ਬਰਗਾੜੀ ਕਾਂਡ: ਪੁਲਿਸ ਦੀ ‘ਫੁਰਤੀ’ ਉਤੇ ਉਠੇ ਸਵਾਲ

ਚੰਡੀਗੜ੍ਹ: ਬਰਗਾੜੀ ਕਾਂਡ ਦੀ ਜਾਂਚ ਦੇ ‘ਸੱਚ’ ਦਾ ਹੁਣ ਸੀ. ਬੀ. ਆਈ. ਪਤਾ ਲਾਏਗੀ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਅੰਤਿਮ ਜਾਂਚ ‘ਚ ਬਰਗਾੜੀ ਕਾਂਡ ਲਈ ਡੇਰਾ ਸਿਰਸਾ ਦੀ ਨੌਂ ਮੈਂਬਰੀ ਟੀਮ ਨੂੰ ਮੁਲਜ਼ਮ ਕਰਾਰ ਦੇ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੀ ਅਗਵਾਈ ਹੇਠ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਦੇ ਗੁਰੂ ਘਰ ‘ਚੋਂ ਪਹਿਲੀ ਜੂਨ 2015 ਨੂੰ ਚੋਰੀ ਹੋਏ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੱਭਣ ਲਈ ਆਖਰੀ ਹੰਭਲਾ ਮਾਰਿਆ।

ਕੋਟਕਪੂਰਾ ਦੀ ਦੇਵੀਵਾਲਾ ਰੋਡ ਸਥਿਤ ਡਰੇਨ ‘ਚ ਸੁੱਟੇ ਸਰੂਪ ਲੱਭਣ ਲਈ ਤੜਕਸਾਰ ‘ਤਲਾਸ਼ੀ ਅਭਿਆਨ’ ਚਲਾਇਆ ਗਿਆ ਜਿਸ ‘ਚ ਕੁੱਝ ਵੀ ਹੱਥ-ਪੱਲੇ ਨਹੀਂ ਪਿਆ। ਆਮ ਲੋਕਾਂ ਨੇ ਸਵਾਲ ਉਠਾਏ ਕਿ ਤਿੰਨ ਸਾਲ ਪਹਿਲਾਂ ਡਰੇਨ ਵਿਚ ਸੁੱਟੇ ਸਰੂਪ ਹੁਣ ਲੱਭਣੇ ਕਿਵੇਂ ਸੰਭਵ ਹਨ। ਕੁਝ ਨੇ ਆਖਿਆ ਕਿ ਪੁਲਿਸ ਨੇ ਆਪਣੀ ਸੁਹਿਰਦਤਾ ਦਾ ਸ਼ੀਸ਼ਾ ਦਿਖਾਉਣ ਲਈ ‘ਸਰਚ ਅਭਿਆਨ’ ਚਲਾਇਆ। ਸਿੱਟ ਦੀ ਫੁਰਤੀ ਤੋਂ ਲੋਕ ਹੈਰਾਨ ਹਨ ਕਿ ਕਿਵੇਂ ਤਿੰਨ ਸਾਲਾਂ ਤੋਂ ਉਲਝੇ ਮਾਮਲੇ ਨੂੰ ਉਨ੍ਹਾਂ ਰਾਤੋਂ ਰਾਤ ਸੁਲਝਾ ਲਿਆ ਹੈ। ਬਰਗਾੜੀ ਕਾਂਡ ਦੀ ਜਾਂਚ ‘ਚ ਸੀ. ਬੀ. ਆਈ. ਦੇ ਹੱਥ ਹਾਲੇ ਤੱਕ ਖਾਲੀ ਸਨ ਪਰ ਹੁਣ ਪੰਜਾਬ ਪੁਲਿਸ ਦੀ ਜਾਂਚ ਨੂੰ ਛਾਣਨ ਦਾ ਉਸ ਨੂੰ ਮੌਕਾ ਮਿਲ ਜਾਣਾ ਹੈ।
