ਗੁਲਜ਼ਾਰ ਸਿੰਘ ਸੰਧੂ
ਪ੍ਰਿੰæ ਸਰਵਣ ਸਿੰਘ ਪੰਜਾਬੀ ਵਾਰਤਕ ਦਾ ਸਰਪਟ ਦੌੜਦਾ ਘੋੜਾ ਹੈ। ਤਿੰਨ ਦਰਜਨ ਤੋਂ ਵਧ ਪੁਸਤਕਾਂ ਦਾ ਰਚੈਤਾ। ਉਸ ਨੇ ਲਿਖਣ ਦਾ ਸਫਰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖ ਕੇ ਸ਼ੁਰੂ ਕੀਤਾ। ਉਹਦੇ ਲਈ ਉਹ ਨਦੀ ਪਰਬਤ ‘ਹਾਕੀ’ ਹਨ। ਅੱਜ ਦੇ ਦਿਨ ਉਹ ਹਾਕੀ ਵਾਲੇ ਬਲਬੀਰ ਸਿੰਘ ਤੇ ਮਿਲਖਾ ਸਿੰਘ ਦੌੜਾਕ ਦੇ ਸਿਰ ਭਾਰਤ ਰਤਨ ਦਾ ਤਾਜ ਵੇਖਣ ਦਾ ਚਾਹਵਾਨ ਹੈ। ਕੁਝ ਸਮੇਂ ਤੋਂ ਉਹ ਖੇਡ ਦੇ ਮੈਦਾਨ ਵਿਚੋਂ ਛਾਲ ਮਾਰ ਕੇ ਸਾਹਿਤਕਾਰਾਂ, ਕਲਾਕਾਰਾਂ ਤੇ ਗਾਇਕਾਂ ਦੇ ਵਿਹੜੇ ਆ ਵੜਿਆ ਹੈ। ਉਸ ਨੇ ਦੋ ਦਰਜਨ ਤੋਂ ਵਧ ਹਸਤੀਆਂ ਨੂੰ ਨੇੜਿਓਂ ਜਾਣਿਆਂ ਤੇ ਉਨ੍ਹਾਂ ਬਾਰੇ ਲਿਖਿਆ ਹੈ। ਨਾਂ ਦਿੱਤਾ ਹੈ, ‘ਪੰਜਾਬ ਦੇ ਕੋਹੇਨੂਰ।’ ਉਸ ਦੀ ਲਿਖਣ ਕਲਾ ਦਾ ਨਮੂਨਾ ਦੇਖੋ:
ਇਹ ਮਨੁੱਖੀ ਜਾਮੇ ਵਿਚ ਕੋਹੇਨੂਰ ਹਨ। ਮਨੁੱਖਤਾ ਦੇ ਚਾਨਣ ਮੁਨਾਰੇ। ਸਭ ਤੋਂ ਵੱਡਾ ਡਾæ ਮਹਿੰਦਰ ਸਿੰਘ ਰੰਧਾਵਾ ਹੈ। ਉਹ ਕਰਨੀ ਵਾਲਾ ਮਹਾਂਪੁਰਸ਼ ਸੀ। ਪੰਜਾਬ ਦੀ ਮਹਾਂਨਾਜ਼ ਹਸਤੀ। ਨਵੇਂ ਪੰਜਾਬ ਦਾ ਨਿਰਮਾਤਾ। ਉਸ ਨੇ ਜਿਸ ਵੀ ਕੰਮ ਨੂੰ ਹੱਥ ਪਾਇਆ, ਕਾਮਯਾਬੀ ਨਾਲ ਸਿਰੇ ਲਾਇਆ। ਉਹ ਆਖਰ ਤਕ ਆਹਰੇ ਲੱਗਾ ਰਿਹਾ ਤੇ ਤੁਰਦਾ-ਫਿਰਦਾ ਪਰਉਪਕਾਰ ਕਰਦਾ ਅਚਾਨਕ ਅਲੋਪ ਹੋ ਗਿਆ। ਉਹਨੂੰ ਕਿਸੇ ਨੇ ਵਿਹਲਾ ਬੈਠਾ ਨਹੀਂ ਸੀ ਵੇਖਿਆ। ਇਕੋ ਜੂਨ ‘ਚ ਉਹ ਕਈ ਜੂਨਾਂ ਜੀ ਗਿਆ। ਉਹ ਇਕ ਹੋ ਕੇ ਵੀ ਸਵਾ ਲੱਖ ਸੀ।
ਡਾæ ਹਰਿਭਜਨ ਸਿੰਘ ਕਵਿਤਾਵਾਂ ਦਾ ਛੱਲਾਂ ਮਾਰਦਾ ਸਰੋਵਰ ਸੀ। ਸੁਰੀਲੀ ਤੇ ਰਸੀਲੀ ਬੋਲ ਬਾਣੀ ਦਾ ਫੁੱਟ-ਫੁੱਟ ਪੈਂਦਾ ਫਾਊਂਟੇਨ। ਜਿੰਨਾ ਵਧੀਆ ਉਹ ਕਵੀ ਸੀ, ਉਨਾ ਹੀ ਵਧੀਆ ਬੁਲਾਰਾ। ਉਹਦੀ ਦੁੱਧ ਚਿੱਟੀ ਮੁਸਕ੍ਰਾਹਟ ਡਾਢੀ ਮਨ ਲੁਭਾਉਣੀ ਸੀ। ਉਹਦੀਆਂ ਮਤਾਬੀ ਵਾਂਗ ਜਗਦੀਆਂ ਅੱਖਾਂ ਦਾ ਜਲਵਾ ਝੱਲਿਆ ਨਹੀਂ ਸੀ ਜਾਂਦਾ। ਉਨ੍ਹਾਂ ਵਿਚ ਮਨੁੱਖੀ ਲਿਸ਼ਕ ਹੁੰਦੀ। ਜਦ ਉਹ ਵਜਦ ਵਿਚ ਆਉਂਦਾ ਤਾਂ ਮੂੰਹ ‘ਤੇ ਮੱਧਮ ਪਏ ਮਾਤਾ ਦੇ ਦਾਗ ਤਾਰਿਆਂ ਵਾਂਗ ਝਿਲਮਿਲਾਉਣ ਲੱਗਦੇ। ਉਹਦੇ ਰਸੀਲੇ ਬੋਲ ਸ਼ਰਬਤ ਦੀਆਂ ਘੁੱਟਾਂ ਤੇ ਦੁੱਧ ਦੇ ਛਿੱਟੇ ਸਨ।
ਬਲਵੰਤ ਗਾਰਗੀ ਦਾ ਜਨਮ ਬਠਿੰਡੇ ਦੇ ਬਾਣੀਆ ਪਰਿਵਾਰ ਵਿਚ ਹੋਇਆ ਤੇ ਉਸ ਦੀ ਜੀਨੀ ਸਿਆਟਲ ਦੇ ਨੌਕਰੀ ਪੇਸ਼ਾ ਪਰਿਵਾਰ ਵਿਚੋਂ ਸੀ। ਜਿਵੇਂ ਇੰਦਰ ਬਾਣੀਏ ਤੇ ਬੇਗੋ ਨਾਰ ਦਾ ਮੇਲ ਲਾਹੌਰ ਵਿਚ ਹੋਇਆ, ਉਵੇਂ ਬਲਵੰਤ ਬਾਣੀਏ ਤੇ ਜੀਨੀ ਨਾਰ ਦਾ ਮੇਲ ਸਿਆਟਲ ਵਿਚ ਹੋਇਆ। ਇੰਦਰ ਤੇ ਬੇਗੋ ਇਸ਼ਕ ਦੇ ਪੱਟੇ ਰਾਵੀ ਵਿਚ ਛਾਲਾਂ ਮਾਰ ਗਏ ਤੇ ਕਿੱਸਾਕਾਰਾਂ ਨੇ ਬੇਗੋ ਨਾਰ ਤੇ ਇੰਦਰ ਬਾਣੀਏ ਦੇ ਕਿੱਸੇ ਲਿਖੇ। ਬਲਵੰਤ ਤੇ ਜੀਨੀ ਇਸ਼ਕ ਵਿਚ ਪੱਟੇ ਗਏ ਪਰ ਜੀਨੀ ਨਾਰ ਤੇ ਬਲਵੰਤ ਨਾਟਕਕਾਰ ਦਾ ਕਿੱਸਾ ਗਾਰਗੀ ਨੂੰ ਖੁਦ ਲਿਖਣਾ ਪਿਆ, ‘ਨੰਗੀ ਧੁੱਪ’ ਜਿਸ ਨੂੰ ਸੰਤ ਸਿੰਘ ਸੇਖੋਂ ਨੇ ਸ਼ਾਹਕਾਰ ਰਚਨਾ ਦਾ ਦਰਜਾ ਦਿੱਤਾ। ਗਾਰਗੀ ਨੇ ਮੁੱਖ ਬੰਦ ਵਿਚ ਲਿਖਿਆ, “ਮੇਰੇ ਪਾਤਰ ਨੰਗੇ ਹਨ, ਆਦਮ ਤੇ ਹਵਾ ਵਾਂਗ। ਇਹੋ ਉਨ੍ਹਾਂ ਦੀ ਖੂਬਸੂਰਤੀ ਹੈ ਤੇ ਇਹੋ ਉਨ੍ਹਾਂ ਦਾ ਦੇਸ਼। ਮੈਂ ਜਿਸ ਤੀਵੀਂ ਨੂੰ ਪਿਆਰ ਕੀਤਾ, ਉਸ ਦੇ ਹੁਸਨ ਨੂੰ ਤੇ ਨੰਗੇਜ ਨੂੰ ਚਿਤਰਿਆ ਹੈæææਮੈਂ ਨੰਗੇ ਸੱਚ ਦਾ ਪੁਜਾਰੀ ਹਾਂ। ਨੰਗੀ ਮੂਰਤੀ ਨੂੰ ਮੱਥਾ ਟੇਕਦਾ ਹਾਂ। ਮਨੁੱਖ ਖੁਦ ਵੀ ਇਕੱਲਾ ਤੇ ਨੰਗਾ ਹੈ।”
ਜਿੱਥੋਂ ਤੱਕ ਪਹਿਲਵਾਨਾਂ ਦਾ ਸਬੰਧ ਹੈ, ਉਨ੍ਹਾਂ ਵਿਚੋਂ ਦੋ ਦਾਰੇ ਪ੍ਰਸਿਧ ਹੋਏ ਭਾਵੇਂ ਬਹੁਤੇ ਲੋਕ ਇੱਕ ਹੀ ਦਾਰੇ ਨੂੰ ਜਾਣਦੇ ਹਨ। ਉਹ ਦੋ ਸਨ। ਇਕ ਸੀ ਦਾਰਾ ਦੁਲਚੀਪੁਰੀਆ, ਦੂਜਾ ਦਾਰਾ ਧਰਮੂਚੱਕੀਆ। ਦੋਵੇਂ ਰੁਸਤਮੇ ਜ਼ਮਾਂ ਸਨ। ਦੋਹਾਂ ਬਾਰੇ ਲੋਕ ਪੁੱਛਦੇ ਹਨ, ਅਸਲੀ ਕਿਹੜਾ ਸੀ ਤੇ ਨਕਲੀ ਕਿਹੜਾ? ਦੋਵੇਂ ਅਸਲੀ ਸਨ। ਵੱਡੇ ਦਾਰੇ ਦਾ ਕੱਦ ਸੱਤ ਫੁੱਟ ਸੀ ਤੇ ਛੋਟੇ ਦਾਰੇ ਦਾ ਸਵਾ ਛੇ ਫੁੱਟ। ਦਾਰੇ ਦੁਲਚੀਪੁਰੀਏ ਨੂੰ ਦਾਰਾ ਕਿੱਲਰ ਵੀ ਕਿਹਾ ਜਾਂਦਾ ਸੀ। ਦਾਰਾ ਧਰਮੂਚੱਕੀਆ ਪਹਿਲਵਾਨ ਹੋਣ ਦੇ ਨਾਲ ਫਿਲਮੀ ਅਦਾਕਾਰ ਵਜੋਂ ਵੀ ਮਸ਼ਹੂਰ ਸੀ। ਦੁਲਚੀਪੁਰ ਤੇ ਧਰਮੂਚੱਕ-ਦੋਵੇਂ ਪਿੰਡ ਜਿਲਾ ਅੰਮ੍ਰਿਤਸਰ ਵਿਚ ਹਨ। ਇਨ੍ਹਾਂ ਛੋਟੇ ਪਿੰਡਾਂ ਨੇ ਦੋ ਵੱਡੇ ਪਹਿਲਾਵਾਨਾਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੂਰ-ਦੂਰ ਤਕ ਦਾਰਾ-ਦਾਰਾ ਕਰਵਾਈ। ਦਾਰਾ ਦੁਲਚੀਪੁਰੀਆ ਜੇ ਕਤਲ ਨਾ ਕਰਦਾ, ਜਾਂ ਕਹਿ ਲਓ ਉਸ ਤੋਂ ਕਤਲ ਨਾ ਹੁੰਦਾ, ਤਾਂ ਉਹ ਹੋਰ ਵੀ ਉਚੀਆਂ ਬੁਲੰਦੀਆਂ ਛੋਂਹਦਾ।
