ਕਬੱਡੀ ਨੂੰ ਡਰੱਗ ਦੀ ਮਾਰ

ਕਬੱਡੀ ਨੂੰ ਪੰਜਾਬ ਦੀ ਮਾਂ ਖੇਡ ਆਖ ਕੇ ਵੱਡਾ ਸਤਿਕਾਰ ਦਿੱਤਾ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਅੰਦਰ ਸਿਰਫ ਜਿੱਤ ਦੇ ਮਨੋਰਥ ਨਾਲ ਡਰੱਗ ਦੀ ਵਰਤੋਂ ਹੋਣ ਲੱਗੀ ਹੈ, ਜੋ ਖੇਡਾਂ ਲਈ ਇਕ ਵੱਡਾ ਧੱਬਾ ਹੈ। ਇਸ ਵਰਤਾਰੇ ਨੂੰ ਰੋਕਣ ਲਈ ਕੀ ਕੀਤਾ ਜਾਵੇ, ਇਸ ਸਬੰਧੀ ਪੰਜਾਬੀ ਦੇ ਨਾਮਵਰ ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਨੇ ਇਸ ਲੇਖ ਵਿਚ ਕੁਝ ਸੁਝਾਅ ਦਿੱਤੇ ਹਨ।

-ਸੰਪਾਦਕ

ਪ੍ਰਿੰ. ਸਰਵਣ ਸਿੰਘ

2007 ਵਿਚ ਛਪੀ ਪੁਸਤਕ ‘ਕਬੱਡੀ ਕਬੱਡੀ ਕਬੱਡੀ’ ਵਿਚ ‘ਕਬੱਡੀ ਨੂੰ ਡਰੱਗ ਦਾ ਜੱਫਾ’ ਕਾਂਡ ਛਪਣ ਕਾਰਨ ਕਈ ਕਬੱਡੀ ਪ੍ਰਮੋਟਰ ਮੇਰੇ ਨਾਲ ਨਾਰਾਜ਼ ਹੋਏ ਸਨ। ਉਨ੍ਹਾਂ ਦਾ ਉਲਾਂਭਾ ਸੀ ਕਿ ਮੈਂ ਕਬੱਡੀ ਦਾ ਕੁਮੈਂਟੇਟਰ ਹੋ ਕੇ ਕਬੱਡੀ ਦਾ ਹੀ ਭਾਂਡਾ ਭੰਨ ਰਿਹਾਂ। ਫਿਰ ਬਿੱਲੀ ਥੈਲਿਓਂ ਬਾਹਰ ਆ ਗਈ ਅਤੇ ਅਨੇਕਾਂ ਖਿਡਾਰੀਆਂ ਦੇ ਡਰੱਗੀ ਹੋਣ ਦੀ ਗੁੱਝੀ ਗੱਲ ਜੱਗ ਜਾਹਰ ਹੋ ਗਈ। ਕੈਨੇਡਾ ਤੇ ਇੰਗਲੈਂਡ ਦੇ ਕਬੱਡੀ ਸੀਜ਼ਨ-2008 ਵਿਚ ਖੇਡੇ ਢਾਈ ਸੌ ਖਿਡਾਰੀਆਂ ‘ਚੋਂ 119 ਖਿਡਾਰੀ ਡਰੱਗੀ ਨਿਕਲੇ! 2014 ਵਿਚ ਕਿਤਾਬ ‘ਕਿੱਸਾ ਕਬੱਡੀ ਦਾ’ ਵਿਚ ‘ਕਬੱਡੀ ਨੂੰ ਡਰੱਗ ਦਾ ਕੋਹੜ’ ਕਾਂਡ ਲਿਖਿਆ ਤਾਂ ਸਾਰਾ ਹੀਜ ਪਿਆਜ਼ ਹੀ ਨੰਗਾ ਹੋ ਗਿਆ।
ਸਿਹਤਮਾਰੂ ਸਟੀਰੌਇਡਜ਼ ਲੈਣ ਦਾ ਇਹ ਕੋਹੜ ਪੰਜਾਬ ‘ਚੋਂ ਲੱਗਾ ਜਿਥੇ ਦਰਜਨਾਂ ਕਬੱਡੀ ਅਕੈਡਮੀਆਂ ਚੱਲ ਰਹੀਆਂ ਹਨ। ਉਨ੍ਹਾਂ ਦੇ ਤਿੰਨ ਗੁੱਟ ਹਨ। ਇਕ ਨੂੰ ਅਕੈਡਮੀਆਂ ਦੀ ਫੈਡਰੇਸ਼ਨ ਕਿਹਾ ਜਾਂਦੈ, ਦੂਜੀ ਨੂੰ ਅਕੈਡਮੀਆਂ ਦੀ ਐਸੋਸੀਏਸ਼ਨ ਤੇ ਤੀਜੀ ਪੰਜਾਬ ਕਬੱਡੀ ਐਸੋਸੀਏਸ਼ਨ। ਤਿੰਨੇ ਗਰੁਪ ਸੌ ਤੋਂ ਵੱਧ ‘ਕਬੱਡੀ ਕੱਪ’ ਖੇਡਦੇ ਹਨ ਪਰ ਕਿਤੇ ਵੀ ਡੋਪ ਟੈਸਟ ਨਹੀਂ ਹੁੰਦੇ। ਉਂਜ ਕਬੱਡੀ ਕੱਪਾਂ ਦਾ ਖਰਚਾ ਦਸ ਬਾਰਾਂ ਕਰੋੜ ਰੁਪਏ ਤੋਂ ਵੀ ਵੱਧ ਹੋ ਜਾਂਦੈ। ਅੰਦਾਜ਼ਾ ਹੈ ਕਿ ਕਬੱਡੀ ਦੇ ਖਿਡਾਰੀ ਇਕ ਕਰੋੜ ਤੋਂ ਵੱਧ ਰੁਪਏ ਸਿਹਤ ਮਾਰੂ ਡਰੱਗਾਂ ਉਤੇ ਖਰਚਦੇ ਹਨ, ਜਿਨ੍ਹਾਂ ਨਾਲ ਡਰੱਗ ਦਾ ਧੰਦਾ ਕਰਨ ਵਾਲਿਆਂ ਦੇ ਵਾਰੇ ਨਿਆਰੇ ਹੁੰਦੇ ਹਨ।
ਇਉਂ ਖੁੱਲ੍ਹਾ ਸੀ ਭੇਤ: 2006 ਵਿਚ ਮੈਂ ਵਿਨੀਪੈਗ ਦਾ ਟੂਰਨਾਮੈਂਟ ਭੁਗਤਾ ਕੇ ਟੋਰਾਂਟੋ ਮੁੜ ਰਿਹਾ ਸਾਂ। ਉਸੇ ਜਹਾਜ ਵਿਚ ਕਬੱਡੀ ਦੇ ਕੁਝ ਖਿਡਾਰੀ ਵੀ ਸਵਾਰ ਸਨ। ਜਹਾਜ ਚੜ੍ਹਾਉਣ ਆਏ ਮਿੱਤਰਾਂ ਨੇ ਉਨ੍ਹਾਂ ਨੂੰ ਖੁਆ ਪਿਆ ਕੇ ਵਿਦਾ ਕੀਤਾ ਸੀ। ਨਸ਼ੇ ਵਿਚ ਗੱਲਾਂ ਕਰਦੇ ਉਹ ਡਰੱਗ ਲੈਣ ਵਾਲੇ ਕਬੱਡੀ ਖਿਡਾਰੀਆਂ ਦੇ ਕਿੱਸੇ ਤੋਰ ਬੈਠੇ। ਮੇਰੇ ਲਈ ਉਨ੍ਹਾਂ ਦੀਆਂ ਗੱਲਾਂ ਹੈਰਾਨ ਕਰਨ ਵਾਲੀਆਂ ਸਨ। ਉਹ ਵਿਸਕੀ ਪੀਂਦੇ ਕਹੀ ਜਾਣ, “ਅਸੀਂ ਤਾਂ ਜੀ ਆਹੀ ਮਾੜੀ ਮੋਟੀ ਪੀਣ ਦੇ ਸ਼ੁਕੀਨ ਆਂ। ਸਾਡੇ ਨਾਲ ਦੇ ਖਿਡਾਰੀ ਮੱਝਾਂ ਦਾ ਦੁੱਧ ਲਾਹੁਣ ਤੇ ਘੋੜਿਆਂ ਨੂੰ ਭਜਾਉਣ ਵਾਲੇ ਟੀਕੇ ਲਾਈ ਜਾਂਦੇ ਆ! ਕਹਿੰਦੇ ਆ ਹੁਣ ਸਾਡੇ ‘ਚ ਘੋੜੇ ਜਿੰਨੀ ਤਾਕਤ ਹੋਗੀ!”
