ਅਦਾਕਾਰਾ ਆਲੀਆ ਭੱਟ ਹੁਣ ਤਕ 12 ਫ਼ਿਲਮਾਂ ਕਰ ਚੁੱਕੀ ਹੈ ਅਤੇ ਹਰ ਫ਼ਿਲਮ ਵਿਚ ਕਿਰਦਾਰ ਨੂੰ ਕਮਾਲ ਨਾਲ ਅਦਾ ਕਰਨ ਦੇ ਅੰਦਾਜ਼ ਦੇ ਦਮ ‘ਤੇ ਦਰਸ਼ਕਾਂ ਦੇ ਦਿਲਾਂ ਵਿਚ ਵਸ ਗਈ ਹੈ। ਆਲੀਆ ਨੇ ‘ਹਮਟੀ ਸ਼ਰਮਾ ਕੀ ਦੁਲਹਨੀਆ’, ‘ਬਦਰੀਨਾਥ ਦੀ ਦੁਲਹਨੀਆ’ ਅਤੇ ‘2 ਸਟੇਟਸ’ ਵਰਗੀਆਂ ਰੁਮਾਂਟਿਕ ਤੇ ਮਸਾਲਾ ਫ਼ਿਲਮਾਂ ਵੀ ਕੀਤੀਆਂ ਹਨ ਤਾਂ ‘ਡੀਅਰ ਜ਼ਿੰਦਗੀ’ ਅਤੇ ‘ਹਾਈਵੇਅ’ ਵਰਗੀਆਂ ਗੰਭੀਰ ਵਿਸ਼ੇ ਵਾਲੀਆਂ ਫ਼ਿਲਮਾਂ ਵਿਚ ਆਲੋਚਕਾਂ ਦੀਆਂ ਤਾਰੀਫ਼ਾਂ ਵੀ ਹਾਸਲ ਕੀਤੀਆਂ ਹਨ। ਅਭਿਨੈ ਦੀ ਕਲਾ ਵਿਰਾਸਤ ਵਿਚ ਮਿਲੀ ਹੈ, ਸ਼ਾਇਦ ਇਸੇ ਵਜ੍ਹਾ ਨਾਲ ਉਹ ਮੌਜੂਦਾ ਦੌਰ ਵਿਚ ਸਭ ਤੋਂ ਘੱਟ ਉਮਰ ਦੀ ਸਭ ਤੋਂ ਸਫਲ ਅਭਿਨੇਤਰੀ ਹੈ। ‘ਉੜਤਾ ਪੰਜਾਬ’ ਲਈ ਆਲੀਆ ਬਿਹਤਰੀਨ ਅਭਿਨੇਤਰੀ ਦਾ ਫ਼ਿਲਮਫੇਅਰ ਅਤੇ ‘ਹਾਈਵੇਅ’ ਲਈ ਬਿਹਤਰੀਨ ਅਭਿਨੇਤਰੀ ਦਾ ਐਵਾਰਡ ਜਿੱਤ ਚੁੱਕੀ ਹੈ।
ਆਲੀਆ ਨੇ ਬੇਹੱਦ ਘੱਟ ਸਮੇਂ ਵਿਚ ਆਪਣੇ ਅਭਿਨੈ ਅਤੇ ਆਕਰਸ਼ਣ ਅਤੇ ਮਾਸੂਮ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ। ਜੇਕਰ ਇਹ ਕਹੀਏ ਕਿ ਆਲੀਆ ਮੌਜੂਦਾ ਦੌਰ ਵਿਚ ਨਵੀਂ ਪੀੜ੍ਹੀ ਦੀ ਸਭ ਤੋਂ ਸਮਰੱਥ ਅਭਿਨੇਤਰੀ ਹੈ ਤਾਂ ਇਹ ਗ਼ਲਤ ਨਹੀਂ ਹੋਏਗਾ। ਵਿਸ਼ੇਸ਼ ਕਰਕੇ ‘ਰਾਜ਼ੀ’ ਦੀ ਸਫਲਤਾ ਨੇ ਆਲੀਆ ਵਿਚ ਦਰਸ਼ਕਾਂ ਦੇ ਵਿਸ਼ਵਾਸ ਨੂੰ ਚਾਰ ਚੰਦ ਲਗਾ ਦਿੱਤੇ ਹਨ। ਕਦੇ ਮਹੇਸ਼ ਭੱਟ ਦੀ ਲਾਡਲੀ ਦੇ ਰੂਪ ਵਿਚ ਜਾਣੀ ਜਾਣ ਵਾਲੀ ਆਲੀਆ ਹੁਣ ਨਵੇਂ ਨਵੇਂ ਕਲਾਕਾਰਾਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ।
‘ਰਾਜ਼ੀ’ ਨਾਲ ਆਲੀਆ ਭੱਟ ਨੇ ਨਾਇਕਾ ਪ੍ਰਧਾਨ ਫ਼ਿਲਮਾਂ ਦੀ ਸਫਲਤਾ ਦੇ ਸਫ਼ਰ ਵਿਚ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੇਘਨਾ ਗੁਲਜ਼ਾਰ ਨਿਰਦੇਸ਼ਤ ਆਲੀਆ ਦੀ ਕੇਂਦਰੀ ਭੂਮਿਕਾ ਵਾਲੀ ‘ਰਾਜ਼ੀ’ ਨੇ ਰਿਲੀਜ਼ ਹੁੰਦੇ ਹੀ ਟਿਕਟ ਖਿੜਕੀ ‘ਤੇ ਆਪਣੀ ਪਕੜ ਬਣਾ ਲਈ ਸੀ। ਫ਼ਿਲਮ 100 ਕਰੋੜ ਦੇ ਕਲੱਬ ਵਿਚ ਵੀ ਸ਼ਾਮਲ ਹੋ ਚੁੱਕੀ ਹੈ। ਦਰਸ਼ਕਾਂ ਦੇ ਸਮਰਥਨ ਅਤੇ ਆਲੀਆ ਦੇ ਸ਼ਾਨਦਾਰ ਅਭਿਨੈ ਦੀ ਵਜ੍ਹਾ ਨਾਲ ਟਿਕਟ ਖਿੜਕੀ ‘ਤੇ ‘ਰਾਜ਼ੀ’ ਨੇ ਬਿਹਤਰੀਨ ਕਮਾਈ ਕੀਤੀ ਹੈ। ਇਸ ਦੇ ਨਾਲ ਉਹ ਹਿੰਦੀ ਫ਼ਿਲਮਾਂ ਦੀ ਦੂਜੀ ਅਜਿਹੀ ਅਭਿਨੇਤਰੀ ਬਣ ਗਈ ਹੈ ਜਿਨ੍ਹਾਂ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਨੇ ਟਿਕਟ ਖਿੜਕੀ ‘ਤੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਆਲੀਆ ਤੋਂ ਪਹਿਲਾਂ ਕੰਗਨਾ ਦੀ ਫ਼ਿਲਮ ‘ਤਨੂ ਵੈੱਡਜ਼ ਮਨੂ’ ਨੇ 116 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਗੌਰ ਕਰੀਏ ਤਾਂ ਕੁਝ ਸਾਲ ਪਹਲਾਂ ਜਦੋਂ ਆਲੀਆ ਨੇ ਹਿੰਦੀ ਫ਼ਿਲਮਾਂ ਵਿਚ ਕਦਮ ਰੱਖਿਆ ਸੀ ਤਾਂ ਇਹ ਅਨੁਮਾਨ ਲਗਾਉਣਾ ਮੁਸ਼ਕਿਲ ਸੀ ਕਿ ਇੰਨੇ ਘੱਟ ਸਮੇਂ ਵਿਚ ਹਿੰਦੀ ਫ਼ਿਲਮਾਂ ਨੂੰ ਆਲੀਆ ਦੇ ਰੂਪ ਵਿਚ ਅਜਿਹੀ ਦਮਦਾਰ ਅਭਿਨੇਤਰੀ ਮਿਲ ਜਾਏਗੀ ਜੋ ਸਿਰਫ਼ ਆਪਣੇ ਅਭਿਨੈ ਨਾਲ ਦਰਸ਼ਕਾਂ ਨੂੰ ਸਿਨਮਾ ਘਰਾਂ ਤਕ ਖਿੱਚਣ ਵਿਚ ਸਮਰੱਥ ਹੈ। ਉਹ ਚਾਹੁੰਦੀ ਤਾਂ ਪਿਤਾ ਮਹੇਸ਼ ਭੱਟ ਦੀਆਂ ਫ਼ਿਲਮਾਂ ਤੋਂ ਹਿੰਦੀ ਫ਼ਿਲਮਾਂ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ਕਰ ਸਕਦੀ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਆਲੀਆ ਅਨੁਸਾਰ ‘ਮੈਂ ਜੇਕਰ ਪਾਪਾ ਦੀ ਫ਼ਿਲਮ ਤੋਂ ਸ਼ੁਰੂਆਤ ਕਰਦੀ ਤਾਂ ਲੋਕ ਸੋਚਦੇ ਕਿ ਮੈਂ ਜ਼ਿਆਦਾ ਮਿਹਨਤ ਨਹੀਂ ਕੀਤੀ ਅਤੇ ਮੇਰੇ ਵਿਚ ਕਾਬਲੀਅਤ ਨਹੀਂ ਹੈ। ਇਸ ਲਈ ਘਰੇਲੂ ਬੈਨਰ ਦੀ ਬਜਾਏ ਕਰਨ ਜੌਹਰ ਦੀ ਫ਼ਿਲਮ ‘ਸਟੂਡੈਂਟ ਆਫ ਦਿ ਯੀਅਰ’ ਤੋਂ ਫ਼ਿਲਮਾਂ ਵਿਚ ਪ੍ਰਵੇਸ਼ ਕੀਤਾ। ਇਸ ਫ਼ਿਲਮ ਲਈ 400 ਲੜਕੀਆਂ ਦੀ ਸਕਰੀਨਿੰਗ ਤੋਂ ਬਾਅਦ ਮੇਰੀ ਚੋਣ ਹੋਈ। ਇਸ ਨਾਲ ਮੇਰੇ ਵਿਚ ਵਿਸ਼ਵਾਸ ਪੈਦਾ ਹੋਇਆ ਅਤੇ ਆਪਣੇ ਕੰਮ ਪ੍ਰਤੀ ਆਤਮ ਸੰਤੁਸ਼ਟੀ ਹੋਈ ਜੋ ਕਿ ਪਾਪਾ ਦੀ ਫ਼ਿਲਮ ਤੋਂ ਸ਼ੁਰੂਆਤ ਕਰਨ ਤੋਂ ਕਦੇ ਨਹੀਂ ਮਿਲਣੀ ਸੀ।”
