ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਮਿਲਦਾ ਹੈ।
‘ਪੰਜਾਬ ਟਾਈਮਜ਼’ ਦੇ ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਿਆ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਪਤਾ ਲਗਦਾ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਤੇ ਵਾਕ ਬਣਤਰ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰੇ ਹੋ ਸਕਣ। -ਸੰਪਾਦਕ
18 ਅਗਸਤ ਨੂੰ ਲਾਹੌਰ ਵਿਚ ਬੜੇ ਪ੍ਰੇਮ ਤੇ ਜੋਸ਼ ਨਾਲ ਹਿੰਦੂ, ਮੁਸਲਮਾਨ ਤੇ ਸਿੱਖ ਭਰਾਵਾਂ ਨੇ ਰਲ ਕੇ ਕੈਨੇਡਾ ਦੇ ਹਿੰਦੁਸਤਾਨੀਆਂ ਦੇ ਦੁੱਖਾਂ ਨੂੰ ਆਪਣੇ ਜਿਗਰੀ ਦੁੱਖਾਂ ਵਜੋਂ ਪ੍ਰਗਟ ਕਰਨ ਲਈ ਬਰੈਡਲਾ ਹਾਲ ਲਾਹੌਰ ਵਿਚ ਇਕ ਬੜਾ ਭਾਰਾ ਜਲਸਾ ਕੀਤਾ। ਭਾਈ ਬਲਵੰਤ ਸਿੰਘ ਤੇ ਨੰਦ ਸਿੰਘ ਜੀ ਨੇ ਭਰਾਵਾਂ ਨੂੰ ਇਥੇ ਦੇ ਕਸ਼ਟ ਸੁਣਾਏ। ਸਰਦਾਰ ਬਘੇਲ ਸਿੰਘ ਜੀ ਰਾਈਸ ਕੱਲਾ ਜਲਸੇ ਦੇ ਪ੍ਰਧਾਨ ਸਨ। ਆਪ ਨੇ ਤੇ ਹੋਰ ਕਈ ਪਿਆਰਿਆਂ ਨੇ ਦਰਦ ਭਰੇ ਵਿਖਿਆਨ ਦਿੱਤੇ, ਜਿਨ੍ਹਾਂ ਵਿਚ ਮੌਲਵੀ ਜਫਰ ਅਲੀ ਖਾਂ ਜੀ ਨੇ ਕਿਹਾ ਕਿ ਭਰਾਵੋ, ਮੈਂ ਕੁਲ ਦੁਨੀਆਂ ਫਿਰ ਕੇ ਇਹ ਤੱਤ ਕੱਢ ਕੇ ਲਿਆਇਆ ਹਾਂ ਕਿ ਹਿੰਦੂ, ਮੁਸਲਮਾਨ ਤੇ ਸਿੱਖ ਸਭ ਇਕ ਜਾਨ ਹੋ ਜਾਓ। ਕੈਨੇਡਾ ਵਾਸੀ ਹਿੰਦੀਆਂ ਦੇ ਅਸਹਿ ਦੁੱਖਾਂ ਦੀ ਇਕ ਅਰਜ਼ੀ ਕੁਲ ਪੰਜਾਬੀਆਂ ਵੱਲੋਂ ਸਰਕਾਰ ਹਿੰਦ ਦੀ ਸੇਵਾ ਵਿਚ ਪੇਸ਼ ਕਰਨ ਦਾ ਮਤਾ ਪਕਾਇਆ ਗਿਆ ਜਿਸ ਲਈ ਕੁਲ ਸੂਬੇ ਦੇ ਪ੍ਰਸਿਧ ਆਗੂ ਚੁਣੇ ਗਏ। ਇਸੇ ਤਰ੍ਹਾਂ ਦੇ 23 ਅਗਸਤ ਨੂੰ ਅੰਬਾਲੇ ਵਿਚ, 27 (ਨੂੰ) ਲੁਧਿਆਣੇ ਵਿਚ, 28 ਨੂੰ ਜਲੰਧਰ, 31 ਨੂੰ ਫਿਰੋਜ਼ਪੁਰ ਵਿਚ ਜਲਸੇ ਹੋਏ। ਹੋਰ ਵੀ ਸ਼ਹਿਰਾਂ ਵਿਚ ਜਲਸੇ ਹੋ ਕੇ ਵਾਇਸਰਾਏ ਹਿੰਦ ਦੀ ਸੇਵਾ ਵਿਚ ਅਰਜ਼ੀ ਪੇਸ਼ ਕੀਤੀ ਜਾਵੇਗੀ।
ਲਾਹੌਰ ਵਿਚ ਕਮੇਟੀ