ਹਵਾਈ ਸਫਰ ਦੌਰਾਨ ਉਹ ਡਰੱਗ ਲੈਣ ਵਾਲੇ ਖਿਡਾਰੀਆਂ ਦੇ ਕਾਰਨਾਮੇ ਸੁਣਾਉਂਦੇ ਆਏ। ਮੈਨੂੰ ਇਹ ਵੀ ਕਹਿੰਦੇ ਆਏ ਕਿ ਉਨ੍ਹਾਂ ਬਾਰੇ ਜ਼ਰੂਰ ਲਿਖੋ ਪਰ ਸਾਡਾ ਨਾਂ ਨਾ ਲਿਖਿਓ। ਜੇ ਸਾਡੀਆਂ ਗੱਲਾਂ ਸੱਚੀਆਂ ਨਾ ਹੋਈਆਂ ਤਾਂ ਬੇਸ਼ੱਕ ਸਾਡਾ ਮੂੰਹ ਕਾਲਾ ਕਰ ਦਿਓ! ਫਿਰ ਮੈਂ ਲੇਖ ਲਿਖਿਆ: ਕਬੱਡੀ ਨੂੰ ਡਰੱਗ ਦਾ ਜੱਫਾ।
ਇਉਂ ਸ਼ੁਰੂ ਹੋਇਆ ਸੀ ਡੋਪ ਟੈਸਟ: 1960 ਵਿਚ ਰੋਮ ਦੀਆਂ ਓਲੰਪਿਕ ਖੇਡਾਂ ਦੌਰਾਨ ਡਰੱਗ ਲੈਣ ਵਾਲੇ ਇਕ ਸਾਈਕਲ ਸਵਾਰ ਦੀ ਮੌਤ ਹੋ ਗਈ ਸੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਇਸ ਦਾ ਗੰਭੀਰ ਨੋਟਿਸ ਲਿਆ ਤੇ ਮੈਡੀਕਲ ਕਮਿਸ਼ਨ ਬਣਾਇਆ, ਜਿਸ ਨੇ ਪੜਤਾਲ ਕਰ ਕੇ ਉਨ੍ਹਾਂ ਦਵਾਈਆਂ ਦੀ ਸੂਚੀ ਜਾਰੀ ਕੀਤੀ ਜੋ ਖਿਡਾਰੀਆਂ ਲਈ ਘਾਤਕ ਹਨ। ਉਹ ਦਵਾਈਆਂ ਖਿਡਾਰੀਆਂ ਲਈ ਵਰਜਿਤ ਕੀਤੀਆਂ ਗਈਆਂ। ਉਦੋਂ ਤੋਂ ਡੋਪ ਟੈਸਟ ਕੀਤੇ ਜਾਂਦੇ ਹਨ, ਜਿਨ੍ਹਾਂ ਨਾਲ ਵਰਜਿਤ ਦਵਾਈਆਂ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਹਨ ਤੇ ਉਨ੍ਹਾਂ ਉਤੇ ਖੇਡ ਮੁਕਾਬਲਿਆਂ ਵਿਚ ਭਾਗ ਲੈਣ ਦੀ ਪਾਬੰਦੀ ਲਾ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਜਿੱਤੇ ਹੋਏ ਮੈਡਲ ਵਾਪਸ ਲੈ ਲਏ ਜਾਂਦੇ ਤੇ ਖੇਡ ਰਿਕਾਰਡਾਂ ‘ਚੋਂ ਉਨ੍ਹਾਂ ਦਾ ਨਾਂ ਮੇਟ ਦਿੱਤਾ ਜਾਂਦਾ ਹੈ। ਕੈਨੇਡਾ ਦੇ ਦੌੜਾਕ ਬੈਨ ਜੌਹਨਸਨ, ਅਮਰੀਕਾ ਦੀ ਦੌੜਾਕ ਮੇਰੀਅਨ ਜੋਨਜ਼, ਆਇਰਲੈਂਡ ਦੀ ਮੀਸ਼ੇਲ ਸਮਿੱਥ ਤੇ ਹੋਰ ਕਈ ਚੋਟੀ ਦੇ ਖਿਡਾਰੀ ਡਰੱਗ ਲੈਣ ਦੀ ਸਜ਼ਾ ਭੁਗਤਦੇ ਰਹੇ ਹਨ। ਉਡਣ ਪਰੀ ਮੇਰੀਅਨ ਜੋਨਜ਼ ਨੂੰ ਤਾਂ ਜੇਲ੍ਹ ਵੀ ਜਾਣਾ ਪਿਆ ਸੀ।
ਸਿਓਲ ਦੀਆਂ ਓਲੰਪਿਕ ਖੇਡਾਂ ‘ਚ ਤਿੰਨ ਗੋਲਡ ਮੈਡਲ ਜਿੱਤਣ ਵਾਲੀ ਦੌੜਾਕ ਫਲੋਰੈਂਸ ਗ੍ਰਿਫਤ ਜਾਏਨਰ ਡਰੱਗ ‘ਤੇ ਲੱਗੀ ਹੋਈ ਸੀ। ਡੋਪ ਟੈਸਟ ਤੋਂ ਪਹਿਲਾਂ ਉਹ ਅਜਿਹੀ ਦਵਾਈ ਲੈ ਲੈਂਦੀ ਸੀ ਜਿਸ ਨਾਲ ਡੋਪ ਟੈਸਟ ਵਿਚ ਫੜ੍ਹੀ ਨਹੀਂ ਸੀ ਜਾਂਦੀ। ਉਹ ਡੋਪ ਟੈਸਟ ਕਰਨ ਵਾਲਿਆਂ ਨੂੰ ਤਾਂ ਧੋਖਾ ਦਿੰਦੀ ਰਹੀ ਪਰ ਮੌਤ ਨੇ ਧੋਖਾ ਨਾ ਖਾਧਾ। ਮੌਤ ਨੇ ਉਸ ਨੂੰ ਚਾਲੀ ਸਾਲ ਦੀ ਉਮਰ ਤੋਂ ਪਹਿਲਾਂ ਹੀ ਦਬੋਚ ਲਿਆ। ਮੈਡਲ ਤਾਂ ਉਸ ਨੇ ਬੜੇ ਜਿੱਤੇ ਤੇ ਬੱਲੇ ਬੱਲੇ ਵੀ ਬੜੀ ਕਰਵਾਈ ਪਰ ਜਿੰਨੀ ਬੁਰੀ ਤਰ੍ਹਾਂ ਉਹ ਮਰੀ, ਉਹਦਾ ਦੁੱਖ ਉਹੀ ਜਾਣਦੀ ਸੀ।
ਡਰੱਗ ਦੇ ਟੀਕੇ, ਕੈਪਸੂਲ ਤੇ ਪਾਊਡਰ: ਕਬੱਡੀ ਦੇ ਜਿਹੜੇ ਖਿਡਾਰੀ ਮੈਚ ਜਿੱਤਣ ਦੇ ਮੂਡ ਵਿਚ ਵੇਖਾ ਵੇਖੀ ਨਸ਼ੇ ਦੇ ਟੀਕੇ ਲੁਆਈ, ਕੈਪਸੂਲ ਲਈ ਤੇ ਪਾਊਡਰ ਪੀਈ ਜਾਂਦੇ ਹਨ, ਉਨ੍ਹਾਂ ਨੂੰ ਪਤਾ ਉਦੋਂ ਲੱਗੇਗਾ ਜਦੋਂ ਨਿਪੁੰਸਕ ਹੋ ਗਏ। ਜਿਹੜੇ ਐਨਾਬੌਲਿਕ ਸਟੇਰੌਇਡਜ਼ ਦਸਾਂ ਦਿਨਾਂ ਵਿਚ ਵੀਹ ਪੌਂਡ ਭਾਰ ਵਧਾਉਂਦੇ ਨੇ, ਉਨ੍ਹਾਂ ਦੀ ਫੂਕ ਨਿਕਲਣ ਲੱਗਿਆਂ ਵੀ ਦਸ ਦਿਨ ਨਹੀਂ ਲੱਗਦੇ। ‘ਸਪੀਡ ਪਾਊਡਰ’ ਗਿਣਤੀ ਦੀਆਂ ਕਬੱਡੀਆਂ ਹੀ ਸਪੀਡ ਨਾਲ ਪੁਆਉਂਦੈ ਜੋ ਮਗਰੋਂ ਹਿੱਲਣ ਜੋਗਾ ਵੀ ਨਹੀਂ ਛੱਡਦਾ। ਭੇਤੀ ਬੰਦੇ ਚਿਹਰਾ ਵੇਖ ਈ ਬੁੱਝ ਲੈਂਦੇ ਹਨ ਕਿ ਜੁਆਨ ਡਰੱਗ ‘ਤੇ ਲੱਗ ਚੁੱਕੈ!
ਐਨਾਬੌਲਿਕ ਸਟੇਰੌਇਡਜ਼ ਦਾ ਇਕ ਹਾਰਮੋਨ ਟੈਸਟੋਸਟੈਰੌਨ ਹੈ। ਤਾਕਤ ਦੇਣ ਵਾਲੇ ਇਸ ਹਾਰਮੋਨ ਦੇ ਕਈ ਮਾੜੇ ਪ੍ਰਭਾਵ ਹਨ। ਇਸ ਨਾਲ ਮੱਸਲ ਵਧ ਸਕਦੇ ਹਨ, ਮਰਦਾਨਾ ਸ਼ਕਤੀ ਘਟ ਸਕਦੀ ਹੈ ਅਤੇ ਅੰਡਕੋਸ਼ ਸਪੱਰਮ ਪੈਦਾ ਕਰਨੋਂ ਜਵਾਬ ਦੇ ਸਕਦੇ ਹਨ। ਕਿਸੇ ਦੇ ਗੰਜ ਪੈ ਸਕਦੈ, ਕਿਸੇ ਦੇ ਵਾਲ ਵਧ ਸਕਦੇ ਤੇ ਕਿਸੇ ਦੇ ਝੜ ਸਕਦੇ ਹਨ। ਮੂੰਹ ‘ਤੇ ਫਿਣਸੀਆਂ ਤੇ ਜਿਗਰ ਦਾ ਕੈਂਸਰ ਹੋ ਸਕਦੈ। ਮਾੜਾ ਕਲੈਸਟਰੋਲ ਵਧ ਸਕਦੈ, ਬੰਦਾ ਗੁੱਸੇਖੋਰਾ ਤੇ ਧੱਕੜ ਬਣ ਸਕਦੈ। ਉਹ ਗੁੰਮ ਸੁੰਮ ਤੇ ਡਰੱਗ ਦਾ ਗੁਲਾਮ ਵੀ ਹੋ ਸਕਦੈ। ਟੀਕੇ ਦੀ ਸੂਈ ਨਾਲ ਲਾਗ ਦੀ ਬਿਮਾਰੀ ਲੱਗ ਸਕਦੀ ਹੈ, ਏਡਜ਼ ਤੇ ਹੈਪੇਟਾਈਟਸ ਹੋ ਸਕਦੀ ਹੈ। ਮਰਦ ਲਈ ਵੱਡਾ ਮਿਹਣਾ ਹੈ, ਨਾਮਰਦ ਹੋ ਜਾਣਾ। ਕਈ ਖਿਡਾਰੀ ਕੱਪ ਜਿੱਤਦੇ-ਜਿੱਤਦੇ ਪਤਨੀਆਂ ਹਾਰ ਬੈਠੇ ਹਨ!
ਕਬੱਡੀ ਦੇ ਖਿਡਾਰੀਆਂ ਨੂੰ ਟੀਕਿਆਂ ‘ਤੇ ਲਾਉਣ ‘ਚ ਕਈ ਨੀਮ ਹਕੀਮਾਂ ਨੇ ਲੱਖਾਂ ਰੁਪਈਏ ਬਣਾਏ ਹਨ। ਮੱਸਲ ਬਣਾਉਣ ਦੇ ਟੀਕੇ ਪ੍ਰਚਲਿਤ ਕਰਨ ਵਾਲਾ ਇਕ ਭਲਵਾਨ ਖੁਦ ਚੱਲ ਵਸਿਆ ਹੈ। ਮੀਫੈਂਟਰਮਾਈਨ ਟੀਕੇ ਦਾ ਨਾਂ ਹੀ ‘ਮੌਕੇ’ ਦਾ ਟੀਕਾ ਪੱਕ ਗਿਆ ਹੈ। ਕਬੱਡੀ ਦੀਆਂ ਕੁਝ ਕਥਿਤ ਅਕੈਡਮੀਆਂ ‘ਚ ਕਬੱਡੀ ਦੀ ਕੋਚਿੰਗ ਨਾਲੋਂ ਟੀਕੇ ਲਾਉਣ ਦੀ ਕੋਚਿੰਗ ਵੱਧ ਮਿਲਦੀ ਹੈ! ਕਈ ਕੋਚਾਂ ਨੇ ਇਹਦਾ ਨਾਂ ‘ਸਪਲੀਮੈਂਟ ਡਾਈਟ’ ਰੱਖਿਆ ਹੈ। ਚੋਰਾਂ ਨੂੰ ਫੜ੍ਹਨ ਨਾਲ ਮਾਂਵਾਂ ਵੀ ਫੜ੍ਹਨੀਆਂ ਚਾਹੀਦੀਆਂ ਹਨ, ਜੋ ਚੋਰਾਂ ਨੂੰ ਜਨਮ ਦਿੰਦੀਆਂ ਹਨ। ਜਿਥੋਂ ਇਹ ਡਰੱਗਾਂ ਸਪਲਾਈ ਹੁੰਦੀਆਂ ਹਨ, ਉਥੇ ਵੀ ਛਾਪੇ ਮਾਰਨੇ ਚਾਹੀਦੇ ਹਨ।
ਕਬੱਡੀ ਖਿਡਾਰੀਆਂ ਦੇ ਡੋਪ ਟੈਸਟ: ਜਦੋਂ ਕਬੱਡੀ ਨੂੰ ਲੱਗੇ ਡਰੱਗ ਦੇ ਕੋਹੜ ਨੂੰ ਵਾਰ ਵਾਰ ਕਬੱਡੀ ਫੈਡਰੇਸ਼ਨਾਂ ਦੇ ਧਿਆਨ ਵਿਚ ਲਿਆਂਦਾ ਤਾਂ ਮਤੇ ਪਾਸ ਕੀਤੇ ਗਏ ਕਿ ਕੈਨੇਡਾ ਤੇ ਇੰਗਲੈਂਡ ਵਿਚ 2007 ਦਾ ਕਬੱਡੀ ਸੀਜ਼ਨ ਡੋਪ ਟੈਸਟ ਕਰਾ ਕੇ ਹੀ ਖਿਡਾਇਆ ਜਾਵੇਗਾ। ਪਰ ਉਹਦੇ ਉਤੇ ਅਮਲ ਨਾ ਕੀਤਾ ਗਿਆ। ਬਹੁਤੇ ਕਲੱਬਾਂ ਨੇ ਵੋਟ ਪਾ ਦਿੱਤੀ ਕਿ ਡੋਪ ਟੈਸਟ ਕਰਾਉਣੇ ਰਹਿਣ ਦਿਓ ਕਿਉਂਕਿ ਖਿਡਾਰੀ ਮਸਾਂ ਕੈਨੇਡਾ/ਇੰਗਲੈਂਡ ਸੱਦੇ ਨੇ! ਇਸ ਖੁੱਲ੍ਹ ਦਾ ਫਾਇਦਾ ਉਠਾਉਂਦਿਆਂ ਜਿਨ੍ਹਾਂ ਖਿਡਾਰੀਆਂ ਨੇ ਡਰਦਿਆਂ ਟੀਕੇ ਲਾਉਣੇ ਛੱਡ ਦਿੱਤੇ ਸਨ, ਉਹ ਮੁੜ ਲਾਉਣ ਲੱਗ ਪਏ ਤੇ ਪਿੱਛੇ ਤਾਰਾਂ ਖੜਕਾ ਦਿੱਤੀਆਂ ਪਈ ਏਥੇ ਤਾਂ ਹਰੀ ਝੰਡੀ ਐ! ਆਉਣ ਵਾਲੇ ਮਾਲ ਮੱਤਾ ਲਈ ਆਉਣ ਕਿਉਂਕਿ ਕੈਨੇਡਾ ‘ਚ ਮਿਲਦਾ ਨਹੀਂ ਜਾਂ ਬਹੁਤ ਮਹਿੰਗਾ ਮਿਲਦੈ। ਜਦੋਂ ਮਾਲ ਮੱਤੇ ਨਾਲ ਲੈਸ ਇਕ ਖਿਡਾਰੀ ਵੈਨਕੂਵਰ ਹਵਾਈ ਅੱਡੇ ‘ਤੇ ਫੜ੍ਹਿਆ ਗਿਆ ਤਾਂ ਕਬੱਡੀ ਫੈਡਰੇਸ਼ਨਾਂ ਦੀਆਂ ਵੀ ਅੱਖਾਂ ਖੁੱਲ੍ਹ ਗਈਆਂ। ਕਬੱਡੀ ਕਲੱਬਾਂ ਨੂੰ ਫੰਡ ਦੇਣ ਵਾਲੇ ਵੀ ਕਲੱਬਾਂ ਨੂੰ ਕਹਿਣ ਲੱਗ ਪਏ ਕਿ ਕਬੱਡੀ ਟੂਰਨਾਮੈਂਟ ਕਰਾਉਣ ਦੀ ਥਾਂ ਸਾਥੋਂ ਡੋਪ ਟੈਸਟ ਕਰਾਉਣ ਦਾ ਈ ਫੰਡ ਲੈ ਲਵੋ ਪਰ ਕਬੱਡੀ ਨੂੰ ਡਰੱਗ ਮੁਕਤ ਕਰੋ।
ਕਬੱਡੀ ਸੀਜ਼ਨ 2008 ਤੋਂ ਪਹਿਲਾਂ ਓਂਟਾਰੀਓ, ਬੀ. ਸੀ. ਤੇ ਯੂ. ਕੇ. ਦੀਆਂ ਕਬੱਡੀ ਫੈਡਰੇਸ਼ਨਾਂ ਨੇ ਫਿਰ ਮਤੇ ਪਕਾਏ ਪਈ ਐਤਕੀਂ ਹਰ ਹਾਲਤ ਵਿਚ ਖਿਡਾਰੀਆਂ ਦੇ ਡੋਪ ਟੈਸਟ ਕੀਤੇ ਜਾਣਗੇ। ਖਿਡਾਰੀ ਸਮਝਦੇ ਰਹੇ ਕਿ ਪਿਛਲੇ ਸਾਲ ਵਾਂਗ ਡਰਾਵਾ ਹੀ ਹੈ। ਇਹ ਟੈਸਟ ਕਾਫੀ ਮਹਿੰਗੇ ਸਨ, ਫਿਰ ਵੀ ਕਬੱਡੀ ਫੈਡਰੇਸ਼ਨਾਂ ਨੇ ਕਰਵਾ ਲਏ। ਸ਼ਾਬਾਸ਼ੇ ਉਨ੍ਹਾਂ ਫੈਡਰੇਸ਼ਨਾਂ ਦੇ, ਜਿਨ੍ਹਾਂ ਨੇ ਕਬੱਡੀ ਨੂੰ ਡਰੱਗ ਮੁਕਤ ਕਰਨ ਦਾ ਬੀੜਾ ਚੁੱਕਿਆ।
