ਪ੍ਰੋæ ਉਮਾ ਚਕਰਵਰਤੀ ਨਾਲ ਵਿਸ਼ੇਸ਼ ਮੁਲਾਕਾਤ
ਭਾਰਤੀ ਪ੍ਰਸੰਗ ‘ਚ ਸਰਮਾਏਦਾਰੀ ਕਿਸ ਤਰ੍ਹਾਂ ਦੇ ਰਾਜ ਦੇ ਨਾਲ ਜੁੜੀ ਹੋਈ ਹੈ?
-ਜਿਸ ਦੌਰ ਵਿਚ ਅਸੀਂ ਗੱਲ ਕਰ ਰਹੇ ਹਾਂ, ਉਸ ਵਕਤ ਰਾਜ ਦਾ ਬਹੁ-ਕੌਮੀ ਕੰਪਨੀਆਂ ਨਾਲ ਸਾਜ਼ਿਸ਼ੀ ਗੱਠਜੋੜ ਬਣਿਆ ਹੋਇਆ ਹੈ। ਇਸ ਗੱਠਜੋੜ ਦਾ ਉਦੇਸ਼ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਲੁੱਟਮਾਰ ਹੈ। ਇਸ ਲਈ ਸਾਰੇ ਅਸੂਲ, ਕਾਇਦੇ-ਕਾਨੂੰਨ ਛਿੱਕੇ ਟੰਗ ਦਿੱਤੇ ਗਏ ਹਨ। ਇਹ ਕਿਸ ਤਰ੍ਹਾਂ ਦੀ ਸਰਮਾਏਦਾਰੀ ਹੈ, ਇਸ ਦੀ ਵਿਆਖਿਆ ਵੱਖੋ-ਵੱਖਰੀ ਹੋ ਸਕਦੀ ਹੈ, ਪਰ ਭਾਰਤੀ ਪ੍ਰਸੰਗ ‘ਚ ਇਹ ਬਿਲਕੁਲ ਸਾਫ਼ ਹੈ ਕਿ ਰਾਜ ਦਾ ਬਹੁ-ਕੌਮੀ ਕੰਪਨੀਆਂ ਨਾਲ ਪੂਰਾ ਗੰਢ-ਤੁੱਪ ਹੈ। ਇਸ ਦੇ ਨਾਲ-ਨਾਲ ਰਾਜ ਦੀ ਭੂਮਿਕਾ ਅਤੇ ਕੰਮ ਕਾਜ ਘਟ ਗਏ ਹਨ। ਨਾਗਰਿਕਾਂ ਦੀ ਭਲਾਈ ਦੀ ਧਾਰਨਾ ਨੂੰ ਰੱਦੀ ਦੀ ਟੋਕਰੀ ‘ਚ ਵਗਾਹ ਮਾਰਿਆ ਗਿਆ ਹੈ। ਸਮਾਜਕ ਸੁਰੱਖਿਆ, ਇਲਾਜ ਦੀ ਸਹੂਲਤ ਮੁਹੱਈਆ ਕਰਾਉਣ ਦੀਆਂ ਗੱਲਾਂ ਖੰਭ ਲਾ ਕੇ ਉਡ ਗਈਆਂ ਹਨ। ਰਾਜ ਦੀ ਪਰਿਵਾਰ ਦੇ ਮੁਖੀ ਵਾਲੀ ਭੂਮਿਕਾ ਦੀ ਜੋ ਧਾਰਨਾ (ਜੋ ਅਸੀਂ ਨਾਰੀਵਾਦੀ ਮੰਨਦੇ ਸੀ) ਸੀ, ਉਸ ਦਾ ਭੋਗ ਪਾ ਦਿੱਤਾ ਗਿਆ ਹੈ। ਭਾਰਤ ਦਾ ਅਵਾਮ ਅੱਜ ਇਨ੍ਹਾਂ ਤਾਕਤਾਂ ਅੱਗੇ ਜੋ ਉਸ ਦੀ ਲੁੱਟਖਸੁੱਟ ਕਰਨ ਦੇ ਆਹਰ ‘ਚ ਹਨ, ਮਾਯੂਸ ਹਾਲਾਤ ਨਾਲ ਟਕਰਾ ਕੇ, ਖ਼ੁਦ ਨੂੰ ਜ਼ਿੰਦਾ ਰੱਖਣ ਦੀ ਜੱਦੋਜਹਿਦ ‘ਚ ਲੱਗਿਆ ਹੋਇਆ ਹੈ। ਮਸਲਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਸਵਾਲ ਹੈæææਇਹ ਰਾਜ ਅਤੇ ਇਸ ਦੀਆਂ ਨੀਤੀਆਂ ਹੀ ਹਨ ਜੋ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਕਰ ਰਹੀਆਂ ਹਨ, ਕਿਸੇ ਨੂੰ ਕੋਈ ਫ਼ਿਕਰ ਨਹੀਂ, ਕੋਈ ਚਰਚਾ ਨਹੀਂ ਹੋ ਰਹੀ। ਰਾਜ ਸਿਰਫ਼ ਫ਼ੌਜ ਤੇ ਪੁਲਿਸ ਤੱਕ ਸਿਮਟ ਕੇ ਰਹਿ ਗਿਆ ਹੈ।
ਜਮਹੂਰੀਅਤ, ਚੋਣਾਂ ਅਤੇ ਜਨਤਾ ਦੇ ਵਿਕਾਸ ਦੇ ਤਮਾਮ ਨਾਅਰੇ ਵੀ ਤਾਂ ਹਨ?
