ਦਰਦ ਕਿਸਾਨੀ: ਪਿਛੋਕੜ ‘ਤੇ ਇਕ ਝਾਤ (ਭਾਗ 2)

ਹਰੇ ਇਨਕਲਾਬ ਨੇ ਭਾਰਤ ਨੂੰ ਅਨਾਜ ਦੀ ਤੋਟ ਤੋਂ ਸੁਰਖਰੂ ਕੀਤਾ ਪਰ ਮੁਲਕ ਨੂੰ ਸਵੈ-ਨਿਰਭਰ ਕਰਨ ਵਾਲਾ ਕਿਸਾਨ ਇਸੇ ਹਰੇ ਇਨਕਲਾਬ ਦੇ ਮਾਰੂ ਸਿੱਟਿਆਂ ਕਾਰਨ ਪੈਰੋਂ ਹਿੱਲ ਗਿਆ ਤਾਂ ਇਸ ਦੀ ਬਾਂਹ ਫੜ੍ਹਨ ਵਾਲਾ ਕੋਈ ਨਹੀਂ। ਕਰਜ਼ੇ ਦੀ ਮਾਰ ਹੇਠ ਆਇਆ ਕਿਸਾਨ ਹੁਣ ਆਪਣੀ ਜੀਵਨ ਲੀਲ੍ਹਾ ਆਪ ਖਤਮ ਕਰਨ ਦੇ ਰਾਹ ਪੈ ਚੁਕਾ ਹੈ। ਫਿਰ ਵੀ ਉਸ ਦੀ ਮਦਦ ਲਈ ਕੋਈ ਨਹੀਂ ਬਹੁੜ ਰਿਹਾ।

ਇਨ੍ਹਾਂ ਭਿਆਨਕ ਹਾਲਾਤ ਦੇ ਪਿਛੋਕੜ ਵਿਚ ਲਿਖਿਆ ਲੰਮਾ ਲੇਖ ਡਾ. ਗੋਬਿੰਦਰ ਸਿੰਘ ਸਮਰਾਓ ਨੇ ‘ਪੰਜਾਬ ਟਾਈਮਜ਼’ ਲਈ ਉਚੇਚਾ ਭੇਜਿਆ ਹੈ, ਜਿਸ ਦੀ ਦੂਜੀ ਕਿਸ਼ਤ ਹਾਜ਼ਰ ਹੈ। -ਸੰਪਾਦਕ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310

(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਸ਼ੇਰਾ ਅਗਲੇ ਸਾਲ ਆਪਣੇ ਭਰਾ ਨਾਲ ਸ਼ਹਿਰ ਦੀ ਇਕ ਇੰਜਣ ਕਲ-ਪੁਰਜੇ ਬਣਾਉਣ ਵਾਲੀ ਫੈਕਟਰੀ ਵਿਚ ਮਜ਼ਦੂਰ ਭਰਤੀ ਹੋ ਗਿਆ ਤੇ ਖੇਤੀ ਕਰਨੀ ਛੱਡ ਗਿਆ। ਮੇਰੀ ਜਮੀਨ ਫਿਰ ਖਾਲੀ ਹੋ ਗਈ। ਉਸੇ ਸਾਲ ਮੇਰੀ ਪੰਜਾਬ ਯੂਨੀਵਰਸਿਟੀ ਦੀ ਫੈਲੋਸ਼ਿਪ ਖਤਮ ਹੋ ਗਈ ਤੇ ਮੈਨੂੰ ਬਦਲ ਕੇ ਗੌਰਮਿੰਟ ਕਾਲਜ, ਰੋਪੜ ਭੇਜ ਦਿੱਤਾ ਗਿਆ। ਮੈਂ ਕਈ ਹੋਰ ਅਧਿਆਪਕਾਂ ਵਾਂਗ ਚੰਡੀਗੜ੍ਹ ਤੋਂ ਹੀ ਹਰ ਰੋਜ਼ ਰੋਪੜ ਜਾਣਾ ਸ਼ੁਰੂ ਕਰ ਦਿੱਤਾ। ਉਥੇ ਮੇਰੀ ਮੁਲਾਕਾਤ ਕੈਮਿਸਟਰੀ ਦੇ ਪ੍ਰੋਫੈਸਰ ਜੋਗਿੰਦਰ ਸਿੰਘ ਨਾਲ ਹੋਈ ਜੋ ਚੰਡੀਗੜ੍ਹ ਨੇੜੇ ਆਪਣੇ ਛੋਟੇ ਫਾਰਮ ਤੇ ਖੇਤੀ ਵੀ ਕਰਵਾਉਂਦਾ ਸੀ। ਉਸ ਨੇ ਮੈਨੂੰ ਸਲਾਹ ਦਿੱਤੀ ਕਿ ਜਮੀਨ ‘ਤੇ ਇਕ ਨੌਕਰ ਰੱਖ ਦੇਵਾਂ ਜੋ ਖੇਤੀ ਦਾ ਕੰਮ ਕਰੇ ਤੇ ਮੈਂ ਹਫਤੇ ਬਾਅਦ ਜਾ ਕੇ ਦੇਖ-ਰੇਖ ਕਰ ਆਇਆ ਕਰਾਂ। ਮੈਨੂੰ ਪੇਂਡੂ ਅਰਥਚਾਰੇ ਉਤੇ ਸਰਮਾਏਦਾਰੀ ਦੀ ਵਧਦੀ ਜਕੜ ਸਪਸ਼ਟ ਨਜ਼ਰ ਆਈ। ਇਕ ਪਾਸੇ ਇਕ ਖੁਦ-ਕਾਸ਼ਤਕਾਰ ਛੋਟਾ ਕਿਸਾਨ ਪਹਿਲਾਂ ਬਟਾਈਦਾਰ ਮੁਜ਼ਾਰਾ ਬਣਦਾ ਦੇਖਿਆ ਤੇ ਫਿਰ ਉਹ ਮਜ਼ਦੂਰੀ ਦੀ ਢਲਾਣ ਵਲ ਰੁੜ੍ਹਦਾ ਤੱਕਿਆ ਅਤੇ ਦੂਜੇ ਪਾਸੇ ਇਕ ਸੀਰੀ ਭਾਵ ਵਾਹੀ ਹਿੱਸੇਦਾਰ ਨੂੰ ਮਜ਼ਦੂਰ ਬਣਦੇ ਦੇਖਿਆ।
ਖੈਰ! ਮੈਨੂੰ ਉਸ ਦੀ ਸਾਰੀ ਗੱਲ ਅੱਛੀ ਲੱਗੀ। ਉਸ ਦੀ ਸਲਾਹ ‘ਤੇ ਅਮਲ ਕਰਦਿਆਂ ਮੈਂ ਆਪਣੇ ਹੀ ਪਿੰਡੋਂ ਅਮਰੇ ਨਾਂ ਦੇ ਇਕ ਆਦਮੀ ਨੂੰ ਖੇਤੀ ਲਈ ਨੌਕਰ ਰੱਖ ਲਿਆ। ਜੀਰੀ ਦੀ ਫਸਲ ਲੁਆ ਕੇ ਮੈਂ ਉਸ ਨੂੰ ਸਮੇਂ ਸਿਰ ਖਾਦ ਪਾਣੀ ਦੇਣ ਲਈ ਕਹਿ ਕੇ ਚੰਡੀਗੜ੍ਹ ਚਲਾ ਗਿਆ।
ਦੋ ਹਫਤੇ ਬਾਅਦ ਆਇਆ ਤਾਂ ਗਲੀ ਦੇ ਇਕ ਛੋਟੇ ਕਿਸਾਨ ਨੇ ਮੁਖਬਰੀਆਂ ਵਾਂਗ ਦੱਸਿਆ, “ਬਾਈ ਤੇਰੇ ਪਿੱਛੇ ਤੇ ਅਮਰਾ ਤੇਰਾ ਕੰਮ ਨੀਂ ਕਰਦਾ, ਹੋਰਾਂ ਗਾ ਈ ਗੋਹਾ-ਕੂੜਾ ਕਰਦਾ ਫਿਰੀ ਜਾਹਾ।” ਮੇਰੇ ਅੰਦਰ ਗੁੱਸੇ ਦੀ ਤਾਰ ਜਿਹੀ ਫਿਰ ਗਈ। ਹੈਰਾਨੀ ਹੋਈ ਕਿ ਮੈਂ ਉਸ ਨੂੰ ਜਿਮੀਂਦਾਰਾਂ ਦੀ ਗੁਲਾਮੀ ‘ਚੋਂ ਕੱਢ ਕੇ ਖੁਦਮੁਖਤਿਆਰੀ ਦੀ ਜ਼ਿੰਦਗੀ ਦਿਤੀ ਸੀ ਪਰ ਉਹ ਫਿਰ ਉਨ੍ਹਾਂ ਦੀ ਹੀ ਕਮਾਨ ਹੇਠ ਜਾ ਲੱਗਾ। ਕ੍ਰੋਧਿਤ ਹੋਇਆਂ ਮੈਂ ਉਸ ਨੂੰ ਬੁਲਾਇਆ ਤੇ ਕੜਕਿਆ, “ਤੂੰ ਆਪਣੇ ਖੇਤਾਂ ‘ਚ ਕਿਉਂ ਨਹੀਂ ਰਹਿੰਦਾ, ਇੱਧਰ ਉਧਰ ਕਿਉਂ ਭੱਜਿਆ ਫਿਰੀ ਜਾਨਾਂ?”
ਉਹ ਤਣ ਕੇ ਬੋਲਿਆ, “ਇੱਧਰ ਉਧਰ ਤੋ ਕਿਤੇ ਨੀ ਜਾਂਦਾ, ਤੇਰਿਓ ਭਾਈ ਲੇ ਜਾਹਾਂ ਕਦੇ ਕਦੇ ਡੰਗਰਾਂ ਕੇ ਕੱਖ ਕੰਡੇ ਵਾਸਤੈ।”
ਜਵਾਬ ਸੁਣ ਕੇ ਮੈਂ ਆਪੇ ਤੋ ਬਾਹਰ ਹੋ ਗਿਆ ਤੇ ਉਸ ਨੂੰ ਘੁਰਕੀ ਦਿੱਤੀ, “ਤੂੰ ਮੇਰਾ ਨੌਕਰ ਐਂ ਕਿ ਉਨ੍ਹਾਂ ਦਾ?”
ਉਹ ਅੱਖਾਂ ਨੀਵੀਆਂ ਕਰ ਕੇ ਸਹਿਜ ਸੁਭਾਈ ਹਲੀਮੀ ਨਾਲ ਬੋਲਿਆ, “ਚਲ ਕੋਈ ਨਾ ਲਾਣੇਦਾਰ, ਤੌਂਹ ਉਰੈ ਨੀਂ ਹੁੰਦਾ, ਔਂਹ ਮੰਨੂੰ ਤੇਰੇ ਪਿੱਛੇ ਤੇ ਚਾਹ ਪਾਣੀ ਬੀ ਤੋ ਪਲਾ ਦੇਹਾਂ।”
ਉਸ ਦੀ ਇਸ ਗੱਲ ਨੇ ਮੈਨੂੰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ, “ਉਹ ਨੌਕਰ ਹੈ ਪਰ ਬੰਦਾ ਵੀ ਤਾਂ ਐ। ਜ਼ਰਦਾ ਖਾਂਦਾ ਹੈ ਤੇ ਬੀੜੀ ਪੀਂਦਾ ਹੈ। ਚਾਹ ਪਾਣੀ ਦੀ ਵੀ ਤਾਂ ਇਸ ਨੂੰ ਹਰ ਵੇਲੇ ਲੋੜ ਰਹਿੰਦੀ ਹੋਵੇਗੀ। ਲੋਕਾਂ ਦੇ ਨੌਕਰ ਨੌਕਰੀ ਦੇ ਨਾਲ ਹਾਜ਼ਰੀ ਦੀ ਰੋਟੀ ਤੇ ਦੋ ਸਮੇਂ ਦੀ ਚਾਹ ਵੀ ਪੀਂਦੇ ਹਨ। ਪਰ ਮੇਰਾ ਤਾਂ ਇੱਥੇ ਕੋਈ ਘਰ ਬਾਰ ਹੀ ਨਹੀਂ। ਭਾਵੇਂ ਮੈਂ ਉਸ ਦੇ ਖਾਣ ਪੀਣ ਦੇ ਵਾਧੂ ਪੈਸੈ ਨੌਕਰੀ ਵਿਚ ਜੋੜੇ ਹੋਏ ਸਨ ਪਰ ਪੈਸਾ ਐਨਾ ਵੀ ਜਾਦੂਗਰ ਤਾਂ ਨਹੀਂ ਹੁੰਦਾ ਕਿ ਲੋੜ ਪੈਣ ‘ਤੇ ਚੀਜ਼ ਤੁਰੰਤ ਹਾਜਰ ਕਰ ਦੇਵੇ।”
ਇਹ ਸੋਚ ਕੇ ਮੈਂ ਨਰਮੀ ਧਾਰ ਗਿਆ। ਮੈਨੂੰ ਪਤਾ ਸੀ, ਨਰਮੀ ਦਿਖਾਈ ਤਾਂ ਇਹ ਬਾਫਰ ਜਾਵੇਗਾ। ਇਸ ਲਈ ਬਿਨਾ ਲਿਫੇ ਤੇ ਬਿਨਾ ਤਲਖੀ ਦਾ ਮਖੌਟਾ ਉਤਾਰੇ ਮੈਂ ਉਸ ਨੂੰ ਉਸੇ ਦੀ ਬੋਲੀ ਵਿਚ ਤਾੜਿਆ, “ਇਸ ਔਂਹ ਤੌਂਹ, ਉਰੈ ਇਰੈ ਕਰਨੇ ਗੈਲ ਕੰਮ ਨੀ ਚਲਣਾ ਕਾਕਾ! ਚਾਹ ਪਾਣੀ ਗੇ ਪੈਸੇ ਨੌਕਰੀ ਗੈਲ ਦਏ ਬੇ ਐਂ ਤੰਨੂੰ। ਸਾਰੀ ਚੀਜ਼ ਤੇਰੀ ਗੈਲ ਪਹਿਲਾਂ ਕਾਰਮੀ ਬੀ ਐ। ਜੇਹੜੀ ਚੀਜ਼ ਘੱਟ ਐਂ ਹੋਰ ਲੇ ਲੈ। ਬਿਰ ਬਿਰ ਕਰਨੇ ਗੀ ਕੋਈ ਲੋੜ ਨੀ। ਕੰਮ ‘ਤੇ ਉਰ੍ਹਾਂ ਪਰ੍ਹਾਂ ਹੋਇਆਂ ਤਾਂ ਮੇਰੇ ਤੇ ਬੁਰਾ ਕੋਈ ਨੀ ਹੋਣਾ।”
ਮੈਂ ਇਹ ਵੀ ਇੱਥੇ ਦੱਸ ਹੀ ਦਿਆਂ ਕਿ ਸਾਡੇ ਪਿੰਡਾਂ ਵਲ ਦੀ ਬੋਲੀ ਵੀ ਬੜੀ ਅਜ਼ੀਬ ਚੀਜ਼ ਹੈ। ਇਹ ਨਾ ਤਾਂ ਹਿੰਦੀ ਹੈ, ਨਾ ਪੰਜਾਬੀ ਤੇ ਨਾ ਹੀ ਹਰਿਆਣਵੀ। ਮਾਸਟਰਾਂ ਤੋਂ ਪੁੱਛਿਆ, ਉਨ੍ਹਾਂ ਨੇ ਇਸ ਨੂੰ ਪੁਆਧੀ ਦੱਸਿਆ ਤੇ ਕਿਹਾ ਕਿ ਇਹ ਪੰਜਾਬੀ ਦੀ ਉਪ-ਬੋਲੀ ਹੈ। ਪਰ ਫਿਰ ਪਤਾ ਲੱਗਾ, ਇਹ ਪੁਆਧੀ ਵੀ ਨਹੀਂ ਸਗੋਂ ਇਸ ਦੀ ਵੀ ਅੱਗੇ ਉਪ ਬੋਲੀ ਹੈ। ਸਾਡੇ ਪਾਸੇ ਦੇ ਲੋਕ ਇਸ ਨੂੰ ਸਨੌਰੀ ਬੋਲੀ ਕਹਿੰਦੇ ਹਨ ਪਰ ਮੈਂ ਦੇਖਿਆ ਸਨੌਰੀ ਵੀ ਇਸ ਤੋਂ ਕਾਫੀ ਵੱਖ ਹੈ। ਦਰਅਸਲ ਘੱਗਰ ਦੇ ਨਾਲ ਨਾਲ ਪੱਛਮੀ ਪਾਸੇ ਬੋਲੀ ਜਾਣ ਵਾਲੀ ਇਹ ਬੋਲੀ ਪਿੰਡ-ਪਿੰਡ ‘ਤੇ ਬਦਲਦੀ ਹੈ ਪਰ ਮੋਟੇ ਤੌਰ ‘ਤੇ ਹੈ ਇਕੋ ਜਿਹੀ। ਇਹ ਠੇਠ ਪੰਜਾਬੀ ਤੋਂ ਇੰਨੀ ਭਿੰਨ ਹੈ ਕਿ ਅਸੀਂ ਵਾਹ ਲਗਦੇ ਇਸ ਨੂੰ ਦੂਜਿਆਂ ਦੇ ਸਾਹਮਣੇ ਬੋਲਦੇ ਵੀ ਨਹੀਂ। ਡਰਦੇ ਹਾਂ ਕਿ ਅੱਵਲ ਤਾਂ ਇਹ ਕਿਸੇ ਨੂੰ ਸਮਝ ਈ ਨੀ ਪੈਣੀ ਪਰ ਜੇ ਅੱਧ-ਪੱਚਧ ਪੈ ਵੀ ਗਈ ਤਾਂ ਉਹ ਸਾਨੂੰ ਗੰਵਾਰ ਤੇ ਡੰਗਰ ਜਰੂਰ ਸਮਝੇਗਾ। ਇਹ ਬੋਲੀ ਸੁਣ ਕੇ ਕਈਆਂ ਨੂੰ ਮੈਂ ਹਾਸਾ-ਠੱਠਾ ਕਰਦਿਆਂ ਦੇਖਿਆ ਵੀ ਹੈ। ਸੋਚਦਾ ਹਾਂ ਅਸੀਂ ਕਿੰਨੇ ਅਭਾਗੇ ਹਾਂ ਕਿ ਸਾਡੀ ਕੋਈ ਚੱਜ ਦੀ ਜੁਬਾਨ ਹੀ ਨਹੀਂ। ਜੋ ਹੈ, ਉਸ ਨੂੰ ਕਿਤੇ ਛਪਿਆ ਨਹੀਂ ਦੇਖਿਆ, ਕਿਤੇ ਪੜ੍ਹਿਆ ਨਹੀਂ। ਮਹਿਸੂਸ ਹੁੰਦਾ ਹੈ ਜਿਵੇਂ ਅਸੀਂ ਕਿਸੇ ਅੱਗੇ ਮੂੰਹ ਖੋਲ੍ਹ ਕੇ ਗੱਲ ਕਰਨ ਦੇ ਕਾਬਲ ਹੀ ਨਹੀਂ ਤੇ ਆਪਣੇ ਆਪ ਨੂੰ ਵਿਅਕਤ ਕਰਨ ਦਾ ਅਧਿਕਾਰ ਵੀ ਸਾਡੇ ਕੋਲ ਨਹੀਂ। ਕਈ ਵਾਰ ਤਾਂ ਸਾਨੂੰ ਠੇਠ ਪੰਜਾਬੀ ਵੀ ਉਨੀ ਹੀ ਪਰਾਈ ਲਗਦੀ ਹੈ, ਜਿੰਨੀ ਹਿੰਦੀ ਜਾਂ ਅੰਗਰੇਜ਼ੀ।
ਪਤਾ ਨਹੀਂ ਭਰਮ ਹੈ ਜਾਂ ਅਸਲੀਅਤ, ਪਰ ਲਗਦਾ ਹੈ ਜਿਵੇਂ ਆਪਣੀ ਇਸ ‘ਮਾਂ ਬੋਲੀ’ ਵਿਚ ਗੱਲ ਕਰਨ ਲਈ ਜੀਭ ‘ਤੇ ਇਕ ਨਵੀਂ ਗਰਾਰੀ ਚੜ੍ਹਾਉਣੀ ਪੈਂਦੀ ਹੋਵੇ। ਇੰਨਾ ਹੋਣ ਦੇ ਬਾਵਜੂਦ ਆਪਣੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਬਹੁਤੀ ਇਹੋ ਬੋਲੀ ਬੋਲਣੀ ਪੈਂਦੀ ਸੀ। ਇਸ ਲਈ ਇਸ ਸੱਚੀ ਗਾਥਾ ਵਿਚ ਵੀ ਲੋੜ ਅਨੁਸਾਰ ਇਹੋ ‘ਭਾਸ਼ਾ’ ਵਰਤ ਰਿਹਾ ਹਾਂ।
