ਕਿਰਤੀ ਵੀਰਾਂਗਣਾਂ

ਅਵਤਾਰ ਸਿੰਘ (ਪ੍ਰੋ.)
ਇਹ ਪੰਜਾਬ ਦੀ ਸਮਾਜਕ ਅਤੇ ਸੱਭਿਆਚਾਰਕ ਵਿਰਾਸਤ ਦੀਆਂ ਮਾਲਕਣਾਂ ਕਿਰਤੀ ਵੀਰਾਂਗਣਾਂ ਹਨ। ਇਨ੍ਹਾਂ ਦੇ ਦੀਦਾਰ ਕਰਨ ਤੋਂ ਸਾਡੀ ਸਮਾਜਕਤਾ ਦਾ ਸ਼ੀਸ਼ਾ ਹਮੇਸ਼ਾ ਨਾਬਰ ਰਿਹਾ ਹੈ, ਰਾਜਨੀਤੀ ਨਾਕਾਮ, ਇਤਿਹਾਸ ਅਲਗਰਜ ਅਤੇ ਦਰਸ਼ਨ ਬੇਦਰਦ ਰਿਹਾ ਹੈ। ਇਹ ਖੇਤਾਂ ਦੀਆਂ ਨਹੀਂ, ਖੇਤਾਂ ਦੇ ਵੱਟ ਬੰਨਿਆਂ ਦੀਆਂ ਅਸਲ ਧੀਆਂ, ਪੰਜਾਬ ਦੀਆਂ ਰਾਣੀਆਂ, ਪਟਰਾਣੀਆਂ ਜਾਂ ਮਹਾਰਾਣੀਆਂ ਹਨ। ਇਨ੍ਹਾਂ ਦੇ ਸਿਰਾਂ ‘ਤੇ ਕਿਰਤ ਦੀ ਹਰਿਆਵਲ ਦਾ ਭਾਰ ਹੈ, ਜਿਸ ਵਿਚ ਪੰਜਾਬ ਦੀ ਪੇਂਡੂ ਕਿਰਤ ਅਤੇ ਕਰਤੱਵ ਦਾ ਵਰਤਮਾਨ ਤੇ ਭਵਿੱਖ ਹੈ।

ਇਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਿੰਡ ਦਾ ਸਰਪੰਚ ਕੌਣ ਹੈ, ਗੁਰਦੁਆਰਾ ਕਮੇਟੀ ਦਾ ਪ੍ਰਧਾਨ ਕੌਣ ਹੈ, ਪੰਜਾਬ ਵਿਚ ਬਾਦਲ ਤੇ ਉਸ ਦੇ ਮੁੰਡੇ ਦਾ ਰਾਜ ਹੈ ਜਾਂ ਕੈਪਟਨ ਦਾ; ਦਿੱਲੀ ਦੀ ਹਕੂਮਤ ਮੋਦੀ ਕੋਲ ਹੈ ਜਾਂ ਮਨਮੋਹਨ ਸਿੰਘ ਕੋਲ? ਇਨ੍ਹਾਂ ਦੇ ਫਰਿਸ਼ਤਿਆਂ ਨੂੰ ਵੀ ਨਹੀਂ ਪਤਾ ਹੋਣਾ ਕਿ ਅਮਰੀਕਾ ਦਾ ਰਾਸ਼ਟਰਪਤੀ ਓਬਾਮਾ ਹੈ ਜਾਂ ਟਰੰਪ; ਇਹ ਟਰੂਡੋ ਨੂੰ ਵੀ ਨਹੀਂ ਜਾਣਦੀਆਂ।
ਇਨ੍ਹਾਂ ਨੂੰ ਇਲਮ ਨਹੀਂ ਕਿ ਪੰਜਾਬ ਦੀ ਕਿਸੇ ਯੂਨੀਵਰਸਿਟੀ ਵਿਚ ਵੀ, ਇਨ੍ਹਾਂ ਦੇ ਦੁੱਖ ਦਾ ਕਦੀ ਕਿਸੇ ਨੇ ਕੋਈ ਪਰਚਾ ਨਹੀਂ ਪੜ੍ਹਿਆ ਹੈ ਤੇ ਨਾ ਕਦੀ ਚਰਚਾ ਹੋਇਆ ਹੈ। ਇਹ ਕੀ ਜਾਣਨ ਕਿ ਪੰਜਾਬ ਵਿਚ ਕਿਰਤੀ ਦਾ ਅਰਥ ਹੁਣ ਜਿਮੀਂਦਾਰ ਹੋ ਗਿਆ ਹੈ ਤੇ ਜਿਮੀਂਦਾਰ ਦਾ ਕਿਰਤ ਨਾਲ ਕੋਈ ਤਾਅਲੁਕ ਨਹੀਂ।
