ਬਾਲੜੀਆਂ ਦੇ ਬਲਾਤਕਾਰੀਆਂ ਨੂੰ ਕਿਹੋ ਜਿਹੀ ਸਜ਼ਾ ਹੋਵੇ?

ਗੁਲਜ਼ਾਰ ਸਿੰਘ ਸੰਧੂ
ਬਾਹਰਲੇ ਦੇਸ਼ਾਂ ਦੀਆਂ ਖਬਰਾਂ ਸਾਡੇ ਕੋਲ ਛਣ ਕੇ ਪਹੁੰਚਦੀਆਂ ਹਨ ਪਰ ਆਪਣੇ ਦੇਸ਼ ਵਿਚ ਬਲਾਤਕਾਰ, ਰਿਸ਼ਵਤ ਤੇ ਕਤਲਾਂ ਦੇ ਸਮਾਚਾਰ ਏਨੇ ਵਧ ਗਏ ਹਨ ਕਿ ਪੜ੍ਹ-ਸੁਣ ਕੇ ਹੈਰਾਨ ਹੋ ਜਾਈਦਾ ਹੈ। ਖਾਸ ਕਰਕੇ ਬਲਾਤਕਾਰ ਦੇ, ਜਿੱਥੇ ਅੱਠ-ਦੱਸ ਵਰ੍ਹੇ ਦੀਆਂ ਬਾਲੜੀਆਂ ਵੀ ਨਹੀਂ ਬਖਸ਼ੀਆਂ ਜਾਂਦੀਆਂ। ਪਿਛਲੇ ਦਿਨਾਂ ਵਿਚ ਅਜਿਹੇ ਦੋਸ਼ੀਆਂ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਦੇਣ ਦਾ ਕਾਨੂੰਨ ਪਾਸ ਹੋਇਆ ਹੈ।

ਜਾਪਦਾ ਹੈ, ਇਹ ਸਜ਼ਾ ਵੀ ਕਾਫੀ ਨਹੀਂ। ਇੱਕ ਦੋਸ਼ੀ ਨੇ ਅੱਠ ਸਾਲ ਦੀ ਬੱਚੀ ਨੂੰ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਘੰਟੇ-ਦੋ ਘੰਟੇ ਦੇ ਅੰਤਰ ਨਾਲ ਤਿੰਨ ਵਾਰੀ ਬਲਾਤਕਾਰ ਕੀਤਾ ਤੇ ਇੱਕ ਹੋਰ ਦੋਸ਼ੀ ਨੇ ਉਨੀ ਹੀ ਉਮਰ ਦੀ ਹੋਰ ਬਾਲੜੀ ਨਾਲ ਬਲਾਤਕਾਰ ਕਰਕੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਅਲਮਾਰੀ ਵਿਚ ਸੁੱਟ ਦਿੱਤੇ। ਇਨ੍ਹਾਂ ਦੋਸ਼ੀਆਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਫਾਂਸੀ ਨਾ ਲੱਗੀ ਤਾਂ ਉਮਰ ਕੈਦ ਤਾਂ ਹੋ ਹੀ ਸਕਦੀ ਹੈ। ਉਹ ਸ਼ਾਇਦ ਇਹੀਓ ਚਾਹੁੰਦੇ ਹਨ। ਫਾਂਸੀ ਉਨ੍ਹਾਂ ਲਈ ਮੁਕਤੀ ਹੈ ਤੇ ਉਮਰ ਕੈਦ ਜ਼ਿੰਦਗੀ ਭਰ ਦੀ ਰੋਟੀ।