ਖੈਰ! ਅਮਰੇ ਦੀ ਗੱਲ ਸੁਣ ਕੇ ਮੇਰਾ ਇਹ ਵਿਸ਼ਵਾਸ ਪੱਕਾ ਹੋਣ ਲੱਗਾ ਕਿ ਅੱਡ ਹੋਣ ਤੋਂ ਬਾਅਦ ਮੇਰੇ ਪਿਤਾ ਜੀ ਤੇ ਮੇਰੇ ਭਰਾ ਮੇਰੇ ਖੈਰ-ਖਵਾਹ ਨਹੀਂ ਸਨ ਰਹੇ। ਹੁਣ ਉਹ ਮੈਨੂੰ ਕੈਰੀ ਅੱਖ ਨਾਲ ਦੇਖਦੇ ਸਨ। ਉਨ੍ਹਾਂ ਦੇ ਘਰ ਵਿਚ ਹੁਣ ਮੇਰੇ ਲਈ ਕੋਈ ਥਾਂ ਨਹੀਂ ਸੀ। ਰਾਤ ਤਾਂ ਇਕ ਪਾਸੇ, ਦੁਪਹਿਰਾ ਕੱਟਣ ਲਈ ਵੀ ਮੈਂ ਉਥੇ ਨਹੀਂ ਸੀ ਜਾ ਸਕਦਾ। ਬਾਹਰ ਦਰਖਤ ਹੇਠ ਬੈਠ ਕੇ ਆ ਜਾਂਦਾ। ਪਿੰਡ ਵਿਚ ਮੇਰਾ ਕੋਈ ਘਰ ਨਹੀਂ ਸੀ। ਘਰ ਬਦਲੇ ਪਿੰਡੋਂ ਬਾਹਰ ਖਾਲੀ ਜਮੀਨ ਹੀ ਮਿਲੀ ਸੀ। ਜੇ ਪਿੰਡ ਰਾਤ ਕੱਟਣੀ ਪੈਂਦੀ ਤਾਂ ਖੇਤ ਵਿਚ ਹੀ ਤੰਬੂ ਲਾ ਕੇ ਰਹਿੰਦਾ ਸਾਂ। ਹੌਲੀ ਹੌਲੀ ਇਕ ਕਮਰਾ ਪਾਉਣਾ ਅਰੰਭਿਆ। ਕਮਰਾ ਪਾਉਣ ਵੇਲੇ ਵੀ ਮਹੀਨਾ ਭਰ ਇਕ ਤੰਬੂ ਵਿਚ ਟਿਕਿਆ। ਉਸ ਵੇਲੇ ਵੀ ਮੇਰੇ ਮਾਂ-ਪਿਓ ਤੇ ਭਰਾ ਮੇਰੇ ਕੋਲ ਨਾ ਆਏ। ਜਮੀਨ ਦੀ ਵੰਡ ਪਿਛੋਂ ਉਨ੍ਹਾਂ ਨੂੰ ਮੇਰੇ ਤਾਈਂ ਕੋਈ ਮਤਲਬ ਨਹੀਂ ਸੀ ਰਿਹਾ। ਮਤਲਬ ਨਹੀਂ ਤਾਂ ਰਿਸ਼ਤਾ ਕਾਹਦਾ? ਵੰਡ ਤੋਂ ਪਹਿਲਾਂ ਕਿਆ ਨਿੱਘਾ ਪਿਆਰ ਤੇ ਵੰਡ ਪਿਛੋਂ ਕਿਆ ਸਿਰ ਵੱਢਵਾਂ ਵੈਰ। ਵੰਡ ਤੋਂ ਪਹਿਲਾਂ ਘਰ ਆਏ ਨੂੰ ਮਿਲਦੀ ਸੀ ਖੀਰ ਤੇ ਜਾਂਦੇ ਨੂੰ ਟਰੈਕਟਰ ‘ਤੇ ਆਉਂਦੇ ਸਨ ਛੱਡ ਕੇ ਬੱਸ ਅੱਡੇ। ਹੁਣ ਦੇਖਦੇ ਵੀ ਨਹੀਂ ਕਿ ਕੌਣ ਆਇਆ ਤੇ ਕੌਣ ਗਿਆ। ਹੁਣ ਉਹ ਮੇਰੀ ਹੋਂਦ ਤੋਂ ਦੁਖੀ ਸਨ ਤੇ ਮੇਰਾ ਕੰਮ ਫੇਲ੍ਹ ਕਰ ਕੇ ਪਿੰਡੋਂ ਭਜਾਉਣਾ ਚਾਹੁੰਦੇ ਸਨ। ਮਨੁੱਖੀ ਸਮਾਜ ਦੀਆਂ ਖੁਲ੍ਹਦੀਆਂ ਪਰਤਾਂ ਦਾ ਇਹ ਨੰਗਾ ਨਾਚ ਮੈਂ ਪਹਿਲੀ ਵਾਰ ਆਪਣੇ ਸਾਹਮਣੇ ਹੁੰਦਾ ਦੇਖਿਆ।
ਕਲਾਸ ਵਿਚ ਪੁਲੀਟੀਕਲ ਫਿਲਾਸਫੀ ਪੜ੍ਹਾਉਂਦਿਆਂ ਜਦੋਂ ਕਾਰਲ ਮਾਰਕਸ ਦੇ ਇਕਨਾਮਿਕਸ ਡਿਟਰਮੀਨਿਜ਼ਮ ਦੇ ਸਿਧਾਂਤ ਬਾਰੇ ਦੱਸਦਾ ਕਿ ਸਭ ਸਮਾਜਕ ਸਬੰਧਾਂ ਦੀ ਬੁਨਿਆਦ ਆਰਥਕਤਾ ‘ਤੇ ਟਿਕੀ ਹੁੰਦੀ ਹੈ ਤਾਂ ਵਿਦਿਆਰਥੀ ਪੁੱਛਦੇ, ਇਹ ਕਿਵੇਂ ਹੋ ਸਕਦਾ ਹੈ? ਮੈਂ ਕਈ ਤਰੀਕਿਆਂ ਨਾਲ ਸਮਝਾਉਂਦਾ ਪਰ ਉਨ੍ਹਾਂ ਦੀ ਸਮਝ ਵਿਚ ਨਾ ਆਉਂਦਾ। ਹੁਣ ਮੇਰਾ ਮਨ ਕਰਦਾ ਕਿ ਉਨ੍ਹਾਂ ਨੂੰ ਸੱਦ ਕੇ ਲਿਆਵਾਂ ਤੇ ਸਮਾਜਕ ਸਬੰਧਾਂ ਨੂੰ ਲਤਾੜਦਾ ਆਰਥਕਤਾ ਦਾ ਤਾਂਡਵ ਨਾਚ ਦਿਖਾਵਾਂ ਤਾਂ ਜੋ ਉਨ੍ਹਾਂ ਨੂੰ ਪਤਾ ਲੱਗੇ ਕਿ ਖੂਨ ਦੇ ਰਿਸ਼ਤੇ ਵੀ ਇਸ ਦੇ ਸਾਹਮਣੇ ਕਿਵੇਂ ਤੀਰ ਹੋ ਜਾਂਦੇ ਹਨ। ਇਸ ਨੇ ਸਲਤਨਤਾਂ ਖਾਕ ਕਰ ਦਿੱਤੀਆਂ, ਫਿਰ ਕਿਸਾਨੀ ਕਿਸ ਬਾਗ ਦੀ ਮੂਲੀ ਹੈ!
ਅੰਦਰੂਨੀ ਵਾਰਤਾਲਾਪ ਖਤਮ ਹੋਣ ਪਿਛੋਂ ਮੈਂ ਅਮਰੇ ਵਲ ਦੇਖਿਆ। ਉਹ ਆਪਣੀ ਛਿੱਦੀ-ਪਤਲੀ ਕਰਵਾਉਣ ਪਿਛੋਂ ਸਾਹਮਣੇ ਵੱਟ ‘ਤੇ ਬੈਠਾ ਮੇਰੀ ਅਗਲੀ ਝਾੜ ਦੀ ਉਡੀਕ ਰਿਹਾ ਸੀ। ਮੈਂ ਉਸ ਨੂੰ ਸਮਝਾਉਂਦਿਆਂ ਕਿਹਾ, “ਤੈਨੂੰ ਉਹ ਚਾਹ ਪਿਲਾਉਂਦੇ ਹਨ, ਮੈਨੂੰ ਤਾਂ ਕਦੇ ਪਾਣੀ ਵੀ ਨ੍ਹੀਂ ਪੁੱਛਦੇ? ਤੂੰ ਇੰਨਾ ਤਾਂ ਸੋਚ ਭਲੇਮਾਣਸ।” ਮੈਂ ਉਸ ਨੂੰ ਵੀਹ ਰੁਪਏ ਦਾ ਨੋਟ ਜੇਬ ‘ਚੋਂ ਕੱਢ ਕੇ ਦਿੱਤਾ ਤੇ ਕਿਹਾ, “ਅੱਜ ਤੋਂ ਤੇਰੇ ਵੀਹ ਰੁਪਏ ਮਹੀਨਾ ਚਾਹ ਦੇ ਮੈਂ ਹੋਰ ਦਿਆਂਗਾ, ਤੂੰ ਆਪਣੇ ਕੰਮ ਨਾਲ ਮਤਲਬ ਰੱਖੀਂ।”
ਉਹ ਖੁਸ਼ੀ ਖੁਸ਼ੀ ਨੋਟ ਜੇਬ ‘ਚ ਪਾਉਂਦਾ ਬੋਲਿਆ, “ਬੱਸ ਬੱਸ ਲਾਣੇਦਾਰ ਇਸ ਗੀ ਕੇ ਲੋੜ ਐ। ਕਿਸੇ ਗੇ ਕੱਖ-ਕੰਡੇ ਗੈ ਤੋ ਮੈਂ ਅੱਜ ਤੇ ਊਂਈਓਂ ਧਾਰ ਨੀ ਮਾਰਦਾ।”
ਮੈਨੂੰ ਨਹੀਂ ਪਤਾ ਅਮਰੇ ਨੇ ਉਨ੍ਹਾਂ ਨੂੰ ਕੰਮ ਤੋਂ ਕਿਵੇਂ ਨਾਂਹ ਕੀਤੀ ਪਰ ਜਿਵੇਂ ਵੀ ਕੀਤੀ ਇਹ ਗੱਲ ਉਨ੍ਹਾਂ ਦੇ ਗਲੇ ਨਾ ਉਤਰੀ। ਮੈਨੂੰ ਪਤਾ ਉਦੋਂ ਲੱਗਾ, ਜਦੋਂ ਉਨ੍ਹਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ। ਉਨ੍ਹਾਂ ਸਮਿਆਂ ਵਿਚ ਜੀਰੀ ਵੱਢਣ ਪਿਛੋਂ ਤੋਰੀਏ ਦੀ ਫਸਲ ਬੀਜੀ ਜਾਂਦੀ ਸੀ ਤੇ ਤੋਰੀਏ ਪਿਛੋਂ ਕਣਕ। ਸਮਾਂ ਥੋੜ੍ਹਾ ਹੋਣ ਕਰਕੇ ਇਹ ਦੋਵੇਂ ਕੰਮ ਫੁਰਤੀ ਨਾਲ ਕਰਨੇ ਪੈਂਦੇ। ਇਸੇ ਕੰਮ ਦੇ ਮੌਕੇ ਮੇਰੇ ਦੂਜੇ ਭਰਾ ਨੇ ਅਮਰੇ ਨੂੰ ਕੰਮ ਕਰਵਾਉਣ ਆਪਣੇ ਖੇਤ ਵਿਚ ਲਿਜਾਣਾ ਚਾਹਿਆ। ਨਾਂਹ ਕਰਨ ‘ਤੇ ਉਸ ਨੇ ਪੁਲਿਸ ਚੌਕੀ ਝੂਠੀ ਸ਼ਿਕਾਇਤ ਕਰਕੇ ਉਸ ਨੂੰ ਹਵਾਲਾਤੇ ਬੰਦ ਕਰਵਾ ਦਿੱਤਾ। ਉਸ ਦੀ ਘਰ ਵਾਲੀ ਨੇ ਰੋ ਰੋ ਕੇ ਸਾਡੇ ਹੀ ਪਿੰਡ ਦੇ ਇਕ ਬੱਸ ਕੰਡਕਟਰ ਰਾਹੀਂ, ਜੋ ਪਟਿਆਲਾ-ਚੰਡੀਗੜ੍ਹ ਰੂਟ ‘ਤੇ ਜਾਂਦਾ ਸੀ, ਇਸ ਦੀ ਖਬਰ ਮੈਨੂੰ ਭਿਜਵਾਈ। ਪਤਾ ਲੱਗਦਿਆਂ ਹੀ ਮੈਂ ਕਾਲਜੋਂ ਛੁੱਟੀ ਲੈ ਕੇ ਆਇਆ ਤੇ ਆਪਣੀ ਜਿੰਮੇਵਾਰੀ ‘ਤੇ ਉਸ ਨੂੰ ਰਿਹਾ ਕਰਵਾ ਕੇ ਲਿਆਇਆ। ਹਾਲੇ ਪਿੰਡ ਪਹੁੰਚੇ ਹੀ ਸਾਂ ਕਿ ਅਮਰੇ ਦੇ ਭਾਈਚਾਰੇ ਦੇ ਲੋਕ ਹਰਕਤ ਵਿਚ ਆ ਗਏ। ਉਨ੍ਹਾਂ ਨੇ ਉਸ ਦੀ ਗ੍ਰਿਫਤਾਰੀ ਨੂੰ ਕੁੱਟ-ਮਾਰ ਤੇ ਮਾਣਹਾਨੀ ਦਾ ਮੁੱਦਾ ਬਣਾ ਕੇ ਉਸ ਨੂੰ ਕੰਮ ‘ਤੇ ਜਾਣ ਤੋਂ ਰੋਕ ਦਿੱਤਾ।
ਇਸ ਰੇੜ੍ਹਕੇ ਨਾਲ ਬਿਜਾਈ ਦੇ ਕੰਮ ਵਿਚ ਹੋਰ ਵਿਘਨ ਪੈ ਗਿਆ ਤੇ ਮੈਨੂੰ ਉਥੇ ਹੀ ਕਈ ਦਿਨ ਕੰਮ ਕਰਨਾ ਪਿਆ। ਆਖਰ ਫੈਸਲਾ ਹੋਇਆ ਤੇ ਮੈਂ ਉਸ ਨੂੰ ਪੰਜ ਸੌ ਰੁਪਏ ਦੀ ਮਾਣਹਾਨੀ ਦੀ ਰਕਮ ਪੱਲਿਓਂ ਦੇ ਕੇ ਕੰਮ ‘ਤੇ ਲੈ ਗਿਆ। ਸਕੂਲੀ ਪੁਸਤਕਾਂ ਵਿਚ ਪੜ੍ਹਦੇ ਸਾਂ ਕਿ ਪੇਂਡੂ ਲੋਕ ਬੜੇ ਭੋਲੇ ਭਾਲੇ ਹੁੰਦੇ ਹਨ ਪਰ ਇਸ ਘਟਨਾ ਨਾਲ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਦਿਮਾਗ ਸ਼ੈਤਾਨੀ ਨਾਲ ਵੀ ਭਰੇ ਹੁੰਦੇ ਹਨ। ਈਰਖਾ ਕਾਰਨ ਉਹ ਕਿਸੇ ਦੀਆਂ ਟੰਗਾਂ ਖਿੱਚ ਸਕਦੇ ਹਨ ਤੇ ਕਿਸੇ ਦਾ ਕੋਈ ਵੀ ਨੁਕਸਾਨ ਕਰ ਸਕਦੇ ਹਨ। ਇਹ ਵਿਕਾਰ ਉਨ੍ਹਾਂ ਨੂੰ ਉਪਰ ਨਹੀਂ ਉਠਣ ਦਿੰਦਾ। ਇਹ ਗੱਲ ਵੀ ਸਿੱਧੀ ਸਮਝ ਵਿਚ ਆਈ ਕਿ ਰਿਣਾਤਮਕ ਰੁਝਾਨਾਂ ਤੋਂ ਪਰੇ ਮੋੜਨ ਲਈ ਇਨ੍ਹਾਂ ਲੋਕਾਂ ਲਈ ਖੇਡਾਂ, ਸਿਖਿਆ ਤੇ ਭਾਈਚਾਰਕ ਉਨਤੀ ਦੇ ਕਾਰਜਾਂ ਵਿਚ ਪੈਣਾ ਕਿੰਨਾ ਤੇ ਕਿਉਂ ਜਰੂਰੀ ਹੈ?
ਕਣਕ ਦੀ ਬਿਜਾਈ ਔਖੀ ਸੌਖੀ ਕਰਨ ਤੋਂ ਬਾਅਦ ਮੈਂ ਲੱਖਣ ਲਾਇਆ ਕਿ ਇਹ ਕੰਮ ਇਸ ਤਰ੍ਹਾਂ ਜਿਆਦਾ ਦੇਰ ਤੀਕ ਨਹੀਂ ਚਲੇਗਾ। ਸਾਰੇ ਖਰਚੇ ਕੱਢ ਕੇ ਮੇਰਾ ਬਜਟ ਲਗਾਤਾਰ ਘਾਟੇ ਵਿਚ ਜਾ ਰਿਹਾ ਸੀ। ਉਨ੍ਹੀਂ ਦਿਨੀਂ ਮੈਨੂੰ ਜੋ ਗਿਆਰਾਂ ਬਾਰਾਂ ਸੌ ਰੁਪਏ ਤਨਖਾਹ ਮਿਲਦੀ ਸੀ, ਉਹ ਵੀ ਇਸੇ ਕੰਮ ਵਿਚ ਲਗ ਜਾਂਦੀ। ਮੇਰੇ ਘਰੇਲੂ ਜੀਵਨ ‘ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਣ ਲਗ ਪਿਆ। ਹਰ ਤੀਜੇ ਦਿਨ ਕਾਲਜੋਂ ਛੁੱਟੀ ਤੇ ਪਿੰਡ ਦਾ ਚੱਕਰ। ਪੜ੍ਹਨਾ-ਲਿਖਣਾ ਤਕਰੀਬਨ ਠੱਪ। ਮੇਰੇ ਬੱਚੇ, ਜੋ ਹਾਈ ਸਕੂਲ ਵਿਚ ਪੜ੍ਹਦੇ ਸਨ, ਵੀ ਮੇਰੀ ਨਿਗਰਾਨੀ ਤੋਂ ਵਾਂਝੇ ਰਹਿਣ ਲੱਗੇ। ਉਧਰ ਭਰਾਵਾਂ ਨਾਲ ਨਿੱਤ ਦੀ ਖਹਿਬਾਜੀ ਤੇ ਪਿੰਡ ਵਿਚ ਬਦਨਾਮੀ। ਕੁੱਲ ਮਿਲਾ ਕੇ ਮੈਂ ਸਮਾਜਕ ਤੇ ਆਰਥਕ ਅਧੋਗਤੀ ਵਲ ਜਾ ਰਿਹਾ ਸਾਂ।
ਮੈਂ ਸੋਚਦਾ, ਜੇ ਮੇਰੀ ਇਹ ਹਾਲਤ ਹੋਰ ਕੁਝ ਚਿਰ ਰਹੀ ਤਾਂ ਮੈਂ ਬੀਮਾਰ ਪੈ ਜਾਵਾਂਗਾ। ਇਹ ਵੀ ਸੋਚਦਾ ਕਿ ਦੂਜੇ ਕਿਸਾਨ ਕਿਹੜਾ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਨ। ਉਨ੍ਹਾਂ ਦੀ ਹਾਲਤ ਤਾਂ ਮੇਰੇ ਤੋਂ ਵੀ ਪਤਲੀ ਹੋਵੇਗੀ। ਸਮਝ ਨਾ ਆਇਆ ਕਿ ਮੇਰੇ ਭਰਾ, ਜਿਨ੍ਹਾਂ ਕੋਲ ਕੋਈ ਸਰਕਾਰੀ ਨੌਕਰੀ ਜਾਂ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਸੀ, ਜਾਂ ਮੇਰੇ ਚਾਚੇ ਦੇ ਲੜਕੇ ਜਿਨ੍ਹਾਂ ਕੋਲ ਜਮੀਨ ਵੀ ਪੰਜ-ਪੰਜ ਕਿਲੇ ਹੀ ਸੀ, ਕਿਵੇਂ ਗੁਜ਼ਾਰਾ ਕਰਦੇ ਹੋਣਗੇ। ਕਈ ਵਾਰ ਮੈਨੂੰ ਉਨ੍ਹਾਂ ‘ਤੇ ਦਯਾ ਵੀ ਆਉਂਦੀ। ਮੈਨੂੰ ਲੱਗਾ ਕਿ ਜਮੀਨ ਦੇ ਝੰਜਟ ਵਿਚ ਫਸ ਕੇ ਇਹ ਹੋਣ ਭਾਵੇ ਨਾ ਹੋਣ, ਮੈਂ ਜਰੂਰ ਬਰਬਾਦ ਹੋ ਜਾਵਾਂਗਾ। ਇਕ ਹੋਰ ਵੱਡਾ ਖਰਚਾ ਆਇਆ, ਮੈਂ ਲਿਫ ਜਾਵਾਂਗਾ।
