ਸੁਹੱਪਣ-ਸੁਗੰਧ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਹ ਹੈ ਤਾਂ ਫਿਜ਼ਿਕਸ ਜਿਹੇ ਖੁਸ਼ਕ ਵਿਸ਼ੇ ਦੇ ਅਧਿਆਪਕ, ਪਰ ਉਨ੍ਹਾਂ ਦੀ ਵਾਰਤਕ ਵਿਚ ਕਵਿਤਾ ਦੀ ਰਵਾਨਗੀ ਹੈ। ਉਹ ਸ਼ਬਦਾਂ ਦੀ ਅਜਿਹੀ ਜੁਗਤ ਬੰਨਦੇ ਹਨ ਕਿ ਪਾਠਕ ਦੇ ਮੂੰਹੋਂ ਸੁਤੇ ਸਿਧ ਨਿਕਲ ਜਾਂਦਾ ਹੈ, ਕਿਆ ਬਾਤ ਹੈ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਮਿੱਟੀ ਦੀ ਗੱਲ ਕਰਦਿਆਂ ਰੁਦਨ ਪ੍ਰਗਟਾਇਆ ਸੀ ਕਿ ਮਿੱਟੀ ਜਦ ਬੰਬਾਂ ਦੇ ਧੂੰਏਂ ਵਿਚ ਸਾਹ ਲੈਣ ਤੋਂ ਆਤੁਰ ਹੋ ਜਾਵੇ। ਰਸਾਇਣਕ ਹਥਿਆਰਾਂ ਕਾਰਨ ਨੈਣਾਂ ਦੀ ਜੋਤ ਗਵਾਵੇ।

ਹਥਲੇ ਲੇਖ ਵਿਚ ਡਾ. ਭੰਡਾਲ ਨੇ ਸੁਹੱਪਣ ਦੀ ਵਿਆਖਿਆ ਕੀਤੀ ਹੈ ਕਿ ਸੁਹੱਪਣ, ਮਨੁੱਖ ਦਾ ਸਭ ਤੋਂ ਉਤਮ ਅਤੇ ਸੁੱਚਮ ਗਹਿਣਾ, ਜਿਸ ਨੇ ਸਦੀਵ ਰਹਿਣਾ। ਉਹ ਕਹਿੰਦੇ ਹਨ, “ਸੁਹੱਪਣ, ਸਾਦਗੀ ਵਿਚੋਂ ਵੀ ਡੁੱਲ ਡੁੱਲ ਪੈਂਦਾ। ਗਰੀਬੀ ਵਿਚੋਂ ਬਾਹਰ ਨੂੰ ਛਲਕਦਾ। ਲੀਰਾਂ ਵਿਚੋਂ ਵੀ ਪ੍ਰਗਟ ਹੋ ਜਾਂਦਾ।…ਸੁਹੱਪਣ, ਪੀਰਾਂ ਦੇ ਪੈਗਾਮ, ਗੁਰੂਆਂ ਦੇ ਬਚਨਾਂ, ਫੱਕਰਾਂ ਦੀ ਫਕੀਰੀ ਅਤੇ ਸਾਧੂਆਂ ਦੀ ਅਲਮਸਤੀ ਵਿਚੋਂ ਵੀ ਚਾਨਣ-ਕਾਤਰਾਂ ਦੇ ਰੂਪ ਵਿਚ ਪ੍ਰਗਟਦਾ। ਸਿਰਫ ਸੁਣਨ ਵਾਲੇ ਕੰਨ ਅਤੇ ਦੇਖਣ ਵਾਲੀ ਅੱਖ ਦੀ ਲੋੜ ਹੁੰਦੀ।” ਸਰੀਰਕ ਸੁਹੱਪਣ ਦੀ ਆਪਣੀ ਖਿੱਚ ਹੈ ਪਰ ਜੇ ਸੁਹੱਪਣ ਨਿਰਾ ਸਰੀਰਕ ਹੋਵੇ ਤਾਂ ਬੇਅਰਥਾ ਕਿਉਂਕਿ ਸਰੀਰ ਮਿੱਟੀ ਦਾ ਪੁਤਲਾ ਜਿਸ ਨੇ ਮਿੱਟੀ ਸੰਗ ਮਿੱਟੀ ਹੋਣਾ। ਪਰ ਰੂਹ ਦਾ ਸੁਹੱਪਣ ਸਦਾ ਚਿਰੰਜੀਵ। ਡਾ. ਭੰਡਾਲ ਜੋਰ ਦੇ ਕੇ ਕਹਿੰਦੇ ਹਨ ਕਿ ਅਸਲ ਸੁਹੱਪਣ ਤਾਂ ਆਤਮਕ ਸੁਹੱਪਣ ਹੀ ਹੁੰਦਾ ਹੈ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080

ਸੁਹੱਪਣ, ਦਿੱਖ ਦਾ ਦ੍ਰਿਸ਼ਟੀਕੋਣ, ਨਜ਼ਰੀਏ ਦਾ ਨਿਰੀਖਣ, ਸੋਚ ਦੀ ਸੰਵੇਦਨਾ ਅਤੇ ਮਨ ਵਿਚਲੀ ਦਿੱਬ-ਭਾਵਨਾ ਦਾ ਸਰੂਪ।
