ਅੱਧੀ ਦੁਨੀਆਂ ਦੀ ਦਰਦ ਭਰੀ ਦਾਸਤਾਨ

ਜਸਵਿੰਦਰ ਸੰਧੂ
ਬਰੈਂਪਟਨ, ਕੈਨੇਡਾ
ਬੇਇੱਜ਼ਤ ਜਾਂ ‘ਸ਼ੇਮਡ’ ਨਾਂ ਦੀ ਕਿਤਾਬ ਅਜੀਬ ਲੱਗਦੇ ਸਿਰਲੇਖ ਤਹਿਤ ਕਿਤਾਬ ਨਾ ਚੁੱਕੇ ਜਾਣ ਵਾਲ਼ੇ ਵਿਚਾਰ ਪੈਦਾ ਕਰਨ ਵਾਲ਼ੀ ਕਿਤਾਬ ਹੈ। ਇਹ ਕਿਤਾਬ ਇੰਗਲੈਂਡ ਦੇ ਇਕ ਪਰਿਵਾਰ ਦੀ ਜੰਮਪਲ਼ ਪੰਜਾਬੀ ਕੁੜੀ ਦੇ ਕਤਲ ਬਾਰੇ ਗੱਲ ਕਰਦੀ ਹੈ, ਪਰ ਜਿਸ ਤਰ੍ਹਾਂ ਇਸ ਦੀ ਲਿਖਾਰਨ ਸਰਬਜੀਤ ਕੌਰ ਅਠਵਾਲ ਜੋ ਕਤਲ ਕੀਤੇ ਜਾਣ ਵਾਲ਼ੀ ਕੁੜੀ ਸੁਰਜੀਤ ਕੌਰ ਅਠਵਾਲ ਦੀ ਦਰਾਣੀ ਹੈ,

ਆਪਣੀ ਜ਼ਿੰਦਗੀ ਤੇ ਇਸ ਕਤਲ ਦਾ ਬਿਆਨ ਕਰਦੀ ਹੈ; ਉਹ ਸਾਡੇ ਪੰਜਾਬੀ ਸਮਾਜ ਦੇ ਖੋਖਲ਼ੇਪਣ ਦੇ ਪਾਜ ਉਧੇੜਦੀ ਹੈ। ਇੰਗਲੈਂਡ ‘ਚ ਹੀ ਜੰਮੀ ਪਲ਼ੀ ਸਰਬਜੀਤ ਕਿਸ ਤਰ੍ਹਾਂ ਇਕ ਆਮ ਪੰਜਾਬੀ ਪਰਿਵਾਰ ਦੇ ਤੰਗ ਦਾਇਰੇ ਵਾਲ਼ੇ ਵਿਚਾਰਾਂ ਨਾਲ ਲੱਦੇ ਮਾਹੌਲ ‘ਚ ਪੈਦਾ ਹੋ ਕੇ ਪਲ਼ੀ ਜਾਂ ਵੱਡੀ ਹੋਈ? ਕਿਵੇਂ ਉਸ ਦੀ ਨਿੱਤ ਦੀ ਜ਼ਿੰਦਗੀ ਸਖ਼ਤ ਵਲ਼ਗਣਾਂ ‘ਚੋਂ ਲੰਘਦੀ ਖੋਪੇ ਲੱਗੀ ਨਜ਼ਰ ਨਾਲ ਅੱਗੇ ਵਧੀ ਅਤੇ ਫੇਰ ਕਿਵੇਂ ਸਹੁਰੇ ਪਰਿਵਾਰ ਦੀਆਂ ਖਿੱਚੀਆਂ ਧਾਰਮਿਕ ਲਕੀਰਾਂ ਦੇ ਜੰਗਲ਼ ‘ਚ ਫਸੀ ਫਟਕਦੀ ਰਹੀ? ਇਹ ਬਿਰਤਾਂਤ ਆਮ ਮੱਧ-ਵਰਗੀ ਪੰਜਾਬੀ ਪਰਿਵਾਰ ਦੀ ਕੁੜੀ ਅਤੇ ਆਮ ਇਨਸਾਨਾਂ ਨਾਲ ਹੋਏ ਮੇਲ-ਮਿਲਾਪਾਂ ਅਤੇ ਟਕਰਾਵਾਂ ਦੀ ਵਿਥਿਆ ਹੈ।
ਜੋ ਅਹਿਸਾਸ ਸਰਬਜੀਤ ਨੇ ਬਿਆਨ ਕੀਤੇ ਹਨ, ਉਹ ਕੋਈ ਮਰਦ ਲਿਖਾਰੀ ਨਾ ਤਾਂ ਉਸ ਤਰ੍ਹਾਂ ਮਹਿਸੂਸ ਕਰ ਸਕਦਾ ਹੈ ਅਤੇ ਨਾ ਹੀ ਉਹ ਉਸ ਸੁਰ ‘ਚ ਬਿਆਨ ਕਰ ਸਕਦਾ ਹੈ ਕਿਉਂਕਿ ਉਸ ਦਾ ਕਦੇ ਵੀ ਪੰਜਾਬੀ ਕੁੜੀਆਂ ਨੂੰ ਆਉਣ ਵਾਲ਼ੀਆਂ ਮੁਸ਼ਕਿਲਾਂ ਵਾਲ਼ੇ ਹਾਲਾਤ ਨਾਲ ਇਸ ਤਰ੍ਹਾਂ ਸਾਹਮਣਾ ਨਹੀਂ ਹੋਇਆ ਹੋ ਸਕਦਾ। ਸਾਡਾ ਸਮਾਜ ਕਿਸ ਤਰ੍ਹਾਂ ਸਾਡੀਆਂ ਧੀਆਂ-ਭੈਣਾਂ ਨਾਲ ਪੇਸ਼ ਆਉਂਦਾ ਹੈ, ਇਹ ਉਹ ਆਪ ਹੀ ਦੱਸ ਸਕਦੀਆਂ ਹਨ। ਸਰਬਜੀਤ ਦੀ ਦਰਦ ਭਰੀ ਬੰਧਨਾਂ ਬੱਝੀ ਜ਼ਿੰਦਗੀ ਨੇ ਉਸ ਨੂੰ ਢਿੱਡ ਦਾ ਨਾਸੂਰ ਵੀ ਦਿੱਤਾ ਜੋ ਉਸ ਨੂੰ ਖਤਮ ਕਰ ਸਕਦਾ ਸੀ, ਜੇ ਕਿਤੇ ਉਹ ਇੰਗਲੈਂਡ ਦੀ ਸਿਹਤ ਪ੍ਰਣਾਲ਼ੀ ਵਰਗੀ ਥਾਂ ‘ਤੇ ਨਾ ਹੁੰਦੀ। ਧਿਆਨਯੋਗ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਕਸਿਤ ਦੇਸ਼ਾਂ ਦੀ ਕਾਰਗਰ ਪੁਲਿਸ ਦੇ ਹੁੰਦਿਆਂ-ਸੁੰਦਿਆਂ ਸਾਡੇ ਸਭਿਆਚਾਰਕ ‘ਇੱਜ਼ਤ’ ਦੇ ਖਿਆਲ ਸਾਡਾ ਪਿੱਛਾ ਨਹੀਂ ਛੱਡਦੇ ਜਾਂ ਇਉਂ ਕਹਿ ਲਓ ਕਿ ਅਸੀਂ ਅਜਿਹੇ ਵਿਚਾਰਾਂ ਨੂੰ ਆਪਣੇ ਕਲ਼ਾਵੇ ‘ਚ ਲਈ ਬੈਠੇ ਹਾਂ। ਇਸ ਦਾ ਸਿੱਧਾ ਮਤਲਬ ਇਹੀ ਹੈ ਕਿ ਅਸੀਂ ਨਾ ਤਾਂ ਬਦਲਣਾ ਚਾਹੁੰਦੇ ਹਾਂ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਣਾ ਚਾਹੁੰਦੇ ਹਾਂ। ਬਦਲ ਜਾਣ ਦਾ ਮਤਲਬ ਇਹ ਵੀ ਨਹੀਂ ਲੈਣਾ ਚਾਹੀਦਾ ਕਿ ਆਪਣਾ ਸਭਿਆਚਾਰ ਹੀ ਨਕਾਰਨ ਵਾਲ਼ਾ ਹੈ ਪਰ ਇਹ ਵੀ ਸੱਚ ਹੈ ਕਿ ਹਰ ਸਭਿਆਚਾਰ ‘ਚ ਚੰਗਿਆਈਆਂ ਬੁਰਾਈਆਂ ਦੋਵੇਂ ਹੀ ਹੁੰਦੀਆਂ ਹਨ। ਅਸੀਂ ਆਪਣੇ ਬੁਰੇ ਤੇ ਪਿਛਾਂਹ-ਖਿੱਚੂ ਵਿਚਾਰ ਛੱਡ ਕੇ ਨਵੇਂ ਰਾਹ ਚੁਣ ਸਕਦੇ ਹਾਂ। ਦੂਜੇ ਸਭਿਆਚਾਰਾਂ ‘ਚੋਂ ਵੀ ਚੰਗੇ ਵਿਚਾਰ ਲਏ ਜਾ ਸਕਦੇ ਹਨ। ਅਸਲ ਵਿਚ ਨਵੀਂ ਥਾਂ ਅਤੇ ਨਵੀਆਂ ਤਰੱਕੀਆਂ ਨੂੰ ਕਲ਼ਾਵੇ ‘ਚ ਲੈਂਦਿਆਂ ਨਵਾਂ ਸਭਿਆਚਾਰ ਸਿਰਜਣ ਦੀ ਲੋੜ ਹੈ ਜੋ ਸਮੇਂ ਅਤੇ ਸਮਾਜਿਕ ਜ਼ਰੂਰਤਾਂ ਮੁਤਾਬਕ ਬਦਲਦਾ ਰਹੇ ਅਤੇ ਆਪਣੇ ਬੱਚਿਆਂ ਦੀ ਸੁਯੋਗ ਅਗਵਾਈ ਵੀ ਕਰਦਾ ਰਹਿ ਸਕੇ।
ਜਿਥੇ ਸਰਬਜੀਤ ਕੌਰ ਅਠਵਾਲ ਅਤੇ ਜੈਫ ਹਡਸਨ ਨੇ ਇਸ ਨੂੰ ਵਧੀਆ ਕਿਤਾਬ ਦੀ ਸ਼ਕਲ ਦਿੱਤੀ, ਉਥੇ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਨੇ ਇਸ ਦਾ ਪੰਜਾਬੀ ਅਨੁਵਾਦ ਵੀ ਬਹੁਤ ਢੁਕਵਾਂ ਕੀਤਾ ਹੈ। ਪੰਜਾਬੀ ਦੇ ਅਨੇਕਾਂ ਲੱਗਭੱਗ ਭੁੱਲੇ ਜਾ ਰਹੇ ਸ਼ਬਦ ਵਰਤ ਕੇ ਇਸ ਉਲਥੇ ਨੂੰ ਹੋਰ ਵੀ ਸਾਰਥਕ ਬਣਾ ਦਿੱਤਾ ਹੈ। ਮੈਂ ਭਾਵੇਂ ਅੰਗਰੇਜ਼ੀ ਵਾਲ਼ੀ ਕਿਤਾਬ ਨਹੀਂ ਪੜ੍ਹੀ, ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਪੰਜਾਬੀ ਮਾਂ-ਬੋਲੀ ਵਾਲ਼ਿਆਂ ਲਈ ਇਸ ਤੋਂ ਢੁਕਵੀਂ ਵਾਰਤਕ ‘ਚ ਅਨੁਵਾਦ ਨਹੀਂ ਹੋ ਸਕਣਾ ਸੀ। ਹਾਂ ਕੁਝ ਕੁ ਸ਼ਬਦ-ਜੋੜ ਕੁਝ ਹੱਦ ਤੱਕ ਠੀਕ ਵੀ ਕੀਤੇ ਜਾ ਸਕਦੇ ਸਨ।
