ਸਾਕਾ ਨੀਲਾ ਤਾਰਾ

ਬਰਤਾਨੀਆ (ਇੰਗਲੈਂਡ) ਦੀ ਅਦਾਲਤ ਵੱਲੋਂ 34 ਵਰ੍ਹੇ ਪਹਿਲਾਂ ਹੋਏ ਸਾਕਾ ਨੀਲਾ ਤਾਰਾ ਵਿਚ ਬਰਤਾਨਵੀ ਸਰਕਾਰ ਦੀ ਸ਼ਮੂਲੀਅਤ ਤੋਂ ਪਰਦੇ ਚੁੱਕਣ ਵਾਲੀਆਂ ਫਾਈਲਾਂ ਜਨਤਕ ਕਰਨ ਦੇ ਫੈਸਲੇ ਨੇ ਇਹ ਮਾਮਲਾ ਕੌਮਾਂਤਰੀ ਪੱਧਰ ‘ਤੇ ਮੁੜ ਭਖਾ ਦਿੱਤਾ ਹੈ। ਸਾਢੇ ਤਿੰਨ ਦਹਾਕਿਆਂ ਬਾਅਦ ਵੀ ਹਰ ਸੰਜੀਦਾ ਸ਼ਖਸ ਅਤੇ ਸਿੱਖ ਦੇ ਮਨ ਵਿਚ ਅਚੇਤ ਜਾਂ ਸੁਚੇਤ ਇਹ ਘੱਲੂਘਾਰਾ ਅੱਜ ਵੀ ਜਾਗ ਰਿਹਾ ਹੈ।

ਵਿਚਾਰਨ ਵਾਲਾ ਮਸਲਾ ਇਹ ਹੈ ਕਿ ਉਸ ਵਕਤ ਆਮ ਸਿੱਖ ਮਨ ਉਤੇ ਕੀ ਕੀ ਬੀਤੀ? ਜਿਨ੍ਹਾਂ ਜਿਉੜਿਆਂ ਦਾ ਚਲੰਤ ਸਿੱਖ ਸਿਆਸਤ ਨਾਲ ਬਹੁਤਾ ਵਾਹ-ਵਾਸਤਾ ਵੀ ਨਹੀਂ ਸੀ, ਉਹ ਸਭ ਵੀ ਉਸ ਪਾਸੇ ਉਲਰ ਪਏ। ਪੰਜਾਬੀ ਦੇ ਪ੍ਰਸਿਧ ਕਵੀ (ਮਰਹੂਮ) ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦੀ ਇਹ ਰਚਨਾ ਸਾਕੇ ਤੋਂ ਨੌਂ ਵਰ੍ਹਿਆਂ ਬਾਅਦ ਦੀ ਹੈ ਪਰ ਇਸ ਵਿਚ ਪਰੋਈ ਚੀਸ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਰਚਨਾ ਵਿਚ ਕਵੀ-ਮਨ ਅਤੇ ਬਾਲ-ਮਨ ਵਾਲੀ ਤੜਫਾਹਟ ਸੱਚਮੁੱਚ ਰੁਦਨ ਪੈਦਾ ਕਰਦੀ ਹੈ। ਇਹ ਸਿਆਸਤ ਤੋਂ ਪਾਰ ਜਾ ਕੇ ਕੀਤੀ ਗਈ ਗੱਲ ਹੈ। ਇਸੇ ਕਰ ਕੇ ਇਹ ਜਦੋਂ ਉਨ੍ਹਾਂ ਮਾਰੂ ਵਕਤਾਂ ਦਾ ਚੇਤਾ ਕਰਵਾਉਂਦੀ ਹੈ ਤਾਂ ਦੋਹਾਂ ਪਾਸਿਆਂ ਦੀਆਂ ਖੁਨਾਮੀਆਂ ਵੱਲ ਇਸ਼ਾਰਾ ਕਰਦੀ ਹੈ। -ਸੰਪਾਦਕ

ਹਰਿਭਜਨ ਸਿੰਘ

5 ਜੂਨ 1984 ਨੂੰ ਮੈਂ ਹਵਾਈ ਜਹਾਜ ਵਿਚ ਸਾਂ, ਜਦੋਂ ਭਾਰਤੀ ਫੌਜਾਂ ਨੇ ਹਰਿਮੰਦਰ ਸਾਹਿਬ ‘ਤੇ ਹਮਲਾ ਬੋਲਿਆ। ਮੈਂ ਮਹੀਨੇ ਕੁ ਭਰ ਲਈ ਇੰਗਲੈਂਡ ਗਿਆ ਹੋਇਆ ਸਾਂ। ਇਸ ਯਾਤਰਾ ਵੇਲੇ ਮੈਂ ਨਾਮਧਾਰੀ ਹੋਲੇ ਮਹੱਲੇ ਦਾ ਅਨੰਦ ਮਾਣਿਆ ਸੀ। ਨਾਮਧਾਰੀਆਂ ਦੇ ਕੀਰਤਨ ਅਤੇ ਸਿਮਰਨ ਤੋਂ ਮੈਂ ਸਦਾ ਮੁਤਾਸਰ ਰਿਹਾ ਹਾਂ। ਕੀਰਤਨ ਵਿਚ ਭਾਰਤੀ ਰਾਗਾਂ ਦਾ ਨਿਭਾਉ ਹੈ ਅਤੇ ਸਿਮਰਨ ਵਿਚ ਮੁਕੰਮਲ ਖਾਮੋਸ਼ੀ ਦਾ, ਮਨ ਦੇ ਰੌਲੇ ਨੂੰ ਬੁਹਾਰਨ ਦਾ ਯਤਨ। ਕਮਾਲ ਹਨ ਇਹ ਲੋਕ, ਬੋਲਦੇ ਹਨ ਤਾਂ ਸੰਗੀਤ ਦੀ ਅਦਾ ਵਿਚ, ਚੁਪ ਰਹਿੰਦੇ ਹਨ ਤਾਂ ਬਰਖਾ ਬਾਅਦ ਨਿੱਤਰੇ ਹੋਏ ਅਸਮਾਨ ਵਾਂਗ। ਮਹੀਨੇ ਭਰ ਵਿਚ ਇਕ ਵਾਰ ਮੈਂ ਗਲਾਸਗੋ (ਸਕਾਟਲੈਂਡ) ਵਿਚ ਕਿਸੇ ਥਾਂ ਕੁਝ ਕਵਿਤਾਵਾਂ ਵੀ ਸੁਣਾਈਆਂ ਸਨ। ਉਨ੍ਹਾਂ ਵਿਚ ਇਕ ਕਵਿਤਾ ‘ਮਾਏ ਮੈਨੂੰ ਅੰਬਰਸਰ ਲਗਦਾ ਪਿਆਰਾ’ ਵੀ ਸੀ।
ਹਵਾਈ ਜਹਾਜ਼ੇ, ਅਧ-ਅਸਮਾਨੇ ਮੈਨੂੰ ਇਕ ਜਣੇ ਨੇ ਪਛਾਣਿਆ। ਕਿਹਾ ਕਿ ਮੈਂ ਗਲਾਸਗੋ ‘ਚ ਤੁਹਾਡੀਆਂ ਕਵਿਤਾਵਾਂ ਸੁਣੀਆਂ ਸਨ। ‘ਹਿੰਦੂ ਪੇਕੇ, ਸਿੱਖ ਸਹੁਰੇ’ ਵਰਗੀਆਂ ਕਵਿਤਾਵਾਂ ਨਾ ਪੜ੍ਹਿਆ ਕਰੋ, ਐਵੇਂ ਕਿਸੇ ਮੁਸੀਬਤ ਦੇ ਮੂੰਹ ਆ ਜਾਉਗੇ। ਮੈਨੂੰ ਆਪਣੇ ਉਮੀਪੁਣੇ ਦਾ, ਸਾਧਾਰਨ ਬੁਧ-ਬਿਬੇਕ ਦੀ ਘਾਟ ਦਾ ਅਹਿਸਾਸ ਹੋਇਆ।
ਪਿਆਰ ਵੀ ਖਾਸੀ ਖਤਰਨਾਕ ਸ਼ੈਅ ਹੈ। ਪਿਆਰ ਕਾਰਨ ਜਾਂ ਵਿਚਾਰਾਂ ਦੀ ਸਵੱਛਤਾ ਕਾਰਨ ਜ਼ਹਿਰ ਸਿਰਫ ਹੀਰ ਜਾਂ ਕਿਸੇ ਸੁਕਰਾਤ ਨੂੰ ਹੀ ਨਹੀਂ ਪੀਣਾ ਪੈਂਦਾ, ਜ਼ਹਿਰ ਬਹੁਤ ਹੈ ਇਸ ਦੁਨੀਆਂ ਵਿਚ, ਪਤਾ ਨਹੀਂ ਕੌਣ ਕਿਸੇ ਨੂੰ, ਕਦੋਂ ਆਪਣੇ ਜ਼ਹਿਰ ਸੌਂਪ ਦੇਵੇ। ਜਹਾਜ ਵਿਚਲੇ ਭਾਈ ਨਾਲ ਮੈਂ ਕਿਸੇ ਵਿਵਾਦ ਵਿਚ ਨਾ ਪਿਆ। ਉਹਨੇ ਜੋ ਕੁਝ ਕਿਹਾ ਸੀ, ਅਕਾਰਨ ਨਹੀਂ ਸੀ ਕਿਹਾ। ਜਿਸ ਵੇਲੇ ਉਹ ਮੈਨੂੰ ਆਪਣਾ ਨੇਕ ਮਸ਼ਵਰਾ ਦੇ ਰਿਹਾ ਸੀ, ਉਸ ਵੇਲੇ ਅੰਮ੍ਰਿਤਸਰ ਉਪਰ ਹਮਲਾ ਬੋਲਿਆ ਜਾ ਚੁਕਿਆ ਸੀ। ਸੋਨੇ ਦੀਆਂ ਇੱਟਾਂ ਤੇ ਚਾਂਦੀ ਦੇ ਗਾਰੇ ਵਾਲੇ ਸਮਤਾ ਦੇ ਭੰਡਾਰ ਹਰਿਮੰਦਰ ਸਾਹਿਬ ਉਪਰ ਤੋਪਾਂ ਦੀ ਬੌਛਾੜ ਹੋ ਰਹੀ ਸੀ।
ਸਾਡਾ ਜਹਾਜ ਸਵੇਰ ਸਾਰ ਹੀ ਦਿੱਲੀ ਪਹੁੰਚ ਗਿਆ। ਮੇਰੀ ਅਗਵਾਨੀ ਲਈ ਮੇਰਾ ਛੋਟਾ ਪੁੱਤਰ ਹਵਾਈ ਅੱਡੇ ‘ਤੇ ਪਹੁੰਚ ਚੁਕਾ ਸੀ। ਉਹਨੇ ਅਜੇ ਅਖਬਾਰ ਨਹੀਂ ਸੀ ਪੜ੍ਹਿਆ। ਰਾਤੋ-ਰਾਤ ਹਰਿਮੰਦਰ ਸਾਹਿਬ ‘ਤੇ ਜੋ ਬਿੱਜ ਪਈ ਸੀ, ਉਹਦਾ ਉਹਨੂੰ ਨਹੀਂ ਸੀ ਪਤਾ। ਘਰ ਪਹੁੰਚਣ ਤਕ ਹਰਿਮੰਦਰ ਸਾਹਿਬ ਉਪਰ ਫੌਜਾਂ ਦੀ ਚੜ੍ਹਾਈ ਦੀ ਖਬਰ ਆਮ ਹੋ ਚੁਕੀ ਸੀ।
ਮੇਰੇ ਘਰ ਵਾਲੇ ਪਰਮਾਤਮਾ ਦੇ ਸ਼ੁਕਰਗੁਜ਼ਾਰ ਸਨ ਕਿ ਮੈਂ ਸੁਖੀ-ਸਾਂਦੀ ਘਰ ਮੁੜ ਆਇਆ ਸਾਂ, ਜਿਵੇਂ ਮੈਂ ਅਮਨ-ਅਮਾਨ ਵਾਲੇ ਦੇਸ਼ ਇੰਗਲੈਂਡ ਵਿਚੋਂ ਨਹੀਂ, ਫੌਜੀ ਘੇਰੇ ਵਿਚ ਆਏ ਅੰਮ੍ਰਿਤਸਰੋਂ ਆ ਰਿਹਾ ਹੋਵਾਂ। ਸਾਨੂੰ ਆਪਣੇ ਸਿਰ ‘ਤੇ ਕਿਸੇ ਵੱਡੀ ਬਿਪਤਾ ਪੈਣ ਦਾ ਅਹਿਸਾਸ ਹੋ ਰਿਹਾ ਸੀ। ਬਿਪਤਾ ਨੂੰ ਮੈਂ ਤਾਂ ਜਿਵੇਂ ‘ਵਾਜਾਂ ਮਾਰ ਰਿਹਾ ਸਾਂ। ਉਨ੍ਹੀਂ ਦਿਨੀਂ ਮੈਂ ‘ਅਕਸ’ (ਦਿੱਲੀ ਤੋਂ ਛਪਦਾ ਰਿਹਾ ਮਾਸਿਕ ਪਰਚਾ) ਵਿਚ ਕੁਝ ਇਹੋ ਜਿਹੇ ਲੇਖ ਲਿਖ ਰਿਹਾ ਸਾਂ ਕਿ ਮੈਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿਚ ਸੁੱਟ ਦਿੱਤਾ ਜਾਂਦਾ ਤਾਂ ਕਿਸੇ ਨੂੰ ਹੈਰਾਨੀ ਨਹੀਂ ਸੀ ਹੋਣੀ। ‘ਇਸ ਸਾਦਗੀ ਪੇ ਕੌਨ ਨਾ ਮਰ ਜਾਏ ਐ ਖੁਦਾ।’ ਮੈਂ ਅਸਲੋਂ ਸਾਦਾਲੋਹ ਉਮੀ ਵਾਂਗ ਲਿਖ ਰਿਹਾ ਸਾਂ। ਮੈਨੂੰ ਆਪਣੇ ਬੁਰੇ ਭਲੇ ਦੀ ਚੇਤਨਾ ਨਹੀਂ ਸੀ। ਮੈਂ ਅਸਲੋਂ ਉਖੜਿਆ ਪਿਆ ਸਾਂ। ਕੁਝ ਦਿਨ ਬੀਤੇ ਤਾਂ ਭਾਪਾ ਪ੍ਰੀਤਮ ਸਿੰਘ ਵੱਲੋਂ ਕਵਿਤਾ ਦੀ ਫਰਮਾਇਸ਼ ਹੋਈ। ਫਰਮਾਇਸ਼ੀ ਕਵਿਤਾਵਾਂ ਲਿਖਣੋਂ ਮੈਂ ਆਮ ਤੌਰ ‘ਤੇ ਸੰਕੋਚ ਕਰਦਾ ਹਾਂ, ਪਰ ਇਹ ਕਵਿਤਾ ਤਾਂ ਜਿਵੇਂ ਫਰਮਾਇਸ਼ ਦੀ ਉਡੀਕ ਵਿਚ ਸੀ। ਆਵੇਸ਼ ਦੀ ਹਾਲਤ ਵਿਚ ਹੀ ਲਿਖਿਆ ਗਿਆ:
