ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 3)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਉਨ੍ਹੀਂ ਦਿਨੀਂ ਕਾਲਜ ਛੁੱਟੀ ਹੋਣ ਕਰਕੇ ਮੈਂ ਜੀਰੀ ਲੁਆਉਣ ਪਿੰਡ ਗਿਆ ਹੋਇਆ ਸਾਂ। ਕੱਦੂ ਕਰਨ ਲਈ ਕਹਿਣ ਗਏ ਅਮਰੇ ਨੇ ਮੇਰੇ ਭਰਾ ਦੇ ਘਰੋਂ ਆਉਂਦਿਆਂ ਹੀ ਚਿੰਤਾ ਨਾਲ ਦੱਸਿਆ, “ਬੜਾ ਲੋਹੜਾ ਹੋਇਆ ਲਾਣੇਦਾਰ, ਹੁਣ ਤੋ ਹਫਤੇ ਦਸ ਦਿਨ ਗਾ ਸਿਆਪਾ ਛਿੜ ਪਿਆ।”

ਮੈਂ ਫਿਕਰ ਨਾਲ ਪੁੱਛਿਆ, “ਕੇ ਬਾਤ ਐ?”
ਕਹਿਣ ਲੱਗਾ, “ਤੇਰਾ ਭਾਈ ਤੋ ਰਾਤ ਗਾ ਈ ਦਾਰੂ ਪੀਈ ਜਾਹਾ। ਔਹ ਕਿੱਥੇ ਆਵੇਗਾ ਕੱਦੂ ਕਰਨ!”
ਮੇਰਾ ਮੱਥਾ ਠਣਕ ਗਿਆ। ਸਭ ਨੂੰ ਪਤਾ ਸੀ ਕਿ ਜੇ ਉਹ ਸ਼ਰਾਬ ਪੀਣੀ ਸ਼ੁਰੂ ਕਰ ਦੇਵੇ ਤਾਂ ਕਈ ਕਈ ਦਿਨ ਨਹੀਂ ਸੀ ਹਟਦਾ। ਨਸ਼ੇ ਵਿਚ ਝਗੜਾ-ਝੇੜਾ ਵੀ ਬਥੇਰਾ ਕਰਦਾ ਤੇ ਅੰਤ ਕਿਸੇ ਕੋਠੜੀ ਵਿਚ ਬੰਦ ਕਰਨਾ ਪੈਂਦਾ। ਮੈਨੂੰ ਲੱਗਾ, ਉਸ ਨੇ ਇੰਜ ਕਰ ਕੇ ਮੇਰੇ ਨਾਲ ਦਗਾ ਕੀਤਾ ਕਿਉਂਕਿ ਆਪਣਾ ਕੰਮ ਕਰਵਾ ਕੇ ਮੇਰਾ ਵਿਚੇ ਰੋਲ ਦਿੱਤਾ। ਪਲ ਭਰ ਲਈ ਮੈਂ ਉਸ ਦੀ ਸ਼ਰਾਬ ਬਿਰਤੀ ਨੂੰ ਵੀ ਕੋਸਿਆ ਜਿਸ ਨੇ ਭਰ ਜਵਾਨੀ ਵਿਚ ਹੀ ਉਸ ਦਾ ਕਸ ਕੇ ਪੱਲਾ ਫੜ੍ਹ ਲਿਆ ਸੀ। ਮਾਂ ਪਿਓ ਦੇ ਲਾਡ ਪਿਆਰ ਕਾਰਨ ਪੜ੍ਹਾਈ ਵਿਚੇ ਛੱਡ ਕੇ ਉਹ ਇਸ ਪਾਸੇ ਪੈ ਗਿਆ ਸੀ। ਹੁਣ ਮੇਰੇ ਪਿਤਾ ਜੀ ਵੀ ਉਸ ਦੀ ਇਸ ਗੱਲ ਤੋਂ ਬਹੁਤ ਨਾਰਾਜ਼ ਹੁੰਦੇ ਸਨ ਤੇ ਕਈ ਕਈ ਦਿਨ ਖਾਣਾ-ਪੀਣਾ ਛੱਡ ਦਿੰਦੇ ਸਨ।
ਉਨ੍ਹੀਂ ਦਿਨੀਂ ਕੋਈ ਵਿਰਲਾ ਹੀ ਸ਼ਰਾਬ ਪੀਂਦਾ ਸੀ। ਮੈਂ ਉਸ ਨੂੰ ਅਕਸਰ ਕਹਿੰਦਾ, “ਇਹ ਸ਼ਰਾਬ ਨਹੀਂ ਕਾਕਾ, ਸ਼ਰਾਪ ਹੈ ਸ਼ਰਾਪ! ਬਚ ਕੇ ਰਹਿ ਇਸ ਤੋਂ।” ਪਰ ਉਸ ਨੇ ਕਦੇ ਕਿਸੇ ਦੀ ਇਕ ਨਾ ਸੁਣੀ। ਮੈਨੂੰ ਨਹੀਂ ਸੀ ਪਤਾ ਕਿ ਇਹ ਇਕ ਸਮਾਜ-ਵਿਆਪਕ ਕਹਿਰ ਦੀ ਅਲਾਮਤ ਹੈ ਜੋ ਛੇਤੀ ਹੀ ਸਮੁੱਚੇ ਪੰਜਾਬ ਦੀਆਂ ਆਉਂਦੀਆਂ ਪੀੜ੍ਹੀਆਂ ਨੂੰ ਆਪਣੀ ਗ੍ਰਿਫਤ ਵਿਚ ਲੈ ਲਵੇਗੀ। ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਇਸ ਵਿਚ ਕੋਕੀਨ, ਸਮੈਕ ਤੇ ਚਿੱਟੇ ਵਰਗੀਆਂ ਕਿੰਨੀਆਂ ਹੋਰ ਮਰਗ-ਚੂੰਬੀ ਬਵਾਵਾਂ ਵੀ ਸ਼ਾਮਲ ਹੋ ਜਾਣਗੀਆਂ ਜੋ ਪੰਜਾਬ ਦੀ ਜਵਾਨੀ ਨੂੰ ਪਿੰਜਰ ਕਰ ਕੇ ਰੱਖ ਦੇਣਗੀਆਂ। ਇਹ ਤਾਂ ਖੈਰ ਕਿਸੇ ਸਭਿਆ ਇਨਸਾਨ ਦੀ ਸੋਚ ਵਿਚ ਆ ਹੀ ਨਹੀਂ ਸੀ ਸਕਦਾ ਕਿ ਸਮੇਂ ਦੇ ਸਿਆਸਤਦਾਨ ਇਨ੍ਹਾਂ ਮਾਰੂ ਜ਼ਹਿਰਾਂ ਨੂੰ ਹਟਾਉਣ ਦੀ ਥਾਂ ਇਨ੍ਹਾਂ ‘ਤੇ ਸਿਆਸਤ ਕਰਨਗੇ। ਇਸ ਪਿੱਛਲ ਝਾਤ ਨਾਲ ਮੈਂ ਦੁਖੀ ਤਾਂ ਬਹੁਤ ਹੋਇਆ ਪਰ ਕਿਸੇ ‘ਤੇ ਗੁੱਸਾ ਕਰਨ ਦੀ ਥਾਂ ਮੇਰਾ ਧਿਆਨ ਕੰਮ ਪੂਰਾ ਕਰਨ ਕਰਵਾਉਣ ਵੱਲ ਲੱਗ ਗਿਆ।
