ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੁਝ ਲਿਖਣ ਲਈ ਆਪਣੇ ਮੇਜ਼ ‘ਤੇ ਬੈਠਣ ਤੋਂ ਪਹਿਲਾਂ ਮੈਂ ਕਿਸੇ ਇਕ ਵਿਸ਼ੇ ‘ਤੇ ਧਿਆਨ ਕੇਂਦ੍ਰਿਤ ਕਰਨ ਹਿੱਤ ਬਾਹਰ ਖੁੱਲ੍ਹੀ ਹਵਾ ਵਿਚ ਟਹਿਲਣ ਲੱਗ ਪਿਆ। ਚੜ੍ਹਦੇ ਅੱਸੂ ਜਿਵੇਂ ਨੀਲੇ ਅਸਮਾਨ ਵਿਚ ਬਿਨ ਪਾਣੀਉਂ ਸੁੱਕ-ਮ-ਸੁੱਕ ਬੱਦਲ ਹਵਾ ਦੇ ਵਹਿਣ ਨਾਲ ਇਕ ਪਾਸੇ ਵੱਲ ਉਡਦੇ ਜਾਂਦੇ ਹਨ, ਇਵੇਂ ਮਨ-ਚਿੱਤ ਵਿਚ ਵੱਖ-ਵੱਖ ਵਿਸ਼ਿਆਂ ਦੀਆਂ ਤਿੱਤਰ-ਖੰਭੀਆਂ ਉਡਾਰੀਆਂ ਭਰਨ ਲੱਗੀਆਂ। ਕਦੇ ਕਿਸੇ ਬੱਦਲੀ ਨੂੰ ਹੱਥ ਪਾਉਣ ਦਾ ਯਤਨ ਕਰਦਾ, ਕਦੇ ਕਿਸੇ ਹੋਰ ਨੂੰ, ਪਰ ਉਹ ਪਲਾਂ-ਛਿਣਾਂ ਵਿਚ ਹੀ ਮੇਰੇ ਹੱਥੋਂ ਨਿਕਲ ਜਾਂਦੀਆਂ। ਕਿਸੇ ਇਕ ਸੋਚ ਲੜੀ ਨੂੰ ਪਕੜ ਵਿਚ ਲਿਆਉਂਦਾ ਤਾਂ ਕੋਈ ਹੋਰ, ਦੂਜੀ ਸੋਚ ਪਹਿਲੀ ਉਤੇ ਹਾਵੀ ਹੋ ਕੇ ਆਪ ਧਿਆਨ ਮੱਲ ਲੈਂਦੀ। ਉਸ ਦੀਆਂ ਗੱਠਾਂ ਖੋਲ੍ਹਣ ਦੀ ਕੋਸ਼ਿਸ਼ ਕਰਦਾ ਤਾਂ ਠਾਹ ਦੇਣੀ ਕੋਈ ਹੋਰ ਲਾਠੀ ਆਣ ਵੱਜਦੀ। ਇੰਜ ਕੰਨੀਆਂ ਫੜ-ਫੜ ਛੱਡਦਿਆਂ ਦਿਲ ਦੇ ਖੂੰਜੇ ‘ਚੋਂ ਅਜੀਬ ਜਿਹਾ ਸਵਾਲ ਉਠ ਖੜ੍ਹਿਆ, “ਭਲਾ ਮੈਨੂੰ ਕਿਸ ਨੇ ਕਿਹਾ ਹੈ ਕੁਝ ਨਾ ਕੁਝ ਜ਼ਰੂਰ ਲਿਖ?” ਜਿਥੋਂ ਇਹ ਸਵਾਲ ਉਠਿਆ ਸੀ, ਉਥੋਂ ਹੀ ਕੋਈ ਕਲ-ਪੁਰਜਾ ਹਿੱਲਿਆ ਤਾਂ ਇਸ ਸਵਾਲ ਨੂੰ ਜਾਇਜ਼ ਠਹਿਰਾਉਣ ਲਈ ਪੁਰਾਣੇ ਦ੍ਰਿਸ਼ ਦੇ ‘ਵੀਡੀਓ ਕਲਿੱਪ’ ਮੇਰੀ ਸੁਰਤਿ ਦੀ ਸਕਰੀਨ ਉਤੇ ਚੱਲ ਪਏæææ
ਹਾੜ੍ਹ ਮਹੀਨੇ ਬੰਗਾ ਲਾਗੇ ਪਿੰਡ ਸੋਤਰਾਂ ਦਾ ਇਤਿਹਾਸਕ ਜੋੜ ਮੇਲਾ ਦੇਖਣ ਜਾ ਰਿਹਾ ਸਾਂ। ਠਠਿਆਲਾ ਢਾਹਾਂ ਪਿੰਡ ਦਾ ਬਜ਼ੁਰਗ ਗਿਆਨੀ ਊਧਮ ਸਿੰਘ ਮੇਰੇ ਨਾਲ ਸੀ। ਸਾਰੀ ਉਮਰ ਆਪਣੇ ਪਿੰਡ ਵਿਚ ਹੀ ਬਤੀਤ ਕਰਨ ਵਾਲਾ ਸਿੱਧ-ਪੱਧਰੇ ਸੁਭਾਅ ਦਾ ਬਾਪੂ ਸੀ, ਇਹ ਬਾਬਾ। ਅੱਡੇ ਤੋਂ ਬੱਸੋਂ ਉਤਰ ਕੇ ਅਸੀਂ ਬੰਗਿਆਂ ਦੀ ਸਬਜ਼ੀ ਮੰਡੀ ਥਾਣੀਂ ਸੋਤਰਾਂ ਨੂੰ ਜਾ ਰਹੇ ਸਾਂ। ਮੇਰੇ ਮਗਰ-ਮਗਰ ਤੁਰਿਆ ਉਹ ਜਦ ਕਿਸੇ ਹਲਵਾਈ ਦੀ ਦੁਕਾਨ ਮੋਹਰਿਉਂ ਲੰਘੇ, ਤਾਂ ਇਕ ਦਮ ਖਲੋ ਜਾਵੇ। ਰੰਗ-ਬਰੰਗੀਆਂ ਮਠਿਆਈਆਂ ਨਾਲ ਭਰੇ ਪਏ ਸ਼ੋਅ ਕੇਸਾਂ ਵੱਲ ਡੂੰਘੀ ਨੀਝ ਨਾਲ ਦੇਖਦਿਆਂ ਹੈਰਾਨ ਹੋਇਆ ਕਹਿਣ ਲੱਗ ਪਵੇ, “ਓ ਬੱਲਾ ਬੱਲਾ!æææਓ ਮੱਲਿਆ, ਇਨ੍ਹਾਂ ਨੂੰ ਕੌਣ ਕਹਿ ਗਿਆ ਹੋਊ ਐਨੀ ਮਠਿਆਈ ਬਣਾਉਣ ਲਈ? ਕਿਤਿਉਂ ਕੋਈ ‘ਸਾਈ’ ਆਈ ਹੀ ਹੋਊਗੀ, ਤਾਂ ਹੀ ਹਲਵਾਈ ਨੇ ਉਪਰ ਤੋਂ ਉਪਰ ਥਾਲ ਭਰ ਭਰ ਰੱਖੇ ਹੋਏ ਐ?æææਕਾਕਾ, ਭਲਾ ਕਿਹਨੂੰ ਲੋੜ ਪੈ ਗਈ ਹੋਏਗੀ ਇੰਨੀਆਂ ਮਠਿਆਈਆਂ ਦੀ?” ਇਹੀ ਮੁਹਾਰਨੀ ਉਹ ਸਬਜ਼ੀ ਮੰਡੀ ਵਿਚ ਵੱਖ-ਵੱਖ ਸਬਜ਼ੀਆਂ ਦੇ ਪਏ ਵੱਡੇ-ਵੱਡੇ ਢੇਰਾਂ ਵੱਲ ਦੇਖ ਕੇ ਉਚਾਰਨ ਲੱਗ ਪੈਂਦਾ, “ਓ ਤੇਰੇ ਦੀ! ਓæææਹੋæææਹੋæææਹੋæææਬਈ ਕਾਕਾ, ਐ ਢੇਰ ਤਾਂ ਤਦ ਵੀ ਨਾ ਮੁੱਕਣ ਭਾਵੇਂ ਸਾਰਾ ਮੁਲਖੱਈਆ ਬੰਗੀਂ ਆ ਜਾਵੇ? ਓ ਯਾਰ ਦੱਸ ਤਾਂ ਸਹੀ, ਇਨ੍ਹਾਂ ਨੂੰ ਕੌਣ ਕਹਿ ਕੇ ਗਿਆ ਹੋਊ ਮਣਾਂ ਮੂੰਹੀਂ ਸਬਜ਼ੀਆਂ ਲਿਆਉਣ ਨੂੰ?”
