ਨੀਂਹ ਦੀ ਬੁਨਿਆਦ

ਬਲਜੀਤ ਬਾਸੀ
ਕਿਸੇ ਇਮਾਰਤ ਦੀਆਂ ਕੰਧਾਂ ਧਰਾਤਲ ਤੋਂ ਕੁਝ ਹੇਠੋਂ ਬਣਾਉਣੀਆਂ ਸ਼ੁਰੂ ਕੀਤੀਆਂ ਜਾਂਦੀਆਂ ਹਨ। ਬਣਾਈ ਜਾ ਰਹੀ ਕੰਧ ਦੇ ਹੇਠਾਂ ਕੁਝ ਫੁੱਟ ਡੂੰਘਾ ਟੋਇਆ ਪੁਟਿਆ ਜਾਂਦਾ ਹੈ। ਫਿਰ ਰੋੜੀ, ਪੱਥਰ ਆਦਿ ਵਿਛਾ ਕੇ ਇਸ ਦੀ ਦੁਰਮਟ ਨਾਲ ਖੂਬ ਦੁਰਬੁੜੀ ਚਾੜ੍ਹੀ ਜਾਂਦੀ ਹੈ। ਕੰਧ ਦੀ ਚਿਣਾਈ ਇਸ ਮਜ਼ਬੂਤ ਆਧਾਰ ‘ਤੇ ਹੀ ਕੀਤੀ ਜਾਂਦੀ ਹੈ। ਧਰਤੀ ਦੇ ਪੱਧਰ ਤੱਕ ਇਸ ਤਰ੍ਹਾਂ ਕੀਤੀ ਉਸਾਰੀ ਨੂੰ ਨੀਂਹ ਕਿਹਾ ਜਾਂਦਾ ਹੈ।

ਨੀਂਹ ਸ਼ਬਦ ਦੇ ਹੋਰ ਉਪਭਾਸ਼ਾਈ ਰੁਪਾਂਤਰ ਹਨ: ਨੀਵ, ਨਿਉਂ, ਨੇਂਅ। ਪੰਜਾਬੀ ਵਿਚ ਇਸ ਢਾਂਚੇ ਲਈ ਵਰਤੇ ਜਾਂਦੇ ਹੋਰ ਸ਼ਬਦ ‘ਬੁਨਿਆਦ’ ਦੀ ਚਰਚਾ ਅਸੀਂ ਬਹੁਤ ਪਹਿਲਾਂ ਕਰ ਆਏ ਹਾਂ ਪਰ ਪੰਜਾਬੀਆਂ ਵਿਚ ਆਮ ਬੋਲਿਆ ਜਾਂਦਾ ਸ਼ਬਦ ਨੀਂਹ ਜਾਂ ਇਸ ਦੇ ਰੁਪਾਂਤਰ ਹੀ ਹਨ। ਨੀਂਹ ਦਾ ਮਕਸਦ ਉਪਰ ਉਸਾਰੀ ਕੰਧ ਦਾ ਥੱਲਾ ਮਜ਼ਬੂਤ ਕਰਨਾ ਹੈ ਕਿਉਂਕਿ ਉਪਰਲੀ ਉਸਾਰੀ ਕਈ ਕਾਰਨਾਂ ਕਰਕੇ ਖਿਸਕਣ ਜਾਂ ਧਸਣ ਕਾਰਨ ਕਿਸੇ ਵੇਲੇ ਵੀ ਡਿਗ ਸਕਦੀ ਹੈ। ਨੀਂਹ ਪੂਰੀ ਇਮਾਰਤ ਦਾ ਬੋਝ ਆਪਣੇ ਉਪਰ ਝਲਦੀ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਕਮਜ਼ੋਰ ਨੀਂਹ ਵੀ ਬੈਠ ਜਾਂਦੀ ਹੈ। ਕਿਹਾ ਜਾਂਦਾ ਹੈ ਨੀਂਹ ਮਜ਼ਬੂਤ ਤਾਂ ਉਸਾਰੀ ਮਜ਼ਬੂਤ। ਪੰਜਾਬੀ ਲੋਕ-ਮਾਣਸ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿਚ ਚਿਣੇ ਜਾਣ ਵਾਲੀ ਦਿਲ ਹਿਲਾਊ ਘਟਨਾ ਦਾ ਬਹੁਤ ਹੀ ਭਾਵੁਕ ਬਿੰਬ ਉਕਰਿਆ ਪਿਆ ਹੈ। ਅਨੇਕਾਂ ਕਵੀਆਂ ਨੇ ਇਸ ਦਾ ਮਾਰਮਿਕ ਚਿਤ੍ਰਣ ਕੀਤਾ ਹੈ। ਚਰਨ ਸਿੰਘ ਸਫਰੀ ਦੇ ਸ਼ਬਦਾਂ ਵਿਚ,
ਲਾਲਾਂ ਨੂੰ ਦੀਵਾਰ ਪੁੱਛਦੀ,
ਤੁਸੀਂ ਕਿਸ ਅੰਮੜੀ ਦੇ ਜਾਏ?
ਕਿੱਡਾ ਕੁ ਕਲੇਜਾ ਓਸ ਦਾ,
ਜਿਨ੍ਹੇ ਨੀਂਹਾਂ ਵਿਚ ਪੁੱਤ ਚਿਣਵਾਏ?
ਸ਼ਿਵ ਕੁਮਾਰ ਨੇ ਗੁਰੂ ਗੋਬਿੰਦ ਸਿੰਘ ਬਾਰੇ ਰਚੀ ਕਵਿਤਾ ਵਿਚ ਵੀ ਇਸ ਦਾ ਜ਼ਿਕਰ ਕੀਤਾ ਹੈ,
ਮੇਰਾ ਕੋਈ ਗੀਤ ਨਹੀਂ ਐਸਾ,
ਜੋ ਤੇਰੇ ਮੇਚ ਆ ਜਾਵੇ।
ਭਰੇ ਬਜ਼ਾਰ ਵਿਚ ਜਾ ਕੇ,
ਜੋ ਆਪਣਾ ਸਿਰ ਕਟਾ ਆਵੇ।
ਜੋ ਆਪਣੇ ਸੋਹਲ ਛਿੰਦੇ ਬਾਲ,
ਨੀਂਹਾਂ ਵਿਚ ਚਿਣਾ ਆਵੇ।
ਤਿਹਾਏ ਸ਼ਬਦ ਨੂੰ ਤਲਵਾਰ ਦਾ
ਪਾਣੀ ਪਿਆ ਆਵੇ…।
ਇਸ ਸ਼ਬਦ ਦੀ ਅਲੰਕਾਰਕ ਵਰਤੋਂ ਵੀ ਖੂਬ ਹੁੰਦੀ ਹੈ, ਇਸ ਅਰਥ ਵਿਚ ਕਿ ਕਿਸੇ ਕੰਮ ਦੀ ਸ਼ੁਰੂਆਤ ਜੈਸੀ ਹੋਵੇਗੀ ਤਾਂ ਅੱਗੋਂ ਹੋਣ ਵਾਲਾ ਕੰਮ ਵੀ ਉਸੇ ਹਿਸਾਬ ਨਾਲ ਕਮਜ਼ੋਰ ਜਾਂ ਟਿਕਾਊ ਹੋਵੇਗਾ। ਮਿਸਾਲ ਵਜੋਂ ‘ਬੱਚੇ ਦੇਸ਼ ਕੌਮ ਦੀ ਨੀਂਹ ਹੁੰਦੇ ਹਨ।’ ਇੰਜ ਨੀਂਹ ਇਕ ਤਰ੍ਹਾਂ ਕਿਸੇ ਵੀ ਕੰਮ-ਕਾਰ ਦਾ ਆਧਾਰ ਹੈ। ਆਮ ਲੋਕ ਅਕਸਰ ਇਸ ਸ਼ਬਦ ਨੂੰ ‘ਨੀਂਹ ਪੱਥਰ’ ਵਿਚ ਜੜਿਆ ਪ੍ਰਤੀਤ ਕਰਦੇ ਹਨ। ਮੰਤਰੀਆਂ ਵਲੋਂ ਰੱਖੇ ਨੀਂਹ ਪੱਥਰ ਨੀਂਹ ਸ਼ਬਦ ਦਾ ਹੀ ਅਰਥ ਵਿਗਾੜ ਦਿੰਦੇ ਹਨ ਕਿਉਂਕਿ ਕੁਝ ਸਮਾਂ ਪੈ ਕੇ ਇਹ ਪੱਥਰ ਖੁਰ ਜਾਂਦਾ ਹੈ।
ਗੁਰੂਆਂ-ਭਗਤਾਂ ਨੇ ਇਹ ਸ਼ਬਦ ਨੀਵ ਰੂਪ ਵਿਚ ਕਈ ਵਾਰੀ ਵਰਤਿਆ ਹੈ, ਸਿੱਖੀ ਦੀ ਨੀਂਹ ਰੱਖਣ ਵਾਲੇ ਗੁਰੂ ਨਾਨਕ ਦੇਵ ਤੋਂ ਮਿਸਾਲਾਂ ਸ਼ੁਰੂ ਕਰਦੇ ਹਾਂ, “ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ॥” ਅਰਥਾਤ ਬੰਦਾ ਜੋ ਨੀਂਹਾਂ ਪੱਕੀਆਂ ਉਸਾਰਦਾ ਹੈ, ਉਹ ਢਹਿ ਢੇਰੀ ਹੋ ਜਾਂਦੀਆਂ ਹਨ; “ਅਬਿਚਲ ਨੀਵ ਧਰੀ ਗੁਰ ਨਾਨਕ ਨਿਤ ਨਿਤ ਚੜੈ ਸਵਾਈ॥” ਅਰਥਾਤ ਗੁਰੂ ਨਾਨਕ ਦੇਵ ਨੇ ਅਜਿਹੀ ਪੱਕੀ ਨੀਂਹ ਰੱਖੀ ਹੈ, ਜੋ ਸਦਾ ਉਚੀ ਤੋਂ ਉਚੀ ਹੁੰਦੀ ਹੈ; ਭਗਤ ਨਾਮਦੇਵ ਫੁਰਮਾਉਂਦੇ ਹਨ, “ਨਾਮਦੇਵ ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ॥ ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ॥” ਭਾਈ ਗੁਰਦਾਸ ਨੇ ਵੀ ਕੁਝ ਇਸੇ ਤਰ੍ਹਾਂ ਦੇ ਭਾਵ ਪ੍ਰਗਟ ਕੀਤੇ ਹਨ, ‘ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ’ ਅਰਥਾਤ ਸੋਢੀਆਂ ਨੇ ਸਿੱਖੀ ਦੀ ਪੱਕੀ ਨੀਂਹ ਉਸਾਰੀ ਹੈ। ਹਾਸ਼ਮ ਸ਼ਾਹ ਨੇ ਆਪਣੀ ‘ਸੋਹਣੀ’ ਵਿਚ ਨੀਵ ਸ਼ਬਦ ਵਰਤਿਆ ਹੈ,
ਪਿਛਲੇ ਲੇਖ ਲਿਖੇ ਜਿਸ ਕਿਸ ਨੂੰ,
ਬਾਹੋਂ ਪਕੜ ਮਿਲਾਇਆ।
ਆਸ਼ਕ ਹੋਵਣ ਤੇ ਦੁਖ ਪਾਵਣ,
ਹੀਲਾ ਰੱਬ ਬਣਾਇਆ।
ਜੋ ਕੁਛੁ ਲੇਖ ਲਿਖਿਆ ਸੋਈ ਜ਼ਾਹਰ,
ਹੋਵਣਿ ਉਤੇ ਆਇਆ।
ਹਾਸ਼ਮ ਨੀਵ ਧਰੀ ਹੁਣ ਕਰ ਕੇ,
ਚਾਹਗੁ ਮਹਲ ਬਣਾਇਆ।
