ਜੰਮੂ-ਕਸ਼ਮੀਰ ਪਿਛੋਂ ਸੰਘ ਪਰਿਵਾਰ ਦੇ ਏਜੰਡੇ ‘ਤੇ ਨਿਤੀਸ਼ ਵੀ ਅਤੇ ਅਕਾਲੀ ਵੀ

ਜਤਿੰਦਰ ਪਨੂੰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਦੋਂ ਪਿਛਲੇ ਹਫਤੇ ਨਾਗਪੁਰ ਵਿਚ ਆਰ. ਐਸ਼ ਐਸ਼ ਦੇ ਮੁੱਖ ਕੇਂਦਰ ਵਿਚ ਗਏ ਤਾਂ ਬਹੁਤ ਜ਼ਿਆਦਾ ਸਿਆਸੀ ਬਹਿਸ ਹੁੰਦੀ ਰਹੀ। ਇਸ ਬਹਿਸ ਦੌਰਾਨ ਇਸ ਗੱਲ ਦੀ ਵੀ ਚਰਚਾ ਸੀ ਕਿ ਪ੍ਰਣਬ ਮੁਖਰਜੀ ਨੇ ਉਸ ਨੂੰ ਅਣਗੌਲਿਆ ਕਰ ਰਹੀ ਕਾਂਗਰਸ ਹਾਈ ਕਮਾਂਡ ਨੂੰ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਦੀ ਮਿਲਣ ਤੱਕ ਨਹੀਂ ਸੀ ਜਾਂਦਾ। ਕਿਸੇ ਨੇ ਇਹ ਵੀ ਕਹਿ ਦਿੱਤਾ ਕਿ ਇਸ ਦਾ ਬਾਪ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣ ਕੇ ਉੇਨਾ ਆਕੜ ਵਿਚ ਆ ਗਿਆ ਸੀ ਕਿ ਮੌਕੇ ਦੇ ਰਾਸ਼ਟਰਪਤੀ ਨੂੰ ਮਿਲਣਾ ਛੱਡ ਗਿਆ ਸੀ ਤੇ ਗਿਆਨੀ ਜ਼ੈਲ ਸਿੰਘ ਨੇ ਅੰਦਰੂਨੀ ਗੱਲਾਂ ਬਾਹਰ ਕੱਢ ਦਿੱਤੀਆਂ ਸਨ। ਇਹ ਮੁੰਡਾ ਗੱਦੀ ਮਿਲੇ ਤੋਂ ਬਿਨਾ ਹੀ ਆਕੜ ਵਿਚ ਆਉਂਦਾ ਵੇਖ ਕੇ ਪ੍ਰਣਬ ਮੁਖਰਜੀ ਵੀ ਗਿਆਨੀ ਜ਼ੈਲ ਸਿੰਘ ਬਣਨ ਲੱਗੇ ਹਨ।

ਫਿਰ ਇਹ ਸੁਣਨ ਨੂੰ ਮਿਲਿਆ ਕਿ ਅਗਲੀਆਂ ਚੋਣਾਂ ਵਿਚ ਆਰ. ਐਸ਼ ਐਸ਼ ਵਾਲੇ ਪ੍ਰਣਬ ਮੁਖਰਜੀ ਨੂੰ ਭਾਜਪਾ ਦੇ ਬਦਲਵੇਂ ਪਲੇਟਫਾਰਮ ਦੀ ਜ਼ਿੰਮੇਵਾਰੀ ਸੌਂਪਣ ਲੱਗੇ ਹਨ ਤੇ ਪ੍ਰਣਬ ਮੁਖਰਜੀ ਦਾ ਉਥੇ ਜਾਣਾ ਇਸ ਗੱਲ ਦੀ ਸਹਿਮਤੀ ਦਾ ਸਬੂਤ ਹੈ। ਮਸਾਂ ਦੋ ਦਿਨਾਂ ਬਾਅਦ ਪ੍ਰਣਬ ਮੁਖਰਜੀ ਜਦੋਂ ਰਾਹੁਲ ਗਾਂਧੀ ਦੇ ਘਰ ਇਫਤਾਰ ਪਾਰਟੀ ਵਿਚ ਪਹੁੰਚ ਗਏ ਤੇ ਦੋਵੇਂ ਪਿਓ-ਪੁੱਤ ਵਾਂਗ ਜੱਫੀ ਪਾ ਕੇ ਮਿਲੇ ਤਾਂ ਪ੍ਰਣਬ ਮੁਖਰਜੀ ਦੀ ਆਰ. ਐਸ਼ ਐਸ਼ ਨਾਲ ਸਹਿਮਤੀ ਵਾਲੀ ਗੱਲ ਕੱਟੀ ਗਈ। ਇਸ ਪਿੱਛੋਂ ਭਾਜਪਾ ਅਤੇ ਆਰ. ਐਸ਼ ਐਸ਼ ਦੇ ਸਬੰਧਾਂ ਦੀ ਕਹਾਣੀ ਫਿਰ ਉਦੋਂ ਅੱਗੇ ਵਧੀ, ਜਦੋਂ ਜੰਮੂ-ਕਸ਼ਮੀਰ ਦੀ ਸਰਕਾਰ ਤੋੜੀ ਗਈ।
ਜੰਮੂ-ਕਸ਼ਮੀਰ ਦੀ ਸਰਕਾਰ ਜਿਸ ਤਰ੍ਹਾਂ ਚੱਲ ਰਹੀ ਸੀ, ਬਹੁਤ ਸਾਰੇ ਲੋਕਾਂ ਲਈ ਉਹ ਹੁੰਦੀ ਹੋਈ ਵੀ ਅਣਹੋਈ ਬਰਾਬਰ ਸੀ। ਜਦੋਂ ਉਹ ਸਰਕਾਰ ਟੁੱਟ ਗਈ ਤਾਂ ਭਾਜਪਾ ਤੋਂ ਬਿਨਾ ਕਿਸੇ ਨੂੰ ਬਾਹਲੀ ਖੁਸ਼ੀ ਨਹੀਂ ਹੋਈ ਹੋਣੀ ਤੇ ਹਕੂਮਤ ਚਲਾ ਰਹੀ ਪੀ. ਡੀ. ਪੀ. ਪਾਰਟੀ ਦੇ ਆਗੂਆਂ ਤੋਂ ਬਿਨਾ ਕਿਸੇ ਨੂੰ ਬਹੁਤਾ ਦੁੱਖ ਨਹੀਂ ਹੋਇਆ ਹੋਣਾ। ਜਿੰਨੀ ਕੁ ਗੱਲ ਬਾਹਰ ਆਈ, ਉਹ ਇਹ ਸੀ ਕਿ ਇਸ ਫੈਸਲੇ ਉਤੇ ਭਾਜਪਾ ਲੀਡਰਸ਼ਿਪ ਨੇ ਸਿਰਫ ਮੋਹਰ ਲਾਈ ਹੈ, ਅਸਲ ਵਿਚ ਇਸ ਬਾਰੇ ਨੀਤੀ ਆਰ. ਐਸ਼ ਐਸ਼ ਦੀ ਹਾਈ ਕਮਾਨ ਨੇ ਘੜੀ ਸੀ। ਕਿਸੇ ਸਮੇਂ ਆਰ. ਐਸ਼ ਐਸ਼ ਵਾਲੇ ਰਾਜਸੀ ਬਹਿਸ ਵਿਚ ਪੈਣ ਦੀ ਥਾਂ ਕਹਿੰਦੇ ਹੁੰਦੇ ਸਨ ਕਿ ਇਹ ਕੰਮ ਭਾਜਪਾ ਕਰੇਗੀ, ਅਸੀਂ ਸੱਭਿਆਚਾਰਕ ਸੰਗਠਨ ਹਾਂ, ਪਰ ਅੱਜ-ਕੱਲ੍ਹ ਉਹ ਰਾਜਸੀ ਬਹਿਸ ਤੋਂ ਕਿਨਾਰਾ ਕਰਨ ਦੀ ਥਾਂ ਬਾਕਾਇਦਾ ਡਿਊਟੀ ਵੰਡ ਕੇ ਹਰ ਰਾਤ, ਹਰ ਕਿਸੇ ਚੈਨਲ ਉਤੇ ਬਹਿਸ ਲਈ ਆਪਣੇ ਖਾਸ ਬੁਲਾਰੇ ਭੇਜਦੇ ਅਤੇ ਰਾਜਸੀ ਫਾਰਮੂਲਿਆਂ ਦੀ ਖੁੱਲ੍ਹੀ ਚਰਚਾ ਕਰਦੇ ਹਨ। ਸਾਫ ਹੈ ਕਿ ਜਦੋਂ ਆਰ. ਐਸ਼ ਐਸ਼ ਇਸ ਤਰ੍ਹਾਂ ਰਾਜਨੀਤੀ ਵਿਚ ਖੁੱਲ੍ਹ ਕੇ ਆ ਚੁਕਾ ਹੈ ਤਾਂ ਉਸ ਨੂੰ ਇਸ ਗੱਲ ਦੀ ਕੌੜ ਨਹੀਂ ਸੀ ਲੱਗਣੀ ਕਿ ਇੱਕ ਰਾਜ ਦੀ ਸਰਕਾਰ ਨੂੰ ਤੋੜੇ ਜਾਣ ਦੀ ਕਹਾਣੀ ਉਸ ਦੀ ਲੀਡਰਸ਼ਿਪ ਦੇ ਸਿਰ ਮੜ੍ਹੀ ਜਾ ਰਹੀ ਹੈ।
ਦੱਸਿਆ ਇਹ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਵਿਚ ਜੋ ਵੀ ਕੁਝ ਹੋਇਆ, ਉਹ ਆਰ. ਐਸ਼ ਐਸ਼ ਦੀ ਇੱਕ ਲੰਮੀ ਸਿਆਸੀ ਚਾਲ ਦਾ ਹਿੱਸਾ ਹੈ। ਉਹ ਸੰਗਠਨ ਸਮਝਦਾ ਸੀ ਕਿ ਅਬਦੁੱਲਾ ਘਰਾਣੇ ਦੀ ਨੈਸ਼ਨਲ ਕਾਨਫਰੰਸ ਤਾਂ ਪਾਇਆ ਚੋਗਾ ਚੁਗ ਕੇ ਖਾਣ ਵਾਲੇ ਪੰਛੀਆਂ ਦੀ ਡਾਰ ਹੋ ਗਈ ਹੈ, ਜਿਹੜੀ ਕਦੇ ਵੀ ਸੱਤਾ ਦੇ ਚੋਗੇ ਨਾਲ ਪਲੋਸੀ ਜਾ ਸਕਦੀ ਹੈ ਤੇ ਉਸ ਰਾਜ ਦੀ ਕਾਂਗਰਸ ਪਾਰਟੀ ਭਾਨਮਤੀ ਦਾ ਇਹੋ ਜਿਹਾ ਕੁਨਬਾ ਬਣ ਚੁਕੀ ਹੈ, ਜਿੱਥੇ ਦਿੱਲੀ ਨੂੰ ਦੇਖਣ ਵਾਲੇ ਵੀ ਤੁਰੇ ਫਿਰਦੇ ਹਨ ਤੇ ਕੰਟਰੋਲ ਰੇਖਾ ਤੋਂ ਪਾਰ ਝਾਕਣ ਵਾਲੇ ਵੀ। ਸੈਫੁਦੀਨ ਸੋਜ਼ ਦੇ ਤਾਜ਼ਾ ਬਿਆਨ ਨੇ ਇਹ ਸੋਚ ਸੱਚੀ ਮੰਨੇ ਜਾਣ ਦਾ ਆਧਾਰ ਵੀ ਖੜ੍ਹੇ ਪੈਰ ਪੇਸ਼ ਕਰ ਦਿੱਤਾ ਹੈ। ਇੱਕੋ ਪਾਰਟੀ ਪੀ. ਡੀ. ਪੀ. ਉਸ ਰਾਜ ਅੰਦਰ ਦਹਿਸ਼ਤਗਰਦੀ ਦੇ ਨੇੜ ਵਾਲੀ ਮੰਨੀ ਜਾਂਦੀ ਸੀ ਤੇ ਉਸ ਨੂੰ ਸੱਤਾ ਦੀ ਅਗਵਾਈ ਦਾ ਮੌਕਾ ਦੇ ਕੇ ਕਿਸੇ ਦੇ ਲਾਗੇ ਲੱਗਣ-ਜੁੜਨ ਜੋਗੀ ਨਹੀਂ ਰਹਿਣ ਦਿੱਤਾ ਗਿਆ।