ਫੌਜਾਂ ਕੌਣ ਦੇਸ ਤੋਂ ਆਈਆਂ
ਕਿਹੜੇ ਦੇਸ ਤੋਂ ਜ਼ਹਿਰ ਲਿਆਈਆਂ
ਕਿਸ ਤੋਂ ਕਹਿਰ ਲਿਆਈਆਂ
ਕਿਸ ਫਨੀਅਰ ਦੀ ਫੂਕ ਕਿ ਜਿਸ ਨੇ
ਪੱਕੀਆਂ ਕੰਧਾਂ ਢਾਹੀਆਂ
ਸਿਫਤ ਸਰੋਵਰ ਡਸਿਆ
ਅੱਗਾਂ ਪੱਥਰ ਦੇ ਵਿਚ ਲਾਈਆਂ
ਹਰਿ ਕੇ ਮੰਦਿਰ ਵਿਹੁ ਦੀਆਂ ਨਦੀਆਂ
ਬੁੱਕਾਂ ਭਰ ਵਰਤਾਈਆਂ।
ਇਸ ਨਜ਼ਮ ਬਾਰੇ ਚੰਗੀ ਤੇ ਮੰਦੀ-ਦੋਹਾਂ ਤਰ੍ਹਾਂ ਦੀ ਪ੍ਰਤੀਕ੍ਰਿਆ ਹੋਈ। ਮੈਨੂੰ ਜਾਪਿਆ ਪੰਜਾਬੀਅਤ ਦੇ ਮੁੱਦਈਆਂ ਵਿਚ ਕੁਝ ਜਣੇ ਐਸੇ ਵੀ ਸਨ, ਜੋ ਹਰਿਮੰਦਰ ਸਾਹਿਬ ਉਪਰ ਫੌਜਾਂ ਦੇ ਹਮਲੇ ਦੇ ਖੰਡਨ ਨੂੰ ਵੀ ਖੰਡਨਯੋਗ ਸਮਝਦੇ ਸਨ। ਇਸ ਕਤਾਰ ਵਿਚ ਪੰਜਾਬੀ ਦੇ ਕੁਝ ਸ਼ਾਇਰ ਖਲੋਤੇ ਵੀ ਨਜ਼ਰ ਆਏ। ਉਹ ਵੀ ਜੋ ਜਨਮ ਤੋਂ ਸਿੱਖੀ ਨਾਲ ਸਬੰਧਿਤ ਸਨ। ਲੋਕਤੰਤਰੀ ਸਮਾਜ ਵਿਚ ਕਿਸੇ ਦੇ ਵਿਚਾਰਾਂ ਨਾਲ ਵਿਰੋਧ ਹੋ ਸਕਦਾ ਹੈ, ਪਰ ਉਨ੍ਹਾਂ ਨੂੰ ਰੱਖਣ ਦੇ ਹੱਕ ਉਪਰ ਕਿੰਤੂ ਨਹੀਂ ਕੀਤਾ ਜਾ ਸਕਦਾ। ਖੈਰ ਜ਼ਿਆਦਾਤਰ ਲੋਕ ਮੇਰੇ ਹੀ ਵਾਂਗ ਭਾਰਤ ਦੀਆਂ ਫੌਜਾਂ ਦੀ ਹਰਿਮੰਦਰ ਸਾਹਿਬ ਉਪਰ ਚੜ੍ਹਾਈ ਨੂੰ ਬਹੁਤ ਨਿੰਦਣਯੋਗ ਕਾਰਵਾਈ ਸਮਝਦੇ ਸਨ।
ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਮੇਰੇ ਜਿਹੇ ਵਰ੍ਹੇ ਛਮਾਹੀ ਗੁਰਦੁਆਰੇ ਜਾਣ ਵਾਲੇ ਲੋਕਾਂ ਲਈ ਵੀ ਧਰਮ ਸਿਰਮੌਰ ਮਹੱਤਵ ਵਾਲੀ ਵਸਤ ਬਣੀ ਪਈ ਸੀ। ਬਾਕੀ ਸਭ ਮੁੱਲ ਮਾਨਤਾਵਾਂ ਪਿੱਛੇ ਪੈ ਗਈਆਂ ਸਨ। ਉਸ ਕਾਰੇ ਨੂੰ ਨੌਂ ਸਾਲ ਬੀਤ ਚੁਕੇ ਹਨ, ਪਰ ਅੱਜ ਵੀ ਇਉਂ ਜਾਪਦਾ ਹੈ ਕਿ ਹਰਿਮੰਦਰ ਸਾਹਿਬ ਉਪਰ ਬੀਤੇ ਉਸ ਉਪੱਦਰ ਨੇ ਮੇਰੀ ਪਹਿਲ-ਦੂਜ ਸਦਾ ਸਦਾ ਲਈ ਬਦਲ ਦਿੱਤੀ ਹੈ। ਪਹਿਲਾਂ ਮੇਰਾ ਅਚੇਤਨ ਸਿੱਖ ਸੀ, ਹੁਣ ਅਚੇਤਨ ਸਚੇਤਨ-ਦੋਹਾਂ ਨੇ ਸਿੱਖੀ ਨੂੰ ਆਪਣੇ ਲਈ ਪ੍ਰਥਮ ਮੁੱਲ ਨਿਸ਼ਚਿਤ ਕੀਤਾ ਹੋਇਆ ਹੈ।
ਭਾਪਾ ਪ੍ਰੀਤਮ ਸਿੰਘ ਨੇ ਇਸ ਨਜ਼ਮ ਨੂੰ ਪਸੰਦ ਕੀਤਾ। ਆਰਸੀ ਦੇ ਅਗਲੇ ਸੰਸਕਰਨ ਲਈ ਇਕ ਹੋਰ ਨਜ਼ਮ ਦੀ ਉਸੇ ਤਰ੍ਹਾਂ ਮੰਗ ਕੀਤੀ। ਨਜ਼ਮਾਂ ਦਾ ਤਾਂ ਹੜ੍ਹ ਆਇਆ ਪਿਆ ਸੀ। ਮੈਂ ਨਜ਼ਮ ਭੇਜੀ:
ਜੈ ਜੈ ਮਾਤਾ ਜੈ ਮਤਰੇਈ
ਜਗ ‘ਤੇ ਹੋਰ ਨ ਤੇਰੇ ਜੇਹੀ
ਤੂੰ ਸੰਤਾਂ ਤੋਂ ਦੈਂਤ ਬਣਾਵੇਂ
ਦੈਂਤ ਸ਼ਹੀਦੀ ਤਕ ਪਹੁੰਚਾਵੇਂ
ਸੰਤ ਮਰੇ ਜਾਂ ਦੈਂਤ ਬਿਨਾਸੇ?
