ਸਿੱਖ ਬੱਚਿਆਂ ਨੂੰ ਧੱਕੇ

ਗਦਰ ਲਹਿਰ ਦਾ ਇਤਿਹਾਸ ਆਪਣੇ ਨਾਵਲਾਂ ਅੰਦਰ ਸਮੋ ਕੇ ਪਾਠਕਾਂ ਅੱਗੇ ਪੇਸ਼ ਕਰਨ ਵਾਲੇ ਉਘੇ ਲੇਖਕ ਕੇਸਰ ਸਿੰਘ ਨਾਵਲਿਸਟ ਨੇ ਬਹੁਤ ਮਿਹਨਤ ਨਾਲ ਗਦਰ ਲਹਿਰ ਦੀ ਵਾਰਤਕ ਲੱਭਣ ਅਤੇ ਸੰਭਾਲਣ ਦਾ ਔਖੇਰਾ ਕਾਰਜ ਵੀ ਨੇਪਰੇ ਚਾੜ੍ਹਿਆ ਸੀ। ਇਸ ਵਿਚ ਗਦਰ ਲਹਿਰ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਵਿਚੋਂ ਨਿਕਲੇ ਦੋ ਪਰਚਿਆਂ ‘ਸੁਦੇਸ਼ ਸੇਵਕ’ ਅਤੇ ‘ਸੰਸਾਰ’ ਦਾ ਜ਼ਿਕਰ ਕੀਤਾ ਮਿਲਦਾ ਹੈ।

ਪਾਠਕ ‘ਸੁਦੇਸ਼ ਸੇਵਕ’ (1909 ਤੋਂ 1911 ਤੱਕ ਛਪਦਾ ਰਿਹਾ) ਅਤੇ ‘ਸੰਸਾਰ’ (ਸਤੰਬਰ 1912 ਤੋਂ ਜੁਲਾਈ 1914 ਤੱਕ ਛਪਿਆ) ਵਿਚ ਛਪੀਆਂ ਲਿਖਤਾਂ ਪਿਛਲੇ ਅੰਕਾਂ ਵਿਚ ਪੜ੍ਹ ਚੁਕੇ ਹਨ। ਇਨ੍ਹਾਂ ਲਿਖਤਾਂ ਵਿਚ ਉਸ ਵਕਤ ਪਰਦੇਸ ਪੁੱਜੇ ਜਿਉੜਿਆਂ ਵੱਲੋਂ ਹੰਢਾਈਆਂ ਮੁਸੀਬਤਾਂ ਦਾ ਪਤਾ ਲਗਦਾ ਹੈ। ਇਨ੍ਹਾਂ ਲਿਖਤਾਂ ਦੇ ਸ਼ਬਦ-ਜੋੜ ਜਿਉਂ ਦੇ ਤਿਉਂ ਰੱਖੇ ਗਏ ਹਨ ਤਾਂ ਕਿ ਉਸ ਵਕਤ ਦੀ ਪੰਜਾਬੀ ਦੇ ਦਰਸ਼ਨ-ਦੀਦਾਰ ਹੋ ਸਕਣ। -ਸੰਪਾਦਕ

2 ਅਕਤੂਬਰ ਨੂੰ ਵੈਨਕੂਵਰ ਸੈਂਟਰਲ ਸਕੂਲ ਦੇ ਪ੍ਰਿੰਸੀਪਲ ਨੇ 3 ਸਿੱਖ ਬਾਲਕਾਂ, ਜੋ ਕਿ ਉਥੇ ਦਾਖਲ ਹੋਣ ਲਈ ਗਏ ਸਨ, ਲਈ ਹੁਕਮ ਦਿਤਾ ਹੈ ਕਿ ਜੇ ਉਹ ਪੜ੍ਹਨਾ ਚਾਹੁੰਦੇ ਹਨ ਤਾਂ ਸਕੂਲ ਵਿਚ ਦਸਤਾਰਾਂ ਉਤਾਰ ਕੇ ਆਉਣ। ਸਾਹਿਬ ਬਹਾਦਰ ਦੇ ਹੁਕਮ ਦੀ ਨਕਲ ਅੰਗਰੇਜ਼ੀ ਵਿਚ ਇਸੇ ਪਰਚੇ ਦੇ ਦੂਜੇ ਸਫੇ ਪਰ ਦਰਜ ਹੈ। ਉਮੀਦ ਹੈ, ਖਾਲਸਾ ਜੀ ਉਸ ਨੂੰ ਪੜ੍ਹ ਕੇ ਅੱਖਾਂ ਖੋਲ੍ਹਣਗੇ। ਇਸ ਸੂਰਤ ਵਿਚ ਸਿੱਖ ਬਾਲਕਾਂ ਦਾ ਇਥੇ ਵਿਦਿਆ ਪਾਉਣਾ ਕਠਿਨ ਹੋ ਗਿਆ ਹੈ। ਅਮਰੀਕਾ ਵਿਚ ਕੁਲ ਕੌਮਾਂ ਦੇ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ। ਕਦੇ ਕਿਸੇ ਨੂੰ ਕੋਈ ਰੋਕ ਨਹੀਂ ਸੁਣੀ ਗਈ, ਪਰ ਅੰਗਰੇਜ਼ੀ ਰਾਜ ਦੀ ਹੱਦ ਵਿਚ ਉਨ੍ਹਾਂ ਸਿੱਖਾਂ ਦੇ ਬੱਚਿਆਂ, ਜਿਹੜੇ ਇਸ ਰਾਜ ਦੇ ਪਿਛਲੇ ਕੁਲ ਦੁਨੀਆਂ ਪਰ ਲਹੂ ਬਹਾ ਚੁੱਕੇ ਹਨ ਤੇ ਅੱਜ ਤਕ ਹਰ ਜਗ੍ਹਾ ਚੀਨ ਤੇ ਹੋਰ ਟਾਪੂਆਂ ਵਿਚ ਅੰਗਰੇਜ਼ੀ ਕੌਮ ਦਾ ਸੱਜਾ ਹੱਥ ਹਨ, ਲਈ ਇਹ ਧਰਮ ਤੋਂ ਪਤਤ ਕਰਨ ਵਾਲਾ ਹੁਕਮ ਸਿੱਖ ਪੰਥ ਤੇ ਧਰਮ ਦੀ ਸਖਤ ਨਰਾਦਰੀ ਹੈ। ਇਹ ਕੈਨੇਡਾ ਵਾਲਿਆਂ ਦੇ ਸਿੱਖਾਂ ਨਾਲ ਵਰਤਾਓ ਦੀ ਇਕ ਹੋਰ ਵੰਨਗੀ ਹੈ। ਸਿੱਖ ਬੱਚੇ ਕਦੇ ਦਸਤਾਰ ਨਹੀਂ ਉਤਾਰ ਸਕਦੇ। ਅਸੀਂ ਬੜੇ ਜ਼ੋਰ ਨਾਲ ਖਾਲਸਾ ਜੀ ਦੀਆਂ ਕੁਲ ਸਿੰਘ ਸਭਾਵਾਂ, ਚੀਫ ਖਾਲਸਾ ਦੀਵਾਨ ਦੇ ਪੰਥ ਦੇ ਆਗੂਆਂ ਅੱਗੇ ਬੇਨਤੀ ਕਰਦੇ ਹਾਂ ਕਿ ਉਹ ਝਟਪਟ ਇਸ ਹੁਕਮ ਦੇ ਬਰਖਿਲਾਫ ਗੁਰਮਤੇ ਪਾਸ ਕਰਕੇ ਮਨਿਸਟਰ ਆਫ ਐਜੂਕੇਸ਼ਨ ਬੀæਸੀæ ਦੇ ਨਾਮ ਪਰ ਘਲਣ। ਸਿੱਖ ਬੱਚੇ ਜਿਨ੍ਹਾਂ ਦੀਆਂ ਤਸਵੀਰਾਂ 5 ਸਤੰਬਰ ਦੇ ‘ਸੰਸਾਰ’ ਵਿਚ ਛਪ ਚੁੱਕੀਆਂ ਹਨ, ਸਕੂਲ ਜਾਣ ਤੋਂ ਰੁਕੇ ਬੈਠੇ ਹਨ। ਪਤਾ ਨਹੀਂ ਸਿੱਖਾਂ ਨੇ ਕੀ ਗੁਨਾਹ ਕੀਤਾ ਹੈ ਜਿਸ ਲਈ ਉਨ੍ਹਾਂ ਪੁਰ ਇਤਨੀਆਂ ਸਖਤੀਆਂ ਤੇ ਬੇਇਨਸਾਫੀਆਂ ਹੋ ਰਹੀਆਂ ਹਨ। ਉਮੀਦ ਹੈ ਕਿ ਸਿੱਖ ਕੌਮ ਜੇ ਜੀਉਂਦੀ ਹੈ ਤਾਂ ਇਸ ਕੌਮੀ ਬੇਇੱਜ਼ਤੀ ਨੂੰ ਸੁਣ ਕੇ ਵਿਆਕੁਲ ਹੋਵੇਗੀ ਤੇ ਇਸ ਹੁਕਮ ਦੇ ਵਿਰੁਧ ਰੌਲਾ ਪਾਉਣ ਲਈ ਦੇਰ ਨਹੀਂ ਲਾਏਗੀ।

ਉਲਾਦ ‘ਤੇ ਤਰਸ ਕਰੋ
ਯੂਨਾਇਟਡ ਸਟੇਟਸ ਤੇ ਕੈਨੇਡਾ ਦੇ ਕਿਸੇ ਹਿੱਸੇ ਵਿਚ ਚਲੇ ਜਾਵੋ, ਆਪ ਚੀਨਿਆਂ ਨੂੰ ਹਰ ਜਗ੍ਹਾ ਹੀ ਤਕੋਗੇ। ਕਿਸੇ ਯੂਨੀਵਰਸਿਟੀ ਵਿਚ ਚਲੇ ਜਾਓ, ਇਨ੍ਹਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਆਪਣੀ ਕੌਮ ਦੀ ਸੇਵਾ ਵਾਸਤੇ ਰਾਤ ਦਿਨ ਵਿਦਿਆ ਵਿਚ ਮਿਹਨਤ ਕਰ ਰਹੇ ਪਾਉਗੇ। ਕੀ ਸਬੱਬ ਹੈ ਕਿ ਵੈਨਕੂਵਰ ਜਾਂ ਫਰਿਸਕੋ ਵਿਚ ਜਹਾਜ਼ੋਂ ਉਤਰ ਕੇ ਚੀਨੇ ਸਿਰਫ ਉਸ (ਵੈਨਕੂਵਰ ਜਾਂ ਫਰਿਸਕੋ) ਦੇ ਵਿਚ ਨਹੀਂ ਠਹਿਰ ਗਏ। ਉਨ੍ਹਾਂ ਨੂੰ ਪਤਾ ਸੀ ਕਿ ਇਸ ਜਗ੍ਹਾ ਹੀ ਠਹਿਰ ਕੇ ਅਸੀਂ ਸਾਰੇ ਮੁਲਕ ਦੇ ਗੁਣ ਨਹੀਂ ਲੈ ਸਕਦੇ। ਇਹ ਮਿਹਨਤੀ ਕੌਮ ਅਮਰੀਕਾ ਤੇ ਕੈਨੇਡਾ ਦੇ ਇਕ ਇਕ ਖੂੰਜੇ ਵਿਚ ਪਸਰ ਗਈ। ਆਪਣੇ ਪੁੱਤਰਾਂ ਨੂੰ ਬੜੀਆਂ-ਬੜੀਆਂ ਯੂਨੀਵਰਸਿਟੀਆਂ ਵਿਚ ਦਾਖਲ ਕਰਾ ਦਿੱਤਾ ਜਿਸ ਦਾ ਸਿੱਟਾ ਇਹ ਹੋਇਆ ਕਿ ਮਾਮੂਲੀ ਮਿਹਨਤੀਆਂ ਦੇ ਪੁੱਤਰ ਅੱਜ ਵਜ਼ੀਰੀਆਂ ਕਰ ਰਹੇ ਹਨ। ਵਿਕਟੋਰੀਏ ਦੇ ਇਕ ਤਬੇਲੇ ਵਿਚ ਕੰਮ ਕਰ ਰਹੇ ਇਕ ਚੀਨੇ ਨੇ ਮੈਨੂੰ ਬੜੇ ਪ੍ਰੇਮ ਨਾਲ ਦੱਸਿਆ ਕਿ ਮੇਰਾ ਪੁੱਤਰ ਸ਼ਿਕਾਗੋ ਯੂਨੀਵਰਸਿਟੀ ਵਿਚ ਐਮæਏæ ਵਿਚ ਪੜ੍ਹ ਰਿਹਾ ਹੈ ਤੇ ਮੇਰੀ ਕਈ ਸਾਲਾਂ ਦੀ ਮਿਹਨਤ ਉਸ ਨੌਨਿਹਾਲ ਦੀ ਵਿਦਿਆ ਪੁਰ ਲੱਗੀ ਹੈ। ਕੀ ਕੌਮ ਦੇ ਚੰਗੇ ਭਾਗਾਂ ਵਿਚ ਕੁਝ ਸ਼ੌਕ ਹੋ ਸਕਦੀ ਹੈ। ਪਿਆਰੇ ਭਰਾਵੋ! ਆਪ ਦੱਸੋ, ਆਪ ਦੇ ਪੁੱਤਰਾਂ ਜਿਨ੍ਹਾਂ ਨੇ ਆਉਣ ਵਾਲੀ ਕੌਮ ਬਣਨਾ ਹੈ ਤੇ ਜਿਨ੍ਹਾਂ ਦੇ ਸਿਰ ਪੁਰ ਸਾਡੇ ਪਿਆਰੇ ਦੇਸ਼ ਦੀਆਂ ਬੇਅੰਤ ਜ਼ਿੰਮੇਵਾਰੀਆਂ ਹਨ, ਦੀ ਹਾਲਤ ਕੀ ਹੈ? ਕੀ ਆਪ ਨੂੰ ਆਸ ਹੈ ਕਿ ਉਨ੍ਹਾਂ ਦੀ ਹੁਣ ਦੀ ਹੀ ਹਾਲਤ ਵਿਚ ਸਾਡੀ ਕੌਮ ਉਠ ਸਕੇਗੀ। ਕੀ ਜੋ ਉਹ ਥੋੜ੍ਹੀ ਬਹੁਤ ਹੁਣ ਸਿੱਖ ਰਹੇ ਹਨ, ਉਹ ਸਾਡੀ ਉਨਤੀ ਵਾਸਤੇ ਕਾਫੀ ਹੈ, ਕਦਾਚਿਤ ਨਹੀਂ। ਜਿਸ ਤਰ੍ਹਾਂ ਕੋਈ ਬਦਕਿਸਮਤ ਆਦਮੀ ਇਕ ਪਵਿਤਰ ਜਲ ਵਾਲੇ ਸਰ ਦੇ ਪਾਸੋਂ ਪਿਆਸਾ ਹੀ ਉੱਠ ਜਾਵੇ, ਉਹ ਹਾਲਤ ਸਾਡੀ ਹੈ। ਪੰਜ ਛੇ ਸਾਲ ਖੁਮਾਰੀ ਵਿਚ ਹੀ ਲੰਘ ਗਏ ਹਨ ਤੇ ਜੋ ਭਰਾ ਦੇਸ਼ ਨੂੰ ਮੁੜ ਗਏ ਹਨ, ਉਹ ਇਸ ਵਿਦਿਆ ਤੇ ਹੁਨਰ ਦੀ ਖਾਣ, ਅਮਰੀਕਾ ਤੋਂ ਕੀ ਲੈ ਗਏ? ਜਿਸ ਤਰ੍ਹਾਂ ਕੋਰੇ ਆਏ ਸਨ, ਉਸੇ ਤਰ੍ਹਾਂ ਬੋਤਲਾਂ ਵਾਲੀਆਂ ਹੁਕੀਆਂ ਝਗੜੇ ਫਸਾਦ ਤੇ ਚਾਰ ਛਿਲੜ ਸ਼ਰਾਬ ਵਿਚ ਉਡਾਉਣ ਨੂੰ ਲੈ ਕੇ ਕੋਰੇ ਹੀ ਉਠ ਗਏ। ਕੀ ਪੈਸਿਆਂ ਨਾਲ ਕੌਮਾਂ ਉਠ ਸਕਦੀਆਂ ਹਨ? ਕੀ ਡਾਲਰਾਂ ਨਾਲ ਇਨਸਾਨ ਬਣ ਸਕਦਾ ਹੈ? ਕੀ ਹਜ਼ਾਰਾਂ ਡਾਲਰ ਕਮਾ ਕੇ ਲੈ ਜਾ ਕੇ ਦੇਸ਼ ਵਿਚ ਸੁਖੀ ਬਸ ਸਕੋਗੇ? ਜਦਕਿ ਤੁਹਾਡੀ ਕੌਮ ਗਰਕ ਰਹੀ ਹੈ ਤੇ ਤੁਹਾਡੇ ਪੈਸੇ ਦੇ ਮਾਣ ਪੁਰ ਤੁਹਾਡੇ ਜੀਉਂਦਿਆਂ ਹੀ ਜਾਂ ਮੋਇਆ ਤੋਂ ਸ਼ਿਕਾਰੀ ਜੁਆਰੀ, ਸ਼ਰਾਬੀ ਤੇ ਬਦਮਾਸ਼ ਬਣਨਗੇ। ਜੇ ਤੁਸੀਂ ਜੀਉਂਦਿਆਂ ਕੌਮਾਂ ਤੇ ਕੋਈ ਗੁਣ ਨਹੀਂ ਲੈ ਸਕੇ ਤਾਂ ਇਹ ਤੁਹਾਡੇ ਕਮਾਏ ਹੋਏ ਡਾਲਰ ਫਾਇਦੇ ਦੀ ਥਾਂ ਸਗੋਂ ਜ਼ਹਿਰ ਬਣ ਕੇ ਡੋਬਣਗੇ। ਆਪ ਨੂੰ ਪਤਾ ਹੈ ਕਿ ਇਥੋਂ ਜਾ ਕੇ ਲਹੂ ਮਾਰਵੀਂ ਕਮਾਈ ਨੂੰ ਕਿਸ ਤਰ੍ਹਾਂ ਕਲਾਲਖਾਨਿਆਂ ਵਿਚ ਉਡਾਇਆ ਗਿਆ ਹੈ।