ਭਾਈ ਬਲਵੰਤ ਸਿੰਘ ਹੋਰਾਂ ਦੀ ਸਾਨੂੰ ਲਾਹੌਰ ਤੋਂ ਆਈ ਚਿੱਠੀ ਤੋਂ ਇਹ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਉਥੇ ਕੈਨੇਡਾ ਵਿਚ ਸਾਡੇ ਉਤੇ ਹੋ ਰਹੀਆਂ ਸਖਤੀਆਂ ਦੀ ਬਾਬਤ ਸਾਡੀ ਮਦਦ ਕਰਨ ਵਾਲੀ ਕਮੇਟੀ ਕਾਇਮ ਹੋ ਗਈ ਹੈ ਜਿਸ ਦੇ ਸਕੱਤਰ ਪੰਡਤ ਰਾਜ ਭਜਦਤ ਚੌਧਰੀ ਬੀæਏæ ਬੈਰਿਸਟਰ, ਭਾਈ ਮਿਹਰ ਸਿੰਘ ਜੀ ਚਾਵਲਾ ਤੇ ਮੀਆਂ ਜਲਾਲਉਦੀਨ ਬੈਰਿਸਟਰ ਨੀਯਤ ਹੋਏ ਹਨ। ਲਾਹੌਰ ਵਿਚ ਪਹਿਲਾ ਇਕੱਠ 14 ਸਤੰਬਰ ਨੂੰ ਹੋਣ ਵਾਲਾ ਸੀ। ਇਸ ਤੋਂ ਪਿਛੋਂ ਹੋਰ ਕਈ ਜੋੜ ਮੇਲ ਪੰਜਾਬ ਦੇ ਕਈ ਸ਼ਹਿਰਾਂ ਵਿਚ ਹੋਣਗੇ ਤੇ ਉਨ੍ਹਾਂ ਵਿਚ ਹਰ ਜਗ੍ਹਾ ਦੇ ਉਘੇ ਉਘੇ ਸੱਜਣਾਂ ਦੇ ਦਸਤਖਤ ਕਰ ਕੇ ਇਕ ਅਰਜ਼ੀ ਵਿਚ ਇਥੇ ਸਾਡੇ ਪੁਰ ਹੋ ਰਹੀਆਂ ਸਭ ਬੇਇਨਸਾਫੀਆਂ ਨੂੰ ਹਿੰਦੁਸਤਾਨ ਦੀ ਸਰਕਾਰ ਦੇ ਪੇਸ਼ ਕੀਤਾ ਜਾਵੇਗਾ। ਇਹ ਵਕਤ ਸਾਡੀ ਕੈਨੇਡਾ ਨਿਵਾਸੀਆਂ ਦੀ ਪ੍ਰੀਖਿਆ ਹੈ। ਅਸੀਂ ਭਾਵੇਂ ਥੋੜ੍ਹੀ ਗਿਣਤੀ ਵਿਚ ਹਾਂ, ਪਰ ਸਾਡੇ ਮਗਰ ਸਾਡੀ ਤੀਹ ਕਰੋੜ ਕੌਮ ਹੈ। ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਕੈਨੇਡਾ ਵਰਗੀ ਥੋੜ੍ਹੇ ਜਿਹੇ ਹੀ ਨਿਤ ਵਧ ਰਹੀਆਂ ਬੇਇਨਸਾਫੀਆਂ ਤੇ ਸਖਤੀਆਂ ਵੱਲ ਨੂੰ ਇਕ ਜਾਨ ਹੋ ਕੇ ਪਈਏ। ਸਾਰੇ ਹੀ ਇਕ ਦੇਸ਼ ਇਕ ਕੌਮ ਇਕ ਲਹੂ ਹੋਣ ਦਾ ਦੁਨੀਆਂ ਨੂੰ ਪੱਕਾ ਸਬੂਤ ਦੇ ਦੇਈਏ। ਜਦ ਅਸੀਂ ਬੋਲੀਏ ਤਾਂ ਸਾਡੀ ਇਕ ਆਵਾਜ਼ ਹੋਵੇ, ਜਦ ਅਸੀਂ ਤੁਰੀਏ ਤਾਂ ਸਾਡਾ ਇਕ ਰਸਤਾ ਹੋਵੇ, ਦੁਨੀਆਂ ਸਾਡੇ ਇਤਫਾਕ ਨੂੰ ਦੇਖ ਕੇ ਦੰਗ ਰਹਿ ਜਾਵੇ। ਕੇਵਲ ਇਕ ਇਸ ਸ਼ਕਤੀ ਨਾਲ ਹੀ ਅਸੀਂ ਇਥੇ ਦੇ ਹਜ਼ਾਰਾਂ ਭਰਾ ਕਰੋੜਾਂ ਦੀ ਤਾਕਤ ਬਣ ਸਕਦੇ ਹਾਂ।
ਹੁਣ ਜ਼ਰੂਰੀ ਹੈ ਕਿ ਜਿਥੇ ਇਕ ਪਾਸੇ ਇੰਡੀਆ ਵਿਚ ਸਾਡੇ ਪੁਰ ਹੋ ਰਹੀਆਂ ਬੇਇਨਸਾਫੀਆਂ ਦੀ ਪੁਕਾਰ ਇਥੋਂ ਗਏ ਹੋਏ ਭਰਾ ਕਰਨਗੇ, ਅਸੀਂ ਇਥੇ ਉਨ੍ਹਾਂ ਤੋਂ ਦਸ ਗੁਣਾਂ ਜ਼ੋਰ ਲਾਈਏ। ਹੁਣ ਸੁਸਤੀ ਤੇ ਈਰਖਾ ਦਾ ਸਮਾਂ ਨਹੀਂ ਹੈ। ਇਕ ਖਾਸ ਸਮਾਂ ਹੈ। ਜੋ ਕਿਰਸਾਨ ਵੇਲੇ ਸਿਰ ਫਸਲ ਨੂੰ ਪਾਣੀ ਨਹੀਂ ਦਿੰਦੇ, ਉਨ੍ਹਾਂ ਦੇ ਬੋਹਲ ਵੀ ਨਹੀਂ ਹੁੰਦੇ। ਸਾਡੀ ਹੁਣ ਫਸਲ ਦਾ ਸਮਾਂ ਹੈ। ਅੱਜ ਦੇ ਕੀਤੇ ਹੋਏ ਉਕਤ ਦਾ ਫਲ ਆਪ ਕਈ ਸਾਲਾਂ ਤਾਂਈਂ ਖਾਵੋਗੇ। ਪਿਆਰੇ ਭਰਾਵੋ! ਇਕ ਜਾਨ ਹੋ ਕੇ ਕੈਨੇਡਾ ਵਿਚ ਆਪਣੀ ਤਾਕਤ ਨੂੰ ਕੌਮਾਂ ਵਾਲੀ ਤਾਕਤ ਬਣਾ ਕੇ ਦੱਸ ਦਿਓ।
