ਛਬੀਲ ਦਾ ਰਸਤਾ

ਬਲਜੀਤ ਬਾਸੀ
ਜੂਨ ਮਹੀਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਪੁਰਬ ਹੈ। ਇਸ ਦਿਨ ਸੜਕਾਂ, ਰਾਹਾਂ, ਗਲੀਆਂ ਆਦਿ ‘ਤੇ ਸ਼ਰਧਾਲੂਆਂ ਵਲੋਂ ਛਬੀਲ ਲਾਈ ਜਾਂਦੀ ਹੈ। ਸਾਡੇ ਸਮਿਆਂ ਵਿਚ ਆਮ ਲਾਂਘੇ ਲਾਗੇ ਸਥਿਤ ਕਿਸੇ ਦਰਖਤ ਜਾਂ ਹੋਰ ਕਿਸੇ ਤਰ੍ਹਾਂ ਦੀ ਓਟ ਹੇਠਾਂ ਮੇਜ ਜਾਂ ਫੱਟਾ ਲਾ ਕੇ ਉਸ ਉਤੇ ਮਿੱਠੇ ਪਾਣੀ ਦਾ ਟੱਬ ਰੱਖਿਆ ਜਾਂਦਾ ਸੀ। ਇਸ ਪਾਣੀ ਵਿਚ ਦੁਧ, ਖੰਡ ਅਤੇ ਬਰਫ ਮਿਲਾਈ ਹੁੰਦੀ ਸੀ।

ਪਹਿਲੀਆਂ ਵਿਚ ਖੰਡ ਦੀ ਥਾਂ ਗੁੜ ਜਾਂ ਸ਼ੱਕਰ ਦੀ ਵਰਤੋਂ ਕੀਤੀ ਜਾਂਦੀ ਸੀ, ਉਦੋਂ ਬਰਫ ਕਿੱਥੇ ਮਿਲਦੀ ਸੀ! ਸ਼ਰਧਾਲੂ ਲੋਕ ਇਸ ਨੂੰ ਪਲੀਆਂ ਰਾਹੀਂ ਗਲਾਸਾਂ, ਕੌਲੀਆਂ ਜਾਂ ਛੰਨਿਆਂ ਵਿਚ ਪਾ ਕੇ ਰਾਹੀਆਂ ਨੂੰ ਵਰਤਾਉਂਦੇ। ਬਚਪਨ ਵਿਚ ਅਸੀਂ ਗੁਰਦੁਆਰੇ ਵਿਚ ਅਰਦਾਸ ਪਿੱਛੋਂ ਮਿਲਦੇ ਕੜਾਹ ਪ੍ਰਸ਼ਾਦ ਦੇ ਦੂਹਰੇ-ਤੀਹਰੇ ਗੱਫੇ ਲੈਣ ਲਈ ਵਾਰ ਵਾਰ ਭਾਈ ਅੱਗੇ ਹੱਥ ਫੈਲਾ ਦਿੰਦੇ ਸਾਂ। ਇਸੇ ਤਰ੍ਹਾਂ ਭਰ ਗਰਮੀਆਂ ਵਿਚ ਸ਼ਹੀਦੀ ਦਿਹਾੜੇ ‘ਤੇ ਆਪਣੇ ਪਿੰਡ ਵਿਚ ਲਗਦੀਆਂ ਛਬੀਲਾਂ ਤੋਂ ਵੀ ਖੂਬ ਮਿੱਠਾ ਪਾਣੀ ਛਕਿਆ ਕਰਦੇ।