ਇਹ ਨਹੀਂ ਜਾਣਦੀਆਂ ਕਿ ਅੰਨਾ ਹਜਾਰੇ ਕੌਣ ਹੈ, ਰਾਹੁਲ, ਸੋਨੀਆ ਜਾਂ ਵਾਡਰਾ ਕੌਣ ਹੈ, ਅਮਿਤ, ਜੇਤਲੀ, ਸੁਸ਼ਮਾ ਤੇ ਅਡਵਾਨੀ ਕੌਣ ਅਤੇ ਕਿੱਥੇ ਰਹਿੰਦੇ ਹਨ? ਨਾ ਇਹ ਪਾਤੰਜਲੀ ਜਾਣਨ, ਨਾ ਯੋਗਾ ਤੇ ਨਾ ਰਾਮਦੇਵ। ਇਹ ਕੀ ਜਾਣਨ ਕਿ ਹੁਣ ਆਟਾ ਕਣਕ ਦਾ ਨਹੀਂ, ਸ਼ਕਤੀ ਭੋਗ ਦਾ ਹੁੰਦਾ ਹੈ। ਇਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਸਿਰ ‘ਤੇ ਚੁੱਕੀ ਘਾਹ ਦੀ ਪੰਡ ਤੇ ਘਰੇ ਖੁਰਲੀ ‘ਤੇ ਖੜ੍ਹੀ ਲਵੇਰੀ ਦਾ ਮੋਦੀ ਨਾਲ ਕੀ ਰਿਸ਼ਤਾ ਹੈ? ਨਹੀਂ ਪਤਾ ਇਨ੍ਹਾਂ ਨੂੰ ਕਿ ਘਰ ਦਾ ਚੁਆਵਾਂ ਦੁੱਧ ਇਨ੍ਹਾਂ ਦੇ ਬੱਚਿਆ ਦੇ ਜਾਗਣ ਤੋਂ ਪਹਿਲਾਂ ਹੀ ਚੰਡੀਗੜ੍ਹ ਕਦੋਂ, ਕਿਵੇਂ ਅਤੇ ਕਿਉਂ ਪਹੁੰਚ ਜਾਂਦਾ ਹੈ?
ਕਿੱਥੇ ਪਤਾ ਹੋਣਾ ਵਿਚਾਰੀਆਂ ਨੂੰ ਕਿ ਦਿਨ ਬਦਿਨ ਕਿੰਨੇ ਕਾਂ ਤੇ ਕਿੰਨੀਆਂ ਗਿਰਝਾਂ ਇਕੱਠੀਆਂ ਹੋ ਰਹੀਆਂ ਹਨ, ਚੁਕਣ ਲਈ ਇਨ੍ਹਾਂ ਦੇ ਛਿੰਦਿਆਂ ਦੇ ਛੰਨਿਆਂ ‘ਚ ਸੁੱਟੀ ਹੋਈ ਰਾਖਵੇਂਕਰਣ ਦੀ ਕੁਸੈਲੀ ਬੁਰਕੀ। ਉਨ੍ਹਾਂ ਨੂੰ ਤਾਂ ਆਪਣੀ ਕਿਸਮਤ ਦੇ ਚੋਰ, ਡਾਕੂ ਜਾਂ ਠੱਗ ਅੰਬਾਨੀ ਅਤੇ ਅਡਾਨੀ ਦਾ ਵੀ ਨਹੀਂ ਪਤਾ ਹੋਣਾ।
