ਲੰਗਰ ਸ਼ਬਦ ਦੀ ਤੌਹੀਨ

ਗੁਰਬਚਨ ਸਿੰਘ ਜਲੰਧਰ
ਫੋਨ: 91-98156-98451
ਪੰਜਾਬ ਦੀ ਅਸਲ ਗਰੀਬੀ, ਬੌਧਿਕ ਕੰਗਾਲੀ ਅਤੇ ਰੂਹਾਨੀ ਸੋਕੇ ਦੇ ਦਰਸ਼ਨ ਕਰਨੇ ਹੋਣ ਤਾਂ ਸ਼ਹਿਰਾਂ ਵਿਚ ਕਿਸੇ ਵੀ ਧਾਰਮਿਕ ਪੁਰਬ ਉਤੇ ਨਿਕਲਦੇ ਜਲੂਸਾਂ ਵਿਚ ਕੀਤੇ ਜਾ ਸਕਦੇ ਹਨ। ਇਨ੍ਹਾਂ ਜਲੂਸਾਂ ਦੀ ਸਮੁਚੀ ਅੱਖਰੀ ਤਸਵੀਰ ਖਿਚਣੀ ਤਾਂ ਸ਼ਾਇਦ ਮੁਸ਼ਕਿਲ ਹੋਵੇ, ਪਰ ਇਨ੍ਹਾਂ ਜਲੂਸਾਂ ਦੌਰਾਨ ਸੜਕਾਂ ਉਤੇ ਥਾਂ-ਥਾਂ ਲੱਗੇ ਲੰਗਰਾਂ ਵਿਚ ਹੁੰਦੀ ਖੋਹ-ਖਿੰਜ ਦੀ ਜੇ ਝਲਕ ਵੇਖ ਲਈ ਜਾਵੇ ਤਾਂ ਮਨੁਖੀ ਰਿਸ਼ਤਿਆਂ ਦਾ ਖੋਖਲਾਪਣ, ਧਾਰਮਿਕ ਸ਼ਰਧਾ ਦਾ ਨਕਲੀਪਣ ਅਤੇ ਸਮਾਜਕ ਰਿਸ਼ਤਿਆਂ ਦੀ ਗਰੀਬੀ ਸਪਸ਼ਟ ਦਿਸ ਪੈਂਦੀ ਹੈ। ਇਨ੍ਹਾਂ ਲੰਗਰਾਂ ਨੂੰ ਲਾਉਣ ਵਾਲੇ, ਇਨ੍ਹਾਂ ਨੂੰ ਵੰਡਣ ਵਾਲੇ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਵਾਲੇ ਜਿਨ੍ਹਾਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ, ਉਹ ਕਈ ਵਾਰੀ ਅਸਹਿਣਯੋਗ ਅਤੇ ਪੀੜਾਦਾਇਕ ਹੁੰਦਾ ਹੈ।

ਅਜਿਹੇ ਲੰਗਰ ਲਾਉਣ ਵਾਲੇ ਵੱਡੇ-ਵੱਡੇ ਬੋਰਡਾਂ ਰਾਹੀਂ ਜਿਵੇਂ ਆਪਣੀ ਹੋਂਦ ਦਾ ਹੋਛਾ ਪ੍ਰਗਟਾਵਾ ਕਰਦੇ ਹਨ, ਜਿਵੇਂ ਉਹ ਇਨ੍ਹਾਂ ਲੰਗਰਾਂ ਵਾਸਤੇ ਸਮਾਜਕ ਰੋਹਬ ਨਾਲ ਮਾਇਆ ਇਕੱਠੀ ਕਰਦੇ ਹਨ, ਜਿਵੇਂ ਇਨ੍ਹਾਂ ਲੰਗਰਾਂ ਦਾ ਪ੍ਰਬੰਧ ਕਰਨ ਲਈ ਉਹੀ ਧੜੇਬੰਦੀ ਕਰਦੇ ਹਨ, ਇਹ ਸਾਰਾ ਕੁਝ ਅਜੀਬ ਕਿਸਮ ਦਾ ਹੁੰਦਾ ਹੈ। ਫਿਰ ਜਿਵੇਂ ਇਨ੍ਹਾਂ ਲੰਗਰਾਂ ਦੀ ਤਿਆਰੀ ਕੀਤੀ ਜਾਂਦੀ ਹੈ, ਉਹ ਏਦੂੰ ਵੀ ਗਈ ਗੁਜਰੀ ਹੁੰਦੀ ਹੈ। ਠੇਕੇ ਦੇ ਹਲਵਾਈਆਂ ਕੋਲੋਂ ਇਹ ਲੰਗਰ ਤਿਆਰ ਕਰਵਾਏ ਜਾਂਦੇ ਹਨ। ਸੜਕਾਂ ਉਤੇ ਖਿਲਰੇ ਕੂੜੇ ਅਤੇ ਮਿੱਟੀ ਦੀਆਂ ਉਡਦੀਆਂ ਧੂੜਾਂ ਵਿਚ ਖੁੱਲ੍ਹੇ ਕੜਾਹਿਆਂ ਅੰਦਰ ਇਹ ਲੰਗਰ ਤਿਆਰ ਕੀਤੇ ਜਾਂਦੇ ਹਨ। ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ ਕਿ ਇਸ ਸਮੇਂ ਲੋੜੀਂਦੀ ਸਫਾਈ ਦਾ ਖਿਆਲ ਰੱਖਿਆ ਗਿਆ ਹੈ ਜਾਂ ਨਹੀਂ। ਫਿਰ ਇਹ ਲੰਗਰ ਠੀਕ ਰੂਪ ਵਿਚ ਤਿਆਰ ਹੋਇਆ ਹੈ ਜਾਂ ਨਹੀਂ, ਇਸ ਦੀ ਵੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਅਕਸਰ ਪ੍ਰਸ਼ਾਦੇ ਸੜੇ ਹੋਏ ਅਤੇ ਸਬਜੀਆਂ ਅੱਧ-ਕੱਚੀਆਂ ਹੁੰਦੀਆਂ ਹਨ। ਬਹੁਤੀ ਵਾਰੀ ਮਿਰਚਾਂ ਅਤੇ ਹੋਰ ਮਸਾਲੇ ਲੋੜੋਂ ਵੱਧ ਹੁੰਦੇ ਹਨ। ਲੰਗਰ ਵਾਲੀਆਂ ਥਾਂਵਾਂ ਉਤੇ ਦੂਜੇ ਦਿਨ ਡੂੰਨਿਆਂ ਆਦਿ ਦੇ ਲੱਗੇ ਢੇਰ ਅਤੇ ਉਨ੍ਹਾਂ ਵਿਚ ਅੱਧ-ਪਚੱਧੇ ਖਾਧੇ ਭੋਜਨ ਦੀ ਰਹਿੰਦ-ਖੂੰਹਦ ਇਸ ਸਮਾਜੀ ਹਾਲਤ ਦੀ ਮੂੰਹ ਬੋਲਦੀ ਤਸਵੀਰ ਹੁੰਦੀ ਹੈ।
ਲੰਗਰ ਵੰਡਣ ਵੇਲੇ ਵਰਤਾਵਿਆਂ ਵਿਚ ਇਹ ਭਾਵਨਾ ਬਹੁਤ ਹੀ ਘੱਟ ਵੇਖਣ ਨੂੰ ਮਿਲਦੀ ਹੈ ਕਿ ਉਹ ਲੰਗਰ ਸਤਿਕਾਰ ਨਾਲ ਵਰਤਾਉਣ। ਜਿਸ ਕਿਸਮ ਦਾ ਭਿੰਨ-ਭੇਦ ਲੰਗਰ ਵਰਤਾਉਣ ਸਮੇਂ ਕੀਤਾ ਜਾਂਦਾ ਹੈ, ਉਹ ਲੰਗਰ ਦੀ ਸਾਰੀ ਭਾਵਨਾ ਨੂੰ ਹੀ ਮਾਰ ਦਿੰਦਾ ਹੈ। ਮੱਧਵਰਗੀ ਵਰਤਾਵਿਆਂ ਦੀ ਸਭ ਤੋਂ ਪਹਿਲੀ ਭਾਵਨਾ ਇਹ ਹੁੰਦੀ ਹੈ ਕਿ ਲੰਗਰ ਵੱਧ ਤੋਂ ਵੱਧ ਆਪਣੇ ਘਰਾਂ ਵਿਚ ਪਹੁੰਚਾਇਆ ਜਾਏ ਜਾਂ ਆਪਣੇ ਜਾਣਕਾਰਾਂ ਨੂੰ ਸੱਦ ਕੇ ਦਿੱਤਾ ਜਾਏ। ਇਹ ਕੋਈ ਪ੍ਰਵਾਹ ਨਹੀਂ ਕਰਦਾ ਕਿ ਲੰਗਰ ਬਣਾਉਣ ਅਤੇ ਵਰਤਾਉਣ ਦਾ ਮੰਤਵ ਕੀ ਹੈ?