ਜਿਹੜੀ ਮਹਿਬੂਬਾ ਮੁਫਤੀ ਉਥੇ ਫੌਜ ਦੀ ਗੋਲੀ ਨਾਲ ਮਾਰੇ ਗਏ ਪੱਥਰਬਾਜ਼ਾਂ ਬਾਰੇ ਇਹ ਕਹਿ ਚੁਕੀ ਹੈ ਕਿ ਇਹ ਕਿਹੜਾ ਉਥੇ ਟਾਫੀਆਂ ਅਤੇ ਦੁੱਧ ਦੀ ਬੋਤਲ ਲੈਣ ਲਈ ਗਏ ਸਨ, ਉਹ ਸਰਕਾਰ ਟੁੱਟਣ ਪਿੱਛੋਂ ਉਨ੍ਹਾਂ ਨਾਲ ਜੋੜ ਜੋੜਨ ਦੇ ਸਮਰੱਥ ਨਹੀਂ ਰਹੀ। ਦੂਸਰੀਆਂ ਪਾਰਟੀਆਂ ਨੇ ਵੀ ਉਸ ਨੂੰ ਨੇੜੇ ਨਹੀਂ ਲਾਉਣਾ, ਕਿਉਂਕਿ ਉਹ ਭਾਜਪਾ ਦੇ ਨਾਲ ਸੱਤਾ ਦੀ ਸਾਂਝ ਪਾ ਚੁੱਕੀ ਹੈ, ਇਸ ਤਰ੍ਹਾਂ ਇੱਕ ਵੱਡੀ ਸਿਆਸੀ ਧਿਰ ਉਥੋਂ ਦੀ ਰਾਜਨੀਤੀ ਵਿਚੋਂ ਉਦਾਂ ਬਾਹਰ ਧੱਕ ਦਿੱਤੀ ਹੈ, ਜਿਵੇਂ ਕਿਸੇ ਵਕਤ ਪੰਜਾਬ ਵਿਚ ਸੁਰਜੀਤ ਸਿੰਘ ਬਰਨਾਲਾ ਨੂੰ ਰਾਜਸੀ ਅਖਾੜੇ ਤੋਂ ਲਾਂਭੇ ਬਿਠਾਇਆ ਗਿਆ ਸੀ।
ਜਿਹੜੀ ਰਾਜਸੀ ਚਾਲ ਆਰ. ਐਸ਼ ਐਸ਼ ਦੇ ਨਾਂ ਲੱਗਦੀ ਪਈ ਹੈ, ਉਸ ਵਿਚ ਦੋ ਉਤਰ-ਪੂਰਬੀ ਰਾਜਾਂ ਦੇ ਨਾਂ ਵੀ ਹਨ ਤੇ ਅੱਗੇ ਬਿਹਾਰ ਦਾ ਨੰਬਰ ਵੀ ਹੈ। ਬਿਹਾਰ ਵਿਚ ਸਭ ਤੋਂ ਵੱਡਾ ਮੋਦੀ-ਵਿਰੋਧੀ ਨਿਤੀਸ਼ ਕੁਮਾਰ ਹੋਇਆ ਕਰਦਾ ਸੀ ਤੇ ਇੱਕ ਵੇਲੇ ਉਸ ਰਾਜ ਵਿਚ ਭਾਜਪਾ ਦੀ ਕੌਮੀ ਕਾਰਜਕਾਰਨੀ ਮੀਟਿੰਗ ਸਮੇਂ ਸਾਰੀ ਲੀਡਰਸ਼ਿਪ ਲਈ ਰਾਤ ਦੇ ਖਾਣੇ ਦਾ ਸੱਦਾ ਦੇਣ ਪਿੱਛੋਂ ਉਸ ਨੇ ਇਹ ਇਸ ਲਈ ਰੱਦ ਕਰ ਦਿੱਤਾ ਸੀ ਕਿ ਨਰਿੰਦਰ ਮੋਦੀ ਨੇ ਨਾਲ ਆਉਣਾ ਸੀ। ਪਿਛਲੇ ਸਾਲ ਉਹੀ ਆਗੂ ਜਦੋਂ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣ ਤੁਰ ਪਿਆ ਤੇ ਆਪ ਖਾਣਾ ਖੁਆਉਣ ਤੋਂ ਨਾਂਹ ਕਰਨ ਵਾਲਾ ਨਿਤੀਸ਼ ਕੁਮਾਰ ਦਿੱਲੀ ਵਿਚ ਨਰਿੰਦਰ ਮੋਦੀ ਦੇ ਘਰ ਖਾਣਾ ਖਾਣ ਚੱਲ ਪਿਆ ਤਾਂ ਬਾਕੀ ਧਿਰਾਂ ਤੋਂ ਦੂਰ ਹੋ ਗਿਆ ਸੀ।