2008 ਵਿਚ ਕੈਨੇਡਾ ‘ਚ ਸਾਢੇ ਤਿੰਨ ਸੌ ਤੇ ਇੰਗਲੈਂਡ ਵਿਚ ਢਾਈ ਸੌ ਡੋਪ ਟੈਸਟ ਕੀਤੇ ਗਏ। ਟੈਸਟਾਂ ‘ਤੇ ਖਰਚਾ ਤਾਂ ਬਹੁਤ ਹੋਇਆ ਪਰ ਓਨਾ ਫਿਰ ਵੀ ਨਹੀਂ, ਜਿੰਨਾ ਖਿਡਾਰੀ ਡਰੱਗਾਂ ਉਤੇ ਖਰਚਦੇ ਸਨ। ਡੋਪ ਟੈਸਟ ਕਰਨੇ ਸੌਖਾ ਕਾਰਜ ਨਹੀਂ ਸੀ। ਇਹ ਤਸੱਲੀ ਵਾਲੀ ਗੱਲ ਸੀ ਕਿ 8 ਅਗਸਤ 2008 ਦੀ ਮੀਟਿੰਗ ਵਿਚ ਓਂਟਾਰੀਓ, ਬੀ. ਸੀ., ਯੂ. ਕੇ. ਤੇ ਪੰਜਾਬ ਦੀਆਂ ਕਬੱਡੀ ਫੈਡਰੇਸ਼ਨਾਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਡੋਪ ਟੈਸਟ ਵਿਚ ਡਰੱਗੀ ਸਾਬਤ ਹੋਏ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਦੇਸ਼ ਵਿਚ ਕੋਈ ਕਲੱਬ ਕਬੱਡੀ ਨਹੀਂ ਖਿਡਾਏਗਾ। ਪਰ ਫੈਸਲਾ ਅਮਲੀ ਰੂਪ ਵਿਚ ਲਾਗੂ ਨਾ ਕੀਤਾ ਗਿਆ।
ਡੋਪ ਟੈਸਟਾਂ ਵਿਚ ਜਿਨ੍ਹਾਂ ਖਿਡਾਰੀਆਂ ਦਾ ਸੈਂਪਲ ਇਕ ਵਾਰ ਪਾਜ਼ੇਟਿਵ ਆਇਆ, ਉਨ੍ਹਾਂ ਨੂੰ ਇਕ ਹਜ਼ਾਰ ਡਾਲਰ ਜੁਰਮਾਨਾ ਤੇ ਇਕ ਸਾਲ ਲਈ ਕਿਤੇ ਵੀ ਕਬੱਡੀ ਖੇਡਣ ‘ਤੇ ਪਾਬੰਦੀ ਲਾਈ ਗਈ। ਪਾਬੰਦੀ ਮੁੱਕਣ ਪਿਛੋਂ ਮੁੜ ਖੇਡਣ ਲੱਗੇ ਤੇ ਦੂਜੀ ਵਾਰ ਪਾਜ਼ੇਟਿਵ ਆਏ ਖਿਡਾਰੀ ‘ਤੇ ਕਬੱਡੀ ਦੇ ਮੈਦਾਨ ‘ਚੋਂ ਜੀਵਨ ਭਰ ਲਈ ਪਾਬੰਦੀ ਲਾਉਣ ਦਾ ਫੈਸਲਾ ਕੀਤਾ ਗਿਆ ਸੀ। ਫੈਸਲਾ ਹੋਇਆ ਸੀ ਕਿ ਜੋ ਕਲੱਬ, ਅਕੈਡਮੀਆਂ, ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਪਾਬੰਦੀ ਲੱਗੇ ਖਿਡਾਰੀਆਂ ਨੂੰ ਪਾਬੰਦੀ ਦੌਰਾਨ ਖਿਡਾਉਣਗੀਆਂ, ਉਨ੍ਹਾਂ ਦਾ ਕੋਈ ਵੀ ਖਿਡਾਰੀ ਇੰਗਲੈਂਡ ਜਾਂ ਕੈਨੇਡਾ ਵਿਚ ਨਹੀਂ ਸੱਦਿਆ ਜਾਵੇਗਾ। ਜੇ ਕੋਈ ਹੋਰ ਮੁਲਕ ਉਨ੍ਹਾਂ ਨੂੰ ਸੱਦਦਾ ਹੈ ਤਾਂ ਉਥੇ ਇੰਗਲੈਂਡ ਤੇ ਕੈਨੇਡਾ ਦੀਆਂ ਫੈਡਰੇਸ਼ਨਾਂ ਵੱਲੋਂ ਕੋਈ ਖਿਡਾਰੀ ਨਹੀਂ ਭੇਜਿਆ ਜਾਵੇਗਾ।
ਖੇਡਾਂ ਦਾ ਮੰਤਵ: ਖੇਡਾਂ ਜੁਆਨਾਂ ਦੇ ਜੁੱਸੇ ਤਕੜੇ ਤੇ ਨਰੋਏ ਬਣਾਉਣ, ਚੰਗੀਆਂ ਆਦਤਾਂ ਪਾਉਣ, ਲੜਾਈ-ਝਗੜੇ ਤੋਂ ਬਚਾਉਣ, ਚੰਗੇ ਇਨਸਾਨ ਬਣਾਉਣ, ਸਰੀਰਾਂ ‘ਚ ਪੈਦਾ ਹੋ ਰਹੀ ਵਾਧੂ ਊਰਜਾ ਦਾ ਸਹੀ ਨਿਕਾਸ ਕਰਨ, ਮਿਲਵਰਤਣ ਤੇ ਉਸਾਰੂ ਮੁਕਾਬਲੇ ਦੀ ਭਾਵਨਾ ਉਪਜਾਉਣ, ਸਿਹਤਮੰਦ ਮਨੋਰੰਜਨ ਕਰਨ ਅਤੇ ਖੇਡ ਨੂੰ ਸਿਖਰ ‘ਤੇ ਪੁਚਾਉਣ ਤੇ ਦਰਸਾਉਣ ਲਈ ਹੁੰਦੀਆਂ ਹਨ। ਖੇਡਾਂ ਖਿਡਾਰੀਆਂ ਨੂੰ ਨਸ਼ਿਆਂ ‘ਤੇ ਲਾ ਕੇ ਕੱਪ ਜਿੱਤਣ ਲਈ ਨਹੀਂ ਹੁੰਦੀਆਂ। 2008-09 ਵਿਚ ਬਾਕਾਇਦਾ ਡੋਪ ਟੈਸਟ ਹੋਣ ਕਾਰਨ ਡਰੱਗ ਦੇ ਕੋਹੜ ਨੂੰ ਕਾਫੀ ਠੱਲ੍ਹ ਪੈ ਗਈ ਸੀ। 2010 ਵਿਚ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਖੇਡਣ ਲਈ ਇਕ ਹਜ਼ਾਰ ਤੋਂ ਵੀ ਵੱਧ ਪੰਜਾਬੀ ਖਿਡਾਰੀ ਹਵਾਈ ਜਹਾਜਾਂ ‘ਤੇ ਚੜ੍ਹੇ ਸਨ।