-ਸਰਕਾਰ ਦੇ ਜਿੰਨੇ ਵੀ ਮੰਤਰਾਲੇ ਹਨ, ਸਭ ਦਾ ਇਕੋ ਏਜੰਡਾ ਹੈ, ਦੇਸ਼ ‘ਚ ਸਰਮਾਇਆ ਆਵੇ, ਭਾਵੇਂ ਕੋਈ ਆ ਕੇ ਵਸੀਲੇ ਹੀ ਲੁੱਟ ਕੇ ਲੈ ਜਾਵੇ। ਇਸ ਨਾਲ ਲੋਕ ਵੱਡੇ ਪੱਧਰ ‘ਤੇ ਉਜੜ ਰਹੇ ਹਨ। ਜ਼ਮੀਨ-ਜੰਗਲ ਤੋਂ ਉਨ੍ਹਾਂ ਨੂੰ ਜਬਰੀ ਬੇਦਖ਼ਲ ਕੀਤਾ ਜਾ ਰਿਹਾ ਹੈ। ਇਸ ਦੀ ਚੌਤਰਫ਼ੀ ਮਾਰ ਔਰਤਾਂ ਉਪਰ ਪੈ ਰਹੀ ਹੈ। ਬਹੁਤ ਵੱਡੇ ਪੱਧਰ ‘ਤੇ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਰਹੀ ਹੈ। ਪੌਸਕੋ, ਵੇਦਾਂਤਾ, ਕੁਡਾਨਕੁਲਮ, ਜੈਤਾਪੁਰ, ਕੋਲੇ ਦੀਆਂ ਖਾਣਾਂæææਹਰ ਥਾਂ ਕੁਦਰਤੀ ਵਸੀਲਿਆਂ ਦੀ ਖੁੱਲ੍ਹੀ ਲੁੱਟ ਦਿਖਾਈ ਦੇ ਰਹੀ ਹੈ।
ਹਮਲਾਵਰ ਸਰਮਾਏ ਨੂੰ ‘ਲੁੱਟ’ ਦੇ ਲਾਇਸੰਸ ਕੌਣ ਦੇ ਰਿਹਾ ਹੈ?
-ਇਹ ਧਾੜਵੀ ਸਰਮਾਇਆ ਉਦੋਂ ਤੱਕ ਨਹੀਂ ਆ ਸਕਦਾ ਜਦੋਂ ਤੱਕ ਰਾਜ ਨਾਲ ਇਸ ਦਾ ਗੱਠਜੋੜ ਨਾ ਹੋਵੇ। ਇਹ ਧਾੜਵੀ ਸਰਮਾਇਆ ਚਾਹੁੰਦਾ ਹੈ ਕਿ ਭਾਰਤੀ ਰਾਜ ਆਪਣੇ ਲੋਕਾਂ ਦੇ ਸਿਰ ‘ਤੇ ਪੁਲਿਸ ਦਾ ਡੰਡਾ ਲੈ ਕੇ ਖੜ੍ਹੇ। ਇਸ ਸ਼ਰਤ ਹੇਠ ਉਹ ਸਰਮਾਇਆ ਲਾਉਂਦੇ ਹਨ ਕਿ ਭਾਰਤੀ ਰਾਜ ਆਪਣੇ ਲੋਕਾਂ ‘ਤੇ ਪੁਲਿਸ ਦਾ ਇਹ ਡੰਡਾ ਚਲਾਵੇ, ਉਨ੍ਹਾਂ ਨੂੰ ਕਾਬੂ ‘ਚ ਰੱਖੇ। ਇਉਂ ਇਹ ਸਰਮਾਏਦਾਰੀ ਦਾ ਸਭ ਤੋਂ ਬੇਰਹਿਮ ਰੂਪ ਹੈ। ਇਹ ਸਰਮਾਏਦਾਰੀ ਆਪਣੇ ਆਦਿਵਾਸੀ ਲੋਕਾਂ, ਜੋ ਗ਼ਰੀਬਾਂ ਵਿਚੋਂ ਵੀ ਸਭ ਤੋਂ ਗ਼ਰੀਬ ਹਨ, ਨੂੰ ਉਜਾੜ ਰਹੀ ਹੈ। ਉਨ੍ਹਾਂ ਕੋਲ ਗੁਜ਼ਾਰੇ ਦੇ ਜੋ ਸਾਧਨ ਹਨ, ਉਹ ਖੋਹ ਰਹੀ ਹੈ। ਗ਼ਰੀਬਾਂ ਨੂੰ ਨਿਆਸਰੇ ਮਰਨ ਲਈ ਛੱਡ ਰਹੀ ਹੈ। ਇਹ ਸਰਮਾਏਦਾਰੀ ਦਾ ਸਭ ਤੋਂ ਬੇਰਹਿਮ ਚਿਹਰਾ ਹੈ।
ਇਨ੍ਹਾਂ ਹਾਲਾਤ ਦੀ ਵਿਆਖਿਆ?
-ਇਨ੍ਹਾਂ ਹਾਲਾਤ ਨੂੰ ਮੌਜੂਦਾ ਪ੍ਰਸੰਗ ‘ਚ ਸਮਝਣਾ ਜ਼ਰੂਰੀ ਹੈ। ਇਸ ਦੀ ਛਾਣਬੀਣ ਅੱਜ ਦੀ ਜ਼ਮੀਨੀ ਹਕੀਕਤ ਅਨੁਸਾਰ ਕਰਨੀ ਹੋਵੇਗੀ। ਸੋਨੀ ਸੋਰੀ ਦੀ ਪੀੜਾ ਵੱਲ ਨਜ਼ਰ ਮਾਰੋ। ਅੱਜ ਸੋਨੀ ਸੋਰੀ ਦੀ ਇਹ ਹਾਲਤ ਇਸ ਲਈ ਹੈ ਕਿਉਂਕਿ ਉਹ ਛੱਤੀਸਗੜ੍ਹ ਤੋਂ ਹੈ। ਉਸ ਦੀ ਹਾਲਤ ਨੂੰ ਇਸੇ ਤਰ੍ਹਾਂ ਹੀ ਸਮਝਿਆ ਜਾ ਸਕਦਾ ਹੈ, ਛੱਤੀਸਗੜ੍ਹ ਨਾਲੋਂ ਤੋੜ ਕੇ ਨਹੀਂ। ਇਹ ਇਕ ਕਲਾਸਿਕ ਕੇਸ ਹੈ ਜਿਸ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਜਦੋਂ ਰਾਜ ਆਪਣੇ ਹੀ ਲੋਕਾਂ ਦੇ ਖ਼ਿਲਾਫ਼ ਹੋ ਜਾਂਦਾ ਹੈ, ਜਿੱਥੇ ਟਕਰਾਅ ਵਾਲੇ ਹਾਲਾਤ ਹਨ, ਉਥੇ ਆਮ ਨਾਗਰਿਕ ਦਾ ਕੀ ਹਸ਼ਰ ਹੁੰਦਾ ਹੈ, ਉਸ ਨਾਲ ਕੀ ਬੀਤਦੀ ਹੈ।
ਇਨ੍ਹਾਂ ਤਮਾਮ ਦਮਨਾਂ ਦੇ ਖ਼ਿਲਾਫ਼ ਅੰਦੋਲਨ ਵੀ ਤਾਂ ਹਨ,ਕਿਤੇ ਛੋਟੇ ਕਿਤੇ ਵੱਡੇ?
-ਇਕ ਸਵਾਲ ਹੁਣ ਮੈਂ ਕਰਨਾ ਚਾਹਾਂਗੀ ਕਿ ਐਸੇ ਸਾਰੇ ਥਾਈਂ ਰਵਾਇਤੀ ਖੱਬੇ (ਰਵਾਇਤੀ ਖੱਬੀਆਂ ਪਾਰਟੀਆਂ) ਐਨੇ ਕਮਜ਼ੋਰ ਕਿਉਂ ਹਨ। ਇਹ ਮੇਰੇ ਲਈ ਵੀ ਸਵਾਲ ਹੈ। ਉਥੇ ਸੀæ ਪੀæ ਆਈæ ਸੀ, ਪਰ ਹੁਣ ਉਹ ਵੀ ਨਜ਼ਰ ਨਹੀਂ ਆ ਰਹੀ। ਸਵਾਲ ਇਹ ਹੈ ਕਿ ਆਖ਼ਿਰ ਕੀ ਵਜ੍ਹਾ ਹੈ, ਜਿੱਥੇ (ਛੱਤੀਸਗੜ੍ਹ, ਝਾਰਖੰਡ ਤੇ ਉੜੀਸਾ) ਆਦਿਵਾਸੀਆਂ ਦੀਆਂ ਸਭ ਤੋਂ ਵੱਡੀਆਂ ਲੜਾਈਆਂ ਚੱਲ ਰਹੀਆਂ ਹਨ, ਉਥੇ ਰਵਾਇਤੀ ਖੱਬੀ ਧਿਰ ਕਿੱਥੇ ਹੈ? ਅਗਲਾ ਸਵਾਲ ਹੈ ਕਿ ਆਖ਼ਿਰ ਇਨ੍ਹਾਂ ਤਿੰਨਾਂ ਹੀ ਥਾਂਵਾਂ ‘ਤੇ ਸੱਜੇਪੱਖੀ ਸਰਕਾਰਾਂ ਕਿਉਂ ਹਨ? ਵਜ੍ਹਾ ਇਹ ਹੈ ਕਿ ਉਥੇ ਬਹੁਕੌਮੀ ਕੰਪਨੀਆਂ ਕੁਦਰਤੀ ਵਸੀਲਿਆਂ ਦੀ ਲੁੱਟ ਸਭ ਤੋਂ ਵੱਧ ਸਹੂਲਤਮਈ ਸ਼ਰਤਾਂ ‘ਤੇ ਕਰਨਾ ਚਾਹੁੰਦੀਆਂ ਹਨ ਅਤੇ ਇਹ ਸੱਜੇਪੱਖੀ ਸਰਕਾਰਾਂ ਉਨ੍ਹਾਂ ਦੀਆਂ ਬਿਹਤਰੀਨ ਦਲਾਲ ਸਾਬਤ ਹੁੰਦੀਆਂ ਹਨ। ਉਥੇ ਗੱਠਜੋੜ ਮੰਡੀ ਦੀਆਂ ਤਾਕਤਾਂ, ਬਹੁਕੌਮੀ ਕੰਪਨੀਆਂ ਅਤੇ ਰਾਜ ਵਿਚਾਲੇ ਹੈ। ਜੇ ਇਨ੍ਹਾਂ ਇਲਾਕਿਆਂ ਨੂੰ ਗ਼ੌਰ ਨਾਲ ਦੇਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਉਥੇ ਬਹੁਤ ਸਾਰੇ ਇਲਾਕਿਆਂ ‘ਚ ਆਦਿਵਾਸੀ 50% ਵੀ ਨਹੀਂ ਰਹਿ ਗਏ। ਇਤਿਹਾਸਕ ਤੌਰ ‘ਤੇ ਉਥੇ ਘੁਸਪੈਠ ਹੋਈ ਹੈ, ਬਾਹਰੋਂ ਲੋਕ ਉਥੇ ਗਏ ਹਨ। ਅਜਿਹੇ ਹਾਲਾਤ ‘ਚ ਰਮਨ ਸਿੰਘ (ਛੱਤੀਸਗੜ੍ਹ ਦਾ ਮੁੱਖ ਮੰਤਰੀ) ਨੂੰ ਵੋਟ ਦੇ ਕੇ ਕੌਣ ਸੱਤਾ ਵਿਚ ਲਿਆ ਰਿਹਾ ਹੈ? ਇਹ ਆਦਿਵਾਸੀ ਜਾਂ ਕੋਈ ਹੋਰ?æææਇਹ ਸੋਚਣ ਵਾਲੀ ਗੱਲ ਹੈ। ਸੱਜੇਪੱਖੀ ਆਰਥਿਕ ਨੀਤੀਆਂ, ਸੱਜੇਪੱਖੀ ਮਜ਼ਹਬੀ ਸੱਤਾ ਸਥਾਪਤ ਕਰਨ ਵਾਲੀ ਸਿਆਸਤ ਅਤੇ ਉਨ੍ਹਾਂ ਨਾਲ ਖੜ੍ਹਾ ਦਮਨਕਾਰੀ ਰਾਜ਼ææਇਹ ਸਭ ਤੋਂ ਉਘੜਵਾਂ ਗੱਠਜੋੜ ਹੈ। ਇਹ ਗੱਠਜੋੜ ਮਾਰਕਸਵਾਦ ਦਾ ਘੋਰ ਦੁਸ਼ਮਣ ਹੈ। ਆਦਿਵਾਸੀ ਅਵਾਮ ਨੂੰ ਖਦੇੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਤਰਫ਼ੋਂ ਕੋਈ ਬੋਲਣ ਵਾਲਾ ਨਹੀਂ ਹੈ। ਸਿਵਲ ਸਮਾਜ ਕਿਉਂ ਕਮਜ਼ੋਰ ਹੈ ਇਨ੍ਹਾਂ ਇਲਾਕਿਆਂ ‘ਚ? ਜਦੋਂ ਬਿਨਾਇਕ ਸੇਨ ਵਾਲਾ ਮਾਮਲਾ ਆਇਆ ਸੀ ਤਾਂ ਛੱਤੀਸਗੜ੍ਹ ਵਿਚ ਲੋਕਾਂ ਨੂੰ ਜੋੜਨਾ, ਖੜ੍ਹੇ ਕਰਨਾ ਮੁਸ਼ਕਿਲ ਸੀ। ਵਜਾ੍ਹ ਸਾਫ਼ ਹੈ ਕਿ ਉਥੋਂ ਦਾ ਸਿਵਲ ਸਮਾਜ ਸੱਤਾ ਨਾਲ ਰਲ਼ ਗਿਆ ਹੈ, ਦੋਹਾਂ ਦਾ ਗੱਠਜੋੜ ਹੈ।
ਤੁਹਾਡਾ ਕੀ ਮੁਲੰਕਣ ਹੈ ਖੱਬੀ ਧਿਰ ਉਥੇ ਕਮਜ਼ੋਰ ਕਿਉਂ ਹੈ?