ਸੁਹੱਪਣ, ਸੁੰਦਰਤਾ ਦਾ ਪੈਮਾਨਾ, ਸੀਰਤ ਦਾ ਸਰੋਤ, ਸੰਗ ਵਿਚਲੀ ਸੰਜੀਦਗੀ ਅਤੇ ਸੁਹਜ ਵਿਚਲਾ ਸਮਰਪਣ।
ਸੁਹੱਪਣ, ਨੈਣਾਂ ‘ਚੋਂ ਝਰਦੀ ਹਯਾ, ਕਾਰਜ-ਪੁਖਤਗੀ ਦਾ ਪ੍ਰਮਾਣ, ਜੀਵਨ-ਜਾਚ ਦੀ ਸੰਪੂਰਨਤਾ ਅਤੇ ਵਿਹਾਰ ਵਿਚਲੀ ਪਾਕੀਜ਼ਗੀ।
ਸੁਹੱਪਣ, ਫਰਜ਼ਾਂ ਪ੍ਰਤੀ ਪ੍ਰਤੀਬੱਧਤਾ, ਅਸੂਲਾਂ ‘ਤੇ ਪਹਿਰੇਦਾਰੀ, ਜਿੰਮੇਵਾਰੀਆਂ ਪ੍ਰਤੀ ਸਿਦਕਦਿਲੀ ਅਤੇ ਦੇਣਦਾਰੀਆਂ ਪ੍ਰਤੀ ਵਚਨਬੱਧਤਾ।
ਸੁਹੱਪਣ, ਸਾਦਗੀ ‘ਚ ਲਿਪਟਿਆ ਸੁਹਜ, ਸਪੱਸ਼ਟਤਾ ‘ਚੋਂ ਝਲਕਦੀ ਪਾਦਰਸ਼ਤਾ ਅਤੇ ਸੂਖਮਤਾ ‘ਚੋਂ ਝਲਕਦਾ ਸੁਖਨ-ਸਰੂਪ।
ਸੁਹੱਪਣ, ਮਨੁੱਖ ਦਾ ਸਭ ਤੋਂ ਉਤਮ ਅਤੇ ਸੁੱਚਮ ਗਹਿਣਾ, ਜਿਸ ਨੇ ਸਦੀਵ ਰਹਿਣਾ। ਇਸ ਦੀਆਂ ਪੈੜਾਂ ਵਿਚ ਵਕਤ ਦੀਆਂ ਤਦਬੀਰਾਂ ਦਾ ਉਕਰੇ ਜਾਣਾ।
ਸੁਹੱਪਣ, ਸਰੀਰਕ, ਮਾਨਸਿਕ, ਵਿਹਾਰਕ, ਆਤਮਕ ਅਤੇ ਸਹਿਜ ਵਿਚੋਂ ਖੁਦ ਨੂੰ ਪਰਿਭਾਸ਼ਤ ਅਤੇ ਵਿਸਥਾਰਤ ਕਰਦਾ। ਸਰੀਰਕ ਸੁੰਦਰਤਾ ਥੋੜ੍ਹ ਚਿਰੀ ਪਰ ਮਨ-ਲੁਭਾਊ। ਇਸ ਦੀ ਤਿਲਕਣਬਾਜੀ ਵਿਚ ਗਰਕ ਜਾਂਦੀਆਂ ਨੇ ਮਾਸੂਮ ਜਿੰਦਾਂ। ਇਸ ਦੀ ਸ਼ਫਾਫਤ ‘ਤੇ ਪਿਆ ਇਕ ਵੀ ਛਿੱਟਾ ਸਰੀਰਕ ਸੁਹੱਪਣ ਨੂੰ ਗੰਧਲਾ ਕਰ ਜਾਂਦਾ। ਪਰ ਸਭ ਤੋਂ ਸਦੀਵ ਹੁੰਦੀ ਮਾਨਸਿਕ ਤੇ ਆਤਮਕ ਸੁਹੱਪਣ ਦੀ ਪਰਵਾਜ਼, ਜੋ ਹਮੇਸ਼ਾ ਉਚੀਆਂ ਬੁਲੰਦੀਆਂ ਛੂੰਹਦੀ। ਸਹਿਜ ਸੁਹੱਪਣ, ਜੀਵਨ-ਜਾਚ ਨੂੰ ਨਵੇਂ ਦਿਸਹੱਦਿਆਂ ਦਾ ਨਾਮਕਰਨ ਦਿੰਦਾ।
ਸੁਹੱਪਣ, ਆਤਮਕ ਬੁਲੰਦੀ ਦਾ ਸਿਖਰ, ਮਾਨਸਿਕ ਹੁਲਾਰ ਦਾ ਅੰਬਰੀ ਅਹਿਸਾਸ ਅਤੇ ਕਿਰਤ-ਕਾਮਨਾ ਦਾ ਕਰਮਯੋਗ।
ਸੁਹੱਪਣ, ਕੁਦਰਤ ਦੀ ਅਜ਼ੀਮ ਨਿਆਮਤ। ਵਰਸੋਈਆਂ ਦਾਤਾਂ ਵਿਚੋਂ ਸਭ ਤੋਂ ਅਮੁੱਲ ਤੇ ਅਤੁੱਲ। ਕੁਦਰਤ, ਅਸੀਮ ਰੂਪ ਵਿਚ ਇਸ ਦੀ ਲਬਰੇਜ਼ਤਾ ‘ਚ ਰੰਗੀ।
ਸੁਹੱਪਣ, ਸਾਡੇ ਆਲੇ-ਦੁਆਲੇ ਬਹੁਲਾਤ ਵਿਚ ਪਸਰਿਆ। ਇਸ ਦੀ ਅਸੀਮਤਾ ਤੇ ਅਮੀਰੀ ਨੂੰ ਜਾਚਣ, ਅੰਤਰੀਵ ‘ਚ ਵਸਾਉਣ ਅਤੇ ਇਸ ਸੰਗ ਸੰਵਾਦ ਰਚਾਉਣ ਦੀ ਜੁਗਤ ਵਾਲੇ ਹੀ ਇਸ ਦੇ ਸੰਗ ਨੂੰ ਮਾਣ, ਇਸ ਦੀ ਉਚਮਤਾ ਦਾ ਲਾਹਾ ਲੈਂਦੇ।