ਵਿਸ਼ਵ ਕੱਪਾਂ ਵਿਚ ਡੋਪ ਟੈਸਟ: 2010 ਵਿਚ ਪੰਜਾਬ ਦੇ ਪਹਿਲੇ ਕਬੱਡੀ ਵਿਸ਼ਵ ਕੱਪ ਸਮੇਂ ਡੋਪ ਟੈਸਟ ਕੀਤੇ ਤਾਂ 23 ਖਿਡਾਰੀ ਟਰਾਇਲਾਂ ਸਮੇਂ ਤੇ 9 ਖਿਡਾਰੀ ਟੂਰਨਾਮੈਂਟ ਦੌਰਾਨ ਪਾਜ਼ੇਟਿਵ ਪਾਏ ਗਏ। ਪੰਜਾਬ ਦੇ ਦੂਜੇ ਕਬੱਡੀ ਵਿਸ਼ਵ ਕੱਪ-2011 ਲਈ ਭਾਰਤੀ ਟੀਮ ਦੀ ਚੋਣ ਕਰਨ ਵੇਲੇ 51 ਖਿਡਾਰੀਆਂ ਦੇ ਡੋਪ ਟੈਸਟ ਹੋਏ, ਜਿਨ੍ਹਾਂ ਵਿਚੋਂ 20 ਦੋਸ਼ੀ ਪਾਏ ਗਏ। ਕੱਪ ਦੌਰਾਨ ਹਰ ਮੈਚ ਪਿੱਛੋਂ ਦੋਹਾਂ ਟੀਮਾਂ ਦੇ ਦੋ ਦੋ ਖਿਡਾਰੀਆਂ ਦੇ ਸੈਂਪਲ ਲਏ ਜਾਂਦੇ ਰਹੇ ਤੇ ਦੋ ਦਿਨਾਂ ਬਾਅਦ ਨਤੀਜਾ ਨਸ਼ਰ ਕੀਤਾ ਜਾਂਦਾ ਰਿਹਾ। ਦੂਜੇ ਵਿਸ਼ਵ ਕੱਪ ਵਿਚ ਕੁਲ 311 ਡੋਪ ਟੈਸਟ ਕੀਤੇ ਗਏ ਜਿਨ੍ਹਾਂ ਉਤੇ 47 ਲੱਖ ਰੁਪਏ ਖਰਚ ਹੋਏ। ਕੱਪ ਦੌਰਾਨ 52 ਤੇ ਟਰਾਇਲਾਂ ਦੌਰਾਨ 20 ਖਿਡਾਰੀ ਜੋੜ ਕੇ ਕੁਲ 72 ਖਿਡਾਰੀ ਡਰੱਗੀ ਨਿਕਲੇ। ਉਨ੍ਹਾਂ ਵਿਚ ਇੰਗਲੈਂਡ ਦੇ 10, ਕੈਨੇਡਾ 8, ਅਮਰੀਕਾ 8, ਸਪੇਨ 7, ਆਸਟ੍ਰੇਲੀਆ 6, ਇਟਲੀ 6, ਨਾਰਵੇ 3, ਭਾਰਤ 1, ਪਾਕਿਸਤਾਨ 1, ਜਰਮਨੀ 1 ਅਤੇ ਅਰਜਨਟਾਈਨਾ ਦਾ ਵੀ ਇਕ ਖਿਡਾਰੀ ਸੀ। ਟਰਾਇਲਾਂ ਦੌਰਾਨ ਭਾਰਤ ਦੇ 20 ਖਿਡਾਰੀ ਡਰੱਗੀ ਨਿਕਲੇ, ਜਿਨ੍ਹਾਂ ਵਿਚ ਇਕ ਜੋੜ ਕੇ ਕੁਲ 21 ਬਣਦੇ ਸਨ! ਇਨ੍ਹਾਂ ਵਿਚ ਸਭ ਤੋਂ ਵੱਧ ਖਿਡਾਰੀ ਭਾਰਤ ਦੇ ਹੀ ਸਨ।
ਕਬੱਡੀ ਵਿਸ਼ਵ ਕੱਪਾਂ ਵਿਚ 2010 ਤੋਂ 14 ਤਕ ਡੋਪ ਟੈਸਟ ਤਾਂ ਕੀਤੇ ਜਾਂਦੇ ਰਹੇ ਪਰ ਡੋਪੀ ਖਿਡਾਰੀਆਂ ਨੂੰ ਖਾਸ ਸਜ਼ਾ ਨਾ ਦਿੱਤੀ ਗਈ। 2015 ਦਾ ਵਿਸ਼ਵ ਕੱਪ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਾਰਨ ਮੁਲਤਵੀ ਕਰਨਾ ਪਿਆ। 2016 ਵਿਚ ਨਾਂ ਦਾ ਹੀ ਕਬੱਡੀ ਵਿਸ਼ਵ ਕੱਪ ਹੋਇਆ ਤਾਂ ਚੋਣਾਂ ਸਾਹਮਣੇ ਵੇਖਦਿਆਂ ਡੋਪ ਟੈਸਟ ਕੀਤੇ ਹੀ ਨਾ ਗਏ। ਡਰ ਸੀ ਕਿ ਪਹਿਲਾਂ ਹੀ ਅਧੂਰਾ ਕੱਪ ਸ਼ਾਇਦ ਸਿਰੇ ਹੀ ਨਾ ਚੜ੍ਹੇ!
ਕਬੱਡੀ ਕਲੱਬਾਂ ਤੇ ਫੈਡਰੇਸ਼ਨਾਂ ਦਾ ਰੋਲ: ਕਬੱਡੀ ਕਲੱਬਾਂ, ਕਬੱਡੀ ਫੈਡਰੇਸ਼ਨਾਂ ਤੇ ਕਬੱਡੀ ਟੂਰਨਾਮੈਂਟ ਕਰਾਉਣ ਵਾਲਿਆਂ ਨੂੰ ਚਾਹੀਦਾ ਸੀ ਕਿ ਜਿੰਨੇ ਸਮੇਂ ਲਈ ਡਰੱਗੀ ਖਿਡਾਰੀਆਂ ਦੇ ਖੇਡਣ ਉਤੇ ਪਾਬੰਦੀ ਸੀ, ਓਨਾ ਸਮਾਂ ਉਨ੍ਹਾਂ ਨੂੰ ਖਿਡਾਇਆ ਨਾ ਜਾਂਦਾ ਅਤੇ ਸੁਧਰਨ ਦਾ ਮੌਕਾ ਦਿੱਤਾ ਜਾਂਦਾ। ਪਰ ਅਜਿਹਾ ਨਹੀਂ ਹੋਇਆ। ਕਬੱਡੀ ਦੀਆਂ ਕੁਝ ਪੈਰਲਲ ਫੈਡਰੇਸ਼ਨਾਂ ਅਜਿਹੀਆਂ ਬਣ ਗਈਆਂ, ਜੋ ਡੋਪ ਟੈਸਟ ਕਰਾ ਕੇ ਡਰੱਗੀ ਖਿਡਾਰੀਆਂ ਨੂੰ ਆਪਣੇ ਹੱਥੋਂ ਨਹੀਂ ਸਨ ਗੁਆਉਣਾ ਚਾਹੁੰਦੀਆਂ। ਡਰੱਗ ਦੇ ਵਪਾਰੀ ਵੀ ਨਹੀਂ ਸੀ ਚਾਹੁੰਦੇ ਕਿ ਡਰੱਗ ਦਾ ਕਾਰੋਬਾਰ ਬੰਦ ਹੋਵੇ। ਉਨ੍ਹਾਂ ਦੀ ਚਾਂਦੀ ਇਸੇ ਵਿਚ ਸੀ। ਜਿਹੜੇ ‘ਕਬੱਡੀ ਪ੍ਰਮੋਟਰ’ ਡਰੱਗੀ ਖਿਡਾਰੀਆਂ ਨੂੰ ਆਪਣੇ ਟੂਰਨਾਮੈਂਟਾਂ ਵਿਚ ਖਿਡਾਉਂਦੇ ਹਨ, ਉਹ ਡਾਲਰਾਂ ਨਾਲ ਖਿਡਾਰੀਆਂ ਦਾ ਭਲਾ ਕਰਨ ਦੀ ਥਾਂ ਉਨ੍ਹਾਂ ਦਾ ਬੁਰਾ ਹੀ ਕਰਦੇ ਹਨ ਜੋ ਉਨ੍ਹਾਂ ਨੂੰ ਬਾਅਦ ਵਿਚ ਪਤਾ ਲੱਗੇਗਾ। ਕਬੱਡੀ ਵਿਚ ਡਰੱਗ ਦੀ ਆਮਦ ਨੇ ਹੁਣ ਚੰਗੀ ਸੋਚ ਵਾਲੇ ਲੋਕਾਂ ਦਾ ਕਬੱਡੀ ਤੋਂ ਮੋਹ ਭੰਗ ਕਰ ਦਿੱਤਾ ਹੈ। ਹੁਣ ਕਬੱਡੀ ਟੂਰਨਾਮੈਂਟ ਵੇਖਣ ਲਈ ਓਨੇ ਦਰਸ਼ਕ ਨਹੀਂ ਜੁੜਦੇ, ਜਿੰਨੇ ਪਹਿਲਾਂ ਜੁੜਦੇ ਸਨ। ਜਿਹੜੇ ਜੁੜਦੇ ਵੀ ਹਨ, ਉਨ੍ਹਾਂ ਵਿਚੋਂ ਵੀ ਕਬੱਡੀ ਪ੍ਰੇਮੀ ਘੱਟ ਤੇ ਤਮਾਸ਼ਬੀਨ ਵੱਧ ਹੁੰਦੇ ਹਨ।