ਸੀ. ਬੀ. ਆਈ. ਨੇ ਕੁਝ ਦਿਨ ਪਹਿਲਾਂ ਹੀ ਬਰਗਾੜੀ ਇਲਾਕੇ ਵਿਚ ਕਾਂਡ ਦੀ ਸੂਹ ਦੇਣ ਵਾਲੇ ਨੂੰ ਇਨਾਮ ਦਿੱਤੇ ਜਾਣ ਦੇ ਪੋਸਟਰ ਲਗਾਏ ਸਨ। ਸਿੱਟ ਨੇ ਹੁਣ ਤੱਕ ਬਰਗਾੜੀ ਕਾਂਡ ਵਿਚ ਮਹਿੰਦਰਪਾਲ ਬਿੱਟੂ ਸਮੇਤ 9 ਜਣੇ ਗ੍ਰਿਫਤਾਰ ਕੀਤੇ ਹਨ ਜੋ ਹੁਣ ਪੁਲਿਸ ਰਿਮਾਂਡ ਉਤੇ ਹਨ। ਸੂਤਰਾਂ ਅਨੁਸਾਰ ਬਿੱਟੂ ਸਰੂਪਾਂ ਬਾਰੇ ਸਿੱਟ ਨੂੰ ਗੁਮਰਾਹ ਵੀ ਕਰਦਾ ਰਿਹਾ ਹੈ। ਸੂਤਰਾਂ ਅਨੁਸਾਰ ਬਿੱਟੂ ਨੇ ਸਭ ਤੋਂ ਪਹਿਲਾਂ ਪੁਲਿਸ ਕੋਲ ਸਰੂਪਾਂ ਨੂੰ ਨਹਿਰ ਵਿਚ ਤਾਰ ਕੇ ਆਉਣ ਅਤੇ ਉਸ ਮਗਰੋਂ ਨਾਮ ਚਰਚਾ ਘਰ ਵਿਚ ਸਰੂਪਾਂ ਦਾ ਅਦਬ ਸਹਿਤ ਸਸਕਾਰ ਕੀਤੇ ਜਾਣ ਦੀ ਗੱਲ ਆਖੀ ਸੀ।
________________________________
ਬੰਦੀ ਸਿੰਘਾਂ ਦੀ ਰਿਹਾਈ ਲਈ ਸਰਗਰਮ ਹੋਈ ਸਰਕਾਰ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਬਰਗਾੜੀ ਵਿਚ ਮੋਰਚਾ ਲਾਈ ਬੈਠੇ ਸਿੱਖ ਆਗੂਆਂ ਨਾਲ ਕੀਤੇ ਵਾਅਦੇ ਅਨੁਸਾਰ ਮੰਗਾਂ ਮੰਨਣ ਦੀ ਦਿਸ਼ਾ ਵਿਚ ਹੋਰ ਕਦਮ ਚੁੱਕੇ ਹਨ। ਰਾਜਸਥਾਨ ਦੀ ਜੇਲ੍ਹ ਵਿਚ ਬੰਦ ਕੈਦੀ ਹਰਨੇਕ ਸਿੰਘ ਭੱਪ ਨੂੰ ਪੰਜਾਬ ਲਿਆਉਣ ਲਈ ਕੈਪਟਨ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਪੱਤਰ ਭੇਜਿਆ ਹੈ। ਇਸ ਦੇ ਨਾਲ ਹੀ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਲਈ ਪੈਰੋਲ ਬੋਰਡ ਬਣਾਉਣ ਦਾ ਭਰੋਸਾ ਵੀ ਦਿੱਤਾ ਹੈ। ਬਰਗਾੜੀ ਅਤੇ ਬਹਿਬਲ ਕਾਂਡ ਬਾਰੇ ਜਾਂਚ ਜਲਦੀ ਮੁਕੰਮਲ ਕਰ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਆਏ ਵਫ਼ਦ ਨਾਲ ਮੁਲਾਕਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਰਾਜ ਸਰਕਾਰ ਹੋਰਨਾਂ ਸੂਬਿਆਂ ਦੀਆਂ ਜੇਲ੍ਹਾਂ ਵਿਚ ਸਜ਼ਾਵਾਂ ਕੱਟ ਰਹੇ ਕੈਦੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਲਿਆਏਗੀ। ਇਸੇ ਲੜੀ ਵਿਚ ਕੈਪਟਨ ਸਰਕਾਰ ਨੇ ਰਾਜਸਥਾਨ ਸਰਕਾਰ ਨੂੰ ਪੱਤਰ ਭੇਜਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਜ਼ਾਯਾਫਤਾ ਹਰਨੇਕ ਸਿੰਘ ਭੱਪ ਨੂੰ ਪੰਜਾਬ ਭੇਜਿਆ ਜਾਵੇ। ਰਾਜਸਥਾਨ ਸਰਕਾਰ ਵੱਲੋਂ ਭੱਪ ਨੂੰ ਪੰਜਾਬ ਭੇਜੇ ਜਾਣ ਦੀ ਸੂਚਨਾ ਹੈ। ਵਫਦ ਨੇ ਪੰਜਾਬ ਸਰਕਾਰ ਨੂੰ 20 ਕੈਦੀਆਂ ਦੀ ਸੂਚੀ ਦਿੱਤੀ ਸੀ ਜਿਨ੍ਹਾਂ ਨੂੰ ਪੈਰੋਲ ‘ਤੇ ਰਿਹਾਅ ਕੀਤਾ ਜਾਣਾ ਹੈ। ਇਨ੍ਹਾਂ ਵਿਚੋਂ ਛੇ ਕੈਦੀ ਦਿੱਲੀ, ਯੂ. ਪੀ. ਅਤੇ ਰਾਜਸਥਾਨ ਅਤੇ 14 ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ। ਜਾਣਕਾਰੀ ਅਨੁਸਾਰ ਸਰਕਾਰ ਨੇ ਇਸ ਪੱਤਰ ਬਾਰੇ ਜਥੇਦਾਰ ਧਿਆਨ ਸਿੰਘ ਮੰਡ ਦੇ ਦੋ ਕਰੀਬੀ ਵਕੀਲਾਂ ਨੂੰ ਦੱਸ ਦਿੱਤਾ ਹੈ। ਇਸ ਦੇ ਨਾਲ ਹੀ ਜਥੇਦਾਰ ਮੰਡ ਨੂੰ ਮੋਰਚਾ ਸਮਾਪਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ।
ਇਨ੍ਹਾਂ ਕੈਦੀਆਂ ਦੀ ਪੈਰੋਲ ਬਾਰੇ ਆਖਰੀ ਫੈਸਲਾ ਹਰ ਕੈਦੀ ਦੇ ਕੇਸ ਬਾਰੇ ਵਿਚਾਰ ਵਟਾਂਦਰਾ ਕਰ ਕੇ ਲਿਆ ਜਾਵੇਗਾ। ਪੈਰੋਲ ‘ਤੇ ਰਿਹਾਅ ਕੀਤੇ ਜਾਣ ਵਾਲੇ ਕੈਦੀਆਂ ਨੂੰ ਆਪਣੇ ਪਿੰਡਾਂ ਵਿਚ ਹੀ ਰਹਿਣਾ ਪਵੇਗਾ ਤੇ ਕੋਈ ਗੜਬੜ ਕਰਨ ਦੀ ਸਥਿਤੀ ਵਿਚ ਉਨ੍ਹਾਂ ਨੂੰ ਮੁੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ। ਇਸ ਤੇ ਨਾਲ ਹੀ ਕੈਪਟਨ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਇਕ ਮਹੀਨੇ ਵਿੱਚ ਦੇਣ ਦਾ ਵਾਅਦਾ ਕੀਤਾ ਸੀ ਤੇ ਇਹ ਰਿਪੋਰਟ ਲਗਭਗ ਤਿਆਰ ਹੋ ਚੁੱਕੀ ਹੈ ਪਰ ਹੁਣ ਕੁਝ ਨਵੇਂ ਤੱਥ ਸਾਹਮਣੇ ਆਏ ਹਨ ਤੇ ਇਨ੍ਹਾਂ ਨੂੰ ਰਿਪੋਰਟ ਵਿਚ ਸ਼ਾਮਲ ਕੀਤਾ ਜਾਣਾ ਬਾਕੀ ਹੈ।