ਕਾਨੂੰਨਦਾਨਾਂ ਦਾ ਫਰਜ਼ ਹੈ ਕਿ ਉਹ ਅਜਿਹੇ ਦੋਸ਼ੀਆਂ ਲਈ ਅਜਿਹੀ ਸਜ਼ਾ ਸੋਚਣ, ਜੋ ਸੁਣ-ਦੇਖ ਕੇ ਭਵਿੱਖ ਦੇ ਦੋਸ਼ੀਆਂ ਨੂੰ ਕੰਨ ਹੋਣ। ਜਨਤਕ ਤਸੀਹੇ ਦੇਣ ਦੀ ਨੌਬਤ ਆ ਗਈ ਜਾਪਦੀ ਹੈ। ਇਸ ਤਰ੍ਹਾਂ ਦੇ ਤਸੀਹੇ ਨਹੀਂ, ਜਿਨ੍ਹਾਂ ਨਾਲ ਇੱਕ ਅੱਧ ਦਿਨ ਵਿਚ ਹੀ ਦੋਸ਼ੀ ਬੇਹੋਸ਼ ਹੋ ਜਾਵੇ, ਸਗੋਂ ਇਸ ਤਰ੍ਹਾਂ ਦੇ, ਜਿਨ੍ਹਾਂ ਵਿਚ ਉਸ ਨੂੰ ਹੋਸ਼ ਹਵਾਸ ਵਿਚ ਤੜਪਦੇ ਦਿਖਾਇਆ ਜਾਵੇ ਤੇ ਉਹ ਵੀ ਕੇਵਲ ਇੱਕ-ਦੋ ਦਿਨ ਨਹੀਂ, ਇੱਕ-ਦੋ ਮਹੀਨੇ। ਇਹ ਦ੍ਰਿਸ਼ ਦੂਰਦਰਸ਼ਨ ਅਤੇ ਹੋਰ ਚੈਨਲਾਂ ਉਤੇ ਸਾਕਾਰ ਪੇਸ਼ ਹੋਵੇ ਤਾਂ ਕਿ ਭਵਿਖ ਦੇ ਬਲਾਤਕਾਰੀ ਨੂੰ ਉਸ ਦੀ ਤੜਪ ਤੇ ਚੀਕ ਚਿਹਾੜਾ ਅੱਖੀਂ ਨਜ਼ਰ ਆਵੇ।
ਮੈਂ ਮੰਨਦਾ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਅੱਜ ਕਲ ਪੁਰਾਤਨ ਮੰਨੀ ਜਾਂਦੀ ਹੈ, ਫੇਰ ਵੀ ਅਜ਼ਮਾਉਣ ਦਾ ਕੋਈ ਹਰਜ ਨਹੀਂ। ਕਾਰਗਰ ਹੋ ਸਕਦੀ ਹੈ।
ਪ੍ਰਣਬ ਮੁਖਰਜੀ ਦੀ ਭਗਵੀਂ ਫੇਰੀ: ਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਕਾਂਗਰਸ ਪਾਰਟੀ ਦੇ ਉਘੇ ਨੇਤਾ ਪ੍ਰਣਬ ਮੁਖਰਜੀ ਦਾ ਰਾਸ਼ਟਰੀ ਸਵੈਮ ਸੇਵਕ ਸੰਘ (ਆਰæ ਐਸ਼ ਐਸ਼) ਦੇ ਵਿਹੜੇ ਜਾਣਾ ਮੀਡੀਆ ਦਾ ਭਖਵਾਂ ਵਿਸ਼ਾ ਬਣਿਆ ਹੈ। ਰੇਡੀਓ, ਟੀæ ਵੀæ ਜਿਹੇ ਸਰਕਾਰੀ ਮੀਡੀਆ ਦਾ ਇਸ ਫੇਰੀ ਨੂੰ ਚਮਕਾਉਣਾ ਤਾਂ ਸਮਝ ਆਉਂਦਾ ਹੈ ਪਰ ਸੁਤੰਤਰ ਮੀਡੀਆ ਦਾ ਉਕਾ ਹੀ ਨਹੀਂ। ਪਹਿਲੀ ਗੱਲ ਤਾਂ ਇਹ ਕਿ ਮੁਖਰਜੀ ਕੋਲ ਅੱਜ ਕਲ ਕੋਈ ਪਦਵੀ ਨਹੀਂ, ਉਹ ਵੱਡੇ ਦੇਸ਼ ਦਾ ਨਾਗਰਿਕ ਹੈ। ਜੇ ਉਸ ਨੇ ਭਗਵੀਂ ਪਾਰਟੀ ਦੀ ਪ੍ਰਾਹੁਣਚਾਰੀ ਪ੍ਰਵਾਨ ਕੀਤੀ ਸੀ ਤਾਂ ਮਾੜਾ ਮੋਟਾ ਸਰੂਪ ਬਦਲਨਾ ਵੀ ਕੋਈ ਅਲੋਕਾਰ ਗੱਲ ਨਹੀਂ। ਸੰਘੀਆਂ ਵਲੋਂ ਇਸ ਸਭ ਕਾਸੇ ਦਾ ਦਿਖਾਵਾ ਕਰਨਾ ਹੋਛਾ ਤਾਂ ਹੈ ਪਰ ਇਸ ਤਰ੍ਹਾਂ ਦਾ ਹੋਛਾਪਨ ਰਾਜਨੀਤੀ ਵਿਚ ਚਲਦਾ ਹੈ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਮੁਖਰਜੀ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਜਾਂ ਸੰਵਿਧਾਨ ਦੀ ਕਿਸੇ ਧਾਰਾ ਨੂੰ ਅਣਦੇਖਿਆਂ ਕੀਤਾ ਹੈ ਜਾਂ ਨਹੀਂ। ਉਸ ਦਾ ਸਾਰਾ ਭਾਸ਼ਣ ਹਰ ਪੱਖ ਤੋਂ ਦਿਸ਼ਾਵਾਨ ਸੀ। ਭਾਸ਼ਣ ਵਿਚ ਦਿੱਤੇ ਗਏ ਅੰਕੜੇ ਇਸ ਦੇ ਗਵਾਹ ਹਨ। ਜਿਹੜੇ ਕਾਂਗਰਸੀ ਇਸ ਫੇਰੀ ਦਾ ਬੁਰਾ ਮਨਾ ਰਹੇ ਹਨ, ਹੋਛੇ ਨਹੀਂ ਤਾਂ ਹੌਲੇ ਤੇ ਅਗਿਆਨੀ ਜ਼ਰੂਰ ਹਨ।
ਮੈਂ ਦੋ ਅਖਬਾਰਾਂ ਦਾ ਸੰਪਾਦਕ ਰਿਹਾ ਹਾਂ। ਇੱਕ ਅਖਬਾਰ ਮਾਰਕਸਵਾਦੀ ਪਾਰਟੀ ਦਾ ਸੀ। ਦੀਵਾਲੀ ਵਾਲੇ ਦਿਨ ਸੁਰਜੀਤ ਸਿੰਘ ਬਰਨਾਲਾ ਤੇ ਪ੍ਰਕਾਸ਼ ਸਿੰਘ ਬਾਦਲ ਕ੍ਰਮਵਾਰ ਮੇਰੇ ਲਈ ਤੁਹਫੇ ਲੈ ਕੇ ਮੇਰੇ ਘਰ ਫੇਰੀ ਪਾਉਣ ਆਏ, ਅਣ ਸੱਦੇ। ਮੇਰੇ ਘਰ ਦੇ ਬਜ਼ੁਰਗਾਂ ਨੂੰ ਗੋਡੀਂ ਹੱਥ ਲਾ ਕੇ ਮਿਲੇ। ਦੁਨੀਆਂ ਜਾਣਦੀ ਹੈ ਕਿ ਉਨ੍ਹਾਂ ਨੇ ਆਪਣਾ ਮੱਤ ਨਹੀਂ ਬਦਲਿਆ। ਸਾਬਕਾ ਰਾਸ਼ਟਰਪਤੀ ਤਾਂ ਸੱਦੇ ਉਤੇ ਗਿਆ ਸੀ, ਤੇ ਉਸ ਨੇ ਇਸ ਫੇਰੀ ਦਾ ਲਾਭ ਉਠਾ ਕੇ, ਆਪਣੀ ਧਾਰਨਾ ਉਤੇ ਰੱਜ ਕੇ ਪਹਿਰਾ ਦਿੱਤਾ। ਉਹਦੇ ਕੋਲੋਂ ਇਹ ਮੰਗ ਕਰਨੀ ਜਾਂ ਆਸ ਰੱਖਣੀ ਕਿ ਨਿਸੰਘੀਆਂ ਦੇ ਇਕੱਲੇ-ਇਕੱਲੇ ਨੁਕਤੇ ਦਾ ਜਵਾਬ ਦਿੰਦਾ, ਹੋਰ ਵੀ ਬੇਤੁਕਾ ਹੈ।
ਮਾਲਦੀਵ ਦਾ ਭਾਰਤ, ਚੀਨ ਤੇ ਪਾਕਿਸਤਾਨ: ਪਿਛਲੇ ਹਫਤੇ ਮੈਂ ਆਪਣੀ ਸਵੈਜੀਵਨੀ ਦਾ 1976 ਦੀ ਮਾਲਦੀਵ ਫੇਰੀ ਵਾਲਾ ਕਾਂਡ ਲਿਖ ਰਿਹਾ ਸਾਂ ਕਿ ਸਵੇਰ ਦੀਆਂ ਅਖਬਾਰਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਜ਼ਿਨਪਿੰਗ ਦੀ ਮਿਲਣੀ ਦੇ ਦ੍ਰਿਸ਼ ਵੇਖੇ। ਇਹ ਤਾਂ ਸਾਰੇ ਜਾਣਦੇ ਹਨ ਕਿ ਭਾਰਤੀ ਪ੍ਰਧਾਨ ਮੰਤਰੀ ਨੂੰ ਦੁਨੀਆਂ ਦੇਖਣ ਦਾ ਸ਼ੌਕ ਹੈ ਪਰ ਇਹ ਪਤਾ ਨਹੀਂ ਲਗ ਰਿਹਾ ਕਿ ਉਸ ਨੂੰ ਆਪਣੇ ਦੇਸ਼ ਨਾਲ ਕਿੰਨਾ ਕੁ ਹਿੱਤ ਹੈ। ਆਪਾਂ ਮਾਲਦੀਵ ਦਾ ਪ੍ਰਮਾਣ ਲਈਏ ਜੋ ਭਾਰਤ ਦੇ ਪੈਰਾਂ ਵਿਚ ਅਤਿਅੰਤ ਨੇੜੇ ਦਾ ਦੇਸ਼ ਹੈ। ਸਮੁੰਦਰ ਵਿਚ ਡੁਬਕੀਆਂ ਖਾਂਦਾ ਇਹ ਨਿਕਚੂ ਜਿਹਾ ਦੇਸ਼ ਏਨਾ ਲੋੜਵੰਦ ਹੈ ਕਿ ਹਰ ਵੱਡੀ ਤਾਕਤ ਨਾਲ ਬਣਾ ਕੇ ਰਖਦਾ ਹੈ। 