ਨਾ ਮੈਨੂੰ ਤੇ ਅਮਰੇ ਨੂੰ ਟਰੈਕਟਰ ਚਲਾਉਣਾ ਆਉਂਦਾ ਸੀ। ਪਿੰਡ ਵਿਚੋਂ ਵੀ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਸੀ ਕਰਨੀ। ਦਿਹਾੜੀ ‘ਤੇ ਕੋਈ ਟਰੈਕਟਰ ਚਾਲਕ ਮਿਲਦਾ ਨਹੀਂ ਸੀ। ਮੈਂ ਅਮਰੇ ਨੂੰ ਕਿਹਾ ਕਿ ਉਹ ਦਿਮਾਗ ਲਾ ਕੇ ਕੋਈ ਬੰਦਾ ਲੱਭੇ ਜੋ ਇਕ ਦੋ ਦਿਨ ਸਾਡਾ ਕੰਮ ਕਰਵਾ ਦੇਵੇ। ਉਸ ਨੇ ਸੋਚ ਸੋਚ ਕੇ ਨਾਂਹ ਕਰ ਦਿੱਤੀ। ਦਰਅਸਲ ਉਨ੍ਹਾਂ ਵੇਲਿਆਂ ਵਿਚ ਜਿਮੀਂਦਾਰ ਟਰੈਕਟਰ ਚਲਾਉਣ ਜਿਹਾ ਟੌਹਰੀ ਕੰਮ ਸੀਰੀ ਜਾਂ ਨੌਕਰ ਨੂੰ ਨਹੀਂ ਸਨ ਸੌਂਪਦੇ। ਉਹ ਇਹ ਆਪ ਹੀ ਕਰਦੇ ਅਤੇ ਸੀਰੀ ਜਾਂ ਨੌਕਰ ਨੂੰ ਮਿੱਟੀ ਘੱਟੇ ਤੇ ਮਿਹਨਤ ਵਾਲਾ ਕੰਮ ਸੌਂਪਦੇ। ਇਹ ਲੋਕ ਵੀ ਜਿਮੀਂਦਾਰ ਦੀ ਮਹਿੰਗੀ ਮਸ਼ੀਨਰੀ ਨੂੰ ਹੱਥ ਲਾਉਣੋਂ ਡਰਦੇ ਸਨ। ਖਰਾਬ ਹੋਣ ‘ਤੇ ਪੈਸੇ ਉਨ੍ਹਾਂ ਦੇ ਸਿਰ ਪੈ ਸਕਦੇ ਸਨ।
ਸਬੱਬੀਂ ਪਲੱਸ-ਟੂ ਵਿਚ ਪੜ੍ਹਦਾ ਮੇਰਾ ਵੱਡਾ ਲੜਕਾ ਮੇਰੇ ਨਾਲ ਹੀ ਪਿੰਡ ਆਇਆ ਹੋਇਆ ਸੀ। ਅਚਾਨਕ ਅਮਰੇ ਦਾ ਧਿਆਨ ਉਸ ਵਲ ਗਿਆ ਤੇ ਕਹਿਣ ਲੱਗਾ, “ਇੰਨਾ ਕ ਬੂਤਾ ਤੋ ਜੋਹ ਬਾਈ ਬੀ ਧੱਕ ਦੇ ਗਾ ਨਾਲੇ ਅੱਗੇ ਨੂੰ ਕੰਮ ਸਿੱਖ ਜੇਗਾ।”
ਲੜਕਾ ਬੋਲਿਆ, “ਟਰੈਕਟਰ ਤਾਂ ਮੈਂ ਚਲਾ ਲੈਨਾਂ ਪਰ ਇਹ ਕੱਦੂ ਮੈਨੂੰ ਨੀ ਆਉਂਦਾ।”
ਅਮਰਾ ਕਹਿਣ ਲੱਗਾ, “ਕੱਦੂ ਮਾਂ ਕੋਈ ਬੈਦ ਪੜ੍ਹਨੇ ਐਂ ਬਾਈ, ਔਹ ਤੋ ਮੈਂ ਸਖਾ ਦਿਆਂਗਾ ਤੰਨੂੰ।”
ਅਸੀਂ ਇਵੇਂ ਹੀ ਕੀਤਾ। ਲੜਕਾ ਟਰੈਕਟਰ ਚਲਾਉਣ ਲੱਗਾ ਤੇ ਅਮਰਾ ਨਾਲ ਬੈਠ ਕੇ ਉਸ ਨੂੰ ਵਾਹੁਣ ਦਾ ਢੰਗ ਦੱਸਣ ਲੱਗਾ। ਤਿੰਨ ਚਾਰ ਦਿਨਾਂ ਪਿਛੋਂ ਡਿਗਦਾ-ਢਹਿੰਦਾ ਮੇਰਾ ਭਰਾ ਵੀ ਆ ਗਿਆ। ਸਾਡੀ ਜ਼ੀਰੀ ਲੱਗ ਗਈ।
ਜ਼ੀਰੀ ਲੱਗਣ ਪਿਛੋਂ ਮੈਂ ਦੋ ਕੰਮ ਕੀਤੇ। ਪਹਿਲਾ, ਮੈਂ ਆਪਣੇ ਲੜਕੇ ਨੂੰ ਫੌਰੀ ਚੰਡੀਗੜ੍ਹ ਭੇਜ ਦਿੱਤਾ। ਇਹ ਗੱਲ ਤਾਂ ਪੱਕੀ ਸੀ ਕਿ ਇਕ ਹਫਤੇ ਦੀ ਗਫਲਤ ਕਾਰਨ ਉਸ ਦੀ ਪੜ੍ਹਾਈ ਦਾ ਹਰਜ਼ ਹੋਇਆ ਹੋਵੇ। ਉਹ ਪਲੱਸ-ਟੂ ਦਾ ਇੰਜੀਨੀਅਰਿੰਗ ਦਾ ਵਿਦਿਆਰਥੀ ਸੀ ਜਿਸ ਦਾ ਇਹ ਅਹਿਮ ਸਾਲ ਸੀ। ਉਨ੍ਹੀਂ ਦਿਨੀਂ ਇੰਜੀਨੀਅਰਿੰਗ ਦੇ ਦਾਖਲੇ ਪੀ. ਈ. ਟੀ. ਟੈਸਟ ਨਾਲ ਨਹੀਂ ਸਨ ਹੁੰਦੇ, ਕੇਵਲ ਪ੍ਰੀ-ਇੰਜੀਨੀਅਰਿੰਗ ਭਾਵ ਪਲੱਸ-ਟੂ ਦੀ ਮੈਰਿਟ ਦੇ ਆਧਾਰ ‘ਤੇ ਹੁੰਦੇ ਸਨ। ਇਸ ਲਈ ਜਦੋਂ ਉਹ ਸਾਡੇ ਕੋਲ ਕੰਮ ਕਰ ਰਿਹਾ ਸੀ, ਉਸ ਵੇਲੇ ਉਸ ਨੂੰ ਪੜ੍ਹ ਰਿਹਾ ਹੋਣਾ ਚਾਹੀਦਾ ਸੀ। ਇਸ ਤੋਂ ਵੀ ਵੱਡਾ ਕਾਰਨ ਇਹ ਸੀ ਕਿ ਮੈਂ ਉਸ ਨੂੰ ਪਿੰਡ ਦੇ ਮਸਲਿਆਂ ਵਿਚ ਪੈਣ ਹੀ ਸੀ ਨਹੀਂ ਦੇਣਾ ਚਾਹੁੰਦਾ। ਮੈਨੂੰ ਡਰ ਸੀ ਕਿ ਕਿਤੇ ਅਮਰੇ ਦੀ ਨੇੜਤਾ ਤੇ ਹੋਰ ਦਿਹਾੜੀਦਾਰਾਂ ਦੀ ਸੰਗਤ ਵਿਚ ਉਸ ਨੂੰ ਇਸ ਕੰਮ ਦੀ ਗੂੜ੍ਹੀ ਚੇਟਕ ਨਾ ਲੱਗ ਜਾਵੇ। ਮੈਂ ਨਹੀਂ ਸੀ ਚਾਹੁੰਦਾ ਕਿ ਉਸ ਦਾ ਮਨ ਪੜ੍ਹਾਈ ਲਿਖਾਈ ਦੇ ਰਸਤੇ ਤੋਂ ਭਟਕ ਜਾਵੇ। ਇਹ ਵੀ ਡਰ ਸੀ ਕਿ ਕਿਤੇ ਉਹ ਪੜ੍ਹਾਈ ਤੋਂ ਕੁਝ ਦਿਨ ਖੁੰਝਿਆ ਇਹ ਹੀ ਨਾ ਕਹਿ ਦੇਵੇ ਕਿ ਡੈਡੀ ਇਹ ਕੰਮ ਮੈਂ ਸੰਭਾਲਦਾਂ। ਮੈਂ ਕਈ ਥਾਂਈਂ ਇੱਦਾਂ ਹੁੰਦਾ ਦੇਖਿਆ ਸੀ। ਭਾਵੇਂ ਮੈਂ ਵੀ ਮਾਪਿਆਂ ਦਾ ਖੇਤੀ ਵਿਚ ਹੱਥ ਵਟਾਉਂਦਾ ਉਸੇ ਪਿੰਡ ਰਹਿ ਕੇ ਪੜ੍ਹਿਆ ਸਾਂ ਤੇ ਸਕੂਲ ਵਿਚ ਅਵੱਲ ਵੀ ਆਉਂਦਾ ਸਾਂ ਪਰ ਉਹ ਮੇਰੀ ਮਜ਼ਬੂਰੀ ਸੀ। ਉਸ ਕਾਰਣ ਮੈਂ ਹਰ ਪਾਸੇ ਪੱਛੜ ਗਿਆ ਸਾਂ। ਆਪਣੇ ਨੁਕਸਾਨ ਨੂੰ ਪੂਰਾ ਕਰਨ ਲਈ ਮੈਨੂੰ ਜੋ ਸੰਘਰਸ਼ ਕਰਨਾ ਪਿਆ ਸੀ, ਉਹ ਮੈਂ ਹੀ ਜਾਣਦਾ ਸਾਂ। ਮੇਰੇ ਨਾਲ ਦੇ ਕਿੰਨੇ ਹੀ ਦੂਜੇ ਵਿਦਿਆਰਥੀ ਸਨ ਜੋ ਰੁਲ ਖੁਲ ਕੇ ਖੇਤੀ ਵਿਚ ਹੀ ਸਮਾ ਗਏ ਸਨ। ਕਈ ਆਪ ਤਾਂ ਛੋਟੇ ਮੋਟੇ ਮੁਲਾਜ਼ਮ ਲੱਗ ਵੀ ਗਏ ਸਨ ਪਰ ਉਨ੍ਹਾਂ ਦੇ ਬੱਚੇ ਅਨਪੜ੍ਹ ਰਹਿ ਕੇ ਖੇਤੀ ਹੀ ਕਰ ਰਹੇ ਸਨ। ਮੇਰੇ ਆਪਣੇ ਦੋ ਭਰਾ ਤੇ ਇਕ ਭਤੀਜਾ ਅੱਠਵੀਂ ਜਮਾਤ ਤੋਂ ਉਪਰ ਨਹੀਂ ਸਨ ਟੱਪੇ।
ਦੂਜਾ ਕੰਮ ਇਹ ਕਿ ਮੈਂ ਖੇਤੀ ਦੇ ਕੰਮਾਂ ਨੂੰ ਆਪ ਸਿੱਖਣ ਦਾ ਮਨ ਬਣਾਇਆ। ਕਾਰਣ ਇਹ ਕਿ ਮੈਨੂੰ ਆਪਣੇ ਕੰਮ ਲਈ ਕਿਸੇ ਦੀ ਉਡੀਕ ਕਰਨੀ ਅੱਛੀ ਨਹੀਂ ਸੀ ਲਗਦੀ। ਉਦੋਂ ਹੀ ਨਹੀਂ ਹੁਣ ਵੀ ਮੈਨੂੰ ਆਪਣਾ ਹਾਥ ਹੀ ਜਗਨਨਾਥ ਲਗਦਾ ਹੈ। ਮੈਂ ਜੋ ਕੰਮ ਵੀ ਕਰਦਾ ਹਾਂ ਉਸ ਵਿਚ ਸਵੈ-ਨਿਰਭਰ ਹੋਣ ਲਈ ਉਸ ਨੂੰ ਸਿੱਖਣ ਦੀ ਕੋਸ਼ਿਸ਼ ਜਰੂਰ ਕਰਦਾ ਹਾਂ। ਆਪਣੇ ਐਮ. ਫਿਲ ਤੇ ਪੀਐਚ. ਡੀ. ਦੇ ਥੀਸਿਸ ਮੈਂ ਆਪ ਹੀ ਟਾਈਪ ਕੀਤੇ ਸਨ। ਅਮਰੀਕਾ ਆਉਣ ਤੋਂ ਪਹਿਲਾਂ ਮੈਂ ਥਾਪਰ ਕਾਲਜ, ਪਟਿਆਲਾ ਤੋਂ ਕੰਪਿਊਟਰ ਕੋਰਸ ਕੀਤਾ। ਪੰਜਾਬੀ ਵਿਚ ਲੇਖ-ਕਹਾਣੀਆਂ ਲਿਖਣ ਲਈ ਪੰਜਾਬੀ ਦੀ ਟਾਈਪ ਸਿੱਖੀ। ਪਿਛਲੇ ਸਾਲ ਆਪਣੀ ਪੁਸਤਕ ਦਾ ਟਾਈਟਲ ਆਪ ਡਿਜ਼ਾਈਨ ਕਰਨ ਲਈ ਦੋ ਚਾਰ ਦਿਨਾਂ ਵਿਚ ਹੀ ਕੋਰਲ-ਡਰਾਅ ਸਾਫਟ-ਵੇਅਰ ਸਿਖਿਆ। ਮੇਰੇ ਵੈਬ ਸਾਈਟ ਵੀ ਮੈਂ ਆਪ ਹੀ ਬਣਾਏ ਹਨ। ਨਵੀਆਂ ਚੀਜ਼ਾਂ ਸਿੱਖਣ ਦੀ ਇਹ ਆਦਤ ਹੁਣ ਵੀ ਬਰਕਰਾਰ ਹੈ।
ਆਪਣੀ ਇਸ ਆਦਤ ਅਨੁਸਾਰ ਮੈਂ ਟਰੈਕਟਰ ਸਟਾਰਟ ਕਰਨਾ, ਡੀਜ਼ਲ ਪਾਉਣਾ, ਤੇਲ ਪਾਣੀ ਚੈਕ ਕਰਨੇ, ਹੈਰੋ ਟਰਾਲੀ ਲਾਉਣੇ ਤੇ ਲਾਹੁਣੇ, ਖੇਤ ਕੱਦੂ ਕਰਨਾ ਆਦਿ ਤਾਂ ਮੈਂ ਉਸੇ ਵੇਲੇ ਸਿਖਣੇ ਅਰੰਭ ਕਰ ਦਿੱਤੇ। ਮੈਂ ਆਪਣੇ ਮਿੱਤਰ ਪ੍ਰੋਫੈਸਰ ਜੋਗਿੰਦਰ ਸਿੰਘ ਤੋਂ ਪੁੱਛ ਕੇ ਫਸਲਾਂ ਦੀ ਬਿਜਾਈ, ਕਟਾਈ ਤੇ ਪਾਲਣ ਪੋਸਣ ਦੇ ਧਿਆਨ ਲਈ ਮੁੱਖ ਗੱਲਾਂ ਦੇ ਚਾਰਟ ਵੀ ਬਣਾਏ। ਉਸ ਨੇ ਮੈਨੂੰ ਯੂਰੀਆ, ਫਾਸਫੇਟ, ਡਾਈ ਆਦਿਕ ਖਾਦਾਂ ਦੇ ਨਾਂ ਤੇ ਵਰਤਣ ਦੇ ਢੰਗ ਦੱਸੇ। ਕੀਟਨਾਸ਼ਕ ਤੇ ਕਬਾੜ ਨਾਸ਼ਕ ਦਵਾਈਆਂ ਦਾ ਤਾਂ ਹਾਲੇ ਟਾਵਾਂ ਟਾਵਾਂ ਰਿਵਾਜ਼ ਸੀ। ਉਨ੍ਹਾਂ ਵੇਲਿਆਂ ਵਿਚ ਜ਼ੀਰੀ ਦੀ ਗੁਡਾਈ ਹੱਥਾਂ ਨਾਲ ਹੀ ਹੁੰਦੀ ਸੀ ਤੇ ਲਾਵੇ ਜਾਂ ਭੱਈਏ ਖੇਤ ਵਿਚ ਵੜ ਕੇ ਖੱਬਲ ਡੀਲਾ ਪੁੱਟਦੇ ਹੁੰਦੇ ਸਨ। ਬੱਸ ਫਸਲ ਨੂੰ ਮੰਡੀ ਵਿਚ ਸੁੱਟਣ ਦਾ ਵੱਲ ਸਿੱਖਣਾ ਰਹਿੰਦਾ ਸੀ ਜੋ ਸਮਾਂ ਆਉਣ ‘ਤੇ ਹੀ ਹੋਣਾ ਸੀ।
ਜ਼ੀਰੀ ਦੇ ਕੰਮ ਤੋਂ ਸੁਰਖਰੂ ਹੋ ਕੇ ਜਦੋਂ ਮੈਂ ਚੰਡੀਗੜ੍ਹ ਮੁੜਨ ਲੱਗਾ ਤਾਂ ਅਮਰੇ ਨੇ ਮੈਨੂੰ ਰੇਹ (ਰਸਾਇਣਕ ਖਾਦ) ਦੀ ‘ਲਿਮਿਟ’ ਬਣਾਉਣ ਲਈ ਕਿਹਾ। ਉਸ ਦਾ ਕਹਿਣਾ ਸੀ ਕਿ ਸਾਡੇ ਕੋਲ ਖੇਤੀ ਦਾ ਸਾਮਾਨ ਰੱਖਣ ਲਈ ਕੋਈ ਵਾਧੂ ਕਮਰਾ ਨਹੀਂ ਹੈ। ਉਹ ਰੇਹ ਨੂੰ ਸਿੱਧਾ ਸੁਸਾਇਟੀ ਦੇ ਗੋਦਾਮ ਵਿਚੋਂ ਚੁੱਕ ਕੇ ਹੀ ਖੇਤ ਵਿਚ ਪਾਉਂਦਾ ਰਹੇਗਾ। ਪੈਸਿਆਂ ਦਾ ਭੁਗਤਾਨ ਵੀ ਫਸਲ ਆਉਣ ‘ਤੇ ਹੀ ਕਰਨਾ ਪਵੇਗਾ। ਮੈਨੂੰ ਸਕੀਮ ਵਧੀਆ ਲੱਗੀ ਤੇ ਮੈਂ ਸੁਸਾਇਟੀ ਦੇ ਦਫਤਰ ਜਾ ਕੇ ਫਾਰਮ ਭਰ ਆਇਆ।
ਚੰਡੀਗੜ੍ਹ ਪਹੁੰਚ ਕੇ ਸੈਮੀਨਾਰਾਂ ਵਿਚ ਬੁੱਧੀਜੀਵੀਆਂ ਦੀਆਂ ਉਹੀ ਦੰਦ-ਕਥਾਵਾਂ ਸੁਣਨ ਨੂੰ ਮਿਲੀਆਂ ਜੋ ਪਹਿਲਾਂ ਮਿਲਦੀਆਂ ਸਨ। ਕਈਆਂ ਨੂੰ ਭਾਸਦਾ ਸੀ ਕਿ ਨਕਸਲਵਾਦੀ ਲਹਿਰ ਖਤਮ ਹੋਣ ਪਿਛੋਂ ਪੁਰਾਣੇ ਦੌਰ ਦਾ ਅੰਤ ਹੋ ਚੁਕਾ ਹੈ। ਹੁਣ ਪੰਜਾਬ ਵਿਚ ਹਰੇ ਇਨਕਲਾਬ ਦਾ ਬੋਲ ਬਾਲਾ ਹੈ। ਸਦੀਆਂ ਦੀ ਦਬੀ ਕੁਚਲੀ ਕਿਸਾਨੀ ਹੁਣ ਉਪਰ ਉਠ ਰਹੀ ਹੈ। ਕਾਂਗਰਸ ਦਾ ‘ਇਕ-ਪ੍ਰਭਾਵੀ ਦਲ’ ਵਾਲਾ ਨਿਜ਼ਾਮ ਖਤਮ ਹੋ ਰਿਹਾ ਹੈ। ਕਿਸਾਨ-ਪੱਖੀ ਪਾਰਟੀ ਅਕਾਲੀ ਦਲ ਦੀ ਚੜ੍ਹਤ ਹੋਣ ਨਾਲ ਪੰਜਾਬ ਦਾ ਹੋਰ ਵੀ ਵਿਕਾਸ ਹੋਵੇਗਾ। ਅਜਿਹੇ ਵਿਦਵਾਨ ਅਨੰਦਪੁਰ ਸਾਹਿਬ ਦੇ ਮਤੇ ਨੂੰ ਸਮੂਹ ਪੰਜਾਬੀ ਕਿਸਾਨਾਂ ਦੇ ਉਦੇਸ਼ਾਂ ਦਾ ਮੂਲ-ਪੱਤਰ ਸਮਝਦੇ ਸਨ ਜੋ ਆਪਣੇ ਵਿਕਾਸ ਨੂੰ ਦੂਜੇ ਰਾਜਾਂ ਨਾਲ ਸਾਂਝਾ ਨਹੀਂ ਸਨ ਕਰਨਾ ਚਾਹੁੰਦੇ। ਇਸ ਲਈ ਕਿਸਾਨ ਹੁਣ ਖੁਦਮੁਖਤਿਆਰ ਸੂਬਾ ਭਾਲਦੇ ਹਨ।