ਬੇਇਨਸਾਫੀ ਘਟ ਨਹੀਂ ਰਹੀ ਸਗੋਂ ਵਧ ਰਹੀ ਹੈ। ਪਰ ਸਾਡੇ ਪਰ ਹੋ ਰਹੇ ਜ਼ੁਲਮ ਦੇ ਤਪ ਨੂੰ ਮੋੜ ਨਹੀਂ ਪੈ ਰਿਹਾ ਸਗੋਂ ਪੈਰ ਪਰ ਮੁਹਰਕਾ ਬਣ ਕੇ ਸਾਡੀ ਜਾਨ ਨੂੰ ਖਾਣ ਦੇ ਫਿਕਰ ਵਿਚ ਹੈ। ਇਸ ਲਈ ਅੱਜ ਦਵਾਈ ਦਾਰੂ ਦਾ ਸਮਾਂ ਹੈ, ਪਰ ਸਿਟਿਆਂ ਤੋਂ ਸ਼ਾਇਦ ਕੀ ਵਿਗਾੜ ਹੋ ਜਾਵੇ। ਪਿਆਰੇ ਭਰਾਵੋ! ‘ਸੰਸਾਰ’ ਇਸ ਵਕਤ ਆਪ ਦੀ ਸੇਵਾ ਵਿਚ ਬੜੇ ਜ਼ੋਰ ਨਾਲ ਬੇਨਤੀ ਕਰਦਾ ਹੈ ਕਿ ਹੁਣ ਜਿਉਂ ਜਿਉਂ ਇੰਡੀਆ ਵਿਚ ਸਾਡੇ ਦੁੱਖਾਂ ਦੇ ਦਰਦੀ ਬੋਲਣ, ਤਿਉਂ ਤਿਉਂ ਤੁਸੀਂ ਇਥੇ ਆਪਣੇ ਪਰ ਵਧ ਰਹੀਆਂ ਪੀੜਾਂ ਦੀਆਂ ਦਸ ਗੁਣਾ ਚੰਗਰਲੀਆਂ ਮਾਰੋ।
ਗੁਰਦੁਆਰਾ ਕਲਕੱਤਾ ਤੇ ਜਹਾਜ਼ੀ ਕੰਪਨੀਆਂ
ਸਾਡੇ ਪਾਸ ਦੇਸ਼ ਤੋਂ ਆ ਰਹੇ ਭਰਾਵਾਂ ਵੱਲੋਂ ਕਲਕੱਤੇ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਹਨ, ਜਿਨ੍ਹਾਂ ਦਾ ਹੋਣਾ ਸੱਚਮੁੱਚ ਸਾਡੀ ਕੌਮ ਲਈ ਬਹੁਤ ਨਮੋਸ਼ੀ ਦਾ ਕਾਰਨ ਹੈ। ਦੋ ਬਹੁਤ ਹੀ ਅਸ਼ਰਾੜ ਤੇ ਕੈਨੇਡਾ ਦੇ ਭਰਾਵਾਂ ਦੇ ਉਘੇ ਦੁੱਖ ਭਰੇ ਲਫਜ਼ਾਂ ਵਿਚ ਆਪਣਾ ਹਾਲ ਜਿਸ ਤਰ੍ਹਾਂ ਕਿ ਉਨ੍ਹਾਂ ਦੀ ਗੁਰਦੁਆਰੇ ਵਿਚ ਹੱਤਕ ਕੀਤੀ ਗਈ, ਇਉਂ ਦੱਸਦੇ ਹਨ ਕਿ ਇਸ ਕਲਕੱਤੇ ਦੇ ਧਾਰਮਿਕ ਅਸਥਾਨ ਵਿਚ ਜਹਾਜ਼ਾਂ ਦੇ ਟਿਕਟ ਵੇਚਣ ਦਾ ਵਪਾਰ ਚੱਲਦਾ ਹੈ। ਗ੍ਰੰਥੀ ਤੇ ਗੁਰਦੁਆਰੇ ਦੇ ਪ੍ਰਬੰਧਕ ਉਨ੍ਹਾਂ ਆਦਮੀਆਂ ਨੂੰ ਗੁਰਦੁਆਰੇ ਵਿਚ ਰਹਿਣ ਦਿੰਦੇ ਹਨ ਜੋ ਉਨ੍ਹਾਂ ਦੀ ਰਾਹੀਂ ਅੰਗਰੇਜ਼ੀ ਜਹਾਜ਼ੀ ਕੰਪਨੀਆਂ ਤੋਂ ਟਿਕਟ ਲੈਣ ਕਿਉਂਕਿ 30 ਰੁਪਏ ਮਹੀਨਾ ਇਕ ਜਹਾਜ਼ਾਂ ਦੀ ਕੰਪਨੀ ਵੱਲੋਂ ਕਮਿਸ਼ਨ ਦੇ ਗੁਰਦੁਆਰੇ ਨੂੰ ਮਿਲਦੇ ਹਨ ਤੇ ਗੁਰਦੁਆਰੇ ਵਿਚ ਕਈ ਸਿੱਖ ਦਲਾਲ ਰਹਿੰਦੇ ਹਨ ਜੋ ਹਾਵੜੇ ਸਟੇਸ਼ਨ ਪਰ ਉਤਰਦੇ ਹੀ ਭੋਲੇ ਭਾਲਿਆਂ ਨੂੰ ਗੁਰਦੁਆਰੇ ਲੈ ਤੁਰਦੇ ਹਨ ਤੇ ਉਥੇ ਜਾ ਕੇ ਪੁੱਛਦੇ ਹਨ ਕਿ ਤੁਸੀਂ ਟਿਕਟ ਕਿਥੋਂ ਲੈਣਾ ਹੈ। ਚਲੋ ਅਸੀਂ ਲੈ ਦੇਈਏ। ਅੱਵਲ ਤਾਂ ਉਨ੍ਹਾਂ ਵਿਚੋਂ ਕੋਈ ਭੀ ਸਿੱਖ ਦੇਖ ਕੇ ਨਾਂਹ ਨਹੀਂ ਕਰਦਾ, ਪਰ ਜੇ ਕੋਈ ਕਹੇ ਕਿ ਮੈਂ ਜਾਪਾਨੀ ਕੰਪਨੀ ਦੇ ਜਹਾਜ਼ ਵਿਚ ਜਾਣਾ ਹੈ ਤਾਂ ਉਸ ਨੂੰ ਗੁਰਦੁਆਰੇ ਵਿਚੋਂ ਕੱਢ ਦਿੱਤਾ ਜਾਂਦਾ ਹੈ।