ਅੱਜ ਕਲ੍ਹ ਸਿੱਖਾਂ ਵਿਚ ਸ਼ਰਧਾ ਦਾ ਕੋਈ ਅੰਤ ਨਹੀਂ। ਥਾਂ ਥਾਂ ਲੰਗਰ ਵਾਂਗ ਰਾਹੀਆਂ ਨੂੰ ਰੋਕ ਰੋਕ ਕੇ ਮਿੱਠਾ ਪਾਣੀ ਪੀਣ ਲਈ ਮਜਬੂਰ ਕੀਤਾ ਜਾਂਦਾ ਹੈ, ਅਗਲਾ ਭਾਵੇਂ ਪਾਣੀ ਪੀ ਪੀ ਕੇ ਆਫਰ ਹੀ ਜਾਵੇ। ਫਿਰ ਇਸ ਪਾਣੀ ਦੀ ਮਿਠਾਸ, ਸੁਆਦਲਾਪਣ ਅਤੇ ਗੁਣਵਤਾ ਵਿਚ ਵੀ ਦਿਨ ਬਦਿਨ ਵਾਧਾ ਹੋਈ ਜਾਂਦਾ ਹੈ। ਬਹੁਤ ਪਹਿਲਾਂ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ ਇਕੱਲੇ ਦਿੱਲੀ ਵਿਚ ਸ਼ਹੀਦੀ ਦਿਹਾੜੇ ‘ਤੇ ਇਕ ਲੱਖ ਰੂਹ-ਅਫਜ਼ਾ ਦੀਆਂ ਬੋਤਲਾਂ ਪਿਲਾਈਆਂ ਗਈਆਂ। ਕੁਝ ਵੀ ਹੋਵੇ, ਅਜਿਹੇ ਦਿਹਾੜੇ ਲੋਕ ਧਾਰਮਿਕ ਵਖਰੇਵੇਂ ਭੁਲਾ ਕੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕਰਦੇ ਹਨ।
ਇੱਕ ਕੰਨਸੋਅ ਅਨੁਸਾਰ ਜਦੋਂ ਗੁਰੂ ਅਰਜਨ ਦੇਵ ਨੂੰ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਚੰਦੂ ਦੀ ਨੂੰਹ ਗੁਰੂ ਜੀ ਦੇ ਪੀਣ ਵਾਸਤੇ ਸ਼ਰਬਤ ਲੈ ਕੇ ਆਈ। ਉਸ ਨੇ ਆਪਣੇ ਗਹਿਣੇ ਵੇਚ ਕੇ ਪਹਿਰੇਦਾਰਾਂ ਨੂੰ ਰਿਸ਼ਵਤ ਦਿੱਤੀ ਤੇ ਜੇਲ੍ਹ ਵਿਚ ਜਾਣ ਦੀ ਇਜਾਜ਼ਤ ਲਈ। ਇਸ ਅਨੁਸਾਰ ਉਦੋਂ ਤੋਂ ਹੀ ਛਬੀਲ ਦੀ ਪਰੰਪਰਾ ਸ਼ੁਰੂ ਹੋਈ। 1920ਵਿਆਂ ਵਿਚ ‘ਹਿੰਦੂ ਮਹਾਸਭਾ’ ਦੇ ਪ੍ਰਧਾਨ ਅਤੇ ਹਿੰਦੁਤਵ ਸ਼ਬਦ ਦੇ ਘਾੜੇ ਸਾਵਰਕਰ ਦੀ ‘ਭਾਰਤੀ ਇਤਿਹਾਸ ਦੇ ਛੇ ਸੁਨਿਹਰੀ ਪੰਨੇ’ ਨਾਮਕ ਇੱਕ ਕਿਤਾਬ ਆਈ ਜਿਸ ਵਿਚ ਜ਼ਿਕਰ ਹੈ ਕਿ ਗੁਰੂ ਸਾਹਿਬ ਨੂੰ ਦੋ ਕਰੋੜ ਜਰਮਾਨਾ ਕੀਤਾ ਗਿਆ ਸੀ। ਸਿੱਖਾਂ ਵਿਚ ਏਨੇ ਰੁਪਏ ਇਕੱਠੇ ਕਰਨ ਦੀ ਸਮਰੱਥਾ ਨਹੀਂ ਸੀ। ਸੋ ‘ਕੇਵਲ ਅਤੇ ਕੇਵਲ ਚੰਦੂ ਹੀ ਅਜਿਹਾ ਅਮੀਰ ਗੁਰਸਿੱਖ ਸੀ ਜੋ ਏਨੇ ਪੈਸੇ ਉਪਲਭਦ ਕਰ ਸਕਦਾ ਸੀ।’ ਸਿੱਖ ਇਤਿਹਾਸਕਾਰਾਂ ਅਨੁਸਾਰ ਚੰਦੂ ਇੱਕ ਸਿੱਖ-ਦੋਖੀ ਵਿਅਕਤੀ ਸੀ ਜਿਸ ਦੇ ਕਿਰਦਾਰ ਨੂੰ ਬਚਾਉਣ ਅਤੇ ਉਚਿਆਉਣ ਦੀ ਖਾਤਰ ਸਾਰੇ ਵਾਕਿਆ ਨੂੰ ਤੋੜ-ਮੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਵਿਚ ਕਾਫੀ ਸੱਚਾਈ ਜਾਪਦੀ ਹੈ ਪਰ ਇਥੇ ਅਸੀਂ ਇਤਿਹਾਸ ਪੱਖੋਂ ਇਸ ਦੀ ਪਰਖ ਨਹੀਂ ਕਰ ਰਹੇ।
ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਮਨ ਵਿਚ ਛਬੀਲ ਸ਼ਹੀਦੀ ਦਿਹਾੜੇ ‘ਤੇ ਵਰਤਾਏ ਜਾਂਦੇ ਮਿੱਠੇ ਪਾਣੀ ਨੂੰ ਹੀ ਕਹਿੰਦੇ ਹਨ। ਸਤੰਬਰ-ਅਕਤੂਬਰ ਦੇ ਮਹੀਨੇ ਸ਼ੀਆ ਮੁਸਲਮਾਨ ਮੁਹੱਰਮ ਮਨਾਉਂਦੇ ਤਾਜ਼ੀਏ (ਵਿਰਲਾਪ) ਪਿੱਟਦੇ ਹਨ ਤੇ ਆਪਣੇ ਆਪ ਨੂੰ ਖੂਬ ਲਹੂ-ਲੁਹਾਣ ਕਰ ਲੈਂਦੇ ਹਨ। ਇਸਲਾਮੀ ਕਲੰਡਰ ਦੇ ਪਹਿਲੇ ਮਹੀਨੇ ਨੂੰ ਮੁਹੱਰਮ ਕਹਿੰਦੇ ਹਨ ਜਿਸ ਦਾ ਅਰਥ ਹੈ, ਮਨ੍ਹਾ ਕੀਤਾ, ਹਰਾਮ। ਇਹ ਸ਼ਬਦ ਹਰਾਮ ਦਾ ਹੀ ਸਜਾਤੀ ਹੈ, ਜੋ ਹਰਮ ਮੂਹਰੇ ‘ਮੁ’ ਅਗੇਤਰ ਲਾ ਕੇ ਹੀ ਬਣਿਆ ਹੈ। ਇਸ ਮਹੀਨੇ ਦੇ ਦਸਵੇਂ ਦਿਨ ਸ਼ੀਆ ਮੁਸਲਮਾਨ ਮੁਹੰਮਦ ਦੇ ਪੋਤੇ ਅਤੇ ਅਲੀ ਦੇ ਪੁੱਤਰ ਇਮਾਮ ਹੁਸੈਨ ਇਬਨ ਅਲੀ ਅਤੇ ਉਸ ਦੇ ਪਰਿਵਾਰ ਦੀ ਕਰਬਲਾ ਯੁੱਧ ਵਿਚ ਹੋਈ ਸ਼ਹੀਦੀ ਨੂੰ ਯਾਦ ਕਰਦੇ ਹਨ। ਅਰਬੀ ਨਾਂਵਾਂ ਵਿਚ ਲਗਦੇ ਇਬਨ (ਛੋਟਾ ਰੂਪ ਬਿਨ) ਸ਼ਬਦ ਦਾ ਅਰਥ ਹੈ, ਪੁੱਤਰ। ਸੋ, ‘ਹੁਸੈਨ ਇਬਨ ਅਲੀ’ ਦਾ ਮਤਲਬ ਹੋਇਆ, ਅਲੀ ਦਾ ਪੁੱਤਰ ਹੁਸੈਨ। ਮੁਹੱਰਮ ਵਿਚ ਸ਼ਾਮਿਲ ਸਰਧਾਲੂਆਂ ਅਤੇ ਹੋਰ ਲੋਕਾਂ ਨੂੰ ‘ਛਬੀਲ’ ਲਾ ਕੇ ਪਾਣੀ ਪਿਲਾਇਆ ਜਾਂਦਾ ਹੈ ਜਿਸ ਵਿਚ ਕਈ ਵਾਰੀ ਸੁੰਨੀ ਮੁਸਲਮਾਨ ਵੀ ਸ਼ਿਰਕਤ ਕਰਦੇ ਹਨ।
ਅਸੀਂ ਪਿੱਛੇ ਚੰਦੂ ਨਾਲ ਸਬੰਧਤ ਪ੍ਰਕਰਣ ਛੇੜਿਆ ਹੈ। ਉਥੇ ਚੰਦੂ ਦੀ ਨੂੰਹ ਵਲੋਂ ਗੁਰੂ ਸਾਹਿਬ ਨੂੰ ਸ਼ਰਬਤ ਪਿਲਾਉਣ ਦਾ ਜ਼ਿਕਰ ਕੀਤਾ ਗਿਆ ਹੈ। ਸ਼ਾਇਦ ਛਬੀਲ ਸ਼ਬਦ ਨੂੰ ਸ਼ਰਬਤ (ਜਿਸ ਬਾਰੇ ਫਿਰ ਕਦੀ ਲਿਖਿਆ ਜਾਵੇਗਾ) ਤੋਂ ਵਿਗੜੇ ਹੋਣ ਦਾ ਭੁਲੇਖਾ ਲਗਦਾ ਹੋਵੇ। ਪੁਰਾਣੇ ਜ਼ਮਾਨਿਆਂ ਵਿਚ ਸਰਕਾਰੀ ਅਤੇ ਧਾਰਮਿਕ ਸੰਸਥਾਵਾਂ ਵਲੋਂ ਥੱਕੇ-ਟੁੱਟੇ ਤੇ ਪਿਆਸੇ ਰਾਹੀਆਂ ਨੂੰ ਰਾਹਾਂ ਵਿਚ ਖੂਹ, ਬਉਲੀਆਂ ਆਦਿ ਲਾ ਕੇ ਪਾਣੀ ਪਿਲਾਉਣ ਦੀ ਵਿਵਸਥਾ ਕੀਤੀ ਜਾਂਦੀ ਸੀ। ਹੋਰ ਜਨਤਕ ਥਾਂਵਾਂ ‘ਤੇ ਪਾਣੀ ਦੇ ਘੜੇ ਵੀ ਰੱਖੇ ਜਾਂਦੇ ਸਨ। ਸਾਡੀਆਂ ਭਾਸ਼ਾਵਾਂ ਵਿਚ ਇਨ੍ਹਾਂ ਨੂੰ ਪਿਆਉ ਕਿਹਾ ਜਾਂਦਾ ਹੈ, ਜਿਸ ਦਾ ਸਬੰਧ ਪੀਣ ਸ਼ਬਦ ਨਾਲ ਹੈ। ਦਿੱਲੀ ਵਿਚ ਇੱਕ ‘ਗੁਰਦੁਆਰਾ ਨਾਨਕ ਪਿਆਉ’ ਹੈ। ਗੁਰੂ ਨਾਨਕ ਦੇਵ ਜੀ ਦੀ ਦਿੱਲੀ ਫੇਰੀ ਦੌਰਾਨ ਸ਼ਰਧਾਲੂ ਉਨ੍ਹਾਂ ਪਾਸ ਦਰਸ਼ਨਾਂ ਲਈ ਪੁੱਜਦੇ ਸਨ ਤਾਂ ਰਵਾਇਤ ਅਨੁਸਾਰ ਉਹ ਉਨ੍ਹਾਂ ਨੂੰ ਭੋਜਨ ਅਤੇ ਪਾਣੀ ਪਿਆਇਆ ਕਰਦੇ ਸਨ।