ਮੈਂ ਮਾਮੇ ਨਾਲ ਸਲਾਹ ਕੀਤੀ। ਉਸ ਨੇ ਕਿਹਾ ਕਿ ਉਹ ਮੇਰੇ ਪਿਤਾ ਜੀ ਨਾਲ ਗੱਲ ਕਰ ਕੇ ਹੀ ਕੋਈ ਹੱਲ ਦੱਸ ਸਕਦਾ ਹੈ। ਜਦੋਂ ਮਾਮੇ ਨੇ ਮੈਨੂੰ ਨਾਲ ਲਿਜਾ ਕੇ ਗੱਲ ਕੀਤੀ ਤਾਂ ਬਾਪੂ ਬੋਲਿਆ, “ਬਾਈ ਤੋ ਉਂਈਂਓਂ ਬੌਲਾ ਹੋਇਆ ਫਿਰਾ। ਇਕ ਸੀਰੀ ਰਖੈ, ਦੋਏ ਭਾਈ ਸਾਂਝਾ ਟਰੈਕਟਰ ਲੇ ਕੈ ਖੇਤੀ ਕਰੈਂ। ਛੋਕਰਾ (ਮੇਰਾ ਛੋਟਾ ਭਰਾ) ਝੋਟੇ ਵਰਗਾ ਗਭਰੂ ਐ, ਸਾਰੀ ਜਮੀਨ ਨੂੰ ਦੋ ਦਿਨਾਂ ਮਾਂ ਪਲੱਥ ਕੈ ਮਾਰੇ ਕਰੇਗਾ। ਉਰੈ ਇਸ ਗੀ ਖੇਤੀ ਹੋਈ ਜਾਹੇਗੀ, ਉਥੈ ਯੋਹ ਰਾਮ ਮਾਂ ਆਪਣਾ ਨੌਕਰੀ-ਪੱਤਾ ਕਰੀ ਜਾਹੇਗਾ। ਗੈਲੇ ਇਸ ਗੇ ਨਿਆਣੇ ਪੜ੍ਹ ਲੇਂ ਗੇ, ਗੈਲੇ ਜੋਹ ਸੁਖ ਗੀ ਨੀਂਦ ਸੋਏਗਾ।”
ਸਾਡੇ ਪਿੰਡਾਂ ਵੱਲ ਬਾਈ ਬੜੇ ਸਨਮਾਨ ਵਾਲਾ ਰੁਤਬਾ ਮੰਨਿਆ ਜਾਂਦਾ ਹੈ। ਕੀ ਛੋਟੇ, ਕੀ ਵਡੇ, ਕੀ ਔਰਤਾਂ ਅਤੇ ਕੀ ਬੱਚੇ, ਸਭ ਬਾਈ ਹੋ ਸਕਦੇ ਹਨ ਤੇ ਕੋਈ ਕਿਸੇ ਨੂੰ ਵੀ ਬਾਈ ਕਹਿ ਕੇ ਬੁਲਾ ਸਕਦਾ ਹੈ। ਕਈ ਵਾਰ ਤਾਂ ਅਨਜਾਣ ਬੰਦਿਆਂ ਨਾਲ ਵੀ ਇਹ ਸੰਬੋਧਨ ਮਲੋ-ਮੱਲੀ ਜੋੜ ਦਿਤਾ ਜਾਂਦਾ ਹੈ। ਉਂਜ ਇਹ ‘ਭਾਈ’ ਭਾਵ ਦਾ ਸ਼ਬਦ ਹੈ ਪਰ ਸਾਡੀ ਬੋਲੀ ਵਿਚ ਇਸ ਨੂੰ ਪਿਆਰ ਤੇ ਸਾਊਪੁਣੇ ਦੀ ਜੋ ਵਾਧੂ ਪੁੱਠ ਚੜ੍ਹੀ ਹੋਈ ਹੈ, ਉਸ ਨੂੰ ਅਸੀਂ ਹੀ ਜਾਣਦੇ ਹਾਂ।
ਖੈਰ! ਮਾਮਾ ਮੈਨੂੰ ਬਾਹਰ ਲਿਜਾ ਕੇ ਸਮਝਾਉਣ ਲੱਗਾ, “ਬਾਈ ਬਾਤ ਤੋ ਠੀਕ ਕਾਹਾ ਲੰਬੜਦਾਰ। ਲੋਨ ਪਰ ਸਾਂਝਾ ਟਰੈਕਟਰ ਲੇ ਲਿਓ। ਤੌਂਹ ਆਪਣੇ ਥੌੜ ਆਪਣੇ ਨੌਕਰ ਅਮਰੇ ਨੂੰ ਛੱਡ ਦੇ। ਇਸੇ ਨੂੰ ਰੱਖ ਲੈ ਅਗਲੇ ਸਾਲ ਤੇਰੇ ਕੰਮ ਕਾਰ ਨੂੰ ਸਮਝਾ ਜੋਹੋ। ਜੀ ਲਾ ਕੈ ਕੰਮ ਕਰੀ ਜਾਹੇਗਾ ਇਨ੍ਹਾਂ ਗੈਲ। ਨਿਊਂ ਤੋ ਨੌਕਰ ਸੌਹਰੇ ਪਿੱਛਾ ਤੱਕੀਂ ਜਾਹਾਂ ਜਿਮੀਂਦਾਰ ਗਾ। ਕੰਮ ਆਪਣਾ ਕੱਠਾ ਰਖੋ ਅਰ ਖਰਚਾ-ਵੱਟਤ ਅੱਧੋ ਅੱਧ।”
ਮੈਂ ਉਸ ਨੂੰ ਕੁਝ ਖਦਸ਼ੇ ਤੇ ਕੁਝ ਤੌਖਲੇ ਭਰੇ ਲਹਿਜ਼ੇ ਨਾਲ ਪੁੱਛਿਆ, “ਇਸ ਤਰ੍ਹਾਂ ਹੋ ਜੇ ਗਾ?”
