ਹੋਰ ਕੁਝ ਪੜ੍ਹਾਂ ਨਾ ਪੜ੍ਹਾਂ, ਬਲਜੀਤ ਬਾਸੀ ਦੀ ਲਿਖਤ ਨਹੀਂ ਛਡਦਾ। ਧਾਤੂ-ਵਿਗਿਆਨ ਦਾ ਵਿਸ਼ਾ ਔਖਾ ਤੇ ਰੁੱਖਾ ਹੈ, ਮਿਹਨਤ ਮੰਗਦਾ ਹੈ। ਪੰਜਾਬੀ ਸਾਹਿਤ ਪੜ੍ਹਾਉਣ ਵਾਲੇ ਅਧਿਆਪਕ ਇਸ ਵਿਸ਼ੇ ‘ਤੇ ਲਿਖਣ ਲਗਦੇ ਹਨ ਤਾਂ ਹਾਸੋਹੀਣੀ ਸਥਿਤੀ ਹੋ ਜਾਂਦੀ ਹੈ। ਇਹ ਅਟਕਲ-ਪੱਚੂ ਵਿਗਿਆਨ ਨਹੀਂ ਜਿਵੇਂ ਇਕ ਮੰਤਰੀ ਨੇ ਸਟੇਜ ਉਤੋਂ ਕਿਹਾ ਸੀ, “ਗੌਰਮਿੰਟ ਦਾ ਮਤਲਬ, ਜੋ ਮਿੰਟ ਮਿੰਟ ‘ਤੇ ਗੌਰ ਫੁਰਮਾਵੇ!” ਲਾਹੌਲ ਵਿਲਾ ਕੂਵਤ।
ਧਾਤੂ-ਵਿਗਿਆਨੀ ਪ੍ਰੋ. ਜੀ. ਐਸ਼ ਰਿਆਲ ਦਾ ਲੈਕਚਰ ਸੁਣ ਕੇ ਇਕ ਪ੍ਰੋਫੈਸਰ ਨੇ ਧੰਨਵਾਦ ਕਰਦਿਆਂ ਕਹਿ ਦਿੱਤਾ ਸੀ, “ਰਿਆਲ ਸਾਹਿਬ ਦੀਆਂ ਲੱਭਤਾਂ ਕਾਫੀ ਠੀਕ ਹਨ।” ਰਿਆਲ ਸਾਹਿਬ ਉਸੇ ਵਕਤ ਮਾਈਕ ਅੱਗੇ ਆਏ ਅਤੇ ਕਿਹਾ, “ਸਾਡੀ ਵਿੱਦਿਆ ਨਿਰੋਲ ਗਣਿਤ ਸ਼ਾਸਤਰ ਹੈ, ਪ੍ਰੋਫੈਸਰ ਸਾਹਿਬ। ਇਥੇ ਸਵਾਲ ਦਾ ਉਤਰ ਜਾਂ ਗਲਤ ਹੈ ਜਾਂ ਠੀਕ। ਅਸੀਂ ‘ਕਾਫੀ’ ਸ਼ਬਦ ਦੀ ਵਰਤੋਂ ਨੂੰ ਅਪਮਾਨਜਨਕ ਮੰਨਦੇ ਹਾਂ।”
ਭਾਸ਼ਾ-ਸ਼ਾਸਤਰ ਦੀ ਤਾਂ ਨਹੀਂ ਹੋ ਸਕਦੀ, ਇਸ ਵਾਰ ਬਾਸੀ ਤੋਂ ਇਕ ਇਤਿਹਾਸਕ ਤੱਥ ਦੀ ਗਲਤੀ ਹੋਈ ਹੈ। ਉਨ੍ਹਾਂ ਲਿਖਿਆ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਪੋਤਾ ਹਜ਼ਰਤ ਅਲੀ ਦਾ ਬੇਟਾ ਈਮਾਮ ਹੁਸੈਨ ਕਰਬਲਾ ਦੀ ਜੰਗ ਵਿਚ ਸ਼ਹੀਦ ਹੋ ਗਿਆ ਸੀ। ਹਜ਼ਰਤ ਮੁਹੰਮਦ ਸਾਹਿਬ ਦਾ ਕੋਈ ਪੋਤਾ ਨਹੀਂ ਸੀ। ਈਮਾਮ ਹੁਸੈਨ ਉਨ੍ਹਾਂ ਦੀ ਧੀ ਬੀਬੀ ਫਾਤਿਮਾ ਦਾ ਬੇਟਾ ਹੋਣ ਕਾਰਨ ਉਨ੍ਹਾਂ ਦਾ ਦੋਹਤਾ ਸੀ। ਇਹੀ ਗਲਤੀ ਪ੍ਰੋ. ਸ਼ ਸ਼ ਛੀਨਾ ਨੇ ਉਸ ਕਿਤਾਬ ਵਿਚ ਕੀਤੀ ਜੋ ਉਨ੍ਹਾਂ ਨੇ ਅਬਦੁਲ ਸੱਤਾਰ ਉਪਰ ਲਿਖੀ ਹੈ। ਇਹ ਗਲਤੀ ਵਿਦਵਾਨਾਂ ਤੋਂ ਇਸ ਕਰਕੇ ਹੁੰਦੀ ਹੈ ਕਿਉਂਕਿ ਉਨ੍ਹਾਂ ਨੇ ਸੂਚਨਾ ਅੰਗਰੇਜ਼ੀ ਦੀ ਕਿਤਾਬ ਵਿਚੋਂ ਲਈ ਹੁੰਦੀ ਹੈ। ਅੰਗਰੇਜ਼ੀ ਵਿਚ ਹੁਸੈਨ ਨੂੰ ਨਬੀ ਦਾ ਗ੍ਰੈਂਡਸਨ ਲਿਖਿਆ ਹੁੰਦਾ ਹੈ, ਜਿਸ ਦਾ ਅਰਥ ਪੋਤਾ ਅਤੇ ਦੋਹਤਾ-ਦੋਵੇਂ ਹੈ।
ਸ਼ੁਕਰਾਨਾ ਕਿਸੇ ਹੋਰ ਦਾ: ਪ੍ਰਿੰ. ਬਲਕਾਰ ਸਿੰਘ ਬਾਜਵਾ ਦਾ ਲੇਖ ‘ਜੀਵਨ ਦਾਨ ਕਿਸੇ ਦਾ, ਸ਼ੁਕਰਾਨਾ ਕਿਸੇ ਹੋਰ ਦਾ!’ ਪੜ੍ਹ ਕੇ ਲੇਖਕ ਬਾਰੇ ਨਹੀਂ, ਸੰਪਾਦਕ ਪੰਜਾਬ ਟਾਈਮਜ਼ ਦੀ ਚੋਣ ਉਪਰ ਅਫਸੋਸ ਹੋਇਆ ਜਿਸ ਨੇ ਇਹੋ ਜਿਹੀ ਕੱਚੀ ਲਿਖਤ ਛਾਪਣ ਦਾ ਫੈਸਲਾ ਕੀਤਾ। ਰੱਬ ਦਾ ਸ਼ੁਕਰਾਨਾ ਕਰਨ ਵਾਲੇ ਲੋਕਾਂ ਨੂੰ ਪ੍ਰਿੰ. ਬਾਜਵਾ ਡਰਪੋਕ, ਅੰਧ ਵਿਸ਼ਵਾਸੀ, ਕਰਮਕਾਂਡੀ ਦੇ ਵਿਸ਼ੇਸ਼ਣਾਂ ਨਾਲ ਨਿਵਾਜ ਰਹੇ ਹਨ, ਹਵਾਲੇ ਗੁਰਬਾਣੀ ਵਿਚੋਂ ਦੇ ਰਹੇ ਹਨ। ਜਿਸ ਬਾਣੀ ਦੇ ਹਵਾਲੇ ਦਿੱਤੇ ਹਨ (ਬੇਸ਼ਕ ਅਸ਼ੁੱਧ, ਗਲਤ ਬਾਣੀ ਲਿਖੀ ਹੈ) ਉਹ ਉਨ੍ਹਾਂ ਦੀ ਹੈ, ਜਿਹੜੇ ਹਰੇਕ ਸਾਹ ਨਾਲ ਸ਼ੁਕਰਾਨਾ ਕਰਨ ਦੇ ਇੱਛੁਕ ਸਨ। ਸਾਰਾ ਪਰਿਵਾਰ ਕੁਰਬਾਨ ਕਰਨ ਪਿੱਛੋਂ ਉਹ ਗਿਲਾ ਨਹੀਂ ਕਰਦੇ, ਮਿੱਤਰ ਪਿਆਰੇ ਨੂੰ ਉਵੇਂ ਯਾਦ ਕਰਦੇ ਹਨ ਜਿਵੇਂ ਮੁਰੀਦ ਕਰਿਆ ਕਰਦੇ ਹਨ। ਬਾਜਵਾ ਸਾਹਿਬ ਨੂੰ ਧਰਮ, ਰੱਬ ਜਾਂ ਧਾਰਮਿਕ ਰਸਮਾਂ ਵਿਚ ਯਕੀਨ ਨਹੀਂ, ਮੈਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ, ਜਿਨ੍ਹਾਂ ਨੂੰ ਯਕੀਨ ਹੈ, ਉਨ੍ਹਾਂ ਬਾਰੇ ਅਸੱਭਿਅਕ ਭਾਸ਼ਾ ਵਰਤਣੀ ਵਾਜਬ ਨਹੀਂ।
-ਡਾ. ਹਰਪਾਲ ਸਿੰਘ ਪੰਨੂ
ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ।