ਬੱਚਿਆਂ ਦੀਆਂ ਬਰਕਤਾਂ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ!

ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸੁਹੱਪਣ ਦੀ ਵਿਆਖਿਆ ਕਰਦਿਆਂ ਕਿਹਾ ਸੀ, “ਸੁਹੱਪਣ, ਸਾਦਗੀ ਵਿਚੋਂ ਵੀ ਡੁੱਲ ਡੁੱਲ ਪੈਂਦਾ। ਗਰੀਬੀ ਵਿਚੋਂ ਬਾਹਰ ਨੂੰ ਛਲਕਦਾ। ਲੀਰਾਂ ਵਿਚੋਂ ਵੀ ਪ੍ਰਗਟ ਹੋ ਜਾਂਦਾ।…ਸੁਹੱਪਣ, ਪੀਰਾਂ ਦੇ ਪੈਗਾਮ, ਗੁਰੂਆਂ ਦੇ ਬਚਨਾਂ, ਫੱਕਰਾਂ ਦੀ ਫਕੀਰੀ ਅਤੇ ਸਾਧੂਆਂ ਦੀ ਅਲਮਸਤੀ ਵਿਚੋਂ ਵੀ ਚਾਨਣ-ਕਾਤਰਾਂ ਦੇ ਰੂਪ ਵਿਚ ਪ੍ਰਗਟਦਾ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਬੱਚਿਆਂ ਦੇ ਭੋਲੇਪਨ, ਉਨ੍ਹਾਂ ਦੀ ਪਾਕੀਜ਼ ਸੰਗਤ ਅਤੇ ਮਾਪਿਆਂ ਲਈ ਉਨ੍ਹਾਂ ਦੇ ਜਿੰਦ ਜਾਨ ਹੋਣ ਦੀ ਵਾਰਤਾ ਛੇੜੀ ਹੈ। ਬੱਚਿਆਂ ਬਾਰੇ ਜੋ ਕੁਝ ਵੀ ਉਹ ਇਸ ਲੇਖ ਵਿਚ ਲਿਖਦੇ ਹਨ, ਉਨ੍ਹਾਂ ਦੇ ਇਸ ਕਾਵਿ ਵਾਰਤਕ ਬੰਦ ਵਿਚ ਸਮੇਟਿਆ ਜਾ ਸਕਦਾ ਹੈ, “ਬੱਚਾ ਬਹਿ ਬਾਬੇ ਦੀ ਬੁੱਕਲ, ਬਰਕਤਾਂ ਪਾਵੇ ਝੋਲੀ। ਹਰਫਾਂ ਦੇ ਕਿੰਜ ਮੇਚ ਉਹ ਆਵੇ, ਤੋਤਲੀ ਬੋਲਣ ਬੋਲੀ। ਬੱਚੇ ਹੁੰਦੇ ਬੰਦਗੀ ਵਰਗੇ ਤੇ ਚਾਅ ਦਾ ਸੰਦੜਾ ਰਾਗ। ਬੱਚੇ ਚਹਿਕਣ ਤਾਂ ਖਿੜਨ ਬਹਾਰਾਂ, ਮੌਲੇ ਜੀਵਨ-ਬਾਗ। ਬੱਚੇ ਆਲ੍ਹਣੇ ਬੈਠੇ ਬੋਟ, ਚੋਗ ਚੁਗੀਂਦੇ ਗੁਟਕਣ। ਸੰਗ ਸਾਥੀਆਂ ਲੋਟਣੀਆਂ ਲੈਂਦੇ, ਫੁੱਲਾਂ ਜੂਹੇ ਫੁੱਦਕਣ। ਬੱਚੇ ਸਾਗਰ ਦੇ ਸੁੱਚੇ ਮੋਤੀ ਤੇ ਸੁਚਮ ਦਾ ਸੰਗ-ਸਵੇਰਾ।” -ਸੰਪਾਦਕ

ਡਾ ਗੁਰਬਖ਼ਸ਼ ਸਿੰਘ ਭੰਡਾਲ
ਫੋਨ: 216-556-2080

ਬੱਚੇ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ, ਜੋ ਸਾਰੀਆਂ ਨਿਆਮਤਾਂ ਦਾ ਆਧਾਰ। ਕੁਦਰਤ ਦੀ ਵਿਸ਼ਾਲਤਾ ਵਿਚੋਂ ਕੁਝ ਨੂੰ ਨਿਹਾਰਨ ਦਾ ਪਸਾਰ।
ਬੱਚੇ ਆਲੇ-ਦੁਆਲੇ ‘ਚ ਫੈਲੀਆਂ ਕਵਿਤਾਵਾਂ ਜਿਨ੍ਹਾਂ ‘ਚ ਛੁਪੀ ਹੁੰਦੀ ਖਿਆਲ ਪਰਵਾਜ਼, ਉਪਜਦੀ ਸੰਗੀਤਕ ਆਵਾਜ਼, ਹੁੰਦਾ ਏ ਨਿਰਾਲਾ ਅੰਦਾਜ਼ ਅਤੇ ਹਰ ਹਰਫ ਵਿਚ ਛੁਪਿਆ ਹੁੰਦਾ ਗਹਿਰਾ ਰਾਜ਼। ਕੁਝ ਕਵਿਤਾਵਾਂ ਚੁੱਪ ਨੂੰ ਵਰੇ ਬੋਲ। ਕੁਝ ਬੋਲਾਂ ਵਿਚ ਧਰੀ ਅਗੰਮਤਾ। ਕੁਝ ਆਸ ਦੇ ਹੋਠਾਂ ‘ਤੇ ਗੁਣਗਣਾਉਂਦੀ ਧੁਨੀ ਅਤੇ ਕੁਝ ਧੁੰਨੀ ਦੀ ਤਰੰਗ ਵਿਚ ਛਹਿ ਕੇ ਬੈਠੇ ਗਹਿਰੇ ਅਰਥ ਹੁੰਦੀਆਂ।
ਬੱਚੇ ਜੀਵਨ-ਬ੍ਰਿਖ ਦੀਆਂ ਕਰੂੰਬਲਾਂ, ਜੋ ਫੈਲ ਕੇ ਛਾਂ ਵੰਡਣ ਦਾ ਕਰਮ ਨਿਭਾਉਂਦੀਆਂ। ਹਵਾ ਦੇ ਕੰਧਾੜੇ ਚੜ੍ਹ ਪੱਤੇ ਪੈਦਾ ਕਰਦੇ ਬਿਰਖ-ਜੂਹੇ ਸੰਗੀਤਕ ਰੁਮਕਣੀ ਦਾ ਅਹਿਸਾਸ ਅਤੇ ਬਿਰਖਾਂ ਨੂੰ ਮਿਲਦੀ ਬਾਬੇ-ਬਿਰਖ ਦੀ ਪਦਵੀ।
ਬੱਚੇ, ਬਨੇਰੇ ‘ਤੇ ਜਗਦੇ ਚਿਰਾਗ, ਜਿਸ ਨੇ ਵਿਹੜੇ ਨੂੰ ਚਾਨਣ ਨਾਲ ਭਰ, ਇਸ ਦੀਆਂ ਚਹੁੰ-ਕੂੰਟਾਂ ਨੂੰ ਪਰਿਵਾਰਕ ਮੋਹ ਦੇ ਨਿੱਘ ਨਾਲ ਵਰਨਾ ਹੁੰਦਾ।
ਬੱਚੇ, ਕਮਰੇ ਵਿਚ ਮਾਰੀਆਂ ਲਕੀਰਾਂ ‘ਚ ਅਲਸਾਈ ਪਰਵਾਜ਼ ਦਾ ਨਾਂ, ਜਿਸ ਦੀ ਜੂਹੇ ਬਚਪਨ ਦੀਆਂ ਅਲਮਸਤ ਅਦਾਵਾਂ ਅਤੇ ਬੇਫਿਕਰੀ ਵਿਚ ਛੁਪੀਆਂ ਸ਼ੂਆਵਾਂ ਹੁੰਦੀਆਂ। ਬੱਚੇ ਬਾਦਸ਼ਾਹ, ਜੋ ਆਪਣੇ ਕਾਨੂੰਨ ਬਣਾਉਂਦੇ, ਮੰਨਦੇ ਅਤੇ ਮਨਾਉਂਦੇ। ਇਕ ਅਜਿਹੀ ਬਾਦਸ਼ਾਹਤ ਜਿਸ ਦੀ ਯਾਦ ਸਾਰੀ ਉਮਰ ਚਸਕਦੀ ਰਹਿੰਦੀ। ਇਹ ਅਪੂਰਨ ਤਮੰਨਾ ਆਖਰੀ ਸਾਹਾਂ ‘ਤੇ ਵੀ ਉਕਰੀ ਰਹਿੰਦੀ।
ਬੱਚੇ, ਟਾਹਣੀ ‘ਤੇ ਲੱਗੀ ਡੋਡੀ, ਜਿਸ ‘ਚ ਸਮੋਈ ਹੁੰਦੀ ਸੰਦਲੀ ਸੁਗੰਧ। ਫੁੱਲ ਬਣ ਕੇ ਪੱਤੀਆਂ ਵੰਡਦੇ ਰੰਗਾਂ ਦਾ ਸੰਧਾਰਾ ਅਤੇ ਇਸ ਦੀ ਸੰਗਤ ਮਾਣਨ ਲਈ ਭੌਰੇ ਦੇ ਹਿਰਦੇ ਵਿਚ ਉਠਦਾ ਦਰਦ-ਕੁਆਰਾ। ਪਰ ਫੁੱਲ ਦੁਆਲੇ ਕੰਡਿਆਂ ਦਾ ਪਹਿਰਾ, ਰਾਖੀ ਦਾ ਸਦੀਵ ਵਣਜਾਰਾ। ਘਰ ਦੇ ਚੌਗਿਰਦੇ ਨੂੰ ਲੱਗੇ ਭਾਗ ਅਤੇ ਪਰਿਵਾਰਕ ਬਗੀਚੇ ਨੂੰ ਮਿਲਦਾ ਖਿੜੀ ਫੁੱਲਵਾੜੀ ਦਾ ਨਾਮ।
ਬੱਚੇ, ਸੁਪਨਿਆਂ ਦੀ ਸੁੱਚੀ ਤਸ਼ਬੀਹ। ਮਾਨਵੀ ਸੁਪਨਿਆਂ ਵਿਚ ਘੁਲੇ ਰੰਗਾਂ ਦੀ ਸਤਰੰਗੀ ਜੋ ਮਨ-ਅੰਬਰ ‘ਤੇ ਰੰਗਾਂ ਦੀ ਆਬਸ਼ਾਰ ਬਣ, ਜੀਵਨ-ਧਰਾਤਲ ‘ਤੇ ਰੰਗਾਂ ਦਾ ਵਣਜ ਕਰਦੀ। ਬੱਚੇ ਅਤੇ ਸੁਪਨਿਆਂ ਦੀ ਸਾਂਝ ਵਿਚੋਂ ਹੀ ਪਰਿਵਾਰ ਤੇ ਸਮਾਜ ਨਵੀਆਂ ਪਹਿਲਾਂ ਤੇ ਪਗਡੰਡੀਆਂ ਨਾਲ ਉਚੇਰੀਆਂ ਬੁਲੰਦੀਆਂ ਸਿਰਜਦੇ।
ਬੱਚੇ, ਇਕ ਮਿਲਣ-ਬਿੰਦੂ ਤੇ ਖਿੱਚ ਦਾ ਕੇਂਦਰ। ਪਰਿਵਾਰਾਂ ਦੀ ਆਪਸੀ ਮੇਲ ਦਾ ਸਬੱਬ। ਮਾਪਿਆਂ ਦੀ ਸਾਂਝੀ ਸਾਹ-ਰਗ। ਬੱਚਿਆਂ ਦੀ ਸਾਂਝ ਵਿਚੋਂ ਹੀ ਉਸਰਦੇ ਅਜਿਹੇ ਸਦੀਵੀ ਸਬੰਧ, ਜਿਨ੍ਹਾਂ ਨੂੰ ਨਿਭਾਉਣ ਵਿਚ ਜੀਵਨ ਬਣਦਾ ਅਕੱਥ-ਕਥਾ।
ਬੱਚੇ ਕੰਧਾਂ ਨੂੰ ਘਰ ਬਣਾਉਂਦੇ, ਦੀਵਾਰਾਂ ਨੂੰ ਕਮਰੇ ਦਾ ਨਾਂ ਮਿਲਦਾ ਅਤੇ ਦੋ ਜੀਆਂ ਨੂੰ ਪਰਿਵਾਰ ਕਹਿ ਕੇ ਨਿਵਾਜਿਆ ਜਾਂਦਾ। ਘਰ ਨੂੰ ਇਕ ਧੜਕਣ ਦਾ ਅਹਿਸਾਸ ਹੁੰਦਾ, ਜਿਸ ‘ਚੋਂ ਜ਼ਿੰਦਗੀ ਨੂੰ ਯੁੱਗ-ਜਿਉਣ ਦਾ ਵਰਦਾਨ ਮਿਲਦਾ।
ਬੱਚੇ, ਮਸਤ-ਮਲੰਗੀ ਦੀ ਤਸਵੀਰ, ਫਕੀਰੀ ਦੀ ਤਸ਼ਬੀਹ, ਅਲਮਸਤੀ ਦਾ ਆਲਮ ਅਤੇ ਭੁੱਖ-ਪਿਆਸ ਤੋਂ ਨਿਰਲੇਪ। ਕੋਈ ਫਿਕਰ ਨਹੀਂ ਤਨ ਦੇ ਕੱਜਣ ਦਾ। ਕਿਸੇ ਨਾਲ ਨਹੀਂ ਵੈਰ-ਵਿਰੋਧ। ਹਰ ਚੁੱਲ੍ਹਾ ਹੀ ਆਪਣਾ ਅਤੇ ਹਰ ਔਰਤ ਨੂੰ ਮਾਂ ਕਹਿਣ ਦਾ ਹੱਕ ਤੇ ਮਾਂ ਜਿਹਾ ਦਾਈਆ ਜਤਾਉਣ ਦਾ ਸਰੂਰ।
ਬੱਚੇ, ਓਟੇ ‘ਤੇ ਰੋਸ਼ਨੀ ਵੰਡਦਾ ਉਹ ਚਿਰਾਗ, ਜੋ ਨੈਣਾਂ ਵਿਚ ਆਸ ਦੀ ਕਿਰਨ ਧਰਦਾ, ਓਟੇ ਨੂੰ ਘਰ ਦਾ ਸੰਜੀਵ ਰੂਪ ਬਣਾਉਂਦਾ। ਓਟੇ ਦੀਆਂ ਚਿੜੀਆਂ ਨੂੰ ਆਟੇ ਦੀਆਂ ਚਿੜੀਆਂ ਦੀ ਚੋਗ ਚੁਗਾਉਂਦਾ।
ਬੱਚੇ, ਵਕਤ-ਵਰਕੇ ‘ਤੇ ਉਕਰੀ ਇਬਾਦਤ, ਜਿਸ ਦੀ ਵਰਣਮਾਲਾ ਵਿਚ ਸਮੋਇਆ ਹੁੰਦਾ ਸਮੇਂ ਦਾ ਰਾਗ-ਰੰਗ। ਵਾਕਾਂ ਵਿਚ ਹੁੰਦਾ ਜੀਵਨ-ਨਿਚੋੜ। ਅਰਥਾਂ ਵਿਚ ਸੋਂਹਦੀ ਸੰਜੀਦਗੀ।
ਬੱਚੇ, ਜੀਵਨੀ ਬਹਾਰਾਂ ਦਾ ਨਿਉਂਦਾ। ਪੱਤਝੜ ਨੂੰ ਆਖਰੀ ਅਲਵਿਦਾ ਕਹਿਣ ਦਾ ਆਲਮ ਅਤੇ ਬਿਰਖ-ਬੂਟਿਆਂ ਨੂੰ ਫੁੱਲਾਂ ਤੇ ਫਲਾਂ ਨਾਲ ਲੱਦੇ ਜਾਣ ਦਾ ਸ਼ਰਫ।
ਬੱਚੇ, ਕੋਮਲਤਾ ਦੀ ਕੂਲ, ਜਿਸ ਦੀ ਛੋਹ ਵਿਚੋਂ ਜੀਵਨੀ ਕੂਲਾਂ ਨੂੰ ਮਿਲਦਾ ਜੀਵਨ-ਦਾਨ। ਕੋਮਲਤਾ, ਜੋ ਕਦੇ ਵੀ ਖੁਰਦਰੇਪਣ ਤੋਂ ਨਹੀਂ ਹਾਰਦੀ। ਅੱਖੜਪੁਣੇ ਨੂੰ ਮਾਤ ਦਿੰਦੀ। ਇਸ ਸਾਹਵੇਂ ਕਠੋਰ ਚਿੱਤ ਵੀ ਤਰਲ ਹੋ ਜਾਂਦਾ। ਜਾਬਰ ਦੇ ਵੀ ਦੰਦ ਜੁੜ ਜਾਂਦੇ ਜਾਂ ਜੋੜ ਦਿੱਤੇ ਜਾਂਦੇ ਜਿਵੇਂ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਨਜਾਬ ਵਜੀਰ ਖਾਨ ਨੂੰ ਅਵਾਕ ਕੀਤਾ ਸੀ।
ਬੱਚੇ ਮਾਸੂਮੀਅਤ ਦਾ ਕਲ-ਕਲ ਵਗਦਾ ਝਰਨਾ, ਜਿਸ ਦੀ ਝਰਨਾਹਟ ਵਿਚ ਸ਼ਫਾਫਤ। ਤਾਸੀਰ ਵਿਚ ਪਾਕੀਜ਼ਗੀ। ਮਾਸੂਮੀਅਤ ਇਕ ਅਜਿਹੀ ਸੁਪਨ ਨਗਰੀ ਜਿਸ ਵਿਚ ਮਲੂਕ ਅਤੇ ਮਾਸੂਮ ਦਿਨਾਂ ਨੂੰ ਅੰਬਰੀ ਉਡਾਣ ਨਸੀਬ ਹੁੰਦੀ।
ਬੱਚੇ, ਪੀੜ੍ਹੀਆਂ ਵਿਚ ਮਿਲਾਪ ਦਾ ਸਬੱਬ, ਸੋਚ-ਧਾਰਨਾ ਨੂੰ ਉਲਥਾਉਣ ਤੇ ਨਵਿਆਉਣ ਦਾ ਕਾਰਜ ਅਤੇ ਬਦਲ ਰਹੇ ਸਮਾਜਕ ਸਰੋਕਾਰਾਂ ਨੂੰ ਸਮੇਂ ਦਾ ਹਾਣੀ ਬਣਾਉਣ ਦਾ ਕਰਮ ਤੇ ਇਸ ਸੁਕਰਮ ‘ਚੋਂ ਡੁੱਲ੍ਹ ਡੁੱਲ੍ਹ ਪੈਂਦਾ ਬਚਪਨੀ ਧਰਮ।
ਬੱਚੇ ਮਾਪਿਆਂ ਤੋਂ ਵੱਧ ਸਿਆਣੇ। ਬਜ਼ੁਰਗਾਂ ਤੋਂ ਬਿਹਤਰ ਸਮੇਂ ਦੀ ਚਾਲ, ਢਾਲ ਅਤੇ ਹਾਲ ਨੂੰ ਸਮਝਣ ਤੇ ਢਾਲਣ ਦੇ ਸਮਰੱਥ। ਅਸੀਮ ਸਮਰੱਥਾ ਦੇ ਮਾਲਕ ਇਹ ਬੱਚੇ ਨਵੀਆਂ ਪ੍ਰਾਪਤੀਆਂ ਅਤੇ ਸਿਰਲੇਖਾਂ ਦਾ ਨਾਮ।
ਬੱਚੇ ਨੂੰ ਬੱਚਾ ਨਾ ਸਮਝਣਾ। ਕਈ ਵਾਰ ਉਹ ਸਿਆਣਪ ਵਿਚ ਬਾਪ ਦੇ ਵੀ ਬਾਪ ਹੁੰਦੇ। ਨਵੀਂ ਤਕਨਾਲੋਜੀ ਤੇ ਨਵੇਂ ਗਿਆਨ ਨੂੰ ਖੋਜਣ ਅਤੇ ਅਪਨਾਉਣ ਵਾਲੇ ਬੱਚਿਆਂ ਦੀ ਤੇਜ-ਤਰਾਰੀ ਕਈ ਵਾਰ ਸਿਆਣਿਆਂ ਨੂੰ ਅਵਾਕ ਕਰ ਜਾਂਦੀ। ‘ਕੇਰਾਂ ਬੱਚਾ ਕਹਿਣ ਲੱਗਾ ਕਿ ਮੈਂ ਆਈਵੀ ਸਕੂਲ ਵਿਚ ਜਾਣਾ ਹੈ। ਮਾਪੇ ਆਈ ਵੀ ਦੇ ਅਰਥਾਂ ਨੂੰ ਖੋਜਣ ਲਈ ਗੂਗਲ ‘ਚ ਗਵਾਚ ਗਏ ਤਾਂ ਬੱਚੇ ਨੇ ਪੋਲਾ ਜਿਹਾ ਮੂੰਹ ਬਣਾ ਕੇ ਕਿਹਾ, ਆਈਵੀ ਦਾ ਮਤਲਬ ਚਾਰ ਹੁੰਦਾ ਕਿਉਂਕਿ ਰੋਮਨ ਵਿਚ ਚਾਰ ਨੂੰ ਅੰਗਰੇਜ਼ੀ ਦੇ ਅੱਖਰਾਂ ḔਆਈḔ ਅਤੇ ḔਵੀḔ ਨਾਲ ਲਿਖਿਆ ਜਾਂਦਾ। ਦਰਅਸਲ ਸਭ ਤੋਂ ਪਹਿਲਾਂ ਅਮਰੀਕਾ ਵਿਚ ਉਚ ਕੋਟੀ ਦੇ ਚਾਰ ਸਕੂਲ ਮੰਨੇ ਜਾਂਦੇ ਸਨ, ਜਿਨ੍ਹਾਂ ਨੂੰ ਆਈਵੀ ਦਾ ਨਾਂ ਦਿੱਤਾ ਗਿਆ ਸੀ ਜਦ ਕਿ ਹੁਣ ਤਾਂ ਅਜਿਹੇ ਸਕੂਲਾਂ ਦੀ ਗਿਣਤੀ ਕਿਤੇ ਵੱਧ ਹੈ। ਇਹ ਸੁਣ ਕੇ ਬੱਚੀ ਦੀ ਬੁੱਧੀ ਦੇ ਸਦਕੇ ਜਾਣ ਨੂੰ ਮਨ ਕੀਤਾ ਕਿ ਬੱਚੇ ਹਰ ਗੱਲ ਦੀ ਤਹਿ ਤੱਕ ਕਿਵੇਂ ਜਾਂਦੇ ਨੇ?
ਬੱਚੇ ਦੀ ਲੇਰ ਸੁਣ ਬੇਹੋਸ਼ ਹੋ ਜਾਂਦੀ ਮਮਤਾ। ਹੂੰਗਰ ਵਿਚ ਮਾਂ ਦਾ ਸੀਨਾ ਫੱਟਦਾ ਅਤੇ ਇਸ ਦੀ ਚਸਕ ਵਿਚ ਤਿੜਕ ਜਾਂਦੀ ਜੀਵਨੀ ਸ਼ਤੀਰ ਦੀ ਕੜੀ। ਬੱਚਾ ਮਾਪਿਆਂ ਲਈ ਸਭ ਕੁਝ। ਆਪਾ ਵਾਰ ਕੇ ਬੱਚੇ ਲਈ ਖੁਸ਼ੀਆਂ ਜੁਟਾਉਣ ਵਾਲੇ ਮਾਪਿਆਂ ਦਾ ਜਹਾਨ ਲੁੱਟ ਜਾਂਦਾ ਜਦ ਬੱਚੇ ਅੱਖਾਂ ਤੋਂ ਦੂਰ ਹੁੰਦੇ।
ਬੱਚਿਆਂ ਦੇ ਮੋਹ ਦੀ ਕੇਹੀ ਦਾਸਤਾਨ ਏ ਕਿ ਬੱਚਿਆਂ ਵਲੋਂ ਵਿਸਾਰੇ ਮਾਪੇ, ਪਰਵਾਸੀ ਬੱਚਿਆਂ ਨੂੰ ਉਡੀਕਦੇ ਘਰ ਦੀਆਂ ਸਰਦਲਾਂ ਨੂੰ ਮੱਕਾ ਸਮਝ ਪੂਜਦੇ। ਸ਼ਾਇਦ ਉਨ੍ਹਾਂ ਦੀ ਅਰਦਾਸ ਰਾਹੀਂ ਇਨ੍ਹਾਂ ਸਰਦਲਾਂ ਨੂੰ ਵੀ ਭਾਗ ਲੱਗ ਜਾਣ ਅਤੇ ਉਨ੍ਹਾਂ ਦੇ ਬੱਚੇ ਬਜ਼ੁਰਗੀ-ਬੁੱਕਲ ਦਾ ਨਿੱਘ ਬਣਨ।
ਬੱਚਾ ਜਦ ਸੀਰੀਆ ਵਿਚ ਮਾਪਿਆਂ ਦੀਆਂ ਲੋਥਾਂ ਵਿਚਾਲੇ ਰੋ ਰੋ ਕੇ ਇਨਸਾਨੀ ਜੁਲਮ ਨੂੰ ਲਾਹਨਤਾਂ ਪਾਉਂਦਾ, ਆਖਰ ਹਿਚਕੀਆਂ ‘ਚ ਜੀਵਨ ਨੂੰ ਅਲਵਿਦਾ ਕਹਿ ਜਾਂਦਾ ਤਾਂ ਮਨੁੱਖਤਾ ਦੀ ਅੱਖ ਵਿਚ ਆਏ ਹੰਝੂ ਵੀ ਉਸ ਬੱਚੇ ਲਈ ਸ਼ਰਧਾਂਜਲੀ ਨਹੀਂ ਬਣ ਸਕਦੇ। ਕਦੇ ਉਸ ਬੱਚੇ ਨੂੰ ਕਿਆਸਣਾ ਜੋ ਮਛੋਰਾਂ-ਹਾਰ ਮਾਂ-ਪਿਉ ਅਤੇ ਭੈਣ-ਭਰਾਵਾਂ ਤੋਂ ਵਿਰਵੀ ਜਾਨ ਨੂੰ ਜੀਵਨ ਆਖਣ ਲਈ ਲਾਚਾਰ ਹੋ ਜਾਵੇ ਅਤੇ ਸਾਹਾਂ ਨੂੰ ਸਿਸਕੀਆਂ ਨਾਲ ਸਿਉਣ ਦੀ ਸਜ਼ਾ ਮਿਲੀ ਹੋਵੇ।
ਬੱਚੇ ਦਾ ਖੁਸਿਆ ਬਚਪਨ, ਬੱਚੇ ਲਈ ਸਭ ਤੋਂ ਵੱਡਾ ਸਰਾਪ। ਜਦ ਕੋਈ ਬੱਚਾ ਬਸਤੇ ਦੀ ਥਾਂ ਲਫਾਫੇ ‘ਕੱਠੇ ਕਰਨ ਲਈ ਗਲ ਵਿਚ ਬੋਰੀ ਪਾਉਂਦਾ, ਭੁੱਖੇ ਪੇਟ ਲਈ ਕਿਸੇ ਅੱਗੇ ਹੱਥ ਅੱਡਦਾ ਜਾਂ ਖੇਡਣ-ਮੱਲਣ ਦੀ ਉਮਰੇ ਕਿਸੇ ਢਾਬੇ ਜਾਂ ਘਰ ‘ਚ ਛੋਟੂ ਬਣ ਕੇ ਝਿੜਕਾਂ ਪਚਾਉਣ ਲੱਗ ਪਵੇ ਤਾਂ ਉਸ ਦੀ ਤਿੜਕ ਕੇ ਕਚੂਮਰ ਹੋਈ ਮਾਨਸਿਕਤਾ ਨੂੰ ਕਿਸ ਨਾਲ ਤਸ਼ਬੀਹ ਦੇਵੋਗੇ ਅਤੇ ਕੌਣ ਮੋੜ ਕੇ ਲਿਆਵੇਗਾ ਉਸ ਦੀਆਂ ਬਚਪਨੀ ਖੁਸ਼ੀਆਂ, ਜੋ ਰੁੱਸ ਕੇ ਪਤਾ ਨਹੀਂ ਕਿਧਰ ਚਲੇ ਗਈਆਂ!
ਬੱਚਿਆਂ ਦੀ ਸ਼ਰਾਰਤ ਵਿਚ ਛੁਪਿਆ ਹੁੰਦਾ ਭੋਲਾਪਣ। ਤੋਤਲੇ ਬੋਲਾਂ ਵਿਚ ਮਹਿਕਦੀ ਏ ਉਸ ਦੀ ਸੋਚ ਵਿਚਲੀ ਪਾਕੀਜ਼ਗੀ, ਸਪੱਸ਼ਟਤਾ ਅਤੇ ਸ਼ਫਾਫਤ ਅਤੇ ਹਰ ਗੱਲ ‘ਚ ਗੁਟਕਦੀ ਏ ਗੁਣਵੰਤੀ ਮੁਹਾਰ।
ਬੱਚਾ ਇਕ ਸਾਫ ਸਲੇਟ, ਕੋਰੀ ਫੱਟੀ। ਇਸ ‘ਤੇ ਤੁਸੀਂ ਕਿਸ ਤਰ੍ਹਾਂ ਦੇ ਪੂਰਨੇ ਪਾਉਂਦੇ ਹੋ, ਇਸ ‘ਤੇ ਨਿਰਭਰ ਕਰਦਾ ਏ ਉਘੜਨ ਵਾਲੀ ਇਬਾਰਤ ਦੇ ਨਕਸ਼। ਇਨ੍ਹਾਂ ਨਕਸ਼ਾਂ ‘ਚੋਂ ਝਲਕਦਾ ਸਾਖਸ਼ੀ ਬਿੰਬ।
ਬੱਚੇ ਨੂੰ ਸੰਪੂਰਨ ਤੇ ਮਜਬੂਤ ਇਨਸਾਨ ਬਣਾਉਣਾ ਸਭ ਤੋਂ ਆਸਾਨ ਅਤੇ ਸੰਭਵ ਜਦ ਕਿ ਤਿੜਕੇ ਮਨੁੱਖ ਦੀ ਵਿਸੰਗਤੀ ਨੂੰ ਸੁਧਾਰਨਾ ਬਹੁਤ ਹੀ ਕਠਿਨ।
ਬੱਚੇ, ਆਸ ਦੀ ਪੂਰਤੀ, ਵਰਤਮਾਨ ਦਾ ਗਹਿਣਾ, ਭਵਿੱਖ ਦਾ ਸੁੱਚਾ ਸੁਪਨਾ ਅਤੇ ਆਉਣ ਵਾਲੇ ਸਮਿਆਂ ਦਾ ਸੁੱਚਾ ਤੇ ਮਾਣਮੱਤਾ ਇਤਿਹਾਸ।
ਬੱਚੇ, ਥੋੜੇ ਵਿਚੋਂ ਬਹੁਲਤਾ ਨੂੰ ਮਾਣਨ ਦਾ ਗੁਰ, ਨਿੱਕੀ ਜਿਹੀ ਬਾਤ ਦੀ ਤਹਿ ਵਿਚ ਜਾਣ ਦਾ ਹੁਨਰ ਅਤੇ ਬਚਗਾਨੇ ਫੁਰਮਾਨਾਂ ਰਾਹੀਂ ਬਾਦਸ਼ਾਹੀ ਸਹੂਲਤਾਂ ਦੀ ਸਿਰਜਣਾ ਅਤੇ ਇਲਹਾਮੀ ਪਲਾਂ ਨੂੰ ਮਾਣਨ ਦਾ ਸ਼ਰਫ।
ਬੱਚਾ ਬਹਿ ਬਾਬੇ ਦੀ ਬੁੱਕਲ, ਬਰਕਤਾਂ ਪਾਵੇ ਝੋਲੀ। ਹਰਫਾਂ ਦੇ ਕਿੰਜ ਮੇਚ ਉਹ ਆਵੇ, ਤੋਤਲੀ ਬੋਲਣ ਬੋਲੀ। ਬੱਚੇ ਹੁੰਦੇ ਬੰਦਗੀ ਵਰਗੇ ਤੇ ਚਾਅ ਦਾ ਸੰਦੜਾ ਰਾਗ। ਬੱਚੇ ਚਹਿਕਣ ਤਾਂ ਖਿੜਨ ਬਹਾਰਾਂ, ਮੌਲੇ ਜੀਵਨ-ਬਾਗ। ਬੱਚੇ ਆਲ੍ਹਣੇ ਬੈਠੇ ਬੋਟ, ਚੋਗ ਚੁਗੀਂਦੇ ਗੁਟਕਣ। ਸੰਗ ਸਾਥੀਆਂ ਲੋਟਣੀਆਂ ਲੈਂਦੇ, ਫੁੱਲਾਂ ਜੂਹੇ ਫੁੱਦਕਣ। ਬੱਚੇ ਸਾਗਰ ਦੇ ਸੁੱਚੇ ਮੋਤੀ ਤੇ ਸੁਚਮ ਦਾ ਸੰਗ-ਸਵੇਰਾ। ਵਾਂਗ ਤਰੇਲ ਦੇ ਪਾਈ ਫਿਰਦੇ, ਸਤਰੰਗਾਂ ਦਾ ਘੇਰਾ। ਬੱਚੇ ਹੁੰਦੇ ਫੁਲਕਾਰੀ ‘ਤੇ, ਪੱਟ ਦੀ ਕੱਢੀ ਕਢਾਈ। ਚਾਰ ਚੁਫੇਰੇ ਜਾਂ ਖਿੜਦੀਆਂ ਮਹਿਕਾਂ, ਤਾਂ ਹੁੰਦੀ ਪੀੜ ਪਰਾਈ। ਬੱਚੇ ਮਾਂ ਦੀ ਗੋਦ ਦਾ ਨਿੱਘ ਤੇ ਪਿਉ ਦੇ ਮੋਢੇ ਪਰਨਾ। ਪਿਆਰ ਮੁਹੱਬਤ ਤੇ ਲਾਡ-ਲਡਿੱਕੇ ਦਾ, ਚਾਅ-ਹਰਜ਼ਾਨਾ ਭਰਨਾ।
ਬੱਚਿਆਂ ਨੂੰ ਆਪਣਾ ਅੱਜ ਦੇਣ ਵਾਲੇ ਮਾਪੇ ਧੰਨ ਅਤੇ ਧੰਨ ਹੈ, ਉਨ੍ਹਾਂ ਦੀ ਕੀਰਤੀ। ਇਸ ਵਿਚੋਂ ਪਨਪਦਾ ਬੱਚਿਆਂ ਦਾ ਸੁੰਦਰ ਭਵਿੱਖ। ਬੱਚਿਆਂ ਨੂੰ ਪੈਸਾ ਨਹੀਂ, ਸਮਾਂ ਦਿਓ। ਪੈਸਾ ਤਾਂ ਉਹ ਵੱਡੇ ਹੋ ਕੇ ਆਪ ਵੀ ਬਹੁਤ ਕਮਾ ਲੈਣਗੇ। ਸਮਾਂ ਬੀਤਣ ਤੋਂ ਬਾਅਦ ਤੁਹਾਡੇ ਕੋਲ ਸਮਾਂ ਹੋ ਸਕਦਾ ਏ, ਪਰ ਬੱਚਿਆਂ ਕੋਲ ਸਮਾਂ ਨਹੀਂ ਹੋਵੇਗਾ ਤੁਹਾਡੇ ਕੋਲ ਬੈਠਣ ਦਾ। ਬੱਚਿਆਂ ਦੀ ਸਾਂਝ ਤੇ ਸੰਗਤ ਦਾ ਸਭ ਤੋਂ ਵੱਧ ਲਾਹਾ ਲੈਣ ਵਾਲੇ ਹੀ ਮਾਪੇ ਹੋਣ ਦਾ ਫਰਜ਼ ਅਦਾ ਕਰਦੇ। ਵੱਡੇ ਘਰਾਂ ਵਿਚ ਬੱਚਿਆਂ ਲਈ ਘਰ ਵਿਚਲੀ ਆਂਟੀ ਹੀ ਸਭ ਕੁਝ ਹੁੰਦੀ।
ਬੱਚਿਆਂ ਪ੍ਰਤੀ ਕੋਤਾਹੀ ਵਿਚੋਂ ਪੈਦਾ ਹੁੰਦਾ ਸਮਾਜਕ ਵਿਗਾੜ, ਸ਼ਖਸੀਅਤ ਦੀ ਭੈੜੀ ਵਾਦੀ ਅਤੇ ਪਰਿਵਾਰਕ ਮੁਹਾਂਦਰੇ ‘ਤੇ ਘੋਰ ਨਿਰਾਸ਼ਾ ਤੇ ਉਦਾਸੀ ਦੀ ਪਰਤ। ਬੱਚੇ ਖੁਸ਼ੀਆਂ ਦਾ ਖਜਾਨਾ, ਉਸਾਰਦੇ ਨੇ ਯਾਦਾਂ ਦਾ ਸਰਮਾਇਆ ਅਤੇ ਬਣਾਉਂਦੇ ਨੇ ਮਜਬੂਤ ਰਿਸ਼ਤਿਆਂ ਦਾ ਆਧਾਰ। ਯਾਦ ਰੱਖਣਾ! ਯਾਦਾਂ ਤੇ ਰਿਸ਼ਤੇ ਹੀ ਤਾਅ ਉਮਰ ਨਿਭਦੇ ਨੇ ਸਾਡੇ ਨਾਲ।
ਬੱਚਿਆਂ ਨੂੰ ਵਧੀਆ ਮਨੁੱਖ ਬਣਨ ਲਈ ਉਤਸ਼ਾਹਿਤ ਕਰੋ। ਚੰਗੇਰਾ ਪੜ੍ਹਨ ਲਈ ਪ੍ਰੇਰੋ। ਕੁਦਰਤ ਸੰਗਤ ਇਕਸੁਰਤਾ ਅਤੇ ਇਕਸਾਰਤਾ ਪੈਦਾ ਕਰਨ ਲਈ ਫੁੱਲ ਬੂਟਿਆਂ ਅਤੇ ਕੁਦਰਤੀ ਜੀਵ-ਜੰਤੂਆਂ ਨਾਲ ਪਿਆਰ ਕਰਨਾ ਸਿਖਾਓ। ਬੱਚੇ ਹਰ ਜੀਵ ਲਈ ਦਿਲ ਦੇ ਸਭ ਤੋਂ ਕਰੀਬ, ਪਿਆਰ ਦਾ ਸਿਖਰ। ਕਦੇ ਪਰਿੰਦਿਆਂ ਜਾਂ ਜਾਨਵਰਾਂ ਨੂੰ ਆਪਣੇ ਬੱਚਿਆਂ ਨੂੰ ਲਵੇ ਲਾਉਂਦੇ ਅਤੇ ਉਨ੍ਹਾਂ ਨੂੰ ਸਿਖਾਉਂਦੇ ਦੇਖਣਾ, ਮਨੁੱਖੀ ਸੋਚ ਸਰਸ਼ਾਰ ਜਰੂਰ ਹੋਵੇਗੀ।
ਬੱਚਿਆਂ ਦਾ ਮਾਪਿਆਂ ‘ਤੇ ਦਾਈਆ। ਇਕ ਅਪਣੱਤ ਭਿੱਜਿਆ ਹੁਕਮ-ਹਕੂਕ। ਅਦਬ ਨਾਲ ਗੜੁੱਚ ਹੱਕ। ਤਾਹੀਉਂ ਤਾਂ ਮਾਂ ਦੀ ਅਣਹੋਂਦ ਵਿਚ ਚੀਸ ਨੂੰ ਹਿੱਕ ‘ਚ ਦਬਾਈ, ਸੁਬਕ ਜਿਹੀ ਬੇਟੀ ਦੀ ਕੂਕ ਨੂੰ ਹਰਫਾਂ ਦੇ ਨਾਮ ਕਰ, ਸੈਫ-ਉਲ-ਮਲੂਕ ਕਹਿੰਦਾ ਏ:
“ਸਈਆਂ ਨਾਲ ਮੈਂ ਖੇਡਣ ਗਈ ਆਂ ਤੇ ਟੁੱਟ ਗਈਆਂ ਨੇ ਵੰਗਾਂ।
ਮਾਂ ਹੁੰਦੀ ਤਾਂ ਹੋਰ ਚੜ੍ਹਾਉਂਦੀ, ਤੇ ਪਿਓ ਤੋਂ ਮੰਗਦੀ ਸੰਗਾਂ।”
ਬੱਚੇ, ਮਾਪਿਆਂ ਦੀਆਂ ਪੈੜਾਂ ਵਿਚ ਪੈਰ ਧਰ ਨਵੀਆਂ ਪੈੜਾਂ ਸਿਰਜਣ ਦੇ ਸਿਪਾਹ-ਸਾਲਾਰ। ਸਰਵਣ ਪੁੱਤ ਬਣ ਮਾਪਿਆਂ ਲਈ ਵਹਿੰਗੀ ਹੁੰਦੇ ਅਤੇ ਮਾਪਿਆਂ ਦੇ ਆਖਰੀ ਸਫਰ ਲਈ ਮੋਢਾ ਵੀ।
ਬੱਚਾ ਜਦ ਬੇਵਕਤ ਤੁਰ ਜਾਂਦਾ ਤਾਂ ਮਾਪਿਆਂ ਦੇ ਮੱਥੇ ‘ਤੇ ਹੋਣੀ ਉਕਰੀ ਜਾਂਦੀ। ਉਨ੍ਹਾਂ ਦੀਆਂ ਖੁਸ਼ੀਆਂ ਸਿਉਂਕੀਆਂ ਜਾਂਦੀਆਂ ਅਤੇ ਉਨ੍ਹਾਂ ਦੇ ਚਾਵਾਂ ਨੂੰ ਘੁਣ ਲੱਗਦਾ। ਬੜਾ ਔਖਾ ਹੁੰਦਾ ਬੱਚੇ ਦੀ ਅਰਥੀ ਨੂੰ ਮੋਢਾ ਦੇਣਾ। ਬੱਚੇ ਜਿਉਂਦੇ ਰਹਿਣ ਅਤੇ ਯੁੱਗ ਵਸਦੀਆਂ ਰਹਿਣ ਬੱਚਿਆਂ ਸੰਗ ਜਿਉਂਦੀਆਂ ਆਸਾਂ, ਯੁਗ ਯੁਗ ਜਿਉਣ ਦੀਆਂ ਦੁਆਵਾਂ ਅਤੇ ਬੱਚਿਆਂ ਦੇ ਮਨਾਂ ਵਿਚ ਪੈਦਾ ਹੁੰਦੀਆਂ ਆਪਣਿਆਂ ਪ੍ਰਤੀ ਵਫਾਵਾਂ।
ਬੱਚੇ ਨਵੇਂ ਧਰਾਤਲ ਦੀ ਨਿਸ਼ਾਨਦੇਹੀ ਕਰਨ, ਨਵੀਆਂ ਮੰਜ਼ਲਾਂ ਸਰ ਕਰਨ, ਨਵੀਆਂ ਸੋਚਾਂ, ਸਰੋਕਾਰਾਂ ਅਤੇ ਸਿਰਜਣਾਤਮਿਕਤਾ ਨੂੰ ਜੀਵਨ-ਸਾਧਨਾ ਬਣਾਉਣ ਤਾਂ ਜੀਵਨੀ ਸਾਰਥਕਤਾ ਨਵੀਂ ਪਛਾਣ ਮਿਲਦੀ।
ਬੱਚੇ ਦੇ ਰੂਪ ਵਿਚ ਮਾਣੀ ਬਾਦਸ਼ਾਹਤ ਅਤੇ ਇਸ ਦੀ ਲੱਜ਼ਤ ਜਦ ਮਨ-ਬੀਹੀ ਵਿਚੋਂ ਝਾਕਦੀ ਤਾਂ ਹਰਫਾਂ ਦੇ ਪਿੰਡੇ ‘ਤੇ ਅਹਿਸਾਸਾਂ ਨੂੰ ਖੁਣ, ਤੜਫ ਉਠਦੀ:
ਕਦੇ
ਅਸੀਂ ਵੀ ਬਾਦਸ਼ਾਹ ਸਾਂ
ਬਰਸਾਤਾਂ ਦੇ ਦਿਨੀਂ
ਵਿਹੜੇ ਦੀ ਛੱਪੜੀ ‘ਚ
ਸਾਡੇ ਸਮੁੰਦਰੀ ਬੇੜੇ ਚਲਦੇ ਸਨ
ਸਾਡਾ ‘ਵਾਈ ਜਹਾਜ
ਇਕ ਬਨੇਰੇ ਤੋਂ ਦੂਸਰੇ ਬਨੇਰੇ ਤੀਕ
ਪਲ ਭਰ ‘ਚ ਉਡਾਣ ਭਰ ਲੈਂਦਾ ਸੀ
ਹਵੇਲੀ ‘ਚ ਖੇਡਦਿਆਂ
ਸਾਡੇ ਗੱਡੇ ਦੀ ਸਰਦਾਰੀ ਹੁੰਦੀ ਸੀ
ਅਤੇ ਨੁੱਕਰ ਦੀ ਕਿਆਰੀ ‘ਚ
ਲੱਕੜ ਦਾ ਟਰੈਕਟਰ ਧੂੜਾਂ ਪੁੱਟਦਾ ਸੀ
ਸੁਪਨਈ ਸਹੂਲਤਾਂ ਵਾਲੇ ਖਿਆਲੀ ਘਰਾਂ ‘ਚ
ਸਾਡੀ ਹਕੂਮਤ ਚਲਦੀ ਸੀ
ਆਪਣੀ ਨੀਂਦਰੇ ਸੌਣ
ਅਤੇ ਜਾਗਣ ਦਾ ਹੱਕ ਸੀ।

ਸਾਡੀ ਬਾਦਸ਼ਾਹਤ ਵਿਚ ਸ਼ਾਮਲ ਸੀ
ਅੰਬਰ ‘ਚ ਉਡਦੇ ਜਹਾਜ ਨੂੰ
ਘਰ ਦੀ ਛੱਤ ‘ਤੇ ਉਤਾਰਨਾ
ਖੂਹ ਨੂੰ ਜਾਂਦਿਆਂ
ਬਾਪ ਦੀ ਕੰਨਹੇੜੀ ਦੀ ਲੱਜ਼ਤ ਮਾਣਨਾ
ਸੁਹਾਗਾ ਵਾਹੁੰਦੇ ਬਾਪ ਦੀਆਂ ਲੱਤਾਂ ‘ਚ ਬਹਿ
ਓਬੜ-ਖੋਭੜ ਝੂਟੇ ਲੈਣਾ।

ਕੇਹੇ ਉਹ ਪਲ ਸਨ
ਜਦ ਗਾਜਰ, ਮੂਲੀ, ਸ਼ਲਗਮ ਪੁੱਟ
ਝੱਗੇ ਨਾਲ ਸਾਫ ਕਰ ਖਾ ਜਾਣਾ
ਤੇਹ ਲੱਗਣ ‘ਤੇ
ਗੰਢੇ ਦੀ ਭੂਕ ਨਾਲ ਪਾਣੀ ਪੀਣਾ
ਰੋਟੀ ਖਾਂਦਿਆਂ-ਖਾਂਦਿਆਂ
ਵਗਦੀ ਨਲੀ ਨੂੰ ਹੱਥ ਨਾਲ ਪੂੰਝਣਾ
ਅਤੇ ਕੁਲਫੀ ਜਾਂ ਮਰੂੰਡਾ ਲੈਣ ਲਈ
ਕੌਲੀ ‘ਚ ਦਾਣੇ ਪਾ
ਨੰਗ-ਧੜੰਗੇ
ਤਪਦੀ ਗਲੀ ‘ਚ ਨੰਗੇ ਪੈਰੀਂ ਦੌੜਨਾ।

