ਸੋਸ਼ਲ ਮੀਡੀਆ ‘ਤੇ ਮੋਦੀ ਦੇ 56 ਇੰਚ ਸੀਨੇ ਦਾ ਉਡਿਆ ਮਜ਼ਾਕ

ਨਵੀਂ ਦਿੱਲੀ: ਸੋਸ਼ਲ ਮੀਡੀਆ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 56 ਇੰਚ ਸੀਨੇ ਦਾ ਮਜ਼ਾਕ ਉਡ ਰਿਹਾ ਹੈ। ਮੋਦੀ ਨੇ ਚੋਣਾਂ ਵੇਲੇ 56 ਇੰਚ ਦੇ ਸੀਨੇ ਦਾ ਹਵਾਲਾ ਦੇ ਕੇ ਦੇਸ਼ ਵਿਰੋਧੀ ਸ਼ਕਤੀਆਂ ਨੂੰ ਚਿਤਾਵਨੀ ਦਿੱਤੀ ਹੈ। ਤਾਜ਼ਾ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਮੋਦੀ ਸਰਕਾਰ ਵੇਲੇ ਭਾਰਤ-ਪਾਕਿ ਸਰਹੱਦ ਉਪਰ ਸਭ ਤੋਂ ਵੱਧ ਜਵਾਨਾਂ ਦੀਆਂ ਜਾਨਾਂ ਗਈਆਂ ਹਨ।

ਰਿਪੋਰਟ ਮੁਤਾਬਕ ਇਸ ਸਾਲ ਛੇ ਮਹੀਨਿਆਂ ਦੌਰਾਨ ਹੀ ਜੰਮੂ ਕਸ਼ਮੀਰ ਵਿਚ ਕੌਮਾਂਤਰੀ ਸਰਹੱਦ ਉਤੇ ਹੋਈਆਂ ਗੋਲੀਬਾਰੀ ਦੀਆਂ ਵਾਰਦਾਤਾਂ ਵਿਚ ਬੀ. ਐਸ਼ਐਫ਼ ਦੇ 11 ਜਵਾਨ ਮਾਰੇ ਜਾ ਚੁੱਕੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਇਕ ਸਾਲ ਵਿਚ ਸਰਹੱਦੀ ਬਲ ਦਾ ਇਹ ਸਭ ਤੋਂ ਵੱਧ ਨੁਕਸਾਨ ਹੈ। ਇਸੇ ਹਫਤੇ ਜੰਮੂ ਦੇ ਰਾਮਗੜ੍ਹ ਸੈਕਟਰ ਵਿਚ ਹੋਈ ਸਰਹੱਦੀ ਗੋਲੀਬਾਰੀ ਵਿਚ ਬੀ. ਐਸ਼ਐਫ਼ ਦੇ ਸਹਾਇਕ ਕਮਾਂਡੈਂਟ ਸਣੇ ਚਾਰ ਜਵਾਨ ਮਾਰੇ ਗਏ।
ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਹੁਣ ਤੱਕ ਬਿਨਾਂ ਕਿਸੇ ਭੜਕਾਹਟ ਤੋਂ ਸਰਹੱਦ ਉਤੇ ਗੋਬੀਬਾਰੀ ਦੀਆਂ 320 ਵਾਰਦਾਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿਚ ਬੀ. ਐਸ਼ਐਫ਼ ਦੇ 11 ਜਵਾਨ ਮਾਰੇ ਜਾ ਚੁੱਕੇ ਹਨ ਤੇ 37 ਜ਼ਖ਼ਮੀ ਹੋਏ ਹਨ। ਪਿਛਲੇ ਸਾਲ ਇਸ ਮੁਹਾਜ਼ ‘ਤੇ ਗੋਲੀਬਾਰੀ ਦੀਆਂ ਕੁੱਲ 111 ਵਾਰਦਾਤਾਂ ਹੋਈਆਂ ਸਨ ਜਦਕਿ 2016 ਦੌਰਾਨ 204, 2015 ਦੌਰਾਨ 350 ਤੇ 2014 ਦੌਰਾਨ 127 ਵਾਰਦਾਤਾਂ ਹੋਈਆਂ ਸਨ। ਪਿਛਲੇ ਸਾਲ ਨਿਸ਼ਾਨਾ ਲਾ ਕੇ ਕੀਤੇ ਹਮਲੇ ਤੇ ਗੋਲਾਬਾਰੀ ਵਿੱਚ ਦੋ ਬੀ. ਐਸ਼ਐਫ਼ ਜਵਾਨ ਮਾਰੇ ਗਏ ਸਨ ਤੇ ਸੱਤ ਜਖ਼ਮੀ ਹੋਏ ਸਨ। 