ਵੀਜ਼ਾ ਹੀ ਗੋਲਡ ਮੈਡਲ: ਪੰਜਾਬ ਦੇ ਕਬੱਡੀ ਖਿਡਾਰੀਆਂ ਨੂੰ ਸਭ ਤੋਂ ਵੱਡੀ ਖੁਸ਼ੀ ਓਦੋਂ ਹੁੰਦੀ ਹੈ, ਜਦੋਂ ਉਨ੍ਹਾਂ ਨੂੰ ਵਿਦੇਸ਼ ਜਾਣ ਦੇ ਵੀਜ਼ੇ ਮਿਲ ਜਾਣ। ਉਹ ਵੀਜ਼ੇ ਨੂੰ ਹੀ ਕਬੱਡੀ ਦਾ ਗੋਲਡ ਮੈਡਲ ਸਮਝਦੇ ਹਨ। ਬਹੁਤੇ ਖਿਡਾਰੀ ਸਿਰਫ ਇਸ ਲਈ ਕਬੱਡੀ ਖੇਡਦੇ ਹਨ ਕਿ ਕਿਸੇ ਦਿਨ ਉਹ ਵਿਦੇਸ਼ ਜਾਣ ਦਾ ਵੀਜ਼ਾ ਲੈ ਸਕਣਗੇ। ਕਈ ਅਖੰਡ ਪਾਠ ਸੁੱਖ ਲੈਂਦੇ ਹਨ ਕਿ ਵੀਜ਼ਾ ਮਿਲ ਗਿਆ ਤਾਂ ਪੁੰਨ ਦਾਨ ਵੀ ਕਰਾਂਗੇ। ਦੁਆਬੇ ਵਿਚ ਇਕ ਐਸਾ ਗੁਰਦੁਆਰਾ ਹੈ ਜਿਥੇ ਮੰਨਤ ਵਜੋਂ ਹਵਾਈ ਜਹਾਜਾਂ ਦੇ ਖਿਡੌਣੇ ਚੜ੍ਹਾਏ ਜਾਂਦੇ ਸਨ। ਹੁਣ ਉਥੇ ਖਿਡੌਣੇ ਰੱਖਣ ਦੀ ਥਾਂ ਨਹੀਂ ਬਚੀ!
ਕਬੱਡੀ ਹੁਣ ਲੱਖਾਂ ਕਰੋੜਾਂ ਦਾ ਕਾਰੋਬਾਰ ਬਣ ਚੁੱਕੀ ਹੈ। ਕਬੱਡੀ ਦੀ ਮੰਡੀ ਵਿਚ ਡਰੱਗੀ ਖਿਡਾਰੀ ਵੀ ਬੋਲੀ ਲੁਆ ਜਾਂਦੇ ਹਨ। ਸਿਰੇ ਦਾ ਡਰੱਗੀ ਖਿਡਾਰੀ ਟੋਰਾਂਟੋ, ਵੈਨਕੂਵਰ, ਕੈਲਗਰੀ, ਐਡਮੰਟਨ ਦੇ ਟੂਰਨਾਮੈਂਟ ਖੇਡ ਕੇ ਇਕੋ ਸੀਜ਼ਨ ਵਿਚ 50 ਹਜ਼ਾਰ ਡਾਲਰ ਭੋਟ ਰਿਹੈ। ਕੈਨੇਡਾ ਕੱਪ ਤੇ ਅਮਰੀਕਾ ਕੱਪ ਖੇਡਣ ਦੇ ਵੀਹ ਪੱਚੀ ਹਜ਼ਾਰ ਡਾਲਰ ਵੱਖਰੇ। ਡਰੱਗ ਨਾ ਲੈਣ ਵਾਲੇ ਖਰੇ ਖਿਡਾਰੀ ਬਿਟ ਬਿਟ ਵੇਖਦੇ ਰਹਿ ਜਾਂਦੇ ਹਨ। ਕਬੱਡੀ ਦੇ ਨਾਂ ‘ਤੇ ਵਿਚੇ ਅਸਲੀ ਤੇ ਵਿਚੇ ਨਕਲੀ ਖਿਡਾਰੀ ਵੀਜ਼ੇ ਲੈ ਕੇ ਵਿਦੇਸ਼ਾਂ ‘ਚ ਪੱਕੇ ਵਾਸੀ ਬਣੇ ਬੈਠੇ ਹਨ। ਕਬੱਡੀ ‘ਚੋਂ ਟ੍ਰੈਵਲ ਏਜੰਟ ਵੀ ਚੰਗੀਆਂ ਚੁੰਗਾਂ ਕੱਢਦੇ ਹਨ।
ਜਦੋਂ ਪੱਛਮੀ ਮੁਲਕਾਂ ਦਾ ਕਬੱਡੀ ਸੀਜ਼ਨ ਸ਼ੁਰੂ ਹੋਣਾ ਹੁੰਦੈ ਤਾਂ ਨਾਲ ਹੀ ਕਬੱਡੀ ਵੀਜ਼ਿਆਂ ਦੀ ਰੁੱਤ ਆ ਜਾਂਦੀ ਹੈ। ਸਪਾਂਸਰ ਲੱਭੇ ਜਾਂਦੇ ਨੇ, ਰਾਹਦਾਰੀਆਂ ਮੰਗਾਈਆਂ ਜਾਂਦੀਆਂ ਤੇ ਵਿਦੇਸ਼ਾਂ ਦੇ ਸਿਆਸੀ ਨੇਤਾਵਾਂ ਤੋਂ ਸਿਫਾਰਸ਼ੀ ਚਿੱਠੀਆਂ ਪੁਆਈਆਂ ਜਾਂਦੀਆਂ। ਕਈ ਕਹਿੰਦੇ ਕਹਾਉਂਦੇ ਖਿਡਾਰੀਆਂ ਨੂੰ ਵੀ ਵੀਜ਼ੇ ਨਹੀਂ ਮਿਲਦੇ ਪਰ ਜਾਅਲੀ ਖਿਡਾਰੀ ਦਾਅ ਲਾ ਜਾਂਦੇ ਨੇ। ਖੱਜਲ ਖੁਆਰੀ ਲਈ ਕਈ ਕਬੱਡੀ ਖਿਡਾਰੀ ਖੁਦ ਹੀ ਜ਼ਿੰਮੇਵਾਰ ਹੁੰਦੇ ਹਨ। ਕੋਈ ਖਿਡਾਰੀ ਪਾਸਪੋਰਟ ਨਾਲ ਹੀ ਛੇੜਖਾਨੀ ਕਰ ਬਹਿੰਦਾ ਹੈ। ਜਿਸ ਪਾਸਪੋਰਟ ਉਤੇ ਵੀਜ਼ਾ ਨਾ ਮਿਲਿਆ ਹੋਵੇ, ਉਹ ਝੂਠੀ ਮੂਠੀ ਗੁਆ ਛੱਡਦਾ ਹੈ ਤੇ ਆਪਣੇ ਨਾਂ ਦਾ ਇਕ ਅੱਧਾ ਅੱਖਰ ਬਦਲ ਕੇ ਤੇ ਜਨਮ ਸਥਾਨ ਪਿੰਡ ਦੀ ਥਾਂ ਨਾਨਕਿਆਂ ਦਾ ਭਰ ਕੇ ਦੂਜਾ ਪਾਸਪੋਰਟ ਬਣਾ ਲੈਂਦਾ ਹੈ। ਪਹਿਲੀ ਫੋਟੋ ਪੱਗ ਵਾਲੀ ਹੋਵੇ ਤਾਂ ਦੂਜੀ ਸਿਰ ਮੁੰਨੇ ਦੀ ਲੱਗ ਜਾਂਦੀ ਹੈ। ਕਰਦਾ ਕੋਈ ਹੈ, ਭੁਗਤਣੀਆਂ ਕਿਸੇ ਹੋਰ ਨੂੰ ਪੈਂਦੀਆਂ ਹਨ!