ਹੋਰ ਤਾਂ ਹੋਰ, ਇਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਜਾਂ ‘ਆਪ’ ਕਿਸ ਬਲਾ ਦਾ ਨਾਂ ਹੈ। ਇਨ੍ਹਾਂ ਦੇ ਅੰਬਾਨੀ-ਅਡਾਨੀ ਤਾਂ ਪਿੰਡ ਵਿਚ ਹੀ ਰਹਿੰਦੇ ਹਨ, ਜਿਨ੍ਹਾਂ ਦੇ ਮੱਥੇ ਲੱਗਣਾ, ਇਨ੍ਹਾਂ ਲਈ ਬਹੁਤ ਵੱਡੀ ਬਦਸ਼ਗਨੀ ਜਾਂ ਅਧਰਮ ਹੈ।
ਇਨ੍ਹਾਂ ਦਾ ਸਾਡੀਆਂ ਅਖਬਾਰੀ ਸੁਰਖੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਪੈਟਰੋਲ ਦੀ ਕੀਮਤ ਕੀ ਹੈ, ਡਾਲਰ ਕਿੰਨਾ ਚੜ੍ਹ ਗਿਆ ਤੇ ਰੁਪਈਆ ਕਿੰਨਾ ਡਿਗ ਪਿਆ ਹੈ, ਜੀ. ਐਸ਼ ਟੀ. ਕਿੰਨੀ ਹੈ, ਸੋਨੇ-ਚਾਂਦੀ ਦਾ ਕੀ ਭਾ ਹੈ, ਕਿਥੇ ਕਦੋਂ ਚੋਣਾਂ ਹੋਈਆਂ, ਕਿਥੇ ਕਦੋਂ ਕੌਣ ਜਿੱਤਿਆ ਜਾਂ ਹਾਰਿਆ ਹੈ, ਵਰਲਡ ਕੱਪ, ਵਿੰਬਲਡਨ ਜਾਂ ਓਲੰਪਿਕ ਕਿਥੇ ਹੋਈ ਸੀ ਤੇ ਕਿੱਥੇ ਹੋਣੀ ਹੈ?
ਇਨ੍ਹਾਂ ਨੂੰ ਨਹੀਂ ਪਤਾ ਕਿ ਅੱਜ ਕਲ ਵਿਸ਼ਵ ਸੁੰਦਰੀ ਕੌਣ ਹੈ, ਨੰਬਰ ਵੰਨ ਐਕਟਰੈਸ ਕੌਣ ਹੈ ਤੇ ਕਿਸ ਦਾ ਕਿਸ ਨਾਲ ਕਦੋਂ ਦਾ ਚੱਕਰ ਚੱਲ ਰਿਹਾ ਹੈ? ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਇੰਡੀਅਨ ਆਈਡੋਲ, ਵਾਇਸ ਆਫ ਇੰਡੀਆ, ਸਾਰੇ ਗਾ ਮਾ ਪਾ ਦਾ ਵਿਜੇਤਾ ਕੌਣ ਹੈ? ਇਹ ਨਹੀਂ ਜਾਣਦੀਆਂ ਕਿ ‘ਭਾਬੀ ਜੀ ਘਰ ਪੇ ਹੈਂ’ ਕਿ ਨਹੀਂ, ‘ਸਹੀ ਪਕੜੇ ਹੈਂ’ ਕਿ ਗਲਤ। ਸ਼ੈਂਪੂ, ਬਾਥ, ਸਪਾ, ਸਕਿੰਨ ਕੇਅਰ, ਮੈਨੀਕੇਅਰ ਤੇ ਪੈਡੀਕੇਅਰ ਕਿਸ ਕੁੱਤੀ ਸ਼ੈਅ ਦਾ ਨਾਂ ਹੈ, ਸ਼ਾਇਦ ਇਨ੍ਹਾਂ ਨੂੰ ਸੱਤ ਜਨਮ ਹੋਰ, ਪਤਾ ਨਾ ਲੱਗੇ।
ਇਨ੍ਹਾਂ ਪੱਠੇਹਾਰਾਂ ਨੇ ਕਿੱਥੇ ਪੜ੍ਹੀ ਹੋਣੀ ਹੈ, ‘ਵੀਰਾ ਜਿਉਂਨਾ ਰਹੇਂ’ ਕਹਿਣ ਵਾਲੀ ਪ੍ਰੋ. ਮੋਹਣ ਸਿੰਘ ਦੀ ‘ਕੁੜੀ ਪੋਠੋਹਾਰ ਦੀ।’ ਇਨ੍ਹਾਂ ਨੂੰ ਸਿਰਫ ਇਹੀ ਪਤਾ ਹੈ ਕਿ ਇਨ੍ਹਾਂ ਦੇ ਸਿਰ ਦਾ ਭਾਰ ਅਤੇ ਦਰਦ ਕਦੀ ਘੱਟ ਨਹੀਂ ਹੋਵੇਗਾ ਤੇ ਨਾ ਇਸ ਭਾਰ ਦੀਆਂ ਕੀਮਤਾਂ ਕਦੀ ਵਧਣਗੀਆਂ ਜਾਂ ਘਟਣਗੀਆਂ ਤੇ ਇਨ੍ਹਾਂ ਦੀ ਮੁਸਕਾਨ ਵਿਚ ਛਿਪੀ ਥਕਾਨ ਕਦੀ ਘੱਟ ਨਹੀਂ ਹੋਵੇਗੀ ਤੇ ਨਾ ਕਦੀ ਕਿਸੇ ਨੂੰ ਨਜ਼ਰ ਆਵੇਗੀ। ਇਹ ਧਰਤੀ ਹੇਠਲੇ ਬੌਲਦ ਨਹੀਂ ਹਨ, ਇਹ ਤਾਂ ਧਰਤੀ ‘ਤੇ ਰੇਂਗਦੀਆਂ ਉਹ ਕੂੰਜਾਂ ਹਨ, ਜੋ ਆਪਣੇ ਨਿਕੜੇ ਅਤੇ ਵਿਲਕਦੇ ਲਾਡਲਿਆਂ ਦੇ ਅਹਾਰ ਲਈ ਆਹਰ ਕਰਨ ਕਈ ਕਈ ਮੀਲ ਹਰ ਰੋਜ ਪੈਂਡਾ ਤੈਅ ਕਰਦੀਆਂ ਹਨ।
ਸਿਹਤ ਠੀਕ ਅਤੇ ਦੇਹ ਸੁਡੌਲ ਰੱਖਣ ਲਈ ਮਹਿੰਗੇ ਜਿਮ ਖਾਨਿਆਂ ‘ਚ ਲੁੱਟ ਹੁੰਦੀਆਂ ਲੋਥਾਂ ਦੇ ਸਾਹਮਣੇ ਇਹ ਪੰਜਾਬ ਦੇ ਪਿੰਡਾਂ ਦੇ ਖੇਤਾਂ, ਬੰਨਿਆਂ, ਡੰਡੀਆਂ, ਫਿਰਨੀਆਂ ਤੇ ਸੜਕਾਂ ‘ਤੇ ਕਿਰਤ ਅਤੇ ਮੁਸ਼ੱਕਤ ਕਰਦੀਆਂ ਉਹ ਦੇਵੀਆਂ ਹਨ, ਜਿਨ੍ਹਾਂ ਨੂੰ ਪ੍ਰੋ. ਪੂਰਨ ਸਿੰਘ ਨੇ ‘ਸਪਿਰਟ ਬੌਰਨ ਪੀਪਲ’ ਵਿਚ ‘ਟੈਂਪਲ ਆਫ ਫਲੈਸ਼’ ਲਿਖਿਆ ਹੈ।
ਇਨ੍ਹਾਂ ਦੇ ਜ਼ਿਹਨ ਮੁਕਤ ਹਨ ਫੇਸਬੁੱਕ, ਵੱਟਸਅੱਪ, ਜੀਓ ਜਾਂ ਫੋਰ ਜੀ ਦੀ ਬਿਮਾਰੀ ਤੋਂ। ਇਹ ਹਾਲੇ ਵੀ ਬਨੇਰੇ ‘ਤੇ ਬੋਲਦੇ ਕਾਂ ਤੋਂ ਆਪਣੇ ਭੈਣ ਭਾਈ ਦੀ ਸੁੱਖ-ਸਾਂਦ ਪੁੱਛ ਅਤੇ ਦੱਸ ਲੈਂਦੀਆਂ ਹਨ। ਇਨ੍ਹਾਂ ਲਈ ਬਾਜ਼ਾਰ ਦਾ ਅਰਥ ਕਿਸੇ ਦੀਪ, ਸੋਹਣ ਜਾਂ ਸਾਰੋ ਦੀ ਹੱਟੀ ਹੈ। ਇਨ੍ਹਾਂ ਲਈ ਮਹਿੰਗਾਈ ਦਾ ਸੂਚਕ ਅੰਕ ਸਿਰਫ ਲੂਣ, ਤੇਲ ਅਤੇ ਮਸਰਾਂ ਦੀ ਦਾਲ ਨਾਲ ਜੁੜਿਆ ਹੋਇਆ ਹੈ।
ਇਹ ਸਾਡੀ ਸੱਭਿਆਚਾਰਕ ਨਿਰੰਤਰਤਾ ਦੀ ਮੂੰਹ ਬੋਲਦੀ ਤਸਵੀਰ, ਉਹ ਦ੍ਰਿਸ਼ ਜਾਂ ਫਿਲਮ ਹੈ, ਜਿਸ ਵਿਚ ਹਜ਼ਾਰਾਂ ਸਾਲਾਂ ਤੋਂ ਕੋਈ ਵਕਫਾ, ਅੰਤਰਾਲ ਜਾਂ ਬਰੇਕ ਨਹੀਂ ਆਉਂਦੀ। ਇਨ੍ਹਾਂ ਨੂੰ ਰਾਤ ਨੂੰ ਸੁਪਨੇ ਵੀ ਸਿਰ ‘ਤੇ ਚੁੱਕੀ ਪੰਡ ਸਮੇਤ ਹੀ ਆਉਂਦੇ ਹਨ। ਇਨ੍ਹਾਂ ਨੇ ਫੋਟੋ ਖਿਚਵਾਉਣ ਸਮੇਂ ਵੀ ਸਿਰੋਂ ਪੰਡ ਉਤਾਰਨੀ ਜਰੂਰੀ ਨਹੀਂ ਸਮਝੀ। ਨੰਗੇ ਪੈਰ ਜਾਂ ਪੈਰਾਂ ਦੀਆਂ ਚਪਲਾਂ ਇਨ੍ਹਾਂ ਦੇ ਯੁੱਗਾਂ ਦਾ ਇਤਿਹਾਸ ਲਿਖਦੀਆਂ ਹਨ। ਇਨ੍ਹਾਂ ਦੇ ਸਿੱਧੇ-ਸਾਦੇ ਸੂਟ ਅਤੇ ਮੈਲੇ-ਕੁਚੈਲੇ ਦੁਪੱਟੇ ਸਿੰਧੂ ਘਾਟੀ ਦੀ ਸੱਭਿਅਤਾ ਦੇ ਫੈਸ਼ਨ ਦੀ ਦੱਸ ਪਾਉਂਦੇ ਹਨ। ਇਨ੍ਹਾਂ ਲਈ ਫੈਸ਼ਨ ਵੀ ਰੱਬ ਜਿਹਾ ਸੱਚ ਹੈ, ਜੋ ਕਦੇ ਨਹੀਂ ਬਦਲਦਾ।
ਰਾਜਨੀਤਕ ਦਲ, ਸਰਕਾਰੀ ਹਜੂਮ ਅਤੇ ਗੈਰ ਸਰਕਾਰੀ ਭੀੜ ਵਿਚ ਗੱਜਦੇ, ਵੱਜਦੇ ਅਤੇ ਸਜਦੇ, ਜੈ ਹਿੰਦ, ਜੈ ਭਾਰਤ, ਜੈ ਭੀਮ, ਬੋਲੇ ਸੋ ਨਿਰਭੈ ਜਾਂ ਨਿਹਾਲ ਜਿਹੇ, ਦੰਮ ਤੋੜ ਚੁਕੇ ਨਾਅਰੇ ਇਨ੍ਹਾਂ ਦੀ ਕਿਸਮਤ ਦੇ ਦੁਆਰ ਖੁੱਲ੍ਹਣ ਅਤੇ ਕੰਨਾਂ ਦੀ ਸੁਣਨ ਸ਼ਕਤੀ ਤੋਂ ਉਰੇ ਉਰੇ ਹੀ ਆਪਣਾ ਮਾਣ ਤੇ ਤਾਣ ਗੁਆ ਲੈਂਦੇ ਹਨ।
ਜਿਸ ਨੂੰ ਅਸੀਂ ਹਿੰਦੁਸਤਾਨ ਜਾਂ ਭਾਰਤ ਕਹਿੰਦੇ ਹਾਂ, ਉਸ ਦਾ ਅਸਲ ਮਾਣ ਵੀ ਇਹ ਹਨ ਅਤੇ ਤਾਣ ਵੀ ਇਹੀ ਹਨ। ਹਿੰਦੁਸਤਾਨ ਦਾ ਅਸਲ ਇਤਿਹਾਸ ਇਨ੍ਹਾਂ ਤੋਂ ਅਰੰਭ ਹੋ ਕੇ ਇਨ੍ਹਾਂ ‘ਤੇ ਹੀ ਸਮਾਪਤ ਹੁੰਦਾ ਹੈ। ਤੁਸੀਂ ਪੁੱਛੋਗੇ, ਕਿਵੇਂ? ਕਿਉਂਕਿ ਅੱਜ ਕਲ ਭਰਤੀ ਹੋਣ ਲਈ ਨਾ ਕਿਸਾਨ ਦਾ ਬੱਚਾ ਜਾਂਦਾ ਹੈ, ਨਾ ਵਿਦਵਾਨ ਦਾ, ਨਾ ਕਿਸੇ ਨੇਤਾ ਦਾ ਅਤੇ ਨਾ ਅਭਿਨੇਤਾ ਦਾ। ਇਸੇ ਲਈ ਹਿੰਦੁਸਤਾਨ ਦੀ ਸਮਾਜਕਤਾ ਦਾ ਅਸਲ ਗੌਰਵ ਅਤੇ ਮਾਣ ਉਨ੍ਹਾਂ ਦੇ ਸਿਰ ‘ਤੇ ਚੁੱਕੀਆਂ ਭਾਰੀਆਂ ਪੰਡਾਂ ਤੋਂ ਅਰੰਭ ਹੋ ਕੇ ਸਾਡੇ ਰਾਜਸੀ ਮੁਗਾਲਤੇ ਲਈ ਸਰਹੱਦਾਂ ‘ਤੇ ਨਿੱਤ ਮਰਨ ਵਾਲੇ ਇਨ੍ਹਾਂ ਦੇ ਲਾਡਲਿਆਂ ‘ਤੇ ਮੁੱਕ ਜਾਂਦਾ ਹੈ।
ਜਿੱਥੇ ਇਹ ਵਿਆਹੀਆਂ ਹਨ, ਉਹ ਇਨ੍ਹਾਂ ਦਾ ਹਿੰਦੁਸਤਾਨ ਹੈ ਤੇ ਇਨ੍ਹਾਂ ਦਾ ਪੇਕਾ ਇਨ੍ਹਾਂ ਲਈ ਕੈਲੀਫੋਰਨੀਆ, ਟੋਰਾਂਟੋ, ਸਰੀ, ਨਿਊਜੀਲੈਂਡ ਜਾਂ ਦੁਬਈ ਹੈ, ਜਿਥੇ ਇਹ ਕਦੀ ਕਦਾਈਂ ਜਾਂਦੀਆਂ ਹਨ ਅਤੇ ਜਿਥੇ ਇਨ੍ਹਾਂ ਦੇ ਮਾਪੇ ਨਹੀਂ, ਬਲਕਿ ਚਿਰੋਕਣੇ ਪਏ ਕੰਮ ਉਡੀਕ ਰਹੇ ਹੁੰਦੇ ਹਨ ਕਿ ‘ਕੁੜੀ ਆਈ ਤਾਂ ਕਰੂਗੀ।’ ਸੱਠ ਸੱਠ ਸਾਲ ਪੁਰਾਣੇ ਸਾਈਕਲ ਦਾ ਕੈਰੀਅਰ ਇਨ੍ਹਾਂ ਲਈ ਏਅਰਵੇਜ਼ ਹੈ, ਜਿਸ ਦਾ ਝੂਟਾ ਇਨ੍ਹਾਂ ਲਈ ਸਵਰਗ ਦੇ ਝੂਟੇ ਤੋਂ ਘੱਟ ਨਹੀਂ ਹੁੰਦਾ, ਜਿਸ ਦਾ ਪਾਇਲਟ, ਇਨ੍ਹਾਂ ਨੂੰ ਸਦਾ ਘੂਰਦਾ ਅਤੇ ਝੂਰਦਾ ਕੋਈ ਹੋਰ ਨਹੀਂ, ਇਨ੍ਹਾਂ ਦਾ ਉਦਾਸ ਪਤੀ ਹੁੰਦਾ ਹੈ।
