ਪ੍ਰੋ. ਅਵਤਾਰ ਸਿੰਘ
ਫੋਨ: 91-94175-18384
ਪਿਛਲੇ ਦਿਨੀਂ ਸਵੇਰੇ ਸਵੇਰੇ ਇਕ ਦੋਸਤ ਦੀ ਬੇਟੀ ਦੇ ਵਿਆਹ ‘ਤੇ ਜਾਣ ਲਈ ਤਿਆਰ ਹੋ ਰਿਹਾ ਸਾਂ ਕਿ ਅਚਾਨਕ ਇਕ ਹੋਰ ਦੋਸਤ ਦਾ ਫੋਨ ਆ ਗਿਆ ਕਿ ਉਹ ਆ ਰਿਹਾ ਹੈ। ਮੈਂ ਪ੍ਰੇਸ਼ਾਨ ਹੋ ਗਿਆ ਕਿ ਉਹ ਇਸ ਵੇਲੇ ਕਿਉਂ ਆ ਰਿਹਾ ਹੈ ਤੇ ਮੈਂ ਹੁਣ ਕੀ ਕਰਾਂਗਾ? ਸੋਚਣ ਲਈ ਵਕਤ ਹੀ ਨਾ ਮਿਲਿਆ ਕਿ ਉਹ ਆ ਹੀ ਗਿਆ। ਉਹ ਇਕੱਲਾ ਨਹੀਂ ਸੀ, ਉਸ ਦੇ ਨਾਲ ਉਸ ਦਾ ਬੇਟਾ ਵੀ ਸੀ, ਜਿਸ ਨੇ ਮੂੰਹ ਸਿਰ ਇਸ ਤਰ੍ਹਾਂ ਲਪੇਟਿਆ ਹੋਇਆ ਸੀ, ਜਿਵੇਂ ਉਹ ਕਿਤੇ ਕੋਈ ਵਾਰਦਾਤ ਕਰਕੇ ਆਏ ਹੋਣ। ਅਸਲ ਵਿਚ ਉਹ ਮੋਟਰ ਸਾਈਕਲ ‘ਤੇ ਸਨ ਅਤੇ ਕਿਸੇ ਸਿਲਸਿਲੇ ਵਿਚ ਦੂਰ ਦੁਰਾਡੇ ਫਿਰ ਕੇ ਆਏ ਸਨ।
ਪੈਂਦੀ ਸੱਟੇ ਮੇਰਾ ਦੋਸਤ ਕਹਿਣ ਲੱਗਾ, “ਇਹਦੀ ਵਹੁਟੀ ਕੈਨੇਡਾ ਚਲੀ ਗਈ।” ਉਸ ਦੇ ਮੁੰਡੇ ਨੇ ਨਾਲ ਜੋੜਿਆ, “ਉਹਨੇ ਇੰਜੀਨੀਅਰਿੰਗ ਕੀਤੀ ਹੋਈ ਸੀ।” ਮੈਂ ਉਸ ਦੀ ਗੱਲ ਸੁਣੀ-ਅਣਸੁਣੀ ਕਰਕੇ ਪਾਣੀ-ਧਾਣੀ ਦੇ ਕੇ ਚਾਹ ਧਰ ਦਿੱਤੀ ਤੇ ਉਨ੍ਹਾਂ ਕੋਲ ਬੈਠ ਗਿਆ।
ਮੇਰੇ ਦੋਸਤ ਮੈਨੂੰ ਬੱਸ ਅੱਡੇ ‘ਤੇ ਉਡੀਕ ਰਹੇ ਸਨ ਤੇ ਮੈਨੂੰ ਦੇਰ ਹੋ ਰਹੀ ਸੀ। ਮੈਂ ਰਤਾ ਪਸ਼ੇਮਾਨ ਸੀ ਕਿ ਉਸ ਨੇ ਫਿਰ ਉਹੀ ਵਾਕ ਦੁਹਰਾ ਦਿੱਤਾ, “ਇਹਦੀ ਵਹੁਟੀ ਕੈਨੇਡਾ ਚਲੀ ਗਈ ਹੈ।” ਉਸ ਦਾ ਮੁੰਡਾ ਫਿਰ ਬੋਲਿਆ, “ਉਹਨੇ ਇੰਜੀਨੀਅਰਿੰਗ ਕੀਤੀ ਹੋਈ ਸੀ।”
ਮੇਰੀ ਪਸ਼ੇਮਾਨੀ ਖਿਝ ਵਿਚ ਬਦਲ ਗਈ, ਜਿਸ ਨੂੰ ਛੁਪਾਉਂਦਿਆਂ ਮੈਂ ਪੁੱਛਿਆ, “ਇੰਜੀਨੀਅਰਿੰਗ ਕਰਕੇ ਕੈਨੇਡਾ ਜਾਣਾ ਲਾਜ਼ਮੀ ਹੈ?” ਮੇਰਾ ਦੋਸਤ ਸਵਾਲ ਭਾਂਪ ਗਿਆ ਤੇ ਰਤਾ ਛਿੱਥਾ ਹੋ ਕੇ ਕਹਿਣ ਲੱਗਾ, “ਨਹੀਂ ਐਸੀ ਗੱਲ ਨਹੀਂ, ਅਸਲ ਵਿਚ ਇੱਥੇ ਕੁਝ ਬਣਦਾ ਨ੍ਹੀਂ।”