‘ਸਟੂਡੈਂਟ ਆਫ ਦਿ ਯੀਅਰ’ ਨੂੰ ਸ਼ਾਨਦਾਰ ਸਫਲਤਾ ਤਾਂ ਮਿਲੀ, ਪਰ ਇਸ ਵਿਚ ਉਸਦੇ ਅਭਿਨੈ ਦਾ ਜਾਦੂ ਨਹੀਂ ਚੱਲਿਆ ਸੀ। ਪਹਿਲੀ ਵਾਰ ਆਲੀਆ ਦੇ ਸ਼ਾਨਦਾਰ ਅਭਿਨੈ ਦੀ ਝਲਕ ਦਿਖੀ ਇਮਤਿਆਜ਼ ਅਲੀ ਨਿਰਦੇਸ਼ਤ ਫ਼ਿਲਮ ‘ਹਾਈਵੇਅ’ ਵਿਚ। ਇਸ ਫ਼ਿਲਮ ਵਿਚ ਉਸਨੇ ਦੱਸ ਦਿੱਤਾ ਕਿ ਉਹ ਸਮਰੱਥ ਅਭਿਨੇਤਰੀ ਹੈ। ਇਸ ਤੋਂ ਬਾਅਦ ‘ਉੜਤਾ ਪੰਜਾਬ’ ਅਤੇ ‘ਡੀਅਰ ਜ਼ਿੰਦਗੀ’ ਵਿਚ ਵੀ ਉਸ ਦੇ ਅਭਿਨੈ ਦੀ ਖ਼ੂਬ ਪ੍ਰਸ਼ੰਸਾ ਹੋਈ। ਦਰਸ਼ਕਾਂ ਦੇ ਨਾਲ ਨਾਲ ਸਮੀਖਿਅਕਾਂ ਦੀ ਨਜ਼ਰ ਵਿਚ ਵੀ ਉਹ ਪ੍ਰਤਿਭਾਸ਼ਾਲੀ ਅਭਿਨੇਤਰੀ ਬਣ ਕੇ ਉਭਰੀ। ਹੁਣ ਉਸਨੇ ‘ਰਾਜ਼ੀ’ ਤੋਂ ਅਭਿਨੈ ਦੇ ਆਪਣੇ ਸ਼ਾਨਦਾਰ ਸਫਰ ਨੂੰ ਨਵਾਂ ਆਯਾਮ ਦਿੱਤਾ ਹੈ।
ਆਪਣੀਆਂ ਸਮਕਾਲੀ ਅਭਿਨੇਤਰੀਆਂ ਦੇ ਮੁਕਾਬਲੇ ਆਲੀਆ ਨੇ ਬੇਹੱਦ ਘੱਟ ਸਮੇਂ ਵਿਚ ਹੁਨਰ ਅਤੇ ਲਗਨ ਨਾਲ ਸਥਾਈ ਪਛਾਣ ਬਣਾ ਲਈ ਹੈ। ਤਾਂ ਹੀ ਉਸ ਦੀਆਂ ਬੇਪਨਾਹ ਸੰਭਾਵਨਾਵਾਂ ਨੂੰ ਦੇਖਦੇ ਹੋਏ ਵੱਡੇ ਨਿਰਦੇਸ਼ਕ ਉਸ ਦੇ ਮੁਰੀਦ ਬਣ ਗਏ ਹਨ। ਕਰਨ ਜੌਹਰ, ਇਮਤਿਆਜ਼ ਅਲੀ, ਗੈਰੀ ਸ਼ਿੰਦੇ, ਜ਼ੋਯਾ ਅਖ਼ਤਰ ਅਤੇ ਮੇਘਨਾ ਗੁਲਜ਼ਾਰ ਤੋਂ ਬਾਅਦ ਹੁਣ ਆਲੀਆ ਇੱਕ ਹੋਰ ਸਨਮਾਨਤ ਨਿਰਦੇਸ਼ਕ ਅਸ਼ਵਨੀ ਅਇਰ ਤਿਵਾਰੀ ਦੇ ਨਿਰਦੇਸ਼ਨ ਵਿਚ ਅਭਿਨੈ ਕਰਦੀ ਹੋਈ ਨਜ਼ਰ ਆਏਗੀ। ਉਸ ਨੇ ਆਪਣੀ ਸੰਗੀਤਕ ਡਰਾਮਾ ਫ਼ਿਲਮ ਲਈ ਆਲੀਆ ਨਾਲ ਹੱਥ ਮਿਲਾਇਆ ਹੈ। ਆਲੀਆ ਫਿਲਹਾਲ ਜ਼ੋਆ ਅਖ਼ਤਰ ਦੀ ‘ਗੱਲੀ ਬੌਇ’, ਅਯਾਨ ਮੁਖਰਜੀ ਦੀ ‘ਬ੍ਰਹਮਾਸਤਰ’ ਅਤੇ ਅਭਿਸ਼ੇਕ ਵਰਮਨ ਦੀ ‘ਕਲੰਕ’ ਦੀ ਸ਼ੂਟਿੰਗ ਵਿਚ ਰੁਝੀ ਹੋਈ ਹੈ। -ਸੌਮਿਆ