ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਨੂੰ ਸੱਤਾ ਮਿਲਣ ਦੇ ਸਵਾ ਸਾਲ ਬੀਤਣ ਦੇ ਬਾਅਦ ਵੀ ਬਹੁਤੇ ਕਾਂਗਰਸੀਆਂ ਦੇ ਚਾਅ ਅਜੇ ਅਧੂਰੇ ਹੀ ਨਜ਼ਰ ਆ ਰਹੇ ਹਨ। ਵਿਧਾਨ ਸਭਾ ਚੋਣਾਂ ਮੌਕੇ ਟਿਕਟਾਂ ਨਾ ਲੈ ਸਕਣ ਵਾਲੇ ਆਗੂਆਂ ਸਮੇਤ ਸੈਂਕੜੇ ਕਾਂਗਰਸੀ ਸਰਕਾਰ ‘ਚ ਚੇਅਰਮੈਨੀਆਂ ਦੀ ਕੁਰਸੀ ਵੱਲ ਨਿਗਾਹ ਟਿਕਾ ਕੇ ਬੈਠੇ ਹਨ। ਵਧੀਆ ਵਿਭਾਗ ਦੀ ਚੇਅਰਮੈਨੀ ਲੈਣ ਲਈ ਕਾਂਗਰਸੀਆਂ ‘ਚ ਜ਼ੋਰ ਅਜ਼ਮਾਇਸ਼ ਹੋ ਰਹੀ ਹੈ।
ਪੰਜਾਬ ਵਿਚਲੇ ਕਾਂਗਰਸੀ ਆਗੂ ਆਪੋ ਆਪਣੇ ਸਥਾਨਕ ਸਿਆਸੀ ਆਕਾਵਾਂ ਦੇ ਇਲਾਵਾ Ḕਦਿੱਲੀ ਦਰਬਾਰ’ ਵਿਚ ਬੈਠੇ ਦਿੱਗਜ ਕਾਂਗਰਸੀ ਆਗੂਆਂ ਤੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿਫਾਰਸ਼ਾਂ ਲਗਵਾਉਣ ਦਾ ਜੁਗਾੜ ਜ਼ੋਰਾਂ ‘ਤੇ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਾਹਕੋਟ ਉਪ-ਚੋਣ ਤੋਂ ਪਹਿਲਾਂ ਕਾਂਗਰਸੀ Ḕਯੁਵਰਾਜ’ ਰਾਹੁਲ ਗਾਂਧੀ ਵੱਲੋਂ ਵੀ ਕੈਪਟਨ ਨੂੰ ਕਈ ਕਾਂਗਰਸੀ ਆਗੂਆਂ ਦੀ ਸੂਚੀ ਭੇਜ ਕੇ ਕਿਤੇ ਨਾ ਕਿਤੇ Ḕਐਡਜਸਟ’ ਕਰਨ ਲਈ ਕਿਹਾ ਗਿਆ ਸੀ, ਪਰ ਚੇਅਰਮੈਨੀਆਂ ਵੰਡਣ ਦਾ ਕੰਮ ਕਿਸੇ ਨਾ ਕਿਸੇ ਕਾਰਨ ਲਟਕਦਾ ਰਿਹਾ। ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਚੇਅਰਮੈਨੀਆਂ ਨੂੰ ਲੈ ਕੇ ਕੀਤੀ ਕਿੰਤੂ-ਪ੍ਰੰਤੂ ਦੇ ਚੱਲਦੇ ਕੈਪਟਨ ਚੇਅਰਮੈਨੀਆਂ ਦੀ ਵੰਡ ‘ਚ ਕਿਸੇ ਕਿਸਮ ਦੀ ਕਾਹਲੀ ਨਹੀਂ ਕਰਨਾ ਚਾਹੁੰਦੇ ਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਇਲਾਵਾ ਸਬੰਧਤ ਹਲਕਿਆਂ ਦੇ ਮੰਤਰੀਆਂ ਨਾਲ ਵੀ ਪੂਰੀ ਸਲਾਹ ਕੀਤੀ ਜਾ ਰਹੀ ਹੈ ਤਾਂ ਜੋ ਚੇਅਰਮੈਨੀਆਂ ਦੀ ਵੰਡ ਮਗਰੋਂ ਮੰਤਰੀ ਮੰਡਲ ਵਿਸਥਾਰ ਵਾਂਗ ਕੋਈ ਕਾਟੋ ਕਲੇਸ਼ ਨਾ ਖੜ੍ਹਾ ਹੋ ਜਾਵੇ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਅਨੁਸਾਰ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਲਈ ਇਕ ਵਕਾਰੀ ਅਹੁਦਾ ਤਲਾਸ਼ ਕੇ ਉਨ੍ਹਾਂ ਦੀ ਨਿਯੁਕਤੀ ਜਲਦ ਕੀਤੀ ਜਾ ਰਹੀ ਹੈ, ਜਿਸ ਨੂੰ ਦਿੱਲੀ ਦਰਬਾਰ ਵੱਲੋਂ ਹਰੀ ਝੰਡੀ ਮਿਲੀ ਦੱਸੀ ਜਾ ਰਹੀ ਹੈ। ਕੁਝ ਵਿਧਾਇਕ ਹਾਲਾਂਕਿ ਮੰਤਰੀ ਮੰਡਲ ‘ਚ ਸ਼ਾਮਲ ਨਾ ਕੀਤੇ ਜਾਣ ਦੀ ਨਾਰਾਜ਼ਗੀ ਦੇ ਚਲਦੇ ਅਜੇ ਵੀ ਕੋਈ ਚੇਅਰਮੈਨੀ ਲੈਣ ‘ਚ ਦਿਲਚਸਪੀ ਨਹੀਂ ਦਿਖਾ ਰਹੇ, ਪਰ ਬੋਰਡ, ਕਾਰਪੋਰੇਸ਼ਨਾਂ ਤੇ ਹੋਰ ਵਿਭਾਗਾਂ ‘ਚ ਕੁਰਸੀਆਂ ਲੈਣ ਦੇ ਚਾਹਵਾਨਾਂ ਦੀ ਸੂਚੀ ਲੰਮੀ ਦੱਸੀ ਜਾ ਰਹੀ ਹੈ।
ਸੂਚਨਾ ਅਨੁਸਾਰ ਸਰਕਾਰ ਚੇਅਰਮੈਨੀਆਂ ਦੇ ਨਾਲ-ਨਾਲ ਸਬੰਧਤ ਵਿਭਾਗਾਂ ਤੇ ਬੋਰਡ, ਕਾਰਪੋਰੇਸ਼ਨਾਂ ‘ਚ ਮੈਂਬਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਸਬੰਧੀ ਵੀ ਤਿਆਰੀ ਕਰ ਰਹੀ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਦੀ ਨਿਯੁਕਤੀ ਵੇਲੇ ਜ਼ਿਆਦਾ ਤਜਰਬੇ ਵਾਲੀਆਂ ਮਹਿਲਾ ਆਗੂਆਂ ਨੂੰ ਅੱਖੋਂ ਪਰੋਖੇ ਕਰਨ ਨੂੰ ਲੈ ਕੇ ਭਾਵੇਂ ਵਿਵਾਦ ਖੜ੍ਹਾ ਹੋ ਗਿਆ ਸੀ, ਪਰ ਇਸ ਕਮਿਸ਼ਨ ਦੇ ਹੋਰ ਮੈਂਬਰ ਤੇ ਅਹੁਦੇਦਾਰਾਂ ਦੀ ਨਿਯੁਕਤੀ ਲਈ ਵੀ ਸਰਕਾਰ ਨੇ ਤਿਆਰੀ ਖਿੱਚ ਲਈ ਹੈ।