ਕਾਲਾ: ਜੜ੍ਹਾਂ ਦੀ ਕਹਾਣੀ

‘ਕਾਲਾ’ ਸਿਆਸਤ ਦੀਆਂ ਚੁਸਤ ਚਲਾਕੀਆਂ ਨੂੰ ਸਮਝਦੀ ਹੋਈ ਬੰਦੇ ਦੇ ਬੁਨਿਆਦੀ ਨੁਕਤੇ ਦਾ ਸੰਵਾਦ ਹੈ। ਵਿਕਾਸ ਦੇ ਨਾਮ ‘ਤੇ ਖੁੱਸੀਆਂ ਜ਼ਮੀਨਾਂ ਦੀ ਬੇਵਸੀ ਜੋ ਦਿਬਾਕਰ ਬੈਨਰਜੀ ਦੀ ‘ਸ਼ੰਘਾਈ’ ਅਤੇ ਸਿਧਾਰਥ ਸ੍ਰੀਨਿਵਾਸਨ ਦੀ ‘ਪੈਰੋਂ ਤਲੇ’ (ਸੋਲ ਆਫ ਸੈਂਡ) ‘ਚ ਹੈ, ਇਹ ਉਸ ਫਿਤਰਤ ਨੂੰ ਸਮਝਦੀ ਹੋਈ ਗੱਲ ਨੂੰ ਅੱਗੇ ਤੋਰਦੀ ਹੈ। ਇਹ ਫਿਲਮ ਰੂਪਕਾਂ ਨੂੰ ਤੋੜਦੀ ਹੈ, ਸਮਝਾਉਂਦੀ ਹੈ।

ਜੇ ਤੁਸੀਂ ਸਰਕਾਰ ਦੀ ਹਾਂ ਵਿਚ ਹਾਂ ਦੇ ਪੈਰੋਕਾਰ ਨਹੀਂ ਹੋ ਤਾਂ ਤੁਸੀ ਦੇਸ਼ ਧ੍ਰੋਹੀ ਹੋ। ਇਹ ਫਰਕ ਨਹੀਂ ਪੈਂਦਾ ਕਿ ਸਰਕਾਰ ਪਿਛਲੀ ਸੀ, ਮੌਜੂਦਾ ਸੀ ਜਾਂ ਆਉਣ ਵਾਲੀ ਕੋਈ ਅਗਲੀ ਸਰਕਾਰ ਹੈ। ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਦੀ ਆਤਮਾ ਨੀਲਾਮ ਹੈ ਅਤੇ ਜਾਰਜ ਔਰਵਲ ਦੇ ‘ਐਨੀਮਲ ਫਾਰਮ’ ਵਾਂਗ ‘ਸਭ ਬਰਾਬਰ ਹਨ ਪਰ ਕੁਝ ਬਰਾਬਰ ਤੋਂ ਵਿਸ਼ੇਸ਼ ਅਧਿਕਾਰ ‘ਚ ਉਪਰ’ ਹੋ ਗਏ ਹਨ। ਇਹ ਖੇਡ ਕਦੋਂ ਖੇਡੀ ਗਈ, ਨਾਦਾਨ ਦਿਲਾਂ ਨੂੰ ਜਦੋਂ ਸਮਝ ਆਈ ਤਾਂ ਕਾਫਲੇ ਕਦੋਂ ਦੇ ਛੁੱਟ ਗਏ ਸਨ।
ਦਿਬਾਕਰ ਬੈਨਰਜੀ ਦੀ ਫਿਲਮ ‘ਸ਼ੰਘਾਈ’ ਵਿਚ ਦਿਬਾਕਰ ਵਾਰ-ਵਾਰ ਫਲੈਟ ਦੇ ਬਾਹਰ ਖੜ੍ਹੋਤਾ ਚੌਕੀਦਾਰ, ਤੈਰਾਕੀ ਲਈ ਬਣੇ ਪੂਲ ਦੀ ਸਫਾਈ ਕਰਦਾ ਬੰਦਾ ਦਿਖਾਉਂਦਾ ਹੈ। ਇਹ ਕਹਾਣੀ ਦਾ ਹਿੱਸਾ ਨਹੀਂ ਹਨ, ਫਿਰ ਵੀ ਉਹ ਦਿਖਾਉਂਦਾ ਹੈ। ਜਿਥੋਂ ਖੜ੍ਹ ਕੇ ਉਹ ਦਿਖਾ ਰਿਹਾ ਹੈ, ਉਥੋਂ ਉਹ ਇਸ ਲਈ ਦਿਖਾ ਰਿਹਾ ਹੈ ਕਿਉਂਕਿ ਉਹ ਬੰਦੇ ਹੀ ਫਲੈਟਾਂ ਥੱਲੇ ਦੀ ਜ਼ਮੀਨਾਂ ਦੇ ਮਾਲਕ ਸਨ। ਉਹੀ ਮਾਲਕ ਆਪਣੀਆਂ ਜ਼ਮੀਨਾਂ ਵੇਚ ਕੇ ਉਨ੍ਹਾਂ ‘ਤੇ ਬਣੇ ਫਲੈਟਾਂ ‘ਚ ਨੌਕਰੀ ਕਰ ਰਹੇ ਹਨ। ਵਿਕਾਸ ਦਾ ਇਹ ਰੂਪ ਲੋਕ ਹਿੱਤ ‘ਚ ਕਿਵੇਂ ਹੋ ਸਕਦਾ ਹੈ? ‘ਪੈਰੋਂ ਤਲੇ’ ਵਿਚ ਵੱਡੇ ਸ਼ਹਿਰਾਂ ਦੇ ਨਾਲ ਲੱਗਦੀਆਂ ਵਿਕੀਆਂ ਜ਼ਮੀਨਾਂ ‘ਚ ਭੂ ਮਾਫੀਆ ਹੈ, ਅਰਬਨ ਸੁਫਨੇ ‘ਚ ਗਰੀਬ ਦੀ ਤਾਰ-ਤਾਰ ਹੁੰਦੀ ਇਜ਼ਤ ਹੈ। ਇਕੋ ਧਰਤੀ, ਇਕੋ ਅੰਬਰ, ਸਾਂਝੇ ਚੰਨ ਤੇ ਤਾਰਿਆਂ ‘ਚ ਵਿਕਾਸ ਨੇ, ਤਾਕਤ ਨੇ ਸੱਤਾ ਅਤੇ ਤਾਕਤ ਹੀ ਖੜ੍ਹੀ ਕੀਤੀ ਹੈ ਅਤੇ ਉਸ ਵਿਚ ‘ਸਭ ਕਾ ਸਾਥ-ਸਭ ਕਾ ਵਿਕਾਸ’ ਕਿਥੇ ਹੈ?
ਸਰਕਾਰ ਲੋਕਾਂ ਵੱਲੋਂ ਬਣਾਈ ਜਾਂਦੀ ਹੈ। ਸਿਆਸਤ ਤਾਂ ਸੇਵਾ ਸੀ ਪਰ ਸਰਕਾਰ ਲਈ ਲੋਕ ਸਿਰਫ ਵੋਟ ਨੰਬਰ ਹਨ ਅਤੇ ਲੋਕਾਂ ਲਈ ਬਣਾਈ ਕੋਈ ਵੀ ਯੋਜਨਾ, ਸੜਕ, ਬੁਨਿਆਦੀ ਸਹੂਲਤਾਂ, ਬਿਜਲੀ, ਪਾਣੀ ਸਰਕਾਰਾਂ ਦਾ ਅਹਿਸਾਨ ਹੈ। ਇਹ ਤਾਂ ਲੋਕਾਂ ਦਾ ਹੱਕ ਹੈ ਅਤੇ ਇਹ ਕੋਈ ਖੈਰਾਤ ਨਹੀਂ ਹੈ ਪਰ ਲੋਕਾਂ ਨੂੰ ਜਤਾਇਆ ਇਹੋ ਜਾਂਦਾ ਹੈ ਕਿ ਇਹ ਜੋ ਤੁਹਾਨੂੰ ਮਿਲ ਰਿਹਾ ਹੈ, ਇਹ ਸਾਡਾ ਰਹਿਮੋ-ਕਰਮ ਹੈ। ਬੰਦੇ ਇਸੇ ਭਾਵਨਾ ‘ਚ ਸਰਕਾਰਾਂ ਦੇ ਭਗਤ ਹੋ ਗਏ ਹਨ। ਸਿਆਸੀ ਵਰਕਰ ਆਪਣੇ ਆਗੂ ਲਈ ਇਕ ਦੂਜੇ ਨੂੰ ਕੱਟਣ-ਵੱਢਣ ਨੂੰ ਤਿਆਰ ਹੋ ਜਾਂਦੇ ਹਨ। ਸਿਆਸਤ ਦਾ ਰੰਗ ਅਜਿਹਾ ਹੈ ਕਿ ਸੱਤਾ ਦੇ ਰੰਗਰੇਜ਼ ਨੇ ਐਸਾ ਰੰਗਿਆ ਹੈ ਕਿ ਅਸੀਂ ਇਕ ਦੂਜੇ ਨੂੰ ਪਛਾਣਦੇ ਵੀ ਉਹਦੀ ਵਿਚਾਰਧਾਰਾ ਅਤੇ ਪਾਰਟੀਆਂ ਤੋਂ ਹੀ ਹਾਂ। ਬੰਦਾ ਹੁਣ ਨਿਰਾ-ਪੁਰਾ ਬੰਦਾ ਨਹੀਂ ਰਿਹਾ। ਬੁਨਿਆਦੀ ਨੁਕਤੇ ਦੀ ਇਹੋ ਬੁਨਿਆਦੀ ਸਮਝ ਗਵਾਚ ਗਈ ਹੈ।
ਫਿਲਮ ‘ਕਾਲਾ ਕਲੀਕਰਨ’ ਧਾਰਾਵੀ ਦੀ ਜ਼ਮੀਨ ‘ਤੇ ਸਿਆਸਤ ਦੀ ਇਸੇ ਚੁਸਤ ਚਲਾਕੀ ਨੂੰ ਸਮਝਦੀ ਹੈ। ਆਦੀਵਾਸੀਆਂ ਦੀ ਬੁਨਿਆਦੀ ਲੜਾਈ ਜਾਂ ਸਾਡੀ ਅੰਗਰੇਜ਼ਾਂ ਨਾਲ ਬੁਨਿਆਦੀ ਲੜਾਈ ਕੀ ਸੀ? ਸਮੁੱਚੇ ਵਿਕਾਸ ਦੇ ਨਾਮ ਥੱਲੇ ਅਸੀਂ ਕਿਵੇਂ ਤੈਅ ਕਰ ਸਕਦੇ ਹਾਂ ਕਿ ਸਹੀ ਕੀ ਹੈ ਅਤੇ ਗਲਤ ਕੀ ਹੈ? ਬੰਦੇ ਦੇ ਬੁਨਿਆਦੀ ਅਧਿਕਾਰਾਂ ‘ਚ ਉਹਦੇ ਜਿਊਣ ਦੇ ਅਧਿਕਾਰ ਤੋਂ ਲੈ ਕੇ ਸਾਫ ਵਾਤਾਵਰਨ, ਰੁਜ਼ਗਾਰ, ਰੋਟੀ, ਕੱਪੜਾ ਮਕਾਨ ਦੀ ਬੁਨਿਆਦੀ ਲੋੜਾਂ, ਸਭਿਆਚਾਰਕ ਅਜ਼ਾਦੀ, ਰੰਗ, ਨਸਲ, ਜਾਤ, ਬੋਲੀ ਦੇ ਨਾਮ ‘ਤੇ ਨਾ ਕੋਈ ਵਿਤਕਰਾ ਤੱਕ ਬਹੁਤ ਖਾਸ ਪਹਿਲੂ ਹਨ। ਪਿਛਲੇ ਦਿਨਾਂ ‘ਚ ਅਦਾਲਤਾਂ ਕਹਿ ਚੁੱਕੀਆਂ ਹਨ ਕਿ ਸਮੁੱਚੇ ਅਧਿਕਾਰਾਂ ਦੀ ਰਾਖੀ ਕਰਨਾ ਸੰਭਵ ਨਹੀਂ। ਇਸ ਮਜਬੂਰੀ ਨੂੰ ਚਣੌਤੀ ਮੰਨ ਕੇ ਸਰਕਾਰਾਂ ਬੰਦੇ ਲਈ ਕੀ ਕਰ ਰਹੀਆਂ ਹਨ? ਗੱਲਾਂ ਇੰਨੀਆਂ ਇਕੱਲੀਆਂ ਇਕਹਿਰੀਆਂ ਨਹੀਂ ਹਨ। ਭਾਜਪਾ ਦਾ ਵਿਰੋਧ ਕਰਨ ਨੂੰ ਕਾਂਗਰਸ ਦਾ ਹਮਾਇਤੀ ਸਮਝ ਲਿਆ ਜਾਂਦਾ ਹੈ। ਫੌਜ ‘ਤੇ ਸਵਾਲ ਕਰਨਾ ਦੇਸ਼ ਧ੍ਰੋਹ, ਗਾਂਧੀ ਦੀ ਹਮਾਇਤ ‘ਤੇ ਦੱਲਾ, ਸੰਘ ਦੀ ਮੁਖਾਲਫਤ ਕਰਨ ‘ਤੇ ਪਾਕਿਸਤਾਨੀ, ਮਸਲਿਆਂ ਨੂੰ ਆਵਾਜ਼ ਦੇਣ ‘ਤੇ ਅਤਿਵਾਦੀ ਤੱਕ ਐਲਾਨ ਦਿੱਤਾ ਜਾਂਦਾ ਹੈ।
