ਜੰਮੂ ਕਸ਼ਮੀਰ ‘ਚ ਅੱਠਵੀਂ ਵਾਰ ਗਵਰਨਰੀ ਰਾਜ

ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਪੀæਡੀæਪੀ-ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਗਵਰਨਰੀ ਰਾਜ ਲਾਗੂ ਹੋ ਗਿਆ ਹੈ। ਇਹ ਅੱਠਵੀਂ ਵਾਰ ਹੈ ਜਦੋਂ ਇਹ ਖਿੱਤਾ ਕੇਂਦਰੀ ਸ਼ਾਸਨ ਅਧੀਨ ਆਇਆ ਹੈ। ਸ੍ਰੀ ਐਨæਐਨæ ਵੋਹਰਾ ਦੇ ਰਾਜਪਾਲ ਵਜੋਂ ਕਾਰਜਕਾਲ ਦੌਰਾਨ ਰਾਜ ਵਿਚ ਕੇਂਦਰੀ ਰਾਜ ਲੱਗਣ ਦਾ ਇਹ ਚੌਥਾ ਮੌਕਾ ਹੈ। ਸਾਬਕਾ ਆਈæਏæਐਸ਼ ਅਫਸਰ ਵੋਹਰਾ 25 ਜੂਨ 2008 ਨੂੰ ਰਾਜਪਾਲ ਬਣੇ ਸਨ।

ਪਿਛਲੀ ਵਾਰ ਜੰਮੂ ਕਸ਼ਮੀਰ ਵਿਚ 8 ਜਨਵਰੀ 2016 ਨੂੰ ਗਵਰਨਰੀ ਰਾਜ ਲਾਗੂ ਕੀਤਾ ਗਿਆ ਸੀ ਜਦੋਂ ਉਸ ਵੇਲੇ ਦੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਦੀ ਮੌਤ ਤੋਂ ਬਾਅਦ ਪੀæਡੀæਪੀæ ਤੇ ਭਾਜਪਾ ਨੇ ਸਰਕਾਰ ਬਣਾਉਣ ਦਾ ਅਮਲ ਕੁਝ ਦਿਨਾਂ ਲਈ ਰੋਕ ਦਿੱਤਾ ਸੀ। ਰਾਜ ਵਿਚ ਪਹਿਲੀ ਵਾਰ ਮਾਰਚ 1977 ਵਿਚ ਕੇਂਦਰੀ ਸ਼ਾਸਨ ਲਾਗੂ ਕੀਤਾ ਗਿਆ ਸੀ ਜਦੋਂ ਕਾਂਗਰਸ ਨੇ ਸ਼ੇਖ ਅਬਦੁੱਲ੍ਹਾ ਦੀ ਨੈਸ਼ਨਲ ਕਾਨਫਰੰਸ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਸੀ।
ਜੰਮੂ-ਕਸ਼ਮੀਰ ਵਿਚ ਭਾਰਤੀ ਜਨਤਾ ਪਾਰਟੀ ਵਲੋਂ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀæਡੀæਪੀæ) ਨਾਲੋਂ ਨਾਤਾ ਤੋੜਨ ਦੇ ਐਲਾਨ ਨਾਲ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਅਸਤੀਫਾ ਦੇਣਾ ਪਿਆ ਅਤੇ ਇਕ ਵਾਰ ਫਿਰ ਪ੍ਰਾਂਤ ਵਿਚ 6 ਮਹੀਨੇ ਲਈ ਗਵਰਨਰੀ ਰਾਜ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ। ਚਾਹੇ ਇਨ੍ਹਾਂ ਦੋਵਾਂ ਹੀ ਪਾਰਟੀਆਂ ਵਿਚ ਮੁਢਲੇ ਸਿਧਾਂਤਕ ਮਤਭੇਦ ਰਹੇ ਹਨ ਪਰ ਸਾਲ 2015 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਸੀ ਮਿਲ ਸਕਿਆ। ਇਸ ਲਈ ਕਾਫੀ ਹਿਚਕਿਚਾਹਟ ਤੋਂ ਬਾਅਦ ਪੀæਡੀæਪੀæ ਦੇ ਆਗੂ ਮੁਫ਼ਤੀ ਮੁਹੰਮਦ ਸਈਦ ਦੀ ਅਗਵਾਈ ਵਿਚ ਭਾਜਪਾ ਅਤੇ ਪੀæਡੀæਪੀæ ਨੂੰ ਮਜਬੂਰਨ ਸਰਕਾਰ ਬਣਾਉਣੀ ਪਈ ਸੀ। ਕਿਉਂਕਿ 87 ਮੈਂਬਰਾਂ ਵਾਲੀ ਵਿਧਾਨ ਸਭਾ ਵਿਚ ਪੀæਡੀæਪੀæ ਦੇ 28, ਭਾਰਤੀ ਜਨਤਾ ਪਾਰਟੀ ਦੇ 25 ਮੈਂਬਰ ਚੁਣੇ ਗਏ ਸਨ, ਜਦੋਂ ਕਿ ਨੈਸ਼ਨਲ ਕਾਨਫਰੰਸ ਦੇ 15 ਤੇ ਕਾਂਗਰਸ ਦੇ 12 ਵਿਧਾਇਕ ਚੁਣੇ ਗਏ ਸਨ। 7 ਹੋਰ ਆਜ਼ਾਦ ਅਤੇ ਛੋਟੀਆਂ ਪਾਰਟੀਆਂ ਦੇ ਮੈਂਬਰ ਸਨ।
ਮੁਫ਼ਤੀ ਮੁਹੰਮਦ ਸਈਦ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫ਼ਤੀ ਨੇ ਭਾਜਪਾ ਨਾਲ ਲੰਮੀ ਗੱਲਬਾਤ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਸੀ। ਪਿਛਲੇ ਤਿੰਨ ਸਾਲ ਅਨੇਕਾਂ ਹੀ ਚੁਣੌਤੀਆਂ ਅਤੇ ਬੇਹੱਦ ਕਸ਼ਮਕਸ਼ ਦੌਰਾਨ ਇਹ ਸਰਕਾਰ ਚੱਲਦੀ ਰਹੀ। ਚਾਹੇ ਇਨ੍ਹਾਂ ਦੋਵਾਂ ਪਾਰਟੀਆਂ ਦੀ ਬਣੀ ਸਰਕਾਰ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਇਹ ਸਭ ਵਰਗਾਂ ਲਈ ਇਕ ਤਵਾਜ਼ਨ ਬਣਾ ਕੇ ਕਸ਼ਮੀਰ ਮਸਲੇ ਦਾ ਕੋਈ ਹੱਲ ਲੱਭਣ ਵਿਚ ਸਫਲ ਹੋਵੇਗੀ ਪਰ ਇਸ ਮਸਲੇ ‘ਤੇ ਮਹਿਬੂਬਾ ਮੁਫ਼ਤੀ ਦੀ ਸਰਕਾਰ ਬੁਰੀ ਤਰ੍ਹਾਂ ਪੱਛੜ ਗਈ। ਨਾ ਸਿਰਫ ਪਾਕਿਸਤਾਨ ਤੋਂ ਸਿੱਖਿਅਕ ਅਤਿਵਾਦੀ ਇਧਰ ਕਾਰਵਾਈਆਂ ਕਰਦੇ ਰਹੇ, ਸਗੋਂ ਕਸ਼ਮੀਰ ਘਾਟੀ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਅਤਿਵਾਦੀ ਆਪਣੇ ਸੰਗਠਨਾਂ ਵਿਚ ਸ਼ਾਮਲ ਕਰਨ ਵਿਚ ਸਫਲ ਹੁੰਦੇ ਰਹੇ।
ਲੱਖ ਯਤਨਾਂ ਦੇ ਬਾਵਜੂਦ ਸਰਕਾਰ ਅਤਿਵਾਦ ਨੂੰ ਦਬਾਉਣ ਤੋਂ ਅਸਮਰੱਥ ਰਹੀ। ਮਹਿਬੂਬਾ ਮੁਫ਼ਤੀ ਅਤਿਵਾਦੀ ਸੰਗਠਨਾਂ ਅਤੇ ਪਾਕਿਸਤਾਨ ਨਾਲ ਗੱਲਬਾਤ ਨੂੰ ਤਰਜੀਹ ਦਿੰਦੀ ਰਹੀ ਪਰ ਦੂਜੇ ਪਾਸੇ ਪਾਕਿਸਤਾਨ ਕਸ਼ਮੀਰ ਵਿਚ ਗੜਬੜ ਫੈਲਾਈ ਰੱਖਣ ਦੀਆਂ ਆਪਣੀਆਂ ਕਾਰਵਾਈਆਂ ‘ਤੇ ਚੱਲਦਾ ਰਿਹਾ। ਜੈਸ਼-ਏ-ਮੁਹੰਮਦ, ਲਸ਼ਕਰ-ਏ-ਤਾਇਬਾ ਅਤੇ ਹਿਜ਼ਬੁਲ ਮੁਜਾਹਦੀਨ ਵਰਗੇ ਸੰਗਠਨ ਪਾਕਿਸਤਾਨ ਤੋਂ ਆਪਣੀਆਂ ਕਾਰਵਾਈਆਂ ਚਲਾਉਂਦੇ ਰਹੇ। ਘਾਟੀ ਵਿਚ ਪੈਦਾ ਹੋਈ ਅਸ਼ਾਂਤੀ ਵਧਦੀ ਗਈ। ਇਕ ਤਰ੍ਹਾਂ ਨਾਲ ਇਹ ਸਰਕਾਰ ਅਤੇ ਫੌਜ ਲਈ ਵੱਡੀ ਚੁਣੌਤੀ ਬਣ ਗਈ ਹੈ। ਬਹੁਤ ਸਾਰੇ ਸਥਾਨਕ ਲੋਕ ਅਤਿਵਾਦੀਆਂ ਦੇ ਪ੍ਰਚਾਰ ਦੀ ਭਾਵਨਾ ਵਿਚ ਵਹਿ ਗਏ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ। ਪਿਛਲੇ ਚਾਰ ਦਹਾਕਿਆਂ ਤੋਂ ਰਾਜ ਦੇ ਹਾਲਾਤ ਵਿਚ ਸੁਧਾਰ ਨਹੀਂ ਹੋ ਸਕਿਆ। ਜੰਮੂ-ਕਸ਼ਮੀਰ ਦੇ ਗਵਰਨਰ ਐਨæਐਨæ ਵੋਹਰਾ ਲਗਭਗ ਪਿਛਲੇ 10 ਸਾਲ ਤੋਂ ਪ੍ਰਾਂਤ ਦੇ ਗਵਰਨਰ ਹਨ। ਇਸ ਸਮੇਂ ਵਿਚ ਚੌਥੀ ਵਾਰ ਹੁਣ ਗਵਰਨਰੀ ਰਾਜ ਲਾਗੂ ਕੀਤਾ ਗਿਆ ਹੈ।
_____________________
ਪੀæਡੀæਪੀ-ਭਾਜਪਾ ਤੋੜ-ਵਿਛੋੜਾ ‘ਫਿਕਸਡ ਮੈਚ’?
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਮੀਤ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੀæਡੀæਪੀæ ਤੇ ਭਾਜਪਾ ਦੇ ਹਾਲੀਆ ਤੋੜ-ਵਿਛੋੜੇ ਨੂੰ Ḕਵਧੀਆ ਫਿਕਸਡ ਮੈਚ’ ਕਰਾਰ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋਵਾਂ ਪਾਰਟੀਆਂ ਨੇ ਇਹ ਤੋੜ-ਵਿਛੋੜਾ Ḕਬੜਾ ਗਿਣ ਮਿੱਥ ਕੇ’ ਕੀਤਾ ਹੈ, ਜਿਸ ਦੀ ਕਹਾਣੀ ਬੌਲੀਵੁੱਡ ਫਿਲਮਾਂ ਦੇਖ ਕੇ ਪਹਿਲਾਂ Ḕਲਿਖੀ ਗਈ’ ਸੀ।
______________
ਮਹਿਬੂਬਾ ਨੇ ਘੇਰਿਆ ਭਾਜਪਾ ਦਾ ਸ਼ਾਹ
ਸ੍ਰੀਨਗਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਵੱਲੋਂ ਜੰਮੂ ਵਿਚ ਇਕ ਰੈਲੀ ਦੌਰਾਨ ਲਾਏ ਗਏ ਦੋਸ਼ਾਂ ਮਗਰੋਂ ਜਵਾਬੀ ਵਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਸ੍ਰੀ ਸ਼ਾਹ ਵੱਲੋਂ ਕੀਤੇ ਗਏ ਸਾਰੇ ਦਾਅਵੇ Ḕਬੇਬੁਨਿਆਦ’ ਹਨ। ਜੰਮੂ-ਕਸ਼ਮੀਰ ਗੱਠਜੋੜ ਸਰਕਾਰ ਦੀ ਅਗਵਾਈ ਕਰਨ ਵਾਲੀ ਸਾਬਕਾ ਮੁੱਖ ਮੰਤਰੀ ਨੇ ਲੜੀਵਾਰ ਟਵੀਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਮਿੱਥੇ ਗਏ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤੋਂ ਕਦੇ ਵੀ ਥਿੜਕੀ ਨਹੀਂ। ਮੁਫਤੀ ਨੇ ਕਿਹਾ ਕਿ ਭਾਜਪਾ ਵੱਲੋਂ ਖੁਦ ਹੀ ਬਣਾਏ ਗੱਠਜੋੜ ਦੀ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ ਅਫਸੋਸਜਨਕ ਹੈ।