ਨੀਂਹ ਸ਼ਬਦ ਦਾ ਸੰਸਕ੍ਰਿਤ ਰੂਪ ‘ਨੇਮਿ’ ਹੈ, ਜਿਸ ਦੇ ਮੁਖ ਅਰਥ ਹਨ, ਪਹੀਏ ਦਾ ਬਾਹਰਲਾ ਹਿੱਸਾ ਅਰਥਾਤ ਚੱਕਾ; ਘੇਰਾ, ਘਿੜਲੇ ਤੇ ਲਪੇਟਿਆ ਰੱਸਾ; ਬਿੱਜ, ਗਰਜ; ਖੂਹ ਦਾ ਖੜੌਂਜਾ, ਚੱਕ। ਇਸੇ ਤੋਂ ਹੋਰ ਸ਼ਬਦ ਵਿਕਸਿਤ ਹੋਏ ਹਨ। ਇਸ ਤੋਂ ਪ੍ਰਾਕ੍ਰਿਤ ਦਾ ਸ਼ਬਦ ਬਣਿਆ, ਨੇਇੰ। ਇਨ੍ਹਾਂ ਵਿਕਸਿਤ ਹੋਏ ਸ਼ਬਦਾਂ ਦਾ ਅਰਥ ਕੇਵਲ ਬੁਨਿਆਦ ਹੀ ਰਹਿ ਗਿਆ ਹੈ। ਨੇਮੀ ਜਾਂ ਨੇਮ ਰੂਪ ਵਿਚ ਸੰਸਕ੍ਰਿਤ ਨੇਮਿ ਸ਼ਬਦ ਵਾਲੇ ਅਰਥ ਪੰਜਾਬੀ ਵਿਚ ਵੀ ਮਿਲਦੇ ਹਨ। ਨੇਮੀ ਦਾ ਇਕ ਅਰਥ ਸੰਦਲ ਦਾ ਚਕਲਾ ਵੀ ਹੈ। ਗਰਜ ਸ਼ਬਦ ਦੀ ਕੁਝ ਵਿਆਖਿਆ ਦੀ ਜ਼ਰੂਰਤ ਹੈ। ਜਦ ਕਿਸੇ ਰੱਥ ਆਦਿ ਦਾ ਪਹੀਆ ਚਲਦਾ ਹੈ ਤਾਂ ਇਸ ਦੇ ਚੱਲਣ ਨਾਲ ਜੋ ਆਵਾਜ਼ ਪੈਦਾ ਹੁੰਦੀ ਹੈ, ਉਸ ਨੂੰ ਸੰਸਕ੍ਰਿਤ ਵਿਚ ‘ਨੇਮਿ-ਘੋਸ਼’ ਕਹਿੰਦੇ ਹਨ। ਘੋਸ਼ ਦਾ ਅਰਥ ਆਵਾਜ਼ ਹੁੰਦਾ ਹੈ, ਘੋਸ਼ਣਾ ਇਸੇ ਤੋਂ ਬਣਿਆ ਹੈ। ‘ਸ੍ਰੀ ਗੁਰ ਪ੍ਰਤਾਪ ਸੂਰਜ’ ਵਿਚ ਇਹ ਸ਼ਬਦ ਇਸੇ ਅਰਥ ਵਿਚ ਆਇਆ ਹੈ, “ਘੋਰੇ ਪੈਰ ਕੋ ਬਜੰਤੇ, ਨੇਮੀ ਸ਼ਬਦ ਉਠੰਤੇ॥” (ਘੋਰੇ = ਘੋੜੇ)
ਸਾਡੇ ਬਹੁਤ ਸਾਰੇ ਸਾਹਿਤ ਵਿਚ ‘ਖਟ ਨੇਮ’ ਸ਼ਬਦ-ਯੁਗਮ ਦੀ ਬਹੁਤ ਵਰਤੋਂ ਹੁੰਦੀ ਹੈ। ਇਸ ਦਾ ਸ਼ਾਬਦਿਕ ਅਰਥ ਹੈ, ‘ਛੇ ਚੱਕਰ।’ ਛੇ ਦਾ ਅਰਥਾਵਾਂ ਖਟ ਸ਼ਬਦ ਸੰਸਕ੍ਰਿਤ ਸ਼ਸ਼ ਤੋਂ ਬਣਿਆ ਹੈ। ਛੇ ਸ਼ਬਦ ਵੀ ਇਸੇ ਤੋਂ ਵਿਉਤਪਤ ਹੋਇਆ ਹੈ। ਇਹ ਯੋਗ ਨਾਲ ਸਬੰਧਤ ਪਦ ਹੈ। ਇਨ੍ਹਾਂ ਛੇ ਚੱਕਰਾਂ ਦਾ ਸਬੰਧ ਹਠ-ਯੋਗ ਸਾਧਨਾ ਨਾਲ ਹੈ। ਇਨ੍ਹਾਂ ਨੂੰ ਸ਼ਕਤੀ-ਸਥਲ ਵੀ ਮੰਨਿਆ ਜਾਂਦਾ ਹੈ। ਪ੍ਰਾਣਾਯਾਮ ਰਾਹੀਂ ਕੁੰਡਲਨੀ ਜਗਾ ਕੇ ਯੋਗੀ ਇਨ੍ਹਾਂ ਚੱਕਰਾਂ/ਨੇਮਾਂ ਨੂੰ ਪਾਰ ਕਰਕੇ ਪਰਮ-ਸ਼ਿਵ ਨਾਲ ਜਾ ਮਿਲਦਾ ਹੈ। ਏਹੀ ਕੇਵਲਯ (ਮੁਕਤੀ) ਦੀ ਅਵਸਥਾ ਹੈ। ਇਨ੍ਹਾਂ ਚੱਕਰਾਂ ਨੂੰ ਕਮਲ ਵੀ ਕਹਿੰਦੇ ਹਨ ਅਤੇ ਕਮਲ ਦੀਆਂ ਪੰਖੜੀਆਂ ਜਾਂ ਦਲਾਂ ਅਨੁਸਾਰ ਇਨ੍ਹਾਂ ਦੀ ਗਿਣਤੀ ਨਿਸਚਿਤ ਹੈ। ਪਹਿਲੇ ਦਾ ਸਥਾਨ ਲਿੰਗ, ਦੂਜੇ ਦਾ ਨਾਭੀ ਹੇਠਾਂ, ਤੀਜੇ ਦਾ ਨਾਭੀ-ਪ੍ਰਦੇਸ਼, ਚੌਥਾ ਹਿਰਦੇ ਦੇ ਨੇੜੇ, ਪੰਜਵਾਂ ਕੰਠ ਵਿਚ ਅਤੇ ਛੇਵਾਂ ਭਰਵੱਟਿਆਂ ਦੇ ਵਿਚਕਾਰ ਹੁੰਦਾ ਹੈ। (ਬਹੁਤ ਸਾਰੀਆਂ ਲਿਖਤਾਂ ਵਿਚ ਇੱਕ ਸੱਤਵੇਂ ਚੱਕਰ ਦਾ ਵੀ ਜ਼ਿਕਰ ਹੈ, ਜਿਸ ਦੀ ਰਿਹਾਇਸ਼ ਸਿਰ ਦੇ ਟੋਟਰ ਵਿਚ ਮੰਨੀ ਜਾਂਦੀ ਹੈ)।
ਭਗਤ ਕਬੀਰ ਦੇ ਸ਼ਬਦਾਂ ਵਿਚ, “ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁਬੀਚ ਪਾਈ॥ ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ॥” ਇਥੇ ਖਟ ਨੇਮ ਤੋਂ ਭਾਵ ਸਰੀਰ ਦੇ ਪੰਜ ਤੱਤ ਅਤੇ ਛੇਵਾਂ ਮਨ ਹੈ। ਮਤਲਬ ਹੈ, ਪ੍ਰਭੂ ਨੇ ਛੇ ਚੱਕਰ ਬਣਾ ਕੇ ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ ਇਸ ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ। (ਇਸ ਘਰ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ। ‘ਮਹਾਨ ਕੋਸ਼’ ਵਿਚ ਨੇਮ ਸ਼ਬਦ ਦਾ ਇੱਕ ਅਰਥ ‘ਦੀਵਾਰ, ਘੇਰਾ, ਅਹਾਤਾ’ ਦੇ ਕੇ ਇਸ ਦੀ ਵਰਤੋਂ ਸਮਝਾਉਣ ਲਈ ਭਗਤ ਕਬੀਰ ਦੀ ਉਕਤ ਤੁਕ ਦਿੱਤੀ ਗਈ ਹੈ, ਭਲਾ ਇਹ ਅਰਥ ਇਥੇ ਕਿਵੇਂ ਢੁਕਦੇ ਹਨ? ਕਬੀਰ ਜੀ ਨੇ ਹੋਰ ਥਾਂ ‘ਚਕ੍ਰ ਖਟ’ ਪਦ ਵੀ ਵਰਤਿਆ ਹੈ।
ਉਪਰੋਕਤ ਚਰਚਾ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਨੇਮ/ਨੇਮਿ/ਨੇਮੀ ਸ਼ਬਦ ਜਿਨ੍ਹਾਂ ਚੀਜ਼ਾਂ ਦਾ ਸੂਚਕ ਹੈ, ਉਨ੍ਹਾਂ ਵਿਚ ਚੱਕਰ, ਗੁਲਾਈ ਦਾ ਭਾਵ ਹੈ। ਇਸ ਦਾ ਧਾਤੂ ਹੈ ‘ਨਮ’ ਵਿਚ ਝੁਕਣ, ਨਿਵਣ, ਮੁੜਨ, ਵਕ੍ਰਿਤ ਹੋਣ ਦਾ ਭਾਵ ਹੈ। ਜਦ ਅਸੀਂ ਝੁਕਦੇ ਹਾਂ ਤਾਂ ਸਾਡਾ ਸਰੀਰ ਕੋਡਾ ਹੁੰਦਾ ਹੈ ਅਰਥਾਤ ਗੋਲ ਗੋਲ ਮੁੜਦਾ ਹੈ। ਖੂਹ ਦੀ ਨੇਮੀ ਗੋਲ ਹੁੰਦੀ ਹੈ ਅਤੇ ਇਹ ਖੂਹ ਦੇ ਕੋਠੇ ਹੇਠਾਂ ਰੱਖੀ ਜਾਂਦੀ ਹੈ ਜੋ ਇਸ ਦੀ ਬੁਨਿਆਦ ਜਾਂ ਇਸ ਦਾ ਆਧਾਰ ਬਣਦੀ ਹੈ। ਇਸ ਨੂੰ ਚੱਕ ਵੀ ਕਿਹਾ ਜਾਂਦਾ ਹੈ। ਇਥੋਂ ਹੀ ਨਿਉਂ ਆਦਿ ਦੇ ਅਰਥ ਬੁਨਿਆਦ ਵਜੋਂ ਵਿਕਸਿਤ ਹੁੰਦੇ ਹਨ। ‘ਨਮਾਜ਼ ਬਨਾਮ ਨਮਸਕਾਰ’ ਵਿਚ ਅਸੀਂ ਸਪੱਸ਼ਟ ਕਰ ਚੁਕੇ ਹਾਂ ਕਿ ਪ੍ਰਣਾਮ ਸਮੇਤ ਇਹ ਦੋਵੇਂ ਸ਼ਬਦ ਨਮ ਧਾਤੂ ਤੋਂ ਹੀ ਵਿਉਤਪਤ ਹੋਏ ਹਨ ਕਿਉਂਕਿ ਇਨ੍ਹਾਂ ਕ੍ਰਿਆਵਾਂ ਵਿਚ ਝੁਕਿਆ ਜਾਂ ਮੁੜਿਆ ਜਾਂਦਾ ਹੈ।