ਇਕ ਗੱਲ ਜੋ ਵਾਰ ਵਾਰ ਇਸ ਵਾਰਤਾ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ, ਉਹ ਹੈ ਸਾਡੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਥੋਪੇ ਜਾਂਦੇ ਬੰਦਸ਼ਾਂ ਵਾਲ਼ੇ ਨਿਯਮ। ਹਾਲਾਂਕਿ ਬਹੁਤੇ ਅਜਿਹੇ ਨਿਯਮਾਂ ‘ਤੇ ਵੱਖੋ-ਵੱਖਰੇ ਧਾਰਮਿਕ ਮਾਹਰ ਵੀ ਇਕ ਰਾਏ ਨਹੀਂ ਹੁੰਦੇ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਜਾਂ ਅੱਜ ਦੇ ਸਿੱਖਾਂ ਦੇ ਰੋਲ-ਮਾਡਲ ਗੁਰੂ ਗੋਬਿੰਦ ਸਿੰਘ ਭਾਵੇਂ ਕੁਝ ਵੀ ਕਹਿੰਦੇ ਸਨ, ਪਰ ਉਨ੍ਹਾਂ ਦੇ ਹੀ ਨਾਵਾਂ ‘ਤੇ ਚੱਲਦੀਆਂ ਇਹ ਸੰਸਥਾਵਾਂ ਉਹੋ ਜਿਹਾ ਕੋਈ ਕੰਮ ਨਹੀਂ ਕਰ ਰਹੀਆਂ। ਇਹ ਸੰਸਥਾਵਾਂ ਪੈਸਾ ਉਨ੍ਹਾਂ ਗੁਰੂਆਂ ਦੇ ਨਾਵਾਂ ਤੋਂ ਹੀ ਬਣਾ ਰਹੀਆਂ ਹਨ, ਪਰ ਉਨ੍ਹਾਂ ਵਾਲ਼ੇ ਕਰਮਾਂ ਦੇ ਨੇੜੇ ਤੇੜੇ ਵੀ ਨਹੀਂ ਹਨ। ਸਰਬਜੀਤ ਵਰਗੀ ਸਹੀ ਦਿਸ਼ਾ ‘ਚ ਕੰਮ ਕਰਨ ਵਾਲ਼ੀ ਨੇਕ ਦਿਲ ਸਿੱਖ ਕੁੜੀ ਨੂੰ ਉਸ ਦੇ ਚਹੇਤੇ ਸਭਿਆਚਾਰ ਵਾਲਿਆਂ ਨੇ ਹਮੇਸ਼ਾ ਨਕਾਰਿਆ ਅਤੇ ਠੀਕ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਉਸ ਦੇ ਆਪਣੇ ਸ਼ਬਦਾਂ ‘ਚ ਕਿਤਾਬ ਦੇ ਸਫਾ 288 ਤੇ ਆਹ ਪੜ੍ਹ ਕੇ ਕੁਝ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਬਜੀਤ ਨੂੰ ਕਿਵੇਂ ਝੰਜੋੜਿਆ ਜਾ ਰਿਹਾ ਸੀ, ਉਨ੍ਹਾਂ ਦੇ ਗੁਰਦੁਆਰੇ ਦੀ ਹੀ ਧਾਰਮਿਕ ਸੰਗਤ ਵੱਲੋਂ:
