ਬਦਲਵੀਂ ਖੇਤੀ ਦਾ ਨਾਅਰਾ ਮਾਲਵੇ ਦੀ ਕਿਸਾਨੀ ‘ਤੇ ਪਿਆ ਭਾਰੀ

ਚੰਡੀਗੜ੍ਹ: ਪੰਜਾਬ ਦੀ ਕਿਸਾਨੀ ਨੂੰ ਆਏ ਦਿਨ ਕੋਈ ਨਾ ਕੋਈ ਮਾਰ ਸਹਿਣੀ ਪੈ ਰਹੀ ਹੈ। ਮਾਲਵਾ ਖਿੱਤੇ ਵਿਚ ਪੈਰਾਬਿਲਟ ਨਾਂ ਦੀ ਬਿਮਾਰੀ ਨਰਮੇ ਦੀ ਫਸਲ ਨੂੰ ਤਬਾਹ ਕਰ ਰਹੀ ਹੈ। ਇਸ ਬੀਮਾਰੀ ਨੇ ਤਲਵੰਡੀ ਸਾਬੋ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਨਰਮੇ ਦੀ ਫਸਲ ਨੂੰ ਲਪੇਟ ਵਿਚ ਲੈ ਲਿਆ ਹੈ ਅਤੇ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਈ ਹੈ। ਕਈ ਪਿੰਡਾਂ ਦੇ ਕਿਸਾਨ ਨਰਮੇ ਦੀ ਸੁੱਕੀ ਫਸਲ ਵਾਹੁਣ ਲੱਗ ਪਏ ਹਨ ਜਦਕਿ ਖੇਤੀਬਾੜੀ ਮਹਿਕਮੇ ਵੱਲੋਂ ਪ੍ਰਭਾਵਿਤ ਖੇਤਾਂ ਵਿਚ ਲੱਗੇ ਟਿਊਬਵੈੱਲਾਂ ਦੇ ਲਏ ਸੈਂਪਲ ਫੇਲ੍ਹ ਹੋ ਗਏ ਹਨ।

ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਨਰਮਾ ਸੁੱਕਣ ਦਾ ਮੁੱਖ ਕਾਰਨ ਧਰਤੀ ਹੇਠਲਾ ਮਾੜਾ ਪਾਣੀ ਹੋਣਾ ਹੈ।
ਪਿੰਡ ਲਹਿਰੀ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮੀਂਹ ਪੈਣ ਤੋਂ ਦੋ ਘੰਟਿਆਂ ਬਾਅਦ ਹੀ ਉਨ੍ਹਾਂ ਦੀ ਨਰਮੇ ਦੀ ਤਿੰਨ ਏਕੜ ਫਸਲ ਸੁੱਕਣੀ ਸ਼ੁਰੂ ਹੋ ਗਈ। ਉਸ ਨੇ ਖੇਤੀਬਾੜੀ ਵਿਭਾਗ ਕੋਲੋਂ ਦਵਾਈ ਲਿਆ ਕੇ ਛਿੜਕਾਅ ਵੀ ਕੀਤਾ ਪਰ ਕੋਈ ਅਸਰ ਨਹੀਂ ਹੋਇਆ। ਕਿਸਾਨ ਜਗਸੀਰ ਸਿੰਘ ਲਹਿਰੀ ਨੇ ਦੱਸਿਆ ਕਿ ਮੀਂਹ ਪੈਣ ਤੋਂ ਕੁਝ ਘੰਟੇ ਬਾਅਦ ਹੀ ਉਸ ਦਾ ਦੋ ਏਕੜ ਨਰਮਾ ਸੁੱਕਣਾ ਸ਼ੁਰੂ ਹੋ ਗਿਆ। ਪਿੰਡ ਨੰਗਲਾ ਦੇ ਕਿਸਾਨ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਆਗੂ ਬਹੱਤਰ ਸਿੰਘ ਨੰਗਲਾ ਦੀ ਠੇਕੇ ਉਤੇ ਲਈ ਸੱਤ ਏਕੜ, ਗੁਰਮੀਤ ਸਿੰਘ ਨੰਗਲਾ ਦੀ ਤਿੰਨ ਏਕੜ, ਨਾਜ਼ਮ ਸਿੰਘ ਨੰਗਲਾ ਦੀ ਸੱਤ ਏਕੜ ਅਤੇ ਅਵਤਾਰ ਸਿੰਘ ਨੰਗਲਾ ਦੀ ਦੋ ਏਕੜ ਫਸਲ ਤਬਾਹ ਹੋ ਗਈ। ਪਿੰਡ ਲਹਿਰੀ ਦੇ ਕਿਸਾਨ ਅਮਨਦੀਪ ਸਿੰਘ ਦੀ ਸੱਤ ਏਕੜ ਤੋਂ ਇਲਾਵਾ ਸੀਂਗੋ ਦੇ ਕਿਸਾਨ ਅਮਨਦੀਪ ਸਿੰਘ ਦੀ ਦੋ ਏਕੜ ਅਤੇ ਅਮਨਦੀਪ ਸਿੰਘ ਅਤੇ ਬੂਟਾ ਸਿੰਘ ਦੀ ਫਸਲ ਤਬਾਹ ਹੋ ਗਈ ਹੈ।
ਇਸੇ ਤਰ੍ਹਾਂ ਪਿੰਡ ਮਲਕਾਣਾ ਵਿਚ ਵੀ ਕਿਸਾਨਾਂ ਦੀ 25 ਏਕੜ ਦੇ ਕਰੀਬ ਨਰਮੇ ਦੀ ਫਸਲ ਸੁੱਕ ਚੁੱਕੀ ਹੈ। ਪਿੰਡ ਦੇ ਕਿਸਾਨ ਰਜਿੰਦਰ ਸਿੰਘ ਨੇ ਨਰਮੇ ਦੀ ਖਰਾਬ ਫਸਲ ਟਰੈਕਟਰ ਨਾਲ ਵਾਹ ਦਿੱਤੀ ਹੈ ਅਤੇ ਬਾਕੀ ਕਿਸਾਨ ਵਾਹੁਣ ਦੀ ਤਿਆਰੀ ਵਿਚ ਹਨ। ਕਿਸਾਨ ਅੰਮ੍ਰਿਤਪਾਲ ਸਿੰਘ ਮਲਕਾਣਾ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਦੇ ਕਹਿਣ ਉਤੇ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਵੀ ਅੱਗ ਨਹੀਂ ਲਾਈ ਅਤੇ ਨਰਮਾ ਵੀ ਵਿਭਾਗ ਦੇ ਕਹਿਣ ਅਨੁਸਾਰ ਬੈੱਡਾਂ ਉਤੇ ਲਾਇਆ ਤਾਂ ਜੋ ਪਾਣੀ ਬੱਚਤ ਹੋ ਸਕੇ। ਨਰਮਾ ਫਿਰ ਵੀ ਖਰਾਬ ਹੋ ਰਿਹਾ ਹੈ ਪਰ ਹੁਣ ਵਿਭਾਗ ਕਹਿ ਰਿਹਾ ਹੈ ਕਿ ਇਹ ਬੀਮਾਰੀ ਬੈੱਡਾਂ ‘ਤੇ ਕੀਤੀ ਬੀਜਾਈ ਵਿਚ ਪਾਈ ਗਈ ਹੈ। ਪਿੰਡ ਜੋਗੇਵਾਲਾ, ਨਸੀਬਪੁਰਾ, ਭਾਈ ਬਖਤੌਰ, ਬੁਰਜ ਸੇਮਾ, ਭੂੰਦੜ, ਮਾਈਸਰਖਾਨਾ ਆਦਿ ਪਿੰਡਾਂ ਵਿਚ ਵੀ ਨਰਮੇ ਦੀ ਫਸਲ ਵੱਡੇ ਪੱਧਰ ‘ਤੇ ਉਕਤ ਬਿਮਾਰੀ ਨਾਲ ਸੁੱਕ ਗਈ ਹੈ।
ਨਿਰੀਖਣ ਦੌਰਾਨ ਨਰਮੇ ਦੀ ਫਸਲ ਵਿਚ ਪੈਰਾਬਿਲਟ ਅਤੇ ਸਾਲਟ ਟੋਕਸੀਸੀਟੀ ਦੇ ਕਾਰਨ ਮੁੱਖ ਤੌਰ ਉਤੇ ਉਭਰ ਕੇ ਸਾਹਮਣੇ ਆਏ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਿਊਬਵੈੱਲਾਂ ਦੇ ਪਾਣੀ ਦੀ ਚਾਲਕਤਾ 2000 ਮਾਈਕ੍ਰਰੋ-ਮੋਹਸ ਤੱਕ ਸਿੰਜਾਈ ਲਈ ਢੁਕਵੀਂ ਹੁੰਦੀ ਹੈ। ਪ੍ਰਭਾਵਿਤ ਪਿੰਡ ਮਲਕਾਣਾ ਦੇ ਪਾਣੀ ਦੇ ਸੈਂਪਲ ਵਿਭਾਗ ਵੱਲੋਂ ਟੈਸਟ ਕੀਤੇ ਗਏ ਤਾਂ ਕਿਸਾਨ ਰਾਜਿੰਦਰ ਸਿੰਘ ਦੇ ਖੇਤ ਦੇ ਪਾਣੀ ਵਿਚ 6592, ਗੁਰਪਾਲ ਸਿੰਘ ਦੇ ਪਾਣੀ ਵਿਚ 7680, ਹਰਪਾਲ ਸਿੰਘ ਦੇ ਪਾਣੀ ਵਿਚ 7040, ਅੰਮ੍ਰਿਤਪਾਲ ਸਿੰਘ ਦੇ ਪਾਣੀ ਵਿਚ 7370 ਅਤੇ ਭਾਈ ਬਖਤੌਰ ਦੇ ਕਿਸਾਨ ਮੁਖਤਿਆਰ ਸਿੰਘ ਦੀ ਚਾਲਕਤਾ 6590 ਪਾਈ ਗਈ, ਜੋ ਨਿਰਧਾਰਤ ਪੈਮਾਨੇ ਤੋਂ ਬਹੁਤ ਜ਼ਿਆਦਾ ਹੈ। ਉਨ੍ਹਾਂ ਦੱਸਿਆ ਕਿ ਮੀਂਹ ਪੈਣ ਕਾਰਨ ਇਹ ਸਾਲਟ ਬੂਟਿਆਂ ਦੀਆਂ ਜੜ੍ਹਾਂ ਵਿਚ ਇਕੱਠਾ ਹੋਣ ਕਰਕੇ ਨਰਮੇ ਦੇ ਬੂਟੇ ਸੁੱਕਣ ਲੱਗ ਗਏ।
ਮੌੜ ਮੰਡੀ Ḕਚ ਪੈਂਦੇ ਤਿੰਨ ਪਿੰਡਾਂ ਦੇ ਕਿਸਾਨਾਂ ਦੀ ਕਰੀਬ 600 ਏਕੜ ਤੋਂ ਵੱਧ ਨਰਮੇ ਦੀ ਫਸਲ ਇਸ ਬਿਮਾਰੀ ਕਾਰਨ ਝੁਲਸ ਗਈ ਹੈ। ਦਰਅਸਲ, ਮੌੜ ਮੰਡੀ ‘ਚ ਪੈਂਦੇ ਪਿੰਡ ਭਾਈ ਬਖਤੌਰ, ਰਾਮਗੜ੍ਹ ਭੂੰਦੜ ਤੇ ਮਾਈਸਰਖਾਨਾ ਦੇ ਕਿਸਾਨਾਂ ਦੀ ਫਸਲ ਮੀਂਹ ਪੈਣ ਤੋਂ ਬਾਅਦ ਵਧਣ ਫੁੱਲਣ ਦੀ ਬਜਾਏ ਝੁਲਸਣੀ ਸ਼ੁਰੂ ਹੋ ਗਈ। ਹਾਲਾਂਕਿ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਵੀ ਇਸ ਗੱਲ ਦੀ ਜਾਣਕਾਰੀ ਦਿੱਤੀ ਪਰ ਵਿਭਾਗ ਵੱਲੋਂ ਇਸ ਗੱਲ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਤੋਂ ਬਾਅਦ ਹੁਣ ਨਰਮੇ ਦੀ ਫਸਲ ਮੱਚਣੀ ਸ਼ੁਰੂ ਹੋ ਗਈ ਹੈ।
ਸਭ ਤੋਂ ਮਾੜੀ ਹਾਲਤ ਪਿੰਡ ਭਾਈ ਬਖਤੌਰ ਦੀ ਹੈ ਜਿਥੇ ਪਹਿਲਾਂ ਹੀ ਨਹਿਰੀ ਪਾਣੀ ਦੀ ਕਮੀ ਕਰਕੇ ਫਸਲ ਘੱਟ ਹੁੰਦੀ ਹੈ। ਹੁਣ ਇਸ ਨਵੀਂ ਬਿਮਾਰੀ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਭਾਗ ਸਮਾਂ ਰਹਿੰਦੇ ਉਨ੍ਹਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੰਦਾ ਜਿਸ ਕਰਕੇ ਉਨ੍ਹਾਂ ਨੂੰ ਹਰ ਵਾਰ ਵੱਡਾ ਨੁਕਸਾਨ ਝੱਲਣਾ ਪੈਦਾ ਹੈ।
ਉਧਰ ਕਿਸਾਨ ਯੂਨੀਅਨ ਵੀ ਉਨ੍ਹਾਂ ਦੇ ਹੱਕ ਵਿੱਚ ਡਟ ਗਈ ਹੈ। ਕਿਸਾਨ ਆਗੂਆਂ ਮੁਤਾਬਕ ਹੁਣ ਤੱਕ ਭਾਵੇਂ ਤਿੰਨ ਪਿੰਡਾਂ ਦਾ 600 ਤੋਂ ਵੱਧ ਏਕੜ ਨਰਮਾ ਖਰਾਬ ਹੋ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਵਿਚ ਗਿਣਤੀ ਵਧ ਸਕਦੀ ਹੈ। ਇਸ ਲਈ ਕਿਸਾਨ ਯੂਨੀਅਨ ਨੇ ਉਨ੍ਹਾਂ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਕੀਤੀ, ਜਿਨ੍ਹਾਂ ਦੀ ਫਸਲ ਲਗਭਗ ਬਰਬਾਦ ਹੋ ਗਈ ਹੈ। ਇਸ ਮੌਕੇ ਕਿਸਾਨਾਂ ਨੇ ਕੋਈ ਢੁਕਵਾਂ ਹੱਲ ਨਾ ਹੋਣ ਦੀ ਸੂਰਤ ਵਿੱਚ ਤਿੰਨੇ ਪਿੰਡਾਂ ਵੱਲੋਂ ਇਕੱਠਾ ਸੰਘਰਸ਼ ਵਿੱਢਣ ਦੀ ਚਿਤਾਵਨੀ ਵੀ ਦਿੱਤੀ ਹੈ।
_____________
ਕਿਸਾਨ ਮਸਲੇ: ਸ਼ਿਵ ਸੈਨਾ ਨੇ ਖੋਲ੍ਹੀ ਮੋਦੀ ਸਰਕਾਰ ਦੀ ਪੋਲ
ਮੁੰਬਈ: ਸ਼ਿਵ ਸੈਨਾ ਨੇ ਕਿਸਾਨਾਂ ਦੇ ਮੁੱਦੇ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਘੇਰਿਆ ਹੈ। ਮੋਦੀ ‘ਤੇ ਵਾਰ ਕਰਦਿਆਂ ਸ਼ਿਵ ਸੈਨਾ ਨੇ ਅਖਬਾਰ Ḕਸਾਮਨਾ’ ਦੀ ਸੰਪਾਦਕੀ ਵਿਚ ਕਿਹਾ ਕਿ ਕਿਸਾਨਾਂ ਦੀ ਆਮਦਨ ਤਾਂ ਦੁੱਗਣੀ ਨਹੀਂ ਹੋਈ, ਪਰ ਕਿਸਾਨਾਂ ਦੀਆਂ ਖੁਦਕੁਸ਼ੀਆਂ ਜ਼ਰੂਰ ਦੁੱਗਣੀਆਂ ਹੋ ਗਈਆਂ ਹਨ। ਸ਼ਿਵ ਸੈਨਾ ਨੇ ਦਾਅਵਾ ਕੀਤਾ ਹੈ ਕਿ ਸਾਲ 2014 ਦੇ ਬਾਅਦ ਦੇਸ਼ ਵਿਚ ਹੁਣ ਤੱਕ ਤਕਰੀਬਨ 40 ਹਜ਼ਾਰ ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ ਹਨ।
ਸ਼ਿਵ ਸੈਨਾ ਦੀ ਸੰਪਾਦਕੀ ਮੁਤਾਬਕ ਕਿਸਾਨਾਂ ਵੱਲੋਂ ਸਭ ਤੋਂ ਵੱਧ ਖੁਦਕੁਸ਼ੀਆਂ ਮਹਾਰਾਸ਼ਟਰ ਵਿਚ ਹੋਈਆਂ ਹਨ। ਕਿਸਾਨਾਂ ਦੀਆਂ ਖੁਦਕੁਸ਼ੀਆਂ ਵਧਣ ਦੇ ਕਾਰਨਾਂ ਸਬੰਧੀ ਮੋਦੀ ਸਰਕਾਰ ਵਾਰ-ਵਾਰ ਉਹੀ ਜੁਮਲੇ ਦੁਹਰਾ ਰਹੀ ਹੈ।