-ਇਹੀ ਸਭ ਤੋਂ ਵੱਡਾ ਸਵਾਲ ਹੈ ਕਿ ਜਿਥੇ ਆਦਿਵਾਸੀ ਆਪਣੀ ਹੋਂਦ ਦੀ ਸਭ ਤੋਂ ਕਰੂਰ ਲੜਾਈ ਰਾਜ ਨਾਲ ਲੜ ਰਹੇ ਹਨ, ਉਥੇ ਖੱਬੀ ਧਿਰ ਕਿਉਂ ਨਹੀਂ ਹੈ। ਰਵਾਇਤੀ ਖੱਬੀ ਧਿਰ ਕਿਥੇ ਹੈ? ਮਾਰਕਸੀ ਪਾਰਟੀ (ਸੀæਪੀæਐਮæ) ਤਾਂ ਹੈ ਹੀ ਨਹੀਂ, ਸੀæਪੀæਆਈæ ਨਿਹਾਇਤ ਕਮਜ਼ੋਰ ਹੈ। ਅਜਿਹੇ ਹਾਲਾਤ ‘ਚ ਅਵਾਮ ਹਥਿਆਰਬੰਦ ਖੱਬੇਪੱਖੀਆਂ ਦੀ ਸ਼ਰਨ ਵਿਚ ਹੈ। ਅਜਿਹਾ ਕਿਉਂ ਹੈ ਕਿ ਰਵਾਇਤੀ ਖੱਬੇਪੱਖੀ ਉਥੇ ਸਭ ਤੋਂ ਵੱਧ ਦਮਨ ਦਾ ਸ਼ਿਕਾਰ ਲੋਕਾਂ ਨੂੰ ਨਾਲ ਨਹੀਂ ਰਲਾ ਸਕੇ; ਲੋਕਾਂ ਅੱਗੇ ਕੋਈ ਬਦਲ ਪੇਸ਼ ਨਹੀਂ ਕਰ ਸਕੇ। ਐੱਮæਐੱਲ਼ ਵਾਲੇ ਫਿਰ ਵੀ ਕੁਝ ਕਰ ਰਹੇ ਹਨ।
ਪੂਰੇ ਦੇਸ਼ ਵਿਚ ਵੱਖ-ਵੱਖ ਮੁੱਦਿਆਂ ਉਪਰ ਅੰਦੋਲਨ ਚਲ ਰਹੇ ਹਨ ਪਰ ਇਹ ਖੱਬੀ ਧਿਰ ਦੀ ਅਗਵਾਈ ‘ਚ ਨਹੀਂ ਹਨ, ਕੁਡਾਨਕੁਲਮ ਤੋਂ ਲੈ ਕੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਖ਼ਿਲਾਫ਼ ਤੱਕ। ਇਨ੍ਹਾਂ ਵਿਚ ਖੱਬੀਆਂ ਪਾਰਟੀਆਂ ਦੀ ਭੂਮਿਕਾ ਕਿਉਂ ਨਹੀਂ ਦਿਸ ਰਹੀ?
-ਇਹ ਚੰਗੀ ਗੱਲ ਹੈ ਕਿ ਲੋਕ ਲੜ ਰਹੇ ਹਨ। ਸਰਮਾਏ ਦੇ ਇਸ ਹਮਲੇ ਨੂੰ ਲੋਕ ਚੁਣੌਤੀ ਦੇ ਰਹੇ ਹਨ। ਇਹ ਅੰਦੋਲਨ ਆਪਸ ‘ਚ ਜੁੜੇ ਹੋਏ ਨਹੀਂ, ਇਹ ਸਾਡੇ ਲਈ ਤ੍ਰਾਸਦੀ ਹੈ। ਅੱਜ ਦੇ ਦੌਰ ‘ਚ ਸੱਤਾ ਤੋਂ ਅਸੰਤੁਸ਼ਟ ਲੋਕਾਂ ਦੀ ਤਾਦਾਦ ਸੰਤੁਸ਼ਟ ਲੋਕਾਂ ਤੋਂ ਵੱਧ ਹੈ, ਫਿਰ ਵੀ ਸੱਤਾ ਉਨ੍ਹਾਂ ਨੂੰ ਆਪਣੇ ਲਈ ਕੋਈ ਚੁਣੌਤੀ ਨਹੀਂ ਮੰਨਦੀ; ਕਿਉਂਕਿ ਇਨ੍ਹਾਂ ਤਮਾਮ ਅੰਦੋਲਨਾਂ ਦਾ ਵਿਆਪਕ ਰਾਜਸੀ ਚੁਣੌਤੀਪੂਰਨ ਤਾਣਾਬਾਣਾ ਨਹੀਂ ਹੈ। ਲਿਹਾਜ਼ਾ ਸੱਜੇਪੱਖੀ ਆਰਥਿਕ ਤਾਕਤਾਂ-ਰਾਜਸੀ ਤਾਕਤਾਂ ਦਾ ਨਾਪਾਕ ਗੱਠਜੋੜ ਤਾਂ ਅੱਜ ਬਹੁਤ ਮਜ਼ਬੂਤ ਹੈ, ਪਰ ਉਸ ਦੇ ਖ਼ਿਲਾਫ਼ ਅਜਿਹੀ ਏਕਤਾ ਨਹੀਂ ਹੈ। ਇਹ ਖੱਬੀ ਧਿਰ ਦਾ ਸੰਕਟ ਹੈ।
ਅੱਜ ਦਾ ਮੱਧ ਵਰਗ ਆਪਣੇ ਆਦਰਸ਼ਵਾਦ ਨੂੰ ਤਿਲਾਂਜਲੀ ਦੇ ਚੁੱਕਾ ਹੈ। ਉਹ ਸੰਤੁਸ਼ਟ ਹੈ। ਉਹ ਸੱਤਾ ਨਾਲ, ਆਰਥਿਕ ਉਦਾਰੀਕਰਨ ਦੇ ਕਦਮਾਂ ਨਾਲ ਕਦਮ ਮਿਲਾ ਕੇ ਤੁਰ ਰਿਹਾ ਹੈ। ਪਹਿਲਾਂ ਅਜਿਹਾ ਨਹੀਂ ਸੀ। ਕੀ ਤੁਹਾਨੂੰ ਸਰਮਾਏਦਾਰੀ ਸੰਕਟ ‘ਚ ਲਗਦੀ ਹੈ?
-ਸਰਮਾਏਦਾਰੀ ‘ਚ ਇਸ ਹੱਦ ਤਕ ਤਾਂ ਸੰਕਟ ਹੈ ਕਿ ਉਹ ਆਪਣੇ ਪ੍ਰਬੰਧ ਵਿਚਲੇ ਸੰਕਟਾਂ ਨੂੰ ਹੱਲ ਨਹੀਂ ਕਰ ਪਾ ਰਹੀ। ਅਮਰੀਕਾ ਦਾ ਆਰਥਿਕ ਪ੍ਰਬੰਧ ਸੰਕਟ ‘ਚ ਹੈ। ਬੇਰੋਜ਼ਗਾਰੀ ਵਧ ਰਹੀ ਹੈ। ਬੇਚੈਨੀ ਵਧ ਰਹੀ ਹੈ। ਉਸ ਦੀ ਪੈਦਾਵਾਰੀ ਪ੍ਰਣਾਲੀ ਪੂਰੀ ਵਿਤੀ ਸਰਮਾਏਦਾਰੀ ਹੁਣ ਸਰਮਾਏਦਾਰੀ ਦਾ ਸਭ ਤੋਂ ਜ਼ਾਹਰਾ ਰੂਪ ਹੈ। ਅੰਦਰੂਨੀ ਸੰਕਟ ਵਧ ਰਿਹਾ ਹੈ। ਅਮਰੀਕਾ ਵਿਚ ਜਿਸ ਤਰ੍ਹਾਂ ਹਾਊਸਿੰਗ ਕਾਰੋਬਾਰ ਢਹਿ ਢੇਰੀ ਹੋਇਆ, ਉਹ ਇਸ ਸੰਕਟ ਦਾ ਹੀ ਹਿੱਸਾ ਹੈ; ਪਰ ਜਿੱਥੋਂ ਤੱਕ ਇਸ ਦੀ ਲੋਕਾਂ ‘ਚ ਖਿੱਚ ਦਾ ਸਵਾਲ ਹੈ, ਇਸ ਨੂੰ ਸਰਮਾਏਦਾਰੀ ਨੇ ਨਾ ਸਿਰਫ਼ ਹੋਰ ਮਜ਼ਬੂਤ ਕੀਤਾ ਹੈ, ਸਗੋਂ ਪੱਕੇ ਪੈਰੀਂ ਵੀ ਕੀਤਾ ਹੈ। ਇਹ ਅੱਜ ਵੀ ਲੋਕਾਂ ਨੂੰ ਭਰਮਾਉਣ ‘ਚ ਕਾਮਯਾਬ ਹੈ। ਪੂਰੀ ਦੁਨੀਆਂ ‘ਚ ਇਸ ਦੀ ਪੁੱਛ ਪ੍ਰਤੀਤ ਵਧੀ ਹੈ। ਦੂਜੇ ਬੰਨੇ, ਸਿਰਫ਼ ‘ਮੈਂ’ ਦੀ ਹੀ ਅਹਿਮੀਅਤ ਹੈ। ਸਮੂਹਿਕਤਾ ਦੀ ਭਾਵਨਾ ਖ਼ਤਮ ਹੈ। ਨੀਤੀਗਤ ਪੱਧਰ ‘ਤੇ ਭ੍ਰਿਸ਼ਟਾਚਾਰ ਕੋਈ ਮੁੱਦਾ ਨਹੀਂ ਬਣਦਾ। ਕੋਈ ਇਹ ਸਵਾਲ ਨਹੀਂ ਉਠਾਉਂਦਾ ਕਿ ਕੁਡਾਨਕੁਲਮ ਕਿਉਂ ਜ਼ਰੂਰੀ ਹੈ, ਜੈਤਾਪੁਰ ਕਿਉਂ ਜ਼ਰੂਰੀ ਹੈ। ਪੌਸਕੋ ਨੂੰ ਕੌਡੀਆਂ ਦੇ ਭਾਅ ਅਲਮੀਨੀਅਮ ਕੱਢਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਬਾਹਰਲੀ ਰੱਦ ਕੀਤੀ ਬੇਕਾਰ ਤਕਨੀਕ, ਅਸੀਂ ਝੋਲੀ ਅੱਡ ਕੇ ਲੈਣ ਲਈ ਤਿਆਰ ਹਾਂ, ਕਿਉਂ? ਕਿਉਂਕਿ ਅਸੀਂ ਆਪਣੇ ਹਿੱਤ ਉਸ ਸਰਮਾਏ ਨੂੰ ਵੇਚ ਦਿੱਤੇ ਹਨ। ਅਸੀਂ ਦੁਨੀਆਂ ਦਾ ਕਚਰਾ ਢੋਣ ਵਾਲੇ ਹਾਂ। ਸਦੀਆਂ ਤੋਂ ਅਸੀਂ ਆਪਣੇ ਦਲਿਤਾਂ ਤੋਂ ਆਪਣਾ ਗੰਦ ਚੁਕਵਾਉਂਦੇ ਰਹੇ ਅਤੇ ਅੱਜ ਇਹ ਆਪਣੇ ਵਿਦੇਸ਼ੀ ਆਕਾਵਾਂ ਲਈ ਖ਼ੁਦ ਕਰ ਰਹੇ ਹਾਂ।
ਮੱਧ ਵਰਗ ‘ਚ ਤਾਂ ਸਰਮਾਏਦਾਰੀ ਦੀ ਖਿੱਚ ਵਧ ਹੀ ਰਹੀ ਹੈ। ਆਰਥਿਕ ਉਦਾਰੀਕਰਨ ਨੇ ਉਨ੍ਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਇੱਦਾਂ ਪਹਿਲਾਂ ਤਾਂ ਨਹੀਂ ਸੀ?
-ਕਈ ਦਫ਼ਾ ਮੈਨੂੰ ਇਹ ਵੀ ਲੱਗਦਾ ਹੈ ਕਿ ਖ਼ਾਸ ਕਰ ਕੇ ਮੱਧ ਵਰਗ ‘ਚ ਇਹ ਭਾਵਨਾ ਵਧ ਰਹੀ ਹੈ ਕਿ ਲੋਕਾਂ ਨੂੰ ਮਰਨ ਦਿਉ। ਇਨ੍ਹਾਂ ਦੀ ਆਬਾਦੀ ਵੈਸੇ ਵੀ ਬਹੁਤ ਜ਼ਿਆਦਾ ਹੈ, ਮਰ ਗਏ ਤਾਂ ਕੋਈ ਫ਼ਰਕ ਨਹੀਂ ਪਵੇਗਾ। ਇਹ ਵਹਿਸ਼ੀ ਸੋਚ ਕੰਮ ਕਰ ਰਹੀ ਹੈ। ਗ਼ਰੀਬਾਂ ਦੀ ਮੌਤ ਨਾਲ ਕੋਈ ਝੰਜੋੜਿਆ ਨਹੀਂ ਜਾਂਦਾ, ਇਹ ਕੋਈ ਮੁੱਦਾ ਨਹੀਂ ਬਣਦਾ। ਸਾਡਾ ਸਮਾਜ ਸਭ ਤੋਂ ਜ਼ਿਆਦਾ ਵਹਿਸ਼ੀ ਹੈ, ਹਿੰਸਕ ਹੈ। ਇਹੀ ਹਿੰਸਕ ਸੋਚ ਸਾਡੀ ਜਾਤਪਾਤੀ ਪ੍ਰਥਾ ‘ਚ ਸਾਹਮਣੇ ਆਉਾਂਦੀਂ। ਅਸੀਂ ਕਹਿੰਦੇ ਸੀ ਕਿ ਮੈਂ ਉਚੀ ਜਾਤ ਦਾ ਹਾਂ, ਮੈਨੂੰ ਸਾਰੇ ਸੁੱਖਾਂ ਦਾ ਅਧਿਕਾਰ ਹੈ, ਬਾਕੀ ਲੋਕ ਹੇਠਾਂ ਰਹਿਣ ਅਤੇ ਮੈਂ ਆਨੰਦ ‘ਚ ਰਹਾਂ। ਇਹ ਸਾਡੇ ਸਮਾਜ ਦੀ ਮੂਲ ਭਾਵਨਾ ਰਹੀ ਹੈ, ਬਰਾਬਰੀ ਅਤੇ ਦਇਆ ਭਾਵ ਮੂਲ ਨਹੀਂ ਰਿਹਾ।
ਸਮਾਜ ਦੇ ਇਸ ਕੁ-ਜੋੜ ਨੂੰ ਕਿਵੇਂ ਸਮਝਿਆ-ਸਮਝਾਇਆ ਜਾਵੇ?
-ਜਾਤ ਅਤੇ ਲਿੰਗ ਦੇ ਗੁੰਝਲਦਾਰ ਅੰਤਰ-ਸਬੰਧ ਨੂੰ ਸਮਝਣਾ ਜ਼ਰੂਰੀ ਹੈ। ਖੱਬੇਪੱਖੀ ਤਾਂ ਜਾਤਪਾਤ ਨੂੰ ਕੋਈ ਚੀਜ਼ ਹੀ ਨਹੀਂ ਸੀ ਮੰਨਦੇ। ਮੇਰਾ ਤਾਂ ਸ਼ੁਰੂ ਤੋਂ ਹੀ ਇਹ ਮੰਨਣਾ ਰਿਹਾ ਹੈ ਕਿ ਭਾਰਤ ਵਿਚ ਤੁਸੀਂ ਜਾਤ ਨੂੰ ਸਮਝੇ ਬਗੈਰ ਜਮਾਤ ਨੂੰ ਸਮਝ ਹੀ ਨਹੀਂ ਸਕਦੇæææਤੇ ਜਾਤ ਨੂੰ ਸਮਝਣ ਲਈ ਜੈਂਡਰ (ਲਿੰਗ) ਨੂੰ ਨਹੀਂ ਸਮਝਦੇ, ਭਾਵ ਆਪਣੇ ਸਮਾਜ ਨੂੰ ਨਹੀਂ ਸਮਝਦੇ। ਅਸੀਂ ਇਹ ਸੋਚਦੇ ਹਾਂ ਕਿ ਅਸੀਂ ਇਸ ਜਮਾਤ ਉਪਰ ਕੇਂਦਰਤ ਕਰਨਾ ਹੈ, ਫਲਾਣੀ ਜਮਾਤ ਵਿਚ ਕੰਮ ਕਰਨਾ ਹੈ, ਅਸੀਂ ਇਸ ਹਿੱਸੇ ਨੂੰ ਲੈ ਕੇ ਸੰਘਰਸ਼ ਕਰਾਂਗੇ ਤਾਂ ਸਭ ਠੀਕ ਹੋ ਜਾਵੇਗਾ। ਅਜਿਹਾ ਕਰਦੇ ਹੋਏ ਅਸੀਂ ਪੂਰੇ ਸਮਾਜ ਬਾਰੇ ਨਹੀਂ ਸੋਚਦੇ ਅਤੇ ਨਾ ਹੀ ਉਨ੍ਹਾਂ ਦੀਆਂ ਆਪਸੀ ਕੜੀਆਂ ਨੂੰ ਜੋੜਦੇ ਹਾਂ।
ਅੰਬੇਡਕਰ ਤੇ ਮਾਰਕਸ ਵਿਚ ਤੁਹਾਨੂੰ ਕੋਈ ਰਾਹ ਨਿਕਲਦਾ ਦਿਸਦਾ ਹੈ?
-ਅਜੇ ਤਾਂ ਨਹੀਂ। ਖੱਬੀ ਧਿਰ ਨੇ ਦਲਿਤਾਂ ਅਤੇ ਗ਼ੈਰ-ਦਲਿਤਾਂ ਦਰਮਿਆਨ ਕੋਈ ਪੁਲ ਬਣਾਉਣ ਦੀ ਗੱਲ ਨਹੀਂ ਕੀਤੀ। ਖੱਬਿਆਂ ਨੇ ਭਾਰਤੀ ਸਮਾਜ ਨੂੰ ਸਮਝਣ ਲਈ ਜਾਤ ਨੂੰ ਕਦੀ ਅਹਿਮ ਕੜੀ ਨਹੀਂ ਮੰਨਿਆ। ਫਿਰ ਇਨਕਲਾਬ ਕਿਥੇ ਆਵੇਗਾ? ਇਨਕਲਾਬ ਜਾਤ ਦੀਆਂ ਕੜੀਆਂ ਤੋੜਨ ‘ਚ ਆਵੇਗਾ। ਸਾਨੂੰ ਇਨਕਲਾਬ ਆਪਣੀ ਹਕੀਕਤ ‘ਚ ਲਿਆਉਣਾ ਹੋਵੇਗਾ। ਜਿਸ ਪ੍ਰੋਲੇਤਾਰੀ ਨੂੰ ਅਸੀਂ ਇਕਜੁੱਟ ਕਰਨਾ ਚਾਹੁੰਦੇ ਹਾਂ, ਉਹ ਤਾਂ ਵੰਡਿਆ ਹੋਇਆ ਹੈ। ਇਸ ਮਾਮਲੇ ‘ਚ ਅੰਬੇਡਕਰ ਬਹੁਤ ਅਕਲਮੰਦ ਸੀ, ਜਦੋਂ ਉਸ ਨੇ ਕਿਹਾ ਕਿ ਇਹ ਕਿਰਤੀਆਂ ਦੀ ਵੰਡ ਹੈ, ਕਿਰਤ ਦੀ ਨਹੀਂ।
ਭਾਰਤੀ ਖੱਬੀ ਧਿਰ ਸਾਹਮਣੇ ਵੱਡੀਆਂ ਚੁਣੌਤੀਆਂ ਕੀ ਹਨ?