“ਜਦੋਂ ਹੀ ਉਸ ਬੰਦੇ ਨੇ ਮੇਰੇ ਨਾਲ ਗੱਲ ਕੀਤੀ, ਭਾਈਚਾਰੇ ਦੇ ਹੋਰ ਲੋਕਾਂ ਨੂੰ ਵੀ ਅਗਾਂਹ ਆਉਣ ਦੀ ਤਲਬ ਮਹਿਸੂਸ ਹੋਣ ਲੱਗੀ। ਉਨ੍ਹਾਂ ਵਿਚੋਂ ਕਿਸੇ ਨੇ ਵੀ ਮੇਰੀ ਹਮਾਇਤ ਨਹੀਂ ਕੀਤੀ। ਜਿਵੇਂ ਜਿਵੇਂ ਅਪਰੈਲ 2007 ਦੀ ਮੁਕੱਦਮੇ ਦੀ ਤਾਰੀਕ ਨੇੜੇ ਆਉਂਦੀ ਗਈ, ਦੋਸਤਾਂ ਅਤੇ ਅਜਨਬੀਆਂ ਦੀਆਂ ਟਿੱਪਣੀਆਂ ਵੀ ਵਧਦੀਆਂ ਗਈਆਂ। ਗੁਰਦੁਆਰਾ ਤਾਂ ਪਨਾਹਗਾਹ ਹੋਣਾ ਚਾਹੀਦਾ ਹੈ, ਸਿੱਖਾਂ ਨੂੰ ਸ਼ਰਨ ਦੇਣ ਵਾਲਾ ਅਤੇ ਪਵਿਤਰ ਸਥਾਨ। ਇਨ੍ਹਾਂ ਲੋਕਾਂ ਨੇ ਇਸ ਥਾਂ ਨੂੰ ਅਜਿਹੀ ਥਾਂ ਵਿਚ ਬਦਲ ਦਿੱਤਾ ਸੀ ਜਿਥੇ ਜਾਣ ਤੋਂ ਮੈਨੂੰ ਡਰ ਲੱਗਣ ਲੱਗਾ। ਮੈਂ ਚੰਗੀ ਸਿੱਖ ਸੀ। ਮੈਂ ਸਹੀ ਰਾਹ ਦਾ ਪਾਲਣ ਕੀਤਾ ਸੀ ਪਰ ਮੇਰਾ ਆਪਣਾ ਭਾਈਚਾਰਾ ਹੀ ਮੈਨੂੰ ਸਮਾਜ ਵਿਚੋਂ ਛੇਕ ਰਿਹਾ ਸੀ। ਕਾਹਦੇ ਲਈ? ਕਿਸੇ ਕਾਤਲ ਦੀ ਇੱਜ਼ਤ ਲਈ।”
ਕੀ ਸਾਡੇ ਧਰਮ ‘ਚ ਸਾਡੀ ਦਿੱਖ ਸਾਡੇ ਕਰਮਾਂ ਤੋਂ ਉਪਰ ਹੋ ਗਈ ਹੈ? ਕੀ ਸਾਡਾ ਧਰਮ ਸਾਨੂੰ ਅਖੌਤੀ ‘ਇੱਜ਼ਤ’ ਲਈ ਕਤਲ ਕਰਨ ਦੀ ਇਜਾਜ਼ਤ ਦਿੰਦਾ ਹੈ? ਕੀ ਸਾਡੀ ਇੱਜ਼ਤ ਸਿਰਫ ਔਰਤਾਂ ਦੇ ਸਾਂਚੇ ‘ਚ ਢਲ਼ ਕੇ ਰਹਿਣ ਨਾਲ ਹੀ ਬਣਦੀ ਹੈ? ਕੀ ਕੁੜੀਆਂ ਘਰ ਦੇ ਕੰਮਾਂ ਤੋਂ ਬਗੈਰ ਹੋਰ ਕੰਮ ਕਰ ਕੇ ਸਾਡੀ ਇੱਜ਼ਤ ਨਹੀਂ ਵਧਾ ਰਹੀਆਂ? ਕੀ ਕ੍ਰਿਕਟ ਵਾਲ਼ੀ ਹਰਮਨਪ੍ਰੀਤ ਕੌਰ, ਬੈਡਮਿੰਟਨ ਵਾਲ਼ੀ ਕੰਵਲ ਠਾਕੁਰ ਸਿੰਘ, ਫਿਲਮਾਂ ਵਾਲ਼ੀ ਜੂਹੀ ਚਾਵਲਾ, ਕਵਿਤਰੀ ਅੰਮ੍ਰਿਤਾ ਪ੍ਰੀਤਮ ਜਾਂ ਹੋਰ ਡਾਕਟਰ, ਪ੍ਰੋਫੈਸਰ ਆਦਿ ਅਨੇਕਾਂ ਹੀ ਵਧੀਆ ਕੰਮ ਕਰਦੀਆਂ ਕੁੜੀਆਂ ਸਾਡੇ ਸਭਿਆਚਾਰ ਦੀ ਸ਼ਾਨ ਨਹੀਂ ਹਨ? ਫਿਰ ਕਿਉਂ ਅਸੀਂ ਉਹੀ ਪਛੜੇ ਮਾਪ-ਦੰਡਾਂ ਨਾਲ ਆਪਣੀ ਇੱਜ਼ਤ ਮਿਣਦੇ ਰਹਿੰਦੇ ਹਾਂ? ਸਾਨੂੰ ਆਪਣੀ ਇਸ ਪਿਛਾਂਹ-ਖਿੱਚੂ ਵਿਚਾਰਧਾਰਾ ਤੋਂ ਆਜ਼ਾਦ ਹੋਣ ਦੀ ਲੋੜ ਹੈ। ਮੈਂ ਸਰਬਜੀਤ ਦੇ ਇਸ ਵਿਚਾਰ ਨਾਲ ਵੀ ਸਹਿਮਤ ਹਾਂ ਕਿ ਆਪਣੇ ਬੱਚਿਆਂ ਨੂੰ ਕਿਸੇ ਵੀ ਜ਼ਬਰਦਸਤੀ ਕੀਤੇ ਰਿਸ਼ਤੇ ‘ਚ ਨਹੀਂ ਬੰਨ੍ਹਣਾ ਚਾਹੀਦਾ।
ਸੁਰਜੀਤ ਕੌਰ ਅਠਵਾਲ ਦੇ ਸਹੁਰਿਆਂ ਵੱਲੋਂ ਉਸ ਦੇ ਕੀਤੇ ਕਤਲ ਅਤੇ ਉਸ ਦੀ ਘੋਖ-ਪੜਤਾਲ਼ ਨੇ ਜੋ ਵੀ ਸਾਡੇ ਸਾਹਮਣੇ ਚਿਤਰਿਆ ਹੈ, ਉਹ ਦਿਲ ਹਿਲਾਉਣ ਵਾਲ਼ਾ ਵਰਤਾਰਾ ਹੈ। ਸਾਨੂੰ ਬੱਚੇ ਪਾਲਣ ਵੇਲ਼ੇ ਬੰਦਸ਼ਾਂ ਲਾਉਣ ਨਾਲ਼ੋਂ ਜ਼ਿਆਦਾ ਉਨ੍ਹਾਂ ਨੂੰ ਸਹੀ ਤੇ ਗ਼ਲਤ ਬਾਰੇ ਸਮਝਾਉਣ ਉਤੇ ਜ਼ੋਰ ਲਾਉਣਾ ਚਾਹੀਦਾ ਹੈ। ਇਹੀ ਨਹੀਂ, ਉਨ੍ਹਾਂ ਨੂੰ ਇਨ੍ਹਾਂ ਗੱਲਾਂ ਬਾਰੇ ਕੀਤੇ ਫੈਸਲਿਆਂ ‘ਚ ਸ਼ਾਮਲ ਵੀ ਕਰਨਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ ਜਾ ਸਕਣ ਅਤੇ ਉਹ ਅਜਿਹੇ ਮਸਲਿਆਂ ਨੂੰ ਆਪਣੇ ਮਸਲੇ ਸਮਝਣ। ਇਸ ਤਰ੍ਹਾਂ ਪਰਿਵਾਰ ‘ਚ ਤਣਾਅ ਘੱਟ ਰਹੇਗਾ ਤੇ ਪਰਿਵਾਰ ਦੇ ਮੈਂਬਰ ਜ਼ਿਆਦਾ ਖੁਸ਼ ਰਹਿ ਸਕਣਗੇ। ਕਿਸੇ ਹੱਦ ਤੱਕ ਨਿੱਜੀ ਆਜ਼ਾਦੀ ਵੀ ਜ਼ਰੂਰੀ ਹੈ ਜੋ ਬੱਚੇ ਨੂੰ ਖੁਦ-ਮੁਖਤਾਰੀ ਵੱਲ ਅਤੇ ਆਤਮ-ਵਿਸ਼ਵਾਸ ਵਧਾਉਣ ਲਈ ਕਾਰਗਰ ਹੁੰਦੀ ਹੈ। ਅਸਲ ਵਿਚ ਸਾਨੂੰ ਇਸ ਚੀਜ਼ ਨੂੰ ਗੋਰਿਆਂ ਦੇ ਸਭਿਆਚਾਰ ਤੋਂ ਸਿੱਖਣ ਦੀ ਲੋੜ ਹੈ।
ਮੇਰਾ ਸੁਨੇਹਾ ਇਹ ਹੈ ਕਿ ਹਰ ਪੰਜਾਬੀ ਨੂੰ ਇਹ ਕਿਤਾਬ ਪੜ੍ਹ ਕੇ ਆਪਣੇ ਆਪ ਦਾ ਮੁਲੰਕਣ ਕਰਨ ਦੀ ਲੋੜ ਹੈ। ਮੈਂ ਸਰਬਜੀਤ ਕੌਰ ਅਠਵਾਲ ਦਾ ਆਪਣੇ ਦੁੱਖ ਤਕਲੀਫਾਂ ‘ਚੋਂ ਨਿਕਲ਼ ਕੇ ਅਜਿਹੇ ਅਹਿਸਾਸਾਂ ਦੀ ਪੰਡ ਨੂੰ ਸਮਝਣਯੋਗ ਲੜੀ ‘ਚ ਪਰੋ ਕੇ ਸਾਡੇ ਸਾਹਮਣੇ ਲਿਆਉਣ ਲਈ ਧੰਨਵਾਦ ਕਰਦਾ ਹਾਂ। ਇਸ ਕੰਮ ‘ਚ ਉਸ ਦੀ ਜੈਫ ਹਡਸਨ ਵੱਲੋਂ ਕੀਤੀ ਸਹਾਇਤਾ ਅਤੇ ਪੰਜਾਬੀ ‘ਚ ਅਨੁਵਾਦ ਕਰਨ ਵਾਲ਼ੇ ਵੀਰਾਂ ਸੁਖਵੰਤ ਹੁੰਦਲ, ਸਾਧੂ ਬਿਨਿੰਗ ਅਤੇ ਗੁਰਮੇਲ ਰਾਏ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿਨ੍ਹਾਂ ਦੀ ਮਿਹਨਤ ਨੇ ਪੰਜਾਬੀ ਔਰਤਾਂ ਦੀ ਜ਼ਿੰਦਗੀ ਦੇ ਇਸ ਦੁਖਦ ਹਿੱਸੇ ਨੂੰ ਸਾਡੇ ਸਾਹਮਣੇ ਰੱਖਿਆ ਹੈ। ਇਸ ਕਿਤਾਬ ਦਾ ਪੰਜਾਬੀ ਐਡੀਸ਼ਨ ਪੀਪਲਜ਼ ਫੋਰਮ, ਬਰਗਾੜੀ (ਪੰਜਾਬ, ਭਾਰਤ) ਨੇ ਛਾਪਿਆ ਹੈ।