ਪੰਜਾਬ ਲਈ ਸੰਸਾਰ ਫੁੱਟਬਾਲ ਕੱਪ ਦੇ ਸਬਕ

ਪੰਜਾਬ ਦੀ ਗੱਡੀ ਫਿਲਹਾਲ ਲੀਹ ਤੋਂ ਲਹਿ ਗਈ ਹੋਈ ਹੈ। ਇਸ ਬਾਰੇ ਵੱਖ ਵੱਖ ਵਿਦਵਾਨ ਗਾਹੇ-ਬਗਾਹੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਸੀਨੀਅਰ ਪੱਤਰਕਾਰ ਨਿਰਮਲ ਸੰਧੂ ਨੇ ਰੂਸ ਵਿਚ ਚੱਲ ਰਹੇ ਵਿਸ਼ਵ ਫੁੱਟਬਾਲ ਕੱਪ ਦੇ ਬਹਾਨੇ ਪੰਜਾਬ ਸਰਕਾਰ ਨੂੰ ਕੁਝ ਟਕੋਰਾਂ ਲਾਈਆਂ ਹਨ ਜੋ ਅਸੀਂ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਪੰਜਾਬ ਦਾ ਫਸਿਆ ਗੱਡਾ ਕੱਢਣ ਲਈ ਹੁਣ ਇਸ ਦੀ ਲੀਡਰਸ਼ਿਪ ਨੂੰ ਪੂਰੀ ਇਮਾਨਦਾਰੀ ਨਾਲ ਤਕੜਾ ਹੰਭਲਾ ਮਾਰਨਾ ਪੈਣਾ ਹੈ।

-ਸੰਪਾਦਕ

ਨਿਰਮਲ ਸੰਧੂ
ਜਿਹੜੇ ਲੋਕ ਸਕੂਲ ਵਿਦਿਆਰਥੀਆਂ ਦੇ ਦੁੱਖ-ਸੁੱਖ ਦੇ ਸਾਂਝੀ ਹਨ, ਉਨ੍ਹਾਂ ਨੂੰ ਇਨ੍ਹਾਂ ਖਬਰਾਂ ਤੋਂ ਕੋਈ ਹੈਰਾਨੀ ਨਹੀਂ ਹੋਈ ਹੋਣੀ ਕਿ ਫਗਵਾੜਾ, ਰੁੜਕਾ ਕਲਾਂ ਅਤੇ ਮਾਹਿਲਪੁਰ ਵਿਚ ਗਭਰੇਟ, ਰੂਸ ਵਿਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੇ ਮੈਚ ਵੱਡੀਆਂ ਸਕਰੀਨਾਂ ਉਤੇ ਦੇਖ ਰਹੇ ਹਨ। ਅਸਲ ਵਿਚ, ਇਸ ਮਸ਼ਕ ਲਾਂਭੇ ਰਹਿ ਰਹੇ ਵੱਡਿਆਂ ਨੂੰ ਵੀ ਸੰਸਾਰ ਪੱਧਰ ਦੇ ਇਹ ਮੈਚ ਦੇਖਣੇ ਚਾਹੀਦੇ ਹਨ ਅਤੇ ਇਨ੍ਹਾਂ ਤੋਂ ਢੁੱਕਵੇਂ ਸਬਕ ਲੈਣੇ ਚਾਹੀਦੇ ਹਨ। ਇਹ ਮਨੋਰੰਜਨ ਤਾਂ ਹੈ ਹੀ, ਇਹ ਮਸ਼ਕ ਉਨ੍ਹਾਂ ਦੀ ਚਰਿੱਤਰ ਉਸਾਰੀ ਵਿਚ ਵੀ ਮਦਦਗਾਰ ਸਾਬਤ ਹੋਵੇਗੀ ਅਤੇ ਹਾਰਾਂ ਤੇ ਨਾਕਾਮੀਆਂ ਨਾਲ ਜੂਝਦਿਆਂ ਇਨ੍ਹਾਂ ਨੂੰ ਆਲ੍ਹਾ ਮਿਆਰੀ ਮੁਕਾਬਲਿਆਂ ਲਈ ਹੰਭਲੇ ਮਾਰਨ ਲਈ ਤਿਆਰ ਕਰੇਗੀ। ਤੇ ਬਿਨਾਂ ਸ਼ੱਕ, ਗਰੁੱਪ ਬੀ ਦੇ ਸ਼ੁਰੂਆਤੀ ਮੈਚ ਵਿਚ ਰੋਨਾਲਡੋ ਨੇ ਸਪੇਨ ਖਿਲਾਫ ਖੇਡਦਿਆਂ ਆਪਣੀ ਟੀਮ ਪੁਰਤਗਾਲ ਲਈ ਜਿਸ ਤਰ੍ਹਾਂ ਹੈਟ ਟ੍ਰਿਕ ਜੜੀ, ਉਹ ਆਪਣੇ ਆਪ ਵਿਚ ਦਰਸ਼ਕ ਨੂੰ ਸੱਤਵੇਂ ਆਸਮਾਨ ‘ਤੇ ਪਹੁੰਚਾਉਣ ਵਰਗਾ ਕੋਈ ਅਹਿਸਾਸ ਹੈ।
ਤਕਨਾਲੋਜੀ ਨੇ ਇਨ੍ਹਾਂ ਗਭਰੇਟਾਂ ਨੂੰ ਆਪਣੇ ਨਾਇਕ ਚੁਣਨ ਲਈ ਹੱਦਾਂ-ਸਰਹੱਦਾਂ ਤੋਂ ਪਾਰ ਦੇਖਣ ਦਾ ਬਲ ਬਖਸ਼ਿਆ ਹੈ। ਕਹਿਰਾਂ ਦੀ ਗਰਮੀ ਦੌਰਾਨ ਅੰਮ੍ਰਿਤਸਰ ਦੀ ਪਾਰਕ ਵਿਚ ਮੈਚ ਖੇਡਣ ਤੋਂ ਬਾਅਦ ਇਨ੍ਹਾਂ ਗਭਰੇਟਾਂ ਨੂੰ ਕ੍ਰਿਸਟਿਆਨੋ ਰੋਨਾਲਡੋ, ਲਿਓਨਲ ਮੈਸੀ, ਪੇਲੇ ਅਤੇ ਮੈਰਾਡੋਨਾ ਬਾਰੇ ਗੱਲਾਂ ਕਰਦਿਆਂ ਸੁਣਨਾ ਪੁਰਸਕੂਨ ਸੀ। ਕੌਮਾਂਤਰੀ ਫੁੱਟਬਾਲ ਦੇ ਇਨ੍ਹਾਂ ਧੁਨੰਤਰਾਂ ਨੇ ਪੰਜਾਬ ਵਿਚ ਇਨ੍ਹਾਂ ਸਕੂਲੀ ਖਿਡਾਰੀਆਂ ਨੂੰ ਸਿਰਫ ਪ੍ਰੇਰਿਆ ਤੇ ਉਤੇਜਿਤ ਹੀ ਨਹੀਂ ਕੀਤਾ ਸਗੋਂ ਇਹ ਉਨ੍ਹਾਂ ਦੇ ਰੋਲ ਮਾਡਲ ਬਣ ਗਏ ਹਨ।
ਪੰਜਾਬ ਆਪਣੇ ਇਨ੍ਹਾਂ ਬੱਚਿਆਂ ਤੋਂ ਪਹਿਲਾ ਸਬਕ ਲੈ ਸਕਦਾ ਹੈ: ਗਲੋਬਲ ਪੱਧਰ ‘ਤੇ ਸੋਚੋ ਅਤੇ ਉੱਤਮਤਾ ਦੀ ਦਾਦ ਦਿਓ, ਇਹ ਭਾਵੇਂ ਕਿਸੇ ਵੀ ਥਾਂ ਨਾਲ ਵਾਬਸਤਾ ਹੋਵੇ। ਯੂਰੋਪ, ਲਾਤੀਨੀ ਅਮਰੀਕਾ ਅਤੇ ਹੋਰ ਥਾਂਈਂ ਚੱਲ ਰਹੇ ਕਲੱਬ ਅਤੇ ਵੱਖ ਵੱਖ ਮੁਲਕ, ਟੀਸੀ ਉਤੇ ਪੁੱਜਣ ਲਈ ਸਰਵੋਤਮ ਕੋਚਾਂ ਦੀਆਂ ਸੇਵਾਵਾਂ ਲੈਂਦੇ ਹਨ ਅਤੇ ਮਹਿੰਗੇ ਤੋਂ ਮਹਿੰਗਾ ਖਿਡਾਰੀ ਆਪਣੀ ਟੀਮ ਵਿਚ ਲਿਆਉਂਦੇ ਹਨ। ਸਿਆਸੀ ਜਮਾਤ ਲਈ ਸਬਕ ਹੈ: ਕਿਸੇ ਵੀ ਕਾਰਜ ਲਈ ਸਰਵੋਤਮ ਸ਼ਖਸ ਨੂੰ ਅੱਗੇ ਲਿਆਓ ਅਤੇ ਅਜਿਹਾ ਢਾਂਚਾ ਉਸਾਰੋ ਜਿਸ ਨਾਲ ਅਜਿਹਾ ਹੋਣਾ ਯਕੀਨੀ ਹੋਵੇ।