-ਬਹੁਤ ਵੱਡੀਆਂ ਚੁਣੌਤੀਆਂ ਹਨ ਇਸ ਅੱਗੇ। ਸਾਡਾ ਸਮਾਜ ਸਭ ਤੋਂ ਜ਼ਿਆਦਾ ਨਾਬਰਾਬਰੀ ਵਾਲਾ ਸਮਾਜ ਹੈ। ਇੱਥੋਂ ਦੀ ਪਿਤਰ ਸੱਤਾ ਬਹੁਤ ਮਜ਼ਬੂਤ ਹੈ ਅਤੇ ਜਾਤ ਵੀ ਬਹੁਤ ਮਜ਼ਬੂਤ ਹੈ। ਖੱਬੀ ਧਿਰ ਨੇ ਜਮਾਤ ਦੇ ਸਵਾਲ ਨੂੰ ਉਠਾਇਆ ਤਾਂ ਜਾਤ ਨੂੰ ਛੱਡ ਦਿੱਤਾ ਅਤੇ ਲਿੰਗ ਦਾ ਸਵਾਲ ਤਾਂ ਪੂਰੀ ਤਰ੍ਹਾਂ ਹੀ ਛੱਡ ਦਿੱਤਾ। ਮਜ਼ਦੂਰ ਜਮਾਤ ‘ਚ ਮਰਦ ਮਜ਼ਦੂਰਾਂ ਉਪਰ ਜ਼ੋਰ ਦਿੱਤਾ ਅਤੇ ਔਰਤਾਂ ਕਿਰਤੀਆਂ ਦੇ ਸਵਾਲਾਂ ਤੇ ਘਰ ਵਿਚ ਮਰਦ ਨਾਲ ਬਰਾਬਰੀ ਦੇ ਸਵਾਲ ਨੂੰ ਛੱਡ ਦਿੱਤਾ। ਖੱਬੀ ਧਿਰ ਨੇ ਸੋਚਿਆ ਕਿ ਔਰਤ ਮੁਕਤੀ ਦੇ ਸਵਾਲ ਜਮਾਤੀ ਸੰਘਰਸ਼ ਨਾਲ ਆਪੇ ਹੱਲ ਹੋ ਜਾਣਗੇ, ਲਿਹਾਜ਼ਾ ਉਨ੍ਹਾਂ ਨੂੰ ਤਰਜੀਹ ਨਹੀਂ ਦਿੱਤੀ। ਕਾਮਰੇਡ ਮਰਦ ਅਤੇ ਉਸ ਦੀ ਕਾਮਰੇਡ ਪਤਨੀ ਦਰਮਿਆਨ ਮਰਦ ਪ੍ਰਧਾਨ ਤਣਾਓ ਨੂੰ ਹੱਲ ਕਰਨ ਵਲ ਧਿਆਨ ਨਹੀਂ ਦਿੱਤਾ। ਪਤਾ ਨਹੀਂ ਕਿੰਨੀ ਵਾਰ ਕਮਿਊਨਿਸਟ ਪਾਰਟੀਆਂ ਅੰਦਰ ਕਾਮਰੇਡ ਪਤੀ ਵੱਲੋਂ ਕੁੱਟਮਾਰ ਕੀਤੇ ਜਾਣ ਸਮੇਂ ਕਾਰਵਾਈ ਕੀਤੇ ਜਾਣ ਦੀ ਮੰਗ ਪਤਨੀਆਂ ਨੇ ਕੀਤੀ। ਸਿੱਧਾ ਸਵਾਲ ਕੀਤਾ ਗਿਆ, ਮੇਰਾ ਕਾਮਰੇਡ ਪਤੀ ਮੈਨੂੰ ਕੁੱਟਦਾ ਹੈ, ਕੀ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ? ਇਸ ਸਵਾਲ ਬਾਰੇ ਖ਼ਾਮੋਸ਼ੀ ਉਦੋਂ ਵੀ ਸੀ ਅਤੇ ਅੱਜ ਵੀ ਹੈ। ਇਹੀ ਵਜਾ੍ਹ ਹੈ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ‘ਚ ਉਂਗਲਾਂ ‘ਤੇ ਗਿਣਨ ਜੋਗੀਆਂ ਔਰਤਾਂ ਹੀ ਪਹੁੰਚਣ ਸਕੀਆਂ ਹਨ। ਪਾਰਟੀ ਦੇ ਅੰਦਰ ਇਹ ਖੁੱਲ੍ਹਾ ਸਪੇਸ ਘੱਟ ਹੈ। ਇਹੀ ਵਜਾ੍ਹ ਹੈ ਕਿ ਨਾਰੀਵਾਦੀ ਅੰਦੋਲਨ ਨੇ ਆਪਣੀ ਲੜਾਈ ਵੱਖਰੇ ਤੌਰ ‘ਤੇ ਚਲਾਈ। ਜਾਤ ਅਤੇ ਪਿਤਰ ਸੱਤਾ ਦੋਨਾਂ ਖ਼ਿਲਾਫ਼ ਜੋ ਲੜਾਈ ਖੱਬੀ ਧਿਰ ਨੂੰ ਚਲਾਉਣੀ ਚਾਹੀਦੀ ਸੀ ਉਹ ਨਹੀਂ ਚਲਾਈ ਗਈ। ਇਹ ਬਹੁਤ ਵੱਡੀ ਕਮਜ਼ੋਰੀ ਹੈ।
ਕੀ ਇਹੀ ਵਜ੍ਹਾ ਹੈ ਕਿ ਜਗੀਰੂ ਕੁਰੀਤੀਆਂ ਖ਼ਿਲਾਫ਼ ਮਜ਼ਬੂਤ ਖੱਬੇ ਸੱਭਿਆਚਾਰਕ ਅੰਦੋਲਨ ਦੀ ਘਾਟ ਦਿਖਾਈ ਦੇ ਰਹੀ ਹੈ?