ਸਮਾਜ ਅੰਦਰ ਬੁਨਿਆਦੀ ਰੂਪਕ ਘੜੇ ਗਏ ਹਨ। ਪਿਛਲੇ ਦਿਨਾਂ ‘ਚ ਪ੍ਰਿਅੰਕਾ ਚੋਪੜਾ ਦੇ ਨਾਟਕ ‘ਚ ਇਕ ਕਿਰਦਾਰ ਨੂੰ ਹਿੰਦੂ ਅਤਿਵਾਦੀ ਦਿਖਾਉਣ ‘ਤੇ ਇਹੋ ਹੰਗਾਮਾ ਤਾਂ ਹੈ। ਮੁਸਲਮਾਨ ਹਮੇਸ਼ਾ ਅਤਿਵਾਦੀ ਨਜ਼ਰ ਆਉਂਦਾ ਹੈ। ਗੁਆਂਢੀ ਦੇਸ਼ ਹਮੇਸ਼ਾ ਦੁਸ਼ਮਣ ਨਜ਼ਰ ਆਉਂਦਾ ਹੈ। ਸੈਰ ਸਪਾਟੇ ‘ਚ ਕਸ਼ਮੀਰ ਘੁੰਮਣ ਤੋਂ ਭਾਰਤ ਦੇ ਦੂਜੇ ਹਿੱਸੇ ਦਾ ਸਾਧਾਰਨ ਬੰਦਾ ਡਰਦਾ ਹੈ। ਕਸ਼ਮੀਰ ਸਾਰਾ ਦਹਿਸ਼ਤਗਰਦ ਮਹਿਸੂਸ ਹੁੰਦਾ ਹੈ, ਕਿਉਂ? ਕੁਝ ਰੂਪਕ ਘੜੇ ਗਏ ਹਨ ਅਤੇ ਸਾਧਾਰਨ ਬੰਦੇ ਦੇ ਮਨ ‘ਚ ਬਿਠਾਏ ਗਏ ਹਨ।
ਰਜਨੀ ਕਾਂਤ ਦੀ ਫਿਲਮ ‘ਕਾਲਾ ਕਲੀਕਰਨ’ ਰਮਾਇਣ ਦਾ ਵਿਸਥਾਰ ਹੈ। ਸੰਤ ਦੇ ਰੂਪ ‘ਚ ਮਨ ਅੰਦਰ ਸ਼ੈਤਾਨ ਦਾ ਵਾਸਾ ਲਈ ਚਿੱਟ ਕੱਪੜੀਏ ਕਹਿੰਦੇ ਕਹਾਉਂਦੇ ਦੇਸ਼ ਹਿਤ ਆਗੂ ਹੀ ਸ਼ੈਤਾਨ ਦਾ ਰੂਪ ਹਨ। ਸ੍ਰੀ ਰਾਮ ਦੀ ਪੂਜਾ ਕਰਦੇ-ਕਰਦੇ ਬੰਦਿਆਂ ਦੇ ਅੰਦਰ ਹੈਵਾਨੀਅਤ ਹੈ। ਕਾਲੇ ਅਤੇ ਚਿੱਟੇ ਰੰਗ ਦਾ ਮੈਟਾਫਰ ਆਰਿਅਨ ਬਨਾਮ ਦ੍ਰਵਿੜ ‘ਚ ਫੈਲਿਆ ਹੋਇਆ ਹੈ। ਧਾਰਾਵੀ ਦੇ ਵਿਕਾਸ ਤੋਂ ਧਾਰਾਵੀ ਦੇ ਲੋਕ ਆਗੂ ਕਲੀਕਰਨ ਨੂੰ ਪਰੇਸ਼ਾਨੀ ਨਹੀਂ ਹੈ। ਨੁਕਤਾ ਹੈ ਕਿ ਸਾਹਮਣੇ ਵਾਲੇ ਦਾ ਸਵਾਰਥ ਕੀ ਹੈ? ਮੁੰਬਈ ਸ਼ਹਿਰ ‘ਚ ਇਹੋ ਤਾਂ ਹੋਇਆ ਹੈ। ਯੂਨੀਅਨ ਲੀਡਰਾਂ ਨਾਲ ਮਿਲ ਕੇ ਫੈਕਟਰੀਆਂ ‘ਚ ਹੜਤਾਲ ਖੜ੍ਹੀ ਕਰ ਕੇ ਮਿੱਲਾਂ ਨੂੰ ਦਿਵਾਲੀਆ ਐਲਾਨ ਕੇ ਉਨ੍ਹਾਂ ਜ਼ਮੀਨਾਂ ‘ਤੇ ਫਲੈਟ ਖੜ੍ਹੇ ਹੋਏ ਹਨ।
