤੇ ਹਜ਼ਾਰਾਂ ਫੌਜੀ ਮਰ ਗਏ। ਉਸ ਨੇ ਕਾਂਟੀਨੈਂਟਲ ਕਾਂਗਰਸ ਤੋਂ ਮਾਲੀ ਮਦਦ ਮੰਗੀ ਪਰ ਉਸ ਨੂੰ ਨਾਂਹ ਦੇ ਬਰਾਬਰ ਹੀ ਇਹ ਮਦਦ ਮਿਲੀ। ਫਿਰ ਵੀ ਉਸ ਨੇ ਹੌਸਲਾ ਨਾ ਹਾਰਿਆ ਅਤੇ ਇਕ ਥਾਂ ਉਸ ਦੀ ਹੌਸਲੇ ਭਰੀ ਕਾਰਵਾਈ ਨੇ ਲੜਾਈ ਦਾ ਰੁਖ ਬਦਲ ਦਿੱਤਾ।
ਦਸੰਬਰ ਮਹੀਨੇ ਬਰਤਾਨਵੀ ਫੌਜਾਂ ਟਰੈਂਟਨ ਸ਼ਹਿਰ ਕਬਜ਼ੇ ‘ਚ ਕਰ ਕੇ ਕ੍ਰਿਸਮਸ ਮਨਾ ਰਹੀਆਂ ਸਨ। ਜਾਰਜ ਵਾਸ਼ਿੰਗਟਨ ਨੇ ਸਿਰਫ ਪੰਝੀ ਸੌ ਫੌਜੀਆਂ ਨਾਲ ਉਨ੍ਹਾਂ ਨੂੰ ਘੇਰ ਲਿਆ। ਸੁਤੇ-ਸਿਧ ਪਏ ਘੇਰੇ ਕਾਰਨ ਬਰਤਾਨਵੀ ਸੰਭਲ ਨਾ ਸਕੇ। ਅੰਤ ਜਾਰਜ ਵਾਸ਼ਿੰਗਟਨ ਨੇ ਬਹੁਤ ਸਾਰੀ ਬਰਤਾਨਵੀ ਫੌਜ ਤੋਂ ਆਤਮ ਸਮਰਪਣ ਕਰਵਾਇਆ। ਇਸ ਘਟਨਾ ਨੇ ਲੜਾਈ ਦਾ ਨਕਸ਼ਾ ਬਦਲ ਦਿੱਤਾ। ਜਾਰਜ ਵਾਸ਼ਿੰਗਟਨ ਹੀਰੋ ਬਣ ਗਿਆ ਅਤੇ ਕਾਂਟੀਨੈਂਟਲ ਕਾਂਗਰਸ ਵੀ ਸਰਗਰਮ ਹੋ ਗਈ। ਅਮਰੀਕਨਾਂ ਵਿਚ ਜਜ਼ਬਾ ਭਰ ਗਿਆ। ਉਹ ਧੜਾਧੜ ਭਰਤੀ ਹੋਣ ਲੱਗੇ। ਇਸ ਤੋਂ ਅੱਗੇ ਬਰਤਾਨੀਆ ਦਾ ਦਬਦਬਾ ਘਟਦਾ ਗਿਆ। ਜਾਰਜ ਵਾਸ਼ਿੰਗਟਨ ਨਿਤ ਨਵੀਆਂ ਜਿੱਤਾਂ ਦਰਜ ਕਰਦਾ ਗਿਆ ਪਰ ਬਰਤਾਨੀਆ ਅਜੇ ਵੀ ਤਾਕਤ ਵਿਚ ਸੀ ਸਗੋਂ ਨਿਊ ਯਾਰਕ ਤਾਂ ਹਮੇਸ਼ਾ ਹੀ ਉਸ ਦੇ ਕਬਜ਼ੇ ‘ਚ ਰਿਹਾ ਪਰ ਫਿਰ ਵੀ ਉਹ ਹਾਰ ਵਲ ਵਧ ਰਿਹਾ ਸੀ।
ਜਦੋਂ ਥਾਂ ਥਾਂ ਬਰਤਾਨੀਆ ਦੀ ਹਾਰ ਹੁੰਦੀ ਗਈ ਤਾਂ ਉਸ ਨੇ ਇਕ ਹੋਰ ਪੱਤਾ ਖੇਡਿਆ। ਉਸ ਨੇ ਕਿਹਾ ਕਿ ਉਹ ਪਿਛਲੇ ਸਾਰੇ ਕਾਨੂੰਨ ਰੱਦ ਕਰ ਕੇ ਅਮਰੀਕਨ ਲੋਕਾਂ ਦੀ ਮਰਜ਼ੀ ਮੁਤਾਬਕ ਨਵੇਂ ਕਾਨੂੰਨ ਬਣਾਉਣ ਲਈ ਤਿਆਰ ਹੈ ਬਸ਼ਰਤੇ ਅਮਰੀਕਨ ਕਾਲੋਨੀਆਂ ਵਾਲੇ ਲੜਾਈ ਬੰਦ ਕਰ ਦੇਣ। ਇਹ ਗੱਲ ਬਣੀ ਨਾ, ਕਿਉਂਕਿ ਹੁਣ ਤੱਕ ਆਜ਼ਾਦੀ ਅਮਰੀਕਨ ਕਾਲੋਨੀਆਂ ਵਾਲਿਆਂ ਦਾ ਸੁਪਨਾ ਬਣ ਚੁਕੀ ਸੀ ਤੇ ਉਹ ਹਰ ਹਾਲਤ ਵਿਚ ਬਰਤਾਨੀਆ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਸਨ। ਜਦੋਂ ਬਰਤਾਨੀਆ ਦੀ ਇਹ ਤਜਵੀਜ਼ ਰੱਦ ਹੋ ਗਈ ਤਾਂ ਉਸ ਨੇ ਜੰਗ ਹੋਰ ਤੇਜ਼ ਕਰ ਦਿੱਤੀ। ਇਧਰ ਕਾਲੋਨੀਆਂ ਵਾਲੇ ਵੀ ਧੜਾਧੜ ਲੜਾਈ ‘ਚ ਸ਼ਾਮਲ ਹੋ ਰਹੇ ਸਨ। ਉਸੇ ਵੇਲੇ ਫਰਾਂਸ ਇਨ੍ਹਾਂ ਦੀ ਮੱਦਦ ‘ਤੇ ਆ ਪਹੁੰਚਿਆ ਤੇ ਉਸ ਨੇ ਕਰੀਬ ਸੱਤ ਹਜ਼ਾਰ ਫੌਜੀ ਤੋਰ ਦਿੱਤੇ।
ਜਾਰਜ ਵਾਸ਼ਿੰਗਟਨ ਨੇ ਬੜੀ ਸਕੀਮ ਨਾਲ ਆਪਣੀ ਫੌਜ ਨਾਲ ਬਰਤਾਨੀਆ ਦੀ ਵੱਡੀ ਫੌਜ, ਜੋ ਕੋਰਨਵਾਲਸ ਵਿਚ ਸੀ, ਘੇਰ ਲਈ। ਉਧਰੋਂ ਫਰਾਂਸ ਦੀ ਨਵੀਂ ਆਈ ਫੌਜ ਨੇ ਚੈਸਪੀਕ ਬੇਅ ਬੰਦ ਕਰ ਦਿੱਤਾ। ਇਸ ਨਾਲ ਬਰਤਾਨਵੀ ਫੌਜ ਲਈ ਨਿਕਲਣ ਭੱਜਣ ਦਾ ਰਾਹ ਬੰਦ ਹੋ ਗਿਆ। ਜਾਰਜ ਵਾਸ਼ਿੰਗਟਨ ਵੱਲੋਂ ਘੇਰੀ ਬਰਤਾਨਵੀ ਫੌਜ ਕੋਲ ਹਥਿਆਰ ਸੁੱਟਣ ਤੋਂ ਬਿਨਾ ਕੋਈ ਰਾਹ ਨਾ ਰਿਹਾ। ਫਿਰ 18 ਅਕਤੂਬਰ 1781 ਨੂੰ ਬ੍ਰਿਟਿਸ਼ ਜਨਰਲ ਨੇ ਬਹੁਤ ਵੱਡੀ ਫੌਜ ਸਮੇਤ ਆਤਮ ਸਮਰਪਣ ਕਰ ਦਿੱਤਾ। ਇਸ ਦੇ ਨਾਲ ਹੀ ਬਰਤਾਨਵੀ ਫੌਜਾਂ ਦਾ ਲੱਕ ਟੁੱਟ ਗਿਆ। ਬਰਤਾਨੀਆ ਨੇ ਜੰਗ ਬੰਦ ਕਰਨ ਲਈ ਸੰਧੀਨਾਮਾ ਤਿਆਰ ਕੀਤਾ। ਫਿਰ ਬਰਤਾਨਵੀ ਸਰਕਾਰ ਅਤੇ ਕਨਫੈਡਰੇਸ਼ਨ ਆਫ ਸਟੇਟਸ ਵਿਚਕਾਰ ਇਸ ਸੰਧੀ ‘ਤੇ ਦਸਤਖਤ ਹੋਏ ਅਤੇ 15 ਅਪਰੈਲ 1783 ਨੂੰ ਕਾਂਟੀਨੈਂਟਲ ਕਾਂਗਰਸ ਨੇ ਸੰਧੀ ਮਨਜ਼ੂਰ ਕਰ ਲਈ। ਇਸੇ ਦਿਨ ਬਰਤਾਨੀਆ ਵੱਲੋਂ ਅਮਰੀਕਾ ਨੂੰ ਆਜ਼ਾਦ ਮੁਲਕ ਵਜੋਂ ਮਾਨਤਾ ਮਿਲ ਗਈ। ਇਸ ਦੇ ਨਾਲ ਹੀ ਸੱਤ ਸਾਲ ਚੱਲੀ ਜੰਗ ਪੱਕੇ ਤੌਰ ‘ਤੇ ਖਤਮ ਹੋ ਗਈ। ਇਸ ਸੰਧੀ ਵੇਲੇ ਜੇ ਅਮਰੀਕਨ ਲੀਡਰ ਢੰਗ ਨਾਲ ਗੱਲਬਾਤ ਚਲਾਉਂਦੇ ਤਾਂ ਸਮੁੱਚਾ ਕੈਨੇਡਾ, ਅਮਰੀਕਾ ਨਾਲ ਮਿਲਾ ਸਕਦੇ ਸਨ ਪਰ ਦੂਰ ਅੰਦੇਸ਼ੀ ਦੀ ਘਾਟ ਕਾਰਨ ਉਹ ਅਜਿਹਾ ਨਾ ਕਰ ਸਕੇ। ਸੰਧੀ ਮੁਤਾਬਕ ਅਮਰੀਕਾ ਦੀ ਹੱਦ ਉਤਰ ਵੱਲ ਮੇਨ ਤੋਂ ਲੈ ਕੇ ਗਰੇਟ ਲੇਕਸ ਤੱਕ ਅਤੇ ਐਟਲਾਂਟਕ ਤੱਟ ਤੋਂ ਮਿਸੀਸਿਪੀ ਦਰਿਆ ਤੱਕ ਮਿਥੀ ਗਈ।
ਕਾਲੋਨੀਆਂ ਆਜ਼ਾਦ ਤਾਂ ਹੋ ਗਈਆਂ ਅਤੇ ਸਮੁੱਚੇ ਮੁਲਕ ਨੂੰ ਯੂਨਾਈਟਡ ਸਟੇਟਸ ਦਾ ਨਾਂ ਵੀ ਮਿਲ ਗਿਆ ਪਰ ਅਗਲੇ ਬਹੁਤ ਸਾਲ ਅਮਰੀਕਾ ਲਈ ਜੋਖਮ ਭਰੇ ਸਨ। ਸਟੇਟਾਂ ਆਪਸ ਵਿਚ ਲੜਦੀਆਂ ਰਹਿੰਦੀਆਂ ਸਨ। ਕਦੇ ਸਰਹੱਦ ਦਾ ਝਗੜਾ, ਕਦੇ ਵਪਾਰ ਦਾ; ਕਦੇ ਕਰੰਸੀ ਦਾ ਤੇ ਕਦੇ ਕਿਸੇ ਹੋਰ ਗੱਲ ਦਾ। ਕਈ ਸਟੇਟਾਂ ਤਾਂ ਇਹ ਵੀ ਸੋਚਦੀਆਂ ਸਨ ਕਿ ਹੁਣ ਅਸੀਂ ਬਰਤਾਨੀਆ ਤੋਂ ਆਜ਼ਾਦ ਹੋ ਚੁਕੇ ਹਾਂ, ਹੁਣ ਯੂਨੀਅਨ ਦੀ ਕੋਈ ਲੋੜ ਨਹੀਂ। ਸਟੇਟਾਂ ਆਪੋ-ਆਪਣੇ ਕਾਨੂੰਨ ਬਣਾਉਂਦੀਆਂ ਰਹਿੰਦੀਆਂ, ਜੋ ਕਈ ਵਾਰ ਗੁਆਂਢੀ ਸਟੇਟ ਦੇ ਹੱਕ ‘ਚ ਨਹੀਂ ਸਨ ਹੁੰਦੇ। ਕਾਂਟੀਨੈਂਟਲ ਕਾਂਗਰਸ ਨੂੰ ਹੁਣ ਸਿਰਫ ਕਾਂਗਰਸ ਅਤੇ ਸਟੇਟਾਂ ਦੇ ਇਕੱਠ ਨੂੰ ਯੂਨੀਅਨ ਕਿਹਾ ਜਾਣ ਲੱਗਾ। ਉਂਜ ਇਸ ਕਾਂਗਰਸ ਦੀ ਬਹੁਤੀ ਤਾਕਤ ਨਹੀਂ ਸੀ। ਜੇ ਉਹ ਕੋਈ ਕਾਨੂੰਨ ਬਣਾਉਂਦੀ ਤਾਂ ਕਈ ਸਟੇਟਾਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੰਦੀਆਂ। ਕਾਂਗਰਸ ਕੋਲ ਅਜੇ ਤੱਕ ਕੋਈ ਢੰਗ ਤਰੀਕਾ ਨਹੀਂ ਸੀ ਜਿਸ ਨਾਲ ਮੁਲਕ ਨੂੰ ਇਕ ਕਰ ਕੇ ਚਲਾਇਆ ਜਾਵੇ। ਉਂਜ, ਸਟੇਟਾਂ ਦੇ ਸਿਆਣੇ ਲੀਡਰ ਸਮਝਦੇ ਸਨ ਕਿ ਜੇ ਤਰੱਕੀ ਕਰਨੀ ਹੈ ਤਾਂ ਯੂਨੀਅਨ ਨੂੰ ਤਕੜਾ ਕਰਨਾ ਪਵੇਗਾ, ਫਿਰ ਹੀ ਅੰਤਰ-ਰਾਜੀ ਮਸਲੇ ਹੱਲ ਹੋਣਗੇ। ਕਈ ਸਾਲ ਇਸੇ ਤਰ੍ਹਾਂ ਲੰਘ ਗਏ।
ਫਿਰ ਕਾਫੀ ਸੋਚ ਵਿਚਾਰ ਤੋਂ ਬਾਅਦ ਸਟੇਟਾਂ ਦੇ ਸਿਆਣੇ ਲੀਡਰਾਂ ਨੇ ਮਈ 1787 ਵਿਚ ਕਨਵੈਨਸ਼ਨ ਬੁਲਾਈ। ਹਰ ਸਟੇਟ ਤੋਂ ਡੈਲੀਗੇਟ ਸੱਦੇ ਗਏ। ਹੁਣ ਤੱਕ ਸਟੇਟਾਂ ਆਪਸ ਵਿਚ ਉਲਝਦੀਆਂ ਹੰਭ ਚੁਕੀਆਂ ਸਨ। ਇਸ ਕਰ ਕੇ ਇਕ ਅੱਧ ਨੂੰ ਛੱਡ ਕੇ ਹਰ ਸਟੇਟ ਨੇ ਆਪਣੇ ਨੁਮਾਇੰਦੇ ਭੇਜੇ। ਕਨਵੈਨਸ਼ਨ ਬੜੇ ਚੰਗੇ ਢੰਗ ਨਾਲ ਸ਼ੁਰੂ ਹੋਈ। ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਇਸ ਕਨਵੈਨਸ਼ਨ ਦਾ ਕੋਈ ਚੰਗਾ ਪ੍ਰਧਾਨ ਚੁਣਿਆ ਜਾਵੇ। ਸਭ ਦੀਆਂ ਨਜ਼ਰਾਂ ਜਾਰਜ ਵਾਸ਼ਿੰਗਟਨ ‘ਤੇ ਗਈਆਂ ਕਿਉਂਕਿ ਉਸ ਨੇ ਬਰਤਾਨੀਆ ਖਿਲਾਫ ਬੜੀ ਚੰਗੀ ਲੜਾਈ ਲੜੀ ਅਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਕਰ ਕੇ ਉਹ ਨੈਸ਼ਨਲ ਹੀਰੋ ਸੀ। ਉਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ।
ਕਈ ਦਿਨਾਂ ਦੀ ਬਹਿਸ ਪਿੱਛੋਂ ਕਾਂਗਰਸ ਦੇ ਦੋ ਹਾਊਸ ਬਣਾਉਣ ਦੀ ਤਜਵੀਜ਼ ਹੋਂਦ ‘ਚ ਆਈ। ਇਕ ਨੂੰ ਨੁਮਾਇੰਦਾ ਸਦਨ (ਹਾਊਸ ਆਫ ਰੀਪਰੈਜ਼ੈਂਟੇਟਿਵ) ਅਤੇ ਦੂਸਰੇ ਨੂੰ ਸੈਨੇਟ ਕਿਹਾ ਗਿਆ। ਜਦੋਂ ਕਾਂਗਰਸ ਦੇ ਦੋਨੋਂ ਹਾਊਸ ਸਥਾਪਤ ਹੋ ਗਏ ਤਾਂ ਐਗਜ਼ੈਕੇਟਿਵ ਅਤੇ ਜੂਡੀਸ਼ਰੀ ਦੀ ਸਥਾਪਨਾ ਕੀਤੀ ਗਈ। ਇਸੇ ਤਰ੍ਹਾਂ ਇਹ ਤੈਅ ਕੀਤਾ ਗਿਆ ਕਿ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਿਵੇਂ ਹੋਵੇ। ਕਈ ਮਹੀਨੇ ਲਗਾਤਾਰ ਹੁੰਦੀ ਬਹਿਸ ਨਾਲ ਫੈਸਲੇ ਕੀਤੇ ਗਏ ਅਤੇ ਹੌਲੀ ਹੌਲੀ ਸੈਂਟਰਲ ਗਵਰਨਮੈਂਟ ਸਥਾਪਤ ਹੋ ਗਈ। ਫਿਰ ਜਦੋਂ ਅਮਰੀਕਨ ਪ੍ਰਧਾਨ ਵਾਸਤੇ ਵੋਟਾਂ ਪਈਆਂ ਤਾਂ ਜਾਰਜ ਵਾਸ਼ਿੰਗਟਨ ਫਿਰ ਤੋਂ ਬਹੁ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਜੌਹਨ ਐਡਮਸ ਉਪ ਪ੍ਰਧਾਨ ਬਣਿਆ। 30 ਅਪਰੈਲ 1789 ਨੂੰ ਜਾਰਜ ਵਾਸ਼ਿੰਗਟਨ ਨੇ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕੀ। ਇਉਂ ਮੁਲਕ ਆਜ਼ਾਦ ਤਾਂ ਭਾਵੇਂ 1776 ਵਿਚ ਹੋ ਗਿਆ ਸੀ ਪਰ ਸਰਕਾਰ ਸਹੀ ਢੰਗ ਤਰੀਕੇ ਨਾਲ 1789 ਵਿਚ ਜਾ ਕੇ ਚੱਲਣੀ ਸ਼ੁਰੂ ਹੋਈ। ਅੱਠ ਸਾਲ ਬਾਅਦ ਜਾਰਜ ਵਾਸ਼ਿੰਗਟਨ ਨੇ ਆਪ ਹੀ ਤੀਸਰੀ ਵਾਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਅਗਲਾ ਰਾਸ਼ਟਰਪਤੀ ਜੌਹਨ ਐਡਮਸ ਬਣਿਆ। ਜਾਰਜ ਵਾਸ਼ਿੰਗਟਨ ਨੇ ਇਕ ਤਰ੍ਹਾਂ ਨਾਲ ਰਾਸ਼ਟਰਪਤੀ ਦੀ ਮਿਆਦ ਦੋ ਵਾਰੀਆਂ ਤੱਕ ਸੀਮਤ ਕਰ ਦਿੱਤੀ। ਫਿਰ ਹੌਲੀ-ਹੌਲੀ ਅਮਰੀਕਨ ਸਰਕਾਰ ਡਿੱਕ-ਡੋਲੇ ਖਾਂਦੀ ਅੱਗੇ ਵਧਣ ਲੱਗੀ।