ਇਹ ਸਾਡੇ ਦੋ ਭਰਾ ਦੱਸਦੇ ਹਨ ਕਿ ਅਸੀਂ ਜਾਪਾਨੀ ਕੰਪਨੀ ਦੇ ਜਹਾਜ਼ ਵਿਚ ਆਉਣਾ ਸੀ। ਪਹਿਲਾਂ ਤਾਂ ਅਸੀਂ ਉਨ੍ਹਾਂ ਦਲਾਲਾਂ ਦੇ ਨਾਲ ਗੁਰਦੁਆਰੇ ਜਾ ਰਹੇ, ਪਰ ਜਦ ਪਤਾ ਲੱਗਾ ਕਿ ਇਨ੍ਹਾਂ ਨੇ ਸਾਡੇ ਕਮਿਸ਼ਨ ਵਾਲੀ ਟਿਕਟ ਨਹੀਂ ਲੈਣਾ ਤਾਂ ਸਾਡੇ ਨਾਲ ਝਟ ਤੋਤੇ-ਚਸ਼ਮ ਹੋ ਗਏ ਤੇ ਸਾਨੂੰ ਗੁਰਦੁਆਰੇ ਤੋਂ ਕੱਢ ਦਿੱਤਾ ਗਿਆ। ਸਾਡਾ ਦਿਲ ਉਸ ਵਕਤ ਤੋਂ ਹੀ ਸੜ ਰਿਹਾ ਹੈ ਕਿ ਸਾਡੇ ਗੁਰਦੁਆਰੇ ਵਿਚ ਜਿਸ ਦੀਆਂ ਬੜੀਆਂ ਜ਼ਰੂਰੀ ਅਪੀਲਾਂ ਅਖਬਾਰਾਂ ਵਿਚ ਛਪ ਰਹੀਆਂ ਹਨ, ਇਹ ਕੁਝ ਹੋ ਰਿਹਾ ਹੈ। ਜਾਪਾਨੀ ਤੇ ਅੰਗਰੇਜ਼ੀ ਜਹਾਜ਼ੀ ਕੰਪਨੀਆਂ ਦੇ ਵਪਾਰ ਦਾ ਟਾਕਰਾ ਹੈ। ਉਹ ਇਕ ਦੂਜੇ ਨੂੰ ਤੋੜਨ ਲਈ ਭਾੜਾ ਘਟਾ ਰਹੀਆਂ ਹਨ। ਮੁਸਾਫਰਾਂ ਦੀ ਮਰਜ਼ੀ ਹੈ, ਜਿਥੋਂ ਜੀ ਚਾਹੇ ਟਿਕਟ ਲੈਣ, ਪਰ ਗੁਰਦੁਆਰੇ ਵਿਚ ਸਤਿਗੁਰੂ ਦੇ ਸਿੱਖਾਂ ਦੀ ਕਮਿਸ਼ਨ ਦੇ ਟਕਿਆਂ ਪਿੱਛੇ ਇਹ ਨਰਾਦਰੀ ਸੁਣ ਕੇ ਹਰ ਇਕ ਹਿਰਦਾ ਦੁਖ ਉਠਦਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਅਸਥਾਨ ਦੀਵਾਨ ਹਰ ਥਾਂ ਦਿਨੋ ਦਿਨ ਵਧਣ ਫੁੱਲਣ, ਪਰ ਜੇ ਕਲਕੱਤੇ ਦੇ ਦੀਵਾਨ ਨੇ ਇਸ ਹੀ ਕੰਮ ਦਾ ਪ੍ਰਚਾਰ ਕਰਨਾ ਹੈ ਤਾਂ ਇਸ ਦੇ ਰਜਿਸਟਰੀ ਕਰਾਉਣ ਤੇ ਉਸ ਲਈ ਦਰਜਨਾਂ ਅਪੀਲਾਂ ਕਰਨ ਦੀ ਕੀ ਲੋੜ ਸੀ? ਅਸੀਂ ਖਾਲਸਾ ਦੀਵਾਨ ਦੇ ਪ੍ਰਬੰਧਕਾਂ ਦੀ ਸੇਵਾ ਵਿਚ ਅਰਜ਼ ਕਰਦੇ ਹਾਂ ਕਿ ਉਹ ਝਟਪਟ ਇਸ ਕਾਰਜ ਦੀ ਅਸਲੀਅਤ ਨੂੰ, ਜੋ ਕਿ ਉਨ੍ਹਾਂ ਹੀ ਪਰ ਨਹੀਂ ਸਗੋਂ ਸਾਡੀ ਕੌਮ ਪੁਰ ਆਉਂਦੀ ਹੈ, ਖੋਲ੍ਹ ਕੇ ਪ੍ਰਗਟ ਕਰਨ ਕਿ ਕੀ ਠੀਕ ਕਿਸੇ ਕੰਪਨੀ ਵੱਲੋਂ ਗੁਰਦੁਆਰੇ ਨੂੰ 30 ਰੁਪਏ ਮਹੀਨਾ ਕਮਿਸ਼ਨ ਮਿਲਦਾ ਹੈ ਤੇ ਜੋ ਭਰਾ ਅੰਗਰੇਜ਼ੀ ਕੰਪਨੀਆਂ ਦਾ ਟਿਕਟ ਨਹੀਂ ਲੈਂਦੇ, ਉਨ੍ਹਾਂ ਨੂੰ ਗੁਰਦੁਆਰੇ ਵਿਚੋਂ ਕੱਢਿਆ ਜਾਂਦਾ ਹੈ?