ਪੰਜਾਬੀ ਬਹੁਤ ਤੇਜ਼ੀ ਨਾਲ ਮੁਕਾਬਲੇ ਵਾਲੀ ਭਾਵਨਾ ਛੱਡ ਰਹੇ ਹਨ ਅਤੇ ਗੁਰਬਤ, ਜਾਤ, ਮਜ਼ਹਬ ਤੇ ਸਿਆਸੀ ਰਸੂਖ ਦੇ ਸਿਰ ਉਤੇ ਨੌਕਰੀਆਂ/ਲਾਭ/ਮੁਫਤ ਸਹੂਲਤਾਂ ਲਈ ਪੱਲੇ ਅੱਡ ਰਹੇ ਹਨ। ਸਿਆਸੀ ਪਾਰਟੀਆਂ ਉਮੀਦਵਾਰਾਂ ਦੀ ਚੋਣ ਮੌਕੇ ਕੋਈ ਖਾਸ ਤਰੱਦਦ ਨਹੀਂ ਕਰਦੀਆਂ ਸਗੋਂ ਮੌਜੂਦਾ ਸਿਆਸੀ ਪਰਿਵਾਰਾਂ, ਜਾਤਾਂ ਅਤੇ ਵੋਟ ਬੈਂਕਾਂ ਦੇ ਆਧਾਰ ਤੱਕ ਸੀਮਤ ਰਹਿੰਦੀਆਂ ਹਨ। ਨਤੀਜੇ ਵਜੋਂ ਸਮੁੱਚੇ ਚੋਣ ਅਮਲ ਵਿਚੋਂ ਔਸਤ ਜਿਹੀਆਂ ਸਰਕਾਰਾਂ ਹੋਂਦ ਵਿਚ ਆਉਂਦੀਆਂ ਹਨ ਜੋ ਫਿਰ ਸੂਬੇ ਨੂੰ ਆਪਣੇ ਹਿਸਾਬ ਨਾਲ ਚਲਾਉਂਦੀਆਂ ਹਨ।
ਸੰਸਥਾਵਾਂ ਦੀ ਉਸਾਰੀ ਦੇ ਮਾਮਲੇ ਵਿਚ ਪ੍ਰਤਾਪ ਸਿੰਘ ਕੈਰੋਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਕਿਉਂਕਿ ਬਤੌਰ ਮੁੱਖ ਮੰਤਰੀ ਉਨ੍ਹਾਂ ਕੋਲ ਸੰਸਾਰ ਪੱਧਰੀ ਨਜ਼ਰੀਆ ਸੀ। ਵਿਦੇਸ਼ੀ ਮੁਹਾਰਤ, ਤਕਨਾਲੋਜੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰੂਪ ਵਿਚ ਮਿਲੀ ਸੰਸਥਾਈ ਸਹਾਇਤਾ ਨਾਲ ਹੀ ਹਰਾ ਇਨਕਲਾਬ ਸੰਭਵ ਹੋ ਸਕਿਆ। ਬਾਅਦ ਦੇ ਲੀਡਰਾਂ ਨੇ ਸੂਬੇ ਨੂੰ ਇਸ (ਹਰੇ ਇਨਕਲਾਬ) ਦੇ ਦੁਰਪ੍ਰਭਾਵਾਂ ਤੋਂ ਬਚਾਓ ਦਾ ਹੀਲਾ ਨਹੀਂ ਕੀਤਾ। ਉਸ ਵਕਤ ਤਾਂ ਪੰਜਾਬੀ ਤਜਰਬੇ ਕਰਨ, ਜੋਖਿਮ ਉਠਾਉਣ ਅਤੇ ਨਵੀਆਂ ਤਕਨੀਕਾਂ ਵਰਤਣ ਲਈ ਅਹੁਲ ਰਹੇ ਸਨ। ਹੁਣ ਸੌੜੇ ਹਿਤਾਂ ਵਾਲੀ ਸਿਆਸੀ ਲੀਡਰਸ਼ਿਪ ਕਾਰਨ ਪੰਜਾਬੀਆਂ ਦਾ ਗੱਡਾ ਬੁਰੀ ਤਰ੍ਹਾਂ ਫਸ ਗਿਆ ਹੈ। ਉਹ ਆਪਣੇ ਗਿਆਨ ਮੁਤਾਬਕ ਪੁਰਾਣੇ ਢੰਗ-ਤਰੀਕਿਆਂ ਰਾਹੀਂ ਖੇਤੀ ਕਰ ਰਹੇ ਹਨ ਅਤੇ ਇਹ ਸਾਰਾ ਕੁਝ ਉਨ੍ਹਾਂ ਲਈ ਹੀ ਨਹੀਂ ਸਗੋਂ ਸੂਬੇ ਦੇ ਜਲ ਸਰੋਤਾਂ ਲਈ ਵੀ ਤਬਾਹਕੁਨ ਹੈ।
ਲੀਡਰਸ਼ਿਪ ਨੂੰ ਇਹ ਪੱਕਾ ਬਹਾਨਾ ਲੱਭ ਗਿਆ ਹੈ ਕਿ ਕਾਇਆ-ਕਲਪ ਕਰਨ ਲਈ ਲੋੜੀਂਦੇ ਫੰਡ ਨਹੀਂ ਹਨ। ਪੈਰਾਂ ਸਿਰ ਹੋਣ ਕਾਰਨ ਭਾਵੇਂ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਵਿਚ ਵਾਹਵਾ ਮਦਦ ਮਿਲਦੀ ਹੈ ਪਰ ਸੰਸਾਰ ਦੇ ਸਭ ਤੋਂ ਅਮੀਰ ਅਤੇ ਸ਼ਕਤੀਸ਼ਾਲੀ ਮੁਲਕ-ਅਮਰੀਕਾ, ਰੂਸ ਤੇ ਚੀਨ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕਰ ਸਕੇ ਹਨ। ਸੇਨੇਗਲ ਅਤੇ ਉਰੂਗੁਏ ਨੇ ਇਹ ਵਿਚਾਰ ਹੀ ਖਾਰਿਜ ਕਰ ਦਿੱਤਾ ਹੈ ਕਿ ਵਧੀਆ ਕੁਲ ਘਰੇਲੂ ਉਤਪਾਦਨ (ਜੀ.ਡੀ.ਪੀ.) ਕੌਮਾਂਤਰੀ ਮੁਕਾਬਲੇ ਵਿਚ ਸਫਲਤਾ ਦਾ ਧੁਰਾ ਹੁੰਦਾ ਹੈ।
ਇਕ ਪੜਾਅ ਤੋਂ ਬਾਅਦ ਆਬਾਦੀ ਜਾਂ ਭੂਗੋਲਿਕ ਰੁਕਾਵਟਾਂ ਕੋਈ ਮਾਇਨਾ ਨਹੀਂ ਰੱਖਦੀਆਂ। ਆਈਸਲੈਂਡ ਵਰਗਾ ਆਬਾਦੀ ਤੇ ਰਹਿਣਯੋਗ ਇਲਾਕੇ ਪੱਖੋਂ ਨਿੱਕਾ ਜਿਹਾ ਮੁਲਕ ਜਿਸ ਦੀ ਆਬਾਦੀ ਸਿਰਫ 3.3 ਲੱਖ ਹੈ, ਨੇ ਸੰਸਾਰ ਕੱਪ ਲਈ ਕੁਆਲੀਫਾਈ ਹੀ ਨਹੀਂ ਕੀਤਾ ਸਗੋਂ ਸੰਸਾਰ ਭਰ ਦੇ ਫੁੱਟਬਾਲ ਪ੍ਰੇਮੀਆਂ ਦੇ ਮੂੰਹ ਵਿਚ ਉਂਗਲਾਂ ਪੁਆ ਦਿੱਤੀਆਂ ਜਦੋਂ ਇਹ ਟੀਮ ਅਰਜਨਟਾਈਨਾ ਨਾਲ 1-1 ਦੀ ਬਰਾਬਰੀ ਉਤੇ ਤੁਲ ਗਈ। ਇਹ ਅਰਜਨਟਾਈਨਾ ਉਹੀ ਹੈ, ਜਿਸ ਨੇ ਲਿਓਨਲ ਮੈਸੀ ਸਮੇਤ ਫੁੱਟਬਾਲ ਦੇ ਬਹੁਤ ਮਹਾਨ ਖਿਡਾਰੀ ਪੈਦਾ ਕੀਤੇ ਹਨ।
ਪੰਜਾਬੀਆਂ ਨੂੰ ਵੀ ਕੋਈ ਡੱਕ ਨਹੀਂ ਸਕਦਾ ਬਸ਼ਰਤੇ ਕਾਮਯਾਬੀ ਲਈ ਇੱਛਾ ਅਤੇ ਹੌਸਲਾ ਬੁਲੰਦ ਹੋਵੇ। ਮਿਲਖਾ ਸਿੰਘ ਸਾਧਾਰਨ ਜਿਹੇ ਪਿਛੋਕੜ ਵਿਚੋਂ ਉੱਠਿਆ ਅਤੇ ਹਰ ਅੜਿੱਕੇ ਦੇ ਖਿਲਾਫ ਜੀਅ-ਜਾਨ ਨਾਲ ਜੂਝਿਆ ਤੇ ਫਿਰ ਅੱਜ ਵਾਲੇ ਮੁਕਾਮ ਉਤੇ ਪਹੁੰਚਿਆ। ਇਸ ਮੁਕਾਮ ਉਤੇ ਪਹੁੰਚਣ ਲਈ ਫੌਜ ਨੇ ਉਸ ਦੀ ਇਮਦਾਦ ਕੀਤੀ। ਉਂਜ, ਬਹੁਤ ਸਾਰੇ ਪ੍ਰਤਿਭਾਸ਼ਾਲੀ ਬੱਚੇ ਆਪਣਾ ਜਲਵਾ ਦਿਖਾਏ ਬਿਨਾ ਹੀ ਹਨੇਰਿਆਂ ਵਿਚ ਗੁਆਚ ਗਏ ਕਿਉਂਕਿ ਬਤੌਰ ਮੁਲਕ ਅਸੀਂ ਆਪਣੇ ਸੋਮੇ ਫਜ਼ੂਲ ਖਰਚੀ ਵਿਚ ਗੁਆ ਲਏ ਅਤੇ ਮਾਨਵੀ ਵਸੀਲਿਆਂ ਨੂੰ ਐਵੇਂ ਹੀ ਮੁਰਝਾ ਜਾਣ ਦਿੱਤਾ। ਹਰ ਸੂਬੇ ਨੂੰ ਹੀ ਨਹੀਂ ਸਗੋਂ ਹਰ ਸ਼ਹਿਰ, ਕਸਬੇ ਅਤੇ ਪਿੰਡ ਨੂੰ ਪ੍ਰਤਿਭਾ ਦੀ ਖੋਜ ਲਈ ਨਿਰਪੱਖ, ਇਮਾਨਦਾਰ ਅਤੇ ਭ੍ਰਿਸ਼ਟਾਚਾਰ ਮੁਕਤ ਢਾਂਚਾ ਚਾਹੀਦਾ ਹੈ। ਪ੍ਰਤਿਭਾ ਨੂੰ ਸਾਣ ‘ਤੇ ਚਾੜ੍ਹਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸੰਸਥਾਈ ਸਹਾਇਤਾ ਵੀ ਲੋੜੀਂਦੇ ਹਨ।
ਜੇ ਪੰਜਾਬ ਵਿਚ ਕੋਈ ਬੰਨ੍ਹ-ਸੁਬ ਨਹੀਂ ਬਣ ਰਿਹਾ ਤਾਂ ਕਾਰਨ ਇਹ ਹੈ ਕਿ ਸਾਲ ਦਰ ਸਾਲ ਪੱਖਪਾਤ ਤੇ ਆਪਣੇ ਸੌੜੇ ਹਿਤਾਂ ਦੀ ਪੂਰਤੀ ਲਈ ਮੈਰਿਟ ਨੂੰ ਕੁਰਬਾਨ ਕਰ ਦਿੱਤਾ ਗਿਆ ਹੈ। ਜਮਹੂਰੀਅਤ ਨੂੰ ਕੁਝ ਚੋਣਵੇਂ ਸਿਆਸੀ ਪਰਿਵਾਰਾਂ ਨੇ ਅਗਵਾ ਕਰ ਲਿਆ ਹੈ ਜੋ ਆਪਣੀ ਸੱਤਾ ਅਤੇ ਸੁੱਖ-ਸਹੂਲਤਾਂ ਦੀ ਖਾਤਿਰ ਸਾਜ਼ਿਸ਼ ਲਈ ਰਲ ਬੈਠੇ ਹਨ। 98 ਵਰ੍ਹਿਆਂ ਦੇ ਸ਼ਾਨਾਂਮੱਤੇ ਇਤਿਹਾਸ ਵਾਲਾ ਸ਼੍ਰੋਮਣੀ ਅਕਾਲੀ ਦਲ ਹੁਣ ਇਕ ਪਰਿਵਾਰ ਦੇ ਕਾਰੋਬਾਰ ਤੱਕ ਨਿੱਘਰ ਗਿਆ ਹੈ। ਸੰਸਾਰ ਕੱਪ ਦੀ ਤਾਂ ਗੱਲ ਹੀ ਛਡੋ, ਕੀ ਪਰਿਵਾਰਕ ਮੈਂਬਰਾਂ ਦੀ ਬਹੁਤਾਤ ਵਾਲੀ ਕੋਈ ਚੋਣ ਕਮੇਟੀ ਅਜਿਹੀ ਟੀਮ ਚੁਣ ਸਕਦੀ ਹੈ, ਜੋ ਮੁਕਾਮੀ ਮੈਚ ਜਿੱਤਣ ਦੀ ਵੀ ਸੱਤਿਆ ਰੱਖਦੀ ਹੋਵੇ?
ਇਹੀ ਗੱਲ ਕਾਂਗਰਸ ਉਤੇ ਵੀ ਐਨ ਸਹੀ ਢੁੱਕਦੀ ਹੈ ਜੋ ਪੰਜਾਬ ਨੂੰ ਅੱਵਲ ਪੁਜ਼ੀਸ਼ਨ ਤੋਂ ਹੇਠਾਂ ਲਿਆ ਸੁੱਟਣ ਲਈ ਬਰਾਬਰ ਦੀ ਜ਼ਿੰਮੇਵਾਰ ਹੈ। ਬਹੁਤ ਮਾੜੀ ਕਾਰਗੁਜ਼ਾਰੀ ਅਤੇ ਪੱਖਪਾਤੀ ਤਰਜੀਹਾਂ ਸਾਬਤ ਹੋਣ ‘ਤੇ ਵੀ ਲੀਡਰਾਂ ਦੀ ਉਹੀ ਜੁੰਡਲੀ ਸੱਤਾ ‘ਚ ਆ ਗਈ ਹੈ ਜੋ ਅਜਿਹੀ ਕੰਗਾਲ ਟੀਮ ਹੈ ਜਿਸ ਨੂੰ ਪੰਜਾਬੀ ਆਪਣੀ ਅਗਵਾਈ ਲਈ ਵਾਰ-ਵਾਰ ਚੁਣ ਰਹੇ ਹਨ। ਜਿਸ ਤਰ੍ਹਾਂ ਸੰਸਾਰ ਕੱਪ ‘ਚ ਹੁੰਦਾ ਹੈ, ਮਾੜੀ ਕਾਰਗੁਜ਼ਾਰੀ ਕੋਈ ਔਗੁਣ ਨਹੀਂ ਹੁੰਦੀ; ਇਹ ਭਾਵੇਂ ਸ਼ਖਸੀ ਪੱਧਰ ‘ਤੇ ਹੋਵੇ ਜਾਂ ਪਾਰਟੀ ਪੱਧਰ ‘ਤੇ।
ਸੱਤਾਧਾਰੀ ਜੁੰਡਲੀ ਹਵਾ ਦੇ ਤਾਜ਼ਾ ਬੁੱਲਿਆਂ ਲਈ ਪਾਰਟੀ ਦੇ ਦਰਵਾਜੇ ਨਹੀਂ ਖੋਲ੍ਹ ਰਹੀ। ਜੇ ਕਾਂਗਰਸ 2019 ਵਿਚ ਅਤੇ ਉਸ ਤੋਂ ਬਾਅਦ ਪ੍ਰਸੰਗਿਕ ਰਹਿਣਾ ਚਾਹੁੰਦੀ ਹੈ ਤਾਂ ਇਸ ਨੂੰ ਪੁਰਾਣੀ ਲੀਡਰਸ਼ਿਪ ਅਤੇ ਇਨ੍ਹਾਂ ਦੇ ਹਿੱਤਾਂ ਨੂੰ ਚੰਗਾ ਹਲੂਣਾ ਦੇਣਾ ਪਵੇਗਾ ਅਤੇ ਪਾਰਟੀ ਅੰਦਰ ਉਤਸ਼ਾਹੀ ਨੌਜੁਆਨਾਂ ਨੂੰ ਅੱਗੇ ਲਿਆਉਣਾ ਪਵੇਗਾ। ‘ਆਪ’ ਬਾਰੇ ਕੁਝ ਵੀ ਕਹਿਣ ਦੀ ਥਾਂ ਅਜੇ ਹੋਰ ਉਡੀਕਣਾ ਪਵੇਗਾ ਕਿਉਂਕਿ ਦਿੱਲੀ ਤੋਂ ਬਾਹਰ ਇਸ ਦੀ ਅਜ਼ਮਾਇਸ਼ ਅਜੇ ਹੋਈ ਨਹੀਂ ਹੈ।
ਮਾੜੀ ਸਰਕਾਰ ਵੀ ਚੰਗੀ ਕਾਰਗੁਜ਼ਾਰੀ ਦਿਖਾ ਸਕਦੀ ਹੈ ਜੇ ਇਹ ਸੰਸਥਾਵਾਂ ਦਾ ਸਤਿਕਾਰ ਕਰੇ ਅਤੇ ਨਿਯਮਾਂ ਮੁਤਾਬਕ ਚੱਲੇ। ਭ੍ਰਿਸ਼ਟਾਚਾਰ ਅਤੇ ਮੁਲਾਹਜ਼ੇਦਾਰੀਆਂ ਦੇ ਇਤਿਹਾਸ ਦੇ ਬਾਵਜੂਦ ‘ਫੀਫਾ’ ਨੇ ਫੁੱਟਬਾਲ ਦੀ ਖੇਡ ਨੂੰ ਲੀਹ ਉਤੇ ਹੀ ਨਹੀਂ ਰੱਖਿਆ ਸਗੋਂ ਨਵੀਆਂ ਟੀਸੀਆਂ ਵੀ ਛੋਹੀਆਂ ਹਨ। ਪੰਜਾਬ ਦੀਆਂ ਸਰਕਾਰਾਂ ਕਾਨੂੰਨ ਦੀਆਂ ਕਿਤਾਬਾਂ ਨੂੰ ਹਵਾ ‘ਚ ਉਡਾਉਂਦੀਆਂ ਰਹੀਆਂ ਹਨ ਅਤੇ ਸਭ ਫੈਸਲੇ ਅਕਸਰ ਮੁੱਖ ਮੰਤਰੀ ਜਾਂ ਉੱਪ ਮੁੱਖ ਮੰਤਰੀ ਦੀ ਪਸੰਦ ਮੁਤਾਬਕ ਹੁੰਦੇ ਰਹੇ ਹਨ। ਮਾੜੇ ਸਾਥ ਅਤੇ ਰਾਜ ਪ੍ਰਬੰਧ ਦੇ ਆਪਣੇ ਨਤੀਜੇ ਹੁੰਦੇ ਹਨ। ਕਾਂਗਰਸ ਕੋਲ ਕੌਮਾਂਤਰੀ ਹਾਕੀ ਖਿਡਾਰੀ ਪਰਗਟ ਸਿੰਘ ਹੈ ਜੋ ਐਮ.ਐਲ਼ਏ. ਵੀ ਹੈ; ਫਿਰ ਵੀ ਖੇਡ ਮੰਤਰੀ ਵਾਲਾ ਕਾਰਜ ਸਕੂਲ ਪਾਸ ਲੀਡਰ ਨੂੰ ਦੇ ਦਿੱਤਾ ਗਿਆ ਜਿਸ ਕੋਲ ਖੇਡਾਂ ਲਈ ਕੋਈ ਜੋਸ਼ ਨਹੀਂ ਹੈ।
ਬਟਾਲਾ ਨੇੜਲੇ ਪਿੰਡ ਗੁਜਰਪੁਰਾ ਦੀ ਵਸਨੀਕ ਕੌਮਾਂਤਰੀ ਕੱਰਾਟੇ ਖਿਡਾਰਨ ਕੁਲਦੀਪ ਕੌਰ ਨੇ ਇਸੇ ਸਾਲ ਜਨਵਰੀ ਵਿਚ ਖੁਦਕੁਸ਼ੀ ਕਰ ਲਈ ਸੀ। ਉਸ ਅਤੇ ਉਸ ਦੀ ਮਾਂ ਉਤੇ ਹਮਲਾ ਹੋਇਆ ਸੀ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਹਮਲਾਵਰਾਂ ਦੀ ਸਰਪ੍ਰਸਤੀ ਇਲਾਕੇ ਦੇ ਮੰਤਰੀ ਨੇ ਕੀਤੀ। ਇਸ ਤੋਂ ਬਾਅਦ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਜਿਸ ਨੇ ਖਦਸ਼ੇ ਮੁਤਾਬਕ ਆਪਣੀ ਰਿਪੋਰਟ ਵਿਚ ਸ਼ੱਕੀਆਂ ਦਾ ਹੀ ਪੱਖ ਪੂਰਿਆ ਪਰ ਅਦਾਲਤ ਨੇ ਇਹ ਰਿਪੋਰਟ ਰੱਦ ਕਰ ਦਿੱਤੀ। ਇਹ ਦੋ ਮਿਸਾਲਾਂ ਸਰਕਾਰ ਦੀ ਕਾਰਕਰਦਗੀ ਅਤੇ ਲੀਡਰਸ਼ਿਪ ਦੀ ਮਾਨਸਿਕਤਾ ਦੇ ਦਰਸ਼ਨ ਕਰਵਾ ਦਿੰਦੀਆਂ ਹਨ।
ਇਹ ਠੀਕ ਹੈ ਕਿ ਹਰ ਖਿਡਾਰੀ ਤੇ ਹਰ ਮੁਲਕ ਜਾਂ ਸੂਬਾ ਸੰਸਾਰ ਪੱਧਰ ਦੇ ਮਿਆਰਾਂ ਤੱਕ ਨਹੀਂ ਪਹੁੰਚ ਸਕਦਾ। ਦੁਖਦਾਈ ਗੱਲ ਇਹ ਹੈ ਕਿ ਇਸ ਪਾਸੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ। ਜਿਸ ਸੂਬੇ ਵਿਚ ਬੇਰੁਜ਼ਗਾਰੀ ਸਿਖਰਾਂ ਛੂਹ ਰਹੀ ਹੋਵੇ ਅਤੇ ਨੌਜੁਆਨਾਂ ਦਾ ਪੂਰ ਨਸ਼ਿਆਂ ਦੀ ਦਲਦਲ ਵਿਚ ਫਸ ਗਿਆ ਹੋਵੇ ਤਾਂ ਖੇਡ ਕਲਚਰ ਅਪਨਾਉਣਾ ਮਹਿਜ਼ ਕੋਈ ਮਰਜ਼ੀ ਨਹੀਂ ਰਹਿ ਜਾਂਦੀ ਸਗੋਂ ਲੋੜ ਬਣ ਜਾਂਦੀ ਹੈ ਪਰ ਲੀਹ ਪਾੜਨ ਲਈ ਤੁਹਾਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੁੰਦੀ ਹੈ ਜਿਹੜੀ ਜਾਗਰੂਕ ਤੇ ਜ਼ਿੰਮੇਵਾਰ ਹੋਵੇ ਅਤੇ ਪ੍ਰਤਿਭਾ ਦੀ ਕਦਰ ਕਰੇ। ਅਜਿਹਾ ਸਿਰਫ ਖੇਡਾਂ ਦੇ ਖੇਤਰ ਵਿਚ ਹੀ ਨਹੀਂ ਸਗੋਂ ਹਰ ਖੇਤਰ-ਸਿੱਖਿਆ, ਸਿਹਤ, ਖੇਤੀ, ਸਨਅਤ, ਵਾਤਾਵਰਨ ਤੇ ਸਿਆਸਤ ਵਿਚ ਵੀ ਹੋਣਾ ਚਾਹੀਦਾ ਹੈ। ਅਸੀਂ ਫਿਲਹਾਲ ਸੰਸਾਰ ਵਿਆਪੀ ਉੱਤਮਤਾ ਦੇ ਸੁਪਨੇ ਲੈਣੇ ਬੰਦ ਕਰ ਦਿੱਤੇ ਹੋਏ ਹਨ।