ਸੋ, ਪਾਣੀ ਦੀ ਵਿਵਸਥਾ ਲਈ ਸਾਡੀਆਂ ਭਾਸ਼ਾਵਾਂ ਵਿਚ ਪਿਆਉ ਸ਼ਬਦ ਵਧੇਰੇ ਪ੍ਰਚਲਿਤ ਰਿਹਾ ਹੈ। ਮੁਫਤ ਪਾਣੀ ਪਿਲਾਉਣ ਨੂੰ ਮਹਾਂਪੁੰਨ ਕਿਹਾ ਜਾਂਦਾ ਹੈ। ਮੇਰਾ ਵਿਚਾਰ ਹੈ ਕਿ ਸ਼ੀਆ ਇਸਲਾਮ ਵਿਚ ਛਬੀਲ ਦੀ ਪਰੰਪਰਾ ਨੂੰ ਦੇਖ ਕੇ ਅਤੇ ਇਸ ਵਿਚ ਧਾਰਮਿਕ ਅਤੇ ਸ਼ਹਾਦਤੀ ਅਰਥ ਨਿਹਿਤ ਹੋਣ ਕਾਰਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਪਿਲਾਏ ਜਾਂਦੇ ਪਾਣੀ ਲਈ ਵੀ ਛਬੀਲ ਸ਼ਬਦ ਪ੍ਰਚਲਿਤ ਕਰ ਦਿੱਤਾ ਗਿਆ। ਸਿੱਖਾਂ ਵਿਚ ਇੱਕ ਰੁਝਾਨ ਪੈਦਾ ਹੋ ਰਿਹਾ ਹੈ ਕਿ ਸਿੱਖੀ ਨਾਲ ਸਬੰਧਤ ਪਦਾਂ ਨੂੰ ਮੁਸਲਮਾਨ ਜਾਂ ਹੋਰ ਧਰਮਾਂ ਨਾਲੋਂ ਨਿਖੇੜ ਲਿਆ ਜਾਵੇ ਤਾਂ ਜੁ ਹੋਰ ਧਰਮਾਂ ਦੀ ਨਕਲ ਆਦਿ ਨਾ ਜਾਪੇ। ਇਸੇ ਰੁਚੀ ਅਧੀਨ ‘ਜਲੂਸ’ ਦੀ ਥਾਂ ‘ਨਗਰ ਕੀਰਤਨ’ ਸ਼ਬਦ ਖੂਬ ਚਲਾਇਆ ਗਿਆ ਹੈ। ਕਈ ਪ੍ਰਸੰਗਾਂ ਵਿਚ ਤਾਂ ‘ਸਿੱਖ ਪਰੇਡ’ ਵੀ ਹੋਣ ਲੱਗ ਪਈ ਹੈ। ਕੁਝ ਸਿੱਖ ਹਲਕਿਆਂ ਵਲੋਂ ਸ਼ਹੀਦੀ ਦਿਹਾੜੇ ‘ਤੇ ਲਾਈ ਜਾਂਦੀ ਛਬੀਲ ਨੂੰ ਸੰਕੀਰਣ ਸਮਝਦਿਆਂ ਇਸ ਨੂੰ ਸਿੱਖ ਸੰਸਕਾਰਾਂ ਦੇ ਵਿਰੁਧ ਦੱਸਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛਬੀਲ ਦਾ ਕਾਰਜ ਪਰਉਪਕਾਰੀ ਹੋਣ ਕਾਰਨ ਇਸ ਦਾ ਪ੍ਰਚਲਨ ਵਿਆਪਕ ਅਤੇ ਲਗਾਤਾਰ ਹੋਣਾ ਚਾਹੀਦਾ ਹੈ। ਇਸ ਕਾਰਜ ਲਈ ਸ਼ਬਦ ਵੀ ਪਿਆਉ ਵਰਤੇ ਜਾਣ ਦੀ ਵਕਾਲਤ ਕੀਤੀ ਗਈ ਹੈ। ਪ੍ਰਤੱਖ ਹੁੰਦਾ ਹੈ ਕਿ ਪਰਿਵਰਤਨਸ਼ੀਲ ਸਮਾਜਕ, ਧਾਰਮਿਕ ਰੁਝਾਨਾਂ ਅਨੁਸਾਰ ਸ਼ਬਦਾਂ ਦੇ ਅਰਥਾਂ ਵਿਚ ਕਿਵੇਂ ਤਬਦੀਲੀ ਆਉਂਦੀ ਜਾਂਦੀ ਹੈ।
ਇਸਲਾਮੀ ਪ੍ਰਸੰਗ ਵਿਚ ਛਬੀਲ ਨੂੰ ਸਬੀਲ ਕਿਹਾ ਜਾਂਦਾ ਹੈ ਕਿਉਂਕਿ ਇਹ ਅਸਲ ਵਿਚ ਹੈ ਹੀ ਸਬੀਲ। ਪੰਜਾਬੀ ਵਿਚ ਵੀ, ਕਈ ਥਾਂਈਂ ਸਬੀਲ ਸ਼ਬਦ ਵਰਤਿਆ ਜਾਣ ਲੱਗਾ ਹੈ। ਇਹ ਸ਼ਬਦ ਸਾਮੀ ਅਸਲੇ ਦਾ ਹੈ ਤੇ ਪੰਜਾਬੀ ਵਿਚ ਅਰਬੀ ਤੋਂ ਫਾਰਸੀ ਵਿਚੀਂ ਗੁਜਰਦਾ ਉਰਦੂ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਦਾਖਿਲ ਹੋਇਆ। ਉਰਦੂ ਦੇ ਇਕ ਕੋਸ਼ ਵਿਚ ਇਸ ਦਾ ਅਰਥ ‘ਕਰਬਲਾ ਦੁਖਾਂਤ ਮਨਾਉਣ ਲਈ ਮੁਹੱਰਮ ਦੇ ਮਹੀਨੇ ਲਾਏ ਜਾਂਦੇ ਪਾਣੀ ਕੇਂਦਰ’ ਦੱਸਿਆ ਗਿਆ ਹੈ। ਉਰਦੂ ਵਿਚ ‘ਸਬੀਲ ਪਿਲਾਨਾ’ ਅਤੇ ਪੰਜਾਬੀ ਵਿਚ ‘ਛਬੀਲ ਲਾਉਣਾ’ ਵਾਕਾਂਸ਼ ਵਰਤੇ ਜਾਂਦੇ ਹਨ। ਅਰਬੀ ਵਿਚ ਸਬੀਲ ਸ਼ਬਦ ਦੇ ਅਰਥ ਕੁਝ ਇਸ ਤਰ੍ਹਾਂ ਹਨ: ਰਾਹ, ਰਸਤਾ, ਸੜਕ; ਢੰਗ, ਤਰੀਕਾ, ਤਰਕੀਬ; ਉਪਾਅ, ਬੰਨ੍ਹ-ਸੁੱਬ; ਵਸੀਲਾ, ਮਾਧਿਅਮ; ਸਬੰਧ, ਜੋੜ; ਪਾਣੀ ਦਾ ਵਰਤਾਅ; ਜਨਤਕ ਫੁਹਾਰਾ। ਆਖਰੀ ਅਰਥ ਨੂੰ ਛੱਡ ਕੇ ਬਾਕੀ ਸਾਰੇ ਅਰਥਾਂ ਦਾ ਜੋੜ ਸਹਿਜੇ ਹੀ ਬਿਠਾਇਆ ਜਾ ਸਕਦਾ ਹੈ। ਅੰਗਰੇਜ਼ੀ ਵੇਅ (ੱਅੇ) ਦੀ ਵੀ ਅਜਿਹੀ ਵਰਤੋਂ ਹੈ। ਪੰਜਾਬੀ ਰਾਹ ਜਾਂ ਰਸਤਾ ਸ਼ਬਦ ਨੂੰ ਕਰੀਬ ਇਨ੍ਹਾਂ ਸਾਰੇ ਅਰਥਾਂ ਵਿਚ ਵਰਤ ਲੈਂਦੇ ਹਨ। ਕੁਝ ਮਿਸਾਲਾਂ ਦੇਖੋ ਤੂੰ ‘ਇਹ ਕੀ ਰਾਹ ਫੜ੍ਹਿਆ?’; ਤਰੱਕੀ ਦਾ ਰਾਹ ਮਿਹਨਤ ਹੈ ਆਦਿ।
ਇਸ ਸ਼ਬਦ ਦਾ ਸਾਮੀ ਧਾਤੂ ਹੈ ‘ਸ ਬ ਲ’ (ਸੀਨ ਬੇ ਲਾਮ) ਜਿਸ ਵਿਚ ਰਾਹ ਦੇ ਭਾਵ ਹਨ। ਇਸ ਤੋਂ ਹਿਬਰੂ ਅਤੇ ਅਰਬੀ ਅਤੇ ਫਿਰ ਫਾਰਸੀ, ਉਰਦੂ ਵਿਚ ਕਈ ਹੋਰ ਸ਼ਬਦ ਬਣੇ ਹਨ। ਕੁਰਾਨ ਵਿਚ ਇਸ ਸ਼ਬਦ ਅਤੇ ਇਸ ਤੋਂ ਬਣੇ ਹੋਰ ਸ਼ਬਦਾਂ ਦੀ ਗਿਣਤੀ ਕਈ ਵੀਹਾਂ ਵਿਚ ਹੈ। ਅਰਬੀ ਵਿਚ ਇਸ ਦਾ ਬਹੁਵਚਨ ਸਬੂਲ ਹੈ। ਇਬਨ-ਅਸ-ਸਬੂਲ ਦਾ ਅਰਥ ਹੈ-ਘੁਮੱਕੜ, ਅੱਖਰੀ ਅਰਥ ਰਾਹ ਦਾ ਪੁੱਤਰ। ਇਸ ਦਾ ਲਾਖਣਿਕ ਅਰਥ ਹੈ, ਮੌਕਾਪ੍ਰਸਤ। ‘ਫੀ ਸਬੀਲ ਇਲਾਹੀ’ ਦਾ ਮਤਲਬ ਹੋਇਆ-ਅੱਲਾ ਦੀ ਖਾਤਿਰ, ਧਰਮਾਰਥ (ਜਹਾਦ ਦੇ ਪ੍ਰਸੰਗ ਵਿਚ ਵੀ); ਬਾਸਬੀਲ ਦਾ ਮਤਲਬ ਰਾਹੀਂ, ਥਾਣੀਂ ਅਤੇ ਬੇਸਬੀਲ ਬੇਵਿਉਂਤਾ ਹੈ। ਹੋਰ ਸਾਮੀ ਭਾਸ਼ਾਵਾਂ ਅਤੇ ਇਨ੍ਹਾਂ ਦੀਆਂ ਉਪਭਾਸ਼ਾਵਾਂ ਵਿਚ ਇਸ ਤੋਂ ਬਣੇ ਕਈ ਸ਼ਬਦ ਮਿਲਦੇ ਹਨ।