ਹੰਝੂਆਂ ਤੋਂ ਪੁਛਦੇ ਨੇ ਹਾਸੇ
ਕਰਾਮਾਤ ਕੀਤੀ ਇਹ ਕੇਹੀ।

ਹਰਿਮੰਦਰ ਦੀ ਕਰਨ ਜੁਹਾਰੀ
ਤੂੰ ਆਈ ਕਰ ਟੈਂਕ ਸਵਾਰੀ
ਸਤਿ ਸਿੰਘਾਸਣ ਹੱਥੀਂ ਢਾਹਿਆ
ਤੇ ਮੁੜ ਹੱਥੀਂ ਆਪ ਬਣਾਇਆ
ਵਾਹ ਰਚਨਾ ਵਾਹ ਖੇਹੋ ਖੇਹੀ
ਸੋਨ ਕਲਸ ਤੂੰ ਚੀਰ ਲੰਗਾਰੇ
ਤੇ ਮੁੜ ਮਲ੍ਹਮਾਂ ਨਾਲ ਸਵਾਰੇ
ਆਪੇ ਤੂੰ ਸੰਕਟ ਉਪਜਾਵੇਂ
ਨਿਕਟੀ ਹੋ ਕੇ ਆਪ ਬਚਾਵੇਂ
ਨਿਤ ਨਿਰਮੋਹੀ ਸਦਾ ਸਨੇਹੀ।

ਅਸਾਂ ਤਾਂ ਤਖਤ ਹਜ਼ਾਰੇ ਰਹਿਣਾ
ਭਾਵੇਂ ਭਠ ਖੇੜਿਆਂ ਦਾ ਸਹਿਣਾ
ਤੁਮਰੀ ਗਣਤ ਗਣੇ ਨਾ ਕੋਈ
ਹਰ ਅਨਹੋਣੀ ਤੁਮ ਤੇ ਹੋਈ
ਹਰ ਥਾਂ ਤੇਰੀ ਪੇਓ ਪੇਈ।
ਜਦੋਂ ਭਾਪਾ ਜੀ ਨੇ ਆਰਸੀ ਦੇ ਅਗਲੇ ਸੰਸਕਰਨ ਵਿਚ ਨਜ਼ਮ ਨਾ ਛਾਪੀ, ਤਾਂ ਮੈਂ ਉਹਨੂੰ ਇਸ ਬਾਰੇ ਕੁਝ ਪੁੱਛਿਆ ਨਾ। ਉਂਜ ਜਾਪਦਾ ਸੀ, ਅੰਦਰਖਾਨੇ ਉਹ ਪ੍ਰੇਸ਼ਾਨ ਸੀ। ਮੈਂ ਆਰਸੀ ਦੇ ਦਫਤਰ ਗਿਆ, ਤਾਂ ਉਹਨੇ ਕਿਹਾ, ਉਹ ਨਜ਼ਮ ਮੈਂ ਨਹੀਂ ਛਾਪੀ। ਮੈਂ ਸਮਝਦਾ ਹਾਂ, ਕਾਫੀ ਹੋ ਚੁੱਕੈ। ਹੋਰ ਨਹੀਂ ਲੋੜ ਹੁਣ। ਭਾਵੇਂ ਭਾਪਾ ‘ਲਹੂ ਦੇ ਚੁਬੱਚੇ’ ਛਾਪਣ ਦੀ ਲੋੜ ਅਜੇ ਵੀ ਸਮਝਦਾ ਸੀ, ਪਰ ਮੇਰੀਆਂ ਨਜ਼ਮਾਂ ਲਈ ਉਹ ਦਰਵਾਜਾ ਬੰਦ ਹੋ ਚੁਕਾ ਸੀ। ਹਰਿਮੰਦਰ ਸਾਹਿਬ ਉਪਰ ਹੀ ਹਮਲਾ ਨਹੀਂ ਸੀ ਹੋਇਆ, ਉਹਦੇ ਸ਼ਰਧਾਲੂਆਂ ਦਾ ਮਨੋਬਲ ਤੋੜਨ ਦੀ ਅਚੇਤ ਜਾਂ ਸਚੇਤ ਪ੍ਰਕ੍ਰਿਆ ਵੀ ਸ਼ੁਰੂ ਹੋ ਚੁਕੀ ਸੀ।
ਮੇਰਾ ਸੁਭਾਅ ਸ਼ਿਕਾਇਤੀ ਨਹੀਂ। ਨਜ਼ਮ ਉਚੇਚੀ ਮੰਗਵਾ ਕੇ ਨਾ ਛਾਪਣ ਦੇ ਇਸ ਇਕਪਾਸੜ ਫੈਸਲੇ ਵਿਰੁਧ ਸ਼ਿਕਾਇਤ ਮੈਂ ਕਿਥੇ ਕਰਨੀ ਸੀ? ਹਰ ਕਿਸੇ ਨੂੰ ਨਿਜੀ ਸੁਰੱਖਿਆ ਦਾ ਫਿਕਰ ਸੀ। ਕਿਸੇ ਨੂੰ ਸੰਕਟ ਵਿਚ ਪਾਉਣਾ ਮੇਰੀ ਮਨਸ਼ਾ ਨਹੀਂ ਸੀ। ਨਾਲੇ, ਭਾਪੇ ਜਿਹੇ ਭਲੇ ਬੰਦੇ ਨਾਲ ਤਾਂ ਗਿਲਾ ਹੋ ਹੀ ਨਹੀਂ ਸਕਦਾ। ‘ਆਰਸੀ’ ਲਈ ਜਿਸ ਤਰ੍ਹਾਂ ਦਾ ਸਹਿਜ ਲੇਖਕ ਮੈਂ ਹਾਂ, ਉਸ ਤਰ੍ਹਾਂ ਦਾ ਸਹਿਜ ਪ੍ਰਕਾਸ਼ਕ ‘ਆਰਸੀ’ ਮੇਰੇ ਲਈ ਨਹੀਂ। ਇਸ ਤੱਥ ਬਾਰੇ ਦੋਹੀਂ ਪਾਸੀਂ ਚਿਰਾਂ ਤੋਂ ਚਾਨਣਾ ਸੀ। ਸੰਕਟ ਦੀ ਏਸ ਘੜੀ ਪੈਰ ਦੇ ਅੰਗੂਠੇ ‘ਤੇ ਅਚਾਨਕ ਹੀ ਹਥੌੜਾ ਵੱਜਾ ਤੇ ਮੈਂ ਕਸੀਸ ਵੱਟ ਕੇ ਚੁੱਪ ਕਰ ਰਿਹਾ।