ਡਰੱਗ ਦੇ ਕੋਹੜ ਦਾ ਇਲਾਜ: ਕਬੱਡੀ ਵਿਚ ਡਰੱਗ ਦੇ ਕੋਹੜ ਦਾ ਇਲਾਜ ਬੇਸ਼ੱਕ ਸੌਖਾ ਨਹੀਂ ਪਰ ਜੇ ਸਾਰੇ ਕਬੱਡੀ ਪ੍ਰੇਮੀ ਤਹੱਈਆ ਕਰ ਲੈਣ ਤਾਂ ਔਖਾ ਵੀ ਨਹੀਂ। ਕਬੱਡੀ ਲਈ ਫੰਡ ਦੇਣ ਵਾਲੇ ਮੁਢਲੀ ਸ਼ਰਤ ਇਹ ਰੱਖਣ ਕਿ ਸਾਡਾ ਪੈਸਾ ਖਰੇ ਖਿਡਾਰੀਆਂ ‘ਤੇ ਲੱਗੇ, ਨਾ ਕਿ ਡਰੱਗੀ ਖਿਡਾਰੀਆਂ ‘ਤੇ ਲੱਗ ਕੇ ਉਨ੍ਹਾਂ ਦਾ ਸੱਤਿਆਨਾਸ ਕਰੇ। ਦਰਸ਼ਕ ਵੀ ਖਰੇ ਖਿਡਾਰੀਆਂ ਦੀ ਖੇਡ ਵੇਖਣ, ਨਾ ਕਿ ਡਰੱਗੀ ਖਿਡਾਰੀਆਂ ਦੀ। ਜੇ ਕੋਈ ਡਰੱਗੀ ਖਿਡਾਰੀਆਂ ਨੂੰ ਖਿਡਾਉਣ ਦੀ ਹਿਮਾਕਤ ਕਰੇ ਤਾਂ ਦਰਸ਼ਕ ਉਹਨੂੰ ਹੂਟ ਕਰਨ ਤਾਂ ਕਿ ਹੋਰਨਾਂ ਨੂੰ ਸਬਕ ਮਿਲੇ। ਇਨਾਮਾਂ ਨਾਲ ਹੌਂਸਲਾ ਖਰੇ ਖਿਡਾਰੀਆਂ ਦਾ ਵਧਾਇਆ ਜਾਵੇ, ਨਾ ਕਿ ਡਰੱਗੀ ਖਿਡਾਰੀਆਂ ਦਾ। ਲੱਚਰ ਗਾਇਕੀ ਤੇ ਡਰੱਗੀ ਕਬੱਡੀ ਤਦੇ ਬੰਦ ਹੋ ਸਕਦੀ ਹੈ ਜੇ ਲੋਕ ਖੁਦ ਸਾਥ ਦੇਣ। ਜੇ ਪੁਰਾਣੇ ਖਿਡਾਰੀ ਡਰੱਗਾਂ ਤੋਂ ਬਿਨਾ ਸਾਲਾਂ-ਬੱਧੀ ਵਧੀਆ ਕਬੱਡੀ ਖੇਡਦੇ ਰਹੇ ਤਾਂ ਨਵੇਂ ਖਿਡਾਰੀ ਕਿਉਂ ਨਹੀਂ ਖੇਡ ਸਕਦੇ?
ਵਿਦੇਸ਼ਾਂ ਦੀਆਂ ਕਬੱਡੀ ਫੈਡਰੇਸ਼ਨਾਂ ਪੰਜਾਬ ਤੋਂ ਕੇਵਲ ਉਨ੍ਹਾਂ ਖਿਡਾਰੀਆਂ ਨੂੰ ਸੱਦਣ ਜਿਹੜੇ ਵੀਜ਼ਾ ਅਰਜ਼ੀ ਨਾਲ ਕੁਝ ਦਿਨ ਪਹਿਲਾਂ ਮਾਨਤਾ ਪ੍ਰਾਪਤ ਏਜੰਸੀ ਤੋਂ ਡੋਪ ਟੈਸਟ ਦਾ ਸਰਟੀਫਿਕੇਟ ਲਾਉਣ। ਸੱਦੇ ਗਏ ਖਿਡਾਰੀਆਂ ਨੂੰ ਐਟ ਰੈਂਡਮ ਡੋਪ ਟੈਸਟ ਦਾ ਵੀ ਡਰ ਹੋਵੇ। ਕਬੱਡੀ ਨੂੰ ਡਰੱਗ ਦੀ ਮਾਰ ਤੋਂ ਬਚਾਉਣ ਲਈ ਨੇਕਨੀਅਤੀ ਦੀ ਲੋੜ ਹੈ, ਡਰਾਮੇਬਾਜ਼ੀ ਦੀ ਨਹੀਂ। ਐਵੇਂ ਜਾਅਲੀ ਡੋਪ ਟੈਸਟ ਕਰਾਉਣ ਦਾ ਡਰਾਮਾ ਰਚ ਕੇ ਕਬੱਡੀ ਪ੍ਰੇਮੀਆਂ ਤੇ ਖਰੇ ਖਿਡਾਰੀਆਂ ਦੀਆਂ ਅੱਖਾਂ ਵਿਚ ਘੱਟਾ ਨਹੀਂ ਪਾਉਣਾ ਚਾਹੀਦਾ। ਡਰੱਗ ਟੈਸਟ ਦੀ ਫੀਸ 40 ਡਾਲਰ ਹੈ ਤੇ ਡੋਪ ਟੈਸਟ ਦੀ 200 ਡਾਲਰ। ਕਬੱਡੀ ਟੂਰਨਾਮੈਂਟਾਂ ਨੂੰ ਫੰਡ ਦੇਣ ਵਾਲੇ ਡੋਪ ਟੈਸਟ ਸਪਾਂਸਰ ਕਰਨ ਲਈ ਨਿਤਰਨ। ਕਬੱਡੀ ਦਾ ਨਾਅਰਾ ਹੋਣਾ ਚਾਹੀਦੈ:
ਖਰੇ ਖਿਡਾਰੀ ਜ਼ਿੰਦਾਬਾਦ
ਡਰੱਗੀ ਖਿਡਾਰੀ ਮੁਰਦਾਬਾਦ!