ਮਿੱਠੀ-ਮਿੱਠੀ ਰੁਮਕਦੀ ਹਵਾ ਵਿਚ ਟਹਿਲਦਿਆਂ ਕੋਈ ਵਿਸ਼ਾ ਲੱਭਣ ਦੀ ਬਜਾਏ ਬਾਪੂ ਊਧਮ ਸਿੰਘ ਦੇ ਉਕਤ ਸਵਾਲ ਮੇਰੇ ਅੱਗੇ ਮੂੰਹ ਅੱਡ ਕੇ ਖੜ੍ਹ ਗਏ। ਆਪਣੀ ਨੀਂਦ, ਆਪਣਾ ਸੁੱਖ-ਅਰਾਮ ਛੱਡ ਕੇ ਮੈਂ ਜੂ ਮਗਜ਼-ਪੱਚੀ ਕਰਨ ਲੱਗਿਆਂ, ਮੈਨੂੰ ਕਿਸ ਨੇ ਕਿਹਾ ਐ ਕਾਗਜ਼ ਕਾਲੇ ਕਰਨ ਵਾਸਤੇ? ਲੁਹਾਰ ਦੀ ਅਹਿਰਨ ‘ਤੇ ਵੱਜਦੇ ਵਦਾਣ ਦੀ ਸੱਟ ਵਾਂਗ ਵੱਜੇ ਇਸ ਸਵਾਲ ਨੇ ਇਕ ਦਮ ਬਣੀ ਬਣਾਈ ਢੇਰੀ ਢਾਹ ‘ਤੀ!
ਡਿਗਦੇ ਮਨ ਨੂੰ ਠੁੰਮ੍ਹਣਾ ਦੇਣ ਲਈ ਕਿਸੇ ਹੋਰ ਖੂੰਜਿਉਂ ਆਵਾਜ਼ ਉਠੀ, “ਚਲੋ ਲੱਖਾਂ ਨਾ ਸਹੀ, ਪਰ ਸੈਂਕੜੇ ਹਜ਼ਾਰਾਂ ਪਾਠਕਾਂ ਤਾਂ ਹੋਣਗੇ ਹੀ ਜੋ ਮੇਰੀਆਂ ਝਰੀਟੀਆਂ ਚਾਰ ਸਤਰਾਂ ਉਡੀਕਦੇ ਰਹਿੰਦੇ ਨੇ। ਉਨ੍ਹਾਂ ਪਿਆਰਿਆਂ ਸਤਿਕਾਰਿਆਂ ਦਾ ਖਾਮੋਸ਼ ਆਦੇਸ਼ ਤਾਂ ਮੈਨੂੰ ਪ੍ਰੇਰਨਾ ਬਖ਼ਸ਼ਦਾ ਹੀ ਹੈ। ਉਹ ਤਾਂ ਮੇਰੀਆਂ ਲਿਖਤਾਂ ਦੇ ਗਾਹਕ ਹੈਗੇ ਈ ਨੇ। ਇਸ ਕਰ ਕੇ ਮਨ ਜੀ ਮਹਾਰਾਜ, ਐਉਂ ਪਾਣੀ ‘ਚ ਨਾ ਬੈਠੋ। ਸੋਚੋ, ਸੋਚੋ ਕਿਸੇ ਨਾ ਕਿਸੇ ਵਿਸ਼ੇ ਬਾਰੇ ਜ਼ਰੂਰ ਸੋਚੋ!”