ਜਦੋਂ ਇਕ ਸੈਮੀਨਾਰ ਵਿਚ ਇਕ ਬੁਲਾਰੇ ਨੇ ਕੇਂਦਰ ਸਰਕਾਰ ਬਾਰੇ ਜਨੂੰਨੀ ਢੰਗ ਨਾਲ ਕਿਹਾ, “ਸਾਡੀ ਤੁਹਾਡੇ ਨਾਲ ਕੀ ਸਾਂਝ? ਬੱਸ ਆਪਣੇ ਭੱਈਏ ਲੈ ਜਾਓ ਤੇ ਸਾਡੇ ਭਾਪੇ ਦੇ ਦਿਓ।” ਤਾਂ ਇਸ ਨੂੰ ਉਭਰਦੀ ਕਿਸਾਨੀ ਦੀਆਂ ਬੁਲੰਦ ਇੱਛਾਵਾਂ ਦਾ ਸੰਕੇਤ ਸਮਝਿਆ ਗਿਆ। ਅਮਰੀਕਾ ਵਾਸੀ ਗੰਗਾ ਸਿੰਘ ਢਿੱਲੋਂ ਦਾ ਖਾਲਿਸਤਾਨ-ਪੱਖੀ ਬਿਆਨ ਅਤੇ ਡਾ. ਜਗਜੀਤ ਸਿੰਘ ਚੌਹਾਨ ਦੀਆਂ ਸਿੱਖ-ਹੋਮਲੈਂਡੀ ਗਤੀਵਿਧੀਆਂ ਵੀ ਇਸੇ ਸੋਚ ਦੀਆਂ ਕੜੀਆਂ ਸਮਝੀਆਂ ਗਈਆਂ।
ਇਨ੍ਹਾਂ ਗੱਲਾਂ ਤੋਂ ਕੋਈ ਬੁੱਧੀਜੀਵੀ ਬਹੁਤਾ ਚਿੰਤਾਤੁਰ ਨਹੀਂ ਸੀ ਹੁੰਦਾ। ਸਭ ਸੈਮੀਨਾਰਾਂ ਵਿਚ ਹਰੇ ਇਨਕਲਾਬ ਨੂੰ ਜਾਦੂ ਦੀ ਛੜੀ ਸਮਝ ਕੇ ਇਸ ਦਾ ਗੁਣ-ਗਾਣ ਹੁੰਦਾ। ਕਈ ਵਿਦਵਾਨ ਤਾਂ ਚਿੱਟੀ ਕ੍ਰਾਂਤੀ, ਰੁਪਹਿਲੀ ਕ੍ਰਾਂਤੀ ਤੇ ਹੋਰ ਕਈ ਰੰਗਾਂ ਦੀਆਂ ਕ੍ਰਾਂਤੀਆਂ ਦੀਆਂ ਗੱਲਾਂ ਵੀ ਕਰਨ ਲੱਗ ਪਏ ਸਨ। ਦਿਹਾਤ ਵਿਚ ਫੂਡ-ਪ੍ਰਾਸੈਸਿੰਗ ਉਦਯੋਗ ਦੇ ਉਜਲ ਭਵਿੱਖ ਦੇ ਸੁਪਨੇ ਦੇਖੇ ਜਾਂਦੇ। ਉਧਰ ਖੱਬੇ ਪੱਖੀ ਵਿਚਾਰਕਾਂ ਨੂੰ ਪਿੰਡਾਂ ਵਿਚ ਧਨਾਢ ਕਿਸਾਨੀ ਜਨਮ ਲੈ ਰਹੀ ਜਾਪਦੀ। ਉਹ ਸਮਝਦੇ, ਇਸ ਨਾਲ ਇਕ ਪਾਸੇ ਤਾਂ ਅਮੀਰ ਕਿਸਾਨਾਂ ਰਾਹੀਂ ਮਜ਼ਦੂਰਾਂ ਦਾ ਸ਼ੋਸ਼ਣ ਵਧ ਰਿਹਾ ਹੈ ਤੇ ਦੂਜੇ ਪਾਸੇ ਧਨਾਢ ਕਿਸਾਨਾਂ ਤੇ ਛੋਟੇ ਕਿਸਾਨਾਂ ਵਿਚਕਾਰ ਪਾੜਾ ਵਧ ਰਿਹਾ ਹੈ। ਹਾਸ਼ੀਏ ‘ਤੇ ਆਏ ਕਿਸਾਨ ਆਪਣੀਆਂ ਜਮੀਨਾਂ ਵੇਚ ਕੇ ਜਾਂ ਠੇਕੇ ‘ਤੇ ਦੇ ਕੇ ਮਜ਼ਦੂਰ ਵਰਗ ਵਿਚ ਸ਼ਾਮਲ ਹੋ ਰਹੇ ਹਨ। ਇਹ ਲੋਕ ਇਹ ਵੀ ਕਹਿਣ ਲੱਗੇ ਕਿ ਬੜੀ ਜਲਦੀ ਕਿਸਾਨ ਵਰਗਾਂ ਵਿਚਾਲੇ ਨਕਸਲੀ ਲਹਿਰ ਜਿਹਾ ਇਕ ਹੋਰ ਸੰਘਰਸ਼ ਛਿੜਨ ਵਾਲਾ ਹੈ। ਇਹ ਵਿਦਵਾਨ ਉਸ ਵੇਲੇ ਦੀ ਉਭਰ ਰਹੀ ਅਤਿਵਾਦ ਦੀ ਲਹਿਰ ਨੂੰ ਅਤਿ-ਪੀੜਤ ਨਿੱਕੀ ਕਿਸਾਨੀ ਦੇ ਸੰਕਟ ਦਾ ਪ੍ਰਗਟਾਵਾ ਸਮਝਦੇ ਸਨ।
ਮੈਨੂੰ ਆਪਣੇ ਨਿਜੀ ਤਜਰਬੇ ਤੋਂ ਸੈਮੀਨਾਰਾਂ ਵਿਚ ਪੇਂਡੂ ਕਿਸਾਨਾਂ ਦੇ ਵਿਕਾਸ ਦੀਆਂ ਗੱਲਾਂ ਅਤੇ ਜਮੀਨੀ ਯਥਾਰਥ ਵਿਚਕਾਰ ਬੜਾ ਭਾਰੀ ਫਰਕ ਲਗਦਾ। ਕਿਸਾਨੀ ਸਫਾਂ ਵਿਚ ਤੀਬਰ ਤਿੱਖੇ ਦਵੰਦ ਸਨ ਜਿਨ੍ਹਾਂ ਕਾਰਨ ਲੱਖ ਜਤਨ ਕਰਨ ‘ਤੇ ਵੀ ਇਨ੍ਹਾਂ ਦਾ ਕਲਿਆਣ ਮੁਸ਼ਕਿਲ ਜਾਪਦਾ ਸੀ। ਠੀਕ ਸੀ ਕਿ ਹਰੇ ਇਨਕਲਾਬ ਨਾਲ ਥੱਲੇ ਲੱਗੀ ਨੀਰਸ ਕਿਸਾਨੀ ਨੂੰ ਥੋੜੀ ਢਾਰਸ ਮਿਲੀ ਸੀ ਪਰ ਇਸ ਨਾਲ ਖੇਤੀ ਦੇ ਕਾਰੋਬਾਰ ਵਿਚ ਸ਼ਰਮਾਏਦਾਰੀ ਪੈਦਾ ਨਹੀਂ ਸੀ ਹੋ ਸਕਦੀ। ਸ਼ਰਮਾਏਦਾਰੀ ਦਾ ਮਨੋਰਥ ਤੇ ਆਧਾਰ ਮੁਨਾਫਾ ਹੁੰਦਾ ਹੈ ਤੇ ਇਸ ਮੁਨਾਫੇ ਦੀਆਂ ਅਸੀਮਤ ਸੰਭਾਵਨਾਵਾਂ ਦਾ ਹੋਣਾ ਵੀ ਜਰੂਰੀ ਹੈ। ਪਰ ਕਿਸਾਨੀ ਧੰਦੇ ਵਿਚ ਤਾਂ ਨਾ ਮੁਨਾਫਾ ਸੀ ਤੇ ਨਾ ਮੁਨਾਫੇ ਦੀਆਂ ਅਨੰਤ ਸੰਭਾਵਨਾਵਾਂ। ਸੀਮਤ ਸਰਕਾਰੀ ਕੀਮਤਾਂ, ਵਧਦੇ ਖਰਚਿਆਂ ਤੇ ਪਸਰਦੀ ਜਮੀਨ-ਵੰਡ ਨੇ ਖੇਤੀ ਦੇ ਵਿਕਾਸ ਦਾ ਪਰਨਾਲਾ ਉਥੇ ਦਾ ਉਥੇ ਰੱਖਿਆ ਹੋਇਆ ਸੀ। ਖੁਸ਼ਹਾਲੀ ਦਾ ਜੋ ਅਹਿਸਾਸ ਹੋਣ ਲੱਗਿਆ ਸੀ, ਉਹ ਵਿਕਾਰ ਦੇ ਰਸਤੇ ਪੈ ਰਿਹਾ ਸੀ। ਕੰਮ ਘਟ ਤੇ ਰਾਜਸੀ ਕਾਵਾਂ-ਰੌਲੀ ਵਧ।
ਮੈਂ ਕਈ ਅੰਕੜੇ ਇੱਕਠੇ ਕਰ ਕੇ ਹਰ ਥਾਂ ਇਹੀ ਕਹਿੰਦਾ ਕਿ ਪੰਜਾਬ ਵਿਚ ਕਿਸਾਨੀ ਦਾ ਭਵਿੱਖ ਹਨੇਰਾ ਸੀ ਤੇ ਨਾਲ ਪੰਜਾਬ ਦਾ ਵੀ। ਮੇਰੇ ਇਸ ਸਿੱਟੇ ਦੇ ਕਈ ਹੋਰ ਵੀ ਕਾਰਨ ਸਨ ਜਿਵੇਂ ਵਧਦੀ ਆਬਾਦੀ, ਸਿੱਖਿਆ ਦੀ ਘਾਟ, ਪਿਛੋਕੜ-ਪ੍ਰਧਾਨ ਰਾਜਨੀਤਕ ਸਮੀਕਰਣ, ਤਿੜਕਦੇ ਪਰਿਵਾਰਕ ਸਬੰਧ ਅਤੇ ਖੁਰਦੀਆਂ ਭਾਈਚਾਰਕ ਸਾਂਝਾਂ ਆਦਿ। ਬਾਅਦ ਵਿਚ ਅਤਿਵਾਦ ਬਨਾਮ ਖਾੜਕੂਵਾਦ ਦੇ ਬਦਲਦੇ ਰੂਪਾਂ ਤੇ ਮੋੜਵੇ ਵਹਾਵਾਂ ਨੇ ਇਹ ਸਿੱਟੇ ਸੱਚ ਸਿੱਧ ਕਰ ਦਿਤੇ। ਅੱਜ ਤਾਂ ਇਨ੍ਹਾਂ ਬਾਰੇ ਕੋਈ ਕਿੰਤੂ ਪ੍ਰੰਤੂ ਵੀ ਨਹੀਂ ਕਰਦਾ।
ਜੀਰੀ ਦੀ ਫਸਲ ਪੱਕੀ ਤੋਂ ਪਿੰਡ ਆਇਆ ਤਾਂ ਅਮਰਾ ਇਕ ਦਿਨ ਕਹਿਣ ਲੱਗਾ, “ਲਾਣੇਦਾਰ ਜੀਰੀ ਆਪਾਂ ਨੈ ਉਸ ਆੜ੍ਹਤੀ ਪਾ ਨੀ ਗੇਰਨੀ ਜਿਥੈ ਨੇਂਹ ਗੇਰਾਂ।”
ਮੈਂ ਕਿਹਾ, “ਹੋਰ ਕਿੱਥੈ ਗੇਰੇਂਗੇ?”
ਉਹ ਬੋਲਿਆ, “ਔਹ ਆੜ੍ਹਤੀ ਇਨ੍ਹਾਂ ਨੂੰ ਜਾਣਾਂ। ਉਸ ਪਾ ਤੇ ਤੋ ਨੇਂਹ ਤੇਰੇ ਪੈਸੇ ਇੱਤਰਾਂ ਏ ਕਢਾ ਕਢਾ ਕੈ ਖਾਈਂ ਜੈਂਗੇ।” ‘ਨੇਂਹ’ ਤੋਂ ਉਸ ਦਾ ਭਾਵ ਮੇਰਾ ਪਿਤਾ ਤੇ ਭਰਾ ਸਨ।
ਹਾਲੀਆ ਘਟਨਾਵਾਂ ਦੀ ਲੋਅ ਵਿਚ ਮੈਨੂੰ ਉਸ ਦੀ ਗੱਲ ਵਿਚ ਵਜ਼ਨ ਲੱਗਾ। ਮੈਂ ਸੋਚਿਆ ਆਪਣੀ ਜ਼ੀਰੀ ਲਾਗਲੇ ਸ਼ਹਿਰ ਰਾਜਪੁਰੇ ਸੁੱਟਾਂ ਕਿਉਂਕਿ ਉਹ ਇਨ੍ਹਾਂ ਨੂੰ ਉਲਟ ਪਾਸੇ ਪੈਂਦਾ ਹੈ ਤੇ ਮੈਨੂੰ ਚੰਡੀਗੜ੍ਹ ਜਾਂਦਿਆਂ ਰਸਤੇ ਵਿਚ ਆਉਂਦਾ ਹੈ। ਫਸਲ ਚੰਗੀ ਹੋਣ ਦੀ ਉਮੀਦ ਵਿਚ ਮੈਂ ਆਪਣੇ ਖੇਤ ਵਿਚ ਪਾਏ ਕਮਰੇ ਨੂੰ ਪਲਸਤਰ ਕਰਵਾਉਣ ਦਾ ਕੰਮ ਅਰੰਭ ਕਰਵਾ ਕੇ ਬੂਹੇ ਬਾਰੀਆਂ ਲੁਆਉਣ ਲਈ ਵੀ ਰਾਜਪੁਰੇ ਦੇ ਹੀ ਇਕ ਤਰਖਾਣ ਨੂੰ ਸਾਈ ਦੇ ਦਿੱਤੀ। ਜੀਰੀ ਦੀਆਂ ਟਰਾਲੀਆਂ ਮੈਂ ਆਪ ਹੀ ਟਰੈਕਟਰ ਚਲਾ ਕੇ ਰਾਜਪੁਰੇ ਸੁੱਟੀਆਂ। ਵੱਟਤ ਦੀ ਅਦਾਇਗੀ ਲਈ ਆੜ੍ਹਤੀਏ ਨੇ 15-20 ਦਿਨ ਰੁਕਣ ਲਈ ਕਿਹਾ।
ਜੀਰੀ ਸੁੱਟਣ ਪਿੱਛੋਂ ਅਸੀਂ ਤੋਰੀਆ ਬੀਜਣ ਹੀ ਲੱਗੇ ਸਾਂ ਕਿ ਕਮਰੇ ਵਲ ਦੋ ਸਕੂਟਰ ਸਵਾਰ ਆਉਂਦੇ ਦੇਖੇ। ਨੇੜੇ ਆ ਕੇ ਉਨ੍ਹਾਂ ਨੇ ਬਾਹਰ ਖੜ੍ਹੇ ਇਕ ਨਿਆਣੇ ਤੋਂ ਪੁਛਿਆ, “ਪ੍ਰੋਫੈਸਰ ਦਾ ਕੋਠਾ ਇਹੀ ਹੈ?” ਦਰਅਸਲ ਪਿੰਡ ਵਾਲੇ ਮੇਰੇ ਕਮਰੇ ਨੂੰ ਪ੍ਰੋਫੈਸਰ ਦਾ ਕੋਠਾ ਕਹਿ ਕੇ ਹੀ ਸੱਦਦੇ ਸਨ ਤੇ 2013 ਵਿਚ ਇਸ ਦੇ ਢਹਿਣ ਤੀਕ ਉਹ ਇਸ ਦਾ ਇਹੀ ਨਾਂ ਲੈਂਦੇ। ਕਿਉਂਕਿ ਬੰਦੇ ਪਛਾਣ ਵਾਲੇ ਨਹੀਂ ਸਨ, ਇਸ ਲਈ ਮੈਂ ਅਮਰੇ ਨੂੰ ਕਿਹਾ ਕਿ ਜਾ ਕੇ ਪੁੱਛੇ ਕੌਣ ਸਨ। ਉਸ ਨੇ ਆ ਕੇ ਦੱਸਿਆ ਕਿ ਬੈਂਕ ਵਾਲੇ ਸਨ ਤੇ ਮੈਨੂੰ ਮਿਲਣਾ ਚਾਹੁੰਦੇ ਸਨ। ਮੈਂ ਬਾਹਰ ਨਿਕਲ ਕੇ ਮਿਲਿਆ ਤਾਂ ਉਨ੍ਹਾਂ ਵਿਚੋਂ ਇਕ ਬੋਲਿਆ, “ਅਸੀਂ ਲੈਂਡ ਮਾਰਟਗੇਜ਼ ਬੈਂਕ ਪਟਿਆਲੇ ਤੋਂ ਆਏ ਹਾਂ। ਤੁਹਾਡੇ ਟਰੈਕਟਰ ਦੇ ਲੋਨ ਦੀ ਕਿਸ਼ਤ ਦੀ ਰਕਮ ਨਹੀਂ ਪੁਜੀ, ਲੈਣ ਆਏ ਹਾਂ।”
ਮੈਂ ਕਿਹਾ, “ਫਸਲ ਤਾਂ ਆ ਲੈਣ ਦਿਓ, ਕਿਸ਼ਤ ਤਾਂ ਦਿਆਂਗੇ ਹੀ…।”
ਉਹਨੇ ਮੈਨੂੰ ਟੋਕਦਿਆਂ ਕਿਹਾ, “ਜੀਰੀ ਵੱਢ ਨਹੀਂ ਲਈ ਤੁਸੀਂ?” ਇਹ ਕਹਿ ਕੇ ਉਸ ਨੇ ਮੇਰੀ ਜੱਟਕੀ ਅਣਖ ਨੂੰ ਵੰਗਾਰਿਆ। ਮੈਨੂੰ ਬੜਾ ਗੁੱਸਾ ਆਇਆ ਕਿ ਇਹ ਮੇਰੀ ਫਸਲ ‘ਤੇ ਅੱਖ ਰੱਖਣ ਵਾਲਾ ਕੌਣ ਹੈ? ਕਰਜੇ ਦੀ ਕਿਸ਼ਤ ਹੀ ਦੇਣੀ ਹੈ, ਫਸਲ ਦਾ ਹਿਸਾਬ ਤਾਂ ਨਹੀਂ ਦੇਣਾ। ਮੈਂ ਔਖਾ ਹੋ ਕੇ ਕਿਹਾ, “ਹਾਂ ਵੱਢ ਲਈ ਐ, ਬੈਂਕ ‘ਚ ਸੁੱਟ ਆਉਂਦੇ ਟਰਾਲੀ?”
ਉਹ ਆਵਾਜ਼ ਉਚੀ ਕਰ ਕੇ ਬੋਲਿਆ, “ਸਰਦਾਰ ਜੀ, ਸਾਨੂੰ ਟਰਾਲੀ ਨ੍ਹੀਂ ਚਾਹੀਦੀ, ਸਾਨੂੰ ਤਾਂ ਫਸਲ ਵੱਢਣ ਸਾਰ ਪੈਸੇ ਚਾਹੀਦੇ ਐ। ਤੁਸੀਂ ਜੀਰੀ ਵੱਢ ਲਈ ਹੈ, ਪੈਸੇ ਲਿਆਓ, ਗੱਲ ਖਤਮ।”
ਰੌਲਾ ਸੁਣ ਕੇ ਮੇਰੇ ਕਮਰੇ ਸਾਹਮਣੇ ਸੜਕ ‘ਤੇ ਕਈ ਬੰਦੇ ਰੁਕ ਕੇ ਤਮਾਸ਼ਾ ਵੇਖਣ ਲੱਗੇ। ਨੇੜੇ ਦੋ ਘਰ ਸਨ, ਉਨ੍ਹਾਂ ਵਿਚੋਂ ਵੀ ਔਰਤਾਂ-ਬੰਦੇ ਬਾਹਰ ਨਿਕਲ ਆਏ। ਮੈਨੂੰ ਲੱਗਾ, ਬੈਂਕ ਵਾਲਿਆਂ ਨੇ ਪਿੰਡ ਵਿਚ ਮੇਰੀ ਪੱੜਤ ਰੋਲ ਦਿੱਤੀ ਹੈ। ਇਸ ਤਰ੍ਹਾਂ ਜਾਪੇ ਜਿਵੇਂ ਸਭ ਨੂੰ ਪਤਾ ਲੱਗ ਗਿਆ ਹੋਵੇ ਕਿ ਪ੍ਰੋਫੈਸਰ ਵੀ ਸਾਡੇ ਵਾਂਗ ਖਾਲੀ ਲਿਫਾਫਾ ਹੀ ਹੈ। ਇਸ ਕੋਲ ਵੀ ਪੈਸੇ ਨਹੀਂ ਹਨ। ਜੇ ਹੁੰਦੇ ਤਾਂ ਇਨ੍ਹਾਂ ਦੇ ਮੂੰਹ ‘ਤੇ ਨਾ ਮਾਰਦਾ, ਬੇਇਜ਼ਤੀ ਕਿਉਂ ਕਰਵਾਉਂਦਾ? ਮੈਨੂੰ ਉਹ ਸਭ ਮੇਰਾ ਤ੍ਰਿਸਕਾਰ ਕਰਦੇ ਨਜ਼ਰ ਆਏ। ਉਨ੍ਹਾਂ ਵਿਚੋਂ ਕੁਝ ਚਿਹਰੇ ਮੇਰੇ ‘ਤੇ ਹਸਦੇ ਵੀ ਨਜ਼ਰ ਆਏ। ਮੈਂ ਉਨ੍ਹਾਂ ਬੈਂਕੋਂ ਆਏ ਜਮਦੂਤਾਂ ਨੂੰ ਕੜਕ ਕੇ ਬੋਲਿਆ, “ਸ਼੍ਰੀ ਮਾਨ ਜੀ ਹਾਲੇ ਸਤੰਬਰ ਚਲ ਰਿਹਾ ਹੈ। ਮੇਰੀ ਕਿਸ਼ਤ ਦਸੰਬਰ ਵਿਚ ਦੇਣੀ ਬਣਦੀ ਐ। ਤੁਸੀਂ ਹੁਣੇ ਤੋਂ ਮੌਜ਼ੇ ਖੋਲ੍ਹੀ ਫਿਰ ਰਹੇ ਹੋ। ਮਿਤੀ ਆਉਣ ਦਿਓ, ਮੈਂ ਆਪੇ ਕਿਸ਼ਤ ਦੇ ਆਵਾਂਗਾ। ਤੁਸੀਂ ਮੁੜ ਇੱਥੇ ਆ ਕੇ ਨ੍ਹੀਂ ਖੜ੍ਹਨਾ।” ਉਹ ਚਲੇ ਤਾਂ ਗਏ ਪਰ ਇਕ ਤਮਾਚਾ ਛੱਡ ਗਏ, “ਜੇ ਤੁਸੀਂ ਆਪੇ ਭਰ ਕੇ ਆ ਜਾਂਦੇ ਤਾਂ ਅਸੀਂ ਇੱਥੇ ਕੀ ਕਰਨ ਆਉਣਾ ਸੀ?”