ਫਿਰ ਲੰਗਰ ਛਕਣ ਵਾਲਿਆਂ ਦੀਆਂ ਅੱਡ-ਅੱਡ ਜਮਾਤਾਂ ਹਨ। ਸਾਰਾ ਦਿਨ ਬੜੀ ਮਿਹਨਤ ਨਾਲ ਰਿਕਸ਼ੇ ਚਲਾਉਂਦੇ, ਰੇਹੜੀਆਂ ਵਾਹੁੰਦੇ, ਘਰਾਂ-ਬਾਰਾਂ ਵਿਚ ਮਜ਼ਦੂਰੀ ਕਰਦੇ ਅਤੇ ਹੋਰ ਅਨੇਕਾਂ ਤਰ੍ਹਾਂ ਦਾ ਗਰੀਬ-ਗੁਰਬਾ ਲੰਗਰ ਵਾਸਤੇ ਸੜਕਾਂ ਉਤੇ ਲਾਈਨਾਂ ਬਣਾ ਕੇ ਖੜ੍ਹਾ ਹੁੰਦਾ ਹੈ। ਇਹ ਲੰਗਰ ਉਨ੍ਹਾਂ ਦੀ ਲੋੜ ਤਾਂ ਹੁੰਦੀ ਹੈ, ਪਰ ਜਿਵੇਂ ਲਾਈਨਾਂ ਵਿਚ ਲੱਗ ਕੇ ਜਾਂ ਇਕ-ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਦਿਆਂ ਵਰਤਾਵਿਆਂ ਦੀਆਂ ਗਾਲ੍ਹਾਂ ਦੀ ਜੋ ਜਲਾਲਤ ਉਹ ਭੋਗਦੇ ਹਨ ਅਤੇ ਜਿਸ ਤਰ੍ਹਾਂ ਇਹ ਲੰਗਰ ਪ੍ਰਾਪਤ ਕਰਦੇ ਹਨ, ਉਹ ਤਰਸਯੋਗ ਹੁੰਦਾ ਹੈ। ਫਿਰ ਜਿਵੇਂ ਲੰਗਰ ਵਰਤਾਵੇ ਇਨ੍ਹਾਂ ਗਰੀਬ-ਗੁਰਬਿਆਂ ਨੂੰ ਮੰਦੀ ਭਾਸ਼ਾ ਬੋਲਦੇ ਹਨ ਅਤੇ ਜਿਵੇਂ ਉਹ ਉਥੇ ਖੜ੍ਹੇ-ਖੜ੍ਹੇ ਹੀ ਲੰਗਰ ਨੂੰ ਮੂੰਹ ਵਿਚ ਸੁੱਟਣ ਦੀ ਕੋਸ਼ਿਸ਼ ਕਰਦੇ ਹਨ, ਉਹ ਅਸਹਿਣਯੋਗ ਹੁੰਦਾ ਹੈ। ਅਕਸਰ ਵਰਤਾਵਿਆਂ ਦੇ ਵਿਹਾਰ ਉਤੇ ਗੁੱਸਾ ਆਉਂਦਾ ਹੈ ਅਤੇ ਲੰਗਰ ਲੈਣ ਵਾਲਿਆਂ ਦੀ ਹਾਲਤ ਵੇਖ ਕੇ ਮਨ ਵਿਚ ਪੀੜਾ ਪੈਦਾ ਹੁੰਦੀ ਹੈ। ਮੱਧਵਰਗੀ ਲੋਕ ਜਿਵੇਂ ਇਸ ਲੰਗਰ ਦੀ ਖੋਹ-ਖਿੰਜ ਕਰਦੇ ਹਨ, ਉਸ ਨੂੰ ਵੇਖ ਕੇ ਕਈ ਵਾਰੀ ਉਨ੍ਹਾਂ ਦੀ ਮਾਨਸਿਕ ਦਸ਼ਾ ਉਤੇ ਤਰਸ ਆਉਂਦਾ ਹੈ।
ਛੋਟੇ ਹੁੰਦਿਆਂ ਅਸੀਂ ਮਾਪਿਆਂ ਕੋਲੋਂ ਸਾਖੀਆਂ ਸੁਣਦੇ ਹੁੰਦੇ ਸਾਂ, ਜਿਨ੍ਹਾਂ ਵਿਚ ਦੱਸਿਆ ਜਾਂਦਾ ਸੀ ਕਿ ਜਦੋਂ ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਦੇ ਹਜ਼ੂਰ ਆਇਆ ਤਾਂ ਗੁਰੂ ਸਾਹਿਬ ਨੇ ਉਸ ਨੂੰ ਇਸ ਲਈ ਦਰਸ਼ਨ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਪਹਿਲਾਂ ਸੰਗਤ ਤੇ ਪੰਗਤ ਵਿਚ ਬੈਠ ਕੇ ਲੰਗਰ ਛਕ ਕੇ ਆਵੇ ਅਤੇ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਦਾ ਇਹ ਹੁਕਮ ਮੰਨਿਆ। ਬਹੁਤ ਛੋਟੇ ਹੁੰਦਿਆਂ ਸਾਡੀ ਨਾਨੀ ਸਾਨੂੰ ਆਪਣੇ ਨਾਲ ਹਰ ਐਤਵਾਰ ਸਵੇਰੇ-ਸਵੇਰੇ ਤਿਆਰ ਕਰਕੇ ਦਰਬਾਰ ਸਾਹਿਬ ਲੈ ਕੇ ਜਾਂਦੀ ਹੁੰਦੀ ਸੀ। ਇਹ ਉਸ ਦਾ ਨੇਮ ਸੀ ਕਿ ਹਰ ਵਾਰ ਉਹ ਆਪਣੇ ਮਲਮਲ ਦੇ ਦੁਪੱਟੇ ਵਿਚ ਇਕ ਪਾਸੇ ਆਟਾ ਅਤੇ ਦੂਜੇ ਪਾਸੇ ਦਾਲ ਬੰਨ੍ਹ ਕੇ ਘਰੋਂ ਤੁਰਦੀ ਸੀ, ਤਾਂ ਕਿ ਜਿਹੜਾ ਲੰਗਰ ਛਕਣਾ ਹੈ, ਉਸ ਵਿਚ ਹਿੱਸਾ ਵੀ ਪਾਇਆ ਜਾਵੇ, ਭਾਵੇਂ ਥੋੜ੍ਹਾ ਹੀ ਸਹੀ।
ਸੰਗਤ, ਪੰਗਤ ਅਤੇ ਲੰਗਰ ਇਕ ਸਾਂਝੀ ਲੜੀ ਵਿਚ ਪਰੋਏ ਹੋਏ ਸੰਕਲਪ ਹਨ, ਜਿਨ੍ਹਾਂ ਦਾ ਬਹੁਤ ਵੱਡਾ ਸਮਾਜੀ ਮੰਤਵ ਹੈ। ਪਰ ਜੋ ਲੰਗਰ ਦੀ ਦੁਰਦਸ਼ਾ ਹੁਣ ਨਜ਼ਰ ਆ ਰਹੀ ਹੈ, ਇਹ ਬੜੀ ਦਰਦਨਾਕ ਹੈ। ਇਹ ਪੰਜਾਬ ਦੀ ਸਮਾਜੀ ਅਤੇ ਰਾਜਸੀ ਹਾਲਤ ਦੀ ਮੂੰਹ ਬੋਲਦੀ ਤਸਵੀਰ ਹੈ।
ਕੀ ਇਸ ਸਮੱਸਿਆ ਦਾ ਕੋਈ ਹੱਲ ਵੀ ਹੋ ਸਕਦਾ ਹੈ? ਸਾਡੀ ਤੁੱਛ ਬੁੱਧੀ ਅਨੁਸਾਰ ਇਸ ਦਾ ਹੱਲ ਕੋਈ ਬਹੁਤ ਔਖਾ ਨਹੀਂ। ਧਾਰਮਿਕ ਪੁਰਬਾਂ ਉਤੇ ਜਲੂਸ ਕੱਢਣ ਵਾਲੇ ਪ੍ਰਬੰਧਕ ਜੇ ਸੜਕਾਂ ਉਤੇ ਇਨ੍ਹਾਂ ਲੰਗਰਾਂ ਦਾ ਪ੍ਰਬੰਧ ਕਰਨ ਵਾਲਿਆਂ ਨੂੰ ਇਸ ਸੁਝਾਅ ਉਤੇ ਅਮਲ ਕਰਨ ਲਈ ਮਨਾ ਲੈਣ ਕਿ ਉਹ ਆਪਣਾ ਸਾਰਾ ਰਸਦ-ਪਾਣੀ ਜਲੂਸ ਨਿਕਲਣ ਅਤੇ ਖਤਮ ਹੋਣ ਵਾਲੀ ਥਾਂ ਉਤੇ ਭੇਜ ਦੇਣ। ਉਥੇ ਇਨ੍ਹਾਂ ਲੰਗਰਾਂ ਦੀ ਠੀਕ ਤਰ੍ਹਾਂ ਤਿਆਰੀ ਕਰਕੇ ਜੇ ਲੋਕਾਂ ਨੂੰ ਪਿਆਰ ਨਾਲ ਅਤੇ ਖਾਸ ਕਰਕੇ ਗਰੀਬਾਂ ਨੂੰ ਸਤਿਕਾਰ ਨਾਲ ਛਕਾਇਆ ਜਾਵੇ ਤਾਂ ਸ਼ਾਇਦ ਇਨ੍ਹਾਂ ਲੰਗਰਾਂ ਦਾ ਕੋਈ ਸਮਾਜੀ ਜਾਂ ਧਾਰਮਿਕ ਮੰਤਵ ਪੂਰਾ ਹੋ ਸਕੇ।