ਹੌਂਸਲਾ ਮਿਲਦਿਆਂ ਹੀ ਜਿਵੇਂ ਹਨ੍ਹੇਰੀ ਰਾਤ ਵਿਚ ਜੁਗਨੂੰ ਟਿਮ-ਟਿਮਾਉਂਦੇ ਨਜ਼ਰ ਆਉਂਦੇ ਨੇ, ਤਿਵੇਂ ਕਈ ਖ਼ਬਰਾਂ-ਘਟਨਾਵਾਂ ਮੱਥੇ ਵਿਚ ਲੁਕਣਮੀਚੀ ਖੇਡਣ ਲੱਗ ਪਈਆਂ। ਦਿੱਲੀ ਦੀਆਂ ਗੁਰਦੁਆਰਾ ਚੋਣਾਂ ਵਿਚ ਬਾਦਲ ਦਲੀਆਂ ਨੇ ਸਰਨਾ ਭਰਾਵਾਂ ਨੂੰ ਕਾਂਗਰਸ ਦੇ ਪਿੱਠੂ ਅਤੇ ਉਨ੍ਹਾਂ ਦੇ ਦਲ ਨੂੰ ਮੂੰਹ ਪਾੜ-ਪਾੜ ਕੇ ਕਾਂਗਰਸ ਦੀ ‘ਬੀ-ਟੀਮ’ ਗਰਦਾਨਿਆਂ। ਕਾਂਗਰਸ ਨੂੰ ਗੁਰਦੁਆਰਿਆਂ ਵਿਚੋਂ ਬਾਹਰ ਕੱਢਣ ਦੇ ਨਾਹਰੇ ਮਾਰ-ਮਾਰ ਸਿੰਗੀਂ ਮਿੱਟੀ ਚੁੱਕੀ ਰੱਖੀ। ਦਿੱਲੀ ਦੇ 60 ਫੀਸਦੀ ਸਿੱਖ ਵੋਟਰਾਂ ਵੱਲੋਂ ਪੋਲਿੰਗ ਵਿਚ ਹਿੱਸਾ ਨਾ ਲੈਣ ਕਾਰਨ ਬਾਦਲ ਦਲੀਆਂ ਨੇ ‘ਹੂੰਝਾ ਫੇਰੂ ਜਿੱਤ’ ਪ੍ਰਾਪਤ ਕਰ ਕੇ ਜੋ ਵਰਕਿੰਗ ਕਮੇਟੀ ਬਣਾਈ, ਉਸ ਵਿਚ ਸਿੱਕੇਬੰਦ ਕਾਂਗਰਸੀ ਐਮæਐਲ਼ਏæ ਨੂੰ ਖੁਦ ਮੈਂਬਰ ਬਣਾ ਦਿੱਤਾ। ਦਿਲ ਕੀਤਾ ਕਿ ਇਸ ਦੋਗਲੇਪਣ ਦੇ ਗਿਣ-ਗਿਣ ਕੇ ਬਖੀਏ ਉਧੇੜਾਂ।
ਦਿਲ ਉਤੇ ਫਿਰ ਦਲਿੱਦਰੀ ਦਲੀਲ ਭਾਰੂ ਹੋ ਗਈ-ਦਿੱਲੀ ਵਾਲੀਆਂ ਚੋਣਾਂ ਦੀ ਗੱਲ ਤਾਂ ਹੁਣ ਪੁਰਾਣੀ ਹੋ ਗਈ ਹੈ; ਜੇ ਕੁਝ ਲਿਖਣਾ ਈ ਐ ਤਾਂ ਚਲੰਤ ਮਾਮਲਿਆਂ ਦੇ ਢੇਰ ਵਿਚੋਂ ਕੋਈ ਪੂਣੀ ਕੱਤਣੀ ਚਾਹੀਦੀ ਹੈ। ਇਹ ਵਿਚਾਰ ਉਠਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਖੁੱਸਣ ਦਾ ਨੁਕਤਾ ਸਾਹਮਣੇ ਆ ਗਿਆ। ਮਹਾਰਾਜਾ ਪਟਿਆਲਾ ਦਾ ਨਾਂ ਚੇਤੇ ਆਉਂਦਿਆਂ ਹੀ ਹੁਫਰੇ ਉਠਣ ਲੱਗੇ। ਇਸ ਵਿਸ਼ੇ ‘ਤੇ ਖੁੱਲ੍ਹ ਕੇ ਲਿਖਾਂ ਕਿ ਕਿਵੇਂ ਕਾਂਗਰਸੀਆਂ ਨੇ ਹੀ ਕੈਪਟਨ ਦੀਆਂ ਬੇੜੀਆਂ ‘ਚ ਵੱਟੇ ਪਾਏ; ਪੰਜਾਬ ਦੇ ਪਾਣੀਆਂ ਦੀ ਹਿੱਕ ਥਾਪੜ ਕੇ ਗੱਲ ਕਰਨੀ ਉਸ ਨੂੰ ਕਿੰਨੀ ਮਹਿੰਗੀ ਪੈ ਗਈ; ਇਸ ਦਾ ਵਿਸਥਾਰ ਲਿਖਾਂ, ਪਰæææਪਰ ਅੰਦਰੋਂ ਦਲਿੱਦਰ ਸਿੰਹੁ ਫਿਰ ਬੋਲ ਪਿਆ-ਰਹਿਣ ਦੇ ਕਲਮਕਾਰਾ! ਰਹਿਣ ਦੇਹ, ਜਿਨ੍ਹਾਂ ਮਚਲਿਆਂ ਜਾਂ ਗਫ਼ਲਤ ਦੀ ਨੀਂਦੇ ਸੁੱਤੇ ਪੰਜਾਬੀਆਂ ਨੂੰ ਜਗਾਉਣ ਲਈ ਮਨਪ੍ਰੀਤ ਸਿੰਘ ਬਾਦਲ ਨੇ ਵਿਤੋਂ ਵੱਧ ਤਾਣ ਲਾ ਕੇ ਦੇਖ ਲਿਆ; ਮਹਾਨ ਵਿਰਸੇ ਦੇ ਮਾਲਕ ਜਿਨ੍ਹਾਂ ਪੰਜਾਬ ਵਾਸੀਆਂ ਨੂੰ ਹੁਣ ‘ਸਾਬਕਾ ਅਣਖੀਲੇ’ ਕਿਹਾ ਜਾ ਸਕਦਾ ਹੈ, ਉਨ੍ਹਾਂ ‘ਸ਼ੇਰ-ਮਰਦਾਂ’ ਉਪਰ ਤਾਂ ਹੁਣ ਦਾਰਸ਼ਨਿਕ ਖਲੀਲ ਜਿਬਰਾਨ ਦਾ ਕਥਨ ਬਿਲਕੁਲ ਸਹੀ ਢੁਕਦਾ ਹੈ, ‘ਉਸ ਬਲਦ ਨੂੰ ਕੀ ਕਹੀਏ ਜੋ ਆਪਣੀ ਪੰਜਾਲੀ ਨਾਲ ਇੰਨਾ ਪਿਆਰ ਕਰਦਾ ਹੈ ਕਿ ਜੰਗਲ ਦੇ ਆਜ਼ਾਦ ਜਾਨਵਰਾਂ ਹਿਰਨ ਤੇ ਬਾਰਾਂ ਸਿੰਗੇ ਨੂੰ ਅਵਾਰਾ ਪਸ਼ੂ ਸਮਝਦਾ ਹੈ।’
