1960ਵਿਆਂ ਦੇ ਦਹਾਕੇ ਵਿਚ ਆਪਣੀ ਉਮਦਾ ਨ੍ਰਿਤ ਸ਼ੈਲੀ ਅਤੇ ਦਿਲ-ਫਰੇਬ ਅਦਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੀ ਪੰਜਾਬੀ ਫ਼ਿਲਮਾਂ ਦੀ ਮਕਬੂਲ ਅਦਾਕਾਰਾ ਅਤੇ ਨਰਤਕੀ ਨਿਸ਼ੀ ਜਦੋਂ ਨੱਚਦੀ-ਨੱਚਦੀ ਉਚੀ ਛਾਲ ਮਾਰਦੀ ਸੀ ਤਾਂ ਇੰਜ ਜਾਪਦਾ ਸੀ ਜਿਵੇਂ ਅੰਬਰ ਧਰਤੀ ‘ਤੇ ਉਲਰ ਪਿਆ ਹੋਵੇ। ਉਸ ਦੇ ਨ੍ਰਿਤ ਦਾ ਮੁਕਾਬਲਾ ਕਰਨਾ ਪੰਜਾਬੀ ਫ਼ਿਲਮ ਦੇ ਕਿਸੇ ਦੂਜੇ ਹੀਰੋ ਜਾਂ ਹੀਰੋਇਨ ਦੇ ਵਸ ਦੀ ਗੱਲ ਨਹੀਂ ਹੁੰਦੀ ਸੀ। ਪੰਜਾਬੀ ਸਿਨਮਾ ਦੀ ਪਹਿਲੀ ਡਾਂਸਿੰਗ ਕੁਈਨ ਦਾ ਰੁਤਬਾ ਹਾਸਲ ਕਰਨ ਵਾਲੀ ਨਿਸ਼ੀ ਕੋਹਲੀ ਦਾ ਅਸਲੀ ਨਾਮ ਕ੍ਰਿਸ਼ਨਾ ਕੁਮਾਰੀ ਸੀ। ਉਸ ਦੀ ਨ੍ਰਿਤ ਕਾਬਲੀਅਤ ਵੱਲ ਵੇਖਦਿਆਂ ਹਰ ਪੰਜਾਬੀ ਫ਼ਿਲਮ ਵਿਚ ਉਸ ਉਪਰ ਫ਼ਿਲਮਾਏ ਭੰਗੜਾ ਗੀਤ ਸਫਲਤਾ ਦੀ ਗਰੰਟੀ ਮੰਨੇ ਜਾਂਦੇ ਸਨ।
ਨਿਸ਼ੀ ਦੀ ਪੈਦਾਇਸ਼ ਪਹਿਲੀ ਜਨਵਰੀ 1935 ਨੂੰ ਮਹਾਂ-ਪੰਜਾਬ ਦੇ ਸ਼ਹਿਰ ਸਿਆਲਕੋਟ (ਹੁਣ ਪਾਕਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਨਿਸ਼ੀ ਦੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਨਿਰਦੇਸ਼ਕ ਪੀæਐਲ਼ ਸੰਤੋਸ਼ੀ ਦੀ ਹਿੰਦੀ ਫ਼ਿਲਮ ‘ਪਾਗਲਖ਼ਾਨਾ’ (1952) ਤੋਂ ਹੋਈ ਪਰ ਪੈਸੇ ਦੀ ਕਮੀ ਕਾਰਨ ਇਹ ਫ਼ਿਲਮ ਪੂਰੀ ਨਾ ਹੋ ਸਕੀ। ਲਿਹਾਜ਼ਾ ਨਿਸ਼ੀ ਨੂੰ ਸਹਾਇਕ ਅਦਾਕਾਰਾ ਵਜੋਂ ਪਹਿਲਾ ਮੌਕਾ ਮਿਲਿਆ ਨਿਰਦੇਸ਼ਕ ਰਮੇਸ਼ ਸਹਿਗਲ ਦੀ ਫ਼ਿਲਮ ‘ਰੇਲਵੇ ਪਲੇਟਫਾਰਮ’ ਅਤੇ ਨਿਰਦੇਸ਼ਕ ਐਨæਕੇæ ਝੀਰੀ ਦੀ ਫ਼ਿਲਮ ‘ਚਾਰ ਪੈਸੇ’ (1955) ਵਿਚ। ਇਸ ਤੋਂ ਬਾਅਦ ਰਿਲੀਜ਼ ਹੋਈਆਂ ਤਕਰੀਬਨ 64 ਹਿੰਦੀ ਫ਼ਿਲਮਾਂ ਵਿਚ ਨਿਸ਼ੀ ਨੇ ਸਹਾਇਕ ਕਿਰਦਾਰ ਅਦਾ ਕੀਤੇ, ਪਰ ਉਹ ਆਪਣੇ ਆਪ ਨੂੰ ‘ਏ ਗਰੇਡ’ ਦੀ ਹੀਰੋਇਨ ਸਥਾਪਿਤ ਕਰਨ ਵਿਚ ਫਿਰ ਵੀ ਅਸਫਲ ਰਹੀ। ਨਿਊ ਸਨਰਾਈਜ਼ ਪ੍ਰੋਡਕਸ਼ਨ ਦੀ ਇਤਿਹਾਸਕ ਫ਼ਿਲਮ ‘ਸ਼ੇਰੇ-ਏ-ਵਤਨ’ (1971) ਨਿਸ਼ੀ ਦੀ ਦਾਰਾ ਸਿੰਘ ਨਾਲ ਆਖ਼ਰੀ ਹਿੰਦੀ ਫ਼ਿਲਮ ਸੀ। ਨਿਸ਼ੀ ਨੂੰ ਜੋ ਮਕਬੂਲੀਅਤ ਅਤੇ ਸ਼ੋਹਰਤ ਪੰਜਾਬੀ ਫ਼ਿਲਮਾਂ ਤੋਂ ਮਿਲੀ, ਉਹ ਹਿੰਦੀ ਫ਼ਿਲਮਾਂ ਤੋਂ ਚਾਹ ਕਿ ਵੀ ਨਾ ਮਿਲ ਸਕੀ।
1959 ਤੋਂ ਲੈ ਕੇ 1969 ਤਕ ਬਣੀਆਂ ਕੁੱਲ 14 ਪੰਜਾਬੀ ਫ਼ਿਲਮਾਂ ਵਿਚ ਨਿਸ਼ੀ ਨੇ ਆਪਣੀ ਬਿਹਤਰੀਨ ਅਦਾਕਾਰੀ ਅਤੇ ਬਾ-ਕਮਾਲ ਨ੍ਰਿਤ ਸ਼ੈਲੀ ਨਾਲ ਪੰਜਾਬੀ ਸਿਨਮਾ ਉਤੇ ਪੂਰੇ 10 ਸਾਲ ਰਾਜ ਕੀਤਾ। ਇਸ ਕਾਮਯਾਬੀ ਦਾ ਸਿਹਰਾ ਗੁਲੂਕਾਰਾ ਸ਼ਮਸ਼ਾਦ ਬੇਗ਼ਮ ਸਿਰ ਵੀ ਬੱਝਦਾ ਹੈ, ਜਿਸ ਦੀ ਖਣਕਦੀ ਬੁਲੰਦ ਆਵਾਜ਼ ‘ਤੇ ਨਿਸ਼ੀ ਦੀ ਅੱਡੀ ਦੀ ਧਮਕ ਦੇ ਸੁਮੇਲ ਨਾਲ ਸਮਾਂ ਕੀਲਿਆ ਜਾਂਦਾ ਸੀ। ਦੋਹਾਂ ਹਸਤੀਆਂ ਦਾ ਕਮਾਲ ਸੀ, ਜਿਨ੍ਹਾਂ ਸਦਕਾ ਭੰਗੜਾ ਗੀਤਾਂ ਨੂੰ ਪੰਜਾਬੀ ਫ਼ਿਲਮਾਂ ਵਿਚ ਪ੍ਰਮੁੱਖਤਾ ਤੇ ਸਤਿਕਾਰ ਮਿਲਿਆ। ਜਦੋਂ ਗੋਲਡਨ ਮੂਵੀਜ਼, ਬੰਬੇ ਦੇ ਬੈਨਰ ਹੇਠ ਫ਼ਿਲਮਸਾਜ਼ ਮੁਲਕ ਰਾਜ ਭਾਖੜੀ ਤੇ ਨਿਰਦੇਸ਼ਕ ਜੁਗਲ ਕਿਸ਼ੋਰ ਨੇ ‘ਭੰਗੜਾ’ (1959) ਫ਼ਿਲਮ ਬਣਾਈ, ਤਾਂ ਇਸ ਫ਼ਿਲਮ ਵਿਚ ਨਿਸ਼ੀ ਨੂੰ ਨਵੀਂ ਨ੍ਰਿਤਕੀ ਅਦਾਕਾਰਾ ਵਜੋਂ ਪੇਸ਼ ਕੀਤਾ ਗਿਆ। ਫ਼ਿਲਮ ਵਿਚ ਹੰਸਰਾਜ ਬਹਿਲ ਦੇ ਸੰਗੀਤ ਅਤੇ ਵਰਮਾ ਮਲਿਕ ਦੇ ਲਿਖੇ ਗੀਤਾਂ ਨੇ ਹਰ ਪਾਸੇ ਧੁੰਮਾਂ ਪਾ ਛੱਡੀਆਂ ਸਨ। ਨਿਸ਼ੀ ਤੇ ਫ਼ਿਲਮ ਅਦਾਕਾਰ ਸੁੰਦਰ ‘ਤੇ ਫ਼ਿਲਮਾਏ ਇਨ੍ਹਾਂ ਖ਼ੂਬਸੂਰਤ ਗੀਤਾਂ ਦੇ ਬੋਲ ਹਨ ‘ਰੱਬ ਨਾ ਕਰੇ ਜੇ ਚਲਾ ਜਾਏਂ ਤੂੰ ਵਿਚੜ ਕੇ’, ‘ਅੰਬੀਆਂ ਦੇ ਬੂਟਿਆਂ ‘ਤੇ ਲੱਗ ਗਿਆ ਬੂਰ ਨੀ’, ‘ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀ ਆਂ’ (ਸ਼ਮਸ਼ਾਦ ਬੇਗ਼ਮ)। ਨਿਰਦੇਸ਼ਕ ਜੁਗਲ ਕਿਸ਼ੋਰ ਦੀ ‘ਗੁੱਡੀ’ (1961) ਨਿਸ਼ੀ ਦੀ ਦੂਸਰੀ ਕਾਮਯਾਬ ਫ਼ਿਲਮ ਸੀ। ਹੰਸਰਾਜ ਬਹਿਲ ਦੀ ਮੌਸੀਕੀ ‘ਚ ਇਸ ਫ਼ਿਲਮ ‘ਚ ਨਿਸ਼ੀ ‘ਤੇ ਫ਼ਿਲਮਾਏ ਤਮਾਮ ਗੀਤ ਬੜੇ ਮਕਬੂਲ ਹੋਏ।
ਨਿਸ਼ੀ ਦੀ ਤੀਸਰੀ ਸੁਪਰਹਿਟ ਪੰਜਾਬੀ ਫ਼ਿਲਮ ਨਿਰਦੇਸ਼ਕ ਬਲਦੇਵ ਰਾਜ ਝੀਂਗਣ ਦੀ ‘ਜੀਜਾ ਜੀ’ (1962) ਸੀ। ਨਿਸ਼ੀ ਜਿੱਥੇ ਆਪਣੀ ਦਮਦਾਰ ਅਦਾਕਾਰੀ ਜ਼ਰੀਏ ਫ਼ਿਲਮਾਂ ‘ਚ ਛਾਈ ਰਹਿੰਦੀ ਸੀ ਉਥੇ ਉਸ ‘ਤੇ ਫ਼ਿਲਮਾਏ ਗੀਤਾਂ ਦਾ ਵੀ ਆਪਣਾ ਅਸਰ ਹੁੰਦਾ ਸੀ। ਨਿਸ਼ੀ ਦੇ ਨ੍ਰਿਤ ਦਾ ਮੁਕਾਬਲਾ ਕਰਨਾ ਉਸ ਦੇ ਹੀਰੋ ਦੇ ਵਸ ਦੀ ਗੱਲ ਨਹੀਂ ਹੁੰਦੀ ਸੀ। ਲਿਹਾਜ਼ਾ ਉਸ ਦੇ ਡਾਂਸ ਸਟੈਪਸ ਦਾ ਮੁਕਾਬਲਾ ਡਾਂਸ ਡਾਇਰੈਕਟਰ ਹੀ ਕਰ ਸਕਦਾ ਸੀ। ਇਸੇ ਸਾਲ ਹੀ ਰਿਲੀਜ਼ ਹੋਈ ਬਲਦੇਵ ਰਾਜ ਝੀਂਗਣ ਦੀ ਫ਼ਿਲਮ ‘ਬੰਤੋ’ ਸੀ। ਫ਼ਿਲਮ ‘ਚ ਨਿਸ਼ੀ, ਦਲਜੀਤ, ਹਰਬੰਸ ਭਾਪੇ (ਡਾਂਸ ਡਾਇਰੈਕਟਰ) ‘ਤੇ ਫ਼ਿਲਮਾਇਆ ਗਿਆ ਭੰਗੜਾ ਗੀਤ ‘ਬੰਤੇ ਦੀ ਟੋਰ ਵੱਖਰੀ’ ਜਿਸ ਨੂੰ ਮਹਿੰਦਰ ਕਪੂਰ, ਜਗਜੀਤ ਕੌਰ, ਕੋਰਸ ਨੇ ਗਾਇਆ, ਬਹੁਤ ਪਸੰਦ ਕੀਤਾ ਗਿਆ। ਨਿਰਦੇਸ਼ਕ ਰਾਜੇਸ਼ ਨੰਦਾ ਦੀ ‘ਢੋਲ ਜਾਨੀ’ (1962) ਵਿਚ ਨਿਸ਼ੀ ਨੇ ਸੜਕ ‘ਤੇ ਨੱਚਣ ਵਾਲੀ ਰਾਸਧਾਰੀਆਂ ਦੀ ਲੜਕੀ ‘ਬਿਸ਼ਨੀ’ ਦਾ ਪਾਰਟ ਬਾਖ਼ੂਬੀ ਅਦਾ ਕੀਤਾ। ਹਰੀ ਦਰਸ਼ਨ ਚਿੱਤਰ, ਬੰਬੇ ਦੇ ਬੈਨਰ ਹੇਠ ਰਿਲੀਜ਼ ਹੋਈ ਨਿਰਦੇਸ਼ਕ ਜੁਗਲ ਕਿਸ਼ੋਰ ਦੀ ਫ਼ਿਲਮ ‘ਲਾਜੋ’ (1963) ‘ਚ ਨਿਸ਼ੀ ਨੇ ‘ਲਾਜੋ’ ਨਾਮੀ ਪਾਤਰ ਅਦਾ ਕੀਤਾ।
ਸ਼ੰਕਰ ਮੂਵੀਜ਼, ਬੰਬੇ ਦੇ ਬੈਨਰ ਹੇਠ ਰਿਲੀਜ਼ ਹੋਈ ਫ਼ਿਲਮ ‘ਪਿੰਡ ਦੀ ਕੁੜੀ’ (1963) ਅਦਾਕਾਰਾ ਨਿਸ਼ੀ ਦੇ ਫ਼ਿਲਮੀ ਕਰੀਅਰ ਦਾ ਸਿਖ਼ਰ ਹੋ ਨਿਬੜੀ। ਨਿਸ਼ੀ ਦੇ ਪਤੀ ਰਾਜਕੁਮਾਰ ਕੋਹਲੀ ਦੀ ਨਿਰਦੇਸ਼ਨਾ ਵਿਚ ਬਣੀ ਇਸ ਪਹਿਲੀ ਫ਼ਿਲਮ ਵਿਚ ਨਿਸ਼ੀ ਨੇ ਪਿੰਡ ਦੀ ਕੁੜੀ ‘ਕਿਸ਼ਨੀ’ ਦਾ ਰੋਲ ਬੜੀ ਉਮਦਗੀ ਨਾਲ ਅਦਾ ਕੀਤਾ। ਹੀਰੋ ਦੇ ਕਿਰਦਾਰ ਵਿਚ ਰਵਿੰਦਰ ਕਪੂਰ ਸੀ ਜੋ ਨਿਸ਼ੀ ਦੇ ਨ੍ਰਿਤ ਸਟੈਪਸ ਨਾਲ ਕਾਫ਼ੀ ਹੱਦ ਆਪਣੇ ਸਟੈਪਸ ਮਿਲਾਉਣ ਦੀ ਕੋਸ਼ਿਸ਼ ਕਰ ਲੈਂਦਾ ਸੀ। ਫ਼ਿਲਮ ‘ਚ ਹੰਸਰਾਜ ਬਹਿਲ ਦੇ ਸੰਗੀਤ ਵਿਚ ਵਰਮਾ ਮਲਿਕ ਦੇ ਲਿਖੇ ਤਮਾਮ ਗੀਤਾਂ ਨੇ ਖ਼ੂਬ ਧੁੰਮਾਂ ਪਾਈਆਂ ਸਨ। ਬੱਚੇ-ਬੱਚੇ ਦੀ ਜ਼ੁਬਾਨ ‘ਤੇ ਚੜ੍ਹੇ ਇਨ੍ਹਾਂ ਗੀਤਾਂ ਦੇ ਬੋਲ ਹਨ- ‘ਲਾਈਆਂ ਤੇ ਤੋੜ ਨਿਭਾਵੀਂ ਛੱਡ ਕੇ ਨਾ ਜਾਵੀਂ’ (ਲਤਾ ਮੰਗੇਸ਼ਕਰ, ਮੁਹੰਮਦ ਰਫ਼ੀ), ‘ਮੈਨੂੰ ਤੇਰੇ ਪਿੱਛੇ ਸੱਜਣਾ ਕਦੀ ਰੋਣਾ ਪਿਆ ਕਦੀ ਹੱਸਣਾ’ (ਸੁਮਨ ਕਲਿਆਣਪੁਰ), ‘ਤੂੰਈਓਂ ਏਂ ਨਈ ਕੋਈ ਹੋ’ (ਸ਼ਮਸ਼ਾਦ ਬੇਗ਼ਮ) ਆਦਿ ਤੋਂ ਇਲਾਵਾ ਨਿਸ਼ੀ ਤੇ ਰਵਿੰਦਰ ਕਪੂਰ ‘ਤੇ ਫ਼ਿਲਮਾਇਆ ਸ਼ਮਸ਼ਾਦ ਬੇਗ਼ਮ ਤੇ ਮੁਹੰਮਦ ਰਫ਼ੀ ਦਾ ਭੰਗੜਾ ਗੀਤ ‘ਜ਼ੈਲਦਾਰਾ ਪੁੱਤ ਨੂੰ ਸਮਝਾ ਲੈ ਕਿ ਵੱਟੇ ਮਾਰੇ ਘੜਿਆਂ ਨੂੰ’ ਨਿਸ਼ੀ ਦੇ ਦਿਲਕਸ਼ ਨਾਚ ਦੀ ਇੰਤਹਾ ਸੀ। ਬਲਦੇਵ ਰਾਜ ਝੀਂਗਣ ਦੀ ਨਿਰਦੇਸ਼ਨਾ ‘ਚ ਰਾਜਕੁਮਾਰ ਕੋਹਲੀ ਨੇ ਜਦੋਂ ਆਪਣੇ ਹੋਮ ਪ੍ਰੋਡਕਸ਼ਨ ਦੀ ਦੂਸਰੀ ਫ਼ਿਲਮ ‘ਮੈਂ ਜੱਟੀ ਪੰਜਾਬ’ (1964) ਦੀ ਬਣਾਈ ਤਾਂ ਉਸ ਨੇ ਆਪਣੀ ਅਦਾਕਾਰਾ ਪਤਨੀ ਨਿਸ਼ੀ ਦੇ ਰੂ-ਬ-ਰੂ ਪ੍ਰੇਮ ਨਾਥ ਨੂੰ ਹੀਰੋ ਦਾ ਰੋਲ ਦਿੱਤਾ। ਮਾਹੇਸ਼ਵਰੀ ਪਿਕਚਰਜ਼, ਬੰਬੇ ਦੀ ਪਦਮ ਮਾਹੇਸ਼ਵਰੀ ਦੇ ਨਿਰਦੇਸ਼ਨ ਵਿਚ 1964 ਵਿਚ ਰਿਲੀਜ਼ ਹੋਈ ਫ਼ਿਲਮ ‘ਸਤਲੁਜ ਦੇ ਕੰਢੇ’, ਜਿਸ ਨੂੰ ਸਾਲ 1967 ਦੀ ਬਿਹਤਰੀਨ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਐਵਾਰਡ ਮਿਲਿਆ। ਨਿਸ਼ੀ ਦੇ ਡਬਲ ਰੋਲ ਵਾਲੀ ਇਸ ਫ਼ਿਲਮ ‘ਚ ਬਲਰਾਜ ਸਾਹਨੀ ਤੇ ਸੁਰੇਸ਼ ਨੇ ਹੀਰੋ ਦੀਆਂ ਭੂਮਿਕਾਵਾਂ ਨਿਭਾਈਆਂ ਸਨ। ਭਾਖੜਾ ਨੰਗਲ ਡੈਮ ਮੁੱਦੇ ਨੂੰ ਪ੍ਰਮੁੱਖਤਾ ਨਾਲ ਪੇਸ਼ ਕਰਨ ਵਾਲੀ ਇਸ ਸੁਪਰਹਿਟ ਫ਼ਿਲਮ ਨੂੰ ਕਈ ਵਾਰ ਰਾਸ਼ਟਰੀ ਚੈਨਲ ਦੂਰਦਰਸ਼ਨ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਹ ਨਿਸ਼ੀ ਦੀ ਸੰਜੀਦਾ ਤੇ ਅਹਿਮ ਵਿਸ਼ੇ ‘ਤੇ ਬਣੀ ਪਹਿਲੀ ਅਜਿਹੀ ਫ਼ਿਲਮ ਸੀ, ਜਿਸ ਵਿਚ ਉਸ ‘ਤੇ ਕੋਈ ਭੰਗੜਾ ਗੀਤ ਨਹੀਂ ਫ਼ਿਲਮਾਇਆ ਗਿਆ ਸੀ। ਪੰਜਾਬ ਫ਼ਿਲਮ ਆਰਟਸ, ਬੰਬੇ ਦੀ 1965 ਵਿਚ ਬਲਦੇਵ ਰਾਜ ਝੀਂਗਣ ਦੀ ਨਿਰਦੇਸ਼ਨਾ ‘ਚ ਰਿਲੀਜ਼ ਤੇ ਹਿੰਦ-ਚੀਨ ਜੰਗ ਦੇ ਵਿਸ਼ੇ ‘ਤੇ ਬਣੀ ਫ਼ਿਲਮ ‘ਧਰਤੀ ਵੀਰਾਂ ਦੀ’ ਵਿਚ ਨਿਸ਼ੀ ਨੇ ਜੀਤੋ ਦਾ ਕਿਰਦਾਰ ਅਦਾ ਕੀਤਾ। ਫ਼ਿਲਮ ਦਾ ਹੀਰੋ ਸੀ ਭੰਗੜੇ ਦਾ ਨਾਮੀ ਕੋਚ ਤੇ ਅਦਾਕਾਰ ਮਨੋਹਰ ਦੀਪਕ ਸੁਨਾਮੀ। ਪੰਜਾਬੀ ਫ਼ਿਲਮਾਂ ‘ਚ ਮਨੋਹਰ ਦੀਪਕ ਹੀ ਉਹ ਅਦਾਕਾਰ ਸੀ ਜੋ ਨਿਸ਼ੀ ਦੇ ਭੰਗੜਾ ਨ੍ਰਿਤ ਨੂੰ ਬਰਾਬਰ ਦੀ ਟੱਕਰ ਦੇ ਸਕਦਾ ਸੀ। ਨਿਰਦੇਸ਼ਕ ਬਲਦੇਵ ਰਾਜ ਝੀਂਗਣ ਦੀ ਸ਼ੇਰੇ ਪੰਜਾਬ ਫ਼ਿਲਮਜ਼, ਬੰਬੇ ਦੇ ਬੈਨਰ ਹੇਠ ਨੁਮਾਇਸ਼ ਹੋਈ ਫ਼ਿਲਮ ‘ਸੱਪਣੀ’ (1965) ‘ਚ ਨਿਸ਼ੀ ਨੇ ‘ਰੇਸ਼ਮੀ’ ਨਾਮੀ ਸੱਪਣੀ ਮੁਟਿਆਰ ਦਾ ਰੋਲ ਬੜੀ ਖ਼ੂਬਸੂਰਤੀ ਨਾਲ ਅਦਾ ਕੀਤਾ। ਰਾਜਕੁਮਾਰ ਕੋਹਲੀ ਦੇ ਬੈਨਰ ਸ਼ੰਕਰ ਮੂਵੀਜ਼ ਦੀ ਤੀਜੀ ਪੰਜਾਬੀ ਫ਼ਿਲਮ ‘ਦੁੱਲਾ ਭੱਟੀ’ (1966) ‘ਚ ਨਿਸ਼ੀ ਦੇ ਸਨਮੁੱਖ ਹੀਰੋ ਦਾ ਕਿਰਦਾਰ ਦਾਰਾ ਸਿੰਘ ਨੇ ਨਿਭਾਇਆ। ਫ਼ਿਲਮ ਦਾ ਸੰਗੀਤ ਐੱਸ ਮਦਨ ਅਤੇ ਗੀਤ ਵਰਮਾ ਮਲਿਕ ਦੇ ਲਿਖੇ ਸਨ। ਬਾਅਦ ‘ਚ ਕੋਹਲੀ ਨੇ ਇਸ ਫ਼ਿਲਮ ਨੂੰ ਹਿੰਦੀ ਵਿਚ ਡੱਬ ਕਰਕੇ ‘ਡੰਕਾ’ (1969) ਦੇ ਨਾਂਅ ਹੇਠ ਰਿਲੀਜ਼ ਕੀਤਾ। ਨਿਰਦੇਸ਼ਕ ਤੇ ਚਰਿੱਤਰ ਅਦਾਕਾਰ ਸਤੀਸ਼ ਛਾਬੜਾ ਦੀ ‘ਲਾਈਏ ਤੋੜ ਨਿਭਾਈਏ’ (1966) ਫ਼ਿਲਮ ‘ਚ ਨਿਸ਼ੀ ਦੇ ਨਾਲ ਹੀਰੋ ਦਾ ਰੋਲ ਰਵਿੰਦਰ ਕਪੂਰ ਨੇ ਅਦਾ ਕੀਤਾ।
1969 ਵਿਚ ਪੰਨਾਲਾਲ ਮਹੇਸ਼ਵਰੀ ਤੇ ਰਾਮ ਮਹੇਸ਼ਵਰੀ ਦੇ ਨਿਰਦੇਸ਼ਨ ‘ਚ ਰਿਲੀਜ਼ ਹੋਈ ਕਲਪਨਾ ਲੋਕ, ਬੰਬੇ ਦੀ ਧਾਰਮਿਕ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ‘ਚ ਨਿਸ਼ੀ ਦੇ ਸਨਮੁੱਖ ਹੀਰੋ ਦਾ ਕਿਰਦਾਰ ਸੁਰੇਸ਼ ਨੇ ਨਿਭਾਇਆ। ਪੰਜਾਬੀ ਫ਼ਿਲਮ ਇਤਿਹਾਸ ‘ਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਾਲੀ ਇਸ ਧਾਰਮਿਕ ਫ਼ਿਲਮ ਨੂੰ ਬਿਹਤਰੀਨ ਪੰਜਾਬੀ ਫ਼ਿਲਮ ਦਾ ਰਾਸ਼ਟਰੀ ਐਵਾਰਡ ਅਤੇ ਐਸ ਮੋਹਿੰਦਰ ਨੂੰ ਉਮਦਾ ਮੌਸੀਕਾਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। 3 ਅਪਰੈਲ, 1970 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ ਇਹ ਕਾਮਯਾਬ ਧਾਰਮਿਕ ਪੰਜਾਬੀ ਫ਼ਿਲਮ ਨਿਸ਼ੀ ਦੇ ਫ਼ਿਲਮ ਕਰੀਅਰ ਦੀ ਆਖ਼ਰੀ ਫ਼ਿਲਮ ਸਾਬਤ ਹੋਈ।
ਦਾਦਾ ਸਾਹਿਬ ਫਾਲਕੇ ਅਕੈਡਮੀ ਐਵਾਰਡ ਨਾਲ ਸਨਮਾਨਿਤ 83 ਸਾਲਾ ਨਿਸ਼ੀ ਅੱਜ ਕੱਲ੍ਹ ਫ਼ਿਲਮੀ ਦੁਨੀਆਂ ਤੋਂ ਕੋਹਾਂ ਦੂਰ ਮੁੰਬਈ ਵਿਖੇ ਆਪਣੇ ਪਤੀ ਰਾਜਕੁਮਾਰ ਕੋਹਲੀ ਤੇ ਅਦਾਕਾਰ ਫਰਜ਼ੰਦ ਅਰਮਾਨ ਕੋਹਲੀ ਤੇ ਧੀ ਗੋਗੀ ਕੋਹਲੀ ਨਾਲ ਜ਼ਿੰਦਗੀ ਬਸਰ ਕਰ ਰਹੀ ਹੈ। – ਮਨਦੀਪ ਸਿੰਘ ਸਿੱਧੂ