ਦਰਦਮੰਦੀ ਤੋਂ ਇਨਕਲਾਬ ਦੀ ਯਾਤਰਾ: ਮੋਟਰਸਾਈਕਲ ਡਾਇਰੀਜ਼

ਕੋਹੜ ਦੇ ਰੋਗੀਆਂ ਦਾ ਇਲਾਜ ਕਰਨ ਤੁਰਿਆ ਅਰਜਨਟੀਨੀ ਡਾਕਟਰ ਮਨੁੱਖ ਨੂੰ ਚਿੰਬੜੇ ਵੱਡੇ ਕੋਹੜ ਦੀ ਜੜ੍ਹ ਵੱਢਣ ਤੁਰ ਪਿਆ ਜਿਸ ਨੂੰ ਪੰਜਾਬੀ ਇਨਕਲਾਬੀ ਭਗਤ ਸਿੰਘ ਨੇ ‘ਮਨੁੱਖ ਹੱਥੋਂ ਮਨੁੱਖ ਦੀ ਲੁੱਟ’ ਐਲਾਨਿਆ ਸੀ। ਡਾਕਟਰ ਅਰਨੈਸਟੋ ਗੁਵੇਰਾ ਨੂੰ ਮਨੁੱਖਤਾ ‘ਚੀ ਗੁਵੇਰਾ’ ਦੇ ਨਾਮ ਨਾਲ ਵਧੇਰੇ ਜਾਣਦੀ ਹੈ। ਚੀ ਨੇ ਚੌਵੀ ਸਾਲ ਦੀ ਉਮਰ ‘ਚ ਆਪਣੇ ਮਿੱਤਰ ਪਿਆਰੇ ਐਲਬਰਟੋ ਨਾਲ ਲਾਤੀਨੀ ਅਮਰੀਕੀ ਦੀ ਦਸ ਹਜ਼ਾਰ ਦੋ ਸੌ ਚਾਲੀ ਕਿਲੋਮੀਟਰ ਲੰਬੀ ਯਾਤਰਾ ਕੀਤੀ। ਫਿਲਮ ‘ਮੋਟਰਸਾਈਕਲ ਡਾਇਰੀਜ਼’ ਇਸੇ ਯਾਤਰਾ ਨੂੰ ਪਰਦਾਪੇਸ਼ ਕਰਦੀ ਹੈ। ਇਸ ਯਾਤਰਾ ਦੌਰਾਨ ਹੰਢਾਏ ਤਜਰਬੇ ਬਾਰੇ ਚੀ ਦਾ ਕਹਿਣਾ ਹੈ: “ਮੈਂ ਜਿੰਨੀ ਬੇਇਨਸਾਫੀ ਅਤੇ ਦੁੱਖ ਮਹਿਸੂਸ ਕੀਤਾ, ਉਸ ਤੋਂ ਬਾਅਦ ਮੈਂ ਉਹ ਨਹੀਂ ਰਿਹਾ ਜੋ ਮੈਂ ਸੀ।”

ਆਪਣੇ ਸ਼ਹਿਰ ਬਿਊਨਸ ਏਅਰਜ਼ ਤੋਂ ਬਾਹਰ ਨਿਕਲ ਕੇ ਮਾਂ ਨੂੰ ਭੇਜੇ ਖ਼ਤ ‘ਚ ਲਿਖਦਾ ਹੈ: “ਅਸੀਂ ਬਿਊਨਸ ਏਅਰਜ਼ ਪਿੱਛੇ ਛੱਡ ਆਏ ਹਾਂ। ਪਿੱਛੇ ਛੱਡ ਆਏ ਹਾਂ ਬਦਨਸੀਬ ਜ਼ਿੰਦਗੀ, ਨੀਰਸ ਭਾਸ਼ਣ, ਲੇਖ ਅਤੇ ਸਿਹਤ ਪੇਪਰ। ਹੁਣ ਸਾਰਾ ਲਾਤੀਨੀ ਅਮਰੀਕਾ ਸਾਡੇ ਅੱਗੇ ਹੈ। ਮੈਨੂੰ ਖ਼ੁਸ਼ੀ ਹੈ ਕਿ ਅਸੀਂ ਸਭਿਅਤਾ ਪਿੱਛੇ ਛੱਡ ਆਏ ਹਾਂ ਤੇ ਹੁਣ ਅਸੀਂ ਜ਼ਮੀਨ ਦੇ ਕੁਝ ਨੇੜੇ ਹਾਂ।” ਉਸ ਤੋਂ ਬਾਅਦ ਉਹ ਜ਼ਮੀਨ ਦੇ ਨੇੜੇ ਹੁੰਦਾ ਗਿਆ। ਉਹ ਗ਼ਰੀਬ ਸੇਵਾਦਾਰ ਦੀ ਬਿਮਾਰ ਮਾਂ ਨੂੰ ਦੇਖਣ ਗਿਆ ਮਨੁੱਖੀ ਦਰਦ ਦੀ ਥਾਹ ਪਾਉਂਦਾ ਹੈ। ਖ਼ਤ ‘ਚ ਲਿਖਦਾ ਹੈ: “ਉਹ ਗ਼ਰੀਬ ਬੁੜ੍ਹੀ ਔਰਤ ਇਲਾਜ ਖੁਣੋਂ ਮਰ ਰਹੀ ਹੈ। ਮੈਂ ਉਹਦੇ ਕਿਸੇ ਕੰਮ ਨਹੀਂ ਆ ਸਕਦਾ। ਉਸ ਨੇ ਮਹੀਨਿਆਂ ਬਾਅਦ ਡਾਕਟਰ ਦੇਖਿਆ ਹੈ ਪਰ ਉਹ ਸ਼ਾਨ ਨਾਲ ਜਿਊਣ ਦਾ ਉਪਰਾਲਾ ਕਰ ਰਹੀ ਹੈ। ਉਸ ਦੀਆਂ ਨਜ਼ਰਾਂ ‘ਚ ਮੁਆਫੀ ਤੇ ਸਬਰ-ਸੰਤੋਖ ਵਰਗਾ ਕੁਝ ਤੈਰਦਾ ਨਜ਼ਰ ਆਉਂਦਾ ਹੈ ਜੋ ਹੁਣ ਖ਼ਤਮ ਹੋ ਰਿਹਾ ਹੈ। ਉਸ ਦਾ ਸਰੀਰ ਸਾਡੇ ਆਲੇ-ਦੁਆਲੇ ਫੈਲੇ ਮਹਾਨ ਭੇਤ ‘ਚ ਗ਼ਾਇਬ ਹੋ ਜਾਵੇਗਾ।” ਮਨੁੱਖ ਦੀ ਸ਼ਾਨ ਨਾਲ ਜਿਊਣ ਦੀ ਰੀਝ ਨੂੰ ਚੈਨ ਨਾਲ ਮਰਨ ਦੀ ਮਜਬੂਰੀ ਤੱਕ ਪੁਚਾ ਦਿੱਤਾ ਗਿਆ। ਇਲਾਜ ਖੁਣੋਂ ਮਰਦੀ ਬਜ਼ੁਰਗ ਬੀਬੀ ਉਨ੍ਹਾਂ ਪੰਛੀਆਂ ਦਾ ਬਿੰਬ ਦਿਸਦੀ ਹੈ ਜੋ ਸ਼ਾਇਰ ਪਾਸ਼ ਮੁਤਾਬਕ ਚੈਨ ਨਾਲ ਮਰਨਾ ਸਿੱਖ ਰਹੇ ਹਨ।
ਚਿੱਲੀ ਦੇ ਵੀਰਾਨ ਮਾਰੂਥਲ ‘ਚ ਉਸ ਨੂੰ ਕਿਸਾਨ ਜੋੜਾ ਮਿਲਦਾ ਹੈ ਜਿਨ੍ਹਾਂ ਨੂੰ ਡਾਢਿਆਂ ਨੇ ਜ਼ਮੀਨ ਤੋਂ ਉਜਾੜ ਕੇ ਫਾਕੇ ਕੱਟਣ ਲਈ ਮਜਬੂਰ ਕਰ ਦਿੱਤਾ ਹੈ। ਕਿਸਾਨ ਔਰਤ ਦੇ ਸ਼ਬਦਾਂ ‘ਚ, “ਇਸੇ ਨੂੰ ਉਹ ‘ਤਰੱਕੀ’ ਕਹਿੰਦੇ ਹਨ।” ਕਿਸਾਨ ਜੋੜਾ ਕੰਮ ਲਈ ਦਰ ਦਰ ਭਟਕ ਰਿਹਾ ਹੈ। ਉਨ੍ਹਾਂ ਉਤੇ ਕਿਸਾਨ ਅਤੇ ਕਮਿਊਨਿਸਟ ਹੋਣ ਦਾ ਦੋਸ਼ ਹੈ। ਆਪਣੇ ਪੁੱਤ ਨੂੰ ਪਰਿਵਾਰ ਕੋਲ ਛੱਡ ਆਏ ਹਨ। ਪੁਲਿਸ ਤੇ ਭੁੱਖ ਦੋਵਾਂ ਦਾ ਡਰ ਹੈ। ਉਨ੍ਹਾਂ ਦੇ ਮਿੱਤਰਾਂ ਨੂੰ ਮੱਛੀਆਂ ਦੀ ਖ਼ੁਰਾਕ ਬਣਾ ਕੇ ਸਮੁੰਦਰ ਹੇਠ ਸੁਆ ਦਿੱਤਾ ਗਿਆ ਹੈ। ਡਾਢੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਤੁਸੀਂ ਕਿਸ ਪਾਰਟੀ ਨਾਲ ਸਬੰਧਤ ਹੋ? ਇਹੀ ਰੁਝਾਨ ਭਾਰਤ ‘ਚ ਪਿਛਲੇ ਢਾਈ ਦਹਾਕਿਆਂ ਤੋਂ ਹੋਰ ਤੇਜ਼ੀ ਨਾਲ ਸਾਹਮਣੇ ਆਇਆ ਹੈ। ਬਹੁਕੌਮੀ ਕੰਪਨੀਆਂ ‘ਤਰੱਕੀ’ ਦੇ ਨਾਮ ‘ਤੇ ਕਿਸਾਨਾਂ ਦੀ ਜ਼ਮੀਨ ਅਤੇ ਕੁਦਰਤੀ ਖਣਿਜਾਂ ਨੂੰ ਹੜੱਪਣ ‘ਚ ਲੱਗੀਆਂ ਹੋਈਆਂ ਹਨ। ਆਵਾਮ ਦੇ ਹਰ ਹੱਕੀ ਅੰਦੋਲਨ ਨੂੰ ਅਤਿਵਾਦੀ, ਨਕਸਲਵਾਦੀ ਤੇ ਮਾਓਵਾਦੀ ਕਰਾਰ ਦੇ ਕੇ ਕੁਚਲਿਆ ਜਾ ਰਿਹਾ ਹੈ। ਜੋ ਕੁਝ ਲਾਤੀਨੀ ਅਮਰੀਕਾ ਨੇ ਪਿਛਲੀ ਸਦੀ ‘ਚ ਹੰਢਾਇਆ ਹੈ, ਭਾਰਤ ਨੇ ਉਸ ਦੀ ਅਜੇ ਝਲਕ ਹੀ ਦੇਖੀ ਹੈ। ਇਸ ਝਲਕ ਨੂੰ ਭਾਰਤ ਦਾ ‘ਇਮਾਨਦਾਰ ਪ੍ਰਧਾਨ ਮੰਤਰੀ’ ਵਡਿਆਉਂਦਾ ਨਹੀਂ ਸੀ ਥੱਕਦਾ ਹੁੰਦਾ। ਅਸੀਂ ‘ਤਰੱਕੀ’ ਦੇ ਭੰਬੂਤਾਰੇ ਅਜੇ ਦੇਖਣੇ ਹਨ, ਅਵਾਮ ਦਾ ਦਿਮਾਗ ਭਾਵੇਂ ਹੁਣੇ ਹੀ ਚੱਕਰ ਖਾਣੇ ਸ਼ੁਰੂ ਕਰ ਚੁੱਕਿਆ ਹੈ। ਕਿਸਾਨ ਜੋੜੇ ਦੇ ਪੁੱਛਣ ‘ਤੇ ਚੀ ਦੱਸਦਾ ਹੈ ਕਿ ਉਨ੍ਹਾਂ ਦੀ ਯਾਤਰਾ ਸਿਰਫ ਯਾਤਰਾ ਲਈ ਸੀ। ਜੋੜਾ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਯਾਤਰਾ ਰੋਟੀ ਲੱਭਣ ਦੀ ਹੈ। ਚੀ ਯਾਤਰਾ ਦੇ ਨਵੇਂ ਅਰਥ ਸਮਝਣੇ ਸ਼ੁਰੂ ਕਰਦਾ ਹੈ। ਉਹ ਲਿਖਦਾ ਹੈ: ਕਿਸਾਨ ਜੋੜੇ ਦੇ ਚਿਹਰੇ ਮੁਰਝਾਏ ਹੋਏ ਤੇ ਡਰਾਉਣੇ ਸਨ।
ਉਹ ਰਾਤ ਮੇਰੀ ਜ਼ਿੰਦਗੀ ਦੀਆਂ ਸਭ ਤੋਂ ਠੰਢੀਆਂ ਰਾਤਾਂ ‘ਚੋਂ ਸੀ। ਸਾਂਝੀ ਮਨੁੱਖੀ ਨਸਲ ਦਾ ਅਹਿਸਾਸ ਮੈਨੂੰ ਉਨ੍ਹਾਂ ਅਜਨਬੀਆਂ ਦੇ ਨੇੜੇ ਲੈ ਆਇਆ।” ਦੂਜੇ ਦਿਨ ਚੀ ਹੋਰੀਂ ਕਿਸਾਨ ਜੋੜੇ ਨਾਲ ਖਾਣਾਂ ‘ਤੇ ਕੰਮ ਲੱਭਣ ਜਾ ਪਹੁੰਚਦੇ ਹਨ। ਲੇਬਰ ਚੌਕ ‘ਚ ਖੜ੍ਹੇ ਮਜ਼ਦੂਰਾਂ ਦੀ ਬੋਲੀ ਲੱਗਦੀ ਹੈ। ਕਿਸਾਨ ਔਰਤ ਨੂੰ ਕੰਮ ਨਾ ਮਿਲ ਸਕਿਆ। ਮਜ਼ਦੂਰ ਪਾਣੀ ਤੋਂ ਵੀ ਪਿਆਸੇ ਹਨ। ਉਨ੍ਹਾਂ ਨੂੰ ਐਨਾਕੌਂਡਾ ਖਾਣ ਕੰਪਨੀ ਦੇ ਟਰੱਕਾਂ ‘ਚ ਤੂੜਿਆ ਗਿਆ। ਚੀ ਖਾਣ ਦੇ ਅਫਸਰ ਤੋਂ ਪਿਆਸੇ ਕਾਮਿਆਂ ਲਈ ਪਾਣੀ ਦੀ ਮੰਗ ਕਰਦਾ ਹੈ। ਖਾਣ ਮਾਲਕਾਂ ਨੂੰ ਕਾਮਿਆਂ ਦੀ ਪਿਆਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੂੰ ਤਾਂ ਸਸਤੇ ਭਾਅ ‘ਤੇ ਕੰਮ ਕਰਨ ਵਾਲੇ ਹੱਥਾਂ ਦੀ ਲੋੜ ਹੈ। ਅਫਸਰ ਚੀ ਹੋਰਾਂ ਨੂੰ ਉਥੋਂ ਦਫਾ ਹੋ ਜਾਣ ਲਈ ਕਹਿ ਕੇ ਟਰੱਕ ‘ਚ ਚੜ੍ਹ ਜਾਂਦਾ ਹੈ। ਮੂਹਰਲੀ ਸੀਟ ‘ਤੇ ਬੈਠੇ ਜਾਂਦੇ ਅਫਸਰ ਨੂੰ ਵੱਟਾ ਮਾਰ ਕੇ ਚੀ ਗੁੱਸਾ ਠੰਢਾ ਕਰਦਾ ਹੈ। ਖਾਣ ਕੰਪਨੀ ਦਾ ਨਾਮ ਐਨਾਕੌਂਡਾ ਤੋਂ ਰੱਖਿਆ ਗਿਆ ਸੀ ਜੋ ਦੁਨੀਆਂ ਦਾ ਸਭ ਤੋਂ ਵੱਡਾ ਅਜਗਰ ਹੈ। ਉਹ ਵੱਡੇ ਵੱਡੇ ਜਾਨਵਰ ਸਾਬਤ ਨਿਗਲ ਜਾਂਦਾ ਹੈ। ਬਹੁਕੌਮੀ ਕੰਪਨੀਆਂ ਦਾ ਖ਼ਾਸਾ ਅਜਗਰ ਨਾਲ ਮੇਲ ਖਾਂਦਾ ਹੈ। ਪ੍ਰੇਮਿਕਾ ਦੇ ਦਿੱਤੇ ਪੈਸੇ ਨੂੰ ਚੀ ਦਮੇ ਦੇ ਹੱਲੇ ਵੇਲੇ ਇਲਾਜ ਲਈ ਵੀ ਨਹੀਂ ਵਰਤਦਾ। ਦੋਸਤ ਨਾਲ ਉਨ੍ਹਾਂ ਪੈਸਿਆਂ ਪਿੱਛੇ ਝਗੜਦਾ ਰਹਿੰਦਾ ਹੈ ਪਰ ਉਹ ਸਾਰੇ ਪੈਸੇ ਕਿਸਾਨ ਜੋੜੇ ਨੂੰ ਦੇ ਜਾਂਦਾ ਹੈ।
ਚੀ ਤੇ ਐਲਬਰਟੋ ਦੀ ਯਾਤਰਾ ਜਾਰੀ ਰਹਿੰਦੀ ਹੈ। ਐਂਡੀਜ਼ ਪਰਬਤ ਵੱਲ ਵਧਦੇ ਹੋਏ ਮੂਲਵਾਸੀ ਕਿਸਾਨ ਜ਼ਿਆਦਾ ਗਿਣਤੀ ‘ਚ ਦਿਸਣੇ ਸ਼ੁਰੂ ਹੋ ਜਾਂਦੇ ਹਨ ਜਿਨ੍ਹਾਂ ਨੂੰ ਜ਼ਮੀਨ ਤੋਂ ਉਜਾੜਿਆ ਜਾ ਰਿਹਾ ਹੈ। ਪੇਰੂ ਪਹੁੰਚਣ ‘ਤੇ ਸਪੇਨੀ ਬਸਤਾਨਾਂ (ਬਸਤੀਵਾਦੀਆਂ) ਦੇ ਖ਼ੂਨੀ ਕਾਰੇ ਪਤਾ ਲੱਗਣੇ ਸ਼ੁਰੂ ਹੁੰਦੇ ਹਨ ਜਿਨ੍ਹਾਂ ਨੇ ਵਪਾਰਕ ਕਾਰਨਾਂ ਕਰ ਕੇ ਮੂਲਵਾਸੀਆਂ ਦੀ ਰਵਾਇਤੀ ਰਾਜਧਾਨੀ ਕੂਜ਼ਕੋ ਨੂੰ ਛੱਡ ਕੇ ਲੀਮਾ ਨੂੰ ਪੇਰੂ ਦੀ ਰਾਜਧਾਨੀ ਬਣਾਇਆ ਸੀ। ਧਰਮ ਦੇ ਨਾਂ ‘ਤੇ ਚਲਦਾ ਵਪਾਰ ਅਜੇ ਤੱਕ ਜਾਰੀ ਹੈ। ਮੁਕਾਮੀ ਇੰਕਾ ਲੋਕ ਤਾਰਾ ਵਿਗਿਆਨ, ਦਿਮਾਗੀ ਸਰਜਰੀ, ਗਣਿਤ ਅਤੇ ਹੋਰ ਚੀਜ਼ਾਂ ਦਾ ਭਰਪੂਰ ਗਿਆਨ ਰੱਖਦੇ ਸਨ ਪਰ ਸਪੇਨੀਆਂ ਕੋਲ ਬਾਰੂਦ ਸੀ। ਸਪੇਨੀ ਬਸਤਾਨਾਂ ਨਾਲ ਆਏ ਚੇਚਕ ਰੋਗ ਨੇ ਮਾਚਾ-ਪਿਚੂ ਵਰਗਾ ਘੁੱਗ ਵਸਦਾ ਸ਼ਹਿਰ ਸ਼ਮਸ਼ਾਨਘਾਟ ਬਣਾ ਦਿੱਤਾ ਸੀ। ਚੇਚਕ ਨਾਲ ਲੜਨ ਦੀ ਕੁਦਰਤੀ ਅੰਦਰੂਨੀ ਸ਼ਕਤੀ ਮੁਕਾਮੀ ਇੰਕਾ ਲੋਕਾਂ ਵਿਚ ਨਹੀਂ ਸੀ। ਕਤਲੇਆਮ ਤੇ ਤਬਾਹੀ ਦੇ ਮੰਜ਼ਰ ਅੱਜ ਵੀ ਮਾਚਾ-ਪਿਚੂ ਦੇ ਖੰਡਰਾਂ ਦੇ ਰੂਪ ‘ਚ ਦੇਖੇ ਜਾ ਸਕਦੇ ਹਨ। ਬਸਤਾਨਾਂ ਦੇ ਰੂਪ ਬਦਲੇ ਹਨ ਪਰ ਮੂਲਵਾਸੀਆਂ ਦੀ ਲੁੱਟ ਬੇਰੋਕ ਜਾਰੀ ਹੈ। ਪੇਰੂ ਦੀ ਘਰੇਲੂ ਸਨਅਤ ਨੂੰ ਤਬਾਹ ਕਰ ਦਿੱਤਾ ਗਿਆ। ਅਣਗਿਣਤ ਕਾਮੇ ਵਿਹਲੇ ਹੋ ਗਏ। ਮੁਕਾਮੀ ਔਰਤ ਮੁਤਾਬਕ ਬਸਤਾਨਾਂ ਦੀ ਲੁੱਟ ਲਗਾਤਾਰ ਲੋਕਾਂ ‘ਤੇ ਅਸਰ-ਅੰਦਾਜ਼ ਹੋ ਰਹੀ ਹੈ। ਅਮੀਰ ਜਗੀਰਦਾਰ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਕਿਸਾਨਾਂ ਨੂੰ ਜ਼ਮੀਨ ਤੋਂ ਉਜਾੜ ਰਹੇ ਹਨ। ਕਿਸਾਨ ਜਥੇਬੰਦ ਹੋ ਕੇ ਉਜਾੜੇ ਦੇ ਖ਼ਿਲਾਫ ਲੜ ਰਹੇ ਹਨ। ਮਾਚਾ-ਪਿਚੂ ਦੇ ਖੰਡਰਾਂ ‘ਚ ਬੈਠੇ ਚੀ ਤੇ ਐਲਬਰਟੋ ਕਾਗਜ਼ਾਂ ‘ਤੇ ਕੁਝ ਝਰੀਟੀ ਜਾ ਰਹੇ ਹਨ। ਐਲਬਰਟੋ ਮੁਤਾਬਕ ਉਹ ਮੂਲਵਾਸੀ ਔਰਤ ਨਾਲ ਵਿਆਹ ਕਰਵਾਏਗਾ ਤੇ ਮੁਕਾਮੀ ਲੋਕਾਂ ਨੂੰ ਜਥੇਬੰਦ ਕਰ ਕੇ ਵੋਟਾਂ ਦੇ ਢਾਂਚੇ ਰਾਹੀਂ ਇਨਕਲਾਬ ਕਰੇਗਾ। ਚੀ ਦਾ ਸਪਸ਼ਟ ਜਵਾਬ ਹੈ, “ਹਥਿਆਰਾਂ ਤੋਂ ਬਿਨਾਂ ਕਦੇ ਇਨਕਲਾਬ ਨਹੀਂ ਹੋ ਸਕਦਾ।” ਉਸ ਦੇ ਸਾਹਮਣੇ ਵੱਡਾ ਸਵਾਲ ਹੈ ਕਿ ਇੰਨੀ ਗਿਆਨਵਾਨ ਸਭਿਅਤਾ ਨੂੰ ਤਬਾਹ ਕਰ ਕੇ ‘ਤਰੱਕੀ’ ਦੇ ਡੰਨ ਕਿਵੇਂ ਉਸਾਰੇ ਜਾ ਸਕਦੇ ਹਨ? ਦ੍ਰਿਸ਼ ਮਾਚਾ-ਪਿਚੂ ਦੇ ਖੰਡਰਾਂ ਤੋਂ ਰਾਜਧਾਨੀ ਲੀਮਾ ਦੇ ਕੰਕਰੀਟ ਰੂਪੀ ਜੰਗਲ ‘ਚ ਤਬਦੀਲ ਹੋ ਜਾਂਦਾ ਹੈ। ਲੀਮਾ ‘ਚ ਚੀ ਨੂੰ ਮੂਲਵਾਸੀਆਂ ਦੀ ਅਸੀਮ ਇਨਕਲਾਬੀ ਸਮਰੱਥਾ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਦੀ ਅਸਲੀ ਸਮੱਸਿਆ ‘ਜ਼ਮੀਨ’ ਦੀ ਹੈ।
ਫਿਲਮ ਦਾ ਆਖਰੀ ਹਿੱਸਾ ਕੋਹੜ ਦੇ ਰੋਗੀਆਂ ਨਾਲ ਬਿਤਾਏ ਤਜਰਬਿਆਂ ਬਾਰੇ ਹੈ। ਐਮਾਜ਼ੌਨ ਦਰਿਆ ਦੇ ਦੱਖਣੀ ਕੰਢੇ ‘ਤੇ ਕੋਹੜ ਦੇ ਰੋਗੀਆਂ ਨੂੰ ਰੱਖਿਆ ਜਾਂਦਾ ਹੈ। ਉਤਰੀ ਕੰਢੇ ‘ਤੇ ਹਸਪਤਾਲ ਦਾ ਅਮਲਾ ਤੇ ਇਸਾਈ ਸਾਧਵੀਆਂ ਰਹਿੰਦੀਆਂ ਹਨ ਜੋ ਪੂਰਾ ਪ੍ਰਬੰਧ ਦੇਖਦੀਆਂ ਹਨ। ਦੋਵਾਂ ਵਿਚਕਾਰ ਸ਼ੂਕਦਾ ਦਰਿਆ ਹੈ। ਚਰਚ ਵਿਚ ਅਰਦਾਸ ਨਾ ਕਰਨ ਵਾਲੇ ਨੂੰ ਲੰਗਰ ਨਹੀਂ ਦਿੱਤਾ ਜਾਂਦਾ। ਚੀ ਰੋਗੀਆਂ ਨਾਲ ਹੁੰਦੇ ਵਿਤਕਰੇ ਦੇ ਖ਼ਿਲਾਫ ਪੈਂਤੜਾ ਮੱਲਦਾ ਹੈ। ਉਹ ਦਰਦਮੰਦੀ ਨਾਲ ਲਬਰੇਜ਼ ਮਨੁੱਖ ਦੇ ਰੂਪ ‘ਚ ਸਾਡੇ ਸਾਹਮਣੇ ਆਉਂਦਾ ਹੈ। ਇਲਾਜ ਨਾ ਕਰਾਉਣ ਲਈ ਬਜ਼ਿਦ ਬੀਬੀ ‘ਸਿਲਵੀਆ’ ਨੂੰ ਮਨਾਉਣ ਲਈ ਕਹੇ ਸ਼ਬਦ ਚੀ ਦੇ ਆਖ਼ਰੀ ਸਾਹ ਤੱਕ ਨਿਭਦੇ ਨਜ਼ਰ ਆਉਂਦੇ ਹਨ। ਉਹ ਕਹਿੰਦਾ ਹੈ, “ਜ਼ਿੰਦਗੀ ਬਚਾਉਣ ਲਈ ਆਖ਼ਰੀ ਦਮ ਤੱਕ ਲੜਨਾ ਚਾਹੀਦਾ ਹੈ … ਮੌਤ ਨੂੰ ਕਹੋ ਨਰਕ ‘ਚ ਜਾਵੇ।” ਮਨੁੱਖੀ ਜ਼ਿੰਦਗੀ ਦੀ ਕਦਰ ਸਮਝਾਉਣ ਤੇ ਉਸ ਦੀ ਰੱਖਿਆ ਲਈ ਤੁਰੇ ਚੀ ਦਾ ਗੁਆਟੇਮਾਲਾ, ਕਿਊਬਾ, ਵੈਂਜ਼ੂਏਲਾ, ਕਾਂਗੋ ਅਤੇ ਬੋਲੀਵੀਆ ਵਿਚ ਲੜਿਆ ਸੰਗਰਾਮ ਉਸ ਦੇ ਬੋਲਾਂ ਨਾਲ ਇਕਮਿਕ ਹੁੰਦਾ ਨਜ਼ਰ ਆਉਂਦਾ ਹੈ। ਰੋਗੀਆਂ ਅਤੇ ਅਮਲੇ ਵਿਚਕਾਰਲਾ ਸ਼ੂਕਦਾ ਦਰਿਆ ਬਿਮਾਰ ਬੰਦੇ ਨੂੰ ਸਿਹਤਮੰਦ ਬੰਦੇ ਤੋਂ ਵੱਖ ਕਰਦਾ ਹੈ। ਆਪਣੇ ਜਨਮ ਦਿਨ ਵਾਲੀ ਰਾਤ ਉਹ ਭਰੀ-ਭਰਾਈ ਪਾਰਟੀ ਛੱਡ ਕੇ ਰੋਗੀਆਂ ਨਾਲ ਜਨਮ ਦਿਨ ਦੀ ਖ਼ੁਸ਼ੀ ਸਾਂਝੀ ਕਰਨ ਤੁਰ ਪੈਂਦਾ ਹੈ।
ਦਮੇ ਦਾ ਮਰੀਜ਼ ਠੰਢੇ ਸੀਤ ਦਰਿਆ ਨੂੰ ਪਾਰ ਕਰਦਾ ਹੋਇਆ ਕੰਨੀਆਂ ‘ਤੇ ਧੱਕੇ ਮਜ਼ਲੂਮਾਂ ਦੀ ਧਿਰ ਬਣਨ ਲਈ ਮੌਤ ਨੂੰ ਮਖੌਲ ਕਰ ਰਿਹਾ ਹੈ।
ਗ਼ਾਲਬਾਂ ਅਤੇ ਦਬਾਏ ਜਾਂਦੇ ਲੋਕਾਂ ਵਿਚਲੀ ਵਿਥ ਮੇਟਣ ਲਈ ਉਹ ਸਾਰੀ ਉਮਰ ਅੱਗ ਦਾ ਦਰਿਆ ਪਾਰ ਕਰਦਾ ਰਿਹਾ। ਡਾਕਟਰ ਹੋਣ ਕਰ ਕੇ ਚੀ ਮਨੁੱਖੀ ਜ਼ਿੰਦਗੀ ਦੀ ਕੀਮਤ ਹੋਰ ਨੇੜਿਓਂ ਜਾਣਦਾ ਸੀ ਜਿਸ ਨੂੰ ਬਚਾਉਣ ਲਈ ਅਤੇ ਮਨੁੱਖਤਾ ਨੂੰ ਚਿੰਬੜੇ ਕੋਹੜ ਦਾ ਫਸਤਾ ਵੱਢਣ ਲਈ ਉਹ ਦਵਾਈਆਂ ਤੋਂ ਲੈ ਕੇ ਇਨਕਲਾਬ ਦੀ ਜੰਗ ‘ਚ ਹਥਿਆਰ ਤੱਕ ਵਰਤਣ ਦੇ ਰਾਹ ਤੁਰਿਆ।
-ਜਤਿੰਦਰ ਮੌਹਰ