1976 ਵਿਚ ਇਸ ਦੇਸ਼ ਲਈ ਕਣਕ ਪੂਰਬੀ ਯੂਰਪ ਤੋਂ ਆਉਂਦੀ ਸੀ। ਚੌਲ ਬਰਮਾ ਤੋਂ, ਮੁਰਗੇ ਅਮਰੀਕਾ ਤੋਂ, ਸਬਜ਼ੀਆਂ ਪਛਮੀ ਜਰਮਨੀ ਤੋਂ ਅਤੇ ਲੂਣ, ਖੰਡ, ਦਵਾਈਆਂ ਭਾਰਤ ਤੋਂ। ਸਾਰੇ ਦੇ ਸਾਰੇ ਦੇਸ਼ ਮਾਲਦੀਵ ਨਾਲ ਸਾਂਝ ਪਾਉਣ ਦੇ ਇਛੁਕ ਸਨ। ਅੱਜ ਚੀਨ ਅਤੇ ਪਾਕਿਸਤਾਨ ਵੀ ਇਥੇ ਪੈਰ ਪਸਾਰ ਰਹੇ ਹਨ। ਪਾਕਿਸਤਾਨ ਇਥੋਂ ਦੀ ਮੁਸਲਮਾਨ ਵਸੋਂ ਨੂੰ ਆਪਣੇ ਨਾਲ ਗੰਢਣਾ ਚਾਹੁੰਦਾ ਹੈ ਕਿਉਂਕਿ ਇਥੇ ਸਾਰੇ ਵਸਨੀਕ ਮੁਸਲਮਾਨ ਹਨ। ਸੌ ਪ੍ਰਤੀਸ਼ਤ। ਚੀਨ ਇਸ ਲਈ ਇਥੇ ਪੈਰ ਟਿਕਾ ਰਿਹਾ ਹੈ ਕਿ ਭਾਰਤ ਉਤੇ ਭਾਰੂ ਹੋਣ ਦੀ ਸਥਿਤੀ ਵਿਚ ਇਸ ਨੂੰ ਪਟੜੇ ਵਜੋਂ ਵਰਤ ਸਕੇ। ਭਾਰਤ ਦੀ ਵਰਤਮਾਨ ਸਰਕਾਰ ਨੂੰ ਇਹ ਕੁਝ ਨਹੀਂ ਦਿਖਾਈ ਦੇ ਰਿਹਾ।
4 ਜੂਨ 2018 ਨੂੰ ਮਾਲਦੀਵ ਸਰਕਾਰ ਦੇ ਉਘੇ ਨੇਤਾ ਅਹਿਮਦ ਨਿਹਾਨ ਨੂੰ ਕੋਲੰਬੋ ਜਾਣ ਲਈ ਚੇਨੱਈ ਦਾ ਰੂਟ ਲੈਣ ਤੋਂ ਰੋਕਣਾ, ਇਸ ਦਾ ਪ੍ਰਮਾਣ ਹੈ। ਕੱਲ ਤੱਕ ਭਾਰਤ ਮਾਲਦੀਵ ਦੀ ਫੌਜੀ ਮਹੱਤਤਾ ਤੋਂ ਜਾਣੂ ਰਿਹਾ ਹੈ ਤੇ ਮੌਜੂਦਾ ਪ੍ਰਧਾਨ ਮੰਤਰੀ ਦਾ ਮਾਲਦੀਵ ਤੋਂ ਬਿਨਾ ਸੰਸਾਰ ਦੇ ਸਾਰੇ ਦੇਸ਼ਾਂ ਦਾ ਗਮਨ ਕਰਨਾ ਇਸ ਮਹਤੱਤਾ ਨੂੰ ਨਜ਼ਰ ਅੰਦਾਜ਼ ਕਰਨਾ ਨਹੀਂ ਤਾਂ ਹੋਰ ਕੀ ਹੈ? ਕੀ ਮੋਦੀ ਦੀ ਸੱਜਰੀ ਚੀਨ ਫੇਰੀ ਚੀਨ ਨੂੰ ਮਾਲਦੀਵ ਵਿਚ ਪੈਰ ਪਸਾਰਨ ਤੋਂ ਰੋਕ ਸਕੇਗੀ, ਸੋਚਣ ਵਾਲੀ ਗੱਲ ਹੈ!
ਅੰਤਿਕਾ: ਮਿਰਜ਼ਾ ਗਾਲਿਬ
ਨਾ ਪੂਛ ਕਿ ਕਿਆ ਹਾਲ ਹੈ ਮੇਰਾ ਤੇਰੇ ਪੀਛੇ,
ਤੂ ਦੇਖ ਕਿ ਕਿਆ ਰੰਗ ਹੈ ਤੇਰਾ ਮੇਰੇ ਆਗੇ।