ਫਿਰ ਅਗਲੇ ਦਿਨੀਂ ਜਦੋਂ ਬਿਹਾਰ ਵਿਚ ਕੁਝ ਉਪ ਚੋਣਾਂ ਵਿਚ ਹਰ ਥਾਂ ਭਾਜਪਾ ਅਤੇ ਨਿਤੀਸ਼ ਦੇ ਗੱਠਜੋੜ ਦੀ ਹਾਰ ਹੋਣ ਲੱਗ ਪਈ ਤਾਂ ਨਿਤੀਸ਼ ਕੁਮਾਰ ਨੂੰ ਭਾਜਪਾ ਵਾਲਿਆਂ ਨੇ ਕੋਸਣਾ ਸ਼ੁਰੂ ਕਰ ਦਿੱਤਾ। ਉਹ ਵੀ ਦੂਰੀ ਵਿਖਾਉਣ ਲਈ ਪੁਰਾਣੇ ਯਾਰਾਂ ਦੇ ਨੰਬਰ ਘੁਮਾਉਣ ਲੱਗ ਪਿਆ। ਅੱਗੋਂ ਉਹ ਪੁਰਾਣੇ ਯਾਰ ਗੱਲ ਕਰਨ ਲਈ ਨਾ ਮੰਨੇ। ਵੇਲਾ ਇਹ ਆ ਗਿਆ ਕਿ ਬਿਹਾਰ ਬਾਰੇ ਕਿਹਾ ਜਾਣ ਲੱਗ ਪਿਆ ਹੈ ਕਿ ਆਰ. ਐਸ਼ ਐਸ਼ ਇਸ ਸਿੱਟੇ ਉਤੇ ਪਹੁੰਚ ਗਿਆ ਹੈ ਕਿ ਨਿਤੀਸ਼ ਕੁਮਾਰ ਚੱਲਿਆ ਕਾਰਤੂਸ ਹੈ ਤੇ ਜੰਮੂ-ਕਸ਼ਮੀਰ ਵਿਚ ਮਹਿਬੂਬਾ ਮੁਫਤੀ ਵਾਂਗ ਬਿਹਾਰ ਵਿਚ ਇਹ ਵੀ ਕਿਸੇ ਨਾਲ ਜੁੜਨ ਜੋਗਾ ਨਹੀਂ ਰਹਿ ਗਿਆ। ਇੰਜ ਇੱਕ ਹੋਰ ਰਾਜ ਵਿਚ ਵਿਰੋਧ ਦੇ ਵੱਡੇ ਲੀਡਰ ਨੂੰ ਲਾਂਭੇ ਕਰ ਦਿੱਤਾ ਗਿਆ ਹੈ।
ਤੀਸਰੇ, ਚੌਥੇ ਜਾਂ ਕਿਸੇ ਪੰਜਵੇਂ ਰਾਜ ਦੀ ਗੱਲ ਕਰਨ ਦੀ ਥਾਂ ਅਸੀਂ ਸਿੱਧਾ ਪੰਜਾਬ ਵੱਲ ਆਈਏ ਤਾਂ ਜ਼ਿਆਦਾ ਠੀਕ ਰਹੇਗਾ। ਜਿਹੜੀਆਂ ਗੱਲਾਂ ਸੁਣ ਰਹੀਆਂ ਹਨ, ਉਨ੍ਹਾਂ ਮੁਤਾਬਕ ਉਥੇ ਆਰ. ਐਸ਼ ਐਸ਼ ਅੱਗੇ ਤੋਂ ਕਾਂਗਰਸ ਨਾਲ ਸਿੱਧੇ ਭੇੜ ਵਾਲੇ ਸਿਆਸੀ ਹਾਲਾਤ ਪੈਦਾ ਕਰਨ ਲੱਗ ਪਿਆ ਹੈ। ਸੰਵਿਧਾਨਕ ਪੱਖ ਤੋਂ ਇਸ ਰਾਜ ਵਿਚ ਭਾਵੇਂ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਹੈ, ਪਰ ਉਹਨੂੰ ਬਹੁਤੀ ਟਿਕਾਊ ਨਹੀਂ ਕਿਹਾ ਜਾਂਦਾ ਤੇ ਪੌਣੀ ਸਦੀ ਤੋਂ ਪੰਜਾਬ ਦੀ ਰਾਜਨੀਤੀ ਦੀ ਅਸਲੀ ਮੁੱਖ ਵਿਰੋਧੀ ਧਿਰ ਅਕਾਲੀ ਦਲ ਦਾ ਬਾਨ੍ਹਣੂੰ ਬੰਨ੍ਹਣ ਦੀ ਰਣਨੀਤੀ ਸ਼ੁਰੂ ਕਰ ਦਿੱਤੀ ਗਈ ਹੈ।