ਉਸ ਨੇ ਗੱਲ ਦਾ ਰੁੱਖ ਬਦਲਨਾ ਚਾਹਿਆ, “ਅਸੀਂ ਤੇਰਾਂ ਲੱਖ ਰੁਪਈਆ ਲਾ ਕੇ ਭੇਜੀ ਹੈ, ਹੁਣ ਉਥੇ ਜਾ ਕੇ, ਉਸ ਨੇ ਤਿੰਨ ਲੱਖ ਹੋਰ ਮੰਗਿਆ ਹੈ।” ਉਸ ਦੇ ਵਾਕ ਦਾ ਏਨਾ ਕੁ ਹਿੱਸਾ ਸੁਣ ਕੇ ਮੈਂ ਸੋਚਣ ਲੱਗ ਪਿਆ ਕਿ ਹੁਣ ਇਹ ਮੈਨੂੰ ਸਵਾਲ ਪਾਊ। ਪਰ ਉਸ ਨੇ ਆਪਣਾ ਵਾਕ ਇਸ ਤਰ੍ਹਾਂ ਪੂਰਾ ਕੀਤਾ, “ਉਸ ਦਾ ਬੰਦੋਬਸਤ ਕਰਕੇ ਆਏ ਹਾਂ।” ਮੈਂ ਸ਼ੁਕਰ ਕੀਤਾ ਕਿ ਮੇਰੇ ਲਈ ਕਿਸੇ ਪ੍ਰੀਖਿਆ ਦਾ ‘ਸਵਾਲ’ ਨਹੀਂ ਹੈ।
ਚਾਹ ਹਾਲੇ ਰਿੱਝਦੀ ਹੀ ਸੀ ਤੇ ਮੈਂ ਉਸ ਦੇ ਉਬਾਲੇ ਦੀ ਇੰਤਜਾਰ ਵਿਚ ਸ਼ਾਂਤ ਚਿਤ ਸੋਚ ਵਿਚ ਉਤਰ ਗਿਆ ਕਿ ਉਸ ਦੇ ਮੁੰਡੇ ਨੇ ਤੀਜੀ ਵਾਰ ਆਖ ਦਿੱਤਾ, “ਉਸ ਨੇ ਇੰਜੀਨੀਅਰਿੰਗ ਕੀਤੀ ਹੋਈ ਸੀ।” ਮੈਂ ਖਿਝ ਗਿਆ ਤੇ ਆਪਣੇ ਦੋਸਤ ਨੂੰ ਪੁੱਛਿਆ, “ਮੁੰਡੇ ਨੇ ਕੀ ਕੀਤਾ ਹੋਇਐ?” ਦੋਸਤ ਬੋਲਿਆ, “ਇਹ ਤਾਂ ਪਲੱਸ ਵੰਨ ਪਾਸ ਹੈ।”
ਮੈਂ ਸਮਝ ਗਿਆ ਕਿ ਮੁੰਡਾ ਵਾਰ ਵਾਰ ‘ਉਸ ਨੇ ਇੰਜੀਨੀਅਰਿੰਗ ਕੀਤੀ ਹੋਈ ਸੀ’ ਦੀ ਰੱਟ ਕਿਉਂ ਲਾ ਰਿਹਾ ਹੈ। ਪਲੱਸ ਵੰਨ ਪਾਸ ਮੁੰਡੇ ਨੂੰ ‘ਇੰਜੀਨੀਅਰਿੰਗ ਪਾਸ’ ਕੁੜੀ ਮਿਲ ਜਾਵੇ ਤਾਂ ਉਹ ਅਜਿਹੀ ਰੱਟ ਲਾਵੇਗਾ ਹੀ। ਪਰ ਉਸ ਦੇ ਡੈਡੀ ਦਾ ‘ਇਹ ਤਾਂ ਪਲੱਸ ਵੰਨ ਪਾਸ ਹੈ’ ਵਾਲਾ ਵਾਕ ਸੁਣਨ ਲਈ ਉਹ ਬਿਲਕੁਲ ਤਿਆਰ ਨਹੀਂ ਸੀ। ਇਹ ਵਾਕ ਉਸ ਨੂੰ ਹਜ਼ਮ ਨਾ ਹੋਇਆ। ਉਹ ਤੈਸ਼ ਵਿਚ ਆ ਗਿਆ ਤੇ ਇੱਕ ਦਮ ਭੁੜਕ ਪਿਆ, “ਉਠੋ ਡੈਡੀ ਚੱਲੀਏ।” ‘ਡੈਡੀ’ ਵੀ ਉਠ ਖੜਾ ਹੋਇਆ। ਇਸ ਤੋਂ ਪਹਿਲਾਂ ਕਿ ਚਾਹ ਬਣਦੀ, ਉਨ੍ਹਾਂ ਦੋਹਾਂ ਦੀ ਅਣਖ ਉਬਾਲਾ ਖਾ ਗਈ ਤੇ ਉਹ ਗੇਟ ਤੋਂ ਬਾਹਰ ਹੋ ਗਏ। ‘ਇੰਜੀਨੀਅਰਿੰਗ ਪਾਸ’ ਤੇ ‘ਪਲੱਸ ਟੂ ਪਾਸ-ਫੇਲ੍ਹḔ ਦੇ ਜੋੜ-ਮੇਲ ਜਾਂ ਤੁਕਾਂਤ ਨੇ ਉਨ੍ਹਾਂ ਨੂੰ ਚਾਹ ਵੀ ਨਾ ਪੀਣ ਦਿੱਤੀ। ਮੁੰਡੇ ਨੇ ਤਾਂ ਹੱਥ ‘ਚ ਫੜ੍ਹਿਆ ਬਿਸਕੁਟ ਵੀ ਰੱਖ ਦਿੱਤਾ।
ਇੰਨੇ ਚਿਰ ਵਿਚ ਘਰ ਵਾਲੀ ਨੇ ਚਾਹ ਬਣਾ ਲਈ ਸੀ। ਉਸ ਨੇ ਵੀ ਸਾਰਾ ਕੁਝ ਦੇਖ ਸੁਣ ਲਿਆ ਸੀ ਤੇ ਉਸ ਨੇ ਆਦਤਨ ਮੇਰੀ ਕਲਾਸ ਲਾ ਲਈ; ਅਖੇ ਤੁਹਾਨੂੰ ਪੁੱਛਣ ਦੀ ਕੀ ਲੋੜ ਸੀ ਕਿ ਮੁੰਡੇ ਨੇ ਕੀ ਕੀਤਾ ਹੈ? ਕੋਈ ਕੁਛ ਕਰੇ, ਕੁਛ ਨਾ ਕਰੇ, ਤੁਹਾਨੂੰ ਕੀ? ਆਪਣੀ ਇਹ ਹਾਲਤ ਮੈਥੋਂ ਵੀ ਬਰਦਾਸ਼ਤ ਨਾ ਹੋਈ। ਮੇਰਾ ਦਿਲ ਉਬਾਲਾ ਖਾ ਗਿਆ ਤੇ ਮੈਂ ਚਾਹ ਪੀ ਕੇ ਗੇਟੋਂ ਬਾਹਰ ਹੋ ਗਿਆ। ਬੱਸ ਅੱਡੇ ‘ਤੇ ਖੜ੍ਹੇ ਦੋਸਤ ਫੋਨ ‘ਤੇ ਫੋਨ ਕਰੀ ਜਾ ਰਹੇ ਸਨ। ਮੈਨੂੰ ਦੇਖ ਕੇ ਉਨ੍ਹਾਂ ਦੇ ਸਾਹ ‘ਚ ਸਾਹ ਆਇਆ। ਬੱਸ ਆਈ ਤਾਂ ਬੈਠਦੇ ਸਾਰ ਮੈਂ ਉਨ੍ਹਾਂ ਨੂੰ ਲੇਟ ਹੋਣ ਦਾ ਕਾਰਨ ਦੱਸਿਆ ਤੇ ਸਾਰੀ ਕਹਾਣੀ ਸੁਣਾਈ। ਸੁਣ ਕੇ ਉਹ ਵਿਸਮਾਦ ਵਿਚ ਚਲੇ ਗਏ ਤੇ ਸਾਡਾ ਘੰਟੇ ਦਾ ਸਫਰ ਸਹਿਵਨ ਹੀ ਮੁੱਕ ਗਿਆ।
ਸ਼ਾਦੀ ਵਾਲੇ ਘਰ ਦੇ ਸਾਹਮਣੇ ਹੀ ਕਣਕ ਦੇ ਵੱਢ ਵਿਚ ਪੰਡਾਲ ਸਜਿਆ ਹੋਇਆ ਸੀ। ਕਨਾਤਾਂ ਤੇ ਸ਼ਾਮਿਆਨੇ ਲੱਗੇ ਹੋਏ ਤੇ ਕਲੀਨ ਵਿਛੇ ਹੋਏ ਸਨ। ਪਾਣੀ ਦੀਆਂ ਠੰਢੀਆਂ ਫੁਹਾਰਾਂ ਛੱਡਦੇ ਪੱਖਿਆਂ ਦੀ ਘੂਕਰ ਵਿਚ ਸਾਰੇ ਪਾਸੇ ਗਹਿਮਾ ਗਹਿਮੀ ਤੇ ਖੂਬ ਰੌਣਕਾਂ ਸਨ। ਮੇਰਾ ਦੋਸਤ ਤੇ ਉਸ ਦੀ ਘਰ ਵਾਲੀ ਉੜ ਕੇ ਮਿਲੇ। ਬਹੁਤ ਸਾਰੇ ਪੁਰਾਣੇ ਦੋਸਤਾਂ ਨੂੰ ਮਿਲ ਕੇ ਰੂਹ ਨਸ਼ਿਆ ਗਈ ਤੇ ਅੱਤ ਦੀ ਗਰਮੀ ਵਿਚ ਮੁਹੱਬਤ ਦੀ ਠੰਢਕ ਮਹਿਸੂਸ ਹੋਈ। ਗਰਮੀ ਕਹੇ ਕਿ ਬੱਸ ਮੈਂ ਹੀ ਮੈਂ ਹਾਂ ਤੇ ਪੱਖੇ ਇਵੇਂ ਚੱਲਣ ਜਿਵੇਂ ਗਰਮੀ ਨੂੰ ਟੁੱਕ ਟੁੱਕ ਕੇ ਪਰੇ ਸੁੱਟ ਰਹੇ ਹੋਣ। ਗਰਮੀ ਤੇ ਪੱਖਿਆਂ ਵਿਚਾਲੇ ਘਮਸਾਨ ਦੀ ਜੰਗ ਪਹਿਲੀ ਵਾਰ ਦੇਖੀ।
ਖੈਰ, ਪੁਰਾਣੇ ਮਿੱਤਰਾਂ ਨਾਲ ਪੁਰਾਣੀਆਂ ਗੱਲਾਂ ਬਾਤਾਂ ਕਰਦਿਆਂ ਚਾਹ-ਪਾਣੀ ਦਾ ਲੁਤਫ ਲਿਆ; ਪਾਣੀ ਦੀਆਂ ਠੰਢੀਆਂ ਫੁਹਾਰਾਂ ਵਿਚ ਹਾਸੇ ਦੇ ਠਹਾਕੇ ਕਿਸੇ ਹੋਰ ਆਲਮ ਵਿਚ ਲੈ ਗਏ। ਮੇਰੇ ਨਾਲ ਦੇ ਦੋਸਤ ਮੇਰੇ ਪਿੰਡ ਦੀ ਦੋਸਤਾਨਾ ਨੁਹਾਰ ਦੇਖ ਕੇ ਹੈਰਾਨ ਹੋ ਰਹੇ ਸਨ ਤੇ ਖਿੜੇ ਖਿੜੇ ਲੱਗ ਰਹੇ ਸਨ। ਇੰਨੇ ਨੂੰ ਅਨੰਦ ਕਾਰਜਾਂ ਦਾ ਬਿਗਲ ਵੱਜ ਗਿਆ। ਵਾਹੋ ਦਾਹੀ ਸਾਰੇ ਹੀ ਨੇੜੇ ਪੈਂਦੇ ਗੁਰਦੁਆਰੇ ਵੱਲ ਨੂੰ ਹੋ ਤੁਰੇ ਤੇ ਮਗਰੇ ਮਗਰ ਅਸੀਂ।
ਗੁਰਦੁਆਰੇ ਬੜਾ ਰਸ ਭਿੰਨਾ ਕੀਰਤਨ ਹੋ ਰਿਹਾ ਸੀ: ‘ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ॥’ ਬੇਸ਼ੱਕ ਅੰਦਰ ਏ. ਸੀ. ਨਹੀਂ ਸੀ। ਪਰ ਗੁਰੂ ਘਰ ਅੰਦਰ ਕੀਰਤਨ ਦਾ ਏ. ਸੀ. ਚੱਲ ਰਿਹਾ ਸੀ, ਜਿਸ ਦੀ ਠੰਢਕ ਵਿਚ ਗਰਮੀ ਦਾ ਅਹਿਸਾਸ ਭੁੱਲ ਭੁਲਾ ਗਿਆ ਸੀ। ਇੰਨਾ ਅਨੰਦ ਬੱਝਾ ਕਿ ਮੈਂ ਰਾਗੀ ਸਿੰਘਾਂ ਨੂੰ ਮਾਇਆ ਭੇਟ ਕਰਨ ਲਈ ਦੋ ਵਾਰ ਉਠਿਆ।
ਮੇਰੇ ਦੋਸਤ ਨੇ ਲੜਕੇ ਦਾ ਲੜ ਬੇਟੀ ਨੂੰ ਫੜ੍ਹਾਇਆ। ਭਾਈ ਸਾਹਿਬ ਨੇ ਲਾਵਾਂ ਦੇ ਪਾਠ ਦੀਆਂ ਸੁਰਾਂ ਰਾਗੀ ਸਿੰਘਾਂ ਤੋਂ ਵੀ ਉਪਰ ਚੁੱਕ ਦਿੱਤੀਆਂ। ਅਜਿਹੇ ਤਰੀਕੇ ਅਤੇ ਸਲੀਕੇ ਵਿਚ ਲਾਵਾਂ ਦਾ ਪਾਠ ਪਹਿਲੀ ਵਾਰ ਸੁਣਿਆ। ਰਾਗੀ ਸਿੰਘ ਵੀ ਘੱਟ ਨਹੀਂ ਸਨ। ਉਨ੍ਹਾਂ ਨੇ ਵੀ ਆਪਣੇ ਪੂਰੇ ਵਜੂਦ ਦੀ ਸਮਰੱਥਾ ਨਾਲ ਲਾਵਾਂ ਦੇ ਕੀਰਤਨ ਵਿਚ ਰਾਗ ਦੇ ਨਾਲ ਨਾਲ ਕੁੱਲ ਕਾਇਨਾਤ ਦਾ ਵੈਰਾਗ ਪਰੋ ਦਿੱਤਾ। ਅਜਿਹਾ ਅਨੰਦ ਕਾਰਜ ਸ਼ਾਇਦ ਹੀ ਕਿਤੇ ਹੋਇਆ ਹੋਵੇ। ਸੰਗ ਕਾਰਨ ਮੈਂ ਤੀਜੀ ਵਾਰ ਰਾਗੀ ਸਿੰਘਾਂ ਨੂੰ ਮਾਇਆ ਭੇਟ ਕਰਨੋਂ ਸੰਕੋਚ ਕਰ ਗਿਆ।
ਲਾਵਾਂ ਸੰਪੰਨ ਹੋਈਆਂ ਤਾਂ ਮੇਰਾ ਦੋਸਤ ਮੇਰੇ ਕੋਲ ਆਇਆ ਤੇ ਕੰਨ ‘ਚ ਕਹਿਣ ਲੱਗਾ ਕਿ ਮੈਂ ਸੁਭਾਗ ਜੋੜੀ ਨੂੰ ਅਸ਼ੀਰਵਾਦ ਦੇਵਾਂ। ਮੈਂ ਅਸ਼ੀਰਵਾਦ ਦੇ ਸ਼ਬਦ ਜੁਟਾਉਣ ਲਈ ਜਾਣਕਾਰੀ ਵਾਸਤੇ ਸਵਾਲ ਕੀਤਾ, “ਲੜਕਾ ਕੀ ਕਰਦਾ ਹੈ?” ਉਸ ਨੇ ਬੜੇ ਠਾਠ ਨਾਲ ਦੱਸਿਆ, “ਇਸ ਦਾ ਕੈਨੇਡਾ ਦਾ ਕੰਮ ਬਣਦਾ ਹੈ ਤੇ ਇਸ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ।”
ਮੈਨੂੰ ਸਵੇਰ ਵਾਲਾ ਸਵਾਲ ਚੇਤੇ ਆ ਗਿਆ ਕਿ ਇੰਜੀਨੀਅਰਿੰਗ ਕਰਕੇ ਕੈਨੇਡਾ ਜਾਣਾ ਲਾਜ਼ਮੀ ਹੈ? ਪਰ ਮੈਂ ਇਹ ਸਵਾਲ ਆਪਣੇ ਅੰਦਰ ਹੀ ਪੀ ਗਿਆ ਤੇ ਦੂਜਾ ਸਵਾਲ ਕਰ ਬੈਠਾ, “ਬੇਟੀ ਨੇ ਕੀ ਕੀਤਾ ਹੈ?” ਉਸ ਨੇ ਰਤਾ ਔਖ ਮਹਿਸੂਸ ਕਰਦਿਆਂ ਹਾਲੇ ਸਿਰਫ ‘ਪਲੱਸ’ ਹੀ ਕਿਹਾ ਸੀ ਕਿ ਮੈਨੂੰ ਸਵੇਰ ਵਾਲੇ ਦੋਸਤ ਦਾ ‘ਪਲੱਸ ਵੰਨ ਪਾਸ’ ਵਾਲਾ ਜਵਾਬ ਚੇਤੇ ਆ ਗਿਆ। ਤੇ ਨਾਲ ਹੀ ਸਵੇਰੇ ਸਵੇਰੇ ਘਰ ਵਾਲੀ ਵਲੋਂ ਲਾਈ ਗਈ ਕਲਾਸ ਚੇਤੇ ਆ ਗਈ। ਮੈਂ ਕੋਈ ਉਜ਼ਰ ਨਾ ਕੀਤਾ ਤੇ ਚੁੱਪ ਚਾਪ ਲਾਵਾਂ ਦੀ ਮਹਿਮਾ ਅਤੇ ਮਹੱਤਵ ‘ਤੇ ਮਾੜਾ-ਮੋਟਾ ਚਾਨਣ ਪਾਇਆ, ਅਸ਼ੀਰਵਾਦ ਦਿੱਤਾ ਤੇ ਈਤਮਿਨਾਨ ਨਾਲ ਸੰਗਤ ਵਿਚ ਬੈਠ ਗਿਆ। ਮੈਂ ਸੋਚਿਆ, ‘ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ?Ḕ
ਗੁਰਦੁਆਰੇ ‘ਚੋਂ ਸਾਰੇ ਬਾਹਰ ਆ ਗਏ। ਸਿਖਰ ਦੁਪਹਿਰੇ ਮੋਰਨੀ ਵਾਜੇ ਵਾਲਿਆਂ ਨੇ ਖੂਬ ਧਮੱਚੜ ਚੱਕਿਆ। ਗਰਮੀ ਅਤੇ ਵਾਜੇ ਵਾਲਿਆਂ ਨੇ ਰਲ ਕੇ ਇੱਕ ਦੂਜੇ ਦੇ ਵੱਟ ਕੱਢ ਦਿੱਤੇ ਤੇ ਅਸੀਂ ਮੁੜ ਉਸੇ ਪੰਡਾਲ ‘ਚ ਪੁੱਜ ਗਏ।
ਰੋਟੀ ਖਾਧੀ, ਪਾਣੀ ਪੀਤਾ ਤੇ ਆਈਸਕ੍ਰੀਮ ਲਈ। ਦੋਸਤਾਂ ਤੋਂ ਛੁੱਟੀ ਲਈ ਤੇ ਵਾਪਸੀ ਦਾ ਰਾਹ ਫੜ੍ਹਿਆ। ਮੇਰੇ ਨਾਲ ਦੇ ਦੋਸਤ ਇੰਜੀਨੀਅਰਿੰਗ, ਕੈਨੇਡਾ ਅਤੇ ਪਲੱਸ ਟੂ ਦੀ ਗੱਲ ਕਰਕੇ ਸਾਰੀ ਵਾਟ ਮੈਨੂੰ ਛੇੜਦੇ ਰਹੇ।
ਘਰੇ ਆਇਆ ਤਾਂ ਸੁੱਖ ਦਾ ਸਾਹ ਲਿਆ ਹੀ ਸੀ ਕਿ ਅਮਰੀਕਾ ਤੋਂ ਮੇਰੇ ਵੱਡੇ ਭਾਈ ਦਾ ਫੋਨ ਆ ਗਿਆ। ਅਖੇ ‘ਬਹੁਤ ਸਿਰੇ ਦੀ ਬੁਰੀ ਗੱਲ ਹੈ।’ ਮੈਂ ਸੋਚਣ ਲੱਗਾ, ਅਜਿਹੀ ਕਿਹੜੀ ਗੱਲ ਹੋਈ ਜੋ ਸਿਰੇ ਦੀ ਵੀ ਹੈ ਤੇ ਬੁਰੀ ਵੀ? ਪੁੱਛਣ ‘ਤੇ ਪਤਾ ਲੱਗਾ ਕਿ ਉਸ ਦੇ ਕਿਸੇ ਦੋਸਤ ਨੇ ਕੈਨੇਡਾ ‘ਚ ਗਏ ਪੰਜਾਬੀ ਮੁੰਡਿਆਂ ਦੀਆਂ ਕਾਰਾਂ ਦੀਆਂ ਨੰਬਰ ਪਲੇਟਾਂ ਦਾ ਨੋਟਿਸ ਲਿਆ ਹੈ।
ਉਸ ਨੇ ਦੱਸਿਆ ਕਿ ਕੈਨੇਡਾ ਵਿਚ ਕਾਰ ਲਈ ਮਨ ਭਾਉਂਦਾ ਨੰਬਰ ਲੈਣਾ ਹੋਵੇ ਤਾਂ ਦੁੱਗਣੇ ਪੈਸੇ ਲੱਗਦੇ ਹਨ। ਇਧਰੋਂ ਉਧਰੋਂ ਤੇਰਾਂ-ਤੇਰਾਂ ਲੱਖ ਰੁਪਏ ਫੜ੍ਹ ਕੇ ਕੈਨੇਡਾ ਗਏ ਸਾਡੇ ਕਾਕੇ ਹੁੱਲਰੀਆਂ ਉੜਾਉਂਦੇ ਹਨ, ਮਨ ਭਾਉਂਦੇ ਉਪੱਦਰ ਕਰਦੇ ਹਨ, ਆਪਣਾ, ਆਪਣੇ ਮਾਪਿਆਂ ਦਾ ਅਤੇ ਆਪਣੇ ਸੱਭਿਆਚਾਰ ਦਾ ਮੂੰਹ ਕਾਲਾ ਕਰਵਾਉਂਦੇ ਹਨ। ਉਸ ਨੇ ਇਨ੍ਹਾਂ Ḕਜਾਹਲ ਕਾਕਿਆਂḔ ਦੇ ਨੰਬਰ ਪਲੇਟਾਂ ਦੇ ਕੁਝ ਨਮੂਨੇ ਭੇਜੇ, ਜਿਨ੍ਹਾਂ ਨੂੰ ਦੇਖ ਕੇ ਸਿਰਫ ਰੌਂਗਟੇ ਹੀ ਨਹੀਂ ਖੜ੍ਹੇ ਹੋਏ, ਬਲਕਿ ਦਿਲ ਫੇਲ੍ਹ ਹੋਣ ਨੂੰ ਕਰਦਾ ਹੈ।
ਭਾਈ ਸਾਹਿਬ ਨੇ ਇਨ੍ਹਾਂ ਕਾਕਿਆਂ ਨੂੰ ‘ਬਿੱਜੂ ਬਾਂਦਰ’ ਲਿਖ ਕੇ ਅੱਗੇ ਇਨ੍ਹਾਂ ਦੀਆਂ ਨੰਬਰ ਪਲੇਟਾਂ ਦੇ ਨਮੂਨੇ ਪੇਸ਼ ਕੀਤੇ, ਜਿਨ੍ਹਾਂ ਨੂੰ ਦੇਖ ਕੇ ਕਚਿਆਣ ਆਉਂਦੀ ਹੈ ਤੇ ਆਪਣੇ ਪੰਜਾਬੀ ਹੋਣ ‘ਤੇ ਗਿਲਾਨੀ ਹੁੰਦੀ ਹੈ। ਨੰਬਰ ਪਲੇਟਾਂ ਕਾਹਦੀਆਂ, ਨਿਰੀਆਂ ਲਾਹਨਤਾਂ ਦੀਆਂ ਪੰਡਾਂ ਹਨ। ਦੇਖੋ: Aੰ.A, ਭAਂਧੌਖ੍ਹ, ਧAਖੂ, ੜਓ..ੈ ਝAਠਠ, ਖAਭਓ ਝAਠਠ, ਭAਧੰAੰ, ਖ੍ਹA੍ਰਖੂ, ੜA੍ਰਧAਠ, 22 ਧAਖੂ, 13 ਝੀਝA, ਫਖ ਠੂਂਂ, ਫਖ 3 ਫਓਘ।
ਇਨ੍ਹਾਂ ਦਾ ਗੁਰਮੁਖੀ ‘ਚ ਵੀ ਮੁਲਾਹਜ਼ਾ ਫਰਮਾਉ: ਅਸਲਾ, ਬੰਦੂਕ, ਡਾਕੂ, ਵੈਲੀ ਜੱਟ, ਕੱਬੇ ਜੱਟ, ਬਦਮਾਸ਼, ਖਾੜਕੂ, ਵਾਰਦਾਤ, ਬਾਈ ਡਾਕੂ, ਤੇਰਾ ਜੀਜਾ, ਪੀ ਕੇ ਟੁੰਨ, ਪੀ ਕੇ ਤਿੰਨ ਪੈਗ। ਇੱਥੇ ਤੱਕ ਉਜੱਡਪੁਣੇ ਦੀ ਹੱਦ ਦੇਖ ਕੇ, ਸਿਰਫ ਰੌਂਗਟੇ ਖੜ੍ਹੇ ਹੁੰਦੇ ਹਨ। ਪਰ ਇਸ ਤੋਂ ਅੱਗੇ ਦਿਲ ਫੇਲ੍ਹ ਹੋਣ ਵਾਲੀ ਗੱਲ ਹੈ। ਉਹ ਕਿਸੇ ‘ਬਿੱਜੂ ਬਾਂਦਰ’ ਅਤੇ ਉਜੱਡਪੁਣੇ ਤੋਂ ਵੀ ਅਗਲੀ, ਅਪਾਹਜ ਅਤੇ ਨਿਪੁੰਸਕਤਾ ਜਿਹੀ ਦੁਰਅਵੱਸਥਾ ਦੀ ਸੂਚਕ ਹੈ, ਜਿਸ ਦਾ ਪੰਜਾਬੀ ਅਨੁਵਾਦ ਕਰਨਾ ਗੁਰਮੁਖੀ ਦਾ ਨਿਰਾਦਰ, ਪੰਜਾਬੀ ਦੀ ਹੱਤਕ ਅਤੇ ਹੱਤਿਆ ਹੋਵੇਗੀ; ਜਿਸ ਦਾ ਪਸ਼ਚਾਤਾਪ ਸ਼ਾਇਦ ਕਿਸੇ ਜਨਮ ਵਿਚ ਵੀ ਸੰਭਵ ਨਾ ਹੋਵੇ। ਉਹ ਹੈ, ’14 ਠਓ੍ਰੀ’
ਇਸ ਨੰਬਰ ਪਲੇਟ ਵਾਲੀ ਕਾਰ ਦੀ ਫੋਟੋ, ਇਸ ਫਰਜ਼ੰਦ ਨੇ ਆਪਣੇ ਘਰ ਜਰੂਰ ਭੇਜੀ ਹੋਵੇਗੀ ਤੇ ਉਸ ਦੀ ਮਾਂ, ਭੂਆ, ਭੈਣ ਜਾਂ ਚਾਚੀ ਤਾਈ ਨੇ ਵੀ ਦੇਖੀ ਹੋਵੇਗੀ। ਉਨ੍ਹਾਂ ਦੇ ਦਿਲ ਵਿਚ ‘ਕੁਛ ਕੁਛ’ ਹੋਇਆ ਹੋਵੇਗਾ ਕਿ ਨਹੀਂ, ਕੁਛ ਨਹੀਂ ਪਤਾ। ਪਰ ਉਹ ਆਪਣੇ ਕਾਕੇ ਦਾ ਕਾਰਨਾਮਾ ਕਿਸੇ ਨਾਲ ਸਾਂਝਾ ਕਰਨ ਜੋਗੀਆਂ ਵੀ ਨਹੀਂ ਰਹੀਆਂ ਹੋਣਗੀਆਂ; ਉਹ ਬੇਸ਼ੱਕ ਮਰੀਆਂ ਨਹੀਂ ਹੋਣਗੀਆਂ, ਪਰ ਉਹ ਜ਼ਰੂਰ ਮਰ ਮਰ ਜਾਂਦੀਆਂ ਹੋਣਗੀਆਂ। ਮੇਰੀ ਜਾਚੇ, ਇਹ ਉਹੀ ਦੇਸੀ ਇੰਜੀਨੀਅਰ ਹੋਣਗੇ, ਜਿਨ੍ਹਾਂ ਦੇ ਮਾਪਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ḔਲਾਇਕḔ ਫਰਜ਼ੰਦ ਹੁਣ ਸਿਰਫ ਤੇ ਸਿਰਫ ਕੈਨੇਡਾ ‘ਚ ਹੀ ਰਹਿ ਸਕਦੇ ਹਨ; ਉਨ੍ਹਾਂ ਲਈ ਇੰਡੀਆ ਤਾਂ ਪੱਛੜਿਆ ਹੋਇਆ ਮੁਲਕ ਹੈ, ਜੋ ਉਨ੍ਹਾਂ ਦੇ ਹਾਣ ਦਾ ਨਹੀਂ ਰਿਹਾ।
ਤੁਹਾਨੂੰ ਇਹ ਸਭ ਕੁਝ ਪੜ੍ਹ ਕੇ ਇਨ੍ਹਾਂ ਕਾਕਿਆਂ ਤੇ ਉਨ੍ਹਾਂ ਦੇ ਮਾਪਿਆਂ ‘ਤੇ ਜ਼ਰੂਰ ਗੁੱਸਾ ਆਉਂਂਦਾ ਹੋਵੇਗਾ। ਪਰ, ਮੈਨੂੰ ਗੁੱਸਾ ਨਹੀਂ, ਤਰਸ ਆਇਆ ਹੈ। ਸਮਾਜ ਦੇ ਸੂਝਵਾਨ ਲੋਕਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਕਿਆਂ ਨੂੰ ਕੈਨੇਡਾ ਤੋਂ ਮੰਗਵਾ ਕੇ ਇਨ੍ਹਾਂ ਦੇ ਮਾਪਿਆਂ ਸਮੇਤ ਪੀ. ਜੀ. ਆਈ. ਦੇ ਮਨੋਰੋਗੀਆਂ ਵਾਲੇ ਵਿਭਾਗ ਵਿਚ ਦਾਖਲ ਕਰਵਾਇਆ ਜਾਵੇ। ਇਸ ਤੋਂ ਉਰੇ ਜਾਂ ਪਰੇ ਕੋਈ ਹੋਰ ਹੱਲ ਨਹੀਂ ਹੈ।
ਨਹੀਂ ਤਾਂ ਅਜਿਹੇ ਕਾਕੇ Ḕਜਦ ਵੀ ਕਦੀ ਆਪਣੇ ਦੇਸ ਪਰਤਣਗੇḔ ਉਹ ਆਪਣੀ ਮਾਂ ਦੇ ਸਿਵੇ ਦੀ ਅਗਨ ਨਹੀਂ ਸੇਕਣਗੇ ਤੇ ਨਾ ਹੀ ਕਬਰਾਂ ਦੇ ਰੁੱਖ ਹੇਠ ਬਹਿਣਗੇ। ਜੇ ਨਾ ਸੰਭਲੇ ਜਾਂ ਸੰਭਾਲੇ ਤਾਂ ਉਹ ਕਿਤੇ ਨਾ ਕਿਤੇ ਜੇਲ੍ਹਾਂ ਵਿਚ ਸੜਨਗੇ; ਦੇਸ਼ ਵਿਚ ਹੋਣ ਜਾਂ ਪਰਦੇਸ ਵਿਚ।
ਸਾਡੀ ਇੰਜੀਨੀਅਰਿੰਗ ਦਾ ਤਲਿਸਮ ਕਿਤੇ ਜੇਲ੍ਹ ‘ਚ ਨਾ ਟੁੱਟੇ, ਆਓ, ਉਰੇ ਉਰੇ ਸੰਭਲ ਜਾਈਏ।