ਹੈ ਨਾ ਕਮਾਲ? ਪਰ ਇਹ ਤਾਂ ਸਰਵਣ ਸਿੰਘ ਦੀ ਵਾਰਤਕ ਦਾ ਟਰੇਲਰ ਹੈ। ਉਹ ਏਨਾ ਹੌਲੀ ਨਹੀਂ ਤੁਰਦਾ, ਸਰਪਟ ਦੌੜਦਾ ਹੈ। ਤਾਰੀਆਂ ਲਾਉਂਦਾ ਤੇ ਗੋਤੇ ਖਾਂਦਾ। ਜੇ ਹੋਰ ਜਾਣਨਾ ਚਾਹੋ ਤਾਂ ‘ਖੇਤੀ ਅਰਥਚਾਰੇ ਦਾ ਧਰੂ ਤਾਰਾ ਸਰਦਾਰਾ ਸਿੰਘ ਜੌਹਲ’ ਪੜ੍ਹੋ ਜਾਂ ‘ਪੰਜਾਬੀ ਛਾਪੇਖਾਨੇ ਦਾ ਅਫਲਾਤੂਨ ਭਾਪਾ ਪ੍ਰੀਤਮ ਸਿੰਘ’ ਤੇ ਹੋਰ ਕਈ ਕੋਹੇਨੂਰ। ਉਸ ਦੀ ਸ਼ੈਲੀ ਵਿਚ ਛੱਲੀ ਦੇ ਦੋਧੇ ਦਾਣਿਆਂ ਜਿਹੀ ਮਿਠਾਸ ਹੈ। ਪੜ੍ਹੋ ਤੇ ਮਾਣੋ!
ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਰਹਿੰਦਾ ਹੈ ਪਰ ਉਸ ਨੇ ਹਥਲੀ ਪੁਸਤਕ ਦਾ ਸਮਰਪਣ ਆਪਣੇ ਜੱਦੀ ਪਿੰਡ ਚਕਰ ਦੀ ਚੜ੍ਹਦੀ ਕਲਾ ਦੇ ਨਾਂ ਕੀਤਾ ਹੈ।
ਅੱਜ ਚਿੜੀਆਂ ਦਾ ਚੰਬਾ ਉਡਦਾ ਨਹੀਂ, ਮਰਦਾ ਹੈ: ਪੰਜਾਬ ਖੇਤੀ ਯੂਨੀਵਰਸਟੀ, ਲੁਧਿਆਣਾ ਦੇ ਜੀਵ-ਜੰਤੂ ਵਿਭਾਗ ਦੀ ਡਾæ ਕਲੇਰ ਨੇ ਰਾਜ ਵਿਚੋਂ ਚਿੜੀਆਂ ਦੇ ਖਤਮ ਹੋਣ ਬਾਰੇ ਖੋਜ ਕੀਤੀ ਹੈ। ਉਸ ਦੀ ਖੋਜ ਅਨੁਸਾਰ ਇਸ ਦਾ ਮੂਲ ਕਾਰਨ ਕਾਰਖਾਨਿਆਂ ਦੇ ਪੈਦਾ ਕੀਤੇ ਵਿਹੁਲੇ ਪਦਾਰਥ ਹਨ, ਜੋ ਪੌਣ ਪਾਣੀ ਵਿਚ ਰਲ ਕੇ ਚਿੜੀਆਂ ਦੀ ਖਾਧ ਖੁਰਾਕ ਦਾ ਹਿੱਸਾ ਬਣਦੇ ਹਨ। ਡਾæ ਕਲੇਰ ਨੂੰ ਚਿੜੀਆਂ ਦੇ ਮਲ-ਮੂਤਰ ਤੇ ਬਿੱਠਾਂ ਵਿਚ ਸਿੱਕਾ, ਜਿਸਤ, ਟਾਂਕਣ, ਨਿੱਕਲ ਕਰੋਮੀਅਮ ਆਦਿ ਦੇ ਸੁਰਾਗ ਚਿੰਨ੍ਹ ਮਿਲੇ ਹਨ, ਜੋ ਉਨ੍ਹਾਂ ਦੇ ਅੰਦਰਲੇ ਅੰਗ ਮਾਸ ਨੂੰ ਘੁਣ ਵਾਂਗ ਲੱਗ ਜਾਂਦੇ ਹਨ ਤੇ ਹੌਲੀ ਹੌਲੀ ਉਨ੍ਹਾਂ ਦੇ ਮਰ ਮੁੱਕਣ ਦਾ ਕਾਰਨ ਬਣਦੇ ਹਨ। ਮੈਦਾਨਾਂ ਦੀਆਂ ਚਿੜੀਆਂ ਨੇ ਅੱਜ ਨਹੀਂ ਤਾਂ ਕੱਲ ਉਕਾ ਹੀ ਖਤਮ ਹੋ ਜਾਣਾ ਹੈ। ਕੱਲ ਨੂੰ ਅਜਿਹੇ ਵਿਹੁਲੇ ਪਦਾਰਥ ਚਿੜੀਆਂ ਤੋਂ ਵੱਡੇ ਪੰਛੀਆਂ ਨੂੰ ਤੇ ਪਰਸੋਂ ਨੂੰ ਮਾਨਵ ਜਾਤ ਉਤੇ ਵੀ ਅਸਰ ਕਰ ਸਕਦੇ ਹਨ।
ਪਹਾੜਾਂ ਦੇ ਵਸਨੀਕ ਜਾਣਦੇ ਹਨ ਕਿ ਉਥੋਂ ਦੀਆਂ ਚਿੜੀਆਂ ਕੱਦ ਦੀਆਂ ਛੋਟੀਆਂ ਤਾਂ ਹਨ ਪਰ ਤੰਦਰੁਸਤ ਹਨ। ਉਹ ਵਿਹੁਲੇ ਪਦਾਰਥਾਂ ਦੀ ਲਪੇਟ ਵਿਚ ਨਹੀਂ ਆਈਆਂ। ਕੁਝ ਇੱਕ ਤਾਂ ਬਹੁਤ ਹੀ ਸੁਹਣੀਆਂ ਹਨ, ਸੋਨ ਮੂੰਹੀਆਂ ਪਰ ਉਹ ਵੀ ਚਿੜੀਆਂ ਫੜ੍ਹਨ ਵਾਲਿਆਂ ਦਾ ਸ਼ਿਕਾਰ ਬਣ ਕੇ ਹੁਸ਼ਿਆਰਪੁਰ, ਪਠਾਣਕੋਟ ਤੇ ਦਿੱਲੀ ਦੱਖਣ ਵਿਚ ਵਿਕਦੀਆਂ ਹਨ। ਮਾਰੇ ਜਾਣ ਲਈ ਨਹੀਂ, ਚਿੜੀਆਂ ਪਾਲਣ ਵਾਲਿਆਂ ਦੇ ਪਿੰਜਰਿਆਂ ਵਿਚ ਕੈਦ ਹੋਣ ਲਈ। ਇਹ ਅਮਲ ਮੈਦਾਨਾਂ ਵਰਗਾ ਭਿਆਨਕ ਨਹੀਂ। ਅੱਗੇ ਤੋਂ ਪੰਜਾਬ ਦੇ ਲੋਕ ਗੀਤਾਂ ਵਿਚ ਚਿੜੀਆਂ ਨੇ ਉਡਾਰੀ ਮਾਰਨ ਦੀ ਥਾਂ ਮੌਤ ਦੇ ਮੂੰਹ ਵਿਚ ਝੋਕੇ ਜਾਣਾ ਹੈ। ਮੇਰੇ ਮਨ ਵਿਚ ਇਹ ਭਾਵਨਾ ਪਹਾੜਾਂ ਵਿਚ ਰਹਿ ਕੇ ਆਈ ਹੈ ਤੇ ਇਸ ਨੂੰ ਪਲੇਥਣ ਉਸ ਸ਼ਿਕਾਰੀ ਨੇ ਲਾਇਆ ਹੈ, ਜੋ ਮੈਨੂੰ ਸੈਰ ਕਰਦੇ ਨੂੰ ਮਿਲਿਆ ਸੀ।
ਅੰਤਿਕਾ: ਮੱਖੀਆਂ ਦੀ ਰੁੱਤੇ ਹਾਸ-ਬੋਲੀ
ਸਿੰਘ ਸੂਰਮੇ ਚੜ੍ਹੇ ਸ਼ਿਕਾਰ
ਮੱਖੀ ਘੇਰੀ ਵਿਚ ਬਾਜ਼ਾਰ।
ਮਰੀ ਤਾਂ ਨ੍ਹੀਂ ਪਰ ਲੰਗੜੀ ਕੀ
ਇਹ ਵੀ ਫਤਿਹ ਗੁਰਾਂ ਨੇ ਦੀ।