ਧੋਖੇਬਾਜ਼ ਐਨ. ਆਰ. ਆਈ. ਲਾੜਿਆਂ ਨੂੰ ਘੇਰਨ ਦੀ ਤਿਆਰੀ

ਚੰਡੀਗੜ੍ਹ: ਧੋਖੇਬਾਜ਼ ਐਨ. ਆਰ. ਆਈ. ਲਾੜਿਆਂ ਦੀ ਹੁਣ ਖੈਰ ਨਹੀਂ। ਐਨ. ਆਰ. ਆਈ. ਲਾੜਿਆਂ ਵੱਲੋਂ ਵਿਆਹਾਂ ਮਗਰੋਂ ਭਾਰਤੀ ਲਾੜੀਆਂ ਨਾਲੋਂ ਨਾਤਾ ਤੋੜ ਲੈਣ ਅਤੇ ਕਈ-ਕਈ ਵਿਆਹ ਕਰਵਾਉਣ ਖਿਲਾਫ ਸਖਤ ਨਿਯਮ ਲਾਗੂ ਕੀਤੇ ਗਏ ਹਨ। ਸਰਕਾਰ ਨੇ ਵਿਆਹ ਸਮਾਗਮ ਦੇ ਸੱਤ ਦਿਨਾਂ ਦੇ ਅੰਦਰ ਐਨ. ਆਰ. ਆਈਜ਼. ਵੱਲੋਂ ਵਿਆਹ ਲਾਜ਼ਮੀ ਤੌਰ ਉਤੇ ਰਜਿਸਟਰਡ ਕਰਵਾਉਣ ਦੀ ਤਜਵੀਜ਼ ਕੀਤਾ ਹੈ।

ਰਜਿਸਟਰੇਸ਼ਨ ਲਈ ਲਾੜੇ ਵੱਲੋਂ ਆਪਣਾ ਪਾਸਪੋਰਟ ਅਪਡੇਟ ਕਰਵਾਉਣਾ ਅਤੇ ਉਸ ਵਿਚ ਪਤਨੀ ਦਾ ਨਾਮ ਸ਼ਾਮਲ ਕਰਵਾਉਣਾ ਜ਼ਰੂਰੀ ਹੋਵੇਗਾ। ਜੇਕਰ ਉਹ ਅਜਿਹਾ ਨਹੀਂ ਕਰਦਾ ਤਾਂ ਉਸ ਦਾ ਪਾਸਪੋਰਟ ਰੱਦ ਕਰਨ ਦਾ ਅਧਿਕਾਰ ਸਰਕਾਰ ਕੋਲ ਹੋਵੇਗਾ।
ਸਰਕਾਰ ਨੂੰ ਇਹ ਸ਼ਿਕਾਇਤਾਂ ਲਗਾਤਾਰ ਮਿਲਦੀਆਂ ਆ ਰਹੀਆਂ ਸਨ ਕਿ ਬਹੁਤ ਸਾਰੇ ਐਨ. ਆਰ. ਆਈ. ਸਿਰਫ ‘ਛੁੱਟੀਆਂ ਦਾ ਆਨੰਦ’ ਲੈਣ ਲਈ ਵਿਆਹ ਕਰਵਾਉਂਦੇ ਹਨ। ਵਿਆਹ ਤੋਂ ਬਾਅਦ ਕੁਝ ਸਮਾਂ ਆਪਣੀ ਸੱਜ ਵਿਆਹੀ ਪਤਨੀ ਨਾਲ ਰਹਿਣ ਮਗਰੋਂ ਉਹ ਇਨ੍ਹਾਂ ਮੁਟਿਆਰਾਂ ਨੂੰ ਨਿਆਸਰੀਆਂ ਛੱਡ ਕੇ ਖਿਸਕ ਜਾਂਦੇ ਹਨ। ਅਜਿਹੀਆਂ ਸ਼ਿਕਾਇਤਾਂ ਵਿਚ ਲਗਾਤਾਰ ਵਾਧੇ ਅਤੇ ਮੁਟਿਆਰਾਂ ਦੇ ਸ਼ੋਸ਼ਣ ਤੋਂ ਫਿਕਰਮੰਦ ਹੋ ਕੇ ਸਰਕਾਰ ਨੇ ਸਮੱਸਿਆ ਦੇ ਹੱਲ ਲਈ ਅੰਤਰ ਵਜ਼ਾਰਤੀ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਵੱਲੋਂ ਕੀਤੀ ਗਈ ਜਾਂਚ-ਪੜਤਾਲ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਇਕੱਲੇ ਪੰਜਾਬ ਵਿਚ ਹੀ 20 ਹਜ਼ਾਰ ਤੋਂ ਵੱਧ ਮੁਟਿਆਰਾਂ ਇਸ ਦਾ ਸ਼ਿਕਾਰ ਹਨ। ਪੰਜਾਬ ਤੋਂ ਇਲਾਵਾ ਆਂਧਰਾ ਪ੍ਰਦੇਸ਼, ਗੁਜਰਾਤ ਤੇ ਮਹਾਰਾਸ਼ਟਰ ਵਿਚ ਵੀ ਅਜਿਹੀਆਂ ਸੈਂਕੜੇ ਮੁਟਿਆਰਾਂ ਦੀ ਸ਼ਨਾਖ਼ਤ ਹੋਈ।
ਅੰਤਰ ਵਜ਼ਾਰਤੀ ਕਮੇਟੀ ਨੇ ਸਮੁੱਚੀ ਸਥਿਤੀ ਉਤੇ ਵਿਚਾਰ ਕਰ ਕੇ ਭਗੌੜੇ ਐਨ. ਆਰ. ਆਈਜ਼. ਨੂੰ ਸੁੱਕਾ ਬਚ ਨਿਕਲਣ ਤੋਂ ਰੋਕਣ ਲਈ ਪਾਸਪੋਰਟ ਰੱਦ ਕਰਨ ਦੀ ਮੱਦ ਸੁਝਾਈ ਹੈ। ਜੇਕਰ ਐਨ. ਆਰ. ਆਈ. , ਭਾਰਤੀ ਪਾਸਪੋਰਟ ਧਾਰਕ ਨਹੀਂ ਤਾਂ ਉਸ ਦਾ ਵੀਜ਼ਾ ਰੱਦ ਕਰਨ ਅਤੇ ਉਸ ਨੂੰ ਫੌਰੀ ਗ੍ਰਿਫਤਾਰ ਕਰਨ ਦੀ ਮੱਦ ਵੀ ਇਸੇ ਤਜਵੀਜ਼ ਦਾ ਹਿੱਸਾ ਹੈ। ਕਮੇਟੀ ਭਗੌੜੇ ਲਾੜਿਆਂ ਦੀ ਜਾਇਦਾਦ ਕੁਰਕ ਕੀਤੇ ਜਾਣ ਦੀ ਕਾਨੂੰਨੀ ਮੱਦ ਨੂੰ ਵੀ ਆਪਣੀ ਤਜਵੀਜ਼ ਦੇ ਦਾਇਰੇ ਵਿਚ ਲਿਆਉਣ ਬਾਰੇ ਸੋਚ-ਵਿਚਾਰ ਕਰ ਰਹੀ ਹੈ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਹੈ ਕਿ ਪਰਵਾਸੀਆਂ ਦੇ ਭਾਰਤ ਵਿੱਚ ਹੋਣ ਵਾਲੇ ਵਿਆਹਾਂ ਦਾ ਸੱਤ ਦਿਨਾਂ ਅੰਦਰ ਰਜਿਸਟਰੇਸ਼ਨ ਕਰਾਉਣਾ ਜ਼ਰੂਰੀ ਹੈ। ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਜੇ ਪਰਵਾਸੀ ਭਾਰਤੀ ਵੱਲੋਂ ਸੱਤ ਦਿਨਾਂ ਵਿਚ ਵਿਆਹ ਦਰਜ ਨਹੀਂ ਕਰਾਇਆ ਜਾਂਦਾ ਤਾਂ ਉਨ੍ਹਾਂ ਦਾ ਪਾਸਪੋਰਟ ਤੇ ਵੀਜ਼ਾ ਜਾਰੀ ਨਹੀਂ ਹੋਵੇਗਾ।