ਚੰਡੀਗੜ੍ਹ: ਨੂਰਪੁਰ ਬੇਦੀ ਖੇਤਰ ਵਿਚ ਨਾਜਾਇਜ਼ ਖਣਨ (ਮਾਈਨਿੰਗ) ਰੁਕਵਾਉਣ ਗਏ ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਤੇ ਰੇਤ ਮਾਫੀਆ ਵੱਲੋਂ ਕੀਤੇ ਹਮਲੇ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਉਤੇ ਮੁੜ ਸਵਾਲ ਚੁੱਕੇ ਹਨ। ਇਹ ਵਿਧਾਇਕ ਸਤਲੁਜ ਦਰਿਆ ‘ਚ ਆਪਣੇ ਸਮਰਥਕਾਂ ਸਹਿਤ ਮਾਈਨਿੰਗ ਗਤੀਵਿਧੀਆਂ ਦਾ ਜਾਇਜ਼ਾ ਲੈਣ ਪਹੁੰਚਿਆ ਸੀ।
ਵਿਧਾਇਕ ‘ਤੇ ਮਾਫੀਆ ਵੱਲੋਂ ਲਾਠੀਆਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ‘ਚ ਗੰਭੀਰ ਜਖ਼ਮੀ ਹੋਏ ਵਿਧਾਇਕ ਸੰਦੋਆ ਨੂੰ ਪੀæਜੀæਆਈæ ਚੰਡੀਗੜ੍ਹ ਦਾਖਲ ਕਰਵਾਉਣਾ ਪਿਆ। ਇਸ ਘਟਨਾ ਤੋਂ ਦੋ ਦਿਨ ਪਹਿਲਾਂ ਨਾਜਾਇਜ਼ ਕਬਜ਼ੇ ਹਟਵਾਉਣ ਗਈ ਜੰਗਲਾਤ ਵਿਭਾਗ ਦੀ ਟੀਮ ਉਤੇ ਹਮਲਾ ਕਰ ਦਿੱਤਾ ਗਿਆ ਸੀ। ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰਨ ਦੀ ਥਾਂ ਉਸ ਘਟਨਾ ਉਤੇ ਮਿੱਟੀ ਪਾ ਦਿੱਤੀ। ਹੁਣ ਸੰਦੋਆ ਹਮਲੇ ਵਾਲੇ ਮਾਮਲੇ ਵਿਚ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਈਨਿੰਗ ਜਾਇਜ਼ ਢੰਗ ਨਾਲ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਸੱਤਾ ਬਦਲਦਿਆਂ ਹੀ ਨਵੀਂ ਸਰਕਾਰ ਨੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਦਿੱਤੇ ਖਣਨ ਠੇਕੇ ਤੁਰਤ ਰੱਦ ਕਰ ਦਿੱਤੇ ਤੇ ਦਾਅਵਾ ਕੀਤਾ ਸੀ ਕਿ ਸਰਕਾਰੀ ਖਜਾਨੇ ਨੂੰ ਹੋ ਰਹੇ ਨੁਕਸਾਨ ਤੇ ਲੋਕਾਂ ਨੂੰ ਸਸਤੀ ਰੇਤ ਦੇਣ ਦੇ ਮਕਸਦ ਨਾਲ ਇਹ ਕੀਤਾ ਗਿਆ ਹੈ ਪਰ ਹੋਇਆ ਇਸ ਤੋਂ ਉਲਟ।
ਕਾਂਗਰਸ ਦੇ ਆਪਣੇ ਮੰਤਰੀ ਖਣਨ ਦੇ ਠੇਕੇ ਗਲਤ ਤਰੀਕੇ ਨਾਲ ਲੈਣ ਦੇ ਵਿਵਾਦ ਵਿਚ ਘਿਰ ਗਏ। ਇਥੋਂ ਤੱਕ ਕਿ ਇਕ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਰੂਪਨਗਰ ਦੇ ਵਿਧਾਇਕ ਉਤੇ ਹੋਏ ਹਮਲੇ ਨੇ Ḕਆਪ’ ਲੀਡਰ ਦੇ ਨਾਲ-ਨਾਲ ਹਮਲਾਵਰਾਂ ਦੇ ਆਪਸੀ ਪੁਰਾਣੇ ਕਾਰੋਬਾਰੀ ਅਤੇ ਸਿਆਸੀ ਸਬੰਧਾਂ ਦਾ ਚਿੱਠਾ ਵੀ ਖੋਲ੍ਹ ਦਿੱਤਾ ਹੈ ਅਤੇ ਸਬੰਧਾਂ ਦੀ ਇਹ ਲੜੀ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਜਾ ਜੁੜਦੀ ਹੈ। ਇਸ ਮਸਲੇ ਬਾਰੇ ਨਸ਼ਰ ਹੋਈ ਵੀਡੀਓ ਵਿਚ ਜਿਸ ਵਕਤ ਵਿਧਾਇਕ ਦੀ ਕੁੱਟਮਾਰ ਹੋ ਰਹੀ ਸੀ, ਉਦੋਂ ਹਮਲਾਵਰ ਅਤੇ ਵਿਧਾਇਕ ਦਾ ਸਾਥੀ ਮੰਗੇ ਗਏ ਪੈਸਿਆਂ ਬਾਰੇ ਬਹਿਸ ਰਹੇ ਸਨ।