ਕੇਹੇ ਠਾਠਮਈ ਦਿਨ ਸਨ
ਜਦ
ਪੱਤਿਆਂ ਦੇ ਹਾਰ ਗਲ ‘ਚ ਪਾਉਂਦੇ
ਛੱਪੜ ਨੂੰ ਸਮੁੰਦਰ ਬਣਾਉਂਦੇ
ਸੂਰਜ ਨੂੰ ਫੱਟੀ ਸੁਕਾਉਣ ਲਈ ਹੋਕਰਾ ਲਾਉਂਦੇ
ਤਾਰਿਆਂ ਨੂੰ ਝੋਲੀ ‘ਚ ਪਾਉਂਦੇ
ਅਤੇ ਚੰਦ ਨੂੰ ਮਾਮਾ ਆਖ ਬੁਲਾਉਂਦੇ ਸਾਂ।

ਬੀਤੀ ਬਾਦਸ਼ਾਹਤ ‘ਚ
ਅਸੀਂ ਖੁਦ ਹੀ ਹਕੂਮਤ
ਤੇ ਖੁਦ ਹੀ ਪਰਜਾ ਸਾਂ
ਸੁਪਨਿਆਂ ਦੀ ਸਰਦਲ ‘ਤੇ ਸੌਂਦੇ
ਸੁਪਨਿਆਂ ‘ਚ ਸੁਪਨਾ ਬਣਦੇ
ਅਤੇ ਸੁਪਨਈ ਦੁਨੀਆਂ ‘ਚ ਅੱਖ ਖੁੱਲ੍ਹਦੀ ਸੀ।

ਬੀਤੀ ਬਾਦਸ਼ਾਹੀ ਨੂੰ
ਚੇਤਿਆਂ ‘ਚ ਜਿਉਂਦੇ ਰੱਖਣ ਲਈ
ਜਰੂਰੀ ਹੈ ਬਚਪਨੇ ‘ਚ ਪਰਤਣਾ।
ਕਦੇ ਕਦਾਈਂ ਹੀ ਸਹੀ
ਬਚਪਨੇ ‘ਚ ਤਾਂ ਪਰਤਿਆ ਕਰੀਏ!
ਬੱਚੇ ਸੁਚੇਤ-ਅਚੇਤ ਬਹੁਤ ਕੁਝ ਤੁਹਾਡੀ ਸੋਚ ਜੂਹ ਵਿਚ ਅਛੋਪਲੇ ਹੀ ਧਰ ਜਾਂਦੇ ਅਤੇ ਤੁਸੀਂ ਸੋਚਦੇ ਹੀ ਰਹਿ ਜਾਂਦੇ ਕੀ ਇੰਜ ਵੀ ਹੋ ਸਕਦਾ ਏ? ਬੱਚਿਆਂ ਦੀਆਂ ਆਲੀਆਂ-ਭੋਲੀਆਂ ਗੱਲਾਂ ਵਿਚ ਛੁਪਿਆ ਹੁੰਦਾ ਜੀਵਨੀ ਸੱਚ ਜਿਸ ਤੋਂ ਅਸੀਂ ਜੀਵਨੀ ਦੌੜ-ਭੱਜ ਕਾਰਨ ਦੂਰ ਹੀ ਰਹਿੰਦੇ ਹਾਂ। ਇਸ ਸੱਚ ਨੂੰ ਸਾਡੀਆਂ ਮਸਤਕ-ਬਰੂਹਾਂ ਕੋਲ ਲਿਆਉਣ ਅਤੇ ਅਪਨਾਉਣ ਲਈ ਬੱਚੇ ਸੰਦੇਸ਼ਵਾਹਕ ਬਣਦੇ ਤਾਂ ਹਰਫਾਂ ਦੀ ਜੂਹ ਵਿਚ ਖਲਬਲੀ ਮੱਚਦੀ। ਇਸੇ ਵਿਚੋਂ ਹੀ ਕੁਝ ਅਜਿਹੇ ਸੂਖਮ ਅਹਿਸਾਸਾਂ ਦੀ ਗੂੜ੍ਹੀ ਰੰਗਤ ਵਰਕੇ ਦੇ ਹਵਾਲੇ ਹੁੰਦੀ ਕਿ ਕਲਮ ਖੁਦ ਆਵਾਕ ਰਹਿ ਜਾਂਦੀ:
ਜਦ ਰਾਤ ਨੂੰ
ਫਿਕਰਾਂ ਵਿਚ ਘਿਰਿਆਂ
ਅੱਖਾਂ ‘ਚੋਂ ਨੀਂਦ ਉਡ ਜਾਵੇ ਤਾਂ
ਨਾਲ ਪਿਆ ਦੋਹਤਾ
ਮੇਰੀ ਬੇਚੈਨੀ ਨੂੰ ਦੇਖ ਕੇ ਕਹਿੰਦਾ ਹੈ
ਮੈਂ ਪਰੀ ਕਹਾਣੀ ਸੁਣਾਂਦਾ ਹਾਂ
ਤੁਸੀਂ ਗੂੜ੍ਹੀ ਨੀਂਦ ਵਿਚ
ਸੁਪਨ-ਨਗਰੀ ਦੀ ਸੈਰ ਕਰੋਗੇ।