ਸੁਹੱਪਣ, ਬਿਰਖ-ਬੂਟਿਆਂ, ਕੋਮਲ ਪੱਤੀਆਂ, ਕਰੂੰਬਲਾਂ, ਫੁੱਲ ਬਣਨਾ ਲੋਚਦੀ ਡੋਡੀ, ਫੁੱਲਾਂ ਦੀ ਰੰਗ-ਆਭਾ ਤੇ ਮਹਿਕ ਵਿਚ ਸਮੋਇਆ ਹੁੰਦਾ। ਮਨੁੱਖੀ ਬੇਧਿਆਨੀ, ਇਸ ਨੂੰ ਵਾਚਣ ਅਤੇ ਮਾਣਨ ਤੋਂ ਵਿਰਵੀ।
ਸੁਹੱਪਣ, ਪਰਿੰਦਿਆਂ ਦੀ ਦੁਨੀਆਂ ‘ਚ ਜੀਵੰਤ। ਕਦੇ ਕੂੰਜਾਂ ਦੀਆਂ ਡਾਰਾਂ, ਨਿੱਕੇ ਨਿੱਕੇ ਬੋਟਾਂ, ਪੰਛੀ-ਪਰਾਂ ‘ਤੇ ਕੁਦਰਤੀ ਮੀਨਾਕਾਰੀ, ਜਾਨਵਰਾਂ ਦੇ ਪਿੰਡਿਆਂ ‘ਤੇ ਕੁਦਰਤੀ ਖਾ-ਨਿਕਾਸ਼ੀ ਆਦਿ ਦੇ ਦੀਦਿਆਂ ਵਿਚ ਝਾਕਣਾ ਅਤੇ ਇਨ੍ਹਾਂ ਦੀ ਰੂਹਾਨੀਅਤ ਵਿਚੋਂ ਉਪਜੀ ਸੁੱਚੀ ਭਾਵਨਾ ਨੂੰ ਪੜ੍ਹਨਾ ਤੁਹਾਡੇ ਸਾਹਵੇਂ ਸ਼ੁੱਧ ਸੁਹੱਪਣ ਦਾ ਵਿਸ਼ਾਲ ਸਮੁੰਦਰ ਦ੍ਰਿਸ਼ਟਮਾਨ ਹੋਵੇਗਾ।
ਸੁਹੱਪਣ, ਤੁਹਾਡੀ ਲਿਖਤ ਵਿਚੋਂ ਡੁੱਲਦਾ ਤਾਂ ਪਾਠਕ ਦੀ ਰੂਹ ਸ਼ਰਸ਼ਾਰੀ ਜਾਂਦੀ। ਕਿਸੇ ਖਾਸ ਕਿਰਤ ਦੇ ਭਾਗੀਂ ਬਹੁੜਦਾ ਤਾਂ ਦੇਖਣ ਵਾਲੇ ਦੀ ਅੱਖ ਵਿਚ ਅਸੀਮ ਸਕੂਨ ਦੀ ਛਹਿਬਰ ਲੱਗ ਜਾਂਦੀ। ਬੋਲਾਂ ਵਿਚੋਂ ਪ੍ਰਗਟ ਹੁੰਦਾ ਤਾਂ ਅਮਿਉਂ ਰਸ ਬਣ ਜਾਂਦਾ। ਜਦ ਇਹ ਕਿਸੇ ਅਗੰਮੀ ਚੁੱਪ ਦਾ ਰੂਪ ਧਾਰ ਚੌਗਿਰਦੇ ਵਿਚ ਇਲਹਾਮੀ ਪਸਾਰ ਸਿਰਜਦਾ ਤਾਂ ਫਿਜ਼ਾ ‘ਚ ਰੂਹ-ਰਵਾਨਗੀ ਮੌਲਦੀ।
ਸੁਹੱਪਣ, ਬਾਰਸ਼-ਬੂੰਦਾਂ ਦੇ ਸੰਗੀਤ ਦਾ ਆਧਾਰ, ਹਵਾ ਦੀ ਰੁਮਕਣੀ ਵਿਚਲਾ ਸੰਸਾਰ, ਬੱਦਲਾਂ ‘ਚ ਸਿਰਜੇ ਵੱਖ-ਵੱਖ ਆਕਾਰ, ਤਿੱਤਰ-ਖੰਭੀ ਵਿਚੋਂ ਪੈਂਦੀ ਧੁੱਪ ਦੀ ਲਿਸ਼ਕੋਰ, ਮੋਰਾਂ ਦੀ ਲੋਰ ਤੇ ਬੱਦਲ ਗਰਜਣੀ ਦੀ ਘਣਘੋਰ। ਅੰਬਰ ‘ਤੇ ਛਾਈ ਸਤਰੰਗੀ ਵਿਚੋਂ ਪ੍ਰਗਟਦੇ ਰੰਗਾਂ ਦੇ ਅਲੋਕਾਰੀ ਦ੍ਰਿਸ਼ ਨੂੰ ਜੀਵਨੀ ਤਰਕ-ਸੰਗਤਾਂ ਨਾਲ ਜੋੜਨਾ, ਤੁਹਾਨੂੰ ਜੀਵਨੀ ਰੰਗਾਂ ਦੇ ਅਰਥ ਸਮਝ ਆ ਜਾਣਗੇ। ਤੁਸੀਂ ਕਿਹੜੇ ਰੰਗਾਂ ਨਾਲ ਸਾਂਝ ਪਾਉਣੀ, ਜੀਵਨ-ਸ਼ੈਲੀ ਨਾਲ ਕਿਹੜੇ ਰੰਗਾਂ ਨੂੰ ਮਿਟਾਉਣਾ ਅਤੇ ਕਿਨ੍ਹਾਂ ਨੂੰ ਉਘਾੜਨਾ, ਇਹ ਮਨੁੱਖੀ ਮਨ ਦੀ ਤਾਸੀਰ ‘ਤੇ ਨਿਰਭਰ।
ਸੁਹੱਪਣ ਦੇ ਅਰਥ ਸਭ ਲਈ ਵਿਭਿੰਨ। ਹਰੇਕ ਦਾ ਆਪੋ-ਆਪਣਾ ਨਜ਼ਰੀਆ, ਆਪੋ-ਆਪਣੀ ਦ੍ਰਿਸ਼ਟੀ, ਦ੍ਰਿਸ਼ਟਮਾਨ ਹੁੰਦੇ ਆਕਾਰ, ਸੋਚ ਵਿਚਲਾ ਸਰੋਕਾਰ ਅਤੇ ਇਨ੍ਹਾਂ ਵਿਚੋਂ ਹੀ ਹੁੰਦਾ ਸੁਹੱਪਣ ਦਾ ਵਿਸਥਾਰ। ਕਿਸੇ ਲਈ ਕੁਹਜ ਵਿਚੋਂ ਵੀ ਸੁਹਜ ਦਾ ਝਲਕਾਰਾ। ਕਿਸੇ ਲਈ ਸਹਿਜ, ਕੋਹਜ ਬਣ ਜਾਂਦਾ। ਕਿਸੇ ਲਈ ਲੈਲਾ ਕਾਲੀ ਹੋ ਸਕਦੀ ਪਰ ਮਜਨੂੰ ਦੀ ਅੱਖ ਵਿਚੋਂ ਲੈਲਾ ਦੁਨੀਆਂ ਦਾ ਸਭ ਤੋਂ ਹੁਸੀਨ ਔਰਤ ਹੈ। ‘ਕੇਰਾਂ ਘਰ ਬਣਾਉਂਦੇ ਸਮੇਂ ਥੰਮ ‘ਤੇ ਲਗ ਰਹੇ ਪੱਥਰ ਨੂੰ ਦੇਖ ਕੇ, ਪੱਥਰ-ਕਾਮੇ ਦਾ ਕਹਿਣਾ ਸੀ ਕਿ ਇਹ ਤਾਂ ਇਉਂ ਲੱਗਦਾ ਜਿਵੇਂ ਚਿੱਟੀ ਚਾਦਰ ‘ਤੇ ਮੱਖੀਆਂ ਬੈਠੀਆਂ ਹੋਣ। ਪਰ ਜਦ ਇਸ ਬਾਰੇ ਠੇਕੇਦਾਰ ਨਾਲ ਗੱਲ ਹੋਈ ਤਾਂ ਕਹਿਣ ਲੱਗਾ ਕਿ ਇਹ ਤਾਂ ਇਉਂ ਹੈ ਜਿਵੇਂ ਬਰਫੀ ‘ਤੇ ਪਿਸਤਾ ਲੱਗਾ ਹੋਵੇ। ਪੱਥਰ ਤਾਂ ਉਹੀ ਸੀ, ਸਿਰਫ ਦੇਖਣ ਵਾਲੀ ਅੱਖ ਦਾ ਫਰਕ ਜੱਗ-ਜਾਹਰ ਸੀ।
ਸੁਹੱਪਣ ਨੂੰ ਕਿਹੜੇ ਯੰਤਰ ਤੇ ਪੈਮਾਨੇ ਨਾਲ ਮਿਣੋਗੇ? ਕਿਵੇਂ ਇਸ ਦੀ ਅਸੀਮਤਾ ਬਿਆਨ ਕਰੋਗੇ? ਕਿਵੇਂ ਇਸ ਦੀ ਸੁੰਦਰਤਾ ਨੂੰ ਹਰਫਾਂ ਦੇ ਮੇਚ ਕਰੋਗੇ? ਕਿਵੇਂ ਅਧੂਰੇ ਬੋਲ ਸੁੰਦਰਤਾ ਸਾਹਵੇਂ ਸਾਵੇਂ ਹੋਣਗੇ? ਹਰਫ ਜਾਂ ਬੋਲ ਬੌਣੇ ਹੋ ਸਕਦੇ ਪਰ ਸੁਹੱਪਣ ਕਦੇ ਵੀ ਬੌਣਾ ਨਹੀਂ ਹੁੰਦਾ। ਇਸ ਨੂੰ ਤੁਸੀਂ ਹੀਣਾ ਕਰ ਹੀ ਨਹੀਂ ਸਕਦੇ।
ਸੁਹੱਪਣ, ਸਾਦਗੀ ਵਿਚੋਂ ਵੀ ਡੁੱਲ ਡੁੱਲ ਪੈਂਦਾ। ਗਰੀਬੀ ਵਿਚੋਂ ਬਾਹਰ ਨੂੰ ਛਲਕਦਾ। ਲੀਰਾਂ ਵਿਚੋਂ ਵੀ ਪ੍ਰਗਟ ਹੋ ਜਾਂਦਾ। ਸਾਡੀ ਨੀਅਤ ਤੇ ਨਜ਼ਰ ਵਿਚ ਅਸਾਵਾਂਪਣ ਨਾ ਹੋਵੇ ਤਾਂ ਸੁਹੱਪਣ ਦੀ ਬੇਲਾਗਤਾ ਤੇ ਬੇਨਿਆਜ਼ਤਾ ਬੇਨਜ਼ੀਰ ਹੁੰਦੀ।
ਸੁਹੱਪਣ, ਸੁਪਨਿਆਂ ਦੀ ਸੰਦਲੀ ਰੰਗਤ, ਖੁਆਬਾਂ ਵਿਚ ਆਉਂਦੇ ਬਹਿਸ਼ਤੀ ਨਜ਼ਾਰਿਆਂ ਦੀਆਂ ਬਰਕਤਾਂ ਅਤੇ ਸੰਧੂਰੀ ਸਾਂਝ ਸਦਕਾ ਨਿੰਦਰਾਏ ਨੈਣਾਂ ਨੂੰ ਮਿਲੇ ਸਕੂਨ ਦਾ ਸੁਗਮ ਤੇ ਸਾਰਥਕ ਸੁਨੇਹਾ।
ਸੁਹੱਪਣ ਸਮਿਆਂ ਦੇ ਵਰਕੇ ‘ਤੇ ਸਦੀਵੀ ਪ੍ਰਮਾਣ ਬਣਦਾ ਜਦ ਇਹ ਤਹਿਜ਼ੀਬ ਨੂੰ ਨਵੇਂ ਦਿਸਹੱਦੇ ਬਖਸ਼ਣ ਵਾਲਾ ਕਰਮ ਅਤੇ ਤਹਿਰੀਕ ਨੂੰ ਨਵੀਆਂ ਦਿਸ਼ਾਵਾਂ ਦੇਣ ਵਾਲਾ ਧਰਮ ਹੁੰਦਾ।
ਸੁਹੱਪਣ, ਪੀਰਾਂ ਦੇ ਪੈਗਾਮ, ਗੁਰੂਆਂ ਦੇ ਬਚਨਾਂ, ਫੱਕਰਾਂ ਦੀ ਫਕੀਰੀ ਅਤੇ ਸਾਧੂਆਂ ਦੀ ਅਲਮਸਤੀ ਵਿਚੋਂ ਵੀ ਚਾਨਣ-ਕਾਤਰਾਂ ਦੇ ਰੂਪ ਵਿਚ ਪ੍ਰਗਟਦਾ। ਸਿਰਫ ਸੁਣਨ ਵਾਲੇ ਕੰਨ ਅਤੇ ਦੇਖਣ ਵਾਲੀ ਅੱਖ ਦੀ ਲੋੜ ਹੁੰਦੀ।
ਸੁਹੱਪਣ, ਅੰਤਰੀਵ ਨਾਲ ਰਚਾਏ ਸੰਵਾਦ ਦਾ ਹਾਣੀ, ਖੁਦ ਵਿਚੋਂ ਖੁਦਾਈ ਦੇ ਇਲਹਾਮ ਦੀ ਕਹਾਣੀ, ਨਿੱਜ ਤੋਂ ਪਾਰ ਜਾਣ ਦਾ ਮਾਰਗ ਅਤੇ ਸਵੈ ਤੋਂ ਸਮਰਪਣ ਦੀ ਸਫਰ-ਸਾਰਣੀ।
ਸੁਹੱਪਣ, ਸਦਾ ਹੀ ਪ੍ਰਸ਼ੰਸਾ ਦਾ ਹੱਕਦਾਰ। ਨਿੰਦਿਆ ਕਾਰਨ ਸੁਹੱਪਣ ਦਾ ਚਿਹਰਾ ਮਸੋਸਿਆ ਜਾਂਦਾ। ਇਸ ਦੀ ਆਭਾ ‘ਚ ਫੱਤਣ ਆਉਂਦੀ ਅਤੇ ਇਸ ਦੇ ਨਿਖਾਰ ਨੂੰ ਗ੍ਰਹਿਣ ਲੱਗਦਾ।
ਸੁਹੱਪਣ, ਸੋਹਣੇ ਮਨ ਦੀ ਮਮਟੀ, ਸਫਾਫ ਸੋਚ ਦਾ ਸਰਵਰ, ਮੋਹਵੰਤੀਆਂ ਬੋਲ-ਤਰੰਗਾਂ ਵਿਚਲੀ ਰੂਹ-ਬਾਣੀ ਅਤੇ ਕਿਰਤ-ਕਾਮਨਾ ਵਿਚਲੀ ਕੀਰਤੀ।
ਸੁਹੱਪਣ, ਸਮੇਂ ਦੀ ਸੀਮਾ ਤੋਂ ਪਾਰ, ਕਾਲ ਮੁਕਤ, ਵਕਤ ਦੀਆਂ ਵਾਗਾਂ ਤੋਂ ਬੇਫਿਕਰ ਅਤੇ ਖੁਦ ਦੀ ਤੋਰ ਤੇ ਰਵਾਨਗੀ ਵਿਚੋਂ ਹੀ ਖੁਦ ਦੀ ਪਛਾਣ ਸਿਰਜਦਾ।
ਸੁਹੱਪਣ, ਬੱਚੇ ਦੀਆਂ ਤੋਤਲੀਆਂ ਗੱਲਾਂ, ਉਸ ਦੀ ਹਰ ਹਰਕਤ ਵਿਚਲੀ ਮਾਸੂਮੀਅਤ, ਉਸ ਦੇ ਹਰ ਬੋਲ ਵਿਚਲੀ ਸ਼ਫਾਫਤ ਅਤੇ ਉਸ ਦੀ ਰੂਹ ‘ਚ ਵੱਸਦੀ ਪਾਕੀਜ਼ਗੀ ਦਾ ਸੂਹਾ ਰੰਗ।
ਸੁਹੱਪਣ, ਪਲ ‘ਚ ਨਹੀਂ ਸਿਰਜਿਆ ਜਾਂਦਾ। ਸਦੀਵ ਸੁਹੱਪਣ ਲਈ ਉਮਰਾਂ ਦੀ ਪੂੰਜੀ, ਕਰਮਯੋਗਤਾ ਦੀ ਭਰੀ-ਭੁਕੰਨੀ ਝੋਲ, ਹਰਫਾਂ ਵਿਚਲੀ ਅਬੋਲਤਾ ਅਤੇ ਬੋਲਾਂ ਵਿਚਲੀ ਚੁੱਪ-ਸਾਧਨਾ ਦੀ ਅਤਿਅੰਤ ਲੋੜ। ਛਿੰਨ-ਭੰਗਰੀ ਸੁੰਦਰਤਾ ਪਲ ਭਰ ਵਿਚ ਹੀ ਭਸਮ ਹੋ ਜਾਂਦੀ।
ਸੁਹੱਪਣ, ਵਰਕੇ ‘ਤੇ ਉਤਰਨ ਤੋਂ ਮੁਨਕਰ, ਬੋਲਾਂ ਵਿਚ ਸਮਾਉਣ ਤੋਂ ਆਕੀ, ਹਰਫਾਂ ਦੇ ਅਰਥ ਵੀ ਨਾ-ਕਾਫੀ ਅਤੇ ਦਵਾਤ ਦੀ ਸਿਆਹੀ ਤੇ ਖਮਾਂ ਦਾ ਖਮਨਾਮਾ ਵੀ ਇਸ ਤੋਂ ਹੀਣਾ।