ਦੱਸ ਦਈਏ ਕਿ ਮਾਈਨਿੰਗ ਮਾਫੀਆ ਦੀਆਂ ਗਤੀਵਿਧੀਆਂ ਦਾ ਪਤਾ ਚੱਲਣ ‘ਤੇ ਵਿਧਾਇਕ ਸੰਦੋਆ ਆਪਣੇ ਸਮਰਥਕਾਂ ਤੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਬੇਈਂਹਾਰਾ ਖੱਡ ‘ਚ ਪਹੁੰਚੇ। ਜਦੋਂ ਇਸ ਦੀ ਭਿਣਕ ਖਣਨ ਕਾਰਿੰਦਿਆਂ ਨੂੰ ਲੱਗੀ ਤਾਂ ਉਨ੍ਹਾਂ ਇਸ ਸਬੰਧੀ ਆਪਣੇ ਮਾਲਕਾਂ ਨੂੰ ਇਤਲਾਹ ਦਿੱਤੀ ਤੇ ਦਰਜਨ ਭਰ ਵਿਅਕਤੀਆਂ ਨੇ ਵਿਧਾਇਕ ਤੇ ਉਨ੍ਹਾਂ ਦੇ ਸਾਥੀਆਂ ਉਤੇ ਹਮਲਾ ਬੋਲ ਦਿੱਤਾ। ਇਸ ਦੌਰਾਨ, ਵਿਧਾਇਕ ਦੀ ਪੱਗ ਵੀ ਲੱਥ ਗਈ। ਭਾਵੇਂ ਉਨ੍ਹਾਂ ਦੇ ਗੰਨਮੈਨ ਨੇ ਹੌਸਲਾ ਦਿਖਾਉਂਦੇ ਹੋਏ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਇਕੱਲੇ ਗੰਨਮੈਨ ਦੀ ਪੇਸ਼ ਨਾ ਜਾਣ ਦਿੱਤੀ ਤੇ ਮਾਰਕੁੱਟ ਕਰ ਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਹਮਲਾਵਰਾਂ ਨੇ ਵਿਧਾਇਕ ਦੇ ਪੀæਏæ ਨੂੰ ਬੁਰੀ ਤਰ੍ਹਾਂ ਕੁੱਟਿਆ। ਕੁਝ ਦਿਨ ਪਹਿਲਾਂ ਸ੍ਰੀ ਸੰਦੋਆ ਵੱਲੋਂ ਸਤਲੁਜ ਦਰਿਆ ‘ਚ ਛਾਪਾ ਮਾਰ ਕੇ ਦਰਜਨ ਦੇ ਕਰੀਬ ਜੇæਸੀæਬੀæ ਮਸ਼ੀਨਾਂ ਤੇ ਟਿੱਪਰਾਂ ਨੂੰ ਕਾਬੂ ਕਰ ਕੇ ਪੁਲਿਸ ਪ੍ਰਸ਼ਾਸਨ ਹਵਾਲੇ ਕੀਤਾ ਸੀ। ਇਸ ਦੌਰਾਨ ਸ੍ਰੀ ਸੰਦੋਆ ਨੇ ਪੁਲਿਸ ਉਤੇ ਢਿੱਲੀ ਕਾਰਗੁਜ਼ਾਰੀ ਦਿਖਾਉਣ ਦਾ ਦੋਸ਼ ਲਾਇਆ ਸੀ। ਹਮਲਾਵਰਾਂ ‘ਚੋਂ ਕੁਝ ਉਤੇ ਕਤਲ ਤੇ ਇਰਾਦਾ ਕਤਲ ਸਹਿਤ ਦਰਜਨ-ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ।
ਹਮਲਾਵਰਾਂ ਵੱਲੋਂ ਮੀਡੀਆ ਕਰਮੀਆਂ ਤੋਂ ਫੁਟੇਜ ਨੂੰ ਡਿਲੀਟ ਕਰਨ ਤੇ ਸਮੁੱਚਾ ਰਿਕਾਰਡ ਨਸ਼ਟ ਕਰਨ ਨੂੰ ਲੈ ਕੇ ਕਾਫੀ ਦਬਾਅ ਪਾਇਆ ਗਿਆ। ਇਥੋਂ ਤੱਕ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ। ਘਟਨਾ ਲਈ ਜ਼ਿੰਮੇਵਾਰ ਪੰਜ ਵਿਅਕਤੀਆਂ ‘ਚ ਸ਼ਾਮਲ ਅਜਵਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਗੋਲਡੀ ਵਾਸੀ ਬੇਈਂਹਾਰਾ ਤੇ ਬਚਿੱਤਰ ਸਿੰਘ ਵਾਸੀ ਭਾਓਵਾਲ ਸਹਿਤ ਦਰਜਨ ਭਰ ਅਣਪਛਾਤੇ ਹਮਲਾਵਰਾਂ ਖਿਲਾਫ਼ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ ਵਿਚ ਰੇਤ ਮਾਫਿਆ ਸਭ ਤੋਂ ਵੱਡਾ ਮੁੱਦਾ ਸੀ ਪਰ ਡੇਢ ਸਾਲ ਲੰਘ ਗਿਆ ਹੈ, ਅਕਾਲੀ ਅਜੇ ਤੱਕ ਰੇਤ ਅਤੇ ਨਸ਼ਿਆਂ ਦੇ ਮੁੱਦਿਆਂ ‘ਤੇ ਸਰਕਾਰ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਤੱਕਣ ਦਾ ਹੌਸਲਾ ਨਹੀਂ ਕਰ ਸਕੇ ਹਨ।