ਜਦ ਚੱਪਾ ਕੁ ਰੋਟੀ ਵੱਧ ਖਾਣ ‘ਤੇ
ਖੱਟੇ ਡਕਾਰ ਜਾਂ ਪੇਟ ਦੀ ਗੈਸ ਕਾਰਨ
ਸਾਹ ਲੈਣਾ ਔਖਾ ਹੋ ਜਾਵੇ
ਤਾਂ ਦੋਹਤਾ ਲਵੇ ਲੱਗ
ਦਾਨਸ਼ਵਰ ਵਾਂਗ ਸਮਝਾਉਂਦਾ ਹੈ
ਹੱਸਿਆ-ਖੇਡਿਆ ਕਰੋ
ਦੇਖਣਾ ਰੋਟੀ ਕਿੰਨੀ ਛੇਤੀ ਪਚੇਗੀ।

ਜਦ ਮੈਂ ਉਦਾਸੀ ਦੀ ਬੁੱਕਲ ਮਾਰ
ਚੁੱਪ ਨਾਲ ਗੁਫਤਗੂ ਕਰ ਰਿਹਾ ਹੋਵਾਂ
ਤਾਂ ਮਾਸੂਮ ਜਿਹਾ ਦੋਹਤਾ
ਖਚਰੀ ਜਿਹੀ ਮੁਸਕਰਾਹਟ ਨਾਲ
ਕੁੱਤਕਤਾਰੀਆਂ ਕੱਢਦਾ
ਖੇੜਿਆਂ ਦਾ ਤਸੱਵਰ
ਮਸਤਕ-ਧਰਾਤਲ ‘ਤੇ ਖੁਣ ਜਾਂਦਾ।

ਜਦ ਕਦੇ ਮੈਂ ਜੇਬ ‘ਚ ਹੱਥ ਪਾ
ਗਿਣਤੀਆਂ-ਮਿਣਤੀਆਂ ਦੇ ਸੇਕ ਨਾਲ
ਬਰਫ ਵਾਂਗ ਖੁਰ ਰਿਹਾ ਹੋਵਾਂ
ਤਾਂ ਉਹ ਆਪਣੀ ਬੁਗਨੀ ਨੂੰ
ਮੇਰੇ ਸਾਹਵੇਂ ਉਲੱਦ
ਧਨ-ਧਰੇਸੀ ਦਾ ਸਿਖਰ ਸਿਰਜ ਜਾਂਦਾ।

ਜਦ ਮੇਰੀ ਲਾਚਾਰਗੀ ਕਾਰਨ
ਗਮਲਿਆਂ ਦੇ ਬੂਟੇ ਸੋਕਾ ਹੰਢਾਉਂਦੇ
ਤਾਂ ਉਹ ਮੇਰੇ ਦੀਦਿਆਂ ਵਿਚਲੀ ਤ੍ਰਾਸਦੀ ਪੜ੍ਹ
ਨਿੱਕੇ ਜਿਹੇ ਕੱਪ ‘ਚ ਪਾਣੀ ਪਾਉਂਦਾ
ਹਰ ਬੂਟੇ ਨਾਲ ਬੂਟਾ ਬਣਦਾ
ਫੁੱਲਪੱਤੀਆਂ ਨਾਲ ਗੱਲਾਂ ਕਰਦਾ
ਤੇ ਇਨ੍ਹਾਂ ਨੂੰ ਟਹਿਕਣ ਲਾ ਦਿੰਦਾ।

ਸੱਚੀਂ!
ਕਿੰਨੀ ਚੰਗੀ ਲੱਗਦੀ ਹੈ
ਬਜ਼ੁਰਗਾਂ ਨੂੰ
ਬਚਪਨੀ-ਨਸੀਹਤ!
ਬੱਚਾ ਭਵਿੱਖ ਦਾ ਉਗਮਦਾ ਸੂਰਜ, ਤਾਰਿਆਂ ਦੀ ਭਰੀ ਭਰਾਈ ਝੋਲੀ, ਪੁੰਨਿਆਂ ਦਾ ਪੂਰਨ ਚੰਦ ਜਿਸ ਦੀ ਫਿਜ਼ਾ ਵਿਚ ਖੁਸ਼ੀਆਂ ਅਤੇ ਖੇੜਿਆਂ ਦੀ ਮੌਜ-ਮਸਤੀ, ਅੰਬਰ ਜੇਡੀ ਪਰਵਾਜ਼ ਦਾ ਕਰਮ, ਸਮੁੰਦਰੀ ਅਸੀਮਤਾ ਦਾ ਫੈਲਾਅ। ਇਸੇ ਨੇ ਹੀ ਸਮਿਆਂ ਨੂੰ ਸੂਹੇ ਅਰਥਾਂ ਵਿਚ ਪਰਿਭਾਸ਼ਤ ਕਰ ਇਸ ਦੀਆਂ ਤਰਜ਼ੀਹਾਂ ਅਤੇ ਤਦਬੀਰਾਂ ਨੂੰ ਸੁਚਾਰੂ ਤੇ ਕ੍ਰਿਆਤਮਿਕ ਰੂਪ ਵਿਚ ਸੇਧ ਦੇਣੀ ਹੁੰਦੀ। ਨਾਕਾਰਾਤਮਕ ਵਿਚੋਂ ਸਾਕਾਰਾਤਮਕ ਨਿਹਾਰਨ ਵਾਲੇ ਬੱਚੇ ਦੀਆਂ ਭਾਵਨਾਵਾਂ ਨਿੱਕੀ ਨਿੱਕੀ ਗੱਲ ਰਾਹੀਂ ਪ੍ਰਗਟ ਹੁੰਦੀਆਂ। ਬੱਚੇ ਦੇ ਪ੍ਰਗਟ ਹੋ ਰਹੇ ਨਕਸ਼ ਅਤੇ ਸਮੇਂ ਨੂੰ ਦੇਣ ਵਾਲੀ ਸੁਚੱਜੀ ਅਤੇ ਸੁਖਾਵੀਂ ਸਮਦ੍ਰਿਸ਼ਟੀ ਵਿਚੋਂ ਹੀ ਉਭਰੀ ਹੈ, ਅੱਖਰਾਂ ਵਿਚੋਂ ਪੋਲੇ ਪੋਲੇ ਝਰ ਰਹੀ ਚਾਨਣ-ਝਾਤ:
ਮੇਰਾ ਬੇਟਾ
ਜਦ ਮੇਰੇ ਕੋਲੋਂ ਪੁਛਦਾ ਹੈ ਕਿ
ਤੁਸੀਂ ਤੇ ਪਾਪਾ ਦੋਵੇਂ ਨੌਕਰੀ ਕਰਦੇ ਹੋ
ਤਾਂ ਪਾਪਾ ਘਰ ਦੀ ਸਾਂਭ-ਸੰਭਾਲ
ਰੋਟੀ-ਟੁੱਕ ਦੇ ਆਹਰ
ਜਾਂ ਰਸੋਈ ‘ਚ ਹੱਥ ਕਿਉਂ ਨਹੀਂ ਵਟਾਉਂਦੇ?
ਘਰ ਪਰਿਵਾਰ ਦੀ ਸਾਰੀ ਫਿਕਰਮੰਦੀ
ਤੁਹਾਡੀ ਹੀ ਕਿਉਂ ਹੈ?
ਤਾਂ ਮੈਂ ਨਿਰੁੱਤਰ ਹੋ ਜਾਂਦੀ ਹਾਂ।

ਮੇਰਾ ਬੇਟਾ ਤਾਂ ਇਹ ਵੀ ਪੁੱਛਦਾ ਹੈ
ਮੇਰੀਆਂ ਭੈਣਾਂ ਨੂੰ
ਘਰ ਦਾ ਹਰ ਕੰਮ ਆਉਂਦਾ
ਵਧੀਆ ਖਾਣਾ ਤਿਆਰ ਕਰਨਾ
ਤੇ ਸਲੀਕੇ ਨਾਲ ਪਰੋਸਣਾ ਸਿਖਾਇਆ ਜਾਂਦਾ
ਤਾਂ ਮੈਨੂੰ ਕਿਉਂ ਨਹੀਂ
ਇਹ ਸਭ ਸਿਖਾਇਆ ਜਾਂਦਾ?
ਕੀ ਮੈਂ ਨਿਕੰਮਾ ਜਾਂ ਹੀਣਾ ਹਾਂ?
ਜਾਂ ਜਾਣਬੁੱਝ ਕੇ ਮੈਨੂੰ
ਅਣਗੌਲਿਆ ਜਾ ਰਿਹਾ?
ਤਾਂ ਮੈਂ ਜਵਾਬ ਦੇਣ ਤੋਂ ਤ੍ਰਭਕਦੀ ਹਾਂ।

ਕਦੇ ਕਦੇ ਤਾਂ
ਬੇਟਾ ਇਹ ਵੀ ਪੁੱਛਦਾ ਕਿ
ਕਿਤਾਬ, ਕਾਪੀ ਜਾਂ ਕੁਲਫੀ ਲਈ ਪੈਸੇ ਮੰਗੋ
ਤਾਂ ਪਾਪਾ ਵੰਨੀਂ ਤੋਰ ਦਿੱਤਾ ਜਾਂਦਾ
ਤੁਹਾਨੂੰ ਪੈਸਿਆਂ ਦੀ ਗਿਣਤੀ ਨਹੀਂ ਆਉਂਦੀ?
ਜਾਂ ਪੈਸੇ ਸਾਂਭ ਹੀ ਨਹੀਂ ਸਕਦੇ?
ਤਾਂ ਮੈਂ ਗੁੰਮ-ਸੁੰਮ ਜਿਹੀ ਹੋ ਜਾਂਦੀ ਹਾਂ।

ਅਕਸਰ ਹੀ
ਸਿਰ ਦੇ ਸਾਈਂ ਨੂੰ ਉਡੀਕਦਿਆਂ
ਜਦ ਰਾਤ ਅੱਧੀਉਂ ਵੱਧ ਟੱਪ ਜਾਵੇ
ਤਾਂ ਕੱਚੀ ਨੀਂਦ ‘ਚ ਬਰੜਾਇਆ ਬੱਚਾ ਪੁੱਛਦਾ
ਤੁਸੀਂ ਅਜੇ ਤੀਕ ਸੁੱਤੇ ਨਹੀਂ?
ਸਾਝਰੇ ਕੰਮ ‘ਤੇ ਨਹੀਂ ਜਾਣਾ?
ਪਾਪਾ ਨੂੰ ਜੇ ਤਾਂ ਤੁਹਾਡੀ ਬੇਆਰਾਮੀ
ਜਾਂ ਉਨੀਂਦਰੇ ਦਾ ਕੋਈ ਫਿਕਰ ਨਹੀਂ
ਤਾਂ ਤੁਸੀਂ ਕਾਹਤੋਂ ਹੁਣ ਤੀਕ ਜਾਗਦੇ ਹੋ?
ਤਦ
ਇਕ ਡੂੰਘੀ ਚੁੱਪ ਮੇਰੇ ਅੰਦਰ ਲਹਿ ਜਾਂਦੀ ਹੈ।
ਬੇਟਾ ਅਕਸਰ ਹੀ ਬਹੁਤ ਸਾਰੇ
ਪ੍ਰਸ਼ਨ ਪੁੱਛਦਾ ਰਹਿੰਦਾ ਹੈ
ਜਵਾਬ ਵੀ ਜਾਣਦੀ ਹਾਂ
ਪਰ ਉਸ ਦੀ ਮਾਸੂਮੀਅਤ ‘ਤੇ
ਪੈਣ ਵਾਲੀ ਝਰੀਟ ਤੋਂ ਡਰਦੀ
ਬੇਮੌਸਮੀ ਚੁੱਪ ਵਿਚ ਉਤਰ ਜਾਂਦੀ ਹਾਂ।

ਫਿਰ ਸੋਚਦੀ ਹਾਂ
ਸ਼ਾਇਦ ਬੇਟਾ ਜਵਾਨ ਹੋ ਕੇ
ਖੁਦ ਹੀ ਸਵਾਲਾਂ ਦਾ ਜਵਾਬ ਬਣ ਜਾਵੇਗਾ
ਜਾਂ ਸਵਾਲਾਂ ਅਤੇ ਜਵਾਬਾਂ ਨੂੰ
ਮੁੜ ਤੋਂ ਤਰਤੀਬ ਦੇ ਤੇ ਤਕਸੀਮ ਕਰ
ਸਾਵੀਂ ਸੋਚ ਦੀ ਪੁੱਠ ਚਾੜ੍ਹ
ਘਰ ਦੀ ਬੰਦ ਚਾਰ-ਦੀਵਾਰੀ ‘ਚ
ਚਾਨਣ ਤਰੌਂਕੇਗਾ?
ਚੁੱਪ ਰਹਿ ਕੇ
ਆਸ ਰੱਖਣਾ ਚੰਗਾ ਲੱਗਦਾ ਹੈ।
ਬੱਚੇ ਸਾਹਮਣੇ ਇਸ ਮਿਕਨਾਤੀਸੀ ਚੁੱਪ ਦੀਆਂ ਬਹੁ-ਪਰਤਾਂ ਜਿਨ੍ਹਾਂ ਨੇ ਬੱਚੇ ਨੂੰ ਚਿਰ-ਸਦੀਵੀ ਬਾਦਸ਼ਾਹਤ ਵੰਨੀਂ ਤੋਰਨਾ ਏ। ਇਸ ਦਾ ਕਿਆਸ ਸਾਵੀਂ ਅਤੇ ਸੁੱਘੜ ਸੋਚ ਵਾਲੀਆਂ ਮਾਂਵਾਂ ਹੀ ਲਾ ਸਕਦੀਆਂ।
ਬੱਚੇ ਜਿਉਂਦੇ ਨੇ ਤਾਂ ਸੁਪਨਿਆਂ ਦੀਆਂ ਕਲਮਾਂ ਜੀਵਨ-ਕਿਆਰੀ ਵਿਚ ਪੁੰਗਰਦੀਆਂ, ਇਨ੍ਹਾਂ ਨੂੰ ਫਲਦਾਰ ਅਤੇ ਫੁੱਲਦਾਰ ਦਰਖਤ ਬਣਨ ਦਾ ਮੌਕਾ ਮਿਲਦਾ। ਇਹ ਸੁਪਨਿਆਂ ਦੀ ਫਸਲ ਹੀ ਹੁੰਦੀ ਜਿਸ ਦੀ ਭਰਪੂਰਤਾ ਨਾਲ ਜੀਵਨ ਨੂੰ ਸੁਖਨ, ਸ਼ਰਫ, ਸਫਲਤਾ ਅਤੇ ਸੰਪੂਰਨਤਾ ਦਾ ਸ਼ਗਨ ਪੈਂਦਾ।
ਬੱਚਿਆਂ ਵਿਚ ਬੱਚਾ ਬਣਨਾ ਅਤੇ ਬਚਪਨੀ ਰੰਗਾਂ ਵਿਚ ਰੰਗੇ ਜਾਣ ਦਾ ਆਪਣਾ ਹੀ ਵਿਸਮਾਦ। ਤੁਸੀਂ ਕਦੇ ਅਜਿਹੇ ਰੰਗ ਵਿਚ ਰੰਗੇ ਗਏ ਹੋ ਜਾਂ ਰੰਗ ਹੋਣਾ ਲੋਚਦੇ ਹੋ? ਸੱਚੀਂ ‘ਕੇਰਾਂ ਅਜਿਹੇ ਰੰਗ ਵਿਚ ਜਰੂਰ ਰੰਗੇ ਜਾਣਾ, ਤੁਸੀਂ ਵਾਰ ਵਾਰ ਬਚਪਨ ਵਿਚ ਪਰਤਣਾ ਲੋਚੋਗੇ।