ਆਲਮੀ ਕਾਰਪੋਰੇਟ ਧੌਂਸ ਨੂੰ ਲਲਕਾਰ ਸੀ ਹਿਊਗੋ ਸ਼ਾਵੇਜ਼

ਬੂਟਾ ਸਿੰਘ
ਫੋਨ: 91-94634-74342
ਆਲਮੀ ਕਾਰਪੋਰੇਟ ਸਰਮਾਏਦਾਰੀ ਦੀ ਅੱਖ ਦਾ ਰੋੜ ਹਿਊਗੋ ਸ਼ਾਵੇਜ਼ ਆਖ਼ਰ 5 ਮਾਰਚ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਉਸ ਦੀ ਮੌਤ ਸੁਣਾਉਣੀ ਸਾਰੇ ਹੀ ਸੱਚੇ ਇਨਸਾਨਾਂ ਲਈ ਸਦਮੇ ਵਾਲੀ ਖ਼ਬਰ ਸੀ; ਚਾਹੇ ਉਹ ਧਰਤੀ ਦੇ ਕਿਸੇ ਵੀ ਹਿੱਸੇ, ਕਿਸੇ ਵੀ ਮੁਲਕ ਦੇ ਬਾਸ਼ਿੰਦੇ ਹੋਣ। ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਉਸ ਨੇ ਜਿਸ ਹਿੰਮਤ ਤੇ ਦਲੇਰੀ ਨਾਲ ਆਲਮੀ ਕਾਰਪੋਰੇਟ ਸਲਤਨਤ ਦੇ ਸਦਰ ਮੁਕਾਮ ਨੂੰ ਵੰਗਾਰਿਆ, ਉਹ ਤਵਾਰੀਖ਼ ਦਾ ਸੁਨਹਿਰੀ ਪੰਨਾ ਹੋ ਨਿੱਬੜਿਆ। ਆਲਮੀ ਕਾਰਪੋਰੇਟ ਖ਼ੇਮੇ, ਖ਼ਾਸ ਕਰ ਕੇ ਇਸ ਖੇਮੇ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਅਮਰੀਕਾ ਦਾ ਕੱਟੜ ਵੈਰੀ ਸੀ ਇਤਿਹਾਸ, ਫਿਕਸ਼ਨ ਤੇ ਕਵਿਤਾ ਦਾ ਰਸੀਆ ਸ਼ਾਵੇਜ਼। ਉਸ ਨੇ ਵਾਸ਼ਿੰਗਟਨ ਹਾਕਮਾਂ ਨੂੰ ਸ਼ਰੇਆਮ Ḕਦੁਸ਼ਮਣ’ ਐਲਾਨਿਆ ਹੋਇਆ ਸੀ। ਉਸ ਨੇ ਆਪਣੇ ਤੋਂ ਪਹਿਲੇ ਹੁਕਮਰਾਨਾਂ ਦੇ ਮੁਲਕ-ਧ੍ਰੋਹੀ ਫ਼ੈਸਲਿਆਂ ਨੂੰ ਉਲਟਾਉਣ ਦਾ ਦਿਲ-ਗੁਰਦਾ ਦਿਖਾਇਆ ਜੋ ਦਿਨ-ਰਾਤ ਆਈæਐੱਮæਐੱਫ਼ ਦੇ ਸਦਰ ਮੁਕਾਮ ਨਾਲ ਹਾਟ-ਲਾਈਨ ‘ਤੇ ਬੈਠ ਕੇ ਵਾਸ਼ਿੰਗਟਨ ਵਾਲੇ ਆਕਾਵਾਂ ਦਾ ਹੁਕਮ ਵਜਾਉਂਦੇ ਸਨ।
ਕਾਰਪੋਰੇਟ ਖ਼ੇਮੇ ਦੇ ਧੂੰਆਂਧਾਰ ਭੰਡੀ ਪ੍ਰਚਾਰ ਦੇ ਬਾਵਜੂਦ ਉਸ ਨੇ ਚਾਰ ਵਾਰ ਰਾਸ਼ਟਰਪਤੀ ਦੀ ਚੋਣ ਲੜ ਕੇ ਹਰ ਵਾਰ ਵੱਡੀ ਫ਼ਤਿਹ ਹਾਸਲ ਕਰ ਵਿਖਾਈ। 1999 ਤੋਂ ਲਗਾਤਾਰ ਉਹ ਅਮਰੀਕੀ ਕਾਰਪੋਰੇਟ ਜਹਾਦ ਅੱਗੇ ਚਟਾਨ ਵਾਂਗ ਡਟਿਆ ਹੋਇਆ ਸੀ। ਉਹ ਸਿਰਫ਼ ਆਪਣੇ ਮੁਲਕ ‘ਚ ਹੀ ਹਰਮਨਪਿਆਰਾ ਨਹੀਂ ਸੀ। ਉਸ ਦੀ ਜਿੱਤ, ਉਸ ਦੇ ਮੁਲਕ ਤੋਂ ਪਾਰ ਪੂਰੇ ਆਲਮ ‘ਚ ਖੁਸ਼ੀ ਦੀਆਂ ਝਰਨਾਹਟਾਂ ਛੇੜਦੀ ਸੀ, ਖ਼ਾਸ ਕਰ ਕੇ ਲਾਤੀਨੀ ਅਮਰੀਕਾ ‘ਚ। ਇਹ ਉਸ ਦੀ ਹਰਮਨਪਿਆਰਤਾ ਦਾ ਚਮਤਕਾਰ ਹੀ ਸੀ ਕਿ ਰਾਜ ਪਲਟੇ ਦੌਰਾਨ ਗ੍ਰਿਫ਼ਤਾਰ ਕਰ ਲਏ ਜਾਣ ‘ਤੇ ਕਾਰਪੋਰੇਟ ਜੁੰਡਲੀ ਨੂੰ ਉਸ ਨੂੰ ਭਾਰੀ ਜਨਤਕ ਦਬਾਅ ਹੇਠ ਰਿਹਾਅ ਕਰਨਾ ਪਿਆ ਸੀ। ਉਸ ਦੀ ਅਹਿਮੀਅਤ ਮਹਿਜ਼ ਇਸ ਲਈ ਨਹੀਂ ਕਿ ਉਹ ਅਮਰੀਕਾ ਤੋਂ ਨਾਬਰ ਰਾਸ਼ਟਰਪਤੀ ਸੀ, ਸਗੋਂ ਮੁੱਖ ਤੌਰ ‘ਤੇ ਇਸ ਲਈ ਕਿ ਉਹ ਇਕ ਲਾਤੀਨੀ ਅਮਰੀਕੀ ਰਾਸ਼ਟਰਪਤੀ ਸੀ, ਦੁਨੀਆਂ ਦੇ ਪੰਜਵੇਂ ਨੰਬਰ ਦੇ ਤੇਲ ਪੈਦਾ ਕਰਨ ਵਾਲੇ ਮੁਲਕ ਦਾ ਮੁਖੀ। ਲਾਤੀਨੀ ਅਮਰੀਕਾ ਜੋ ਸਾਮਰਾਜੀ ਸ਼ੈਤਾਨ ਲਈ ਐਨ ਨੱਕ ਹੇਠ ਹਮੇਸ਼ਾ ਜ਼ਬਰਦਸਤ ਚੁਣੌਤੀ ਤੇ ਭਾਰੀ ਸਿਰਦਰਦੀ ਬਣਿਆ ਰਿਹਾ ਹੈ। ਇਸ ਦੇ ਬਾਵਜੂਦ ਕਿ ਇਸ ਖਿੱਤੇ ਦੇ ਕਈ ਮੁਲਕਾਂ ਦੇ ਕੌਮੀ ਮੁਖੀਆਂ ਨੂੰ ਇਸੇ ਕਰ ਕੇ ਜਾਨ ਗਵਾਉਣੀ ਪਈ ਕਿ ਉਨ੍ਹਾਂ ਨੇ ਆਲਮੀ ਬੌਸ ਬਣੇ ਜੰਗਬਾਜ਼ ਅਮਰੀਕਾ ਮੂਹਰੇ ਝੁਕਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਨੂੰ ਇਸ ਨਾਬਰੀ ਦਾ ਮੁੱਲ ਸੀæਆਈæਏæ ਦੀਆਂ ਰਚੀਆਂ ਕਾਤਲਾਨਾ ਸਾਜ਼ਿਸ਼ਾਂ ‘ਚ ਜਾਨ ਦੇ ਕੇ ਚੁਕਾਉਣਾ ਪੈਂਦਾ ਰਿਹਾ ਹੈ।
ਸ਼ਾਵੇਜ਼ ਨੂੰ ਆਪਣੀ ਨਾਬਰੀ ਦੇ ਮੁੱਲ ਦਾ ਡੂੰਘਾ ਅਹਿਸਾਸ ਸੀ। ਉਹ ਜਾਣਦਾ ਸੀ ਕਿ ਦੁਨੀਆਂ ਦੀ ਇਸ ਵਕਤ ਸਭ ਤੋਂ ਤਾਕਤਵਰ ਸਲਤਨਤ ਨਾਲ ਮੱਥਾ ਲਾਉਣ ਦਾ ਮਤਲਬ ਹੈ: ਸੀæਆਈæਏæ ਉਸ ਦੀ ਜਾਨ ਕਦੇ ਵੀ ਲੈ ਸਕਦੀ ਹੈ। ਉਸ ਦਾ ਹਸ਼ਰ ਕਦੇ ਵੀ ਚਿੱਲੀ ਦੇ ਰਾਸ਼ਟਰਪਤੀ ਸਲਵਾਡੋਰ ਅਲੈਂਦੇ, ਐਕੁਆਡੋਰ ਦੇ ਜੈਮੀ ਰੋਲਡੋਸ, ਪਨਾਮਾ ਦੇ ਉਮਰ ਟੋਰੀਜੋਸ, ਅਰਬੈਂਜ਼ ਜਾਂ ਮੁਸੱਦਗ ਜਾਂ ਸਦਾਮ ਹੁਸੈਨ ਵਾਲਾ ਹੋ ਸਕਦਾ ਹੈ, ਪਰ ਇਹ ਉਸ ਦਾ ਸਮਾਜਵਾਦੀ ਅਕੀਦਾ ਅਤੇ ਆਪਣੇ ਲੋਕਾਂ ਨਾਲ ਉਸ ਦਾ ਪਿਆਰ ਸੀ ਜਿਸ ਅੱਗੇ ਉਸ ਨੂੰ ਆਪਣੀ ਜਾਨ ਤੁੱਛ ਮਹਿਸੂਸ ਹੁੰਦੀ ਸੀ।
ਸ਼ਾਵੇਜ਼ ਉਸ ਬੌਲੀਵਰਵਾਦੀ (ਵੈਨੇਜ਼ੂਏਲਾ ਦਾ ਮਸ਼ਹੂਰ ਆਗੂ ਸਿਮੋਨ ਬੌਲੀਵਰ (1783 ਤੋਂ 1830 ) ਜਿਸ ਨੇ ਲਾਤੀਨੀ ਅਮਰੀਕਾ ਨੂੰ ਸਪੇਨ ਦੀ ਬਸਤੀਵਾਦੀ ਸਲਤਨਤ ਦੀ ਜਕੜ ‘ਚੋਂ ਆਜ਼ਾਦ ਕਰਾਉਣ ‘ਚ ਮੁੱਖ ਭੂਮਿਕਾ ਨਿਭਾਈ) ਸਿਆਸੀ ਧਾਰਾ ਦੀ ਨੁਮਾਇੰਦਗੀ ਕਰਦਾ ਸੀ ਜੋ ਵਾਸ਼ਿੰਗਟਨ ਮਾਰਕਾ ਆਮ ਸਹਿਮਤੀ, ਇਸ ਦੇ ਨਵਉਦਾਰਵਾਦੀ ਕਾਰਪੋਰੇਟ ਮਾਡਲ ਲਈ ਖੁੱਲ੍ਹੀ ਵੰਗਾਰ ਹੈ। ਆਲਮੀ ਕਾਰਪੋਰੇਟ ਸਲਤਨਤ ਦਾ ਦਾਅਵਾ ਹੈ ਕਿ ਸਰਮਾਏਦਾਰੀ ਅਜਿੱਤ ਹੈ, Ḕਇਸ ਦਾ ਕੋਈ ਬਦਲ ਨਹੀਂ ਹੈ’। ਇਸ ਵਿਚਾਰਧਾਰਕ ਦਾਅਵੇ ਦੇ ਗ਼ਰੂਰ ‘ਚ ਅਮਰੀਕੀ ਰਾਜ ਨੇ, ਕੁੱਲ ਦੁਨੀਆਂ ਨੂੰ ਅਜਿਹੀ ਕਾਰਪੋਰੇਟ ਮੰਡੀ ਬਣਾਉਣ ਦਾ ਧਾੜਵੀ ਜਹਾਦ ਸ਼ੁਰੂ ਕੀਤਾ ਹੋਇਆ ਹੈ ਜਿਸ ਅੰਦਰ ਉਹ ਆਪਣੀ ਲਾਲਸਾ ਦੀ ਪੂਰਤੀ ਲਈ ਕਿਸੇ ਵੀ ਮੁਲਕ ਦੀ ਪ੍ਰਭੂਸੱਤਾ ਨੂੰ ਫ਼ੌਜੀ ਬੂਟਾਂ ਹੇਠ ਮਸਲ ਸਕਦਾ ਹੈ। ਉਹ ਨਹੱਕੇ ਹਮਲੇ ਜਾਂ ਪੂਰੀ-ਸੂਰੀ ਜੰਗ ਥੋਪਣ ਦੀ ਘੋਰ ਬੇਹਯਾਈ ਤੋਂ ਵੀ ਗੁਰੇਜ਼ ਨਹੀਂ ਕਰਦਾ।
ਸੋਵੀਅਤ ਯੂਨੀਅਨ ਅਤੇ ਕਮਿਊਨਿਸਟ ਖ਼ੇਮੇ ਦਾ ਆਪਣੀਆਂ ਹੀ ਕਮਜ਼ੋਰੀਆਂ ਕਾਰਨ ਢਹਿ-ਢੇਰੀ ਹੋ ਜਾਣਾ Ḕਬਿੱਲੀ ਦੇ ਭਾਗੀਂ ਛਿੱਕੂ ਟੁੱਟਣ’ ਵਾਲਾ ਸਬੱਬ ਸੀ। ਸਰਮਾਏਦਾਰੀ ਦੇ ਝੰਡਾਬਰਦਾਰਾਂ ਨੂੰ ਆਪਣੀ ਮੁਨਾਫ਼ੇ ਦੀ ਅੰਨ੍ਹੀ ਲਾਲਸਾ ਦੀ ਵਿਚਾਰਧਾਰਾ ਨੂੰ ਅਜਿੱਤ ਕਰਾਰ ਦੇਣ ਦਾ ਸੁਨਹਿਰੀ ਮੌਕਾ ਹਾਸਲ ਹੋ ਗਿਆ, ਪਰ ਅੰਦਰੂਨੀ ਤੌਰ ‘ਤੇ ਉਹ ਜਾਣਦੇ ਹਨ ਕਿ ਇਨ੍ਹਾਂ Ḕਸਮਾਜਵਾਦੀ’ ਰਾਜਾਂ ਦੇ ਟੁੱਟ ਜਾਣ ਨਾਲ ਸਮਾਜਵਾਦੀ ਮਾਡਲ ਦਾ ਖ਼ਤਰਾ ਖ਼ਤਮ ਨਹੀਂ ਹੋਇਆ। ਉਨ੍ਹਾਂ ਨੂੰ ਪਤਾ ਹੈ ਕਿ Ḕਮਿੱਸੀ ਆਰਥਿਕਤਾ’ ਦਾ ਮਾਡਲ ਭਾਵੇਂ ਆਲਮੀ ਸਰਮਾਏਦਾਰੀ ਵੱਲੋਂ ਵਿਸ਼ੇਸ਼ ਆਲਮੀ ਹਾਲਾਤ ਦੇ ਦਬਾਅ ਹੇਠ ਅਪਣਾਇਆ ਮਾਡਲ ਸੀ ਪਰ ਇਸ ਵਿਚ ਜਾਨਦਾਰ ਸਮਾਜਵਾਦੀ ਅੰਸ਼ ਮੌਜੂਦ ਹਨ। ਸ਼ਾਵੇਜ਼ ਵਰਗੇ ਕਿੰਨੇ ਲੋਕ ਹਨ ਜੋ ਬਾਕਾਇਦਾ ਕਮਿਊਨਿਸਟ ਨਹੀਂ ਹਨ; ਪਰ ਉਹ ਮਨਮੋਹਨ ਸਿੰਘ, ਰਵਾਇਤੀ ਲਾਤੀਨੀ ਅਮਰੀਕੀ ਹੁਕਮਰਾਨਾਂ ਜਾਂ ਇਨ੍ਹਾਂ ਦੇ ਕੋੜਮੇ ਵਾਂਗ ਜ਼ਮੀਰਫਰੋਸ਼ ਕਾਰਪੋਰੇਟ ਦਲਾਲ ਵੀ ਨਹੀਂ ਹਨ। ਉਹ ਸੱਚੇ ਦੇਸ਼ਭਗਤ ਹਨ ਜੋ ਖ਼ੁਦਗੁਰਜ਼ੀ ਖ਼ਾਤਰ ਆਪਣੇ ਮੁਲਕ ਦੇ ਹਿੱਤਾਂ ਤੇ ਅਮੀਰ ਕੁਦਰਤੀ ਵਸੀਲਿਆਂ ਦਾ ਸੌਦਾ ਨਹੀਂ ਕਰਦੇ। ਉਹ ਆਪਣੇ ਮੁਲਕ ਦੇ ਵਸੀਲਿਆਂ ਨੂੰ ਨਿਆਂਪੂਰਨ ਵੰਡ ਦੇ ਆਧਾਰ ‘ਤੇ ਆਪਣੇ ਅਵਾਮ ਦੀ ਬਿਹਤਰੀ ਲਈ ਇਸਤੇਮਾਲ ਕਰਨ ਦੇ ਕਾਜ ਦੇ ਬੇਖ਼ੌਫ਼ ਝੰਡਾਬਰਦਾਰ ਹਨ। ਸਾਮਰਾਜੀ ਅਮਰੀਕਾ ਨੂੰ ਇਸ ਤਰ੍ਹਾਂ ਦੇ ਸਿਆਸਤਦਾਨ ਖ਼ਾਸ ਤੌਰ ‘ਤੇ ਚੁਭਦੇ ਹਨ। ਇਸੇ ਲਈ ਸ਼ਾਵੇਜ਼ ਜਾਂ ਕਾਸਤਰੋ ਵਰਗੇ ਅਮਰੀਕਾ ਤੇ ਕੁੱਲ ਆਲਮੀ ਕਾਰਪੋਰੇਟ ਖ਼ੇਮੇ ਅਤੇ ਇਨ੍ਹਾਂ ਦੇ ਮੀਡੀਆ ਦੇ ਭੰਡੀ ਪ੍ਰਚਾਰ ਦਾ ਮੁੱਖ ਨਿਸ਼ਾਨਾ ਬਣੇ ਹੋਏ ਹਨ।
ਅਮਰੀਕਾ ਦੀਆਂ ਅੱਖਾਂ ਵਿਚ ਹਮੇਸ਼ਾ ਰੜਕਦੇ ਰਹੇ ਫੀਦਲ ਕਾਸਤਰੋ ਜਾਂ ਸ਼ਾਵੇਜ਼ ਉਹ ਸ਼ਖਸੀਅਤਾਂ ਹਨ ਜਿਨ੍ਹਾਂ ਵਿਚ ਅਮਰੀਕੀ ਧੌਂਸ ਨਾ ਮੰਨਣ ਦਾ ਮਾਦਾ ਸੀ/ਹੈ। ਸ਼ਾਵੇਜ਼ ਉਹ ਹਸਤੀ ਸੀ ਜਿਸ ਨੇ ਤੇਲ ਦੇ ਵਸੀਲਿਆਂ ਜੋ ਇਸ ਮੁਲਕ ਦੀ ਆਮਦਨੀ ਦੀ ਮੁੱਖ ਸੋਮਾ ਹੈ, ਦਾ ਦੁਬਾਰਾ ਕੌਮੀਕਰਨ ਕੀਤਾ। ਉਸ ਤੋਂ ਪਹਿਲੇ ਦਲਾਲ ਹੁਕਮਰਾਨਾਂ ਨੇ ਕੌਮੀ ਤੇਲ ਕਾਰਪੋਰੇਸ਼ਨ ਅਪਨਿਵੇਸ਼ ਕਰ ਕੇ ਪ੍ਰਾਈਵੇਟ ਕਾਰਪੋਰੇਟ ਸਰਮਾਏਦਾਰੀ ਦੇ ਹਵਾਲੇ ਕੀਤੀ ਹੋਈ ਸੀ। ਇਸ ਕਦਮ ਦੀ ਬਹੁਤ ਵੱਡੀ ਅਹਿਮੀਅਤ ਹੈ, ਨਾ ਸਿਰਫ਼ ਦੁਨੀਆਂ ਵਿਚ ਨਵਉਦਾਰਵਾਦੀ ਮਾਡਲ ਦੇ ਬੋਲਬਾਲੇ ਨੂੰ ਚੁਣੌਤੀ ਦੇਣ ਪੱਖੋਂ, ਸਗੋਂ ਮਨੁੱਖਤਾ ਦੇ ਮਹਿਫੂਜ਼ ਭਵਿੱਖ ਦੀ ਦਿਸ਼ਾ ‘ਚ ਇਕ ਮੁੱਢਲੇ ਕਦਮ ਪੱਖੋਂ ਵੀ। ਸ਼ਾਵੇਜ਼ ਦਾ ਇਹ ਕਦਮ ਬਹੁਤ ਹੀ ਜ਼ੁਅਰਤਮੰਦ ਫ਼ੈਸਲਾ ਸੀ ਅਤੇ ਇਸ ਦਾ ਕਾਮਯਾਬ ਸੰਚਾਲਨ ਇਕ ਮੀਲ ਪੱਥਰ; ਜੋ ਇਸ ਨਿਹਚਾ ਨੂੰ ਮਜ਼ਬੂਤ ਕਰਦਾ ਹੈ ਕਿ ਕੌਮੀਕਰਨ ਸੰਭਵ ਹੀ ਨਹੀਂ, ਟਿਕਾਊ ਤੇ ਤਰੱਕੀਪਸੰਦ ਆਰਥਿਕ ਮਾਡਲ ਵੀ ਹੈ।
ਇਕ ਪਾਸੇ ਮਨਮੋਹਨ ਸਿੰਘ-ਚਿਦੰਬਰਮ ਵਰਗਿਆਂ ਦਾ ਉਦਾਰੀਕਰਨ-ਵਿਸ਼ਵੀਕਰਨ-ਨਿੱਜੀਕਰਨ ਦਾ, ਆਲਮੀ ਕਾਰਪੋਰੇਟਾਂ ਦਾ ਮਨਪਸੰਦ ਅਖੌਤੀ Ḕਵਿਕਾਸ’ ਮਾਡਲ ਹੈ ਜਿਸ ਵਿਚ ਆਲਮੀ ਤੇ ਦੇਸੀ ਕਾਰਪੋਰੇਸ਼ਨਾਂ ਲਈ ਮੁਲਕ ਦੇ ਦਰਵਾਜ਼ੇ ਕੁਦਰਤੀ ਵਸੀਲਿਆਂ ਦੀ ਬੇਦਰੇਗ ਲੁੱਟ ਲਈ ਪੂਰੀ ਬੇਹਯਾਈ ਨਾਲ ਖੋਲ੍ਹੇ ਗਏ ਹਨ ਅਤੇ ਮੁਲਕ ਦੇ 94 ਫ਼ੀ ਸਦੀ ਅਵਾਮ ਨੂੰ ਵਿਕਾਸ ਦੇ ਨਾਂ ਹੇਠ ਪੂਰੀ ਤਰ੍ਹਾਂ ਹਾਸ਼ੀਏ ‘ਤੇ ਧੱਕ ਕੇ ਸਿਹਤ, ਸਿਖਿਆ ਅਤੇ ਰੁਜ਼ਗਾਰ ਦੀਆਂ ਮੁੱਢਲੀਆਂ ਮਨੁੱਖੀ ਲੋੜਾਂ ਤੋਂ ਵੀ ਵਾਂਝੇ ਕਰ ਦਿੱਤਾ ਗਿਆ ਹੈ। ਇਨ੍ਹਾਂ Ḕਮਾਡਲ ਜਮਹੂਰੀਅਤਾਂ’ ਦੇ ਰਾਜਕੀ ਦਹਿਸ਼ਤਗਰਦ ਹੁਕਮਰਾਨ ਅਮਰੀਕਾ ਲਈ ਦੁਨੀਆਂ ਦੇ ਸਭ ਤੋਂ ਵੱਡੇ, ਜਮਹੂਰੀਅਤ ਦੇ ਉਸਰੱਈਏ ਹਨ। ਦੂਜੇ ਪਾਸੇ, ਸ਼ਾਵੇਜ਼ ਦਾ ਕੁਦਰਤੀ ਵਸੀਲਿਆਂ ਦੇ ਕੌਮੀਕਰਨ ਅਤੇ ਇਨ੍ਹਾਂ ਦੀ ਵਰਤੋਂ ਮੁਲਕ ਦੇ ਅਵਾਮ ਨੂੰ ਮੁਫ਼ਤ ਸਿਖਿਆ, ਸਿਹਤ ਸਹੂਲਤਾਂ, ਰੁਜ਼ਗਾਰ ਅਤੇ ਹੋਰ ਬੁਨਿਆਦੀ ਲੋੜਾਂ ਲਈ ਕਰਨ ਦਾ ਮਾਡਲ ਹੈ ਜਿਸ ਦੀ ਵਿਚਾਰਧਾਰਕ ਬੁਨਿਆਦ ਆਜ਼ਾਦੀ, ਬਰਾਬਰੀ ਅਤੇ ਸਵੈਨਿਰਭਰਤਾ ਦੀ ਸਮਾਜਵਾਦੀ ਵਿਚਾਰਧਾਰਾ ਹੈ। ਸਮਾਜਵਾਦ ਦੇ ਨਿਸ਼ਾਨੇ ਨੂੰ ਪੂਰਾ ਕਰਨ ਦੇ ਢੰਗ-ਤਰੀਕਿਆਂ, ਇਸ ਨੂੰ ਹਾਸਲ ਕਰਨ ਦੇ ਰਾਹ ਬਾਰੇ ਚਿੰਤਕਾਂ ‘ਚ ਵੱਡੇ ਮੱਤਭੇਦ ਹੋ ਸਕਦੇ ਹਨ ਪਰ ਇਸ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਮੁੱਠੀ ਭਰ ਆਲਮੀ ਤੇ ਦੇਸੀ ਕਾਰਪੋਰੇਟ ਲਾਣੇ ਨੂੰ ਕਿਰਤ ਤੇ ਕੁਦਰਤੀ ਵਸੀਲਿਆਂ ਦੀ ਧਾੜਵੀ ਲੁੱਟਮਾਰ ਦੀ ਖੁੱਲ੍ਹ ਦੇਣ ਵਾਲੇ ਸਰਮਾਏਦਾਰਾਨਾ ਮਾਡਲ ਤਹਿਤ ਜਿਉਣ ਦੇ ਕਾਬਲ ਜ਼ਿੰਦਗੀ ਸੰਭਵ ਨਹੀਂ ਹੈ, ਮਨੁੱਖ ਦੇ ਸਰਵਪੱਖੀ ਵਿਕਾਸ ਦਾ ਤਾਂ ਸੁਪਨਾ ਵੀ ਨਹੀਂ ਲਿਆ ਜਾ ਸਕਦਾ। ਕੌਮੀਕਰਨ, ਸਾਧਨਾਂ ਦੀ ਯੋਗ ਵੰਡ ਵਾਲਾ ਸਮਾਜਵਾਦੀ ਮਾਡਲ ਹੀ ਉੱਜਲੇ ਭਵਿੱਖ ਦਾ ਸੂਚਕ ਹੈ ਜੋ ਹਜ਼ਾਰਾਂ ਸਾਲਾਂ ਤੋਂ ਮਨੁੱਖਤਾ ਦਾ ਸੁਪਨਾ ਰਿਹਾ ਹੈ। ਇਹ ਵੱਖਰਾ ਸਵਾਲ ਹੈ ਕਿ 20ਵੀਂ ਸਦੀ ਦੇ ਸਮਾਜਵਾਦੀ ਤਜਰਬੇ ਦੀਆਂ ਗ਼ਲਤੀਆਂ ਨੂੰ ਕਿਵੇਂ ਦਰੁਸਤ ਕਰਨਾ ਹੈ। ਸ਼ਾਵੇਜ਼ ਦਾ ਮੁਤਬਾਦਲ ਵਿਕਾਸ ਮਾਡਲ ਸ਼ੈਤਾਨ ਕਾਰਪੋਰੇਟ ਸਲਤਨਤ ਦੇ Ḕਹੋਰ ਕੋਈ ਬਦਲ ਨਹੀਂ ਹੈ’ ਦੇ ਦਾਅਵੇ ਦਾ ਤਰਕਸੰਗਤ ਤੇ ਠੋਕਵਾਂ ਜਵਾਬ ਹੈ। ਸਾਮਰਾਜੀਆਂ ਦੀ ਦਲਾਲ ਜੁੰਡਲੀ ਦੀ ਜਕੜ ‘ਚ ਫਸੇ ਭਾਰਤ ਲਈ ਇਸ ਮਾਡਲ ਦੀ ਵੱਡੀ ਅਹਿਮੀਅਤ ਹੈ। ਭਾਰਤ ਵਾਂਗ ਹੀ ਵੈਨਜ਼ੁਏਲਾ ਵੀ ਆਰਥਿਕ-ਸਿਆਸੀ ਭ੍ਰਿਸ਼ਟਾਚਾਰ ਦਾ ਅੱਡਾ ਸੀ। ਅਵਾਮ ਦੇ ਹਿੱਤਾਂ ਨੂੰ ਸੱਟ ਅਤੇ ਆਲਮੀ ਤੇ ਦੇਸੀ ਕਾਰਪੋਰੇਟ ਨੂੰ ਥੋਕ ਰਿਆਇਤਾਂ ਤੇ ਰੱਜਵੀਂਆਂ ਖੁੱਲ੍ਹਾਂ ਦਾ ਮੁਜੱਸਮਾ ਹੁੰਦਾ ਸੀ ਵੈਨਜ਼ੁਏਲਾ। ਸ਼ਾਵੇਜ਼ ਨੇ ਕਾਰਪੋਰੇਟ ਸੜਿਆਂਦ ਦਾ ਫਸਤਾ ਵੱਢ ਕੇ ਮੁਲਕ ਨੂੰ ਅਵਾਮ ਦੀ ਬਿਹਤਰੀ, ਸੱਚੇ ਵਿਕਾਸ ਦੇ ਟਿਕਾਊ ਰਾਹ ਤੋਰਿਆ। ਸਵਾਲ ਇਹ ਹੈ ਕਿ ਇਸ ਜੰਗ ਵਿਚ ਸ਼ਾਵੇਜ਼ ਦਾ ਖੱਪਾ ਕਿਵੇਂ ਤੇ ਕਿੰਨਾ ਕੁ ਭਰਦਾ ਹੈ? ਫਿਰ ਵੀ ਜੰਗ ਜਾਰੀ ਹੈ। ਸ਼ਾਵੇਜ਼ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਉਸ ਦੇ ਫੌਲਾਦੀ ਅਕੀਦਿਆਂ, ਉਸ ਦੇ ਖ਼ਵਾਬਾਂ, ਉਸ ਦੇ ਅਮਲਾਂ ਲਈ।

Be the first to comment

Leave a Reply

Your email address will not be published.