ਪੇਇਚਿੰਗ: ਚੀਨ ਦੀ ਪੁਰਾਣੀ ਲੀਡਰਸ਼ਿਪ ਨਵਿਆਂ ਨੂੰ ਕਮਾਨ ਸੌਂਪ ਕੇ ਲਾਂਭੇ ਹੋ ਗਈ ਹੈ। ਇਸ ਦੇ ਨਾਲ ਹੀ ਪੁਰਾਣੀ ਲੀਡਰਸ਼ਿਪ ਨੇ ਆਪਣੇ ਕਾਰਜਕਾਲ ਦੇ ਕਈ ਅਹਿਮ ਪੱਖ ਉਭਾਰਦਿਆਂ ਦਾਅਵਾ ਕੀਤਾ ਕਿ ਇਹ ਕਮਿਊਨਿਸਟ ਮੁਲਕ ਪਿਛਲੇ ਦਹਾਕੇ ਦੌਰਾਨ ਵਿਸ਼ਵ ਸ਼ਕਤੀ ਬਣ ਕੇ ਉੱਭਰਿਆ ਹੈ। ਨਵੇਂ ਆਗੂ ਜਿਨਪਿੰਗ ਵੱਲੋਂ ਦੁਨੀਆਂ ਦੀ ਦੂਜੀ ਵੱਡੀ ਆਰਥਿਕ ਸ਼ਕਤੀ ਦੇ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਰਾਜਣ ਦਾ ਰਾਹ ਪੱਧਰਾ ਹੋ ਗਿਆ ਹੈ।
ਪ੍ਰਧਾਨ ਮੰਤਰੀ ਵੇਨ ਜਿਆਬਾਉ ਜਿਨ੍ਹਾਂ ਨੇ ਹੂ ਜਿੰਤਾਓ ਨਾਲ 10 ਵਰ੍ਹੇ ਦੇਸ਼ ਨੂੰ ਦਿਸ਼ਾ ਦਿੱਤੀ ਨੇ 3000 ਮੈਂਬਰਾਂ ਦੀ ਨੈਸ਼ਨਲ ਪੀਪਲਜ਼ ਕਾਂਗਰਸ (ਐਨæਪੀæਸੀæ) ਤੋਂ ਅੰਤਿਮ ਵਿਦਾਇਗੀ ਲਈ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਕਾਰਜਕਾਲ ਬਾਰੇ ਇਕ ਲੰਮੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਮੁਲਕ 2011 ਵਿਚ ਜਾਪਾਨ ਨੂੰ ਪਛਾੜ ਕੇ ਵਿਸ਼ਵ ਦੀ ਦੂਜੀ ਵੱਡੀ ਆਰਥਿਕ ਸ਼ਕਤੀ ਬਣਿਆ।
ਵੇਨ ਦੀ 29 ਸਫਿਆਂ ਦੀ ਰਿਪੋਰਟ ਵਿਚ ਮੁੱਖ ਰੂਪ ਵਿਚ ਪ੍ਰਾਪਤੀਆਂ ਹੀ ਪ੍ਰਾਪਤੀਆਂ ਦਾ ਜ਼ਿਕਰ ਸੀ ਜਿਵੇਂ ਦਰਜਨਾਂ ਹਵਾਈ ਅੱਡਿਆਂ ਵਾਲਾ ਵਿਸ਼ਾਲ ਬੁਨਿਆਦੀ ਢਾਂਚਾ ਉਸਾਰਨਾ, ਹਜ਼ਾਰਾਂ ਕਿਲੋਮੀਟਰ ਲੰਮੀਆਂ ਸੜਕਾਂ ਦੀ ਉਸਾਰੀ, ਹਾਈ ਸਪੀਡ ਟਰੇਨਾਂ ਤੇ ਵਿਸ਼ਵ ਦੇ ਸਭ ਤੋਂ ਵੱਧ ਆਬਾਦੀ ਵਾਲੇ ਇਸ ਮੁਲਕ ਵਿਚ ਸਰਵਪੱਖੀ ਵਿਕਾਸ ਦੀ ਚਰਚਾ ਕੀਤੀ ਗਈ। ਇਸ ਸਾਰੇ ਕੁਝ ਦੇ ਨਾਲ ਹੀ 70 ਸਾਲਾ ਆਗੂ ਨੇ ਭ੍ਰਿਸ਼ਟਾਚਾਰ ਦੇ ਟਾਕਰੇ ਲਈ ਸੱਤਾ ਦੇ ਵਾਧੂ ਕੇਂਦਰੀਕਰਨ ਨੂੰ ਰੋਕਣ ਲਈ ਤੇ ਸਿਆਸੀ ਦਿਆਨਤਦਾਰੀ ਦਾ ਆਧਾਰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰਨ ਦਾ ਸੱਦਾ ਦਿੱਤਾ।
ਉਨ੍ਹਾਂ ਨੇ ਚੀਨ ਨੂੰ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਵਿਚੋਂ ਅਸੰਤੁਲਿਤ, ਬਿਨਾਂ ਕਿਸੇ ਤਾਲਮੇਲ ਦੇ ਤੇ ਟੁੱਟਵਾਂ ਵਿਕਾਸ ਪ੍ਰਮੁੱਖ ਸਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਆਪਣੇ ਪਰਿਵਾਰ ‘ਤੇ 2æ7 ਅਰਬ ਡਾਲਰ ਦੀ ਸੰਪਤੀ ਜੋੜਨ ਦੇ ਦੋਸ਼ਾਂ ਦਾ ਪਿਛਲੇ ਸਾਲ ਖੰਡਨ ਕੀਤਾ ਗਿਆ ਸੀ। 70 ਸਾਲਾ ਹੂ, ਸੀ ਤੇ ਪਾਰਟੀ ਦੇ ਹੋਰ ਚੋਟੀ ਦੇ ਆਗੂਆਂ ਦੀ ਹਾਜ਼ਰੀ ਵਿਚ ਵੇਨ ਨੇ ਅਮੀਰਾਂ ਤੇ ਗਰੀਬਾਂ ਵਿਚ ਵਧ ਰਹੇ ਪਾੜੇ ਤੇ ਖਿੱਤਿਆਂ ਦੇ ਵਿਕਾਸ ਵਿਚਲੇ ਪਾੜੇ, ਵਿੱਤੀ ਸੈਕਟਰ ਦੇ ਵੱਡੇ ਖਤਰਿਆਂ ਤੇ ਸਨਅਤੀ ਵਿਕਾਸ ਤੇ ਵਾਤਾਵਰਨ ਦੀ ਸਾਂਭ-ਸੰਭਾਲ ਵਿਚਾਲੇ ਟਕਰਾਅਪੂਰਨ ਰੁੱਖ ਦੀ ਚਰਚਾ ਵੀ ਕੀਤੀ।
ਐਨਪੀਸੀ ਵੱਲੋਂ 59 ਸਾਲਾ ਸੀ ਨੂੰ ਰਾਸ਼ਟਰਪਤੀ ਤੇ 57 ਸਾਲਾਂ ਲੀ ਕੇਕਿਆਂਗ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਰਿਹਾ ਹੈ ਜਦਕਿ ਹੋਰ ਕਈ ਚੋਟੀ ਦੇ ਆਗੂਆਂ ਨੂੰ ਹੋਰ ਅਹੁਦੇ ਦਿੱਤੇ ਜਾ ਰਹੇ ਹਨ। ਇਨ੍ਹਾਂ ਆਗੂਆਂ ਦੇ ਨਾਮ ਸੀਪੀਸੀ ਵੱਲੋਂ ਪਹਿਲਾਂ ਹੀ ਤੈਅ ਕੀਤੇ ਜਾ ਚੁੱਕੇ ਹਨ। ਐਨਪੀਸੀ ਵੱਲੋਂ ਸਰਕਾਰੀ ਸੰਸਥਾਗਤ ਸੁਧਾਰ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਜਾਵੇਗੀ।
ਐਨਪੀਸੀ ਦੇ ਡੈਲੀਗੇਟਾਂ ਨੇ ਭਾਵੇਂ ਵੇਨ ਦੀ ਵਾਹ-ਵਾਹ ਕੀਤੀ ਪਰ ਉਸ ਵੱਲੋਂ ਲਗਾਤਾਰ ਪਾਰਟੀ ਲਾਈਨ ਮੁਤਾਬਕ ਚੱਲਣ ਕਾਰਨ ਉਸ ਨੂੰ ਰਬੜ ਦੀ ਮੋਹਰ ਵੀ ਕਿਹਾ ਜਾਂਦਾ ਰਿਹਾ ਹੈ। ਨੈੱਟ ‘ਤੇ ਉਸ ਦੀ ਸਖਤ ਆਲੋਚਨਾ ਹੁੰਦੀ ਰਹੀ ਹੈ। ਚੀਨ ਵਿਚ ਟਵਿੱਟਰ ਦੀ ਥਾਵੇਂ ‘ਵੇਇਬੋ ਸੋਸ਼ਲਸਾਈਟ’ ਹੈ, ਜਿਸ ‘ਤੇ ਲੋਕਾਂ ਵੱਲੋਂ ਉਸ ਨੂੰ ਚੀਨ ਨੂੰ ਦਰਪੇਸ਼ ਖਤਰਿਆਂ ਨਾਲ ਨਜਿੱਠਣ ਵਿਚ ਅਸਫਲ ਕਰਾਰ ਦਿੱਤਾ ਹੈ।
_______________________________
ਨਾਜ਼ੀਆਂ ਦੇ ਤਸੀਹਾ ਕੇਂਦਰਾਂ ਦੀ ਗਿਣਤੀ 42,500 ਹੋਣ ਦਾ ਦਾਅਵਾ
ਨਿਊਯਾਰਕ: ਹਿਟਲਰ ਦੀ ਤਾਨਾਸ਼ਾਹੀ ਵੇਲੇ 1933 ਤੋਂ ਲੈ ਕੇ 1945 ਤਕ ਨਾਜ਼ੀਆਂ ਦੇ ਤਸੀਹਾ ਕੇਂਦਰਾਂ ਦੀ ਵੱਡੀ ਗਿਣਤੀ ਦਾ ਖੁਲਾਸਾ ਹੋਇਆ ਹੈ। ਹੁਣ ਤਕ ਮੰਨਿਆ ਜਾ ਰਿਹਾ ਸੀ ਕਿ ਯਹੂਦੀਆਂ ਲਈ ਬਣਾਏ ਇਨ੍ਹਾਂ ਕੈਂਪਾਂ ਦੀ ਗਿਣਤੀ 7000 ਦੇ ਕਰੀਬ ਸੀ ਪਰ ਤਾਜ਼ਾ ਖੋਜ ਦੇ ਆਧਾਰ ‘ਤੇ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾ ਕੈਂਪਾਂ ਦੀ ਗਿਣਤੀ 42,500 ਦੇ ਕਰੀਬ ਸੀ। ਇਹ ਗਿਣਤੀ ਪਹਿਲਾਂ ਦੇ ਅੰਦਾਜ਼ੇ ਤੋਂ ਕੋਈ ਛੇ ਗੁਣਾ ਵੱਧ ਹੈ। ‘ਨਿਊਯਾਰਕ ਟਾਈਮਜ਼’ ਵਿੱਚ ਛਪੀ ਰਿਪੋਰਟ ਅਨੁਸਾਰ ਖੋਜੀਆਂ ਨੇ ਦਾਅਵਾ ਕੀਤਾ ਹੈ ਕਿ ਜਰਮਨੀ ਦੇ ਅਧਿਕਾਰ ਵਾਲੇ ਫਰਾਂਸ ਤੋਂ ਲੈ ਕੇ ਰੂਸ ਤਕ ਦੇ ਇਲਾਕਿਆਂ ਵਿਚ ਅਜਿਹੇ ਕੈਂਪਾਂ ਦੀ ਭਰਮਾਰ ਸੀ। ਇਸ ਕਾਲ ਦੌਰਾਨ ਡੇਢ ਤੋਂ ਦੋ ਕਰੋੜ ਦੇ ਕਰੀਬ ਲੋਕਾਂ ਨੂੰ ਕੈਦੀ ਬਣਾਇਆ ਗਿਆ ਜਾਂ ਕਤਲ ਕਰ ਦਿੱਤਾ ਗਿਆ। ਇਤਿਹਾਸਕਾਰਾਂ ਮੁਤਾਬਕ ਹਿਟਲਰ ਨੇ ਤਕਰੀਬਨ 60 ਲੱਖ ਯਹੂਦੀਆਂ ਨੂੰ ਮਾਰ ਦਿੱਤਾ ਸੀ।
Leave a Reply