ਚਾਰ ਸਾਲ ਪਹਿਲਾਂ ਦੀਆਂ ਪਾਰਲੀਮੈਂਟ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਜਾਣ ਪਿੱਛੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੰਜਾਬ ਵਿਚ ਉਦਾਂ ਦਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜਿਹੜਾ ਅਸਲ ਵਿਚ ਅਕਾਲੀ ਆਗੂਆਂ ਦੇ ਵਿਰੁਧ ਲੱਗਦਾ ਸੀ ਤੇ ਇਸ ਦੀ ਸ਼ੁਰੂਆਤ ਅੰਮ੍ਰਿਤਸਰ ਵਿਚ ਰੈਲੀ ਕਰਨ ਨਾਲ ਕੀਤੀ ਜਾ ਰਹੀ ਸੀ। ਅਕਾਲੀਆਂ ਦੀ ਖੁਸ਼ਕਿਸਮਤੀ ਕਿ ਇਸ ਚੁਣੌਤੀ ਨੂੰ ਉਨ੍ਹਾਂ ਦੀ ਥਾਂ ਕੈਪਟਨ ਅਮਰਿੰਦਰ ਸਿੰਘ ਨੇ ਕਬੂਲ ਲਿਆ ਤੇ ਉਸੇ ਦਿਨ ਅੰਮ੍ਰਿਤਸਰ ਵਿਚ ਬਰਾਬਰ ਦੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਤੇ ਜਦੋਂ ਯਰਕ ਕੇ ਅਮਿਤ ਸ਼ਾਹ ਨੇ ਰੈਲੀ ਰੱਦ ਕਰ ਦਿੱਤੀ ਤਾਂ ਉਸੇ ਮੈਦਾਨ ਵਿਚ ਉਸੇ ਵਾਲੇ ਤੰਬੂ-ਕਾਨਾਤਾਂ ਕਿਰਾਏ ਉਤੇ ਲੈ ਕੇ ਰੈਲੀ ਜਾ ਕੀਤੀ। ਆਰ. ਐਸ਼ ਐਸ਼ ਵੱਲੋਂ ਅੱਜ ਅਪਨਾਈ ਜਾਣ ਵਾਲੀ ਰਣਨਤੀ ਉਦੋਂ ਵਾਲੀ ਦੱਬੀ ਕੌੜ ਦੀ ਭੜਾਸ ਵਿਚੋਂ ਨਿਕਲ ਰਹੀ ਹੈ ਤੇ ਇਸ ਵਿਚ ਇਸ ਰਾਜ ਦੇ ਇੱਕ ਬੜੇ ਵੱਡੇ ਸਿਆਸੀ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸੁਣੀ ਜਾਣ ਲੱਗ ਪਈ ਹੈ। ਦਿੱਲੀ ਤੋਂ ਮਿਲੀਆਂ ਕਨਸੋਆਂ ਕਹਿੰਦੀਆਂ ਹਨ ਕਿ ਆਰ. ਐਸ਼ ਐਸ਼ ਵੱਲੋਂ ਪੰਜਾਬ ਦੇ ਮਾਮਲੇ ਵੇਖਣ ਵਾਲੀ ਟੀਮ ਇਸ ਵੇਲੇ ਇੱਕ ਪਰਿਵਾਰ ਵੱਲੋਂ ਸਾਰੇ ਪੰਜਾਬ ਦੀ ਬੱਸ ਸਰਵਿਸ ਕਬਜ਼ੇ ਵਿਚ ਕਰਨ ਅਤੇ ਕੁਝ ਹੋਰ ਵੱਡੇ ਕਾਰੋਬਾਰਾਂ ਵਿਚੋਂ ਹਰ ਕਿਸਮ ਦੇ ਕਾਰੋਬਾਰੀ ਲੋਕਾਂ ਨੂੰ ਬਾਹਰ ਧੱਕਦੇ ਜਾਣ ਨੂੰ ਗੰਭੀਰਤਾ ਨਾਲ ਲੈ ਕੇ, ਉਦਾਂ ਦੀ ਅਜਾਰੇਦਾਰੀ ਤੋੜਨ ਲਈ ਸਿਆਸੀ ਝਟਕਾ ਦੇਣ ਦੇ ਮੂਡ ਵਿਚ ਹੈ। ਇਹ ਝਟਕਾ ਜੰਮੂ-ਕਸ਼ਮੀਰ ਵਰਗਾ ਹੋ ਸਕਦਾ ਹੈ ਤੇ ਬਿਹਾਰ ਦੇ ਨਿਤੀਸ਼ ਕੁਮਾਰ ਜਾਂ ਕਿਸੇ ਹੋਰ ਵਰਗਾ ਵੀ, ਪਰ ਇਸ ਦਾ ਜ਼ਿਕਰ ਹੋਵੇ ਤਾਂ ਆਰ. ਐਸ਼ ਐਸ਼ ਆਗੂ ਕਿਸੇ ਵੀ ਕਿਸਮ ਦੀ ਝਿਜਕ ਨਹੀਂ ਵਿਖਾਉਂਦੇ। ਸ਼ਾਇਦ ਇਹੀ ਕਾਰਨ ਹੈ ਕਿ ਪਿਛਲੇ ਵੀਰਵਾਰ ਜਦੋਂ ਦੇਸ਼ ਤੇ ਦੁਨੀਆਂ ਵਿਚ ਭਾਜਪਾ ਲੀਡਰਸ਼ਿਪ ਨੇ ਯੋਗ ਕਰਨ ਲਈ ਸੱਦੇ ਦੇਣੇ ਸ਼ੁਰੂ ਕੀਤੇ ਤਾਂ ਇੱਕ ਵੀ ਕੈਂਪ ਲਈ ਅਕਾਲੀ ਦਲ ਦੇ ਕਿਸੇ ਆਗੂ ਨੂੰ ਆਉਣ ਲਈ ਨਹੀਂ ਕਿਹਾ ਗਿਆ ਅਤੇ ਆਪਣੇ ਆਪ ਬਿਨ-ਬੁਲਾਏ ਮਹਿਮਾਨ ਵਾਂਗ ਉਹ ਆਉਣ ਤੋਂ ਅਕਾਲੀ ਆਗੂ ਇਹ ਕਹਿ ਕੇ ਕੰਨੀ ਕਤਰਾ ਗਏ ਕਿ ‘ਖਾਲਸਾ ਚੜ੍ਹਦੀ ਕਲਾ ਵਿਚ ਹੈ, ਯੋਗ ਕਰਨ ਦੀ ਲੋੜ ਨਹੀਂ ਸੀ।’
ਜਿਹੜੀ ਸਿਆਸੀ ਉਥਲ-ਪੁੱਥਲ ਦੀਆਂ ਖਬਰਾਂ ਬਾਕੀ ਸਾਰੇ ਦੇਸ਼ ਵੱਲੋਂ ਆ ਰਹੀਆਂ ਸਨ, ਉਸ ਦੇ ਪੰਜਾਬ ਵਾਲੇ ਚੈਪਟਰ ਦੇ ਲੁਕਵੇਂ ਖਾਤੇ ਦਾ ਖੁਲਾਸਾ ਇਸ ਵਾਰੀ ਦੇ ਯੋਗ ਦਿਵਸ ਨਾਲ ਹੋ ਗਿਆ ਹੈ, ਬਾਕੀ ਕਦੇ ਫਿਰ ਸਹੀ।