ਅਗਲੇ ਤਕਰੀਬਨ ਵੀਹ ਸਾਲ ਤੱਕ ਅਮਰੀਕਾ ਨੂੰ ਕੋਈ ਬਾਹਰਲੀ ਵੱਡੀ ਚੁਣੌਤੀ ਨਹੀਂ ਦੇਖਣੀ ਪਈ ਪਰ ਯੂਰਪ ਵਿਚ ਇੰਗਲੈਂਡ ਅਤੇ ਫਰਾਂਸ ਦਾ ਝਗੜਾ ਚੱਲਦਾ ਹੀ ਰਹਿੰਦਾ ਸੀ। ਫਿਰ 1814 ਵਿਚ ਅਮਰੀਕਾ ਅਣਚਾਹੇ ਹੀ ਇਨ੍ਹਾਂ ਮੁਲਕਾਂ ਦੀ ਲੜਾਈ ਵਿਚ ਘੜੀਸਿਆ ਗਿਆ। ਇਕ ਵਾਰ ਫਿਰ ਬਰਤਾਨੀਆ ਨਾਲ ਜੰਗ ਸ਼ੁਰੂ ਹੋ ਗਈ। ਬਰਤਾਨੀਆ ਨੇ ਉਧਰੋਂ ਕੈਨੇਡਾ ਵਾਲੇ ਪਾਸਿਉਂ ਅਤੇ ਦੂਜੇ ਪਾਸੇ ਸਮੁੰਦਰੀ ਫੌਜਾਂ ਰਾਹੀਂ ਅਮਰੀਕਾ ਨੂੰ ਘੇਰ ਲਿਆ। ਲਹੂ ਡੋਲਵੀਂ ਜੰਗ ਹੋਈ। ਪਹਿਲੀ ਵਾਰ ਅਮਰੀਕਨਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਆਜ਼ਾਦੀ ਫਿਰ ਖਤਰੇ ਵਿਚ ਹੈ। ਉਨ੍ਹਾਂ ਨੂੰ ਇਹ ਵੀ ਯਕੀਨ ਹੋ ਗਿਆ ਕਿ ਜੇ ਇਸ ਵਾਰ ਬਰਤਾਨਵੀ ਕਾਮਯਾਬ ਹੋ ਗਏ ਤਾਂ ਉਹ ਸਦਾ ਲਈ ਗੁਲਾਮ ਹੋ ਜਾਣਗੇ। ਇਸ ਲਈ ਹਰ ਅਮਰੀਕਨ ਇਸ ਲੜਾਈ ਵਿਚ ਜਾਨ ਤਲੀ ‘ਤੇ ਰੱਖ ਕੇ ਲੜਿਆ। ਆਖਰ ਜਿੱਤ ਅਮਰੀਕਾ ਦੀ ਹੋਈ। ਇਸ ਦੇ ਨਾਲ ਹੀ ਹਰ ਇਕ ਨੂੰ ਅਹਿਸਾਸ ਹੋ ਗਿਆ ਕਿ ਸੈਂਟਰਲ ਗੌਰਮਿੰਟ ਬਿਨਾ ਨਾ ਹੀ ਆਜ਼ਾਦੀ ਕਾਇਮ ਰਹਿ ਸਕਦੀ ਹੈ ਤੇ ਨਾ ਹੀ ਤਰੱਕੀ ਹੋ ਸਕਦੀ ਹੈ। ਆਪਸੀ ਝਗੜੇ ਦੂਰ ਕਰਦਿਆਂ ਸਾਰੀਆਂ ਸਟੇਟਾਂ, ਯੂਨਾਈਟਿਡ ਸਟੇਟਸ ਨੂੰ ਕਾਮਯਾਬ ਕਰਨ ਦੇ ਰਾਹ ਪੈ ਗਈਆਂ। ਇਥੋਂ ਹੀ ਅਮਰੀਕਨ ਜਮਹੂਰੀਅਤ ਮਜ਼ਬੂਤ ਹੋਣ ਦੇ ਰਾਹ ਪਈ।