ਟਰੰਪ ਨੇ ਪਰਵਾਸੀਆਂ ਬਾਰੇ ਪਲਟਿਆ ਫੈਸਲਾ

ਨਿਊ ਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਵਿਵਾਦਗ੍ਰਸਤ ਇਮੀਗ੍ਰੇਸ਼ਨ ਨੀਤੀ ਤਹਿਤ ਮਾਪਿਆਂ ਨੂੰ ਬੱਚਿਆਂ ਤੋਂ ਵੱਖ ਕਰਨ ਦਾ ਫੈਸਲਾ ਵਾਪਸ ਲੈ ਲਿਆ। ਇਹ ਪਹਿਲੀ ਵਾਰ ਹੈ ਜਦੋਂ ਟਰੰਪ ਆਪਣੇ ਕਿਸੇ ਫੈਸਲੇ ਤੋਂ ਪਿੱਛੇ ਹਟਿਆ ਹੈ। ਟਰੰਪ ਵੱਲੋਂ ਆਪਣੇ ਫੈਸਲੇ ਤੋਂ ਪਿੱਛੇ ਹਟਣ ਦੀ ਵੱਡੇ ਪੱਧਰ ਉਤੇ ਚਰਚਾ ਹੋ ਰਹੀ ਹੈ। ਇਹ ਵੀ ਚਰਚਾ ਹੈ ਕਿ ਟਰੰਪ ਆਪਣੀ ਧੀ ਅਤੇ ਪਤਨੀ ਵੱਲੋਂ ਪਾਏ ਦਬਾਅ ਕਾਰਨ ਫੈਸਲੇ ਤੋਂ ਪਿੱਛੇ ਹਟਿਆ ਹੈ। ਇਹ ਵੀ ਆਖਿਆ ਜਾ ਰਿਹਾ ਹੈ ਕਿ

ਅਮਰੀਕਾ-ਮੈਕਸਿਕੋ ਸਰਹੱਦ ਉੱਤੇ ਪਰਵਾਸੀਆਂ ਦੇ ਪਰਿਵਾਰਾਂ ਵਿਰੁੱਧ ਕਾਰਵਾਈ ਦੌਰਾਨ ਬੱਚਿਆਂ ਨੂੰ ਪਿੰਜਰਿਆਂ ਵਿਚ ਪਾਉਣ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਰੋਣ ਦੀਆਂ ਆਵਾਜ਼ਾਂ ਦੀਆਂ ਆਡੀਓਜ਼ ਸਾਹਮਣੇ ਆਉਣ ਬਾਅਦ ਵਿਸ਼ਵ ਭਰ ਵਿਚ ਅਮਰੀਕੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਹੋਣ ਲੱਗਾ ਸੀ, ਜਿਸ ਪਿੱਛੋਂ ਟਰੰਪ ਨੇ ਫੈਸਲਾ ਵਾਪਸ ਲੈਣ ਵਿਚ ਹੀ ਭਲਾਈ ਸਮਝੀ।
ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਟਰੰਪ ਆਪਣੇ ਕਿਸੇ ਫੈਸਲੇ ਤੋਂ ਪਿੱਛੇ ਹਟਿਆ ਹੈ। ਦੱਸ ਦਈਏ ਕਿ ਫੈਸਲਾ ਪਲਟਣ ਤੋਂ ਇਕ ਦਿਨ ਪਹਿਲਾਂ ਟਰੰਪ ਦੇ ਦਾਅਵਾ ਕੀਤਾ ਸੀ ਕਿ ਪਰਵਾਸੀ ਲੋਕ ਹਤਿਆਰੇ ਜਾਂ ਚੋਰ ਵੀ ਹੋ ਸਕਦੇ ਹਨ। ਪਰ ਇਸ ਨੀਤੀ ਦਾ ਪੂਰੇ ਦੇਸ਼ ਵਿਚ ਵਿਰੋਧ ਸ਼ੁਰੂ ਹੋ ਗਿਆ। ਇਥੋਂ ਤੱਕ ਦੀ ਟਰੰਪ ਦੀ ਧੀ ਤੇ ਪਤਨੀ ਵੀ ਇਸ ਦੇ ਵਿਰੋਧ ਵਿਚ ਖੜ੍ਹ ਗਈਆਂ। ਟਰੰਪ ਦੀ ਪਤਨੀ ਨੇ ਤਾਂ ਇਥੋਂ ਤੱਕ ਆਖ ਦਿੱਤਾ ਸੀ ਕਿ ਇਸ ਨਾਲ ਨਫਰਤ ਹੀ ਫੈਲੇਗੀ। ਟਰੰਪ ਦੀ ਪਾਰਟੀ ਦੇ ਕਈ ਸੰਸਦ ਮੈਂਬਰਾਂ ਨੇ ਵੀ ਇਸ ਨੀਤੀ ਦਾ ਵਿਰੋਧ ਕੀਤਾ ਸੀ। ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਅਤੇ ਮਨੁੱਖੀ ਅਧਿਕਾਰਾਂ ਦੀ ਕਾਰਕੁਨ ਪ੍ਰੋਮਿਲਾ ਜੈਪਾਲ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਸ ਕੀਤੇ ਨਵੇਂ ਪ੍ਰਸ਼ਾਸਕੀ ਹੁਕਮਾਂ ਦੀ ਨਿਖੇਧੀ ਕੀਤੀ ਸੀ। ਇੰਨੇ ਵਿਆਪਕ ਵਿਰੋਧ ਪਿੱਛੋਂ ਵਾਈਟ ਹਾਊਸ ਵਿਚ ਪ੍ਰਸ਼ਾਸਕੀ ਹੁਕਮਾਂ ਉਤੇ ਸਹੀ ਪਾਉਂਦਿਆਂ ਰਾਸ਼ਟਰਪਤੀ ਨੇ ਆਖ ਦਿੱਤਾ ਕਿ ਪਰਿਵਾਰਾਂ ਨੂੰ ਵੱਖ ਹੁੰਦੇ ਦੇਖਣਾ ਉਨ੍ਹਾਂ ਨੂੰ ਪਸੰਦ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਹੱਦ ਪਾਰ ਕਰਦਾ ਜੇ ਕੋਈ ਫੜਿਆ ਜਾਂਦਾ ਹੈ ਤਾਂ ਉਸ ਦੇ ਵਿਰੁੱਧ ਫੌਜਦਾਰੀ ਕਾਰਵਾਈ ਹੋਵੇਗੀ ਅਤੇ ਸਰਹੱਦ ਪਾਰ ਤੋਂ ਪਰਵਾਸੀਆਂ ਦੀ ਗੈਰਕਾਨੂੰਨੀ ਆਮਦ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਅਪਣਾਈ ਪਰਵਾਸ ਨੀਤੀ ਤਹਿਤ ਅਧਿਕਾਰੀਆਂ ਵੱਲੋਂ ਸਰਹੱਦ ਪਾਰ ਤੋਂ ਆਏ ਪਰਵਾਸੀਆਂ ਨਾਲੋਂ ਉਨ੍ਹਾਂ ਦੇ ਬੱਚੇ ਵੱਖ ਕਰ ਦਿੱਤੇ ਗਏ ਸਨ। ਇਸ ਤੋਂ ਵਿਸ਼ਵ ਭਰ ਵਿਚ ਰੋਹ ਪੈਦਾ ਹੋ ਗਿਆ ਸੀ। ਪਿਛਲੇ ਕੁਝ ਮਹੀਨਿਆਂ ਵਿਚ ਇਸ ਨੀਤੀ ਤਹਿਤ ਕਰੀਬ 2500 ਬੱਚੇ ਮਾਪਿਆਂ ਨਾਲੋਂ ਵੱਖ ਕੀਤੇ ਜਾ ਚੁੱਕੇ ਹਨ।
____________________
ਜਦੋਂ ਪਰਵਾਸੀ ਬੱਚਿਆਂ ਨੂੰ ਮਿਲਣ ਪਹੁੰਚੀ ਮੇਲਾਨੀਆ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਨੇ ਅਮਰੀਕਾ ਮੈਕਸੀਕੋ ਸਰਹੱਦ ‘ਤੇ ਪਰਵਾਸੀ ਬੱਚਿਆਂ ਨਾਲ ਮੁਲਾਕਾਤ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਵਿਚੋਂ ਖਾਸ ਗੱਲ ਜੋ ਇੰਟਰਨੈੱਟ ‘ਤੇ ਛਾਈ ਹੋਈ ਹੈ, ਜਦੋਂ ਮੇਲਾਨੀਆ ਪਰਵਾਸੀ ਬੱਚਿਆਂ ਨੂੰ ਮਿਲਣ ਪਹੁੰਚੀ ਤਾਂ ਉਸ ਦੀ ਜੈਕਟ ਉਪਰ Ḕਮੈਨੂੰ ਕਿਸੇ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ, ਕੀ ਤੁਹਾਨੂੰ ਹੈ?’ ਲਿਖਿਆ ਹੋਇਆ ਸੀ। ਸਵਾਲ ਇਹ ਉੱਠ ਰਹੇ ਹਨ ਕਿ ਇਹ ਜੈਕਟ ਸੋਚ ਸਮਝ ਕੇ ਪਾਈ ਹੋਈ ਸੀ ਜਾਂ ਫਿਰ ਇਹ ਪ੍ਰਮੁੱਖ ਔਰਤ ਵੱਲੋਂ ਲੁਕਿਆ ਹੋਇਆ ਕੋਈ ਸੁਨੇਹਾ ਸੀ। ਉਨ੍ਹਾਂ ਦੀ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟੇਕਸਾਸ ਪਹੁੰਚਣ ਤੋਂ ਬਾਅਦ ਮੇਲਾਨੀਆ ਨੇ ਉਸ ਜੈਕਟ ਦੀ ਜਗ੍ਹਾ ਦੂਜੀ ਜੈਕਟ ਪਾ ਲਈ ਸੀ।