ਬਰੈਂਪਟਨ: ਬੀਤੇ ਦਿਨੀਂ ਪੰਜਾਬੀ ਵਿਦਿਆਰਥੀਆਂ ਦੀ ਸਥਾਨਕ ਲੋਕਾਂ ਨਾਲ ਹੋਈ ਖੂਨੀ ਝੜਪ ਤੋਂ ਬਾਅਦ ਇਕ ਕੁੜੀ ਦੀ ਵੀਡੀਓ ਨੇ ਮਾਮਲੇ ‘ਚ ਨਵਾਂ ਮੋੜ ਲਿਆਂਦਾ ਹੈ। ਵੀਡੀਓ ਵਿਚਲੀ ਕੁੜੀ ਖੁਦ ਨੂੰ ਮੁੱਖ ਮੁਲਜ਼ਮ ਦੀ ਦੋਸਤ ਹੋਣ ਦਾ ਦਾਅਵਾ ਕਰ ਰਹੀ ਹੈ। ਉਸ ਕੁੜੀ ਨੇ ਦੱਸਿਆ ਕਿ ਉਹ ਆਪਣੀ ਸਹੇਲੀਆਂ ਨਾਲ ਰਹਿਣ ਲਈ ਨਵਾਂ ਘਰ ਲੱਭ ਰਹੀ ਸੀ ਤੇ ਰਣਕੀਰਤ ਉਸ ਦੀ ਮਦਦ ਕਰ ਰਿਹਾ ਸੀ। ਉਸ ਮੁਤਾਬਕ ਰੀਅਲ ਅਸਟੇਟ ਏਜੰਟ ਜਸਕਰਨ ਮਾਂਗਟ ਨੇ ਉਨ੍ਹਾਂ ਨੂੰ ਘਰ ਦਿਵਾ ਦਿੱਤਾ ਤੇ ਕਾਗਜ਼ੀ ਕਾਰਵਾਈ ਪੂਰੀ ਕਰ ਲਈ ਅਤੇ ਉਨ੍ਹਾਂ ਚੈੱਕ ਵੀ ਦੇ ਦਿੱਤਾ।
ਇਕੱਲੀਆਂ ਕੁੜੀਆਂ ਵੇਖ ਏਜੰਟ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਜੇਕਰ ਉਹ ਉਸ ਦੀ ਗੱਲ ਮੰਨੇਗੀ ਤਾਂ ਉਸ ਨੂੰ ਪਹਿਲੇ ਮਹੀਨੇ ਦਾ ਕਿਰਾਇਆ ਵੀ ਨਹੀਂ ਦੇਣਾ ਪਵੇਗਾ। ਉਸ ਨੇ ਇਹ ਵੀ ਦੱਸਿਆ ਕਿ ਜਦ ਜਸਕਰਨ ਦੇ ਇਸ ਵਤੀਰੇ ਬਾਰੇ ਉਸ ਨੇ ਰਣਕੀਰਤ ਨੂੰ ਦੱਸਿਆ ਤਾਂ ਉਨ੍ਹਾਂ ਦੋਵਾਂ ਦੀ ਫੋਨ ‘ਤੇ ਕਾਫੀ ਬਹਿਸ ਹੋ ਗਈ। ਕੁੜੀ ਨੇ ਦੱਸਿਆ ਕਿ ਏਜੰਟ ਨੇ ਉਨ੍ਹਾਂ ਦੀ ਨਵੇਂ ਮਕਾਨ ਵਾਲੇ ਇਕਰਾਰਨਾਮੇ ਨੂੰ ਰੱਦ ਕਰ ਦਿੱਤਾ ਤੇ ਸਾਨੂੰ ਆਪਣੇ ਪੈਸੇ ਵਾਪਸ ਲੈ ਕੇ ਜਾਣ ਲਈ ਤੁਰਤ ਮਿਲਣ ਨੂੰ ਕਿਹਾ। ਉਸ ਨੇ ਦੱਸਿਆ ਕਿ ਰਣਕੀਰਤ ਨੂੰ ਏਜੰਟ ਨੇ ਕਈ ਵਾਰ ਉਕਸਾਇਆ ਤੇ ਰਾਤ ਨੂੰ ਘਟਨਾ ਵਾਲੀ ਥਾਂ ‘ਤੇ ਮਿਲਣ ਲਈ ਕਿਹਾ।
ਕੁੜੀ ਨੇ ਆਪਣੇ ਪ੍ਰੇਮੀ ਦੇ ਪੱਖ ਵਿਚ ਸਫਾਈ ਦਿੰਦਿਆਂ ਕਿਹਾ ਕਿ ਰਣਕੀਰਤ ਲੜਨਾ ਨਹੀਂ ਸੀ ਚਾਹੁੰਦਾ ਪਰ ਏਜੰਟ ਨੇ ਉਸ ਨੂੰ ਭੜਕਾ ਦਿੱਤਾ ਸੀ। ਉਸ ਨੇ ਸੋਸ਼ਲ ਮੀਡੀਆ ‘ਤੇ ਪਾਈ ਆਪਣੀ ਵੀਡੀਓ ਵਿਚ ਇਹ ਵੀ ਕਿਹਾ ਕਿ ਜੇਕਰ ਕਿਸੇ ਦੀ ਧੀ-ਭੈਣ ਨਾਲ ਕੋਈ ਇਸ ਤਰ੍ਹਾਂ ਵਤੀਰਾ ਕਰ ਰਿਹਾ ਹੈ ਤਾਂ ਉਹ ਕੀ ਕਰੇ। ਕੈਨੇਡਾਈ ਮੀਡੀਆ ਮੁਤਾਬਕ ਚਾਰ ਵਿਦਿਆਰਥੀਆਂ ਉਪਰ ਕਤਲ ਦੀਆਂ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਮਾਮਲੇ ਵਿਚ ਕੁੱਲ 23 ਨੌਜਵਾਨਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ, ਇਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹੀ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਪੰਜਾਬੀ ਵਿਦਿਆਰਥੀ ਲੜਾਈ ਝਗੜੇ ਕਾਰਨ ਵਿਵਾਦਾਂ ਵਿਚ ਆਏ ਹੋਣ। ਇਸ ਖੂਨੀ ਝੜਪ ਨੇ ਇਕ ਵਾਰ ਫਿਰ ਪਰਵਾਸੀ ਪੰਜਾਬੀ ਵਿਦਿਆਰਥੀਆਂ ਨੂੰ ਜਿਥੇ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ, ਉਥੇ ਕਿਰਾਏ ਉਤੇ ਮਕਾਨ ਲੈਣ ਸਬੰਧੀ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੰਜਾਬੀ ਵਿਦਿਆਰਥੀਆਂ ਨੂੰ ਵੀ ਕਾਫੀ ਭੰਡਿਆ ਜਾ ਰਿਹਾ ਹੈ। ਮੁੱਖ ਮੁਲਜ਼ਮ ਰਣਕੀਰਤ ਸਿੰਘ ਨੂੰ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।