ਧਾਰਾਵੀ ਇਕ ਪ੍ਰਤੀਕ ਹੈ। ਵਿਕਾਸ ਦੇ ਨਾਮ ਥੱਲੇ ਲੋਕ ਕਲਿਆਣ ਨਾ ਹੋ ਕੇ ਲੋਕਾਂ ਨੂੰ ਨਿਚੋੜਨਾ ਅਤੇ ਉਹਦਾ ਫਾਇਦਾ ਕੁਝ ਬੰਦਿਆਂ ਤੱਕ ਪੁਜਦਾ ਕਰਨਾ ਹੀ ਵਿਕਾਸ ਹੈ। ਪੰਜਾਬ ਦੀ ਤ੍ਰਾਸਦੀ ਵੀ ਤਾਂ ਇਹੋ ਹੈ। ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਨੇ ਕੀ ਬਦਲਿਆ? ਨੇੜੇ ਦੇ ਫਾਇਦੇ ‘ਚ ਦੂਰ ਦਾ ਨੁਕਸਾਨ ਨਹੀਂ ਦੇਖਿਆ। ‘ਕਾਲਾ’ ਰਜਨੀਕਾਂਤ ਦੀ ਕਮਾਲ ਦੀ ਫਿਲਮ ਹੈ। ਪੀ.ਏ. ਰਣਜੀਤ ਵੱਲੋਂ ਨਿਰਦੇਸ਼ਤ ਫਿਲਮ ਇਹ ਦਲਿਤ ਵਰਗ ਦੇ ਸੰਘਰਸ਼ ਅਤੇ ਉਸ ਦੀ ਤ੍ਰਾਸਦੀ ਦਾ ਬਿਆਨ ਹੈ। ਬੰਦੇ ਦੇ ਮੂਲ ਦੀ ਗੱਲ ਕਰਦੀ ਇਹ ਫਿਲਮ ਇਹੋ ਤਾਂ ਕਹਿ ਰਹੀ ਹੈ ਕਿ ਨਿਜ ਤੋਂ ਉਪਰ ‘ਅਸੀਂ’ ਦੀ ਭਾਵਨਾ ਨੂੰ ਸਮਝਿਆ ਜਾਵੇ। ਫਿਲਮ ਦਾ ਆਖਰੀ ਦ੍ਰਿਸ਼ ਕਮਾਲ ਦਾ ਹੈ। ਕਾਲਾ ਮਰਿਆ ਨਹੀਂ ਦਿਖਾਇਆ ਗਿਆ। ਕਾਲਾ ਕਲੀਕਰਨ ਤਾਂ ਇਕ ਸੋਚ ਹੈ। ਕਲੀਕਰਨ ਦੇ ਦੋ ਮੁੰਡੇ ਅਤੇ ਨੂੰਹਾਂ ਧਾਰਾਵੀ ਛੱਡਣ ਨੂੰ ਕਹਿੰਦੇ ਹਨ ਕਿਉਂਕਿ ਉਹ ਖੁਦ ਸਫਲ ਹਨ ਅਤੇ ਮੰਨਦੇ ਹਨ ਕਿ ਉਹ ਹੁਣ ਧਾਰਾਵੀ ਦਾ ਹਿੱਸਾ ਕਿਉਂ ਰਹਿਣ? ਕਲੀਕਰਨ ਸਮਝਾਉਂਦਾ ਹੈ ਕਿ ਉਚਾ ਉਠਣ ਨਾਲ ਆਪਣੀ ਮਿੱਟੀ ਨਹੀਂ ਛੱਡ ਦੇਈਦੀ। ਇਹ ਜ਼ਮੀਨ ਸਾਡਾ ਹੱਕ ਹੈ। ਵੱਖਰੀ ਥਾਂ, ਵੱਖਰਾ ਰਹਿਣ-ਸਹਿਣ, ਵੱਖਰੀ ਬੋਲੀ ਬੋਲਣ ਨਾਲ ਹਾਲਾਤ ਨਹੀਂ ਬਦਲ ਜਾਂਦੇ।
-ਹਰਪ੍ਰੀਤ ਸਿੰਘ ਕਾਹਲੋਂ