ਸੁਹੱਪਣ, ਖੁਦ ਦਾ ਸੁਹੱਪਣੀ ਪ੍ਰਗਟਾਅ, ਖੁਦ ਵਿਚੋਂ ਉਦੈ ਹੁੰਦੀ ਤਾਰਿਆਂ ਦੀ ਲੋਅ ਅਤੇ ਖੁਦ ਵਿਚੋਂ ਹੀ ਨਿਵੇਕਲੇ ਰਾਹ ਸਿਰਜਣ ਦੀ ਖੋਹ।
ਸੁਹੱਪਣ, ਨਹੀਂ ਕਿਸੇ ਫਰੇਮ ਦਾ ਮੁਹਤਾਜ, ਦਾਇਰਿਆਂ ਤੋਂ ਆਰ-ਪਾਰ ਫੈਲਾਅ ਅਤੇ ਮਨੁੱਖਤਾ ਦੇ ਹਰ ਦੌਰ ਵਿਚ ਵਿਚਰਦਾ ਰਬਾਬੀ ਰਾਗ-ਰੰਗ।
ਸੁਹੱਪਣ, ਨਕਾਬ, ਨਖਰਾ ਨਗਨਤਾ ਅਤੇ ਨੈਣ-ਤਰਾਸ਼ੀ ਨੂੰ ਨਕਾਰੇ। ਕੂੜ, ਕੁਫਰ, ਕਮੀਨਗੀ, ਕਰੂਰਤਾ ਅਤੇ ਕੋਝੇਪਣ ਨੂੰ ਦੁਰਕਾਰੇ।
ਸੁਹੱਪਣ, ਸਾਹਾਂ ਵਿਚ ਸੁਗੰਧੀ ਦੀ ਸੁਗਮਤਾ, ਸਾਹ-ਸੰਵੇਦਨਾ ਦਾ ਸੁੱਚਮ ਅਤੇ ਸਾਹ-ਸਦੀਵਤਾ ਦਾ ਪਹਿਲਾ ਪਾਠ।
ਸੁਹੱਪਣ, ਸਮਾਜਕ ਕਦਰਾਂ ਕੀਮਤਾਂ ਤੇ ਵਿਰਾਸਤੀ ਰਹਿਤਲ ਨੂੰ ਵਿਸਥਾਰੇ। ਵਿਹਾਰਕ, ਵਿਚਾਰਕ ਅਤੇ ਵਿਧੀਵੱਤ ਵਰਤਾਰੇ ਨੂੰ ਨਮਸਕਾਰੇ।
ਸੁਹੱਪਣ, ਕਾਰ-ਵਿਹਾਰ, ਵਿਚਾਰ-ਤਕਰਾਰ, ਰਫਤਾਰ-ਗੁਫਤਾਰ, ਹਾਰ-ਸ਼ਿੰਗਾਰ, ਆਰ-ਪਰਿਵਾਰ, ਸਰੋਕਾਰ ਅਤੇ ਸਦਾਚਾਰ ਦਾ ਵੀ ਆਧਾਰ।
ਸੁਹੱਪਣ, ਸੱਚ, ਸਾਦਗੀ, ਸਿਆਣਪ, ਸੂਖਮਤਾ, ਸਹਿਜ, ਸੰਖੇਪਤਾ, ਸਾਧਨਾ ਅਤੇ ਸਮਰਪਣ ਵਿਚੋਂ ਹੀ ਆਪਣੀ ਧਰਾਤਲ ਸਿਆਣਦਾ।
ਸੁਹੱਪਣ ਸਦੀਵ, ਨਹੀਂ ਏ ਮੌਤ ਦਾ ਮੁਥਾਜ। ਸੋਹਣੇ ਬੰਦਿਆਂ ਦੀਆਂ ਸੋਹਣੀਆਂ ਬਾਤਾਂ, ਕਰਮੀ ਕਰਾਮਾਤਾਂ ਅਤੇ ਸੁਹੰਢਣੀਆਂ ਸਿਆਣਪਾਂ ਮਰਨ ਤੋਂ ਬਾਅਦ ਵੀ ਮਨੁੱਖੀ ਚੇਤਿਆਂ ਵਿਚ ਵੱਸਦੀਆਂ ਰਹਿੰਦੀਆਂ। ਹਰ ਯੁੱਗ ਵਿਚੋਂ ਉਨ੍ਹਾਂ ਦੀਆਂ ਦੇਣਾਂ ਨੂੰ ਨਤਮਸਤਕਤਾ, ਹਰੇਕ ਲਈ ਸ਼ੁਭ-ਕਰਮਨ।
ਸੁਹੱਪਣ ਲੋਕ-ਚੇਤਿਆਂ ਦੀ ਅਮਾਨਤ ਬਣ, ਸਦਾ ਲਈ ਅਮਰ। ਕੁਝ ਤਾਂ ਅਜਿਹਾ ਕਰੀਏ ਕਿ ਅਸੀਂ ਲੋਕ ਚੇਤਨਾ ਦਾ ਹਿੱਸਾ ਬਣ, ਪੈੜਾਂ ਨੂੰ ਨਵੀਂ ਰੰਗਰੇਜ਼ਤਾ ਹੀ ਬਖਸ਼ ਦੇਈਏ।