ਸੇਠ ਰੁਸਤੁਮ ਜੀ ਅਫਰੀਕਾ ਦੀ ਜੇਲ੍ਹ ਵਿਚ
ਕੌਮੀ ਕੰਧ ਉਸਾਰਨ ਲਈ ਸਦਾ ਹੀ ਉਸ ਦੀਆਂ ਨੀਂਹਾਂ ਵਿਚ ਦੁੱਖਾਂ ਤੇ ਕੁਰਬਾਨੀਆਂ ਦੀ ਰੋੜੀ ਪੈਂਦੀ ਹੈ। ਸਾਰੇ ਕੌਮੀ ਇਤਿਹਾਸ ਦਾ ਇਕ ਪਤਰਾ ਲਹੂ ਨਾਲ ਲਿਖਿਆ ਪਿਆ ਹੈ। ਜਿਨ੍ਹਾਂ ਨੇ ਆਪਣੀ ਕੌਮੀ ਰਖਿਆ ਲਈ ਕੁਰਬਾਨੀਆਂ ਕੀਤੀਆਂ, ਦੁੱਖ ਝੱਲੇ, ਵਾਰ ਦਿੱਤੇ, ਅੱਜ ਉਨ੍ਹਾਂ ਦਾ ਨਾਮ ਸੁਣ ਕੇ ਹਾਲ ਪੜ੍ਹ ਕੇ ਅਸੀਂ ਜੀਉਂਦੇ ਹਾਂ ਤੇ ਉਨ੍ਹਾਂ ਦੇ ਲਟ-ਲਟ ਕਰ ਰਹੇ ਜੀਵਨ ਹੀ ਸਾਨੂੰ ਧਿੱਕਦੇ ਹਨ ਤੇ ਸਾਡੇ ਢਹਿ ਰਹੇ ਦਿਲਾਂ ਨੂੰ ਕਹਿੰਦੇ ਹਨ ਕਿ ਅਧਰਮ ਤੇ ਬੇਇਨਸਾਫੀ ਹੁੰਦੀ ਹੋਵੇ ਤਾਂ ਸਾਡੇ ਵਾਂਗ ਦੁੱਖ ਝੱਲੋ, ਕੁਰਬਾਨੀਆਂ ਕਰੋ, ਜ਼ਰੂਰ ਫਤਿਹ ਹੋਵੇਗੀ।
ਅਫਰੀਕਾ ਤੋਂ ਖਬਰ ਆਈ ਹੈ ਕਿ ਸੇਠ ਰੁਸਤੁਮ ਜੀ ਪਾਰਸੀ ਨੂੰ, ਜੋ ਕਿ 20 ਸਾਲ ਤੋਂ ਉਥੇ ਰਹਿੰਦੇ ਹਨ ਤੇ ਬੜੇ ਧਨਾਢ ਤੇ ਪਾਰਸੀ ਬਰਾਦਰੀ ਵਿਚੋਂ ਸਰਦਾਰ ਹਨ, (ਟੈਕਸ) ਹਾਲਾ ਦੇਣ ਤੋਂ ਨਾਂਹ ਕਰਨ ਬਦਲੇ ਤਿੰਨ ਮਹੀਨੇ ਦੀ ਸਖਤ ਕੈਦ ਹੋਈ ਹੈ। ਅਫਰੀਕਾ ਵਿਚ ਧਰਮੀ ਹਿੰਦੁਸਤਾਨੀਆਂ ਨੇ ਫੇਰ ਬੇਇਨਸਾਫੇ ਕਾਨੂੰਨ ਦਾ ਟਾਕਰਾ ਸ਼ੁਰੂ ਕਰ ਦਿੱਤਾ ਹੈ। ਜਥੇਬੰਦੀ ਤੇ ਧਰਮ ਦੀ ਲੜਾਈ ਹੋਵੇ ਤਾਂ ਐਸੀ ਹੀ ਹੋਵੇ ਕਿ ਗਰੀਬ ਤੋਂ ਗਰੀਬ ਭਰਾ ਤੋਂ ਲੈ ਕੇ ਸੇਠ ਰੁਸਤੁਮ ਜੀ ਵਰਗੇ ਅਮੀਰਾਂ ਤਕ ਆਪਣੇ ਕੌਮੀ ਹੱਕ ਲੈਣ ਲਈ ਇਕ ਰਸਤੇ ਹੋ ਕੇ ਸਭ ਦੁੱਖ ਝੱਲਣ ਨੂੰ ਤਿਆਰ ਹੋਣ। ਜੇਲ੍ਹ ਦੇ ਅਫਸਰਾਂ ਨੇ ਸੇਠ ਜੀ ਨਾਲ ਅਜਮ ਕੈਦੀਆਂ ਵਰਗਾ ਵਰਤਾਓ ਕੀਤਾ ਤੇ ਉਨ੍ਹਾਂ ਦਾ ਜਨੇਊ ਉਤਾਰ ਦਿੱਤਾ, ਜਿਸ ਨੂੰ ਉਹ ਮਰਨ ਤਕ ਆਪਣੇ ਸਰੀਰ ਦੇ ਨਾਲ ਰੱਖਣਾ ਧਰਮ ਸਮਝਦੇ ਹਨ। ਸਰਕਾਰੀ ਅਫਸਰਾਂ ਦੇ ਸੇਠ ਜੀ ਦੇ ਧਰਮ ਵਿਚ ਦਖਲ ਦੇਣ ਨਾਲ ਬਹੁਤ ਰੌਲਾ ਮਚ ਗਿਆ ਹੈ। ਸੇਠ ਜੀ ਨਾਲ ਫੇਰ ਭੀ ਬਹੁਤ ਪਾਰਸੀ ਕੈਦ ਵਿਚ ਗਏ ਸਨ। ਸਾਰਿਆਂ ਨੇ ਰੋਟੀ ਖਾਣ ਤੇ ਪਾਣੀ ਤਕ ਪੀਣ ਤੋਂ ਨਾਂਹ ਕੀਤੀ। ਕੈਦ ਵਿਚ ਭੁੱਖ ਨਾਲ ਸਰੀਰ ਬਹੁਤ ਨਿਰਬਲ ਤੇ ਵਿਆਕੁਲ ਹੋ ਗਏ। ਅੰਤ ਅਫਸਰਾਂ ਨੂੰ ਛੱਡਣੇ ਪਏ।