ਫੇਰ ਮੈਂ ‘ਅਕਸ’ ਵੱਲ ਰੁਖ ਕੀਤਾ। ਉਸ ਵਿਚ ਮੈਂ ਜ਼ਿਆਦਾਤਰ ਵਾਰਤਕ ਲੇਖ ਹੀ ਲਿਖਦਾ ਸਾਂ। ਕੁਝ ਲੇਖਾਂ ‘ਤੇ ਮੇਰਾ ਨਾਂ ਹੁੰਦਾ ਤੇ ਕੁਝ ‘ਤੇ ਨਾ ਵੀ ਹੁੰਦਾ। ਤਨ-ਬਦਨ ਵਿਚ ਹਰਾਰਤ ਜਿਹੀ ਮਘੀ ਰਹਿੰਦੀ। ਕਦੀ-ਕਦੀ ਤਾਂ ਉਸ ਪਰਚੇ ਦਾ ਬੇਸ਼ਤਰ ਹਿੱਸਾ ਮੇਰਾ ਲਿਖਿਆ ਹੁੰਦਾ। ਅੱਜ ਇਹ ਤਾਂ ਪਤਾ ਹੈ ਕਿ ਕੁਝ ਕਵਿਤਾਵਾਂ ਇਸ ਪਰਚੇ ਵਿਚ ਛਪੀਆਂ ਸਨ, ਪਰ ਕਿਹੜੀਆਂ? ਕੁਝ ਯਾਦ ਨਹੀਂ। ਹੁਣ ਤਾਂ ਇਹ ਵੀ ਯਾਦ ਨਹੀਂ ਰਿਹਾ ਕਿ ਕਿਹੜੀਆਂ ਨਜ਼ਮਾਂ ਕਦੋਂ ਲਿਖੀਆਂ; ਸਾਕਾ ਨੀਲਾ ਤਾਰਾ ਦੇ ਕਿਸ ਮਰਹੱਲੇ ‘ਤੇ। ‘ਕੌਣ ਤਰਾਜੂ ਕੌਣ ਤੁਲਾ’, ‘ਚੱਲ ਬੁੱਲ੍ਹਿਆ ਤੈਨੂੰ ਪਿੰਡੋਂ ਬਾਹਰ ਛੱਡ ਆਵਾਂ’, ‘ਚੱਲ ਬੁੱਲ੍ਹਿਆ ਚਲ ਗਲ ਕਟਿਅਨ ਸੰਗ ਰਹੀਏ’, ‘ਰਾਤ ਪਈ ਤਾਂ ਸਤਿਗੁਰ ਬੈਠੇ ਇੱਕੋ ਦੀਵਾ ਬਾਲ ਕੇ’ ਆਦਿ ਕੁਝ ਕਵਿਤਾਵਾਂ ਦੀਆਂ ਕੁਝ ਸਤਰਾਂ ਹੁਣ ਵੀ ਕਿਸੇ ਗੁੰਮ-ਗੁਆਚੇ ਜ਼ਖਮ ਵਾਂਗ ਟਸ-ਟਸ ਕਰਦੀਆਂ ਹਨ। ਉਹ ਵੇਲਾ ਮੇਰੇ ਅਚੇਤਨ ‘ਤੇ ਪੱਕੇ ਨਿਸ਼ਾਨ ਛੱਡ ਗਿਆ ਹੈ। ਅੰਗਿਆਰਾਂ ਦੀ ਸੇਜ ‘ਤੇ ਨੰਗੇ ਪੈਰੀਂ ਚੱਲਣ ਜਿਹਾ ਅਨੁਭਵ ਸੀ। ਕਿਸੇ ਬੀਬੀ ਗੁਰਦੀਪ ਕੌਰ ਦੇ ਦੋ ਪੁੱਤਰ ਤੇ ਉਨ੍ਹਾਂ ਦੇ ਬਾਪੂ ਨੂੰ ਉਹਦੀ ਨਜ਼ਰ ਸਾਹਵੇਂ ਕਤਲ ਕੀਤਾ ਗਿਆ। ਬਾਰਾਂ ਜਾਂ ਚੌਦਾਂ ਦੰਗਈਆਂ ਨੇ ਉਹਦੀ ਪੱਤ ਲੁੱਟੀ, ਆਪਣੇ ਤੀਜੇ ਪੁੱਤਰ ਨੂੰ ਬਚਾਉਣ ਲਈ ਉਹ ਗਲੀ ਵਿਚ ਨੰਗ-ਮੁਨੰਗੀ ਦੌੜੀ। ਉਸ ਉਪਰ ਖਾਸਾ ਵਿਸਤ੍ਰਿਤ ਲੇਖ ‘ਮਾਨੁਸ਼ੀ’ ਨਾਂ ਦੇ ਪਰਚੇ ਵਿਚ ਛਪਿਆ। ਇਸ ਲੇਖ ਨੇ ਮੇਰੀ ਮਾਨਸਿਕਤਾ ਤ੍ਰੇੜ ਕੇ ਰੱਖ ਦਿੱਤੀ। ਇਸ ਔਰਤ ਦੀ ਬੇਪਤੀ ਉਹਦੇ ਜਵਾਨ ਪੁੱਤ ਦੇ ਸਾਹਵੇਂ ਹੋਈ ਸੀ।
ਸਿੱਖ ਮਰਦਾਂ ਅਤੇ ਔਰਤਾਂ ਨਾਲ ਹੋਈਆਂ ਬਹੁਤ ਸਾਰੀਆਂ ਵਹਿਸ਼ੀ ਘਟਨਾਵਾਂ ਸੁਣੀਆਂ-ਪੜ੍ਹੀਆਂ ਸਨ, ਪਰ ਗੁਰਦੀਪ ਕੌਰ ਵਾਲੀ ਕਹਾਣੀ ਤਾਂ ਅਖੀਰ ਸੀ। ਇਸ ਉਤੇ ਕੁਝ ਸਤਰਾਂ ਲਿਖੀਆਂ ਵੀ, ਪਰ ਕਈ ਵਾਰ ਜਤਨ ਕੀਤਾ, ਨਜ਼ਮ ਪੂਰੀ ਨਾ ਹੋ ਸਕੀ। ਹਕੀਕਤ ਆਪ ਭੋਗੇ ਬਿਨਾ ਕਲਪਨਾ ਨਹੀਂ ਹੋ ਸਕਦੀ। ਲਿਖਣ ਲਈ ਇਕਮਿਕਤਾ ਥਾਪਣੀ ਪੈਂਦੀ ਹੈ। ਖੁਦ ਆਪਣੇ ਆਪ ਨੂੰ ਬਲਾਤਕਾਰ ਵਿਚ ਇਕ ਧਿਰ ਵਾਂਗ ਸ਼ਰੀਕ ਮਹਿਸੂਸ ਕਰਦਾ ਹਾਂ। ਮੈਨੂੰ ਆਪਣੇ ਕਵੀ-ਕਾਰਜ ‘ਤੇ ਸ਼ਰਮ ਆਉਂਦੀ। ਮੈਨੂੰ ਕਈ ਵਾਰ ਮਹਿਸੂਸ ਹੁੰਦਾ ਕਿ ਜੋ ਕੁਝ ਮੈਂ ਲਿਖ ਰਿਹਾ ਹਾਂ, ਉਸ ਦਾ ਬਹੁਤ ਸਾਰਾ ਹਿੱਸਾ ਲਿਖਣਯੋਗ ਨਹੀਂ। ਲਿਖਣ ਲੱਗਿਆਂ ਉਹਨੂੰ ਆਪਣੇ ਮਨ ਵਿਚ ਹੰਢਾਉਣਾ ਪੈਂਦਾ ਹੈ। ਇਸ ਨਜ਼ਮ ਨੂੰ ਕਈ ਵਾਰ ਅੱਧ ਵਿਚਕਾਰ ਹੀ ਦਮ ਤੋੜਨਾ ਪਿਆ। ਕੁਝ ਸਤਰਾਂ ਅਪਰਾਧੀ ਦੇ ਪਸ਼ਚਾਤਾਪ ਵਾਂਗ ਜ਼ਿਹਨ ਵਿਚ ਜ਼ਰੂਰ ਅਟਕੀਆਂ ਹੋਈਆਂ ਹਨ:
ਮੈਂ ਸ਼ਰਮ ਨਾਲ ਮਰ ਜਾਂ ਜਵਾਨ ਪੁੱਤ ਸਾਹਵੇਂ
ਕਈ ਨੰਗੇਜਾਂ ਮੇਰੇ ਇਕ ਨੰਗੇਜ ਨੂੰ ਕੱਜਿਆ।
ਨਜ਼ਰ ਬਚਾ ਕੇ ਹਨੇਰੇ ‘ਚ ਮਲ੍ਹਮ ਲਾਉਂਦੀ ਹਾਂ
ਹਯਾ ਦਾ ਜ਼ਖਮ ਹੈ ਅੱਲਾ ਅਜੇ ਨਹੀਂ ਪੱਕਿਆ।
ਘਾਇਲ ਹਰਿਮੰਦਰ ਸਾਹਿਬ ਦਾ ਸੱਦਾ ਮੇਰੇ ਤਕ ਹਰ ਘੜੀ ਪਹੁੰਚ ਰਿਹਾ ਸੀ। ਕੋਈ ਬਹੁਤ ਨੇੜੇ ਬਜ਼ੁਰਗ ਬਿਮਾਰ ਮੈਨੂੰ ਆਪਣੀ ਬਿਮਾਰਪੁਰਸ਼ੀ ਲਈ ਉਡੀਕਦਾ ਜਾਪਦਾ ਸੀ। ਮੈਂ ਦੋ ਵਾਰ ਹਰਿਮੰਦਰ ਸਾਹਿਬ ਗਿਆ। ਦੋਵੇਂ ਵਾਰ ਸ਼ਾਮ ਉਤਰ ਰਹੀ ਸੀ। ਸੁੰਨਮਸਾਨ ਵਰਤੀ ਹੋਈ ਸੀ। ਬਾਬਾ ਸੰਤ ਸਿੰਘ ਦਾ ਕੋਈ ਕੋਈ ਨਿਹੰਗ ਹੀ ਕਾਰੇ ਲੱਗਾ ਹੋਇਆ ਸੀ। ਮੇਰੇ ਸਿਵਾ ਕੋਈ ਹੋਰ ਯਾਤਰੂ ਪੂਰੀ ਪਰਿਕਰਮਾ ਵਿਚ ਨਾ ਦਿਸਿਆ। ਹਰਿਮੰਦਰ ਸਾਹਿਬ ਨੂੰ ਥਾਂ-ਥਾਂ ਮੁਘੇਰੇ ਪਏ ਸਨ। ਦਰਸ਼ਨੀ ਡਿਓੜੀ ਦੇ ਤਨ ‘ਤੇ ਵੀ ਤੋਪ ਦੀਆਂ ਜ਼ਰਬਾਂ ਦੇ ਨਿਸ਼ਾਨ ਸਨ। ਸਾਰੇ ਵਾਤਾਵਰਣ ਵਿਚ ਸਹਿਮ ਦਾ ਵਾਤਾਵਰਣ ਸੀ। ਹੈ ਤਾਂ ਅਤਿਕਥਨੀ, ਪਰ ਮੈਨੂੰ ਸਚਮੁਚ ਹੀ ਹਵਾ ਵਿਚ ਕਿਸੇ ਜ਼ਖਮੀ ਦੇ ਕਰਾਹੁਣ ਦੀ ਆਵਾਜ਼ ਆਉਂਦੀ ਸੀ। ਡੌਰ ਭੌਰ ਹੋਇਆ ਮੈਂ ਦਰਸ਼ਨੀ ਡਿਓੜੀ ਦੇ ਲਾਗੇ ਹੀ ਖਲੋਤਾਂ ਸਾਂ ਕਿ ਹਰਿਮੰਦਰ ਸਾਹਿਬ ਵੱਲੋਂ ਮੇਰਾ ਜਾਣੂ-ਪਛਾਣੂ ਉਪਲ (ਜਿਸ ਨੂੰ ਯਾਰ ਲੋਕ ਪਿਆਰ ਨਾਲ ‘ਬੇਬੀ ਐਲੀਫੈਂਟ’ ਕਹਿੰਦੇ ਸਨ) ਆਉਂਦਾ ਦਿਸਿਆ। ਉਹਨੇ ਸਹਿਜ ਭਾਅ ਪੁੱਛਿਆ, “ਸੁਣਾਓ, ਡਾਕਟਰ ਸਾਹਿਬ, ਕਿਵੇਂ ਮਹਿਸੂਸ ਕਰ ਰਹੇ ਹੋ?”
ਮੇਰੇ ਮੂੰਹੋਂ ਕੋਈ ਬੋਲ ਨਾ ਨਿਕਲਿਆ। ਅੱਖਾਂ ਛਲਕ ਪਈਆਂ। ਸ਼ਾਮ ਗਹਿਰਾ ਗਈ। ਮੈਨੂੰ ਇਸ ਸੁੰਨ-ਇਕਾਂਤ ਵਿਚ ਪਰਿਕਰਮਾ ਵਿਚ ਲੇਟੇ ਸਿੰਘ ਵਿਖਾਈ ਦੇਂਦੇ ਸਨ ਜਾਂ ਪ੍ਰੇਸ਼ਾਨ ਹਾਲ ਮਾਂਵਾਂ ਆਪਣੇ ਡਿੱਗੇ-ਢੱਠੇ ਪੁੱਤਰਾਂ ਦੇ ਚਿਹਰੇ ਪਛਾਣਨ ਦਾ ਯਤਨ ਕਰਦੀਆਂ ਨਜ਼ਰ ਆਉਂਦੀਆਂ ਸਨ। ਹਨੇਰਾ ਪਲੋ-ਪਲੀ ਗੂੜ੍ਹਾ ਹੁੰਦਾ ਗਿਆ, ਹਰਿਮੰਦਰ ਦੇ ਪ੍ਰਕਾਸ਼ ਅਸਥਾਨ ਵਿਚ ਜੋਤ ਬਦਲੀ ਪ੍ਰਤੀਤ ਹੁੰਦੀ ਸੀ। ਕੋਲ ਸਤਿਗੁਰੂ ਆਪ ਬੈਠੇ ਚਾਰ-ਪੰਜ ਸਿੱਖਾਂ ਨੂੰ ਕੋਈ ਉਪਦੇਸ਼ ਦੇ ਰਹੇ ਸਨ। ਹਕੀਕਤ ਵਰਗਾ ਇਹ ਝਾਂਵਲਾ ਮੇਰੇ ਮਨ ਵਿਚ ਵਸ ਗਿਆ। ਦੋ ਕਵਿਤਾਵਾਂ ਲਿਖੀਆਂ, ਜਿਨ੍ਹਾਂ ‘ਚੋਂ ਇਕ ਮੈਨੂੰ ਪੂਰੀ ਯਾਦ ਹੈ ਤੇ ਇਕ ਦੀਆਂ ਸਤਰਾਂ ਜੰਗਲ ‘ਚ ਗੁਆਚੀਆਂ ਕੋਈ ਪੈੜ ਲਭਦੀਆਂ ਜਾਪਦੀਆਂ ਹਨ:
1. ਪਰਿਕਰਮਾ ਤਕ ਆ ਪੁੱਜੀਆਂ ਨੇ
ਆਂਦਰ ਆਂਦਰ ਮਾਂਵਾਂ
ਪੱਥਰ ਪੱਥਰ ਪਾਸੋਂ ਪੁੱਛਣ
ਪੁੱਤਰਾਂ ਦਾ ਸਿਰਨਾਂਵਾਂ
ਉਹ ਜਿਹੜੇ ਵਿਚ ਪਰਦਖਣਾ ਡੁੱਲ੍ਹ ਗਏ
ਲੈ ਕੇ ਤੇਰਾ ਨਾਂਵਾਂ।
2. ਸ਼ਾਮ ਪਈ ਤਾਂ ਸਤਿਗੁਰੂ ਬੈਠੇ
ਇਕੋ ਦੀਵਾ ਬਾਲ ਕੇ
ਪਰਿਕਰਮਾ ‘ਚੋਂ ਜ਼ਖਮ ਬੁਲਾ ਲਏ
ਸੁੱਤੇ ਹੋਏ ਉਠਾਲ ਕੇ
ਜ਼ਹਿਰੀ ਰਾਤ ਗਜ਼ਬ ਦੀ ਕਾਲੀ
ਕਿਤੇ ਕਿਤੇ ਕੋਈ ਤਾਰਾ ਸੀ
ਭਿੰਨੜੇ ਬੋਲ ਗੁਰੂ ਜੀ ਬੋਲੇ
ਚਾਨਣ ਵਿਚ ਨੁਹਾਲ ਕੇ
ਅਜ ਦੀ ਰਾਤ ਕਿਸੇ ਨਹੀਂ ਸੌਣਾ

ਹਾਲੇ ਦੂਰ ਸ਼ਹੀਦੀ ਹੈ
ਅਜੇ ਤਾਂ ਸੂਰਜ ਰੋਸ਼ਨ ਕਰਨਾ
ਆਪਣੇ ਹੱਥੀਂ ਬਾਲ ਕੇ
ਨਾ ਕੋ ਬੈਰੀ ਨਾਹਿ ਬੇਗਾਨਾ
ਸਤਿਗੁਰ ਕਾ ਸਭ ਸਦਕਾ ਹੈ
(ਪਰ) ਵੇਖੋ ਜਾਬਰ ਲੈ ਨਾ ਜਾਏ
ਪਤ-ਪਰਤੀਤ ਉਧਾਲ ਕੇ।
ਇਹ ਪ੍ਰੇਸ਼ਾਨ ਹਾਲ ਮਾਂਵਾਂ ਸਨ ਜਾਂ ਚਾਨਣ ਸਰੂਪ ਸਤਿਗੁਰਾਂ ਦਾ ਅਨੁਭਵ ਸੀ, ਉਨ੍ਹਾਂ ਦੇ ਪ੍ਰਤੀਕ ਦਰਸ਼ਨਾਂ ਲਈ ਮੈਂ ਇਕ ਵਾਰ ਫੇਰ ਅੰਮ੍ਰਿਤਸਰ ਗਿਆ। ਅਕਾਲ ਤਖਤ ਦੀ ਮੁਰੰਮਤ ਹੋ ਚੁਕੀ ਸੀ, ਪਰ ਮੇਰੇ ਮਨ ਵਿਚ ਜ਼ਖਮੀ ਅਕਾਲ ਤਖਤ ਦਾ ਚਿਤਰ ਉਵੇਂ ਦਾ ਉਵੇਂ ਟਿਕਿਆ ਹੋਇਆ ਸੀ। ਸੁਭਾਅ ਵਜੋਂ ਮੈਂ ‘ਹਊ ਪਰ੍ਹੇ’ ਕਹਿਣ ਵਾਲਿਆਂ ਵਿਚੋਂ ਹਾਂ, ਪਰ ਇਹ ਚਿਤਰ ਤਾਂ ਸੂਲੀ ‘ਤੇ ਲਟਕੇ ਸ਼ਹੀਦ ਦਾ ਚਿਤਰ ਸੀ, ਮਨ ਤੋਂ ਪਰ੍ਹਾਂ ਹੁੰਦਾ ਹੀ ਨਹੀਂ ਸੀ। ਐਤਕੀਂ ਮੈਂ ਕੁਝ ਜ਼ਿਆਦਾ ਪ੍ਰਸ਼ਾਨ ਹੋਇਆ। ਅਕਾਲ ਤਖਤ ਢਾਹੁਣ ਵਾਲੇ ਹੀ ਉਹਦੀ ਮੁਰੰਮਤ ਕਰ ਰਹੇ ਸਨ। ਮੈਨੂੰ ਜਾਪਦਾ ਸੀ ਕਿ ਦੁਸ਼ਾਸਨ ਦਰੋਪਦੀ ਉਪਰ ਇਕ ਨਹੀਂ, ਦੋ ਦੋ ਜ਼ਿਆਦਤੀਆਂ ਕਰ ਰਿਹਾ ਹੈ। ਇਕ ਵਾਰ ਉਹਦਾ ਚੀਰ-ਹਰਨ ਕਰ ਕੇ ਅਤੇ ਦੂਜੀ ਵਾਰ ਉਹਨੂੰ ਆਪ ਹੀ ਕੱਜ ਕੇ। ਕ੍ਰਿਸ਼ਨ ਦੀ ਭੂਮਿਕਾ ਅਦਾ ਕਰਨ ਵਾਲਾ ਦੁਸ਼ਾਸਨ ਮੈਨੂੰ ਲੀੜੇ ਲਾਹੁਣ ਵਾਲੇ ਦੁਸ਼ਾਸਨ ਤੋਂ ਕਿਤੇ ਵਧੀਕ ਘਿਨਾਉਣਾ ਲਗਦਾ ਸੀ। ਦਿੱਲੀ ਮੁੜਨ ਤਕ ਮੈਂ ਚਾਰ ਨਜ਼ਮਾਂ ਲਿਖ ਚੁਕਾ ਸਾਂ। ਉਨ੍ਹਾਂ ਵਿਚੋਂ ਇਕ ਵਾਰ-ਵਾਰ ਪੜ੍ਹਨ ਨੂੰ ਜੀ ਕਰਦਾ ਰਿਹਾ ਅਤੇ ਦੂਜੀ ਬਾਰੇ ਡਰਦਾ ਰਿਹਾਂ, ਕਿਤੇ ਮੇਰੇ ਮੂੰਹੋਂ ਨਿਕਲ ਕੇ ਕਿਸੇ ਹੋਰ ਦੇ ਕੰਨੀਂ ਨਾ ਪੈ ਜਾਵੇ। ਪਹਿਲੀ ਕਵਿਤਾ ਇਉਂ ਹੈ:
ਸਿਮਰਨ ਬਾਝੋਂ ਜਾਪ ਰਿਹਾ ਸੀ
ਅਹਿਲਾ ਜਨਮ ਗੁਆਇਆ।
ਕਰਾਮਾਤ ਹੈ ਆਖਰ ਉਮਰੇ
ਕਾਫਰ ਰੱਬ ਨੂੰ ਧਿਆਇਆ।
ਦਿੱਲੀ ਨੇ ਜਦ ਅੰਬਰਸਰ ‘ਤੇ
ਜਮ ਕਰ ਮੁਗਲ ਚੜ੍ਹਾਇਆ।
ਹੈਵਰ ਗੈਵਰ ਤੋਂ ਵੀ ਤਗੜਾ
ਜਦੋਂ ਲੋਹੇਯਾਨ ਦੁੜਾਇਆ।
ਮੈਂ ਰਬ ਨੂੰ ਬਹੁਤ ਧਿਆਇਆ।
ਫੌਜਾਂ ਨੇ ਜਦ ਸੋਨਕਲਸ ‘ਤੇ
ਤੁੱਪਕ ਤਾਨ ਚਲਾਇਆ।
ਖਖੜੀ ਖਖੜੀ ਹੋ ਕੇ ਡਿੱਗਾ
ਜਦੋਂ ਮੇਰੇ ਸਿਰ ਦਾ ਸਾਇਆ।
ਮੈਂ ਰੱਬ ਨੂੰ ਬਹੁਤ ਧਿਆਇਆ।
ਸੱਚਾ ਤਖਤ ਜਿਨ੍ਹੇ ਢਾਹਿਆ ਸੀ
ਓਸੇ ਜਦੋਂ ਬਣਾਇਆ।
ਤਾਂ ਅਪਰਾਧੀ ਦੂਣਾ ਨਿਉਂਦਾ
ਮੈਨੂੰ ਨਜ਼ਰੀਂ ਆਇਆ।
ਮੈਂ ਰੱਬ ਨੂੰ ਬਹੁਤ ਧਿਆਇਆ।
ਸਤਿਗੁਰੂ ਇਹ ਕੀ ਕਲਾ ਵਿਖਾਈ
ਤੂੰ ਕੀ ਭਾਣਾ ਵਰਤਾਇਆ।
ਮੈਂ ਪਾਪੀ ਦੀ ਸੋਧ ਲਈ
ਤੂੰ ਆਪਣਾ ਘਰ ਢਠਵਾਇਆ।
ਮੈਂ ਰੱਬ ਨੂੰ ਬਹੁਤ ਧਿਆਇਆ।
ਦੂਜੀ ਨਜ਼ਮ ਵਿਚ ਦੁਸ਼ਾਸਨ ਦਾ ਚਿਤਰ ਹੈ। ਉਹਨੂੰ ਏਥੇ ਨਾ ਹੀ ਸ਼ਾਮਿਲ ਕਰਾਂ, ਤਾਂ ਚੰਗਾ। ਇਹ ਨਜ਼ਮ ਬਚਪਨ ਵਿਚ ਸੁਣੀ ‘ਚਿੜੀ, ਕਾਂ, ਗੁਲੇਲਾ, ਕਿੱਕਰ’ ਵਾਲੀ ਬਾਤ ਉਪਰ ਆਧਾਰਿਤ ਸੀ। ਨਾ ਮੈਨੂੰ ਬੀਬੀ ਇੰਦਰਾ ਦਾ ਕਤਲ ਚੰਗਾ ਲਗਦਾ ਹੈ, ਨਾ ਜਰਨੈਲ ਵੈਦਿਆ ਦਾ। ਪਰ ਬਚਪਨ ਦੀ ਬਾਤ ਨੇ ਜਿਸ ਤਰ੍ਹਾਂ ਦੀ ਅਚੇਤਨ ਦੀ ਰਚਨਾ ਕਰ ਰੱਖੀ ਸੀ, ਉਸ ਨੂੰ ਕੁਝ ਇਹੋ-ਜਿਹੀ ਹੋਣੀ ਦੇ ਵਾਪਰਨ ਦਾ ਤੌਖਲਾ ਵਿਆਪ ਰਿਹਾ ਸੀ:
ਰਾਣੀਏਂ ਰਾਣੀਏਂ ਕਿੱਕਰ ਨੂੰ ਕਹੁ ਕਾਂ ਉਡਾਵੇ
ਨਹੀਂ ਤਾਂ ਕਿੱਕਰ ਵੱਢਣ ਖਾਤਰ
ਵਾਢੀ ਤੁਰਿਆ ਆਵੇ।
ਮੈਨੂੰ ਜਾਪਦਾ ਹੈ ਕਿ ਸਾਕਾ ਨੀਲਾ ਤਾਰਾ ਨੇ ਹਰਿਮੰਦਰ ਤੇ ਅਕਾਲ ਤਖਤ ਉਪਰ ਵਾਰ ਕਰ ਕੇ ਪੰਜਾਬੀ ਅਚੇਤਨ ਨੂੰ ਉਕਸਾਇਆ ਸੀ। ਭਾਰਤ ਦੀਆਂ ਦੋ ਨਾਮਵਰ ਹਸਤੀਆਂ ਨੂੰ ਮਾਰਨ ਵਾਲੇ ਤਾਂ ਨਮਿੱਤ ਕਾਰਨ ਸਨ, ਉਨ੍ਹਾਂ ਦਾ ਅਸਲ ਕਾਤਲ ਤਾਂ ਪੰਜਾਬ ਦਾ ਜਾਤੀ ਅਚੇਤਨ ਸੀ। ਤੇ ਜਾਤੀ ਅਚੇਤਨ ਉਪਰ ਕਿਸ ਦਾ ਵੱਸ ਚਲਦਾ ਹੈ? ਇਨ੍ਹਾਂ ਦੋਹਾਂ ਹਸਤੀਆਂ ਦੇ ਕਾਲਵਸ ਹੋ ਜਾਣ ਦਾ ਧਿਆਨ ਕਰਦਿਆਂ ਗੀਤਾ ਦਾ ਸ਼ਲੋਕ ਯਾਦ ਆ ਜਾਂਦਾ ਹੈ, ਜਿਸ ਵਿਚ ਭਗਵਾਨ ਕ੍ਰਿਸ਼ਨ ਅਰਜਨ ਨੂੰ ਸਮਝਾਉਂਦੇ ਹਨ ਕਿ ਉਠ ਅਤੇ ਤੂੰ ਮੇਰੇ ਪਹਿਲੋਂ ਹੀ ਮਾਰੇ ਹੋਇਆਂ ਨੂੰ ਮਾਰਨ ਲਈ ਨਿਮਿਤ ਮਾਤਰ ਹੋ ਜਾ:
ਤਮਮਾਤਤਵਮੁਤਿੱਸ਼ਠ ਯਸ਼ੋ ਲਭਸ੍ਵ ਜਿਤ੍ਰਵਾ ਸ਼ਤਰੂਨ੍ਰ
ਭੁੰਕਸ਼ਵ ਰਾਜੇਯਮ ਸਮ੍ਰਿੱਧਮ।
ਮਯੈਵੈਤੇ ਨਿਹਤਾ: ਪੂਰਵਮੇਵ
ਨਿਮਿਤੱਮਾਤ੍ਰਮ ਭਵ ਸਵਯਸਾਚ੍ਰਿਨ॥੧੧॥੩੩॥