ਸੁਹੱਪਣ, ਦੇਖਣਾ, ਸੁੰਘਣਾ ਜਾਂ ਸਪੱਰਸ਼ ਕਰਨਾ ਨਹੀਂ ਸਗੋਂ ਇਕ ਅਹਿਸਾਸ ਜੋ ਮਹਿਸੂਸ ਕੀਤਾ ਜਾ ਸਕਦਾ, ਅੰਤਰੀਵ ਵਿਚ ਮਾਣਿਆ ਜਾ ਸਕਦਾ, ਜਿਸ ਦੀਆਂ ਰੂਹਾਨੀ ਤਰੰਗਾਂ ਆਤਮਕ ਸ਼ਰਸ਼ਾਰਤਾ ਦਾ ਸਬੱਬ ਬਣਦੀਆਂ, ਜਿਸ ਦੀ ਕੋਮਲਤਾ ਨੂੰ ਅਭਿੱਜ ਰਹਿ ਕੇ ਪ੍ਰਭਾਵਸ਼ੀਲ ਬਣਾਇਆ ਜਾ ਸਕਦਾ ਅਤੇ ਜੋ ਜਿਉਣ ਦਾ ਸਬੱਬ ਅਤੇ ਮੱਕੇ ਦਾ ਹੱਜ ਹੁੰਦੀ।
ਸੁਹੱਪਣ, ਆਤਮ-ਵਿਸ਼ਵਾਸ ਦਾ ਝਲਕਾਰਾ, ਜ਼ਿੰਦਾਦਿਲੀ ਦਾ ਲਲਕਾਰਾ, ਸਾਥ-ਸੰਗ ਦਾ ਹੁਲਾਰਾ ਅਤੇ ਬੋਲਾਂ ਵਿਚਲੀ ਮਿਠਾਸ ਦਾ ਨਜ਼ਾਰਾ।
ਸੁਹੱਪਣ, ਸਵੈ ਦਾ ਪ੍ਰਗਟਾਵਾ, ਦਲੇਰੀ ਦਾ ਜਲੌਅ, ਸਿਦਕਦਿਲੀ ਦਾ ਪਰਤੌਅ ਅਤੇ ਦ੍ਰਿੜਤਾ ਦੀ ਪੌੜੀ ਜਿਸ ਲਈ ਕੋਈ ਮੰਜ਼ਲ ਅ-ਸਰ ਨਹੀਂ।
ਸੁਹੱਪਣ, ਮਨੁੱਖੀ ਤਾਕਤ, ਸ਼ਖਸੀਅਤ ਦਾ ਸਾਜ਼ਗਾਰ ਸਰੂਪ, ਮਹਿਕਾਂ ਬਿਖੇਰਦੀ ਮਨੁੱਖੀ ਤਾਸੀਰ ਅਤੇ ਆਭਾ ਮੰਡਲ ਸਿਰਜਦਾ ਪ੍ਰਤਾਪ।
ਸੁਹੱਪਣ, ਬਨਾਵਟੀਪਣ ਤੋਂ ਅਲੇਪ, ਪਖੰਡ ਤੋਂ ਨਿਰਲੇਪ ਅਤੇ ਅਸਲੀਅਤ ਦੇ ਨੇੜੇ ਹੋਵੇ ਤਾਂ ਇਸ ਦੀ ਮਿਕਨਾਤੀਸੀ ਖਿੱਚ, ਜੀਵਨ-ਬਹਾਰਾਂ ਲਈ ਨਿਰੰਤਰ ਨਿਉਂਦਾ।
ਸੁਹੱਪਣ, ਖੁਸ਼ੀ ਦਾ ਖਜਾਨਾ, ਹਾਸਿਆਂ ਦੀ ਪਟਾਰੀ, ਮੁਖੜੇ ‘ਤੇ ਮੁਸਕਰਾਹਟ-ਫੁੱਲਕਾਰੀ, ਅਦਾ ਵਿਚੋਂ ਝਰਦੀ ਦਿਲਦਾਰੀ ਅਤੇ ਕਰਮ ‘ਚੋਂ ਕਿਰਦੀ ਕਿਰਤ-ਖੁਮਾਰੀ।
ਸੁਹੱਪਣ, ਟੁੱਟੇ ਦਿਲਾਂ ‘ਤੇ ਮਰਹਮ-ਫੇਹੇ, ਉਦਾਸ ਚੇਤਿਆਂ ਦੀ ਚੰਗੇਰ ‘ਚ ਘੁੱਲਿਆ ਚੇਤਰ, ਪੱਤਝੜ ਦੀ ਹਿੱਕ ‘ਤੇ ਬਹਾਰਾਂ ਦੀ ਆਮਦ ਅਤੇ ਸੋਕਿਆਂ ਦੇ ਤਨ ‘ਤੇ ਰਿਮਝਿਮ ਬਰਸਣੀ।
ਸੁਹੱਪਣ, ਚੜ੍ਹਦੇ ਸੂਰਜ ਦੀ ਲਾਲ ਸੂਹੀ ਟਿੱਕੀ ਅਤੇ ਤਰੇਲ ਤੁਪਕਿਆਂ ਵਿਚ ਬਿਖਰਦੇ ਰੰਗਾਂ ਦਾ ਹੁੰਦਾ। ਸੁਹੱਪਣ, ਡੁੱਬਦੇ ਸੂਰਜ ਦੀ ਲਾਲੀ ‘ਚ ਘਰਾਂ ਨੂੰ ਪਰਤਦੇ ਪਰਿੰਦਿਆਂ ਵਿਚ ਵੀ ਪਰਵਾਜ਼ ਭਰਦਾ। ਸੁਹੱਪਣ, ਕਮਰੇ ਦੀ ਖਿੜਕੀ ਵਿਚੋਂ ਆਉਂਦੀ ਧੁੱਪ-ਕਾਤਰ ਵਿਚ ਚਮਕਦੇ ‘ਤੇ ਲਟਕਦੇ ਕਣਾਂ ਦੀ ਹਰਕਤ ਹੁੰਦਾ ਜੋ ਜੀਵਨੀ-ਰੰਗ ਤੇ ਰੂਹ-ਰਮਤਾ ਦਾ ਅਚੇਤ ਸੁਨੇਹਾ ਹੁੰਦਾ।
ਸੁਹੱਪਣ, ਪਰਬਤੀ ਟੀਸੀ, ਸਮੁੰਦਰੀ ਲਹਿਰਾਂ ਦੀਆਂ ਉਚੇਰੀਆਂ ਛੱਲਾਂ, ਦਰਿਆਵਾਂ ਵਿਚ ਪੈਦਾ ਹੁੰਦੀਆਂ ਲਹਿਰਾਂ ਅਤੇ ਚੱਪੂਆਂ ਦੀ ਆਵਾਜ਼ ਵਿਚ ਵੀ ਹੁੰਦਾ। ਸਿਰਫ ਅਹਿਸਾਸ ਜਿਉਂਦੇ ਹੋਣੇ ਚਾਹੀਦੇ।