ਕੈਨੇਡਾ ਦੇ ਭਰਾ ਸੋਹਣੇ-ਸੋਹਣੇ ਪਲੰਘਾਂ ਉਤੇ ਸੌਂ ਕੇ ਐਸ਼ ਲੁੱਟ ਕੇ ਵ੍ਹਿਸਕੀ ਤੇ ਬਰਾਂਡੀ ਦੇ ਡੁਘੂ ਲਾ ਕੇ ਕੁਕਰਮ ਕਰਕੇ ਆਪਣੇ ਮਹਿਲ ਮਾੜੀਆਂ ਬਣਾ ਕੇ ਬੈਂਕਾਂ ਵਿਚ ਹਜ਼ਾਰਾਂ ਡਾਲਰ ਜਮ੍ਹਾਂ ਕਰਕੇ ਫੇਰ ਨਾਲ ਹੀ ਆਪਣੇ ਹੱਕ ਬਚਾਉਣਾ ਚਾਹੁੰਦੇ ਹਨ ਤੇ ਇਸ ਹਾਲਤ ਵਿਚ ਭੀ ਸੇਵਾ, ਕੁਰਬਾਨੀ ਤੇ ਜਥੇਬੰਦੀ ਦੀ ਟਾਹਰ ਮਾਰ ਬਹਿੰਦੇ ਹਨ, ਪਰ ਇਹ ਲੱਛਣ ਕੌਮੀ ਸੇਵਾ ਦੇ ਨਹੀਂ ਹਨ। ਕੌਮੀ ਸੇਵਾ ਦੇ ਜੇ ਬਚਣਾ ਹੈ ਤਾਂ ਇਕੋ ਹੀ ਸੱਚ ਤੇ ਕੁਰਬਾਨੀ ਦੀ ਸੜਕ ਹੈ, ਨਿਤਰ ਪਵੋ, ਨਹੀਂ ਤਾਂ ਫੇਰ ਗਰਕ ਹੋਣ ਵਿਚ ਤਾਂ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਹੈ।
ਹਿੰਦੁਸਤਾਨੀਆਂ ਦੀ ਨਰਾਦਰੀ ਦਾ ਇਕ ਹੋਰ ਝਾਕਾ-ਉਨਤਾਲੀ ਸਿੱਖ ਬੰਦ
ਅਨੰਦ ਤੇ ਆਰਾਮ ਵਿਚ ਪਿਆ ਹੋਇਆ ਅਮੀਰ ਕੀ ਜਾਣਦਾ ਹੈ ਕਿ ਗਰੀਬ ਨੂੰ ਕੀ-ਕੀ ਕਸ਼ਟ ਹੁੰਦੇ ਹਨ। ਲਹੂ ਪੀਣ ਵਾਲਾ ਬਘਿਆੜ ਕੀ ਜਾਣਦਾ ਹੈ ਕਿ ਜਿਨ੍ਹਾਂ ਜਾਨਵਰਾਂ ਨੂੰ ਪਾੜੇ ਤੇ ਉਸ ਦਾ ਢਿੱਡ ਭਰਦਾ ਹੈ ਤੇ ਉਹ ਅਨੰਦ ਹੁੰਦਾ ਹੈ। ਉਨ੍ਹਾਂ ਨਿਮਾਣਿਆਂ ਤੇ ਹੀਣਿਆਂ ਨੂੰ ਕਿੰਨੀ ਪੀੜ ਹੁੰਦੀ ਹੈ ਤੇ ਜਾਨ ਤੋਂ ਜਾਂਦੇ ਹਨ। ਜ਼ੋਰਾਵਰ ਤੇ ਕਮਜ਼ੋਰ ਸਦਾ ਇਕ ਰਸ ਨਹੀਂ ਪੀਂਦੇ। ਜੋ ਅੱਜ ਕਮਜ਼ੋਰ ਹੈ, ਉਹ ਕਲ੍ਹ ਨੂੰ ਜ਼ੋਰਾਵਰ ਭੀ ਹੋਵੇਗਾ। ਜੋ ਅੱਜ ਜ਼ੋਰਾਵਰ ਹੈ, ਉਹ ਕਲ੍ਹ ਕਮਜ਼ੋਰ ਭੀ ਹੋਵੇਗਾ। ਕਮਜ਼ੋਰ ਤੇ ਜ਼ੋਰਾਵਰ ਆਪਣੀ ਦੁਖੀ ਤੇ ਸੁਖੀ ਦਸ਼ਾ ਵਿਚ ਔਖੇ ਸੌਖੇ ਦਿਨ ਬਤੀਤ ਕਰ ਰਹੇ ਹਨ, ਪਰ ਜੇ ਕਿਸੇ ਸੁਖੀ ਨੇ ਦੁਖੀ ਦੇ ਅਨੰਦ ਦਾ ਪਤਾ ਲੈਣਾ ਹੋਵੇ ਤਾਂ ਸਾਡੇ ਪਾਸ ਆ ਜਾਵੇ। ਜੇ ਕਿਸੇ ਨੇ ਬੇਇਨਸਾਫੀ ਦੀ ਪੀੜ ਦਾ ਪਤਾ ਲੈਣਾ ਹੋਵੇ ਤਾਂ ਸਾਨੂੰ ਕੈਨੇਡਾ ਦੇ ਹਿੰਦੁਸਤਾਨੀਆਂ ਨੂੰ ਆ ਪੁੱਛੇ। ਅਸੀਂ ਚੰਗੀ ਤਰ੍ਹਾਂ ਇਸ ਪੀੜ ਨੂੰ ਖੋਲ੍ਹ ਕੇ ਦੱਸ ਸਕਦੇ ਹਾਂ ਕਿਉਂਕਿ ਸਾਨੂੰ ਇਸ ਦੁੱਖ ਨਾਲ ਹਰ ਰੋਜ਼ ਦਾ ਵਾਹ ਪੈ ਗਿਆ ਹੈ। ਅਜੇ ਸੀਆਟਲ ਦੇ 60 ਭਰਾਵਾਂ ਨੂੰ 3 ਮਹੀਨੇ ਦੇ ਬੇਅੰਤ ਕਸ਼ਟਾਂ ਮਗਰੋਂ ਅਨੇਕ ਮੁਸ਼ਕਲਾਂ ਨਾਲ ਸਾਰਾ ਜ਼ੋਰ ਲਾ ਕੇ ਜ਼ਮਾਨਤਾਂ ਦੇ ਕੇ ਕੈਦ ਵਿਚੋਂ ਕੱਢਿਆ ਹੈ। ਅਜੇ ਦਸ ਭਰਾ ਉਥੇ ਕੈਦ ਵਿਚ ਬੈਠੇ ਕੂਕ ਰਹੇ ਹਨ। ਅਜੇ ਉਸ ਮੁਕੱਦਮੇ ਦਾ ਰਾਤ ਦਿਨ ਦਾ ਫਿਕਰ ਸਾਨੂੰ ਸਭਨਾਂ ਨੂੰ ਚਕਰਾ ਰਿਹਾ ਹੈ। ਹੁਣ ਸਾਡੀਆਂ ਅੱਖਾਂ ਦੇ ਸਾਹਮਣੇ ਸਤਾਰਾਂ ਅਕਤੂਬਰ ਤੋਂ ਹੋਰ 39 ਸਿੰਘ ਹਾਂਗਕਾਂਗ ਤੋਂ ਆ ਰਹੇ, ਵਿਕਟੋਰੀਏ ਵਿਚ ਬੰਦ ਕੀਤੇ ਗਏ ਹਨ।
ਕੁਝ ਕਰਨ ਦਾ ਵੇਲਾ ਹੈ-ਸਿੰਘਣੀਆਂ ਮੰਗਵਾ ਲਓ
ਇਸ ਵਕਤ ਭਾਈ ਬਲਵੰਤ ਸਿੰਘ, ਨਰਾਇਣ ਸਿੰਘ ਤੇ ਨੰਦ ਸਿੰਘ ਹੋਰੀ ਦੇਸ਼ ਵਿਚ ਹਨ ਤੇ ਉਮੀਦ ਹੈ ਕਿ ਹੁਣ ਜਲਦੀ ਹੀ ਕੈਨੇਡਾ ਨੂੰ ਮੁੜਨਗੇ। ਜੇ ਭਾਈ ਹੋਰਾਂ ਦੇ ਨਾਲ ਸਿੰਘਣੀਆਂ ਦਾ ਜੱਥਾ ਆ ਜਾਵੇ ਤਾਂ ਜਿਸ ਮਤਲਬ ਲਈ ਉਹ ਦੇਸ਼ ਗਏ ਸਨ, ਉਸ ਦਾ ਇਕ ਹਿੱਸਾ ਠੀਕ ਤੌਰ ਪੁਰ ਪੂਰਨ ਹੁੰਦਾ ਹੈ। ਅਸੀਂ ਸਭ ਭਰਾਵਾਂ ਦੀ ਸੇਵਾ ਵਿਚ ਬੇਨਤੀ ਕਰਦੇ ਹਾਂ ਕਿ ਕੁਝ ਭਰਾ ਜ਼ਰੂਰੀ ਭਾਈ ਬਲਵੰਤ ਸਿੰਘ ਹੋਰਾਂ ਨੂੰ ਲਿਖਣ ਕਿ ਉਹ ਉਨ੍ਹਾਂ ਦੀਆਂ ਸਿੰਘਣੀਆਂ ਨੂੰ ਜ਼ਰੂਰ ਨਾਲ ਲਈ ਆਉਣ ਤੇ ਦੂਜੇ ਪਾਸੇ ਘਰਾਂ ਨੂੰ ਤਾਕੀਦੀ ਚਿੱਠੀਆਂ ਪਾਈਆਂ ਜਾਣ ਕਿ ਸਿੰਘਣੀਆਂ ਉਨ੍ਹਾਂ ਦੇ ਨਾਲ ਤੁਰ ਆਉਣ। ਜੇ ਕੋਈ ਰੋਕ ਹੋਵੇ ਤਾਂ ਹਾਂਗਕਾਂਗ ਜਾ ਕੇ ਇਹ ਬੀਬੀਆਂ ਤੇ ਬੱਚੇ ਅਟਕ ਜਾਣ ਤੇ ਉਨ੍ਹਾਂ ਦੇ ਪਾਸ ਭਾਈ ਨਾਰਾਇਣ ਸਿੰਘ ਜਾਂ ਹੋਰ ਇਕ ਸੱਜਣ ਠਹਿਰ ਜਾਣ। ਉਨ੍ਹਾਂ ਦੇ ਹਾਂਗਕਾਂਗ ਪੁੱਜ ਗਿਆਂ ਤੋਂ ਉਮੀਦ ਨਹੀਂ ਹੈ ਜੇ ਕੋਈ ਰੋਕ ਹੋਵੇ ਤੇ ਜੇ ਹੋਵੇ ਭੀ, ਉਸ ਦਾ ਖੂਬ ਇਥੇ ਮੁਕਾਬਲਾ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਭਾਈ ਬਲਵੰਤ ਸਿੰਘ ਹੋਰਾਂ ਦੇ ਟੱਬਰ ਆਏ ਸਨ, ਪਰ ਇਹ ਮੌਕਾ ਕਿਸੇ ਸੂਰਤ ਵਿਚ ਨਹੀਂ ਖੁੰਝਣਾ ਚਾਹੀਦਾ ਹੈ ਤੇ ਇਸ ਵਕਤ ਜ਼ਰੂਰ ਸਿੰਘਣੀਆਂ ਤੇ ਬੱਚਿਆਂ ਦਾ ਜੱਥਾ ਸਾਡੇ ਡੈਲੀਗੇਟਾਂ ਨਾਲ ਆਉਣਾ ਚਾਹੀਦਾ ਹੈ।