ਐ ਅਮਰੀਕਾ ਤੇ ਕੈਨੇਡਾ ਵਿਚ ਹੁਣ ਰਹਿ ਗਏ ਭਰਾਵੋ! ਸੰਭਲੋ, ਕੰਨ ਖੋਲ੍ਹੋ, ਹੋਸ਼ ਕਰੋ। ਆਪਣੇ ਪੁੱਤਰਾਂ ਪੁਰ ਤਰਸ ਕਰੋ। ਉਨ੍ਹਾਂ ਨੂੰ ਅੰਮ੍ਰਿਤ ਦਿਓ, ਜ਼ਹਿਰ ਦੀਆਂ ਨਾਲਾਂ ਉਨ੍ਹਾਂ ਦੇ ਸੰਘ ਵਿਚ ਨਾ ਘੁਸੇੜੋ। ਅਮਰੀਕਾ ਵਿਚ ਠਹਿਰ ਕੇ ਉਨ੍ਹਾਂ ਨੂੰ ਵਿਦਵਾਨ ਬਣਾਵੋ, ਕੈਨੇਡਾ ਨਿਵਾਸੀ ਭਰਾਵੋ! ਬ੍ਰਿਟਿਸ਼ ਕੋਲੰਬੀਆ ਵਿਚ ਕੋਈ ਤੁਹਾਡੀਆਂ ਮੋਹਰਾਂ ਨਹੀਂ ਲੱਗੀਆਂ ਹੋਈਆਂ। ਮੋਂਟਰੀਆਲ ਵਿਚ ਮਰਿਲ ਯੂਨੀਵਰਸਿਟੀ ਕੁਲ ਦੁਨੀਆਂ ਵਿਚ ਵੱਡੀ ਹੈ। ਦੇਸ਼ ਨੂੰ ਮੁੜਨ ਦੀ ਸੋਹ ਪਾ ਦਿਓ। ਆਪਣੇ ਪੁੱਤਰਾਂ ਤੇ ਸਿੰਘਣੀਆਂ ਨੂੰ ਇਥੇ ਮੰਗਵਾਉਣ ਦੇ ਯਤਨ ਲਈ ਹੀ ਆਪਣੇ ਜੀਵਨ ਲਾ ਦਿਓ। ਕੁਲ ਕੈਨੇਡਾ ਵਿਚ ਪਸਰ ਜਾਓ। ਆਪਣੇ ਬੱਚਿਆਂ ਨੂੰ ਲਟ-ਲਟ ਕਰ ਰਹੇ ਇਲਮ ਦੀ ਖਾਣ ਬੜੇ-ਬੜੇ ਕਾਲਜਾਂ ਤੇ ਸਕੂਲਾਂ ਵਿਚ ਦਾਖਲ ਕਰਾ ਦਿਓ। ਠਹਿਰ ਜਾਓ, ਮਿਹਨਤ ਕਰੋ, ਇਹ ਬੂਟੇ ਥੋੜ੍ਹੇ ਚਿਰ ਵਿਚ ਹੀ ਉਹ ਫਲ ਦੇਣਗੇ ਜਿਸ ਦੀ ਮਹਿਕ ਨਾਲ ਆਪ ਦੀ ਕੌਮ ਵਧ ਨਿਕਲੇਗੀ। ਜੇ ਆਪ ਇਸ ਪ੍ਰਣ ਪੁਰ ਪੱਕੇ ਹੋ ਤਾਂ ਕੋਈ ਦੁਨੀਆਂ ਦੀ ਤਾਕਤ ਤੁਹਾਡੇ ਪੁਰ ਸਖਤੀ ਨਹੀਂ ਕਰ ਸਕਦੀ। ਕੋਈ ਵਜ੍ਹਾ ਨਹੀਂ ਕਿ ਆਪ ਦੇ ਬੱਚਿਆਂ ਤੇ ਇਸਤਰੀਆਂ ਨੂੰ ਇਥੇ ਆਉਣ ਦੀ ਖੁਲ੍ਹ ਨਾ ਹੋਵੇ। ਅੱਜ ਤੋਂ ਹੀ ਮਨਸੂਬੇ ਧਾਰ ਲਵੋ ਕਿ ਮੈਂ ਆਪਣੇ ਪੁੱਤਰ ਨੂੰ ਇੰਜੀਨੀਅਰੀ ਪੜ੍ਹਾਉਣੀ ਹੈ। ਮੈਂ ਆਪਣੇ ਬੱਚੇ ਨੂੰ ਬਿਜਲੀ ਦਾ ਕੰਮ ਸਿਖਾਉਣਾ ਹੈ। ਮੈਂ ਆਪਣੇ ਅੱਖਾਂ ਦੇ ਤਾਰੇ ਨੂੰ ਦੁਨੀਆਂ ਦੀ ਵੱਡੀ ਤੋਂ ਵੱਡੀ ਵਿਦਿਆ ਦੀ ਪੋਸ਼ਾਕ ਪੁਆਉਣੀ ਹੈ। ਆਪਣੀ ਬੱਚੀ ਨੂੰ ਇਸ ਲਾਇਕ ਬਣਾਉਣਾ ਹੈ ਕਿ ਉਹ ਜਾ ਕੇ ਹੋਰ ਭਰਾਵਾਂ ਤੇ ਭੈਣਾਂ ਨੂੰ ਅੰਧਕਾਰ ਵਿਚੋਂ ਕੱਢ ਸਕੇ। ਐ ਮੇਰੇ ਪਿਆਰੇ ਵੀਰੋ! ਇਹੋ ਹੀ ਪੱਕੀ ਹੈ, ਇਹੋ ਹੀ ਵਾਧਾ ਹੈ। ਆਪਣੀਆਂ ਇਸਤਰੀਆਂ ਤੇ ਬੱਚਿਆਂ ਨੂੰ ਇਥੇ ਮੰਗਵਾਉਣ ਦੇ ਬੀੜੇ ਨੂੰ ਸਿਰ ਚਾਹੜਨ ਲਈ ਸਾਰੀ ਵਾਹ ਲਾਵੋ ਤੇ ਕੁਲ ਕੈਨੇਡਾ ਤੇ ਅਮਰੀਕਾ ਵਿਚ ਖਿਲਰ ਜਾਓ। ਆਪਣੀਆਂ ਜਿੰਦੜੀਆਂ ਨੂੰ ਇਸ ਤਰ੍ਹਾਂ ਬਤੀਤ ਕਰੋ ਕਿ ਹਰ ਕੋਈ ਸਾਡੀ ਕੌਮ ਦੀ ਨੇਕੀ ਨੂੰ ਯਾਦ ਕਰੇ। ਆਓ, ਪਲਟ ਆਓ, ਸਮਝ ਜਾਓ, ਹੁਣ ਸਮਾਂ ਜਾਗਣ ਦਾ ਹੈ। ‘ਸੰਸਾਰ’ ਦਾ ਇਹੀ ਸੁਨੇਹਾ ਹੈ ਤੇ ਇਹੀ ਧਰਮ ਹੈ। ਇਸ ਧਰਮ ਦੇ ਪੂਰੇ ਹੋਇਆਂ ਹੀ ਸਾਡਾ ਨਿਸਤਾਰਾ ਹੈ।

ਹੁਣ ਕੀ ਕਰਨ ਦੀ ਲੋੜ ਹੈ