ਸੁਹੱਪਣ, ਬਾਹਰੀ ਤੇ ਅੰਦਰਲੀ ਇਕਸੁਰਤਾ ਤੇ ਇਕਸੀਰਤਾ ਦਾ ਸੁਮੇਲ, ਬੋਲਾਂ ਅਤੇ ਕਰਮਸ਼ੈਲੀ ਵਿਚਲਾ ਸੰਤੁਲਨ, ਦਿੱਖ ਅਤੇ ਦਿੱਭ ਵਿਚਲਾ ਸਾਵਾਂਪਣ, ਹਾਕ ਅਤੇ ਹੁੰਗਾਰੇ ਦੀ ਸਾਂਝੀਵਾਲਤਾ ਅਤੇ ਸਥੂਲ ਤੇ ਅਸਥੂਲ ਅਦਿੱਖ ਦੀਵਾਰ।
ਸੁਹੱਪਣ, ਸਾਵੀਂ ਸੋਚ ਦਾ ਪ੍ਰਗਟਾਅ, ਹਲੀਮੀ ਤੇ ਮਧੁਰ ਬੋਲਬਾਣੀ ਦਾ ਪ੍ਰਵਾਹ ਅਤੇ ਪੈੜਚਾਲ ਤੇ ਦਿਸਹੱਦਿਆਂ ਵਿਚਲੀ ਸਿਮਟਦੀ ਦੂਰੀ ਲਈ ਦੁਆ।
ਸੁਹੱਪਣ, ਚਾਰੇ ਪਾਸੇ ਮਹਿਕਾਂ ਬਿਖੇਰਦਾ, ਸਰਬ ਵਿਆਪਕ, ਹਰ ਵੇਲੇ ਹਾਜ਼ਰ-ਨਾਜ਼ਰ। ਸਿਰਫ ਸਰੀਰਕ ਝਰੋਖਿਆਂ ਰਾਹੀਂ ਇਸ ਨੂੰ ਮਹਿਸੂਸ ਕਰਨ ਅਤੇ ਮਾਣਨ ਦੀ ਤਰਕੀਬ ਦਾ ਹੋਣਾ ਜਰੂਰੀ।
ਸੁਹੱਪਣ, ਸੱਜਰੇ ਮੀਂਹ ਦਾ ਪਾਣੀ। ਸੁਹੱਪਣ, ਸਾਹਾਂ-ਰੱਤੀ ਕਹਾਣੀ। ਸੁਹੱਪਣ, ਅੰਬਰੋਂ ਟੁੱਟਿਆ ਤਾਰਾ। ਸੁਹੱਪਣ, ਅੰਬਰੀ ਚਾਨਣ-ਪਸਾਰਾ। ਸੁਹੱਪਣ, ਪੂਰੇ ਚੰਨ ਦੀ ਥਾਲੀ। ਸੁਹੱਪਣ, ਰਿਸ਼ਮਾਂ ਸੰਗ ਭਿਆਲੀ। ਸੁਹੱਪਣ, ਸੰਗ ਦੀ ਮੁੱਖ ‘ਤੇ ਲੇਪ। ਸੁਹੱਪਣ, ਨੈਣੀਂ ਹੱਥ ਦੀ ਝੇਪ। ਸੁਹੱਪਣ, ਮਨ-ਮਲੂਕ ਦੀ ਮਹਿੰਦੀ। ਸੁਹੱਪਣ, ਸਦਾ ਪ੍ਰਾਹੁਣੀ ਰਹਿੰਦੀ। ਸੁਹੱਪਣ, ਪੌਣ-ਪਿੰਡੇ ‘ਤੇ ਪਿੜੀਆਂ। ਸੁਹੱਪਣ, ਧੁੱਪਾਂ ਵਿਹੜੇ ਖਿੜੀਆਂ।
ਸੁਹੱਪਣ, ਸਰੀਰਕ ਹੋਵੇ ਤਾਂ ਬੇਅਰਥਾ ਕਿਉਂਕਿ ਸਰੀਰ ਮਿੱਟੀ ਦਾ ਪੁਤਲਾ ਜਿਸ ਨੇ ਮਿੱਟੀ ਸੰਗ ਮਿੱਟੀ ਹੋਣਾ। ਪਰ ਰੂਹ ਦਾ ਸੁਹੱਪਣ ਸਦਾ ਚਿਰੰਜੀਵ।
ਸੁਹੱਪਣ, ਨਾ ਹੀ ਸਜਾਵਟੀ ਵਸਤ ਅਤੇ ਨਾ ਹੀ ਇਸ ਦੀ ਪ੍ਰਦਰਸ਼ਨੀ ਲਾਈ ਜਾਂਦੀ। ਇਸ ਨੂੰ ਅੰਤਰੀਵ ਵਿਚ ਉਜਾਗਰ ਅਤੇ ਜਜ਼ਬ ਕਰਨ ਦਾ ਵੱਲ ਆਵੇ ਤਾਂ ਸੁਹੱਪਣ ਸਦੀਵਤਾ ਦੀ ਉਮਰ ਹੰਢਾਵੇ।
ਸੁਹੱਪਣ ਦੀ ਸਾਰਥਕਤਾ, ਸੰਜੀਵਤਾ ਅਤੇ ਸੁਪਨਸ਼ੀਲਤਾ ਨੂੰ ਸੰਵੇਦਨਾ ਬਣਾਉਣਾ। ਤੁਹਾਡੇ ਆਤਮਕ ਆਵੇਸ਼ ਅਤੇ ਜੀਵਨ-ਜਾਚ ਨੂੰ ਜਿਉਣ ਦਾ ਨਵਾਂ ਨਜ਼ਰੀਆ ਮਿਲੇਗਾ।