-ਰੈਡੀਕਲ ਲਹਿਰ ਦੀ ਤਾਂ ਗੱਲ ਹੀ ਛੱਡੋ, ਕੋਈ ਸਮਾਜਕ ਲਹਿਰ ਦੇ ਬਾਰੇ ਵੀ ਪਹਿਲ ਕਰਨ ਲਈ ਤਿਆਰ ਨਹੀਂ ਹੈ। ਇਕ ਜ਼ਮਾਨੇ ‘ਚ ਇਨ੍ਹਾਂ ਕੁਰੀਤੀਆਂ ਦੇ ਖ਼ਿਲਾਫ਼ ਮਜ਼ਬੂਤ ਖੱਬੀ ਸੱਭਿਆਚਾਰਕ ਲਹਿਰ ਮੌਜੂਦ ਸੀ। ਅੱਜ ਉਹ ਵੀ ਨਹੀਂ ਹੈ। ਕਤਾਰਾਂ ਤੋਂ ਲੈ ਕੇ ਆਧਾਰ ਖੇਤਰ ਤੱਕ ਉਹੀ ਦਹੇਜ, ਟਿੱਕਾ, ਭੇਦਭਾਵ ਫੈਲਿਆ ਹੋਇਆ ਹੈ। ਕੀ ਇਹ ਸਾਰੀਆਂ ਚੀਜ਼ਾਂ ਨਾਰੀਵਾਦੀ ਅੰਦੋਲਨ ਲਈ ਛੱਡ ਦਿੱਤੀਆਂ ਗਈਆਂ ਹਨ? ਖੱਬੀ ਧਿਰ ਨੇ ਖ਼ੁਦ ਨੂੰ ਨਾਰੀਵਾਦੀ ਪ੍ਰਵਚਨ ਤੋਂ ਜੁਦਾ ਕਰ ਲਿਆ ਹੈ। ਇਹ ਪਿਤਰੀ ਸੱਤਾ ਦਾ ਪ੍ਰਛਾਵਾਂ ਹੈ ਜਾਂ ਕੀ ਹੈ! ਖੱਬੀ ਧਿਰ ਕੋਈ ਅਗਾਂਹਵਧੂ ਧਰਮਨਿਰਪੱਖ ਸੱਭਿਆਚਾਰਕ ਲਹਿਰ ਖੜ੍ਹੀ ਕਰਨ, ਉਸ ਦਾ ਪਸਾਰਾ ਕਰਨ ਨੂੰ ਲੈ ਕੇ ਵੀ ਗੰਭੀਰ ਨਹੀਂ ਹੈ। ਇਹ ਗੰਭੀਰ ਫ਼ਿਕਰਮੰਦੀ ਦੀ ਗੱਲ ਹੈ।
ਨਾਰੀਵਾਦੀ ਪ੍ਰਵਚਨ ਦੀ ਇਸ ਵਿਚ ਕੀ ਭੂਮਿਕਾ ਹੈ?
-ਹਾਲ ਹੀ ਵਿਚ ਦਿੱਲੀ ਵਿਚ ਸਮੂਹਿਕ ਜਬਰ ਜਨਾਹ ਨੂੰ ਲੈ ਕੇ ਜੋ ਅੰਦੋਲਨ ਸਾਹਮਣੇ ਆਇਆ ਹੈ, ਉਸ ਦੀ ਹਾਂ-ਪੱਖੀ ਗੱਲ ਇਹ ਹੈ ਕਿ ਇਸ ਦੇ ਕੇਂਦਰ ਵਿਚ ਖੱਬੇਪੱਖੀ, ਧਰਮਨਿਰਪੱਖ, ਅਗਾਂਹਵਧੂ ਅਗਵਾਈ ਨੂੰ ਪ੍ਰਵਾਨਗੀ ਮਿਲੀ। ਅਸਲ ਵਿਚ ਅੱਜ ਸਭ ਤੋਂ ਵੱਡੀ ਚੁਣੌਤੀ ਖੱਬੀ ਧਿਰ ਲਈ ਇਹੀ ਹੈ ਕਿ ਅੰਦੋਲਨਾਂ ਦੀ ਅਗਵਾਈ ਦੇ ਮਾਮਲੇ ਵਿਚ ਬਹੁਤ ਕੁਝ ਹੋਣਾ ਬਾਕੀ ਹੈ। ਸਵਾਲ ਪਾਰਟੀ ਦੇ ਢਾਂਚੇ ਨੂੰ ਲਚਕੀਲਾ ਬਣਾਉਣ ਦਾ ਹੈ ਤਾਂ ਕਿ ਅਵਾਮ ਦੇ ਅੰਦੋਲਨਾਂ ਦੇ ਉਹ ਖ਼ੁਦ ਆਗੂ ਸਮਝੇ ਜਾਣ। ਨਾਰੀਵਾਦ ਦੇ ਸਵਾਲਾਂ, ਔਰਤਾਂ ਦੀ ਬਰਾਬਰੀ ਅਤੇ ਬੇਖ਼ੌਫ਼ ਆਜ਼ਾਦੀ ਦੀ ਸੁਭਾਵਿਕ ਚੈਂਪੀਅਨ ਖੱਬੀ ਧਿਰ ਹੀ ਹੋਣੀ ਚਾਹੀਦੀ ਹੈ। ਇਹ ਧਿਰ ਹੀ ਡਾਵਾਂਡੋਲ ਹਾਲਾਤ ਨੂੰ ਬਲ ਬਖਸ਼ ਸਕਦੀ ਹੈ। ਮੁਸ਼ਕਿਲ ਇਹ ਹੈ ਕਿ ਇਨ੍ਹਾਂ ਸਵਾਲਾਂ ਲਈ ਖੱਬੇ ਢਾਂਚੇ ‘ਚ ਅਜੇ ਤੱਕ ਕੋਈ ਥਾਂ ਨਹੀਂ ਹੈ। ਜੇ ਹੈ ਤਾਂ ਉਹ ਵੀ ਕਿੰਨੀ, ਇਹ ਵੀ ਨਿਸ਼ਚਿਤ ਨਹੀਂ ਹੈ। ਇਸ ਲਈ ਸਭ ਤੋਂ ਪਹਿਲੀ ਗੱਲ ਤਾਂ ਇਨ੍ਹਾਂ ਸਵਾਲਾਂ ਨੂੰ ਜਜ਼ਬ ਕਰਨ ਦੀ ਹੈ।
-ਅਨੁਵਾਦ: ਬੂਟਾ ਸਿੰਘ
Leave a Reply