ਪੰਜਾਬੀ ਵਿਚ ਛਬੀਲ ਸ਼ਬਦ ਸਿਰਫ ‘ਰਾਹ ਦੇ ਪਿਆਉ’ ਜਿਹੇ ਅਰਥਾਂ ਵਜੋਂ ਹੀ ਰੂੜ ਹੋਇਆ ਹੈ, ਜਦਕਿ ਸਬੀਲ ਹੋਰਨਾਂ ਅਰਥਾਂ ਵਿਚ ਵੀ ਵਰਤਿਆ ਜਾਂਦਾ ਹੈ, ‘ਇਨ੍ਹਾਂ ਜਿਉੜਿਆਂ ਨੂੰ ਬੇਬਸੀ ਦੀ ਇਸ ਦਲਦਲ ਵਿਚੋਂ ਕੱਢਣ ਦੀ ਕੋਈ ਸਬੀਲ ਨਹੀਂ’; ‘ਗਰੀਬ ਨੂੰ ਆਪਣੀ ਗਰੀਬੀ ‘ਤੇ ਝੂਰਨ ਦੀ ਥਾਂ ਇਹਦੇ ਕਾਰਨ ਜਾਣਨ ਦੀ ਤੇ ਉਨ੍ਹਾਂ ਦੇ ਖਾਤਮੇ ਦੀ ਸਬੀਲ ਸੋਚਣੀ, ਬਣਾਉਣੀ ਚਾਹੀਦੀ ਹੈ।’ ਪਿਆਉ ਦੇ ਅਰਥਾਂ ਵਿਚ ਸਬੀਲ ਸ਼ਬਦ ਦੀ ਆਮ ਮਿਲਦੀ ਵਿਆਖਿਆ ਹੈ, ‘ਜਿਥੇ ਰੱਬ ਦੇ ਨਾਂ ‘ਤੇ ਪਾਣੀ ਜਾਂ ਸ਼ਰਬਤ ਪਿਲਾਇਆ ਜਾਵੇ’, (ਅਰਬੀ ਵਿਚ) ਵਕਫ ਕੀਤੀ ਚੀਜ਼, ਪਾਣੀ ਜਾਂ ਸ਼ਰਬਤ ਜੋ ਖੁਦਾ ਦੇ ਨਾਂ ‘ਤੇ ਵਕਫ ਕੀਤਾ ਜਾਵੇ। ਇਸ ਤਰ੍ਹਾਂ ਪਿਆਉ ਦੇ ਅਰਥਾਂ ਵਿਚ ਸਬੀਲ ਜਾਂ ਛਬੀਲ ਇੱਕ ਵਸੀਲਾ ਜਾਂ ਰਾਹ ਹੈ ਜਿਸ ਰਾਹੀਂ ਖੁਦਾ ਨੂੰ ਖੁਸ਼ ਕੀਤਾ ਜਾਂਦਾ ਹੈ।
ਇਤਫਾਕ ਹੈ ਕਿ ਛਬੀਲਾਂ ਆਮ ਤੌਰ ‘ਤੇ ਰਾਹਾਂ ‘ਤੇ ਹੀ ਲਾਈਆਂ ਜਾਂਦੀਆਂ ਹਨ। ਸਬੀਲ ਸ਼ਬਦ ਕਈ ਇਸਲਾਮੀ ਵਿਅਕਤੀਆਂ ਅਤੇ ਸਥਾਨਾਂ ਦੇ ਨਾਂਵਾਂ ਵਿਚ ਵਰਤਿਆ ਮਿਲਦਾ ਹੈ। ਇਸ ਵਿਚ ਖਾਣ-ਪੀਣ ਦਾ ਭਾਵ ਹੋਣ ਕਾਰਨ ਕੁਝ ਰੈਸਤੋਰਾਂ ਦੇ ਨਾਂਵਾਂ ਵਿਚ ਵੀ ਇਹ ਸ਼ਬਦ ਹੈ। ਅਰਬੀ/ਇਸਲਾਮੀ ਦੁਨੀਆਂ ਵਿਚ ਫੁਆਰੇ ਦੇ ਅਰਥਾਂ ਵਿਚ ਸਾਬਲ, ਸਾਬਿਲ ਜਾਂ ਸੈਬਲ ਦੀ ਮਹੱਤਤਾ ਬਹੁਤ ਹੈ। ਇਹ ਇੱਕ ਤਰ੍ਹਾਂ ਦਾ ਚਬੂਤਰਾ ਹੁੰਦਾ ਹੈ, ਜਿਸ ਤੋਂ ਆਮ ਲੋਕਾਂ ਨੂੰ ਪਾਣੀ ਪਿਆਇਆ ਜਾਂਦਾ ਹੈ।