ਉਹ ਬੋਲਿਆ, “ਹੋਣੇ ਨੂੰ ਦੌੜਿਆ ਜਾਹਾ। ਆਪਣਾ ਸਾਂਝੇ ਖਰਚੇ ਗਾ ਹਿਸਾਬ ਕਿਤਾਬ ਅੱਡ ਅੱਡ ਲਿਖਦੇ ਜਾਇਓ। ਮ੍ਹਾਰੇ ਗਰੌਂ ਮਾਂ ਬੀ ਕਈ ਮਲਾਜਮਾਂ ਨੈ ਆਪਣੇ ਭਾਈਆਂ ਗੈਲ ਇਸੇ ਤਰ੍ਹਾਂ ਕਰਿਆ ਬਾਅ।”
ਮੈਂ ਸੁਖ ਦਾ ਸਾਹ ਲੈ ਕੇ ਕਿਹਾ, “ਚਲ ਜਾਹ, ਮੇਰੀ ਹਾਂ ਕਿਹਾ ਲੰਬੜ ਨੂੰ।” ਮੈਨੂੰ ਆਪਣੇ ਖੇਤੀ ਪੇਸ਼ੇ ਦੀ ਸੜਕ ਅੱਗੇ ਲੰਮੀ ਤੇ ਸਿੱਧੀ ਜਾਂਦੀ ਭਾਸੀ।
ਮੇਰੀ ਹਾਂ ਕਰਨ ਦੀ ਦੇਰ ਸੀ, ਮੇਰੇ ਛੋਟੇ ਭਰਾ ਨੇ ਵਿਆਹ ਵਾਂਗ ਟਰੈਕਟਰ ਖਰੀਦਣ ਦੀ ਤਿਆਰੀ ਵਿੱਢ ਦਿੱਤੀ। ਕਰਜ਼ੇ ਲਈ ਜਮੀਨਾਂ ਆਡ ਰਹਿਣ ਕਰਵਾਈਆਂ ਗਈਆਂ ਤੇ ਬੈਂਕ ਦੇ ਚੱਕਰ ਲੱਗਣ ਲੱਗੇ। ਮੇਰੇ ਇਸ ਭਰਾ ਨੇ ਆਪਣੀ ਠੁੱਕ ਬੰਨਣ ਲਈ ਮੈਨੂੰ ਪੁੱਛੇ ਬਿਨਾ ਇਕ ਲੱਖ ਰੁਪਏ ਤੋਂ ਵੀ ਉਪਰ ਦੇ ਮੁੱਲ ਦਾ ਟਰੈਕਟਰ ਚੁਣ ਲਿਆ। ਦਸ ਹਜਾਰ ਦਾ ਬਿਆਨਾ ਦੇਣ ਲਈ ਪੰਜ ਹਜਾਰ ਮੈਨੂੰ ਨਕਦ ਦੇਣ ਲਈ ਕਿਹਾ ਗਿਆ। ਪੰਜ ਹਜ਼ਾਰ ਦੀ ਇਹ (ਉਨ੍ਹਾਂ ਦਿਨਾਂ ਮੁਤਾਬਕ) ਵੱਡੀ ਸਮਝੀ ਜਾਂਦੀ ਰਕਮ ਮੈਂ ਆਪਣੀ ਇਕੋ ਇਕ ਬੈਂਕ ਸੀਡੀ ਤੁੜਵਾ ਕੇ ਭਰੀ। ਝੋਨੇ ਦੀ ਲਵਾਈ ਤੋਂ ਪਹਿਲਾਂ ਹੀ ਟਰੈਕਟਰ ਆ ਖੜ੍ਹਾ ਹੋਇਆ ਤੇ ਅਸੀਂ ਜੀਰੀ ਦੀ ਪੌਧ (ਪਨੀਰੀ) ਵੀ ਬੀਜ ਦਿੱਤੀ। ਭਰਵੇਂ ਖਾਦ-ਪਾਣੀ ਨਾਲ ਕੁਝ ਦਿਨਾਂ ਵਿਚ ਹੀ ਪੌਧ ਛੇ-ਛੇ ਇੰਚ ਲੰਮੀ ਹੋ ਗਈ, ਫਿਰ ਨੌਂ ਨੌਂ ਇੰਚ।
ਪਹਿਲੀ ਮੌਸਮੀ ਬੁਛਾੜ ਨਾਲ ਜੀਰੀ ਲਾਉਣ ਦਾ ਕਾਰਜ ਸ਼ੁਰੂ ਹੋ ਗਿਆ। ਧੜਾ ਧੜ ਬੋਰ ਚਲਣ ਲੱਗੇ ਤੇ ਕਿਸਾਨ ਟਰੈਕਟਰਾਂ ਨਾਲ ਕੱਦੂ ਕਰਨ ਲੱਗੇ। ਮੇਰੇ ਭਰਾ ਨੇ ਟਰੈਕਟਰ ਪਹਿਲਾਂ ਹੀ ਆਪਣੇ ਖੇਤਾਂ ਵਿਚ ਵਾੜ ਲਿਆ। ਉਸ ਦੇ ਸਾਰੇ ਖੇਤ ਪਿੰਡ ਤੋਂ ਦੂਜੇ ਪਾਸੇ ਸਨ ਤੇ ਮੇਰੇ ਪਿਤਾ ਜੀ ਨੇ ਸਭ ਤੋਂ ਚੰਗੇ ਸਮਝ ਕੇ ਉਸ ਦੀ ਵੰਡ ਵਿਚ ਪਾਏ ਸਨ। ਕਿਉਂਕਿ ਸਾਡਾ ਕੰਮ ਸਾਂਝਾ ਸੀ, ਇਸ ਲਈ ਅਮਰਾ ਵੀ ਉਥੇ ਹੀ ਲੱਗਾ ਰਿਹਾ। ਉਨ੍ਹੀਂ ਦਿਨੀਂ ਭੱਈਏ ਆਉਂਦੇ ਤਾਂ ਬਹੁਤ ਸਨ ਪਰ ਜੀਰੀ ਦੀ ਲਵਾਈ ਦਾ ਕਾਫੀ ਕੰਮ ਪਿੰਡ ਦੀਆਂ ਚੋਣੀਆਂ (ਮਜ਼ਦੂਰ ਔਰਤਾਂ) ਤੋਂ ਵੀ ਕਰਵਾਇਆ ਜਾਂਦਾ ਸੀ। ਅਮਰੇ ਨੇ ਆਪਣਾ ਰਸੂਖ ਵਰਤ ਕੇ ਆਪਣੇ ਵਿਹੜੇ ਦੀਆਂ ਸਭ ਚੋਣੀਆਂ ਇੱਕਠੀਆਂ ਕਰਕੇ ਉਸ ਦੇ ਖੇਤਾਂ ਵਿਚ ਭਿਜਵਾ ਦਿੱਤੀਆਂ। ਚਾਰ ਪੰਜ ਦਿਨਾਂ ਵਿਚ ਮੇਰੇ ਭਰਾ ਨੇ ਆਪਣੀ ਸਾਰੀ ਜੀਰੀ ਲਵਾ ਲਈ। ਆਪਣਾ ਕੰਮ ਖਤਮ ਕਰਨ ਪਿਛੋਂ ਉਸ ਨੇ ਸਾਡੇ ਖੇਤਾਂ ਵਿਚ ਆਉਣਾ ਸੀ। ਇਸ ਲਈ ਉਸ ਨੇ ਟਰੈਕਟਰ ਮੇਰੇ ਤੰਬੂ ਕੋਲ ਛੱਡ ਦਿੱਤਾ ਤੇ ਅਮਰੇ ਨੂੰ ਆਪਣੇ ਖੇਤਾਂ ਵਿਚ ਪਾਣੀ ਪਾਉਣ ਲਈ ਕਹਿ ਕੇ ਆਪ ਆਪਣੀ ਜੀਰੀ ਨੂੰ ਪਾਣੀ ਲਾਉਣ ਚਲਾ ਗਿਆ।
ਅਮਰੇ ਨੇ ਇਕ ਦਿਨ ਰਾਤ ਮੋਟਰ ਚਲਾ ਕੇ ਕੁਝ ਖੇਤ ਪਾਣੀ ਨਾਲ ਭਰੇ। ਉਸ ਨੇ ਕੁਝ ਪੌਧ ਵੀ ਪੁੱਟ ਕੇ ਖਾਲ੍ਹ ਦੇ ਨਾਲ ਨਾਲ ਪਾਣੀ ਵਿਚ ਰੱਖ ਦਿੱਤੀ। ਸਭ ਤਿਆਰੀ ਕਰ ਕੇ ਤੇ ਚੋਣੀਆਂ ਨੂੰ ਆਪਣੇ ਪਾਸੇ ਆਉਣ ਦਾ ਸੱਦਾ ਦੇ ਕੇ ਜਦੋਂ ਉਹ ਮੇਰੇ ਭਰਾ ਵੱਲ ਕੱਦੂ ਬਾਰੇ ਕਹਿਣ ਗਿਆ ਤਾਂ ਉਸ ਨੇ ਕੁਝ ਹੋਰ ਹੀ ਚੰਦ ਚੜ੍ਹਿਆ ਵੇਖਿਆ।
(ਚਲਦਾ)