ਉਚੀ ਆਵਾਜ਼ ਵਿਚ ਇਹ ਕਥਨ ਬੋਲ ਕੇ ਦਲਿੱਦਰ ਸਿੰਹੁ ਨੇ ‘ਬਰੇਕਾਂ’ ਲਾ ਦਿੱਤੀਆਂ, “ਲੇਖਾਂ-ਲੂਖਾਂ ਨਾਲ ਨਹੀਂ ਪੰਜਾਬ ਨੇ ਕੁੰਭਕਰਨੀ ਨੀਂਦ ‘ਚੋਂ ਜਾਗਣਾ; ਬੇਸ਼ੱਕ ਇਸ ਧਰਤੀ ਦੇ ਮਹਾਨ ਰਹਿਬਰ ਬਾਬਾ ਨਾਨਕ ਨੇ ਧਨ ਲਿਖਾਰੀ ਨਾਨਕਾæææਫਰਮਾਉਂਦਿਆਂ ਕਲਮਾਂ ਦੀ ਵਡਿਆਈ ਕੀਤੀ ਹੋਈ ਏ ਪਰ ਅੱਜ ਦਾ ਪੰਜਾਬ ਕਲਮਾਂ ਕੁਲਮਾਂ ਵਾਲਿਆਂ ਦੀਆਂ ਨਸੀਹਤਾਂ ਨੂੰ ਟਕੇ ਸੇਰ ਨਹੀਂ ਜਾਣਦਾ। ਡਾਢਿਆਂ ਨੇ ਉਸ ਨੂੰ ਹੋਰ ਹੀ ਚਾਟੇ ਲਾ ਛੱਡਿਆ ਐ।”
ਇਹ ਖਰੀਆਂ-ਖਰੀਆਂ ਸੁਣ ਕੇ ਮੇਰੇ ਉਤਸ਼ਾਹ ਨੇ ਫਿਰ ਕੱਛੂ ਵਾਂਗ ਗਰਦਨ ਅੰਦਰ ਲੁਕਾਉਂਦਿਆਂ ਚੁੱਪ ਵੱਟ ਲਈ। ਚੁੱਪ ਹੋਇਆ ਈ ਸਾਂ ਕਿ ਪਤਾ ਨਹੀਂ ਕਿੱਧਰੋਂ ਸੁਰਜੀਤ ਪਾਤਰ ਦੀਆਂ ਸਤਰਾਂ ਨੇ ਆਣ ਖੌਰੂ ਪਾਇਆ, ‘ਚੁੱਪ ਰਿਹਾ ਤਾਂ ਸ਼ਮ੍ਹਾਂਦਾਨ ਕੀ ਕਹਿਣਗੇ।’ ਪੱਕਾ ਮਨ ਬਣਾ ਲਿਆ ਕਿ ਸੌੜੀਆਂ ਸਿਆਸਤਾਂ ਨੂੰ ਦਫ਼ਾ ਕਰੋ। ਗੱਲ ਕਰਾਂ ਆਪਣੇ ਸਮਾਜ ਨੂੰ ਕਾਮੁਕ ਪੁੱਠ ਚਾੜ੍ਹਨ ਲੱਗੇ ਹੋਏ ਲੱਚਰ ਗਾਇਕ ਕਲਾਕਾਰਾਂ ਦੀ। ਹੁਣੇ-ਹੁਣੇ ਫਰੀਦਕੋਟ ਵਿਖੇ ਇਕ ਕਾਲਜ ਵਿਚ ਮਿਸ ਪੂਜਾ ਐਂਡ ਪਾਰਟੀ ਨਾਲ ਹੋਈ ਕੁੱਤੇ-ਖਾਣੀ ਵਾਲੀ ਖਬਰ ਨੂੰ ਆਧਾਰ ਬਣਾ ਕੇ ਲੇਖ ਤਿਆਰ ਕਰਨ ਦੀ ਠਾਣ ਲਈ। ਸੋਚਿਆ, ਇਸ ਵਿਚ ਇਤਿਹਾਸਕ ਹਵਾਲਾ ਦੇ ਕੇ ਪੰਜਾਬੀਆਂ ਨੂੰ ਦਿਲੀ ਅਪੀਲ ਕਰਾਂਗਾ ਕਿ ਭਰਾਵੋ, ਜਿਵੇਂ ਇਕ ਮਾਈ ਭਾਗੋ ਨੇ ਮਰਦਾਂ ਨੂੰ ਵੰਗਾਰ ਕੇ ਉਨ੍ਹਾਂ ਦੀ ਸੁੱਤੀ ਅਣਖ ਜਗਾਈ ਸੀ, ਅੱਜ ਉਵੇਂ ਹੀ ਪੰਜਾਬਣਾਂ ਬੀਬੀਆਂ ਦੀ ਇਸਤਰੀਆਂ ਸਭਾ ਨੇ ਜੋ ਫੁਕਰਪੰਥੀ ਕਲਾਕਾਰਾਂ ਦਾ ਪਿੱਟ-ਸਿਆਪਾ ਕਰਨਾ ਅਰੰਭਿਆ ਹੈ, ਆਪਾਂ ਸਾਰੇ ਉਸ ਵਿਚ ਤਨੋਂ, ਮਨੋਂ ਤੇ ਧਨੋਂ ਸ਼ਾਮਲ ਹੋਈਏ।
ਕਬੱਡੀ ਖਿਡਾਰੀਆਂ ਵਾਂਗ ਦਲਿੱਦਰ ਨੇ ਖੜ੍ਹੇ ਪੈਰ ਮੇਰੇ ਫਿਰ ਕੈਂਚੀ ਮਾਰ ਕੇ ਮੈਨੂੰ ਸੁੱਟ ਲਿਆ, ‘ਕੀ ਹੋਇਆ ਜੇ ਕਿਸੇ ਇਕ-ਅੱਧ ਸਟੇਜ ਉਤੇ ਇਨ੍ਹਾਂ ਢੀਠਾਂ ਬੇ-ਅਣਖਿਆਂ ਨਾਲ ਜੂਤ-ਪਤਾਣ ਹੋ ਗਿਆ? ਇਨ੍ਹਾਂ ਨੂੰ ਸਨਮਾਨ ਚਿੰਨ੍ਹਾਂ ਨਾਲ ਨਿਵਾਜਦਿਆਂ ਲੱਖਾਂ ਰੁਪਏ ਲੁਟਾਉਣ ਵਾਲੇ ਕਿਤੇ ਮੁੱਕ ਗਏ ਨੇ? ਤੇਰੇ ਅਖ਼ਬਾਰੀ ਲੇਖਾਂ ਨਾਲ ਇਨ੍ਹਾਂ ਦੇ ਗੰਦੇ ਮੂੰਹਾਂ ਦੀ ਬਕਵਾਸ ਬੰਦ ਨਹੀਂ ਹੋਣ ਲੱਗੀæææ।’
ਇਹ ਦਿਲ ਢਾਹੂ ਦਲੀਲਾਂ ਸੁਣ ਕੇ ਮੈਨੂੰ ਖਲੀਲ ਜਿਬਰਾਨ ਦਾ ਇਕ ਹੋਰ ਕਥਨ ਯਾਦ ਆਇਆ, ‘ਅਣਮੰਨੇ ਜਿਹੇ ਮਨ ਨਾਲ ਕੰਮ ਸ਼ੁਰੂ ਕਰਨ ਨਾਲੋਂ ਬਿਹਤਰ ਹੈ ਕਿ ਤੁਸੀਂ ਕੰਮ ਨੂੰ ਤਿਲਾਂਜਲੀ ਦੇ ਕੇ ਕਿਸੇ ਮੰਦਰ ਦੇ ਦਰਵਾਜ਼ੇ ਅੱਗੇ ਜਾ ਬੈਠੋ ਅਤੇ ਖੁਸ਼ੀ-ਖੁਸ਼ੀ ਕੰਮ ਕਰਨ ਵਾਲਿਆਂ ਕੋਲੋਂ ਭੀਖ ਮੰਗੋ।’ ਇਨ੍ਹਾਂ ਸਤਰਾਂ ਨੇ ਮੇਰੇ ਜੋਸ਼ ਨੂੰ ਹਲੂਣਾ ਦਿੱਤਾ ਅਤੇ ਮੈਂ ਟੇਬਲ ‘ਤੇ ਬਹਿ ਕੇ ਦਲਿੱਦਰੀ ਦਲੀਲਾਂ ਨਾਲ ਦੋ-ਦੋ ਹੱਥ ਕਰਦਿਆਂ ਕਾਲਮ ਪੂਰਾ ਕਰ ਹੀ ਲਿਆ।
Leave a Reply