ਕਿਸੇ ਸੰਤ ਮਹਾਤਮਾ ਦੀ ਕਥਾ, ਵਿਦਵਾਨ ਦੀ ਵਿਦਵਤਾ ਇਨ੍ਹਾਂ ਦੇ ਦੁੱਖ ਤੋਂ ਹਮੇਸ਼ਾ ਅਭਿੱਜ ਰਹਿੰਦੀ ਹੈ। ਛੱਬੀ ਜਨਵਰੀ ਤੇ ਪੰਦਰਾਂ ਅਗਸਤ ਨੂੰ ਲਾਲ ਕਿਲੇ ਦੀ ਫਸੀਲ ‘ਤੇ ਲਿਖਿਆ, ਪੜ੍ਹਿਆ ਜਾਂ ਬੋਲਿਆ ਜਾਂਦਾ ‘ਚੁਟਕਲਾ’ ਇਨ੍ਹਾਂ ਦੇ ਮੁੱਖੜੇ ਦੀ ਮੁਸਕਾਨ ਵਿਚ ਰੱਤੀ ਭਰ ਵੀ ਵਾਧਾ ਨਹੀਂ ਕਰਦਾ।
ਇਨ੍ਹਾਂ ਨੇ ਸ਼ਾਇਦ ਹੀ ਕਦੀ ਤਿਰੰਗੇ ਦੇ ਦਰਸ਼ਨ ਕੀਤੇ ਹੋਣ। ਇਨ੍ਹਾਂ ਦਾ ਵਾਹ ਸਿਰਫ ਇੱਕ ਰੰਗ ਨਾਲ ਹੀ ਪੈਂਦਾ ਹੈ, ਉਹ ਹੈ, ਹਰਾ ਰੰਗ। ਲੇਕਿਨ ਉਹ ਹਰਾ ਰੰਗ ਕਿਸੇ ਦੁਪੱਟੇ, ਸੂਟ, ਸਬਜ਼ੀ ਜਾਂ ਫਰੂਟ ਦਾ ਨਹੀਂ, ਸਗੋਂ ਪਿੰਡ ਦੇ ਵੱਟ-ਬੰਨਿਆਂ ‘ਤੇ ਉਗੇ ਘਾਹ ਦਾ ਰੰਗ ਹੈ। ਇਨ੍ਹਾਂ ਦੀ ਮੁਸਕਾਨ ਲਵੇਰੇ ਜੋਗੀ ਉਸੇ ਹਰੀ ਹਰੀ ਘਾਹ ਦੀ ਮੁਥਾਜ ਹੈ, ਜਿਸ ਨਾਲ ਇਨ੍ਹਾਂ ਵੀਰਾਂਗਣਾਂ ਨੂੰ ਘਰ ਵਿਚ ਨਸੀਬ ਹੁੰਦੀ ਹੈ, ਮਾੜੀ ਮੋਟੀ ਇੱਜਤ।
ਇੱਜਤ ਤੋਂ ਯਾਦ ਆਇਆ, ਇਨ੍ਹਾਂ ਅਭਾਗਣਾਂ ਦੀ ਜ਼ਿੰਦਗੀ ਵਿਚ ਕਦੀ ਕਦੀ ਜਪਾਨੀ ਹਾਰਾਕੀਰੀ ਵਰਗੇ ਮਹਾਂ ਦੁਖਦਾਈ ਉਹ ਪਲ ਵੀ ਆ ਜਾਂਦੇ ਹਨ, ਜਦ ਇਨ੍ਹਾਂ ਲਈ ਆਪਣੀ ਇੱਜਤ ਆਬਰੂ ਦੇ ਅਰਥ ਅਤੇ ਕੀਮਤ, ਪੱਠਿਆਂ ਦੀ ਇਕ ਪੰਡ ਤੱਕ ਸਿਮਟ ਕੇ ਰਹਿ ਜਾਂਦੀ ਹੈ। ਪਾਪੀ ਪੇਟ ਦਾ ਸਵਾਲ ਹੀ ਕੁਝ ਐਸਾ ਹੈ।
ਇਨ੍ਹਾਂ ਦੇ ਬੱਚਿਆਂ ਦਾ ਹਮੇਸ਼ਾ ਪੁੱਛਿਆ ਜਾਂਦਾ ਸਿਰਫ ਇਕ ਹੀ ਸਵਾਲ ਹੁੰਦਾ ਹੈ, ‘ਅੱਜ ਕੀ ਬਣਿਆ?’ ਮੈਂ ਇਕ ਅਜਿਹੇ ਅਭਾਗੇ ਨੂੰ ਜਾਣਦਾ ਹਾਂ, ਜੋ ਆਪਣੀ ਮਾਂ ਨੂੰ ਇੱਕ ਵਾਰ ਇਸ ਤੋਂ ਅਗਲਾ ਸਵਾਲ ਪੁੱਛ ਬੈਠਾ ਕਿ ਰੋਟੀ ਕਾਹਦੇ ਨਾਲ ਖਾਣੀ ਹੈ ਤਾਂ ਮਾਂ ਨੇ ਅੱਤ ਦੀ ਲਾਚਾਰੀ, ਹਾਸੇ ਅਤੇ ਗੁੱਸੇ ਵਿਚ ਆਖ ਦਿੱਤਾ ਸੀ ਕਿ ‘ਮੂੰਹ ਨਾਲ।’ ਮੈਂ ਇੱਕ ਹੋਰ ਅਜਿਹੇ ਚੰਦਰੇ ਦਾ ਵੀ ਵਾਕਿਫ ਹਾਂ, ਜਿਸ ਦੀ ਮਾਂ ਜਦ ਕਿਤੇ ਉਸ ਨੂੰ ਕਿਸੇ ਨਿੱਕੇ ਮੋਟੇ ਕੰਮ ਲਈ ਆਵਾਜ਼ ਮਾਰਦੀ ਤਾਂ ਉਹ ਅੱਗਿਓਂ ‘ਖਾਨਾ’ ਕਹਿ ਕੇ ਆਪਣੀ ਮਾਂ ਦਾ ਮੂੰਹ ਚਿੜਾਉਂਦਾ ਸੀ; ਜਿਸ ਨੂੰ ਸੁਣ ਕੇ ਸਬਰ ਸੰਤੋਖ ਦੀ ਮੂਰਤ ਅਭਾਗੀ ਮਾਂ ਉਹ ਨਿੱਕਾ ਮੋਟਾ ਕੰਮ ਆਪ ਹੀ ਕਰ ਲੈਂਦੀ ਸੀ।
ਇਹ ਦੁਖਾਂਤ ਮੇਰੇ ਘਰ ਦਾ, ਮੇਰੇ ਪਿੰਡ ਦਾ, ਮੇਰੇ ਪੰਜਾਬ ਦਾ, ਮੇਰੇ ਹਿੰਦੁਸਤਾਨ ਦਾ ਹੈ। ਇਹ ਦੁਖਾਂਤ ਸਾਡੀ ਕਮਜ਼ੋਰੀ ਹੈ, ਜੋ ਸਾਡੀ ਅਸਲ ਤਾਕਤ ਹੈ। ਦੇਖੋ, ਅਸੀਂ ਕਿਤਨੇ ਤਕੜੇ, ਸਟਰੌਂਗ ਜਾਂ ਪਾਵਰਫੁੱਲ ਹਾਂ। ਕੌਣ ਮੁਕਾਬਲਾ ਕਰ ਸਕਦਾ ਹੈ, ਸਾਡਾ! ਇੰਨੀ ਕਮਜ਼ੋਰੀ, ਲਾਚਾਰੀ ਅਤੇ ਗੁਰਬਤ ਦੇ ਮੁਕਾਬਲੇ ਵਿਚ! ਸ਼ਾਇਦ ਆਉਣ ਵਾਲੇ ਸਾਲਾਂ ਵਿਚ ਭਾਰਤ ਨੂੰ ਕੰਗਾਲੀ ਦਾ ਬਾਪ ਐਲਾਨ ਦਿੱਤਾ ਜਾਵੇ।
ਚਲੋ ਛੱਡੋ, ਆਉ, ਇਨ੍ਹਾਂ ਧੁੰਦਲੇ ਚਿਹਰਿਆਂ ਵਿਚੋਂ ਆਪਣੀਆਂ ਬੇਪਛਾਣ ਮਾਂਵਾਂ, ਭੈਣਾਂ, ਚਾਚੀਆਂ, ਤਾਈਆਂ, ਭੂਆ, ਮਾਸੀਆਂ ਦੇ ਦੀਦਾਰ ਕਰੀਏ ਅਤੇ ਇਨ੍ਹਾਂ ਦੇ ਪੈਰ ਛੂਹੀਏ, ਪ੍ਰਣਾਮ ਕਰੀਏ ਤੇ ਸਤਿਕਾਰ ਦੇਈਏ। ਸਦਾ ਸਦਾ ਮੁਬਾਇਲ, ਕਿਰਤ ਮੰਦਿਰ ਦੀਆਂ ਵੀਰਾਂਗਣਾਂ ਨੂੰ ਸਦ ਸਦ ਪ੍ਰਣਾਮ।