ਉਮੀਦ ਹੈ, ਸਭ ਭਰਾ ਇਸ ਬੇਨਤੀ ਉਤੇ ਚੰਗੀ ਤਰ੍ਹਾਂ ਵਿਚਾਰ ਕਰਕੇ ਇਸ ਦੇ ਪੂਰਨ ਕਰਨ ਲਈ ਜਿਥੋਂ ਤਕ ਉਨ੍ਹਾਂ ਤੋਂ ਹੋ ਸਕੇ, ਝਟਪਟ ਬੰਦੋਬਸਤ ਕਰਨਗੇ। ਅਸੀਂ ਦੇਸ਼ ਗਏ ਹੋਏ ਭਾਈ ਹੀਰਾ ਸਿੰਘ ਜੀ ਨੰਗਲ ਵਾਲੇ, ਭਾਈ ਦੇਵਾ ਸਿੰਘ ਕੋਟਫਤੂਹੀ ਵਾਲੇ ਹੋਰ ਸੱਜਣਾਂ ਦੀ ਸੇਵਾ ਵਿਚ ਬੇਨਤੀ ਕਰਦੇ ਹਾਂ ਕਿ ਉਹ ਵੀ ਪਿੰਡਾਂ ਵਿਚ ਬਹੁਤੀ ਦੇਰ ਅਟਕਣ ਦਾ ਖਿਆਲ ਨਾ ਕਰਨ, ਸਗੋਂ ਹੋਰ ਭਰਾਵਾਂ ਨੂੰ ਵੀ ਬੇਨਤੀਆਂ ਕਰਕੇ ਤੇ ਆਪ ਸਿੰਘਣੀਆਂ ਤੇ ਬੱਚਿਆਂ ਸਮੇਤ ਭਾਈ ਬਲਵੰਤ ਸਿੰਘ ਹੋਰਾਂ ਦੇ ਨਾਲ ਤਿਆਰੀ ਕਰਨ ਤੇ ਕੈਨੇਡਾ ਵਿਚ ਆਉਣ ਲੱਗਿਆਂ ਸਿੰਘ ਸੂਰਬੀਰਾਂ ਦਾ ਪਰਿਵਾਰਾਂ ਸਮੇਤ ਇਕ ਅਸਚਰਜ ਜੱਥਾ ਹੋਵੇ।
ਚੀਫ ਜੱਜ ਦਾ ਹੁਕਮ-ਕਾਨੂੰਨ ਰੱਦੀ ਹੈ-ਬੰਦ ਹਿੰਦੀ ਛੱਡ ਦਿੱਤੇ ਜਾਣ
ਸੰਨ 1910 ਵਿਚ ਕੈਨੇਡਾ ਦੀ ਸਰਕਾਰ ਨੇ ਹਿੰਦੁਸਤਾਨੀਆਂ ਨੂੰ ਕੈਨੇਡਾ ਵਿਚ ਵੜਨ ਤੋਂ ਰੋਕਣ ਲਈ ਇਕ ਰੱਦੀ ਕਾਨੂੰਨ ਪਾਸ ਕੀਤਾ। ਕਾਨੂੰਨ ਦੀਆਂ ਸ਼ਰਤਾਂ ਨੂੰ ਦੇਖ ਕੇ ਹਰ ਕੋਈ ਹੱਸਦਾ ਸੀ। ਕੁਲ ਦੁਨੀਆਂ ਇਸ ਦੀਆਂ ਚਤਰਾਈਆਂ ਨੂੰ ਜਾਣਦੀ ਸੀ। ਇਸ ਨੂੰ ਪਾਸ ਕਰਨ ਵਾਲੀ ਸਰਕਾਰ ਇਸ ਦੇ ਰੱਦੀਪੁਣੇ ਨੂੰ ਸਮਝਦੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਹੁੰਦੇ ਹੋਏ ਭੀ ਇਸ ਨੂੰ ਕਾਨੂੰਨ ਕਿਹਾ ਗਿਆ। ਇਸ ਨੂੰ ਇਨਸਾਫ ਦੱਸਿਆ ਗਿਆ ਤੇ ਇਸ ਪੁੱਠੇ ਕਾਨੂੰਨ ਨੇ ਹਿੰਦੁਸਤਾਨੀਆਂ ਨੂੰ ਹੱਦ ਦਰਜੇ ਤਕ ਖੁਆਰ ਕੀਤਾ। ਇਸ ਅਵੱਲੇ ਕਾਨੂੰਨ ਨੇ ਪਤੀਆਂ ਤੇ ਇਸਤਰੀਆਂ ਨੂੰ ਨਖੇੜਿਆ, ਬੱਚਿਆਂ ਨੂੰ ਰੋਲਿਆ। ਦੁਨੀਆਂ ਵਿਚ ਇਕ ਬੜੇ ਭਾਰੇ ਮੁਲਕ ਤੇ ਇਕ ਉਘੀ ਕੌਮ ਦੀ ਰੱਜ ਕੇ ਬੇਇਜ਼ਤੀ ਕੀਤੀ ਗਈ। ਅਨੇਕ ਹਿੰਦੁਸਤਾਨੀ ਇਸ ਦੇ ਕਾਬੂ ਆ ਗਏ। ਅਨੇਕਾਂ ਹੀ ਰਗੜੇ ਗਏ। ਹਜ਼ਾਰਾਂ ਤੇ ਲੱਖਾਂ ਡਾਲਰ ਉਨ੍ਹਾਂ ਭਰਾਵਾਂ ਦੇ ਰੁਲੇ ਜਿਨ੍ਹਾਂ ਨੂੰ ਕੈਨੇਡਾ ਪੁੱਜਦਿਆਂ ਨੂੰ ਹੀ ਵਾਪਸ ਮੋੜਿਆ ਗਿਆ। ਧਰਮ ਦੇ ਪ੍ਰਚਾਰਕਾਂ ਨੂੰ ਕਿਤੇ ਰੋਕ ਨਹੀਂ ਹੋਈ ਪਰ ਇਸ ਕਾਨੂੰਨ ਨੇ ਹਿੰਦੁਸਤਾਨੀਆਂ, ਧਰਮ ਪ੍ਰਚਾਰਕਾਂ ਨੂੰ ਭੀ ਕੈਨੇਡਾ ਦੀ ਹੱਦ ਤਕ ਨਾ ਛੋਹਣ ਦਿੱਤਾ। ਇਸ ਰੱਦੀ ਕਾਨੂੰਨ ਪੁਰ ਹੀ ਬਸ ਨਹੀਂ ਸੀ, ਸਗੋਂ ਜਹਾਜ਼ੀ ਕੰਪਨੀਆਂ ਨੂੰ ਵੀ ਹਿੰਦੁਸਤਾਨੀਆਂ ਨੂੰ ਟਿਕਟ ਨਾ ਵੇਚਣ ਲਈ ਕਿਹਾ ਗਿਆ।