2015 ਵਿਚ ਇਕ ਬੀ. ਐਸ਼ਐਫ਼ ਜਵਾਨ ਦੀ ਮੌਤ ਤੇ ਪੰਜ ਜ਼ਖ਼ਮੀ ਹੋਏ ਸਨ ਜਦਕਿ 2014 ਦੌਰਾਨ ਦੋ ਜਵਾਨ ਮਾਰੇ ਗਏ ਤੇ 14 ਜ਼ਖ਼ਮੀ ਹੋਏ ਸਨ। ਰਮਜ਼ਾਨ ਦੇ 30 ਰੋਜ਼ ਦੌਰਾਨ 60 ਦੇ ਲਗਭਗ ਅਤਿਵਾਦੀ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ‘ਚ 24 ਅਤਿਵਾਦੀ, 6 ਨਾਗਰਿਕ ਅਤੇ 9 ਸੁਰੱਖਿਆ ਕਰਮੀ ਮਾਰੇ ਗਏ। ਇਸ ਦੌਰਾਨ ਕਈ ਦਰਜਨ ਲੋਕ ਜ਼ਖ਼ਮੀ ਵੀ ਹੋਏ। ਰਿਪੋਰਟਾਂ ਅਨੁਸਾਰ ਰਮਜ਼ਾਨ ਦੇ ਮਹੀਨੇ ‘ਚ ਅਤਿਵਾਦੀਆਂ ਨੇ ਸਥਾਨਕ ਨੌਜਵਾਨਾਂ ਨੂੰ ਆਪਣੇ ਵੱਲ ਪ੍ਰੇਰਿਤ ਕਰਕੇ ਡੇਢ ਦਰਜਨ ਕਰੀਬ ਨੌਜਵਾਨਾਂ ਨੂੰ ਆਪਣੇ ਨਾਲ ਮਿਲਾ ਲਿਆ।
_______________
ਕਸ਼ਮੀਰ ਹਿੰਸਾ ਲਈ ਮੋਦੀ ਸਰਕਾਰ ਜ਼ਿੰਮੇਵਾਰ: ਸ਼ਿਵ ਸੈਨਾ
ਮੁੰਬਈ: ਸ਼ਿਵ ਸੈਨਾ ਨੇ ਜੰਮੂ ਕਸ਼ਮੀਰ ਵਿਚ ਹਿੰਸਾ ਦਾ ਚੱਕਰ ਤੇਜ਼ ਹੋਣ ਲਈ ਕੇਂਦਰ ਸਰਕਾਰ ਨੂੰ ਕਸੂਰਵਾਰ ਠਹਿਰਾਇਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ੀ ਦੌਰੇ ਨਾਕਾਮ ਸਿੱਧ ਹੋਏ ਹਨ। ਜੰਮੂ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾਂ ਬਾਰੇ ਸੰਯੁਕਤ ਰਾਸ਼ਟਰ ਵੱਲੋਂ ਹਾਲ ਹੀ ਵਿਚ ਜਾਰੀ ਕੀਤੀ ਰਿਪੋਰਟ ਦਾ ਜ਼ਿਕਰ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਇਸ ਰਿਪੋਰਟ ਤੋਂ ਸਾਬਤ ਹੁੰਦਾ ਹੈ ਕਿ ਮੋਦੀ ਦੇ ਵਿਦੇਸ਼ ਦੌਰਿਆਂ ਦਾ ਭਾਰਤ ਨੂੰ ਕੋਈ ਲਾਭ ਨਹੀਂ ਹੋਇਆ ਸਗੋਂ ਦੇਸ ਦਾ ਅਕਸ ਖਰਾਬ ਹੋਇਆ ਹੈ।
______________________
ਸੀ. ਆਈ. ਏ. ਵੱਲੋਂ ਦਹਿਸ਼ਤੀ ਸੰਗਠਨ ਐਲਾਨਣ ਪਿੱਛੋਂ ਭੜਕੀ ਵਿਸ਼ਵ ਹਿੰਦੂ ਪ੍ਰੀਸ਼ਦ
ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ. ) ਨੇ ਭਾਰਤ ਵਿਚ ਹਿੰਦੂ ਸੰਗਠਨ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ‘ਦਹਿਸ਼ਤਗਰਦੀ ਧਾਰਮਿਕ ਸੰਗਠਨ’ ਕਰਾਰ ਦਿੱਤਾ ਹੈ। ਕੇਂਦਰੀ ਖੁਫੀਆ ਏਜੰਸੀ ਨੇ ‘ਵਰਲਡ ਫੈਕਟਬੁੱਕ’ ਰਿਪੋਰਟ ‘ਚ ਉਕਤ ਹਿੰਦੂ ਸੰਗਠਨਾਂ ਸਣੇ ਭਾਰਤ ‘ਚ ਸੱਤਾਧਾਰੀ ਬੀ. ਜੇ. ਪੀ. ਦੀ ਸਰਪ੍ਰਸਤ ਆਰ. ਐਸ਼ਐਸ਼ ਦਾ ਵੀ ਜ਼ਿਕਰ ਕੀਤਾ ਹੈ। ਸੀਆਈ. ਏ. ਦੀ ਇਸ ਰਿਪੋਰਟ ‘ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਸਖਤ ਇਤਰਾਜ਼ ਜਤਾਇਆ ਹੈ ਤੇ ਕੇਂਦਰ ਦੇ ਦਖਲ ਦੀ ਮੰਗ ਕੀਤੀ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ (ਵੀ. ਐਚ. ਪੀ. ) ਨੇ ਇਸ ਖਿਲਾਫ਼ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ। ਵੀ. ਐਚ. ਪੀ. ਨੇ ਸੀ. ਆਈ. ਏ. ਨੂੰ ਭਾਰਤ ਵਿਰੋਧੀ ਕਰਾਰ ਦਿੰਦਿਆਂ ਉਸ ਨੂੰ ਮੁਆਫੀ ਮੰਗਣ ਲਈ ਕਿਹਾ ਹੈ। ਸੰਗਠਨ ਦੇ ਜੁਆਇੰਟ ਸੈਕਟਰੀ ਸੁਰੇਂਦਰਾ ਜੈਨ ਨੇ ਇਸ ਨੂੰ ਤੁਰਤ ਹਟਾਏ ਜਾਣ ਦੀ ਮੰਗ ਕੀਤੀ ਹੈ। ਇਥੋਂ ਤੱਕ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਇਸ ਨੂੰ ਭਾਰਤ ਵਿਰੋਧੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੀ. ਆਈ. ਏ. ਅਜਿਹੀ ਏਜੰਸੀ ਜੋ ਕਿ ਉਸਾਮਾ ਬਿਨ ਲਾਦਿਨ ਤੇ ਜਿਹਾਦੀ ਕੱਟੜਪੰਥ ਪੈਦਾ ਕਰਨ ਲਈ ਜ਼ਿੰਮੇਵਾਰ ਹੈ, ਉਹ ਕਿਸੇ ਰਾਸ਼ਟਰੀ ਸੰਗਠਨ ‘ਤੇ ਅਜਿਹੇ ਇਲਜ਼ਾਮ ਕਿਵੇਂ ਲਾ ਸਕਦੀ ਹੈ। ਖਾਸ ਗੱਲ ਇਹ ਹੈ ਕਿ ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਭਾਰਤ ਵਿਚ ਭੀੜ ਵੱਲੋਂ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰ ਮੁਕਾਉਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।