ਕੈਨੇਡਾ ਵਿਚ ਵੱਸਣ ਵਾਲੇ ਹਿੰਦੁਸਤਾਨੀਆਂ ਦੀ ਗਿਣਤੀ ਦਬਾ ਦਬ ਘਟ ਰਹੀ ਹੈ। ਗਵਰਨਮੈਂਟ ਵੱਲੋਂ ਦਿਨ-ਪਰ-ਦਿਨ ਸਾਡੇ ਲਈ ਰਾਹ ਬੰਦ ਕੀਤੇ ਜਾ ਰਹੇ ਹਨ। ਸਾਰੇ ਉਹ ਭਰਾ, ਜੋ ਕਈ ਕਈ ਸਾਲ ਇਥੇ ਰਹਿ ਕੇ ਗਏ ਹਨ, ਜਮੀਨ ਜਾਇਦਾਦਾਂ ਦੇ ਇਥੇ ਮਾਲਕ ਹਨ। ਹਾਂਗਕਾਂਗ ਵਿਚ ਰੁਕੇ ਬੈਠੇ ਹਨ। ਕੰਪਨੀਆਂ ਟਿਕਟ ਦੇਣ ਤੋਂ ਨਾਂਹ ਕਰਦੀਆਂ ਹਨ। ਜਿਥੇ ਇਕ ਪਾਸੇ ਹੁਣ ਰੋਕੇ ਜਾ ਰਹੇ ਪੁਰਾਣੇ ਭਰਾਵਾਂ ਦੀਆਂ ਇਥੇ ਜਾਇਦਾਦਾਂ ਤੇ ਜ਼ਮੀਨਾਂ ਉਜੜ ਜਾਣਗੀਆਂ, ਉਥੇ ਦੂਜੇ ਪਾਸੇ ਉਨ੍ਹਾਂ ਦੇ ਰੁਕਣ ਨਾਲ ਸਾਡੇ ਅਸਥਾਨ ਦੀਵਾਨ ਸਭਾ ਤੇ ਜਥੇ ਉਡ ਜਾਣਗੇ ਕਿਉਂਕਿ ਆਦਮੀਆਂ ਨਾਲ ਹੀ ਜਥੇਬੰਦੀਆਂ ਹੁੰਦੀਆਂ ਹਨ। ਇਸ ਕਾਨੂੰਨ ਦੇ ਪਾਸ ਕਰਾਉਣ ਲਈ ਰੌਲਾ ਸ਼ੁਰੂ ਹੋ ਗਿਆ ਹੈ ਕਿ ਕੋਈ ਹਿੰਦੂ ਬ੍ਰਿਟਿਸ਼ ਕੋਲੰਬੀਆ ਵਿਚ ਜ਼ਮੀਨ ਦਾ ਮਾਲਕ ਨਾ ਬਣ ਸਕੇ। ਦਬਾ ਦਬ ਇਸ ਦੇ ਹੱਕ ਵਿਚ ਗੋਰਿਆਂ ਵੱਲੋਂ ਰੈਜੋਲਿਊਸ਼ਨ ਪਾਸ ਕੀਤੇ ਜਾ ਰਹੇ ਹਨ ਤੇ ਇਸ ਰੌਲੇ ਦਾ ਅੱਗਾ ਸਾਡਾ ਰਹਿੰਦਾ ਖੂੰਹਦਾ ਨਾਸ ਕਰਨ ਲਈ ਕੋਈ ਘੱਟ ਨਹੀਂ ਕਰੇਗਾ ਜਦਕਿ ਜੇ ਇਸ ਤਰ੍ਹਾਂ ਕਾਨੂੰਨ ਪਾਸ ਹੋ ਗਿਆ ਤਾਂ ਕਿਸੇ ਹਿੰਦੁਸਤਾਨੀ ਨੂੰ ਜ਼ਮੀਨ ਦਾ ਡੀਡ ਨਾ ਮਿਲੇਗਾ। ਸਾਨੂੰ ਉਕੇ ਹੀ ਇਸ ਦੇਸ਼ ਵਿਚੋਂ ਕੱਢ ਦੇਣ ਲਈ ਕੁਲ ਗੋਰਿਆਂ ਦੀਆਂ ਅਖਬਾਰਾਂ ਜ਼ੋਰ ਲਾ ਰਹੀਆਂ ਹਨ। ਸਾਡੇ ਬਰਖਿਲਾਫ ਹੋਰ ਭੀ ਕਰੜੇ ਕਾਨੂੰਨ ਬਣਾਉਣ ਲਈ ਐਵੇਂ ਝੂਠੀਆਂ ਗੱਪਾਂ ਉਡਾ ਕੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਲੱਖਾਂ ਹਿੰਦੁਸਤਾਨੀ ਕੈਨੇਡਾ ਆ ਰਹੇ ਹਨ। ਸਾਨੂੰ ਟਿਕਟ ਨਾ ਵੇਚਣ ਲਈ ਜਹਾਜ਼ਾਂ ਦੀਆਂ ਕੰਪਨੀਆਂ ਨੂੰ ਕਸਿਆ ਜਾ ਰਿਹਾ ਹੈ। ਹਰ ਇਕ ਸਿੱਧੇ ਜਾਂ ਪੁਠੇ ਤਰੀਕੇ ਨਾਲ ਸਾਨੂੰ ਕਮਜ਼ੋਰ ਕਰਨ ਦੇ ਸਾਧਨ ਹੋ ਰਹੇ ਹਨ। ਇਕ ਰਾਜ ਇਕ ਬਾਦਸ਼ਾਹ ਦੇ ਤਅਲਕਾਂ ਨੂੰ ਬਿਲਕੁਲ ਭੁਲਾ ਕੇ ਸਾਨੂੰ ਕਮਜ਼ੋਰ ਸਮਝ ਕੇ ਸਾਡੀਆਂ ਔਰਤਾਂ ਤੇ ਬੱਚਿਆਂ ਨੂੰ ਜਬਰਨ ਨਖੇੜਨ ਦੇ ਕਾਨੂੰਨ ਨੂੰ ਹੋਰ ਵੀ ਪੱਕਾ ਕਰਨ ਦੀਆਂ ਤਿਆਰੀਆਂ ਦੇ ਨਿਸ਼ਾਨ ਪ੍ਰਗਟ ਹੋ ਰਹੇ ਹਨ। ਇਸ ਮੁਲਕ ਦੇ ਗੋਰੇ ਤਾਂ ਇਕ ਪਾਸੇ ਰਹੇ, ਇੰਡੀਆ ਵਿਚ ਕਈ ਕਈ ਸਾਲ ਰਹੇ ਗੋਰੇ ਸਾਨੂੰ ਇਸ ਦੇਸ਼ ਵਿਚੋਂ ਕੱਢਣ ਲਈ ਪੁੱਜ ਕੇ ਜ਼ੋਰ ਲਾ ਰਹੇ ਹਨ। ਅਖਬਾਰਾਂ ਵਿਚ ਲਿਖਦੇ ਹਨ, ਬੋਲ ਕੇ ਦੁਹਾਈ ਪਾਉਂਦੇ ਹਨ, ਅੱਗੇ ਨੂੰ ਆ ਰਿਹਾ ਇਕ-ਇਕ ਦਮ ਸਾਨੂੰ ਕਈ-ਕਈ ਕੋਹ ਪਿੱਛੇ ਲਿਜਾ ਰਿਹਾ ਹੈ। ਸਾਡੀ ਤਾਕਤ ਘਟਾਉਂਦਾ ਤੇ ਦੱਸਦਾ ਹੈ ਕਿ ਜੇ ਅਸੀਂ ਐਨੀਆਂ ਭਾਵੀਆਂ ਵਿਚ ਘਿਰੇ ਇਸ ਚੁੱਪਚਾਪ ਦੀ ਹਾਲਤ ਵਿਚ ਰਹੇ ਤਾਂ ਛੇਆਂ ਮਹੀਨਿਆਂ ਨਹੀਂ ਤਾਂ ਇਕ ਸਾਲ ਵਿਚ ਸਾਡੀ ਉਹ ਦੁਰਦਸ਼ਾ ਹੋ ਜਾਵੇਗੀ, ਜਿਸ ਨੂੰ ਸੰਭਾਲਣਾ ਕਠਿਨ ਹੋਵੇਗਾ।
ਜੋ ਕੰਮ ਪਰ ਸਾਲ ਹੋ ਸਕਦਾ ਸੀ, ਉਹ ਅੱਜ ਨਹੀਂ ਹੋ ਸਕਦਾ। ਜੋ ਅੱਜ ਹੋ ਸਕਦਾ ਹੈ, ਉਹ ਹੋਰ ਚਾਰ ਮਹੀਨਿਆਂ ਨੂੰ ਨਹੀਂ ਹੋ ਸਕੇਗਾ। ਹੁਣ ਇਕ ਇਕ ਮਿੰਟ ਦੀ ਖਤਰਨਾਕ ਲਹਿਰਾਂ ਵਿਚ ਸਾਡੀ ਬੇੜੀ ਡਕੋ ਡੋਲੇ ਖਾ ਰਹੀ ਹੈ। ਸਾਡਾ ਕੈਨੇਡਾ ਵਿਚ ਰਹਿਣ ਦਾ ਦੀਵਾ ਵੈਰੀਆਂ ਦੇ ਜਤਨਾਂ ਦੀਆਂ ਜ਼ੋਰਦਾਰ ਹਨੇਰੀਆਂ ਦੇ ਬੁੱਲਿਆਂ ਦੇ ਟਾਕਰੇ ਪੁਰ ਤੇਜ ਕਿਸ ਤਰ੍ਹਾਂ ਹੁਣ ਤਾਂਈਂ ਬਲਦਾ ਰਿਹਾ ਹੈ। ਬੜੀਆਂ ਤੋਂ ਬੜੀਆਂ ਉਦਾਸੀਆਂ ਤੇ ਨਾਉਮੀਦੀਆਂ ਸਾਨੂੰ ਘੇਰ ਰਹੀਆਂ ਹਨ। ਜਿਨ੍ਹਾਂ ਦੀਆਂ ਬਾਹਾਂ ਕਟ ਜਾਣ, ਆਪ ਦਸੋ ਉਹ ਆਦਮੀ ਕਿਸ ਕੰਮ ਦੇ ਰਹਿ ਸਕਦੇ ਹਨ? ਕੀ ਇਸ ਵਕਤ ਜੋ ਭਰਾ ਹਾਂਗਕਾਂਗ ਵਿਚ ਰੋਕੇ ਗਏ ਹਨ, ਆਪ ਦੀਆਂ ਬਾਹਾਂ ਨਹੀਂ ਕਟੀਆਂ ਗਈਆਂ? ਰਾਜਨੀਤੀ ਦੇ ਮਾਹਰ ਦੱਸਦੇ ਹਨ ਕਿ ਅਗਲੇ ਛੇ ਮਹੀਨੇ ਜੇ ਅਸੀਂ ਜਥੇਬੰਦ ਹੋ ਕੇ ਜੁਗਤ ਨਾਲ ਅਕਲ ਨਾਲ ਆਪਣੇ ਪੁਰ ਹੋ ਰਹੇ ਜ਼ੁਲਮ ਦਾ ਰੌਲਾ ਮਚਾਈਏ ਤਾਂ ਸਾਡਾ ਕੁਝ ਬਣ ਸਕਦਾ ਹੈ, ਨਹੀਂ ਤਾਂ ਉਸ ਤੋਂ ਪਿੱਛੋਂ ਪਤਾ ਨਹੀਂ ਸਾਡੇ ਨਾਲ ਕੀ ਕੁਝ ਹੋਵੇ।
ਪਿਆਰੇ ਭਰਾਵੋ! ਤੂਫਾਨ ਆਉਣ ਵਾਲਾ ਹੈ। ਸਾਡੇ ਬੜੇ ਚਾਵਾਂ ਤੇ ਖੁਸ਼ੀਆਂ ਪਰ ਨਾਸ ਕਰਨ ਵਾਲੀ ਬਿਜਲੀ ਡਿੱਗਣ ਵਾਲੀ ਹੈ। ਆਪਣਾ ਆਪ ਸੰਭਾਲਣ ਲਈ ਜੇ ਕੁਝ ਹੋ ਸਕਦਾ ਹੈ ਤਾਂ ਕਰ ਲਉ, ਕਨਸੋਆ ਆ ਰਹੀਆਂ ਹਨ ਕਿ ਇਸ ਵਾਰੀ ਉਟਾਵੇ ਵਿਚ ਸਾਡੇ ਉਲਟ ਬਹੁਤ ਸਖਤ ਕਾਨੂੰਨ ਬਣਨਗੇ। ਸਾਨੂੰ ਜ਼ਮੀਨਾਂ ਦੀ ਮਾਲਕੀ ਤੋਂ ਬੇਦਖਲ ਕਰਨ ਦਾ ਰੌਲਾ ਇਸੇ ਲਈ ਸ਼ੁਰੂ ਹੋਇਆ ਹੈ। ਹਾਂਗਕਾਂਗ ਵਿਚ ਭਰਾਵਾਂ ਦਾ ਰੁਕਣਾ ਆਉਣ ਵਾਲੇ ਖਤਰਿਆਂ ਦਾ ਹੀ ਨਿਸ਼ਾਨ ਹੈ। ਇਸ ਵਕਤ ਜ਼ਰੂਰੀ ਹੈ ਕਿ ਅਸੀਂ ਜਿਥੇ ਤਕ ਸਾਡਾ ਜ਼ੋਰ ਲੱਗ ਸਕਦਾ ਹੈ, ਆਪਣੇ ਉਤੇ ਹੋ ਰਹੇ ਜ਼ੁਲਮ ਦਾ ਰੌਲਾ ਮਚਾਈਏ। ਦੁਨੀਆਂ ਨੂੰ ਇਕ ਵਾਰੀ ਚੰਗੀ ਤਰ੍ਹਾਂ ਜਤਾ ਦੇਈਏ ਕਿ ਸਾਡੇ ਨਾਲ ਜ਼ੁਲਮ ਦੀ ਹੱਦ ਪਹੁੰਚ ਚੁੱਕੀ ਹੈ। ਬੜੇ ਬੜੇ ਸਿਆਣੇ ਸਲਾਹ ਦਿੰਦੇ ਹਨ ਕਿ ਇਸ ਮੌਕੇ ਸਾਡੀ ਹਾਲ ਦੁਹਾਈ ਹੀ ਕੁਝ ਕਰ ਸਕਦੀ ਹੈ। ਜ਼ਰੂਰਤ ਹੈ ਕਿ ਛੇ ਮਹੀਨੇ ਜਿਥੋਂ ਤਕ ਹੋ ਸਕੇ, ਅਸੀਂ ਆਪਣੇ ਦੁੱਖਾਂ ਦੀ ਕੂਕ ਕੈਨੇਡਾ ਵਿਚ ਹਰ ਥਾਂ ਇਕ ਇਕ ਆਦਮੀ ਦੇ ਕੰਨ ਪਾ ਦੇਈਏ। ਇਸ ਵਾਰੀ ਕੈਨੇਡਾ ਦੀ ਪਾਰਲੀਮੈਂਟ ਦੇ ਲੱਗਣ ਤੋਂ ਪਹਿਲਾਂ ਪਹਿਲਾਂ ਕੁਲ ਕੈਨੇਡਾ ਵਿਚ ਬੜੀ ਜ਼ੋਰਦਾਰ ਹਾਲ ਦੁਹਾਈ ਦੀ ਲੋੜ ਹੈ। ਪਾਰਲੀਮੈਂਟ ਲੱਗਣ ਤੋਂ ਪਹਿਲਾਂ ਜਿਸ ਵਿਚ ਕਿ ਪੂਰੀ ਉਮੀਦ ਕੀਤੀ ਜਾਂਦੀ ਹੈ, ਸਾਡਾ ਸਵਾਲ ਜ਼ਰੂਰ ਛਿੜੇਗਾ। ਅਸੀਂ ਕੈਨੇਡਾ ਵਿਚ ਹਿੰਦੁਸਤਾਨੀਆਂ ਦਾ ਸਵਾਲ ਇਕ ਇਕ ਬੰਦੇ ਦੇ ਮੂੰਹ ਪਰ ਹੋਵੇ। ਸਾਡੇ ਦਰਦੀ ਭੀ ਮੌਜੂਦ ਹਨ। ਸਾਡੇ ਰੌਲਾ ਪਾਉਣ ਉਤੇ ਉਹ ਸਾਡੇ ਨਾਲ ਰਲ ਕੇ ਇਸ ਸਵਾਲ ਨੂੰ ਚੁੱਕ ਲੈਣਗੇ। ਹੁਣ ਇਹ ਹੀ ਇਕ ਜੁਗਤ ਹੈ ਜਿਸ ਦੇ ਬਿਨਾਂ ਹਫਤਿਆਂ ਦੇ ਅੰਦਰ ਹੋਣ ਉਤੇ ਹੀ ਸਾਨੂੰ ਕੁਝ ਉਮੀਦ ਹੋ ਸਕਦੀ ਹੈ। ਹਾਂਗਕਾਂਗ ਵਿਚ ਹੋਈ ਰੋਕ ਦਾ ਇਸੇ ਤਰ੍ਹਾਂ ਫੈਸਲਾ ਹੋ ਸਕਦਾ ਹੈ। ਸਿੰਘਣੀਆਂ, ਬੱਚਿਆਂ ਦੇ ਆਉਣ ਦਾ ਸਵਾਲ ਇਸੇ ਗੱਲ ਦੇ ਨਾਲ ਹੈ। ਕੁਲ ਕੈਨੇਡਾ ਵਿਚ ਆਉਣ ਵਾਲੇ ਛੇ ਮਹੀਨੇ ਲਗਾਤਾਰ ਪ੍ਰਚਾਰ ਕਰਨ ਲਈ ਡਾਕਟਰ ਸੁੰਦਰ ਸਿੰਘ ਜੀ ਸਤੰਬਰ ਦੇ ਅਖੀਰ ਤਾਂਈਂ ਛਿੜ ਜਾਣ ਲਈ ਤਿਆਰ ਹਨ। ਇਹ ਤਾਂ ਫੈਸਲਾ ਹੋ ਚੁੱਕਾ ਹੈ ਕਿ ਜੇ ਹੁਣ ਸਾਡੇ ਇਸ ਮਾਮਲੇ ਦਾ ਰੌਲਾ ਨਾ ਪਿਆ ਤਾਂ ਅਸੀਂ ਜ਼ਰੂਰ ਪੀਹੇ ਜਾਵਾਂਗੇ। ਇਸ ਤੋਂ ਬਿਨਾਂ ਅਸੀਂ ਬਚ ਨਹੀਂ ਸਕਦੇ। ਹੁਣ ਹੀ ਵਕਤ ਹੈ ਜੇ ਖੁੰਝ ਗਏ ਤਾਂ ਫੇਰ ਕੁਝ ਭੀ ਨਹੀਂ ਹੋ ਸਕੇਗਾ। ਜੇ ਕੋਈ ਹੱਥ ਭਰਾ ਡਾਕਟਰਾਂ ਹੋਰਾਂ ਦੇ ਨਾਲ ਤਿਆਰ ਹੋਵੇ ਤਾਂ ਧਨਭਾਗ, ਨਹੀਂ ਤਾਂ ਇਕੱਲੇ ਹੀ ਆਪਣੇ ਮੁਲਕ ਤੇ ਭਰਾਵਾਂ ਦੇ ਹੱਕਾਂ ਦੇ ਬਚਾਉਣ ਦਾ ਸੁਨੇਹਾ ਲੈ ਕੇ ਛਿੜ ਜਾਣਗੇ ਤੇ ਪਿੰਡ ਪਿੰਡ ਸ਼ਹਿਰ ਘੁੰਮਣਗੇ। ਇਸ ਦੌਰੇ ਦੇ ਖਰਚ ਤੇ ਕਿਰਾਏ ਦਾ ਬੰਦੋਬਸਤ ਕਰਨਾ ਹਰ ਕੈਨੇਡਾ ਵਾਸੀ ਦਾ ਫਰਜ਼ ਹੈ ਕਿਉਂਕਿ ਇਸ ਕੰਮ ਲਈ ਪੈਰ ਪੈਰ ਪੁਰ ਪੈਸੇ ਦੀ ਲੋੜ ਹੈ। ਇਹ ਅੰਤਲੀ ਕੋਸ਼ਿਸ਼ ਹੈ ਜੋ ਇਸ ਮੌਕੇ ਅਸੀਂ ਗਾਫਲ ਰਹੇ ਤਾਂ ਇਸ ਦਾ ਨਤੀਜਾ ਸਾਨੂੰ ਆਪ ਹੀ ਪਤਾ ਲੱਗ ਜਾਵੇਗਾ। ਜੋ ਕੌਮਾਂ ਵੇਲੇ ਸਿਰ ਹੋਸ਼ ਨਹੀਂ ਸੰਭਾਲਦੀਆਂ, ਉਹ ਮਗਰੋਂ ਹੱਥ ਮਲਦੀਆਂ ਰਹਿ ਜਾਂਦੀਆਂ ਹਨ। ਮਰਦ ਉਹੀ ਹਨ, ਜੋ ਵੇਲੇ ਸਿਰ ਉਠਦੇ ਹਨ।
ਹੁਣ ਇਹ ਵੇਲਾ ਹੈ ਜਿਸ ਨੂੰ ਗੁਆਇਆ ਤੋਂ ਸਾਡਾ ਨਾਸ ਹੈ ਤੇ ਜਿਸ ਨੂੰ ਸੰਭਾਲਿਆ ਤੋਂ ਸਾਡੇ ਬਚਣ ਦੀ ਆਸ ਹੈ। ਹਜ਼ਾਰਾਂ ਪਾਦਰੀ ਚੀਨ ਆਦਿਕ ਪ੍ਰਦੇਸ਼ਾਂ ਵਿਚ ਜਾ ਕੇ ਪ੍ਰਚਾਰ ਕਰਦੇ ਹਨ। ਜਦ ਸਾਡੇ ਉਤੇ ਇਤਨਾ ਜ਼ੁਲਮ ਹੋ ਰਿਹਾ ਹੈ ਤੇ ਹੋਣ ਵਾਲਾ ਹੈ ਤਾਂ ਉਸ ਲਈ ਹੁਣ ਪ੍ਰਚਾਰ ਹੀ ਠਲ੍ਹ ਪਾ ਸਕਦਾ ਹੈ। ਜ਼ਰੂਰੀ ਹੈ ਕਿ ਇਸ ਦੇ ਲਈ ਸਭ ਜਗ੍ਹਾ ਦੇ ਭਰਾ ਰਲ ਕੇ ਕੇ ਇਕ ਨੈਸ਼ਨਲ ਜਾਂ ਕੌਮੀ ਫੰਡ ਕਾਇਮ ਕਰਨ। ਹੁਣ ਦੇ ਪ੍ਰਚਾਰ ਲਈ ਇਕ ਹਜ਼ਾਰ ਡਾਲਰ ਦੀ ਲੋੜ ਹੈ ਤੇ ਉਹ ਵੀਹਾਂ ਦਿਨਾਂ ਦੇ ਅੰਦਰ ਹੋਣਾ ਚਾਹੀਦਾ ਹੈ ਕਿਉਂਕਿ ਫੇਰ ਵਕਤ ਗੁਜ਼ਰਦਾ ਜਾਂਦਾ ਹੈ। ਝਟ ਪਟ ਸੇਵਕ ਤੁਰ ਜਾਣ ਤਾਂ ਇਸ ਵਿਚ ਹੀ ਭਲਾ ਹੈ। ਡਾਕਟਰ ਸੁੰਦਰ ਸਿੰਘ ਹੋਰਾਂ ਦੇ ਇਸ ਦੌਰੇ ਦੇ ਲਈ ਹੇਠ ਲਿਖੇ ਭਰਾਵਾਂ ਨੇ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਆਤਮਾ ਸਿੰਘ ਵੀਹ ਡਾਲਰ, ਮਾਸਟਰ ਹਰਨਾਮ ਸਿੰਘ ਡਲੇਹਾਲ ਦਸ ਡਾਲਰ, ਘਨਈਆ ਸਿੰਘ ਦਸ ਡਾਲਰ, ਉਜਾਗਰ ਸਿੰਘ ਦਸ ਡਾਲਰ। ਵਕਤ ਬਹੁਤ ਥੋੜ੍ਹਾ ਹੈ। ਕੁਲ ਭਰਾ ਹੁਣ ਵੀ ਆਪਣੀ ਖਤਰਨਾਕ ਹਾਲਤ ਨੂੰ ਵਿਚਾਰ ਕੇ ਇਸ ਉਦਮ ਲਈ ਜ਼ੋਰ ਲਾ ਦਿਓ, ਫੇਰ ਦੇਖੋ ਕਿਸ ਤਰ੍ਹਾਂ ਕੈਨੇਡਾ ਵਿਚ ਸਾਡੇ ਪੁਰ ਹੋ ਰਹੇ ਜ਼ੁਲਮ ਦੀ ਦੁਹਾਈ ਪੈਂਦੀ ਹੈ। ਇਹ ਸਾਡੇ ਬਚਾਓ ਦੇ ਅੰਤਲੇ ਯਤਨ ਲਈ ਜੋ ਕੁਝ ਵੀ ਆਪ ਮਦਦ ਕਰ ਸਕਦੇ ਹੋ, ਤਿੰਨਾਂ ਹਫਤਿਆਂ ਦੇ ਅੰਦਰ-ਅੰਦਰ ਭਾਈ ਪਿਆਰਾ ਸਿੰਘ ਦੇ ਨਾਮ ਪੁਰ 630 ਦੇ ਪਤੇ ਪੁਰ ਘਲ ਦਿਓ, ਉਸ ਦਾ ਸਾਰਾ ਹਿਸਾਬ ਤੇ ਜੋੜ ‘ਸੰਸਾਰ’ ਵਿਚ ਛਪਦਾ ਰਹੇਗਾ।