ਉਨ੍ਹਾਂ ਦੇ ਜਾਣ ਪਿਛੋਂ ਮੈਂ ਅਪਮਾਨ ਨਾਲ ਅਧ-ਮਰਿਆ ਜਿਹਾ ਹੋ ਗਿਆ। ਅਮਰਾ ਮੈਨੂੰ ਬਿਚਕਾਰਦਾ ਕਹਿਣ ਲੱਗਾ, “ਲਾਣੇਦਾਰ, ਨੇਂਹ ਤੋ ਸਭ ਕੈ ਇੱਤਰਾਂ ਏਂ ਆਵਾਂ। ਫਸਲ ਬੱਢਣ ਸਾਰ ਏ ਲੱਗ ਜਾਹਾਂ ਜੱਟਾਂ ਗੇ ਪਿੱਛੈ ਗੇੜੇ ਮਾਰਨ। ਦੱਬ ਕੈ ਮਿੱਟੀ ਕੁੱਟਾਂ ਅਗਲੇ ਕੀ। ਖਾਣੇ ਪੀਣੇ ਗਾ ਢਕਵੰਜ ਐ ਇਨ੍ਹਾਂ ਗਾ। ਤੋਂਹ ਪਰੈ ਦਸ ਬੀਹ ਮੱਥੈ ਮਾਰਦਾ ਆਪੇ ਚੁੱਪ ਕਰਕੈ ਚਲੇ ਜਾਣਾ ਤਾ ਇਨ੍ਹਾਂ ਨੈ। ਇੰਨਾ ਗਰਮ ਹੋਣ ਕੀ ਤੋ ਬਾਤੇ ਨੀ ਤੀ।”
ਉਹ ਬੋਲਦਾ ਗਿਆ ਪਰ ਮੈਂ ਆਪਣੇ ਆਪ ਨੂੰ ਫਿਟ ਲਾਹਣਤੀ ਪਾਈ ਤੇ ਉਸ ਦਿਨ ਨੂੰ ਕੋਸਿਆ ਜਦੋਂ ਟਰੈਕਟਰ ਲੈਣ ਲਈ ਹਾਂ ਕੀਤੀ ਸੀ। ਇਸ ਝੰਜਟ ਵਿਚ ਪੈ ਕੇ ਪਹਿਲਾਂ ਮੇਰੇ ‘ਤੇ ਕੰਗਾਲੀ ਆਈ ਤੇ ਫਿਰ ਕੰਗਾਲੀ ਦੀ ਭੰਡੀ ਹੋਈ। ਮੈਂ ਇੰਨਾ ਹਰਖਿਆ ਕਿ ਸਾਰਾ ਦਿਨ ਕਿਸੇ ਨਾਲ ਨਾ ਬੋਲਿਆ। ਮੇਰੇ ਜਿੰਨਾ ਸੰਵੇਦਨਸ਼ੀਲ ਕੋਈ ਹੋਰ ਕਿਸਾਨ ਹੁੰਦਾ ਤਾਂ ਫਾਹਾ ਵੀ ਲੈ ਸਕਦਾ ਸੀ। ਪਰ ਫਾਹਿਆਂ ਦਾ ਰਿਵਾਜ਼ ਉਸ ਵੇਲੇ ਤੁਰਿਆ ਨਹੀਂ ਸੀ। ਮੈਂ ਅਮਰੇ ਨੂੰ ਤਾੜਨਾ ਕੀਤੀ ਕਿ ਜੇ ਇਹੋ ਜਿਹੇ ਲਗਾੜੇ ਫਿਰ ਮੇਰੇ ਬਾਬਤ ਪੁੱਛਣ ਤਾਂ ਕਹਿ ਦੇਈਂ, ਉਹ ਇੱਥੇ ਨ੍ਹੀਂ। ਉਹ ਤਾਈਦ ਕਰਦਾ ਬੋਲਿਆ, “ਹਾਂ ਜੀ ਸਾਰੇ ਜੱਟ ਜਿਮੀਂਦਾਰ ਇੱਤਰਾਂ ਏਂ ਕਰਾਂ। ਆਪ ਇੱਧਰ ਉਧਰ ਹੋ ਜਾਹਾਂ, ਘਰ ਗਿਆਂ ਤੇ ਕੁਹਾ ਦੇਹਾਂ ਪਟਿਆਲੈ ਗਿਆ ਬਾ। ਕੋਈ ਸਾਹਮਣੈ ਟੱਕਰ ਜੈ ਫੇਰ ਤੋ ਅਗਲੇ ਗੀ ਦਾਹੜੀ ਨੂੰ ਹੱਥ ਪਾਉਣ ਜਾਹਾਂ ਨੇਂਹ। ਕਈ ਵਾਰ ਤੋ ਪੁਲਸ ਨੂੰ ਗੈਲ ਲਿਆ ਕੈ ਫੜ ਵੀ ਲੇ ਜਾਹਾਂ।”
ਖੈਰ, ਸਟੈਫਿਸਗਰੀਆ-30 ਦੀਆਂ ਉਪਰੋਥਲੀ ਦੋ ਖੁਰਾਕਾਂ ਲੈਣ ਤੋਂ ਬਾਅਦ ਸ਼ਾਮ ਤੀਕ ਮਨ ਟਿਕਾਣੇ ਆ ਗਿਆ। ਸੋਚਿਆ, ਇਹ ਹੋਮਿਓਪੈਥੀ ਮੇਰੀ ਸਭ ਤੋਂ ਵੱਡੀ ਵਫਾਦਾਰ ਮਿੱਤਰ ਹੈ। ਕੋਈ ਬਿਮਾਰੀ ਹਮਲਾ ਕਰੇ, ਮੈਨੂੰ ਸਭ ਦੀ ਮਾਰ ਤੋਂ ਬਚਾ ਲੈਂਦੀ ਹੈ। ਇਸ ਦੋਸਤੀ ਦੀ ਨਿੱਘ ਮਾਣਦਾ ਮੈਂ ਅਮਰੇ ਨੂੰ ਤੋਰੀਆ ਆਪੇ ਬਿਜਵਾ ਲੈਣ ਲਈ ਕਹਿ ਕੇ ਚੰਡੀਗੜ੍ਹ ਨਿਕਲ ਗਿਆ।
(ਚਲਦਾ)